28 April 2024

ਦੋ ਮਿੰਨੀ ਕਹਾਣੀਅਾਂ: (1) ਬੇਨਾਮ ਰਿਸ਼ਤਾ ਅਤੇ (2) ਦੂਜਾ ਦਰਜਾ — ਪ੍ਰੋ. ਨਵ ਸੰਗੀਤ ਸਿੰਘ 

ਮਿੰਨੀ ਕਹਾਣੀ 
1. ਬੇਨਾਮ ਰਿਸ਼ਤਾ

ਕੁਝ ਦਿਨ ਪਹਿਲਾਂ ਪਰਿਵਾਰ ਸਮੇਤ ਦੂਜੇ ਸ਼ਹਿਰ ਇੱਕ ਵਿਆਹ ਸਮਾਗਮ ਤੇ ਜਾਣ ਦਾ ਮੌਕਾ ਮਿਲਿਆ। ਮੈਂ ਅਕਸਰ ਅਜਿਹੇ ਸਮਾਗਮਾਂ ਤੇ ਘੱਟ-ਵੱਧ ਹੀ ਜਾਂਦਾ ਹਾਂ। ਕਿਉਂਕਿ ਨਾ ਮੈਨੂੰ ਖਾਣ-ਪੀਣ ਦਾ ਸ਼ੌਕ ਹੈ ਨਾ ਮਨੋਰੰਜਨ ਦਾ। ਪਰ ਸੰਬੰਧੀ ਹੀ ਅਜਿਹੇ ਸਨ ਕਿ ਨਾ ਚਾਹੁੰਦਿਆਂ ਵੀ ਜਾਣਾ ਪਿਆ। ਓਥੇ ਮੇਰੇ ਬਹੁਤ ਸਾਰੇ ਜਾਣਕਾਰ, ਦੋਸਤ ਤੇ ਰਿਸ਼ਤੇਦਾਰ ਵੀ ਪਹੁੰਚੇ ਹੋਏ ਸਨ, ਜਿਨ੍ਹਾਂ ਨਾਲ ਮੇਰੀ ਮੁਲਾਕਾਤ ਅਕਸਰ ਖੁਸ਼ੀ-ਗਮੀ ਦੇ ਮੌਕਿਆਂ ਤੇ ਹੀ ਹੁੰਦੀ ਹੈ। ਖੈਰ, ਚਾਹ-ਪਾਣੀ ਪੀ ਕੇ ਮੈਂ ਖੁੱਲ੍ਹੇ ਪੰਡਾਲ ਵਿੱਚ ਆ ਬੈਠਾ। ਬੇਟੀ ਤੇ ਪਤਨੀ ਅੰਦਰ ਹਾਲ ਵਿੱਚ ਸ਼ਗਨ ਦੇਣ ਤੇ ਗੀਤ-ਸੰਗੀਤ ਸੁਣਨ ਚਲੀਆਂ ਗਈਆਂ। ਜਿੱਥੇ ਮੈਂ ਬੈਠਾ ਸਾਂ, ਇੱਕ ਬਜ਼ੁਰਗ ਵੀ ਮੇਰੇ ਕੋਲ ਆ ਕੇ ਬਹਿ ਗਏ। ਉਨ੍ਹਾਂ ਨੇ ਹੀ ਗੱਲਬਾਤ ਦਾ ਸਿਲਸਿਲਾ ਤੋਰਿਆ। ਗੱਲਾਂ-ਗੱਲਾਂ ਵਿੱਚ ਉਨ੍ਹਾਂ ਨੇ ਮੈਥੋਂ ਕਈ ਕੁਝ ਜਾਣ ਲਿਆ। ਇੰਨੇ ਨੂੰ ਮੇਰੀ ਬੇਟੀ ਤੇ ਪਤਨੀ ਵੀ ਸ਼ਗਨ ਦਾ ਕੰਮ ਮੁਕਾ ਕੇ ਮੇਰੇ ਕੋਲ ਪੰਡਾਲ ਵਿੱਚ ਆ ਗਈਆਂ ਤੇ ਅਸੀਂ ਜਾਣ ਲਈ ਉਸ ਬਜ਼ੁਰਗ ਤੋਂ ਆਗਿਆ ਮੰਗੀ। ਬਜ਼ੁਰਗ ਨੇ ਬੇਟੀ ਦੇ ਸਿਰ ਤੇ ਆਸ਼ੀਰਵਾਦ ਦਿੰਦਿਆਂ ਪਿਆਰ ਵਜੋਂ ਦੋ ਹਜ਼ਾਰ ਰੁਪਏ ਦੇਣੇ ਚਾਹੇ। ਅਸੀਂ ਬਹੁਤ ਨਾਂਹ-ਨੁੱਕਰ ਕੀਤੀ ਤਾਂ ਉਨ੍ਹਾਂ ਨੇ ਦੱਸਿਆ ਕਿ ਮੈਂ ਤੁਹਾਡੇ ਪਿਤਾ ਜੀ ਤੋਂ ਪੜ੍ਹਦਾ ਰਿਹਾ ਹਾਂ ਤੇ ਇੱਕ ਤਰ੍ਹਾਂ ਨਾਲ ਉਨ੍ਹਾਂ ਦਾ ਪਹਿਲਾ ਵਿਦਿਆਰਥੀ ਹਾਂ। ਮੈਂ ਤੁਹਾਡੀ ਬੇਟੀ ਨੂੰ ਵੱਡੇ ਤਾਏ ਵਜੋਂ ਇਹ ਤੁੱਛ ਭੇਟਾ ਦੇ ਰਿਹਾ ਹਾਂ। ਮੈਨੂੰ ਯਾਦ ਆਇਆ ਕਿ ਬੇਟੀ ਦੇ ਅਸਲ ਤਾਇਆ ਨੇ ਤਾਂ ਸਾਡੇ ਨਾਲ ਚੱਜ ਨਾਲ ਗੱਲ ਵੀ ਨਹੀਂ ਕੀਤੀ ਤੇ ਇੱਕ ਇਹ ਆਦਮੀ ਹੈ, ਜੋ ਮੇਰਾ ਕੁਝ ਵੀ ਨਹੀਂ ਲੱਗਦਾ ਤੇ ਇੰਨਾ ਮਾਣ-ਸਨਮਾਨ ਦੇ ਰਿਹਾ ਹੈ…।
***

ਮਿੰਨੀ ਕਹਾਣੀ 
2. ਦੂਜਾ
ਦਰਜਾ

   ਮੰਜੂ ਤੇ ਸਰਬਜੀਤ ਦੋਵੇਂ ਯੂਨੀਵਰਸਿਟੀ ਵਿੱਚ ਅਧਿਆਪਕਾਵਾਂ ਸਨ। ਦੋਵੇਂ ਹਮਉਮਰ ਅਤੇ ਦੋਹਾਂ ਦੇ ਵਿਆਹ ਵੀ ਲਗਭਗ ਇੱਕੋ ਸਮੇਂ ਹੋਏ ਸਨ। ਵਿਹਲੇ ਪੀਰੀਅਡ ਵਿੱਚ ਉਹ ਆਪੋ-ਆਪਣੇ ਘਰਾਂ, ਪਰਿਵਾਰਾਂ ਤੇ ਘਰ ਵਾਲਿਆਂ ਬਾਰੇ ਖੁੱਲ੍ਹ ਕੇ ਗੱਲਾਂ ਕਰਦੀਆਂ। ਜਿੱਥੇ ਸਰਬਜੀਤ ਦਾ ਪਤੀ ਯੂਨੀਵਰਸਿਟੀ ਵਿੱਚ ਹੀ ਅਧਿਆਪਕ ਸੀ, ਉੱਥੇ ਮੰਜੂ ਦਾ ਪਤੀ ਬੈਂਕ ਵਿੱਚ ਮੈਨੇਜਰ ਸੀ।   

    ਕਈ ਦਿਨਾਂ ਤੋਂ ਮੰਜੂ ਦਾ ਮੂਡ ਬੜਾ ਖਰਾਬ ਸੀ। ਇੱਕ ਦਿਨ ਲੰਚ ਟਾਈਮ ਵੇਲੇ ਇਕੱਠੇ ਰੋਟੀ ਖਾਂਦਿਆਂ ਸਰਬਜੀਤ ਨੇ ਪੁੱਛ ਹੀ ਲਿਆ, “ਕੀ ਗੱਲ, ਅੱਜਕੱਲ੍ਹ ਬੜੀ ਚੁੱਪ-ਚੁੱਪ ਰਹਿਨੀ ਏਂ? ਸਾਡੇ ਜੀਜਾ ਜੀ ਨਾਲ ਤਾਂ ਕੋਈ ਖਟਪਟ ਨਹੀਂ ਹੋ ਗਈ?” 

   ਮੰਜੂ ਪਹਿਲਾਂ ਤਾਂ ਖਾਮੋਸ਼ ਰਹੀ ਪਰ ਸਰਬਜੀਤ ਦੇ ਜ਼ੋਰ ਦੇਣ ਤੇ ਦੱਸਣ ਲੱਗੀ, “ਕੀ ਦੱਸਾਂ ਦੀਦੀ! ਸਾਰਾ ਦਿਨ ਏਥੇ ਕੰਮ ਕਰੀਦੈ ਤੇ ਅੱਗੋਂ ਘਰ ਦੇ ਵੀ ਕੰਮ ਕਰਨੇ ਪੈਂਦੇ ਨੇ। ਉੱਤੋਂ ਤੇਰਾ ਜੀਜਾ ਵੱਢੂੰ-ਖਾਊਂ ਕਰਦਾ ਰਹਿੰਦੈ।”

   “ਪਹਿਲਾਂ ਤਾਂ ਨਹੀਂ ਸਨ ਜੀਜਾ ਜੀ ਅਜਿਹੇ!”

   “ਬਸ ਉਦੋਂ ਨਵਾਂ ਨਵਾਂ ਵਿਆਹ ਹੋਇਆ ਸੀ, ਹੁਣ ਤਾਂ ਹਰ ਰੋਜ਼ ਮੇਰੇ ਤੇ ਹੀ ਅਫ਼ਸਰੀ ਝਾੜਦਾ ਰਹਿੰਦੈ। ਮੈਂ ਕਿਹੜਾ ਉਹਤੋਂ ਘੱਟ ਕਮਾਉਂਦੀ ਹਾਂ?”

   “ਬਸ, ਬਸ! ਮੈਨੂੰ ਸਮਝ ਆ ਗਈ ਗੱਲ। ਅਸਲ ਵਿੱਚ ਸਾਰੀ ਗੱਲ ਇੱਕ ਨੰਬਰ ਦੀ ਹੈ। ਕੋਈ ਫ਼ਰਕ ਨਹੀਂ ਪੈਣਾ। ਬਸ ਤੂੰ ਅੱਜ ਤੋਂ ਆਪਣੇ ਆਪ ਨੂੰ ਦੋ ਨੰਬਰ ਤੇ ਰੱਖ ਲੈ। ਸਾਰੇ ਮਸਲੇ ਠੀਕ ਹੋ ਜਾਣਗੇ।” 
***
# ਅਕਾਲ ਯੂਨੀਵਰਸਿਟੀ,
ਤਲਵੰਡੀ ਸਾਬੋ-151302 (ਬਠਿੰਡਾ) 
9417692015

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
***
1150
***

About the author

ਪ੍ਰੋ. ਨਵ ਸੰਗੀਤ ਸਿੰਘ
+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਪ੍ਰੋ. ਨਵ ਸੰਗੀਤ ਸਿੰਘ
ਅਕਾਲ ਯੂਨੀਵਰਸਿਟੀ,
ਤਲਵੰਡੀ ਸਾਬੋ, ਬਠਿੰਡਾ,
ਪੰਜਾਬ, ਭਾਰਤ
+91 9417692015

ਪ੍ਰੋ. ਨਵ ਸੰਗੀਤ ਸਿੰਘ

ਪ੍ਰੋ. ਨਵ ਸੰਗੀਤ ਸਿੰਘ ਅਕਾਲ ਯੂਨੀਵਰਸਿਟੀ, ਤਲਵੰਡੀ ਸਾਬੋ, ਬਠਿੰਡਾ, ਪੰਜਾਬ, ਭਾਰਤ +91 9417692015

View all posts by ਪ੍ਰੋ. ਨਵ ਸੰਗੀਤ ਸਿੰਘ →