23 May 2024

ਚੌਵੀ (24) ਘੰਟੇ—ਅਵਤਾਰ ਐਸ. ਸੰਘਾ

ਦਸ ਕੁ ਸਾਲ ਪਹਿਲਾਂ ਮੇਰੀ ਜਿੰਦਗੀ ‘ਚ ਇਕ ਦਿਨ ਐਸਾ ਆਇਆ ਸੀ, ਜਿਸ ਦਿਨ ਰਾਤ ਦੇ ਸਮੇਂ ਲੇਟ ਸੌਣ ਤੋਂ ਲੈ ਕੇ ਦੂਜੇ ਦਿਨ ਸ਼ਾਮ ਤੱਕ ਮੈਂ ਡਰ ਅਤੇ ਖੌਫ ਦਾ ਹੀ ਸ਼ਿਕਾਰ ਰਿਹਾ ਸੀ। ਰਾਤ ਨੂੰ ਸੌਣ ਤੋਂ ਪਹਿਲਾਂ ਮੈਂ ਸ਼ਿਵ ਕੁਮਾਰ ਬਟਾਲਵੀ ਦੀ ਉਹ ਕਵਿਤਾ ਦੁਬਾਰਾ ਪੜ੍ਹ ਬੈਠਾ, ਜਿਹੜੀ ਮੈਂ ਸਿਵ ਨੂੰ 1973-74 ਵਿੱਚ ਸਾਰੇ ਦਾ ਸਾਰਾ ਪੜ੍ਹਨ ਸਮੇਂ ਪੜ੍ਹੀ ਸੀ। ਮਹੀਨਾ ਉਦੋਂ ਵੀ ਜੇਠ ਦਾ ਹੀ ਸੀ:

“ਜੇਠ ਹਾੜ ਦੀ
ਬਲਦੀ ਰੁੱਤੇ
ਪੀਲੀ ਪਿੱਤਲ ਰੰਗੀ ਧੁੱਪੇ
ਮੜੀਆਂ ਵਾਲੇ
ਮੰਦਰ ਉੱਤੇ
ਬੈਠੀ ਚੁਪ ਤ੍ਰਿੰਜਣ ਕੱਤੇ
ਧੁੱਪ-ਛਾਵਾਂ ਦਾ
ਮੁੱਢਾ ਲੱਥੇ
ਗਿਰਝਾਂ ਦਾ ਪਰਛਾਵਾਂ ਨੱਸੇ
ਨੰਗੀ ਡੈਣ
ਪਈ ਇਕ ਨੱਚੇ
ਪੁੱਠੇ ਥਣ ਮੋਢੇ ਤੇ ਰੱਖੇ
ਛੱਜ ਪੌਣ ਦਾ
ਕੱਲਰ ਛੱਟੇ
ਬੋਦੀ ਵਾਲਾ ਵਾਵਰੋਲਾ
ਰੱਕੜ ਦੇ ਵਿਚ ਚੱਕਰ ਕੱਟੇ
ਹਿੱਲਣ ਪਏ
ਥੋਹਰਾਂ ਦੇ ਪੱਤੇ
ਵਿਚ ਕਰੀਰਾਂ ਸੱਪਣੀ ਵੱਸੇ
ਮੱਕੜੀਆਂ ਦੇ
ਜਾਲ ਪਲੱਚੇ
ਅੱਕ ਕੱਕੜੀ ਦੇ ਫੰਭਿਆਂ ਤਾਈਂਂ
ਭੱਤ ਭਤਾਣਾ
ਮਾਰੇ ਧੱਕੇ
ਬੁੱਢੇ ਬੋਹੜ ਦੀਆਂ ਖੋੜਾਂ ਵਿਚ
ਚਾਮ ਚੜਿੱਕਾਂ ਦਿੱਤੇ ਬੱਚੇ
ਮੜ੍ਹੀਆਂ ਵਾਲਾ
ਬਾਬਾ ਹੱਸੇ
ਪਾਟੇ ਕੰਨ ਭਬੂਤੀ ਮੱਥੇ
ਤੇ ਮੇਰੇ ਖਾਬਾਂ ਦੇ ਬੱਚੇ
ਜਾਵਣ ਨੱਸੇ
ਨੰਗੇ ਪੈਰ ਧੜ ਥੀਂ ਅੱਟੇ
ਦਿਲ ਧੜਕਣ
ਤੇ ਚਿਹਰੇ ਲੱਥੇ
ਪੀਲੀ ਪਿੱਤਲ ਰੰਗੀ ਧੁੱਪ ਦਾ
ਦਰ ਦਰ ਤਕ
ਮੀਂਹ ਪਿਆ ਵੱਸੇ।

ਰਾਤ ਭਰ ਇਹ ਕਵਿਤਾ ਮੇਰੇ ਖੁਆਬਾਂ ਵਿੱਚ ਘੁੰਮਦੀ ਰਹੀ। ਡਰ ਅਤੇ ਖੌਫ ਦਾ ਆਲਮ ਛਾਇਆ ਰਿਹਾ। ਮੈਂ ਅਰਧ ਸੁੱਤਾ ਰਹਿ ਗਿਆ। ਸਵੇਰੇ ਮੇਰੀ ਗਰੈਜੂਏਟ ਡਿਪਲੋਮਾ ਇਨ ਐਜੂਕੇਸ਼ਨ (Graduate Diploma In Education) ਦੀ ਪ੍ਰੈਕਟਿਸ ਟੀਚਿੰਗ ਸੀ। ਡਿਪਲੋਮਾ ਵਿੱਚ ਮੇਰੇ ਪਰਮੁੱਖ ਮਜਮੂਨ ਅੰਗਰੇਜੀ ਅਤੇ ਇਤਿਹਾਸ ਸਨ। ਮੇਰੀ ਪਤਨੀ ਲੜਕੀ ਪਾਸ ਕੈਨਬਰਾ ਗਈ ਹੋਈ ਸੀ ਅਤੇ ਮੇਰਾ ਲੜਕਾ ਆਪਣੇ ਵਿਆਹ ਤੋਂ ਬਾਅਦ ਯੂਰਪ ਵਿਚ ਹਨੀਮੂਨ ‘ਤੇ ਗਿਆ ਹੋਇਆ ਸੀ। ਘਰ ਵਿਚ ਮੈਂ ਅਤੇ ਸਾਡਾ ਕੁੱਤਾ ਰੈਂਬੋ ਹੀ ਸਾਂ। ਕੁੱਤੇ ਦਾ ਜਿਆਦਾ ਖਿਆਲ ਮੇਰੇ ਘਰ ਵਾਲੇ ਹੀ ਰੱਖਿਆ ਕਰਦੇ ਸਨ।

ਮੈਨੂੰ ਸਵੇਰੇ ਜਲਦੀ ਉੱਠ ਕੇ ਮੇਰੇ ਘਰ ਤੋਂ ਕੋਈ 20 ਕੁ ਕਿਲੋਮੀਟਰ ਦੂਰ ਉਸ ਸਕੂਲ ਵਿੱਚ ਪਹੁੰਚਣਾ ਸੀ, ਜਿੱਥੇ ਮੇਰੀ ਪ੍ਰੈਕਟਿਸ ਟੀਚਿੰਗ ਚੱਲ ਰਹੀ ਸੀ। ਉਸ ਦਿਨ ਮੇਰੀ ਪ੍ਰੈਕਟਿਸ ਨੂੰ ਪਰਖਣ ਲਈ ਯੂਨੀਵਰਸਿਟੀ ਦੇ ਤਜਰਬਾ ਪਾਰਖੂ ਵਿਭਾਗ ਦੇ ਕੋਆਰਡੀਨੇਟਰ ਪ੍ਰੋਫੈਸਰ ਜੌਹਨ ਮੋਰਿਸ ਨੇ ਆਉਣਾ ਸੀ। ਸਵੇਰੇ ਉੱਠ ਕੇ ਮੈਂ ਕਾਰ ਸਟਾਰਟ ਕਰਕੇ ਦੇਖਣੀ ਹੁੰਦੀ ਸੀ। ਫਿਰ ਅੰਦਰ ਜਾ ਕੇ ਤਿਆਰੀ ਕਰਨੀ ਹੁੰਦੀ ਸੀ। ਉਸ ਦਿਨ ਘਰ ਵਿੱਚ ਇੱਕਲਾ ਹੋਣ ਕਰਕੇ ਮੇਰੀ ਦੌੜ ਭੱਜ ਵਿੱਚ ਭੂਤਨੀ ਭੁੱਲੀ ਪਈ ਸੀ। ਚਾਹ ਆਪ ਬਣਾਈ। ਫਿਰ ਗੁਸਲਖਾਨੇ ਦੇ ਕਾਰਜ ਸੰਪੂਰਨ ਕੀਤੇ। ਮਨ ‘ਤੇ ਸਕੂਲ ਦੀ ਜਮਾਤ ਦਾ ਇੰਨਾ ਡਰ ਕਿ ਰੈਂਬੋ ਦਾ ਖਿਆਲ ਰੱਖਣ ਦਾ ਚੇਤਾ ਹੀ ਭੁੱਲ ਗਿਆ। ਰੈਂਬੋ ਛੋਟੇ ਕੱਦ ਦਾ ਮਾਲਟੀਜ ਸਿਲਕੀ ਟੈਰੀਅਰ ਨਸਲ ਦਾ ਕੁੱਤਾ ਸੀ ਤੇ ਘਰ ਵਿੱਚ ਇਹ ਹਮੇਸਾ ਖੁੱਲ੍ਹਾ ਹੀ ਫਿਰਦਾ ਰਹਿੰਦਾ ਸੀ। ਆਪਣਾ ਨਾਸ਼ਤਾ ਲਿਆ। ਦੁਪਹਿਰ ਦੇ ਖਾਣੇ ਦਾ ਟਿਫਨ ਤਿਆਰ ਕੀਤਾ ਤੇ ਰੈਂਬੋ ਨੂੰ ਆਵਾਜ ਮਾਰੀ। ਹੈਰਾਨੀ ਹੋਈ ਕਿ ਰੈਂਬੋ ਕਿਤੇ ਨਜਰ ਹੀ ਨਾ ਆਵੇ। ਡਰ ਪੈ ਗਿਆ ਕਿ ਰੈਂਬੋ ਕਿਤੇ ਉਸ ਵੇਲੇ ਬਾਹਰ ਨਾ ਨਿਕਲ ਗਿਆ ਹੋਵੇ, ਜਦ ਮੈਂ ਕਾਰ ਸਟਾਰਟ ਕਰ ਕੇ ਦੇਖੀ ਸੀ। ਸਕੂਲ ਨੂੰ ਜਾਣ ਦੀ ਕਾਹਲੀ ਅਤੇ ਰੈਂਬੋ ਨੂੰ ਲੱਭਣ ਦਾ ਪੁਆੜਾ! ਰੈਂਬੋ ਬਾਹਰ ਕਿਸੇ ਨੂੰ ਕੱਟ ਵੀ ਸਕਦਾ ਸੀ। ਇਹ ਆਸਟਰੇਲੀਆ ਏ। ਇੱਥੇ ਤੁਹਾਡਾ ਕੁੱਤਾ ਕਿਸੇ ਨੂੰ ਕੱਟ ਦੇਵੇ ਤਾਂ ਹਜਾਰਾਂ ਡਾਲਰ ਮਾਲਕ ਦੇ ਸਿਰ ਪੈ ਸਕਦੇ ਹੁੰਦੇ ਹਨ। ਕੀ ਕੀਤਾ ਜਾਵੇ? ਮੈਂ ਰੈਂਬੋ ਨੂੰ ਆਵਾਜਾਂ ਮਾਰੀ ਜਾਵਾਂ, ਉਹ ਕਿਤੇ ਦਿਖੇ ਹੀ ਨਾ। ਜੇ ਪ੍ਰੈਕਟਿਸ ਟੀਚਿੰਗ ‘ਚੋਂ ਗੈਰਹਾਜਰ ਹੁੰਦਾ ਹਾਂ, ਤਾਂ ਡਿਪਲੋਮਾ ‘ਚੋਂ ਫੇਲ੍ਹ ਹੋ ਜਾਵਾਂਗਾ। ਰੈਂਬੋ!……. ਰੈਂਬੋ!!……. ਰੈਂਬੋ!!!…….. ਕਹਿ ਕੇ ਉੱਚੀ ਉੱਚੀ ਆਵਾਜਾਂ ਮਾਰੀਆਂ। ਰੈਂਬੋ ਕਿਤੇ ਵੀ ਨਾ ਦਿਖਿਆ। ਲੜਕਾ ਤੇ ਬਹੂ ਰੈਂਬੋ ਨੂੰ ਇਕ ਦਮ ਲੱਭ ਲਿਆ ਕਰਦੇ ਸਨ। ਮੇਰੀ ਪਤਨੀ ਦਾ ਤਾਂ ਉਹ ਇੰਨਾ ਚਹੇਤਾ ਸੀ ਕਿ ਉਸ ਦੇ ਬੁਲਾਏ ‘ਤੇ ਇਕ ਦਮ ਸਾਹਮਣੇ ਆ ਜਾਇਆ ਕਰਦਾ ਸੀ। ਉਹ ਐਸੀ ਤਰਜ ਨਾਲ ਆਵਾਜ ਕੱਢ ਕੇ ਉਸ ਦਾ ਨਾਮ ਲੈਂਦੀ ਸੀ ਕਿ ਉਹ ਖੱਲਾਂ ਖੂੰਜਿਆਂ ਵਿੱਚੋਂ ਵੀ ਆ ਕੇ ਪਰਗਟ ਹੋ ਜਾਇਆ ਕਰਦਾ ਸੀ। ਮੈਂ ਉਸ ਨੂੰ ਲੱਭੇ ਬਗੈਰ ਸਕੂਲ ਨਹੀਂ ਜਾ ਸਕਦਾ ਸਾਂ। ਮੁੰਡੇ ਨੂੰ ਮੈਂ ਫੋਨ ਨਹੀਂ ਕਰ ਸਕਦਾ ਸਾਂ, ਕਿਉਂਕਿ ਯੂਰਪ ਵਿਚ ਉਸ ਸਮੇਂ ਰਾਤ ਸੀ। ਘਰ ਵਾਲੀ ਅਜੇ ਕੈਨਬਰਾ ਸੁੱਤੀ ਪਈ ਸੀ। ਉਹ ਲੜਕੀ ਪਾਸ ਗਈ ਹੋਈ ਅਕਸਰ ਲੇਟ ਸੌਂਦੀ ਸੀ। ਉਹ ਦੋਨੋਂ ਲੇਟ ਹੀ ਸਵੇਰੇ ਉੱਠਦੀਆਂ ਸਨ। ਆਖਰ ਕੌੜਾ ਘੁੱਟ ਕਰ ਕੇ ਘਰ ਵਾਲੀ ਨੂੰ ਫੋਨ ਕਰ ਹੀ ਲਿਆ।

“ਹੈਲੋ!“
“ਹੈਲੋ! ਕੀ ਹੋ ਗਿਐ, ਸਵੇਰੇ, ਸਵੇਰੇ“, ਉਸ ਨੇ ਅੱਧ ਸੁੱਤੀ ਨੇ ਹੀ ਕਹਿ ਦਿੱਤਾ।
“ਰੈਂਬੋ ਲੱਭ ਨਹੀਂ ਰਿਹਾ।“
“ਫਿਰ ਮੈਂ ਕੀ ਕਰਾਂ। ਘਰ ਵਿਚ ਧਿਆਨ ਨਾਲ ਦੇਖੋ। ਕਦੀ ਕੋਈ ਕੰਮ ਆਪ ਵੀ ਕਰ ਲਿਆ ਕਰੋ। ਹਰ ਵੇਲੇ ਕਿਤਾਬਾਂ ਵਿਚ ਰਹਿਣ ਤੋਂ ਇਲਾਵਾ ਹੋਰ ਕੰਮ ਵੀ ਕਰਨੇ ਆਉਣੇ ਚਾਹੀਦੇ ਹਨ।“ ਉਹਨੇ ਅੱਧ ਸੁੱਤੀ ਨੇ ਹੀ ਮੈਨੂੰ ਹਲਕੀ ਜਿਹੀ ਝਿੜਕ ਮਾਰ ਦਿੱਤੀ।

ਮੈਂ ਫਿਰ ਚੱਕਰ ਵਿੱਚ ਪੈ ਗਿਆ। ਫਿਰ ਹੌਂਸਲਾ ਕੀਤਾ।
“ਹੈਲੋ! ਮੈਂ ਪਰੇਸ਼ਾਨ ਹਾਂ। ਐਮਰਜੈਂਸੀ ਦਾ ਮਤਲਬ ਵੀ ਸਮਝ ਲਿਆ ਕਰੋ।“
“ਮੈਂ ਕੀ ਕਰਾਂ? ਦੂਰ ਬੈਠੀ ਹਾਂ।“
“ਤੂੰ ਚੰਗੀ ਤਰ੍ਹਾਂ ਜਾਗ। ਤੇਰੀ ਸਲਾਹ ਲਏ ਬਗੈਰ ਮਸਲਾ ਹੱਲ ਨਹੀਂ ਹੋਣਾ। ਤੈਨੂੰ ਪਤਾ ਹੈ ਕਿ ਅੱਜ ਮੇਰੇ ਸਕੂਲ ਦਾ ਖਾਸ ਦਿਨ ਏ। ਯੂਨੀਵਰਸਿਟੀ ਦਾ ਸੁਪਰਵਾਈਜ਼ਰ ਮੇਰੀ ਕਲਾਸ ਵਿੱਚ ਬੈਠਣ ਲਈ ਆ ਰਿਹਾ ਏ। ਇਹ ਆਮਦ ਮੇਰੀ ਸਲਾਹ ਲੈ ਕੇ ਪਹਿਲਾਂ ਤੋਂ ਨਿਸਚਤ ਏ। ਮੈਂ ਸਭ ਪਾਸਿਉਂ ਭੈਭੀਤ ਹਾਂ।“
“ਹੁਣ ਦੱਸੋ, ਕੀ ਆਫਤ ਆ ਗਈ?” ਉਹ ਪੂਰੀ ਤਰ੍ਹਾਂ ਜਾਗ ਕੇ ਬੋਲੀ।
“ਮੈਨੂੰ ਰੈਂਬੋ ਨਹੀਂ ਲੱਭਦਾ। ਸਕੂਲ ਜਾਣ ਦਾ ਸਮਾਂ ਹੋ ਰਿਹਾ ਏ। ਜੇ ਸਵੇਰੇ ਸਵੇਰੇ ਬਾਹਰ ਨਿਕਲ ਗਿਆ ਹੋਇਆ, ਤਾਂ ਵੱਡਾ ਪੁਆੜਾ ਬਣ ਸਕਦਾ ਏ। ਦੱਸ ਕੀ ਕਰਾਂ?”
“ਮੈਂ ਐਂਡੀ ਦੂਰ ਬੈਠੀ ਕੀ ਕਰ ਸਕਦੀ ਹਾਂ? ਉਸ ਨੂੰ ਆਵਾਜਾਂ ਮਾਰ ਕੇ ਲੱਭੋ। ਉਸ ਦੀ ਖੁਰਾਕ ਪਾ ਕੇ ਦੇਖੋ।”
“ਮੈਂ ਖੁਰਾਕ ਪਾਈ। ਉਹ ਬਾਹਰ ਆਇਆ ਹੀ ਨਹੀਂ। ਤੂੰ ਸਿਮਰਨ ਨੂੰ ਜਗਾ। ਉਸ ਦੀ ਸਲਾਹ ਲਉ।”
“ਉਹ ਰਾਤ ਲੇਟ ਸੁੱਤੀ ਸੀ। ਜੇ ਜਗਾਈ ਤਾਂ ਮੈਨੂੰ ਬੁਰਾ ਭਲਾ ਬੋਲੂ।”
“ਮਸਲੇ ਦਾ ਹੱਲ ਤਾਂ ਤੁਹਾਨੂੰ ਲੱਭਣਾ ਹੀ ਪਊ।” ਮੈਂ ਲੇਲੜ੍ਹੀ ਕੱਢੀ।

ਉਸ ਨੇ ਲੜਕੀ ਸਿਮਰਨ ਨੂੰ ਆਵਾਜਾਂ ਮਾਰੀਆਂ। ਉਹ ਜਾਗੇ ਹੀ ਨਾ। ਆਖਰਕਾਰ ਜੋਰ ਦੇ ਕੇ ਉਸ ਨੇ ਉਸ ਨੂੰ ਜਗਾ ਹੀ ਲਿਆ ਅਤੇ ਮਸਲੇ ਦਾ ਹੱਲ ਪੁਛਿਆ।
ਦੋ ਕੁ ਮਿੰਟ ਸੋਚਾਂ ‘ਚ ਪਈ ਰਹੀ।

“ਸੱਪ ਵੀ ਕੱਢੋਗੀਆਂ ਜਾਂ ਬੀਨ ਹੀ ਵਜਾਈ ਜਾਉਗੀਆਂ?“ ਮੈਂ ਥੋੜ੍ਹਾ ਸਖਤ ਹੋਇਆ।

ਫਿਰ ਸਿਮਰਨ ਤ੍ਰਬਕ ਕੇ ਬੋਲੀ,“ਮੰਮੀ! ਰੈਂਬੋ ਨੂੰ ਉਸੇ ਹੀ ਤਰਜ ‘ਤੇ ਆਵਾਜ ਮਾਰੋ, ਜਿਸ ਤਰਜ ਨਾਲ ਉਹਨੂੰ ਉੱਥੇ ਬੁਲਾਂਦੇ ਹੁੰਦੇ ਸੀ। ਕਹੋ…. ਰੈਂ …..ਬੋ!!“
“ਮੈਂ ਐਂਡੀ ਦੂਰ ਤੋਂ ਇਵੇਂ ਕਿਵੇਂ ਉਹਨੂੰ ਆਪਣੀ ਆਵਾਜ ਸੁਣਾ ਸਕਦੀ ਹਾਂ?“
“ਮੰਮੀ ਤੁਹਾਨੂੰ ਇਹ ਵੀ ਨਹੀਂ ਪਤਾ?“
“ਨਹੀਂ।“
“ਆਹ ਫੜੋ ਫੋਨ। ਓਧਰ ਡੈਡੀ ਨੂੰ ਕਹੋ ਕਿ ਉਹ ਆਪਣੇ ਫੋਨ ਦੀ ਆਵਾਜ ਪੂਰੀ ਉੱਚੀ ਕਰ ਲੈਣ। ਉਹਨਾਂ ਦਾ ਫੋਨ ਬਥੇਰਾ ਵਧੀਆ ਏ। ਤੁਸੀਂ ਆਪ ਹੀ ਇਹ ਵਧੀਆ ਫੋਨ ਉਹਨਾਂ ਨੂੰ ਪਿੱਛਲੇ ਮਹੀਨੇ ਲੈ ਕੇ ਦਿੱਤਾ ਸੀ। ਆਪਣੀ ਸੰਗੀਤਮਈ ਆਵਾਜ ਵਿੱਚ ਕਹੋ…. ਰੈਂ …..ਬੋ!!”

“ਸਿਮਰਨ, ਕਮਾਲ ਕਰ ਤੀ। ਮੈਨੂੰ ਤਾਂ ਇਵੇਂ ਸੁੱਝਿਆ ਹੀ ਨਹੀਂ। ਮੈਂ ਹੁਣੇ ਇਵੇਂ ਕਰ ਕੇ ਦੇਖਦੀ ਹਾਂ। ਸ਼ਇਦ ਕੰਮ ਲੋਟ ਆ ਹੀ ਜਾਵੇ।“

ਮੇਰੀ ਘਰਵਾਲੀ ਨੇ ਐਸੀ ਸੰਗੀਤਮਈ ਤਰਜ ਨਾਲ ਸ਼ਬਦ “ਰੈਂਬੋ“ ਦੋ ਤਿੰਨ ਵਾਰ ਉਚਾਰਿਆ ਕਿ ਇਧਰ “ਰੈਂਬੋ“ (ਡੀ. ਓ. ਜੀ. ਸਾਹਿਬ) ਮੈਨੂੰ ਮੇਰੇ ਵੱਲ ਨੂੰ ਧੀਰੇ ਧੀਰੇ ਤੁਰੇ ਆਉਂਦੇ ਦਿਖ ਪਏ। ਮੈਂ ਹੈਰਾਨ ਹੋ ਗਿਆ ਸਿਮਰਨ ਦੀ ਇਸ ਖੋਜ ਤੇ।

ਕੈਲੰਡਰ ਨਾਲੋਂ ਡੱਡੂ ਨੂੰ ਮੀਂਹ ਬਾਰੇ ਜਿਆਦਾ ਪਤਾ ਹੁੰਦਾ ਏ —-ਇਹ ਕਹਾਵਤ ਸੱਚੀਂ ਹੋ ਗਈ।

ਮੈਂ ਰੈਂਬੋ ਨੂੰ ਖੁਰਾਕ ਪਾਈ। ਘੜੀ ਕੁ ਲਈ ਉਸ ਨੂੰ ਪਿੱਛੇ ਵਿਹੜੇ ਵਿੱਚ ਕੱਢਿਆ। ਕਾਰ ਸਟਾਰਟ ਕੀਤੀ ਤੇ ਸਕੂਲ ਨੂੰ ਚੱਲ ਪਿਆ।

ਸਕੂਲ ਨੂੰ ਜਾਂਦੇ ਸਮੇਂ ਫਿਰ ਮੇਰੇ ਮਨ ਵਿੱਚ ਡਰ ਪੈਦਾ ਹੋਈ ਜਾਵੇ। ਯੂਨੀਵਰਸਿਟੀ ਤੋਂ ਪ੍ਰੈਕਟਿਸ ਟੀਚਿੰਗ ਮਹਿਕਮੇ ਦਾ ਡਾਇਰੈਕਟਰ ਆ ਰਿਹਾ ਏ……. ਸ਼ਾਇਦ ਸਾਰਾ ਪੀਰੀਅਡ ਜਮਾਤ ਵਿੱਚ ਬੈਠੈ……… ਸੁਣਿਆ ਬੜਾ ਸਖਤ ਏ…… ਗੋਰੇ ਕਿਸੇ ਨੂੰ ਪਾਸ ਤਾਂ ਹੀ ਕਰਦੇ ਹਨ, ਜੇ ਬੰਦਾ ਠੀਕ ਪਰਫਾਰਮੈਂਸ ਦੇਵੇ …….. ਉਹ ਸੱਚ, ਇੱਕ ਗੱਲ ਹੋਰ …….. ਜੇ ਯੀਅਰ ਟੈੱਨ ਵਿਚ ਬੈਠ ਗਿਆ ਤਾਂ ਉਹ ਡਾ. ਜੌਹਨ ਫਾਲਿਨ ਵਾਲਾ ਚੈਪਟਰ ਪੜਾਉਣ ਲਈ ਵੀ ਕਹਿ ਸਕਦਾ ਏ…….ਜੌਹਨ ਫਾਲਿਨ ਦੀ ਆਸਟਰਲੀਆ ਦੇ ਵੀਹ ਡਾਲਰ ਦੇ ਕਰੰਸੀ ਨੋਟ ਤੇ ਤਸਵੀਰ ਏ ……… ਇਹ ਬੰਦਾ ਇਕ ਦੇਸੀ ਜਿਹਾ ਡਾਕਟਰ ਸੀ……..ਜਿਸ ਨੇ ਪਹਿਲੀ ਵਿਸ਼ਵ ਜੰਗ ਸਮੇਂ ਦਿਰਾਤ ਵਿੱਚ ਦੱਰ ਦੱਰ ਜਾ ਕੇ ਜਖਮੀ ਫੌਜੀਆਂ ਦੀ ਸੇਵਾ ਅਤੇ ਦੇਖਭਾਲ ਕੀਤੀ ਸੀ ……. ਪਹਿਲਾਂ ਇਸ ਪਾਸ ਆਉਣ ਜਾਣ ਲਈ ਵਾਹਨ ਵੀ ਸਾਦਾ ਜਿਹਾ ਸੀ ……… ਫਿਰ ਇਸ ਨੇ ਇੱਕ ਹਵਾਈ ਪਾਇਲਟ ਨਾਲ ਮਿਲ ਕੇ ਇਸ ਵਾਹਨ ਨੂੰ ਇੱਕ ਏਅਰ ਐਂਬੂਲੈਂਸ ਵਿੱਚ ਤਬਦੀਲ ਕਰ ਲਿਆ ਸੀ। ਦੁਨੀਆਂ ਦੇ ਬਹੁਤੇ ਦੇਸਾਂ ਦੇ ਕਰੰਸੀ ਨੋਟਾਂ ਉੱਤੇ ਉੱਥੋਂ ਦੇ ਰਾਜੇ ਰਾਣੀਆਂ ਦੀਆਂ ਤਸਵੀਰਾਂ ਹਨ…….. ਆਸਟਰੇਲੀਆ ਨੇ ਇਸ ਨੋਟ ਤੇ ਇੱਕ ਸਿਰੜੀ ਅਤੇ ਈਮਾਨਦਾਰ ਦੇਸੀ ਡਾਕਟਰ ਦੀ ਤਸਵੀਰ ਛਾਪ ਕੇ ਇਕ ਨਿਵੇਕਲਾ ਕੰਮ ਕੀਤਾ ਹੋਇਆ ਏ…….. ਸੱਚ ਇੱਕ ਗੱਲ ਦਾ ਮੈਂ ਖਿਆਲ ਰੱਖਿਆ ਈ ਨਹੀਂ…….. ਮੇਰੀ ਰੈਂਬੋ ਨੇ ਸੁੱਧ ਬੁੱਧ ਭੁਲਾ ਈ ਛੱਡੀ…… ਕੀ ਮੇਰੀ ਜੇਬ ਵਿੱਚ 20 ਦਾ ਕਰੰਸੀ ਨੋਟ ਹੈ ਵੀ? ਜੇ ਮੈਨੂੰ ਇਹ ਚੈਪਟਰ ਯੀਅਰ ਟੈੱਨ ਨੂੰ ਪੜ੍ਹਾਉਣ ਨੂੰ ਕਹਿ ਦਿੱਤਾ, ਤਾਂ ਮੈਨੂੰ ਵੀਹ ਦਾ ਕਰੰਸੀ ਨੋਟ ਜਮਾਤ ਵਿੱਚ ਬੱਚਿਆਂ ਨੂੰ ਜਰੂਰ ਦਿਖਾਉਣਾ ਚਾਹੀਦਾ ਏ………।

ਮੈਂ ਕਾਰ ਰੋਕ ਕੇ ਸੜਕ ਦੇ ਇੱਕ ਪਾਸੇ ਖੜ੍ਹੀ ਕਰ ਲਈ। ਆਪਣਾ ਪਰਸ ਜੇਬ ‘ਚੋਂ ਕੱਢਿਆ। ਜਦ ਦੇਖਿਆ ਤਾਂ ਉਸ ਵਿੱਚੋਂ ਦੋ 50, 50 ਡਾਲਰ ਦੇ ਨੋਟ ਸਨ। ਮੈਂ ਸੋਚਾਂ ‘ਚ ਪੈ ਗਿਆ ਕਿ ਮੈਂ 20 ਦਾ ਨੋਟ ਕਿੱਥੋਂ ਪੈਦਾ ਕਰਾਂ।

ਮੈਂ ਕਾਰ ਫਿਰ ਸਟਾਰਟ ਕਰ ਲਈ। ਕਾਰ ਸਕੂਲ ਦੀ ਪਾਰਕਿੰਗ ਵਿਚ ਲਗਾ ਕੇ ਤੇਜੀ ਨਾਲ ਲਾਇਬਰੇਰੀ ਵੱਲ ਵਧਿਆ। ਉੱਥੇ ਦੋ ਕੁ ਲਾਇਬਰੇਰੀ ਦੀਆਂ ਸਟਾਫ ਮੈਂਬਰਾਂ ਬੈਠੀਆਂ ਸਨ ਤੇ ਇਕ ਗੋਰੀ ਲੜਕੀ ਪਰੇ ਪੁਸਤਕਾਂ ਦੀਆਂ ਅਲਮਾਰੀਆਂ ਵੱਲ ਬੈਠੀ ਸੀ। ਸਟਾਫ ਮੈਂਬਰਾਂ ਨਾਲ ਮੈਂ ਗੱਲ ਕਰਨ ਤੋਂ ਹਿਚਕਿਚਾ ਗਿਆ। ਮੈਂ ਪਰੇ ਬੈਠੀ ਲੜਕੀ ਪਾਸ ਗਿਆ।

“ਐਕਸਕਿਊਜ ਮੀ ਪਲੀਜ।”
“ਹੈਲੋ ਸਰ, ਹਊ ਆਈ ਕੈਨ ਹੈਲਪ ਯੂ?”
“ਕੀ ਤੁਹਾਡੇ ਪਾਸ 20 ਡਾਲਰ ਦਾ ਨੋਟ ਹੈ?”

ਮੈਂ ਅੰਗਰੇਜੀ ਵਿੱਚ ਬੋਲਦਾ ਗਿਆ। ਲੜਕੀ ਨੇ ਆਪਣਾ ਪਰਸ ਫੋਲਿਆ ਤੇ ਬੋਲੀ,“ਯੈੱਸ ਆਈ ਡੂ ਹੈਵ ਇੱਟ।”

ਪੈਰ ਪੈਰ ਤੇ ਖੌਫ!! ਅੱਜ ਦੀ ਜਮਾਤ ਆਮ ਰੋਜ ਦੀਆਂ ਜਮਾਤਾਂ ਵਾਂਗ ਨਹੀਂ ਸੀ। ਆਫਟਰ ਆਲ ਯੂਨੀਵਰਸਿਟੀ ਦੇ ਕਿਸੇ ਵੱਡੇ ਅਧਿਕਾਰੀ ਦੀ ਦੇਖ-ਰੇਖ ਵਿਚ ਵਧੀਆ ਪੇਸ਼ਕਾਰੀ ਦੇਣੀ ਸੀ। ਸੀ।

ਜਮਾਤ ਸ਼ੁਰੂ ਹੋਣ ਦਾ ਵਕਤ ਹੋ ਗਿਆ। ਮੈਂ ਜਾ ਕੇ ਕਮਰੇ ਦੇ ਮੂਹਰੇ ਖੜ ਗਿਆ। ਬੱਚੇ ਆ ਕੇ ਕਤਾਰ ਵਿੱਚ ਕਮਰੇ ਦੇ ਮੂਹਰੇ ਖੜ੍ਹ ਗਏ। ਮੈਂ ਉਨ੍ਹਾਂ ਨੂੰ ਤਰੀਕੇ ਨਾਲ ਬਿਨਾਂ ਕਿਸੇ ਧੱਕਾ ਮੁੱਕੀ ਦੇ ਕਮਰੇ ਅੰਦਰ ਦਾਖਲ ਕਰਵਾ ਦਿੱਤਾ। ਮੇਰਾ ਨਿਰੀਖਕ ਮੇਰੇ ਸੁਪਰਵਾਇਜਰ ਅਧਿਆਪਕ ਨਾਲ ਆਇਆ ਅਤੇ ਆ ਕੇ ਜਮਾਤ ਦੇ ਪਿੱਛੇ ਲੱਗੀ ਕੁਰਸੀ ਤੇ ਬੈਠ ਗਿਆ। ਮੈਂ ਦੋਹਾਂ ਨੂੰ ‘ਗੁੱਡ ਡੇ‘ ਕਿਹਾ ਤੇ ਪੁੱਛਿਆ ਕਿ ਮੈਂ ਕੀ ਪੜ੍ਹਾਵਾਂ?

“ਮਿਸਟਰ ਸਿੰਘ! ਤੁਸੀਂ ਪਿਛਲੇ ਪੱਚੀ ਦਿਨ ਤੋਂ ਜਮਾਤ ਲੈਂਦੇ ਆ ਰਹੇ ਹੋ। ਪੜ੍ਹਾਉਦੇ-ਪੜ੍ਹਾਉਦੇ ਪੁਸਤਕ ਦੇ ਕਿਸ ਚੈਪਟਰ ਤੱਕ ਪਹੁੰਚੇ ਹੋ?“ ਜੌਹਨ ਮੋਰਿਸ ਅੰਗਰੇਜੀ ਵਿੱਚ ਬੋਲਿਆ।

“ ਡਾ. ਜੌਹਨ! ਮੈਂ ਅੱਜ ਕੱਲ ਆਸਟਰੇਲੀਅਨ ਫੈਡਰੇਸ਼ਨ ਪੜ੍ਹਾ ਰਿਹਾ ਹਾਂ।”
“ਬਸ ਉਥੋਂ ਹੀ ਅੱਗੇ ਸ਼ੁਰੂ ਕਰ ਲਓ।”
ਮੈਂ ਪੜ੍ਹਾਉਣਾ ਸ਼ੁਰੂ ਕਰ ਦਿੱਤਾ। ਪੀਰੀਅਡ ਖਤਮ ਹੋ ਗਿਆ।

ਮੈਂ ਜਲਦੀ ਜਲਦੀ ਫਿਰ ਲਾਇਬਰੇਰੀ ਵੱਲ ਗਿਆ। ਉਹ ਲੜਕੀ ਨੇੜੇ ਹੀ ਖੜੀ ਸੀ। ਮੈਂ ਉਸ ਨੂੰ ਵੀਹ ਦਾ ਕਰੰਸੀ ਨੋਟ ਵਾਪਸ ਕਰਦੇ ਹੋਏ ਉਸ ਦਾ ਧੰਨਵਾਦ ਕੀਤਾ ਤੇ ਸੁਖ ਦਾ ਸਾਹ ਲਿਆ। ਮੈਨੂੰ ਇੰਝ ਕਰੰਸੀ ਨੋਟ ਉਸ ਲੜਕੀ ਨੂੰ ਦੇਂਦੇ ਨੂੰ ਫਿਰ ਕਈਆਂ ਨੇ ਵੇਖਿਆ। ਮੈਂ ਡਰਦਾ ਰਿਹਾ, ਪਰ ਅਣਹੋਣੀ ਕੋਈ ਨਾ ਵਾਪਰੀ। ਸ਼ਾਇਦ ਇਸ ਕਰਕੇ ਕਿ ਮੇਰੀ ਸੋਚ ਅਜੇ ਭਾਰਤੀ ਹੀ ਸੀ ਅਤੇ ਉਸ ਲੜਕੀ ਅਤੇ ਆਲੇ ਦੁਆਲੇ ਮੌਜੂਦ ਲੋਕਾਂ ਦੀ ਸੋਚ ਆਸਟਰੇਲੀਅਨ ਸੀ। ਮੈਨੂੰ ਮਹਿਸ¨ਸ ਹੋਇਆ ਕਿ ਉੱਚੀਆਂ ਪੌਣਾਂ ਉੱਚਿਆਂ ਪਹਾੜਾਂ ‘ਤੇ ਹੀ ਵਗਦੀਆਂ ਹਨ।

ਇਸ ਪਰਕਾਰ ਮੇਰੇ ਤਰ੍ਹਾਂ ਤਰ੍ਹਾਂ ਦੇ ਡਰ ਅਤੇ ਖੌਫ ਦੇ ਉਹ ਚੌਵੀ ਘੰਟੇ ਤਾਂ ਪੂਰੇ ਹੋ ਗਏ। ਨਤੀਜਾ ਅਜੇ ਪੰਜ ਕੁ ਦਿਨ ਬਾਅਦ ਪਤਾ ਲੱਗਣਾ ਸੀ। ਭਾਵੇਂ ਆਸਟਰੇਲੀਆ ਵਿੱਚ ਜੇਠ ਹਾੜ ਪੰਜਾਬ ਵਾਂਗ ਨਹੀਂ ਤੱਪਦਾ, ਪਰ ਫਿਰ ਵੀ ਸ਼ਿਵ ਦੀ ਕਵਿਤਾ ਵਿਚ ਬਿਆਨ ਕੀਤਾ ਜੇਠ ਹਾੜ ਡੇਢ ਕੁ ਦਿਨ ਮੇਰੀ ਕਲਪਨਾ ‘ਤੇ ਪੂਰੀ ਤਰ੍ਹਾਂ ਛਾਇਆ ਰਿਹਾ।
***

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
***
1121
***

About the author

ਅਵਤਾਰ ਐਸ ਸੰਘਾ
+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

Dr. Avtar S. Sangha
BA ( Hons. English)  MA English,  Ph.D English--- Punjab
Graduate Dip In Education--- NSW ( Australia)
Lecturer in English  in a college  in Punjab for 25 years.
Teacher in Sydney--- 6 years
Now retired
Author of 8 books
**
sangha_avtar@hotmail.com

My latest book of short English fiction STORM IN A TEACUP AND OTHER STORIES can be seen on
DESIBUZZ CANADA
**
The Punjabi book of short stories  edited by me and published  by Azad Book Depot Amritsar  5 PARVAASI KAHANIKAAR  is now available in the market.
**

ਅਵਤਾਰ ਐਸ ਸੰਘਾ

Dr. Avtar S. Sangha BA ( Hons. English)  MA English,  Ph.D English--- Punjab Graduate Dip In Education--- NSW ( Australia) Lecturer in English  in a college  in Punjab for 25 years. Teacher in Sydney--- 6 years Now retired Author of 8 books ** sangha_avtar@hotmail.com My latest book of short English fiction STORM IN A TEACUP AND OTHER STORIES can be seen on DESIBUZZ CANADA ** The Punjabi book of short stories  edited by me and published  by Azad Book Depot Amritsar  5 PARVAASI KAHANIKAAR  is now available in the market. **

View all posts by ਅਵਤਾਰ ਐਸ ਸੰਘਾ →