27 July 2024

ਹੂਕ -ਅਵਤਾਰ ਗਿੱਲ

ਹੂਕ

-ਅਵਤਾਰ ਗਿੱਲ-

ਦੋ ਸ਼ਬਦ ਇਸ ਕਹਾਣੀ ਬਾਰੇ

(ਨੋਟ: ਅਵਤਾਰ ਗਿੱਲ ਦਾ ਇੱਕ ਕਹਾਣੀ ਸੰਗ੍ਰਹਿ ‘ਸੱਤੀਂ ਵੀਹੀਂ ਸੌ’ ਪ੍ਰਕਾਸ਼ਿਤ ਹੋ ਚੁੱਕਾ ਹੈ)

ਕਹਾਣੀਕਾਰ ਅਵਤਾਰ ਗਿੱਲ ‘ਲਿਖਾਰੀ’ ਨਾਲ ਪਿਛਲੇ ਪੰਜ ਵਰਿੵਆਂ ਤੋਂ ਜੁੜੇ ਆ ਰਹੇ ਹਨ। ‘ਲਿਖਾਰੀ’ ਵਿੱਚ ਛਪੀ ਉਹਨਾਂ ਦੀ ਪਹਿਲੀ ਕਹਾਣੀ ‘ਪੁਆੜੇ ਦੀ ਜੜ੍ਹ’ ਬਹੁਤ ਹੀ ਸਲਾਹੀ ਗਈ ਅਤੇ ਚਰਚਾ ਦਾ ਵਿਸ਼ਾ ਵੀ ਰਹੀ। ਹੁਣ ਤੱਕ ਉਹਨਾਂ ਦੀਆਂ ‘ਲਿਖਾਰੀ’ ਵਿੱਚ ਪੰਜ ਕਹਾਣੀਆਂ ਅਤੇ ਇੱਕ ਲੇਖ ਪ੍ਰਕਾਸ਼ਿਤ ਹੋ ਚੁੱਕੇ ਹਨ, ਜਿਨ੍ਹਾਂ ਨੂੰ ਪਾਠਕਾਂ ਵਲੋਂ ਭਰਵਾਂ ਹੁੰਗਾਰਾ ਮਿਲਿਆ ਹੈ। ਹੁਣ ਅਸੀਂ ਉਹਨਾਂ ਦੀ ਇੱਕ ਹੋਰ ਕਹਾਣੀ ‘ਉਸਤਾਦ’ ਪਾਠਕਾਂ ਦੇ ਰੂ-ਬ-ਰੂ ਕਰਨ ਦੀ ਖੁਸ਼ੀ ਲੈ ਰਹੇ ਹਾਂ। ਦਰਅਸਲ ਇਹ ਕਹਾਣੀ ‘ਲਿਖਾਰੀ’ ਵਿੱਚ ਪਹਿਲਾਂ ਛਪ ਚੁੱਕੀ ਕਹਾਣੀ ‘ਪੁਆੜੇ ਦੀ ਜੜ੍ਹ’ ਦਾ ਹੀ ਨਵਾਂ, ਕੱਸਵਾਂ ਅਤੇ ਚੁਸਤ ਰੂਪ ਹੈ। ਕਹਾਣੀਕਾਰ ਨੇ ਪਹਿਲਾਂ ਛਪ ਚੁੱਕੀ ਕਹਾਣੀ ਨੂੰ ਮੁੜ ਗੌਲਦਿਆਂ ਨਵਾਂ ਰੂਪ ਦੇ ਕੇ ਸਿੱਧ ਕੀਤਾ ਹੈ ਕਿ ਸਿਰਜਣਾਤਮਕ ਕਲਾ ਬਹੁਤ ਮਿਹਨਤ ਅਤੇ ਸਿਰੜ ਮੰਗਦੀ ਹੈ। ‘ਲਿਖਣਾ’ ਕੋਈ ਖਾਲਾ ਜੀ ਦਾ ਵਾੜਾ ਨਹੀਂ। ਹਰ ਲੇਖਕ ਨੂੰ ਆਪਣੀ ਲਿਖਤ ਨੂੰ ਹੋਰ ਮਾਂਜਣ, ਸੋਧਣ, ਕੱਟਣ-ਵੱਢਣ, ਸੁੰਦਰ ਅਤੇ ਸਦ-ਰਹਿਣਾ ਬਣਾਉਣ ਲਈ ਸਦਾ ਹੀ ਤੱਤਪਰ ਰਹਿਣਾ ਚਾਹੀਦਾ ਹੈ।

ਪੁਆੜੇ ਦੀ ਜੜ੍ਹ, ‘ਉਸਤਾਦ’ ਅਤੇ ‘ਹੂਕ’ ਕਹਾਣੀ ਪੜ੍ਹ ਕੇ ਇਹ ਅੰਦਾਜ਼ਾ ਸਹਿਜੇ ਹੀ ਲਗਾਇਆ ਜਾ ਸਕਦਾ ਹੈ ਕਿ ਇਕ ਲੇਖਕ ਲਈ ਆਪਣੀ ਸਿਰਜਣ ਕਲਾ ਵਿੱਚ ਨਿਖਾਰ ਲਿਆਉਣ ਅਤੇ ਉੱਤਮਤਾ ਪੈਦਾ ਕਰਨ ਲਈ ਕਿੰਨਾ ਸਬਰ, ਮਿਹਨਤ ਅਤੇ ਕਲਾ-ਨਿਪੁੰਨਤਾ ਦਰਕਾਰੀ ਹੈ। ‘ਗਿੱਲ’ ਜੀ ਦੀ ਮਿਹਨਤ ਨੂੰ ਸਲਾਮ।–ਲਿਖਾਰੀ

ਬੇ ਜੀ ਅੱਜ ਬਹੁਤ ਉਦਾਸ ਸੀ। ਉਹ ਬਾਰੀ ਵਿੱਚੀਂ ਸਕੂਲ ਬੱਸ ਵਿਚ ਬਹਿੰਦੇ ਆਪਣੇ ਪੋਤੇ ਅਤੇ ਪੋਤੀ ਵੱਲ ਦੇਖ ਰਹੀ ਸੀ। ਜਦੋਂ ਬੱਚਿਆਂ ਨੇ ਆਪਣੀਆਂ ਸੀਟਾਂ ਉੱਤੇ ਬਹਿ ਕੇ ਹੱਥ ਹਿਲਾਏ ਤਾਂ ਬੇ ਜੀ ਨੇ ਢਿਲਕੇ ਜਿਹੇ ਹੱਥ ਨਾਲ ਮੋੜਾ ਦਿੱਤਾ। ਰੋਕਦਿਆਂ ਰੋਕਦਿਆਂ ਵੀ ਉਸਦੀਆਂ ਅੱਖਾਂ ਵਿਚ ਹੰਝੂ ਉਮਡ ਆਏ। ਚੁੁੰਨੀ ਦੇ ਲੜ ਨਾਲ ਹੰਝੂ ਪੂੰਝ ਕੇ ਉਹ ਸਾਹਮਣੇ ਵਾਲੇ ਘਰ ਤੋਂ ਰਤਾ ਕੁ ਉਤਾਂਹ ਅਸਮਾਨ ਵੱਲ ਤੱਕਣ ਲੱਗ ਪਈ।

“ਕੀਪੇ ਦੇ ਬਾਪੂ!” ਬੇ ਜੀ ਨੇ ਇਵੇਂ ਆਖਿਆ, ਜਿਵੇਂ ਹੁੰਗਾਰਾ ਭਰਨ ਵਾਲਾ ਸਾਹਮਣੇ ਬੈਠਾ ਹੋਵੇ, “ਮੈਨੂੰ ‘ਕੱਲੀ ਛੱਡ ਕੇ ਕਿੱਥੇ ਤੁਰ ਗਿਆ ਤੂੰ? ਮੈਂ ਤਾਂ ਤੇਰਾ ਆਖਾ ਕਦੇ ਨਈਂ ਸੀ ਮੋੜਿਆ, ਤੂੰ ਇੰਨਾ ਨਿਰਮੋਹਾ ਕਿਉਂ ਹੋ ਗਿਆ? ਸੱਦ ਲੈ ਮੈਨੂੰ ਵੀ ਆਪਣੇ ਕੋਲ। ਇੱਥੇ ਹੁਣ ਕੌਣ ਐ ਮੇਰਾ, ਜਿਸਦੇ ਆਸਰੇ ਡੰਗ ਟਪਾਵਾਂ?

“ਕੀ ਕਿਹਾ? ਪੁੱਤ? … ਉਹਦੇ ਤਾਂ ਤੇਰੇ ਅੱਖਾਂ ਮੀਟਦਿਆਂ ਹੀ ਸਿੰਗ ਨਿਕਲ ਆਏ ਸੀ। ਉਸੇ ਹੀ ਧੂਤਾ ਮੰਡਲ਼ੀ ਨਾਲ, ਜਿਸ ਵੱਲ ਤੇਰੇ ਵਰਜਣ ਕਰਕੇ ਉਹ ਮੂੰਹ ਨਹੀਂ ਸੀ ਕਰਦਾ, ਹੁਣ ਖੰਡ ਖੀਰ ਹੋ ਗਿਆ ਐ। ਕਈ ਵਾਰ ਇੰਨਾ ਧੁੱਤ ਹੋ ਕੇ ਆਉਂਦਾ ਐ ਪਈ ਦਰ ਵੜਦਿਆਂ ਈ ‘ਆਦਮ-ਬੋ, ਆਦਮ-ਬੋ’ ਕਰਨ ਲੱਗ ਪੈਂਦਾ ਐ। ਜਦੋਂ ਕਦੇ ਮੈਂ ਕਰਮਾਂ ਮਾਰੀ ਆਖ ਬਹਿਨੀ ਆਂ, ਪੁੱਤ, ਘੱਟ ਪੀਆ ਕਰ, ਤਾਂ ਕੋਠਾ ਸਿਰ ‘ਤੇ ਚੁੱਕ ਲਊ। ਕੀ ਪੁੱਛਿਆ? ਨੂੰਹ? … ਛੱਡ ਪਰੇ, ਉਹਦੇ ਪੀਠੇ ਦਾ ਕੀ ਛਾਨਣਾ। ਪਤਾ ਐ ਕੱਲ੍ਹ ਰਾਤੀਂ ਉਹਨੇ ਕੀ ਦੱਛਣਾ ਦਿੱਤੀ ਮੈਨੂੰ? ਸੁਣੇਂਗਾ ਤਾਂ ਕੰਧਾਂ ਵਿਚ ਸਿਰ ਮਾਰਦਾ ਫਿਰੇਂਗਾ। ਤੇਰੇ ਹੁੰਦਿਆਂ ਇਸ ਘਰ ਵਿਚ ਮੇਰੀ ਜਿਹੜੀ ਮਾੜੀ ਮੋਟੀ ਪੁੱਛ ਪ੍ਰਤੀਤ ਸੀ, ਉਹ ਹੁਣ ਨਈਂ ਰਹੀ। ਤੂੰ ਪੁੱਛੇਂਗਾ ਕਿਉਂ? ਲੈ, ਸੁਣ …।”

ਭਾਵੇਂ ਘਰ ਵਿਚ ਇਸ ਵੇਲੇ ਹੋਰ ਕੋਈ ਵੀ ਨਹੀਂ ਸੀ, ਫਿਰ ਵੀ ਸਹਿਮੀ ਹੋਈ ਬੇ ਜੀ ਨੇ ਸੁਭਾਵਕ ਹੀ ਆਸੇ ਪਾਸੇ ਦੇਖਿਆ। ਆਖਣ ਲੱਗੀ, “ਤੇਰੇ ਪੋਤੇ ਪੋਤੀ ਨੂੰ ਵੱਡੇ ਹੁੰਦੇ ਦੇਖਦੀ ਆਂ ਤਾਂ ਸੇਰ ਲਹੂ ਵਧ ਜਾਂਦਾ ਐ ਮੇਰਾ। ਟੋਨੀ ਨੂੰ ਦੇਖ ਕੇ ਤਾਂ ਮੈਨੂੰ ਐਂ ਲਗਦਾ ਐ, ਪਈ ਜਿੱਦਾਂ ਜਾਣੀ ਤੂੰ ਕਿਤੇ ਗਿਆ ਨਈਂ, ਬੱਸ, ਇੱਥੇ ਕਿਤੇ ਸਾਡੇ ਕੋਲ ਈ ਐਂ। ਕਦੇ ਕਦੇ ਤੇਰੇ ਵਾਲੀ ਖੂੰਡੀ ਲੈ ਕੇ ਕੋਡਾ ਜਿਹਾ ਹੋ ਕੇ ਤੁਰਿਆ ਫਿਰੂ, ਅਖੇ ਮੈਂ ਬਾਪੂ ਜੀ ਆਂ। ਤੇ ਰਿੰਪੀ, ਰਿੰਪੀ ਤਾਂ ਮੈਨੂੰ ਐਨ ਆਪਣੇ ਵਰਗੀ ਲਗਦੀ ਐ। ਮਰ ਜਾਣੀ ਜਦੋਂ ਹੱਸਦੀ ਐ, ਗੱਲ੍ਹਾਂ ਵਿਚ ਟੋਏ ਪੈਂਦੇ ਐ, ਓਮੇਂ ਜਿਮੇਂ ਕਦੇ ਮੇਰੇ ਪੈਂਦੇ ਹੁੰਦੇ ਸੀ। ਸੱਚ ਜਾਣੀ ਕੀਪੇ ਦੇ ਬਾਪੂ! ਇੰਨਾ ਮੋਹ ਤਾਂ ਮੈਨੂੰ ਕਦੇ ਆਪਣੇ ਪੁੱਤਾਂ ਧੀਆਂ ਨਾਲ ਨਈਂ ਸੀ ਆਇਆ, ਜਿੰਨਾ ਇਸ ਪੋਤੇ ਪੋਤੀ ਨਾਲ ਆਉਂਦਾ ਐ।

“ਕੱਲ੍ਹ ਦੋਵੇਂ ਆ ਗਏ ਮੇਰੇ ਕੋਲ, ਹੇਠਾਂ ਬੇਸਮੈਂਟ ਵਿਚ। ਹੋਰ ਈ ਤਰ੍ਹਾਂ ਦੇ ਲੀੜੇ ਪਾ ਲਏ ਦੋਹਾਂ ਨੇ। ਮੇਰੀਆਂ ਐਨਕਾਂ ਲਾ ਕੇ ਤੇ ਚੁੰਨੀ ਸਿਰ ਉੱਤੇ ਲੈ ਕੇ ਰਿੰਪੀ ਬਣ ਗਈ ਬੇ ਜੀ, ਬਨੌਟੀ ਜਿਹੀਆਂ ਮੁੱਛਾਂ ਲਾ ਕੇ ਟੋਨੀ ਬਣ ਗਿਆ ਕੀਪਾ। ਲੱਗ ਪਏ ਨਕਲਾਂ ਜਿਹੀਆਂ ਲਾਉਣ। … ਕੀ ਆਖਿਆ? ਕੋਕੋ ਦੀਆਂ ਛੱਡ ਕੇ ਮੈਂ ਕੋਕੋ ਦੇ ਬੱਚਿਆਂ ਦੀਆਂ ਬਾਤਾਂ ਪਾਉਣ ਬਹਿ ਗਈ? … ਨਈਂ ਨਈਂ, ਬੱਚੇ ਮੇਰੇੇ ਆਪਣੇ ਈ ਐ, ਤੇ ਕੋਕੋ ਵੀ ਮੇਰੀ ਆਪਣੀ ਈ, ਪਰ ਇਹ ਗੱਲ ਕੋਕੋ ਦੇ ਖਾਨੇ ਵਿਚ ਨਈਂ ਵੜਦੀ। ਕੰਮ ਤੋਂ ਆਉਂਦੀ ਨੂੰ ਮੈਂ ਰੋਟੀ ਟੁੱਕ ਤਿਆਰ ਰੱਖਦੀ ਆਂ। ਘਰ ਦੀਆਂ ਬੁੱਤੀਆਂ ਨੂੰ ਉਹਨੂੰ ਮੈਂ ਕਦੇ ਹੱਥ ਨਈਂ ਲਾਉਣ ਦਿੱਤਾ, ਪਤਾ ਨਈਂ ਫੇਰ ਵੀ ਕਿਉਂ ਚੱਤੋ ਪਹਿਰ ਜੀਭ ‘ਤੇ ਸੱਪ ਲੜਾਈ ਰੱਖਦੀ ਐ।

“ਤੈਨੂੰ ਯਾਦ ਹੋਣਾ ਐਂ, ਪਿੰਡ ਆਪਣੇ ਕੋਲ ਇਕ ਗਾਂ ਹੁੰਦੀ ਸੀ। ਜਿਸਦਾ ਨਾਂ ਤੈਂ ‘ਧੰਨੋ’ ਰੱਖ ਲਿਆ ਸੀ, ਮੇਰੇ ਨਾਂ ‘ਤੇ। ਮੈਂ ਪੁੱਛਿਆ ਸੀ, ਇਹ ਨਾਂ ਤੈਨੂੰ ਇੰਨਾ ਚੰਗਾ ਕਿਉਂ ਲਗਦਾ ਐ? ਤੈਂ ਆਖਿਆ ਸੀ, ਤੂੰ ਲਾਣੇ ਦਾ ਸਾਰਾ ਕੰਮ ਧੰਦਾ ਸਾਂਭ ਕੇ ਧੰਨ-ਧੰਨ ਕਰਵਾ ਦਿੱਤੀ ਐ, ਗਾਂ ਨੇ ਦੁੱਧ ਦੇ ਕੇ। ਆਹ ਕੀਪਾ ਉਸੇ ਗਾਂ ਦੇ ਦੁੱਧ ਨਾਲ ਹਰਾ ਹੋਇਆ ਸੀ। … ਜਦ ਉਹ ਗਾਂ ਬੁੱਢੀ ਹੋ ਗਈ, ਦੁੱਧ ਦੇਣੋਂ ਹਟ ਗਈ, ਤਾਂ ਬੁੱਚੜ ਉਹਦੇ ਦੋ ਢਾਈ ਸੌ ਰੁਪਈਏ ਦੇਣ। ਤੈਂ ਉਨ੍ਹਾਂ ਮਗਰ ਡਾਂਗ ਕੱਢ ਲਈ। ਅਖੇ ਭੈਣ ਦੇਣੇ ਆ ਗਏ ਐ ਸਾਰੀ ਉਮਰ ਲੇਖਾ ਦੇਣ ਵਾਲੇ ਜੀਅ ਦਾ ਮੁੱਲ ਪੌਣ। … ਕੀਪੇ ਦੇ ਬਾਪੂ, ਤੂੰ ਤਾਂ ਆਪਣੇ ਡੰਗਰਾਂ ਨੂੰ ਘਰ ਦੇ ਜੀਆਂ ਬਰੋਬਰ ਸਮਝਦਾ ਸੀ, ਇੱਥੇ ਤੇਰੀ ਧੰਨ ਕੁਰ ਹੁਣ ਡੰਗਰਾਂ ਨਾਲੋਂ ਵੀ …।”

ਬੇ ਜੀ ਨੇ ਹਉਕਾ ਲਿਆ।

ਇਸੇ ਵੇਲੇ ਸਾਹਮਣੇ ਵਾਲੇ ਘਰਾਂ ਦੀਆਂ ਛੱਤਾਂ ਦੇ ਉੱਤੋਂ ਦੀ ਲੰਘ ਰਿਹਾ ਜਹਾਜ਼ ਬੇ ਜੀ ਦੀ ਨਜ਼ਰੀਂ ਪਿਆ; ਜਿਹੜਾ ਨੀਵਾਂ ਹੁੰਦਾ ਹੋਇਆ ਇਸ ਸ਼ਹਿਰ ਦੇ ਹਵਾਈ ਅੱਡੇ ਉੱਤੇ ਉੱਤਰ ਰਿਹਾ ਸੀ। ਬੇ ਜੀ ਨੂੰ ਯਾਦ ਆਇਆ, ਉਹ ਅਤੇ ਕੀਪੇ ਦਾ ਬਾਪੂ ਵੀ ਕੁਝ ਵਰ੍ਹੇ ਪਹਿਲਾਂ ਆਪਣੇ ਛੋਟੇ ਪੁੱਤਰ ਕੁਲਦੀਪ ਨੂੰ ਨਾਲ ਲੈ ਕੇ ਇਸੇ ਤਰ੍ਹਾਂ ਦੇ ਇਕ ਜਹਾਜ਼ ਵਿਚ ਵੱਡੇ ਪੁੱਤਰ ਪਾਸ ਕਨੇਡਾ ਆਏ ਸਨ।

ਫਿਰ ਸਾਲ ਕੁ ਬਾਅਦ ਉਹ ਇੰਡੀਆ ਜਾ ਕੇ ਕੁਲਦੀਪ ਨੂੰ ਵਿਆਹ ਲਿਆਏ ਸਨ।

ਦੋਹਾਂ ਭਰਾਵਾਂ ਦੀ ਨਿਭੀ ਨਹੀਂ, ਜਾਂ ਸ਼ਾਇਦ ਦਰਾਣੀ ਜਿਠਾਣੀ ਇਕ ਦੂਜੀ ਦੇ ਸਿੰਗ ਛਾਂਗਣ ਲੱਗ ਪਈਆਂ; ਕੁਲਦੀਪ ਆਪਣੀ ਪਤਨੀ ਪਿੰਦਰ ਨੂੰ ਨਾਲ ਲੈ ਕੇ ਕਿਸੇ ਦੀ ਬੇਸਮੈਂਟ ਵਿਚ ਜਾ ਟਿਕਿਆ।

ਬੇ ਜੀ ਅਤੇ ਬਾਪੂ ਜੀ ਵੱਡੇ ਪੁੱਤਰ ਕੋਲ ਹੀ ਰਹੇ। ਨੂੰਹ ਪੁੱਤ ਕੰਮਾਂ ‘ਤੇ ਜਾਂਦੇ ਸਨ; ਬੱਚਿਆਂ ਦੀ ਸਾਂਭ-ਸੰਭਾਲ ਲਈ ਘਰ ਵਿਚ ਕੋਈ ਚਾਹੀਦਾ ਸੀ। ਜਦੋਂ ਬੱਚੇ ਉਡਾਰੂ ਹੋ ਗਏ, ਬੇ ਜੀ ਅਤੇ ਬਾਪੂ ਜੀ ਲਈ ਘਰ ਵਿਚ ਕੋਈ ਆਹਰ ਨਾ ਰਿਹਾ। ਨੂੰਹ ‘ਹਮਕੋ ਤੁਮਕੋ’ ਕਰਨ ਲੱਗ ਪਈ। ਬੇ ਜੀ ਅਤੇ ਬਾਪੂ ਜੀ ਘੇਸਲ਼ ਵੱਟ ਕੇ ਵਕਤ ਟਪਾਉਂਦੇ ਰਹੇ। ਪਰ ਜਦੋਂ ਪਾਣੀ ਸਿਰਾਂ ਦੇ ਉੱਤੋਂ ਦੀ ਵਗਣ ਲੱਗਾ ਤਾਂ ਉਨ੍ਹਾਂ ਨੇ ਆਪਣਾ ਨਿਕਸੁਕ ਇਕੱਠਾ ਕੀਤਾ, ਗਠੜੀਆਂ ਬੰਨ੍ਹੀਆਂ ਅਤੇ ਛੋਟੇ ਪੁੱਤਰ ਕੁਲਦੀਪ ਕੋਲ, ਜਿਸ ਨੇ ਹੁਣ ਤੀਕ ਆਪਣਾ ਮਕਾਨ ਖਰੀਦ ਲਿਆ ਸੀ, ਜਾ ਟਿਕੇ।

ਇੱਥੇ ਆ ਕੇ ਉਹ ਕੁਲਦੀਪ ਦੇ ਬੱਚਿਆਂ ਨਾਲ ਪਰਚ ਗਏ। ਦਿਨ ਪੱਧਰਾ ਹੁੰਦਾ ਤਾਂ ਬੱਚਿਆਂ ਨੂੰ ਪਾਰਕ ਨੂੰ ਲੈ ਜਾਂਦੇ। ਬੱਚਿਆਂ ਨਾਲ ਖੇਡਦਿਆਂ ਖਿਡਾਉਂਦਿਆਂ ਉਨ੍ਹਾਂ ਦਾ ਸਮਾਂ ਫਿਰ ਦੁਸਹਿਰੇ ਦਿਵਾਲੀ ਵਾਂਗ ਗੁਜ਼ਰਨ ਲੱਗਾ। ਅਜੇ ਕੁਝ ਸਾਲ ਹੀ ਲੰਘੇ ਸਨ, ਇਕ ਦਿਨ ਅਚਾਨਕ ਬਾਪੂ ਜੀ ਨੂੰ ਦਿਲ ਦਾ ਅਜਿਹਾ ਦੌਰਾ ਪਿਆ ਕਿ ਉਹ ਘੜੀਆਂ ਪਲਾਂ ਵਿਚ ਫਤਹਿ ਬੁਲਾ ਗਿਆ। ਬੇ ਜੀ ਉੱਖੜੀ ਉੱਖੜੀ ਜਿਹੀ ਰਹਿਣ ਲੱਗ ਪਈ। ਫਿਰ ਹੌਲੀ ਹੌਲੀ ਗੁੰਮ-ਸੁੰਮ ਹੋਈ ਬੇ ਜੀ ਨੂੰ ਪੋਤੇ ਅਤੇ ਪੋਤੀ ਦੇ ਮੋਹ ਨੇ ਇਕਲਾਪੇ ਦੀ ਖੱਡ ਵਿੱਚੋਂ ਬਾਹਰ ਕੱਢ ਲਿਆ। ਇਸ ਸਾਲ ਗਰਮੀਆਂ ਦੀਆਂ ਛੁੱਟੀਆਂ ਤੋਂ ਬਾਅਦ ਦੋਵਾਂ ਬੱਚਿਆਂ ਦਾ ਸਕੂਲ ਬਦਲ ਗਿਆ।

ਬੇ ਜੀ ਸਕੂਲ ਜਾਂਦੇ ਬੱਚਿਆਂ ਨੂੰ ਦੇਖਦੀ। ਉਨ੍ਹਾਂ ਦੇ ਸਕੂਲੋਂ ਮੁੜਨ ਦੇ ਵਕਤ ਤੋਂ ਬਹੁਤ ਪਹਿਲਾਂ ਬਾਰੀ ਦੇ ਲਾਗੇ ਹੋ ਕੇ ਬੈਠ ਜਾਂਦੀ। ਬੱਸੋਂ ਉੱਤਰਦੇ ਬੱਚਿਆਂ ਨੂੰ ਦੇਖ ਕੇ ਹੱਥ ਹਿਲਾਉਂਦੀ। ਬੱਚੇ ਹੱਸ ਕੇ, ਹੱਥ ਹਿਲਾ ਕੇ, ਦਾਦੀ ਮਾਂ ਦਾ ਹੁੰਗਾਰਾ ਭਰਦੇ। ਘਰ ਆ ਕੇ ਨਵੀਂਆਂ ਨਵੀਆਂ ਖੇਡਾਂ ਖੇਡਦੇ, ਨਵੇਂ ਨਵੇਂ ਕਲੋਲ ਕਰਦੇ। ਬੇ ਜੀ ਲੋਚਦੀ, ਉਸਦੇ ਪੁੱਤ ਦਾ ਘਰ ਇਵੇਂ ਹੀ ਖੁਸ਼ੀਆਂ ਖੇੜਿਆਂ ਨਾਲ ਭਰਿਆ ਰਹੇ। ਪੋਤਾ ਪੋਤੀ ਵੱਡੇ ਹੋਣ। ਉਹ ਇਨ੍ਹਾਂ ਦੇ ਵਿਆਹ ਹੁੰਦੇ ਦੇਖੇ। ਪਰ …

ਪਰ ਕੱਲ੍ਹ ਦੀ ਹੋਈ ਬੀਤੀ ਬੇ ਜੀ ਦਾ ਖਹਿੜਾ ਨਹੀਂ ਸੀ ਛੱਡ ਰਹੀ। ਨਾ ਕੱਲ੍ਹ ਰਾਤੀਂ ਉਹਨੇ ਕੁਝ ਖਾਧਾ ਸੀ ਅਤੇ ਨਾ ਹੀ ਅੱਜ ਸਵੇਰੇ। ਜਦੋਂ ਵੀ ਖਾਣ ਲਈ ਉਹ ਕਿਸੇ ਚੀਜ਼ ਨੂੰ ਹੱਥ ਪਾਉਣ ਲਗਦੀ, ਉਹਦੇ ਅੰਦਰੋਂ ਇਕ ਚੀਸ ਜਿਹੀ ਉੱਠਦੀ : ਕਾਹਦੇ ਲਈ? ਉਹਦਾ ਹੱਥ ਆਪਣੇ ਆਪ ਪਿਛਾਂਹ ਪਰਤ ਆਉਂਦਾ। ਬਲੱਡ ਪਰੈੱਸ਼ਰ ਦੀਆਂ ਗੋਲੀਆਂ, ਜਿਹੜੀਆਂ ਉਹ ਨਿਤਨੇਮ ਨਾਲ ਦੋ ਵੇਲੇ ਲਿਆ ਕਰਦੀ ਸੀ, ਉਹ ਵੀ ਨਹੀਂ ਲਈਆਂ। ਜਿਵੇਂ ਜਿਉਣ ਦੀ ਇੱਛਾ ਹੀ ਮੁੱਕ ਗਈ ਹੋਵੇ। ਜਦੋਂ ਢਿੱਡ ਵਿਚ ਖੋਹ ਜਿਹੀ ਪੈਂਦੀ, ਪਾਣੀ ਦੇ ਦੋ ਘੁੱਟ ਅੰਦਰ ਲੰਘਾ ਕੇੇ ਸਬਰ ਸੰਤੋਖ ਕਰ ਲੈਂਦੀ।

ਬੱਚੇ ਕਦੋਂ ਦੇ ਸਕੂਲ ਜਾ ਚੁੱਕੇ ਸਨ। ਹਿੰਮਤ ਜੁਟਾ ਕੇ ਬੇ ਜੀ ਉੱਠੀ। ਪਾਣੀ ਪੀਤਾ। ਚੌਂਹ ਜੀਆਂ ਦੀਆਂ ਰੋਟੀਆਂ ਪਕਾ ਕੇ ਛਾਬੇ ਵਿਚ ਢਕ ਦਿੱਤੀਆਂ। ਵਿਹਲੀ ਹੋ ਕੇ ਬਾਰੀ ਮੁੱਢ ਜਾ ਬੈਠੀ। ਉਸਦਾ ਮਨ ਫਿਰ ਡੋਬੇ ਸੋਕੇ ਹੋਣ ਲੱਗਾ, “ਕੀਪੇ ਦੇ ਬਾਪੂ! ਤੇਰੇ ਪੋਤਾ ਪੋਤੀ ਹੁਣ ਦੂਰ ਦੇ ਸਕੂਲ ਜਾਣ ਲੱਗ ਪਏ ਐ। ਸਰਕਾਰੀ ਬੱਸ ਆਉਂਦੀ ਐ, ਲੈਣ ਤੇ ਛੱਡਣ। ਉਨ੍ਹਾਂ ਦੇ ਜਾਣ ਅਤੇ ਆਉਣ ਵੇਲੇ ਮੈਂ ਇੱਥੇ ਬਹਿ ਜਾਨੀਂ ਆਂ। ਹੁਣ ਮੈਨੂੰ ਲਗਦਾ ਨਈਂ ਪਈ ਮੇਰੀ ਇਹ ਕਾਇਆਂ ਬਹੁਤਾ ਚਿਰ ਕੱਢੂਗੀ।

“ਕੀ ਪੁੱਛਿਆ? ਕਿਉਂ? … ਪਿਛਲੇ ਸਾਲ ਭਰ ਸਿਆਲ਼ ਵਿਚ ਠੰਢ ਜਿਹੀ ਲੱਗ ਗਈ ਮੈਨੂੰ। ਹੋਰ ਤਾਂ ਸਾਰੀ ਤਰ੍ਹਾਂ ‘ਰਾਮ ਆ ਗਿਆ, ਪਰ ਖੰਘ, ਨਾ ਹਟਣ ਦਾ ਨਾਂ ਲਵੇ, ਨਾ ਘਟਣ ਦਾ। ਨੂੰਹ ਤੇਰੀ ਨੇ ਕੋਠਾ ਚੁੱਕ ਲਿਆ ਸਿਰ ਉੱਤੇ, ਅਖੇ ਬੁੜ੍ਹੀ ਸਾਰੀ ਰਾਤ ਸੌਣ ਨਈਂ ਦਿੰਦੀ। ਜਾਂ ਮੇਰੇ ਸਿਰ ਦੀ ਕੋਈ ਨਾੜ ਫਟੂ, ਜਾਂ ਮੈਂ ਕਮਲੀ ਹੋ ਜਾਊਂ … ਚੁੱਕੇ ਚੁਕਾਏ ਕੀਪੇ ਨੇ ਹੇਠਾਂ ਬੇਸਮੈਂਟ ਵਿਚ ਲੱਕੜ ਦੇ ਫੱਟਿਆਂ ਦਾ ਇਕ ਖੁੱਡਾ ਜਿਹਾ ਖੜ੍ਹਾ ਕਰ ਕੇ ਮੇਰਾ ਮੰਜਾ ਥੱਲੇ ਲਾਹ ਦਿੱਤਾ। ਖੰਘ ਤੋਂ ਭਾਮੇਂ ਮੈਨੂੰ ਮਹੀਨੇ ਕੁ ਮਗਰੋਂ ‘ਰਾਮ ਆ ਗਿਆ ਪਰ ਮੰਜਾ ਮੇਰਾ ਅਜੇ ਤਾਈਂ ਉੱਪਰ ਨਈਂ ਆਇਆ। ਪਤਾ ਐ ਕਿਉਂ? ਨੂੰਹ ਰਾਣੀ ਨੇ ਦੋਹਾਂ ਨਿਆਣਿਆਂ ਨੂੰ ਅੱਡੋ ਅੱਡਰੇ ਕਮਰੇ ਸੰਭਾਲ ਦਿੱਤੇ ਐ।

“ਲੈ ਹੋਰ ਸੁੁਣ, ਇਕ ਦਿਨ ਤੇਰੇ ਪੋਤਾ ਪੋਤੀ ਕਿਸੇ ਗੱਲੋਂ ਜੁੰਡੀਓ ਜੁੰਡੀ ਹੋ ਪਏ। ਮੈਂ ਛੁਡਾਏ। ਦੋਹਾਂ ਨੂੰ ਕੁਰਸੀਆਂ ਉੱਤੇ ਬਿਠਾਇਆ। ਆਖਿਆ, ਪਈ ਜਿੰਨਾ ਚਿਰ ਤੁਸੀਂ ਠੰਢੇ ਹੋ ਕੇ ਆਪੋ ਆਪਣੀ ਗਲਤੀ ਨਈਂ ਮੰਨ ਲੈਂਦੇ, ਕੁਰਸੀਆਂ ਤੋਂ ਨਈਂ ਉੱਠਣਾ। ਉੱਪਰੋਂ ਆ ਗਈ ਜੈਲਦਾਰਨੀ, ਨੂੰਹ ਤੇਰੀ ਕੰਮ ਤੋਂ। ਤੱਤ ਭੜੱਥ ਭੁੜਕ ਪਈ, ਅਖੇ ਇਹ ਮੇਰਾ ਘਰ ਐ, ਕੋਈ ਕੈਦਖਾਨਾ ਨਈਂ। ਖਬਰਦਾਰ ਜੇ ਮੇਰੇ ਬੱਚਿਆਂ ਨੂੰ ਤਸੀਹੇ ਦਿੱਤੇ। ਦੂਜੇ, ਖੌਰੇ ਤੀਜੇ ਦਿਨ, ਬਾਹਰ ਖੇਡਦਾ ਖੇਡਦਾ ਟੋਨੀ ਰਸੋਈ ਵਿਚ ਆ ਵੜਿਆ। ਕਾਰੇਹੱਥੀ ਨੇ ਵਗਾਹ ਕੇ ਤਮਾਚਾ ਮਾਰਿਆ ਮੁੰਡੇ ਦੇ ਮੂੰਹ ‘ਤੇ; ਅਖੇ ਜੁੱਤੀ ਦਰਵਾਜੇ ਕੋਲ ਕਿਉਂ ਨਈਂ ਲਾਹ ਕੇ ਆਇਆ। ਬਲੂਰ ਵਿਲਕਦਾ ਹੋਇਆ ਮੇਰੀ ਬੁੱਕਲ਼ ਵਿਚ ਆ ਵੜਿਆ। ਮੈਂ ਕੁਛ ਕਿਹਾ ਨਾ ਸੁਣਿਆ, ਜੈਲਦਾਰਨੀ ਊਂ ਈਂ ਲੀੜਿਆਂ ਤੋਂ ਬਾਹਰ ਹੋ ਗਈ। ਅਖੇ ਮਾਈ, ਤੂੰ ਇਨ੍ਹਾਂ ਨੂੰ ਬਹੁਤਾ ਭੂਹੇ ਨਾ ਚੜ੍ਹਾਇਆ ਕਰ। ਕੀਪੇ ਦੇ ਬਾਪੂ, ਪਤਾ ਨਈਂ ਕੀ ਹਲ਼ਕਿਆ ਕੁੱਤਾ ਚੱਕ ਮਾਰ ਗਿਆ ਐ ਏਸ ਜਨਾਨੀ ਨੂੰ, ਅੱਜਕਲ੍ਹ ਇਹ ਬੋਲਦੀ ਘੱਟ ਐ, ਬਊਂ ਬਊਂ ਬਹੁਤਾ ਕਰਨ ਲੱਗ ਪਈ ਐ।

“ਕੁਛ ਦਿਨ ਹੋਏ ਤੇਰਾ ਪੁੱਤ ਇਕ ਰੇੜ੍ਹਾ ਜਿਹਾ ਲੈ ਆਇਆ। ਪੁਰਾਣੀਆਂ ਕੁਰਸੀਆਂ, ਮੇਜ, ਮੰਜਾ ਤੇ ਹੋਰ ਨਿੱਕੜ ਸੁੱਕੜ ਉਹਦੇ ਉੱਤੇ ਲੱਦ ਲਿਆ। ਮੈਂ ਪੁੱਛਿਆ, ਪੁੱਤ ਇਹ ਕਿੱਥੇ ਨੂੰ? ਆਖਣ ਲੱਗਾ, ਇਨ੍ਹਾਂ ਪੁਰਾਣੀਆਂ ਚੀਜਾਂ ਦੀ ਘਰ ਵਿਚ ਹੁਣ ਕੋਈ ਲੋੜ ਨਈਂ, ਕਵਾੜੀਏ ਦੇ ਸੁੱਟਣ ਚੱਲਿਆਂ। ਮਨ ਵਿਚ ਆਈ ਪਈ ਆਖ ਦਿਆਂ, ਲੋੜ ਤਾਂ ਹੁਣ ਇਸ ਘਰ ਵਿਚ ਮੇਰੀ ਵੀ ਕੋਈ ਨਈਂ, ਸੁੱਟ ਆ ਮੈਨੂੰ ਵੀ ਨਾਲ ਈ।

“ਮੈਨੂੰ ਐਂ ਦੱਸ ਕੀਪੇ ਦੇ ਬਾਪੂ, ਪਈ ਮੈਂ ਹੁਣ ਤੇਰੇ ਕੋਲ਼ ਨਈਂ ਆ ਸਕਦੀ? ਕੀ ਕਿਹਾ? ਰੱਬ ਨੇ ਜਿੰਨੀ ਲਿਖੀ ਐ, ਉਹ ਭੋਗਣੀ ਪਊ? … ਭੋਗਣ ਤੋਂ ਇਨਕਾਰੀ ਨਈਂ ਮੈਂ, ਪਰ ਕੋਈ ਡੰਗ ਤਾਂ ਟਪੌਣ ਦੇਵੇ। ਨਿਲੱਜਿਆਂ ਆਂਗੂੰ ਨਈਂ ਜੀਵਿਆ ਜਾਂਦਾ। ਹੋਰ ਘੜੀ ਦੋਂਹ ਘੜੀਆਂ ਨੂੰ ਨਿਆਣੇਂ ਸਕੂਲੋਂ ਆ ਜਾਣਗੇ। ਫੇਰ ਤੇਰੇ ਨੂੰਹ ਪੁੱਤ ਕੰਮਾਂ ਤੋਂ। ਖਾਣਗੇ ਪੀਣਗੇ ਤੇ ਸੌਂ ਜਾਣਗੇ। ਮੇਰੀ ਵਾਈ ਧਾਈ? … ਜਦ ਕੱਲ੍ਹ ਕਿਸੇ ਨਈਂ ਪੁੱਛਿਆ, ਅੱਜ ਕੋਈ ਕਿਉਂ ਪੁੱਛੂ? ਕੀ ਕਿਹਾ? ਕੀਪੇ ਨੂੰ ਦੱਸਾਂ? … ਦੱਸ, ਕੀ ਦੱਸਾਂ ਮੈਂ ਕੀਪੇ ਨੂੰ? ਤੈਨੂੰ ਪਤਾ ਐ, ਅੱਗ ਬਗੋਲ਼ਾ ਉਹ ਐ। ਗਿੱਲੇ ਗੋਹਟੇ ਆਂਗੂੰ ਹਰ ਵੇਲੇ ਧੁਖਦੀ ਰਹਿੰਦੀ ਐ ਨੂੰਹ ਤੇਰੀ। ਘਰ ਵਿੱਚ ਕਲੇਸ਼ ਪਊ। ਗੱਲ ਛੱਡ ਛਡਾਈ ਤੱਕ ਪਹੁੰਚਦਿਆਂ ਏਸ ਮੁਲਖ ਵਿੱਚ ਦੇਰ ਨਈਂ ਲਗਦੀ। ਤੇਰੇ ਪੋਤਾ ਪੋਤੀ ਰੁਲ਼ ਜਾਣਗੇ, ਮੇਰੇ ਜਿਗਰ ਦੇ ਟੁਕੜੇ।

“ਪਿਛਲੇ ਕੁਛ ਦਿਨਾਂ ਤੋਂ ਇਕ ਨਵੀਂ ਖਿਚੜੀ ਰਿੱਝਣ ਲੱਗ ਪਈ ਐ ਇਸ ਘਰ ਵਿਚ; ਹੇਠਾਂ ਦੋ ਤਿੰਨ ਕਮਰੇ ਬਣਾ ਕੇ ਬੇਸਮੈਂਟ ਕਰਾਏ ਉੱਤੇ ਚਾੜ੍ਹਨ ਦੀ। ਪੁੱਤ ਤੇਰਾ ਲੱਤ ਨਈਂ ਲਾਉਂਦਾ, ਨੂੰਹ ਚਾਰੇ ਖੁਰ ਚੁੱਕੀ ਫਿਰਦੀ ਐ। ਕੀ ਪੁੱਛਿਆ? ਮੈਂ ਕਿੱਥੇ ਜਾਊਂਗੀ? … ਮੈਂ ਜਾਊਂਗੀ ਢੱਠੇ ਖੂਹ ਵਿਚ। ਇੱਥੇ ਹੁਣ ਮੇਰੀ ਕਿਸੇ ਨੂੰ ਲੋੜ ਕੀ ਐ? ਮੈਂ ਤਾਂ ਅੱਜ ਮੁੱਕਾਂ ਪਰਸੋਂ ਨੂੰ ਤੀਆ ਦਿਨ। ਦੋਂਹ ਚੌਂਹ ਮਹੀਨਿਆਂ ਪਿੱਛੋਂ ਤਾਂ ਇੱਥੇ ਕਿਸੇ ਨੂੰ ਚਿੱਤ ਚੇਤਾ ਵੀ ਨਈਂ ਰਹਿਣਾ ਪਈ ਕੌਣ ਹੁੰਦੀ ਸੀ।

“ਹਾਂ ਸੱਚ, … ਮੇਰੀ ਸੁਰਤੀ ਕੁਛ ਟਿਕਾਣੇ ਨਈਂ। ਇਕ ਅਖੇ ਊਂ ਕਮਲੀ, ਇਕ ਪੈ ਗਈ ਕਬਰਾਂ ਦੇ ਰਾਹ। ਗੱਲ ਕੋਈ ਹੋਰ ਕਰਨੀ ਸੀ, ਕਰਨ ਹੋਰ ਲੱਗ ਪਈ। ਦੋ ਟੁੱਕੜ ਤਾਂ ਲੋਕ ਕਾਵਾਂ ਕੁੱਤਿਆਂ ਨੂੰ ਵੀ ਪਾ ਦਿੰਦੇ ਐ, ਪਰ ਇੱਥੇ …। ਵੱਡੇ ਦੇ ਘਰੋਂ ਕੱਖੋਂ ਹੌਲ਼ੇ ਹੋ ਕੇ ਨਾ ਨਿਕਲੇ ਹੁੰਦੇ ਤਾਂ ਮੈਂ ਉੱਥੇ ਚਲੀ ਜਾਂਦੀ। ਕਈ ਵਾਰ ਸੋਚਦੀ ਆਂ, ਪੰਜਾਬ ਚਲੀ ਜਾਵਾਂ, ਤੇਰੀ ਧੀ ਕੋਲ। ਫੇਰ ਸੋਚਦੀ ਆਂ ਪਈ ਲੋਕਾਂ ਦੇ ਤਾਅਨੇ ਮਿਹਣੇ ਮੈਂ ਕਿਮੇਂ ਸਹਾਰੂੰਗੀ? …ਇਨ੍ਹਾਂ ਲੋਕਾਂ ਨੂੰ ਕੋਈ ਪੁੱਛਣ ਵਾਲਾ ਹੋਵੇ ਪਈ ਪੁੱਤ ਝੱਲਣ ਨਾ, ਧੀਆਂ ਕੋਲ ਕੋਈ ਜਾਵੇ ਨਾ, ਤਾਂ ਮਰੇ ਕਿਹੜੇ ਖੂਹ ਵਿਚ ਛਾਲ਼ ਮਾਰ ਕੇ? …।”

ਬੇ ਜੀ ਦੇ ਹਉਕੇ-ਹਾਵੇ ਮੁੱਕਣ ਵਿਚ ਨਹੀਂ ਸਨ ਆ ਰਹੇ।

ਜਿਉਂ ਜਿਉਂ ਪ੍ਰਛਾਵੇਂ ਢਲਣ ਲੱਗ ਪਏ, ਤਿਉਂ ਤਿਉਂ ਬੇ ਜੀ ਦੇ ਸਿਰ ਨੂੰ ਘੁਮੇਰ ਜਿਹੀ ਚੜ੍ਹਨ ਲੱਗ ਪਈ।

ਲੌਢੇ ਵੇਲੇ ਸਕੂਲ ਦੀ ਬੱਸ ਆਈ। ਟੋਨੀ ਅਤੇ ਰਿੰਪੀ ਬੱਸ ਵਿੱਚੋਂ ਉੱਤਰੇ। ਉਨ੍ਹਾਂ ਹੱਥ ਹਿਲਾਏ। ਬੇ ਜੀ ਦਾ ਹਿੱਲਦਾ ਹੱਥ ਉਨ੍ਹਾਂ ਨੂੰ ਨਹੀਂ ਦਿਸਿਆ। ਦਰਵਾਜੇ ਨੂੰ ਚਾਬੀ ਲਾਈ। ਅੰਦਰ ਆਏ। ਦੋਵਾਂ ਨੇ ਹੇਕ ਲਾ ਕੇ ਅਵਾਜ਼ ਮਾਰੀ, “ਬੇ ਅ ਅ ਜੀ ਅ ਅ … ਅਸੀਂ ਆ ਅ ਅ ਗਏ।”

ਬੇ ਜੀ ਵੱਲੋਂ ਕੋਈ ਹੁੰਗਾਰਾ ਨਾ ਮਿਲਿਆ ਤਾਂ ਉਹ ਨੱਠ ਕੇ ਬੇ ਜੀ ਕੋਲ ਗਏ। ਮੋਢੇ ਨੂੰ ਥੋੜ੍ਹਾ ਜਿਹਾ ਹਿਲਾਉਣ ਦੀ ਦੇਰ ਸੀ, ਬੇ ਜੀ ਇਕ ਪਾਸੇ ਨੂੰ ਉਲਟ ਗਈ। ਬੱਚਿਆਂ ਨੇ ਫੁਰਤੀ ਵਰਤੀ, ਜਿਵੇਂ ਉਨ੍ਹਾਂ ਨੂੰ ਸਭ ਕੁਝ ਪਹਿਲਾਂ ਹੀ ਸਮਝਾਇਆ ਗਿਆ ਹੋਵੇ; ਝੱਟ ਐਂਬੂਲੈਂਸ ਸੱਦ ਲਈ। ਅਤੇ ਨਾਲ ਹੀ ਆਪਣੇ ਮੰਮੀ ਡੈਡੀ ਨੂੰ ਫੋਨ ਖੜਕਾ ਦਿੱਤੇ।

ਜਦੋਂ ਕੁਲਦੀਪ ਘਰ ਪਹੁੰਚਿਆ, ਉਦੋਂ ਤੱਕ ਐਂਬੂਲੈਂਸ ਬੇ ਜੀ ਨੂੰ ਲੈ ਕੇ ਜਾ ਚੁੱਕੀ ਸੀ। ਉਹ ਵੀ ਮਗਰ ਹੀ ਚੱਲ ਪਿਆ। ਪਿੰਦਰ ਦੇ ਘਰ ਅੱਪੜਨ ਤੋਂ ਝੱਟ ਕੁ ਬਾਅਦ ਦੋ ਤਿੰਨ ਗੁਆਂਢਣਾਂ, ਜਿਨ੍ਹਾਂ ਨੇ ਐਂਬੂਲੈਂਸ ਇਨ੍ਹਾਂ ਦੇ ਘਰ ਅੱਗੇ ਖੜ੍ਹੀ ਦੇਖ ਲਈ ਸੀ, ਖਬਰ ਲਈ ਆ ਗਈਆਂ। ਬੇ ਜੀ ਦੀ ਸਿਹਤ ਵਿਚ ਆਏ ਬਿਗਾੜ ਬਾਰੇ ਪਿੰਦਰ ਨੂੰ ਜਿੰਨਾ ਕੁ ਬੱਚਿਆਂ ਪਾਸੋਂ ਪਤਾ ਲੱਗਾ ਸੀ, ਉਹ ਦੱਸੀ ਜਾ ਰਹੀ ਸੀ।

ਗੁਆਂਢਣਾਂ ਆਖ ਰਹੀਆਂ ਸਨ :

– ਬਈ ਕੁਛ ਪਤਾ ਨਹੀਂ ਲਗਦਾ ਦਾਤੇ ਦੇ ਰੰਗਾਂ ਦਾ। ਬੇ ਜੀ ਇੰਨੀਂ ਚੰਗੀ, ਉੱਤੋਂ ਬਿਫਤਾ ਕੀ ਆ ਪਈ।

– ਕੋਈ ਭਗਤਣੀ ਆਂ ਕੁਲਦੀਪ ਕੀ ਮਾਈ ਤਾਂ, ਨਾ ਕਿਸੇ ਨੂੰ ਮੰਦਾ ਬੋਲਦੀ ਆ, ਨਾ ਕਿਸੇ ਨਾਲ ਮੰਦਾ ਵਰਤਦੀ ਆ।

– ਊਂ ਕਹੀ ਭਾਵੇਂ ਕੋਈ ਕੁਛ ਵੀ ਜਾਵੇ, ਹੈ ਮਾਈ ਸੁੱਤੇ ਉੱਠਦਿਆਂ ਨਾਂ ਲੈਣ ਵਾਲੀ।

– ਬਈ ਸ਼ਾਬਾਸ਼ੇ ਪਿੰਦਰ ਦੇ, ਜਿਹੜੀ ਸੱਸ ਨੂੰ ਮਾਂ ਆਂਗੂੰ ਰੱਖਦੀ ਐ। ਮਹਿੰਦੀਪੁਰ ਆਲਿਆਂ ਦੀ ਮਿੰਦੋ ਨੇ ਬੁੜ੍ਹੀ ਬੇਸਮੈਂਟ ਵਿਚ ਹੁਬੜ ਰੱਖੀ; ਤਿੰਨਾਂ ਚਹੁੰ ਸਾਲਾਂ ਮਗਰੋਂ ਬੱਸ ਜੀ, ਹੱਡੀਆਂ ਈ ਬਾਹਰ ਆਈਆਂ ਬੁੜ੍ਹੀ ਦੀਆਂ।

– ਇਕ ਮਿੰਦੋ ਕੀ, ਇੱਥੇ ਕਈ ਮਿੰਦੋਆਂ ਅਕਲ ਦਾੜ੍ਹਾਂ ਕਢਵਾਈ ਫਿਰਦੀਆਂ ਐਂ। ਦਾਲ਼ ਆਟੇ ਦੇ ਭਾ ਦਾ ਪਤਾ ਲੱਗੂ ਉਦੋਂ, ਜਦੋਂ ਬੀਜੀਆਂ ਕਿੱਕਰਾਂ ਦੇ ਕੰਡੇ ਚੁਗਣੇ ਪੈ ਗਏ।

– ਦੇਸੀ ਖੋਤੀਆਂ ਭਾਈ ਇਸ ਮੁਲਕ ਵਿਚ ਖੁਰਾਸਾਨੀ ਦੁਲੱਤੇ ਮਾਰਨ ਲੱਗ ਪਈਆਂ। ਇਨ੍ਹਾਂ ਖੁੱਟੜੀਆਂ ਨੂੰ ਕੋਈ ਪੁੱਛੇ ਬਈ ਜੇ ਅੱਜ ਤੁਸੀਂ ਆਪਣੇ ਬਜ਼ੁਰਗਾਂ ਨੂੰ ਨਹੀਂ ਸੰਭਾਲੋਂਗੀਆਂ ਤਾਂ ਭਲਕ ਨੂੰ ਤੁਹਾਡੇ ਬੱਚੇ ਤੁਹਾਨੂੰ ਸੰਭਾਲਣ ਲੱਗੇ ਆ?

ਪਿੰਦਰ ਹੂੰ ਹਾਂ ਕਰਦੀ ਰਹੀ। ਜਦੋਂ ਗੁਆਂਢਣਾਂ ਉੱਠ ਕੇ ਚਲੀਆਂ ਗਈਆਂ ਅਤੇ ਪਿੰਦਰ ਕਮਰੇ ਵਿਚ ਇਕੱਲੀ ਰਹਿ ਗਈ ਤਾਂ ਉਹ ਅਜੀਬ ਜਿਹੀ ਘੁੰਮਣਘੇਰੀ ਵਿਚ ਘਿਰ ਗਈ। ਕੱਲ੍ਹ ਰਾਤ ਬੇ ਜੀ ਨਾਲ ਹੋਈਆਂ ਗੱਲਾਂ ਦੀ ਫਿਰਕੀ ਉਸਦੇ ਸਿਰ ਵਿਚ ਘਰਰ-ਘਰਰ ਕਰਨ ਲੱਗ ਪਈ। ਬੇਸਮੈਂਟ ਦੀਆਂ ਪੌੜੀਆਂ ਚੜ੍ਹ ਕੇ ਆਈ ਬੇ ਜੀ ਨੇ ਪਿੰਦਰ ਨੂੰ ਬੜੇ ਲਾਡ ਨਾਲ ਆਖਿਆ ਸੀ : “ਪਿੰਦਰ ਪੁੱਤ! ਕੱਲ੍ਹ ਨੂੰ ਕੰਮ ਤੋਂ ਔਂਦੀ ਹੋਈ ਸਟੋਰ ਤੋਂ ਕੁਛ ਫੜੀ ਆਮੀਂ। ਪਤਾ ਨਈਂ ਹੇਠਾਂ ਠੰਢ ਬਹੁਤੀ ਹੋਣ ਕਰਕੇ, ਪਤਾ ਨਈਂ ਪੌੜੀਆਂ ਚੜ੍ਹਨ ਉਤਰਨ ਕਰਕੇ, ਮੇਰੇ ਗੋਡੇ ਬਹੁਤ ਚੀਕਣ ਲੱਗ ਪਏ ਐ।”

ਪਿੰਦਰ ਝਈ ਲੈ ਕੇ ਪੈ ਗਈ ਸੀ, “ਮਾਈ, ਇਹ ਗੋਡੇ ਤੇਰੇ ਨਾ ਠੰਢ ਕਰਕੇ ਚੀਕਦੇ ਐ, ਨਾ ਪੌੜੀਆਂ ਕਰਕੇ, ਅਤੇ ਨਾ ਹੀ ਕਿਸੇ ਬਿਮਾਰੀ ਕਰਕੇ; ਇਹ ਚੀਕਦੇ ਐ ਤੇਰੀ ਉਮਰ ਕਰਕੇ। ਤੂੰ ਗੁਰਦੁਆਰੇ ਜਾਨੀਂ ਐਂ, ਉੱਥੇ ਅਰਦਾਸ ਕਰਾਵੀਂ ਭਾਈ ਕੋਲੋਂ। ਸ਼ੈਦ ਵਾਹਿਗੁਰੂ ਤੇਰੀ ਸੁਣ ਲਵੇ।”

“ਵਾਹਗੁਰੂ ਤਾਂ ਮੇਰੀਆਂ ਸਾਰੀਆਂ ਸੁਣਦਾ ਐ ਪੁੱਤ! ਕਿਹੜੀ ਗੱਲ ਦਾ ਘਾਟਾ ਐ ਮੈਨੂੰ? ਨੂੰਹਾਂ, ਪੁੱਤ, ਪੋਤੇ, ਪੋਤੀਆਂ … ਕੀ ਲਕੋਇਆ ਐ ਵਾਹਗੁਰੂ ਨੇ ਮੈਥੋਂ?”

“ਮਾਈ, ਅੱਖਾਂ ਖੋਲ੍ਹ! ਆਸੇ ਪਾਸੇ ਝਾਤੀ ਮਾਰ। ਦੇਖ, ਹੈ ਤੇਰੀ ਉਮਰ ਦੀ ਕੋਈ ਬੁੜ੍ਹੀ ਕਿਸੇ ਘਰ ਵਿਚ ਹੱਡ ਰਗੜਾਉਂਦੀ ਦਿਸਦੀ?”

ਬੇ ਜੀ ਦੇ ਕਾਲਜੇ ਦਾ ਰੁੱਗ ਭਰਿਆ ਗਿਆ, ਪਰ ਉਹਨੇ ਸੀ ਨਹੀਂ ਕੀਤੀ।

ਪਿੰਦਰ ਨੂੰ ਭੁਚੱਕਾ ਜਿਹਾ ਲੱਗਿਆ, ਜਿਵੇਂ ਬੇ ਜੀ ਨੇ ਆਖਿਆ ਹੋਵੇ, “ਰੱਬ ਦੀਏ ਬੰਦੀਏ! ਮੇਰੇ ਨਾਲ ਕੀਤੀਆਂ ਤੇਰੇ ਅੱਗੇ ਔਣਗੀਆਂ।” ਉਹਨੇ ਪੁੱਛਿਆ, “ਮਾਈ, ਕੀ ਕਿਹਾ?”

“ਕੁਛ ਨਈਂ ਪੁੱਤ! ਮੈਂ ਤਾਂ ਕੁਛ ਨਈਂ ਕਿਹਾ।” ਬੇ ਜੀ ਨੇ ਜਵਾਬ ਦਿੱਤਾ ਸੀ ਅਤੇ ਫਿਰ ਕੰਧ ਨਾਲ ਲੱਗੇ ਡੰਡੇ ਨੂੰ ਹੱਥ ਪਾ ਕੇ ਹੌਲੀ ਹੌਲੀ ਪੌੜੀਆਂ ਉੱਤਰ ਗਈ ਸੀ।

ਪਰ ਇਨ੍ਹਾਂ ਬੋਲਾਂ ਨੇ ਕੱਲ੍ਹ ਸਾਰੀ ਰਾਤ ਪਿੰਦਰ ਦਾ ਖਹਿੜਾ ਨਹੀਂ ਛੱਡਿਆ। ਅੱਜ ਸਾਰਾ ਦਿਨ ਵੀ ਉਹ ਇਸੇ ਉਧੇੜ-ਬੁਣ ਵਿਚ ਉਲਝੀ ਰਹੀ। ਉਹਦੇ ਅੰਦਰੋਂ ਅਵਾਜ਼ ਉੱਭਰੀ, “ਕੁੜੇ ਪਿੰਦਰ ਤੱਤੜੀਏ! ਤੈਨੂੰ ਹਰ ਵੇਲੇ ਲੂਹਣੀ ਜਿਹੀ ਕਿਉਂ ਲੱਗੀ ਰਹਿੰਦੀ ਐ? ਕਿਉਂ ਚੰਡਾਲ ਚੜ੍ਹਿਆ ਰਹਿੰਦਾ ਐ ਤੈਨੂੰ ਅੱਠੋ ਪਹਿਰ? ਤੇਰੇ ਨਿਆਣੇ ਪਲ਼ ਗਏ ਐ; ਇਹਦਾ ਮਤਲਬ ਇਹ ਤਾਂ ਨਹੀਂ ਬਈ ਤੂੰ ਹੁਣ ਬੁਢੜੀ ਦੀ ਜਾਨ ਦਾ ਖੌ ਬਣ ਜਾਵੇਂ। ਜੇ ਹੱਥਾਂ ਨਾਲ ਦਿੱਤੀਆਂ ਦੰਦਾਂ ਨਾਲ ਖੋਲ੍ਹਣੀਆਂ ਪੈ ਗਈਆਂ, ਫੇਰ?”

ਪਿੰਦਰ ਨੂੰ ਝੁਣਝੁਣੀ ਆ ਗਈ। ਉਹਦਾ ਸਾਹ ਸੁੱਕਣ ਲੱਗਾ। ਉੱਠ ਕੇ ਉਹਨੇ ਪਾਣੀ ਦਾ ਗਲਾਸ ਪੀਤਾ ਅਤੇ ਬੈੱਡਰੂਮ ਵਿਚ ਜਾ ਕੇ ਬਿਸਤਰੇ ਉੱਤੇ ਲੇਟ ਗਈ। ਆਪਣੇ ਸੁਭਾ ਵਿਚ ਆਏ ਚਿੜਚਿੜੇਪਨ ਦਾ ਲੇਖਾ-ਜੋਖਾ ਕਰਨ ਲੱਗ ਪਈ। ਕਿੰਨਾ ਹੀ ਚਿਰ ਜਮ੍ਹਾਂ-ਜੋੜ ਵਿਚ ਉਲਝੀ ਰਹੀ। ਮੈਟਰਸ ਦੀਆਂ ਸਿਉਣਾਂ ਪਿੱਠ ਵਿਚ ਚੁੱਭਣ ਲੱਗੀਆਂ ਤਾਂ ਉਸ ਨੂੰ ਅਹਿਸਾਸ ਹੋਇਆ ਕਿ ਉਸਦਾ ਬਿਸਤਰਾ ਤਾਂ ਉੱਥੇ ਹੈ ਹੀ ਨਹੀਂ ਸੀ। ਨਵੇਂ ਨਵੇਂ ਚੋਜ, ਨਵੇਂ ਨਵੇਂ ਚੋਚਲੇ ਕਰਨ ਗਿੱਝੇ ਬੱਚੇ ਘਰ ਦੇ ਹੋਰ ਸਮਾਨ ਦੀ ਧੂ ਘਸੀਟ ਤਾਂ ਕਰਦੇ ਹੀ ਰਹਿੰਦੇ ਸਨ ਪਰ ਪਿੰਦਰ ਦੇ ਬਿਸਤਰੇ ਦੀ ਵਰਤੋਂ ਉਨ੍ਹਾਂ ਨੇ ਅੱਜ ਪਹਿਲੀ ਵਾਰ ਕੀਤੀ ਸੀ। ਪਿੰਦਰ ਨੇ ਬੱਚਿਆਂ ਨੂੰ ਅਵਾਜ਼ ਮਾਰੀ। ਕੋਈ ਹੁੰਗਾਰਾ ਨਾ ਮਿਲਿਆ ਤਾਂ ਉੱਠ ਕੇ ਉਨ੍ਹਾਂ ਦੇ ਕਮਰਿਆਂ ਵਿਚ ਦੇਖਣ ਚਲੀ ਗਈ। ਬੱਚੇ ਉੱਥੇ ਵੀ ਨਹੀਂ ਸਨ। ਬੇਸਮੈਂਟ ਦੀਆਂ ਪੌੜੀਆਂ ਲਾਗੇ ਗਈ ਤਾਂ ਉਸ ਨੂੰ ਹੇਠਾਂ ਘੁਸਰ ਮੁਸਰ ਹੁੰਦੀ ਸੁਣਾਈ ਦਿੱਤੀ। ਹੰਭੀ ਹਾਰੀ ਜਿਹੀ ਉਹ ਡੰਡਾ ਫੜ ਕੇ ਪੌੜੀਆਂ ਉੱਤਰ ਗਈ। ਆਪਣਾ ਬਿਸਤਰਾ ਬੇ ਜੀ ਦੀ ਬੈੱਡ ਉੱਤੇ ਵਿਛਿਆ ਹੋਇਆ ਦੇਖ ਕੇ ਉਸਦਾ ਸਿਰ ਭੰਬੀਰੀ ਵਾਂਗ ਘੁੰਮਣ ਲੱਗ ਪਿਆ। ਉਸ ਨੂੰ ਹੇਠਾਂ ਆਈ ਦੇਖ ਕੇ ਰਿੰਪੀ ਬੇ ਜੀ ਵਾਲੀ ਸੋਟੀ ਹੱਥ ਵਿਚ ਫੜ ਕੇ, ਬੇ ਜੀ ਵਾਂਗ ਕੁੱਬੀ ਜਿਹੀ ਹੋ ਕੇ ਖੜ੍ਹ ਗਈ ਅਤੇ ਬੇ ਜੀ ਵਾਂਗ ਹੀ ਰੁਕ ਰੁਕ ਕੇ ਬੋਲੀ, “ਵੇ … ਵੇ ਇਹ ਤੈਂ ਕੀ ਕੀਤਾ?”

ਟੋਨੀ ਨੇ ਆਪਣੇ ਡੈਡੀ ਵਾਲੇ ਰੰਗ-ਢੰਗ ਵਿਚ ਉੱਤਰ ਦਿੱਤਾ, “ਮਾਈ, ਤੇਰਾ ਬੈੱਡਰੂਮ ਹੁਣ ਇਹੋ ਐ। ਮੇਰੇ ਬੱਚੇ ਹੁਣ ਵੱਡੇ ਹੋ ਗਏ ਐ। ਉਨ੍ਹਾਂ ਨੂੰ ਆਪਣੇ ਆਪਣੇ ਕਮਰੇ ਚਾਹੀਦੇ ਐ।”

“ਨਹੀਂ! ਨਹੀਂ!! ਨਹੀਂ!!!” ਪਿੰਦਰ ਚੀਕ ਪਈ। ਉਸ ਤੋਂ ਇਹ ਦ੍ਰਿਸ਼ ਦੇਖਿਆ ਨਾ ਗਿਆ।

ਉਸ ਨੂੰ ਰੋਣਹਾਕੀ ਹੋਈ ਦੇਖ ਕੇ ਬੱਚੇ ਬੋਲੇ, “ਮੰਮ, ਅਸੀਂ ਤਾਂ ਤੈਨੂੰ ਹੈਪੀ ਕਰਨ ਲਈ ਇਹ ਕੁਛ ਕਰ ਰਹੇ ਸੀ, ਤੂੰ ਅਪਸੈੱਟ ਹੋ ਗਈ?”

ਪਿੰਦਰ ਬੁੜਬੁੜਾਉਣ ਲੱਗ ਪਈ। ਜਿਹੜੀ ਗੱਲ ਦੇ ਸੰਸੇ ਨੇ ਕੱਲ੍ਹ ਰਾਤ ਤੋਂ ਉਸ ਨੂੰ ਉਪਰਾਮ ਕੀਤਾ ਹੋਇਆ ਸੀ, ਉਹੀ ਕੁਝ ਸਾਮਰਤੱਖ ਹੁੰਦਾ ਦੇਖ ਕੇ ਪਿੰਦਰ ਦੀਆਂ ਭੌਣੀਆਂ ਭੌਂ ਗਈਆਂ। ਮੱਥਾ ਫੜ ਕੇ ਉਹ ਬੈੱਡ ਉੱਤੇ ਬਹਿ ਗਈ।

ਬਾਹਰ ਵਾਲਾ ਦਰਵਾਜਾ ਖੁੱਲ੍ਹਣ ਦੀ ਬਿੜਕ ਸੁਣ ਕੇ ਉਸਦੀ ਬਿਰਤੀ ਉੱਖੜ ਗਈ। ਸੋਚਾਂ ਦੇ ਤਾਣੇ ਬਾਣੇ ਵਿੱਚੋਂ ਨਿਕਲੀ ਤਾਂ ਅਹਿਸਾਸ ਹੋਇਆ ਕਿ ਕੁਲਦੀਪ ਹਸਪਤਾਲ ਤੋਂ ਪਰਤ ਆਇਆ ਸੀ। ਹਿੰਮਤ ਜੁਟਾ ਕੇ ਉਹ ਹੌਲੀ ਹੌਲੀ ਪੌੜੀਆਂ ਚੜ੍ਹ ਗਈ। ਕੁਲਦੀਪ ਨੂੰ ਪੁੱਛਣ ਲੱਗੀ, “ਕਿੱਦਾਂ ਐ ਬੇ ਜੀ ਹੁਣ?”

“ਊਂ ਤਾਂ ਠੀਕ ਐ,” ਕੁਲਦੀਪ ਦੱਸਣ ਲੱਗਾ, “ਪਰ ਅਜੇ ਚੰਗੀ ਤਰ੍ਹਾਂ ਬੋਲਦੀ ਨਹੀਂ। ਨਾ ਹੀ ਕੁਛ ਖਾਂਦੀ ਪੀਂਦੀ ਐ। ਅੱਖਾਂ ਝਮਕਦੀ ਐ, ਹੌਲੀ ਹੌਲੀ। ਗੁਲੂਕੋਸ ਲੱਗਾ ਐ। ਮੈਂ ਰਾਤ ਉਹਦੇ ਕੋਲ ਰਹਿਣ ਲਈ ਪੁੱਛਿਆ ਸੀ, ਮੰਨ ਗਏ ਐ।”

“ਜੇ ਬੱਚਿਆਂ ਕੋਲ ਤੁਸੀਂ ਰਹਿ ਲਵੋਂ ਤਾਂ ਬੇ ਜੀ ਕੋਲ ਮੈਂ ਚਲੀ ਜਾਵਾਂ …।” ਪਿੰਦਰ ਬੋਲੀ।

“ਜਿਵੇਂ ਤੇਰੀ ਮਰਜ਼ੀ।” ਕੁਲਦੀਪ ਨੇ ਉੱਤਰ ਦਿੱਤਾ।

ਝਟਪਟ ਰੋਟੀ ਟੁੱਕ ਦਾ ਕੰਮ ਮੁਕਾ ਕੇ ਪਿੰਦਰ ਹਸਪਤਾਲ ਪਹੁੰਚ ਗਈ। ਬੇ ਜੀ ਦੇ ਕਮਰੇ ਵਿਚ ਪਹੁੰਚੀ ਤਾਂ ਉਹਨੇ ਦੇਖਿਆ ਕਿ ਇਸ ਵੇਲੇ ਬੇ ਜੀ ਦਾ ਸੰਘ ਬਹੁਤ ਸੁੱਕ ਰਿਹਾ ਸੀ। ਨਰਸ ਥੋੜ੍ਹੀ ਥੋੜ੍ਹੀ ਦੇਰ ਬਾਅਦ ਆਉਂਦੀ, ਇਕ ਦੋ ਘੁੱਟ ਜੂਸ ਦੇ ਪਿਲਾ ਜਾਂਦੀ। ਫਿਰ ਇਹ ਡਿਊਟੀ ਪਿੰਦਰ ਨੇ ਸੰਭਾਲ ਲਈ। ਹੌਲੀ ਹੌਲੀ ਬੇ ਜੀ ਦੇ ਚਿਹਰੇ ਉੱਤੇ ਰੌਣਕ ਪਰਤਣ ਲੱਗ ਪਈ, ਜਿਵੇਂ ਨੂੰਹ ਦੀ ਆਮਦ ਨੇ ਕੋਈ ਕ੍ਰਿਸ਼ਮਾ ਕਰ ਦਿੱਤਾ ਹੋਵੇ।

ਪਿੰਦਰ ਕਿੰਨਾ ਹੀ ਚਿਰ ਗੀਟੀਆਂ ਗਿਣਦੀ ਰਹੀ, ਤੇ ਅਖੀਰ ਬੇ ਜੀ ਦੇ ਕੰਨ ਕੋਲ ਮੂੰਹ ਕਰ ਕੇ ਪੁੱਛਣ ਲੱਗੀ, “ਬੇ ਜੀ, ਕੱਲ੍ਹ ਤੁਹਾਨੂੰ ਮੈਂ ਇੰਨਾ ਅਬਾ ਤਬਾ ਬੋਲਿਆ, ਤੁਸੀਂ ਮੈਨੂੰ ਕੁਛ ਕਿਹਾ ਕਿਉਂ ਨਹੀਂ?”

“ਪੁੱਤ! … ਕਾਲਜੇ ਵਿੱਚੋਂ ਹੂਕ … ਤਾਂ ਉੱਠੀ ਸੀ।” ਉੱਖੜੇ ਜਿਹੇ ਸਾਹ ਲੈਂਦੀ ਹੋਈ ਬੇ ਜੀ ਆਖਣ ਲੱਗੀ, “ਪਰ ਮੈਂ ਹਲ਼ਕ ਤੋਂ ਹੇਠਾਂ ਈ … ਨੱਪ ਲਈ।”

“ਉਹ ਕਿਉਂ ਬੇ ਜੀ?”

“ਐਂ ਹੁੰਦੀ ਐ ਪੁੱਤ … ਪਈ ਜਦੋਂ ਦੁਖੀ ਬੰਦੇ ਦੇ ਮੂੰਹੋਂ … ਕੋਈ ਭਾਖਿਆ ਨਿਕਲ ਜਾਵੇ … ਉਹ ਪੂਰੀ ਹੋ ਕੇ ਰਹਿੰਦੀ ਐ … ਮੈਂ ਆਪਣੇ ਜਿਗਰ ਦੇ ਟੁਕੜਿਆਂ ਨੂੰ … ਰੁਲ਼ਦੇ ਨਈਂ ਸੀ ਦੇਖ ਸਕਦੀ।”

“ਬੇ ਜੀ!” ਡੂੰਘਾ ਜਿਹਾ ਸਾਹ ਲੈ ਕੇ ਪਿੰਦਰ ਆਖਣ ਲੱਗੀ, “ਤੁਹਾਡੇ ਕਾਲਜੇ ਵਿੱਚੋਂ ਉੱਠੀ ਹੂਕ ਮੈਨੂੰ ਸੁਣ ਗਈ ਸੀ। ਉਸ ਹੂਕ ਨੇ ਮੇਰੀਆਂ ਅੱਖਾਂ ਉੱਤੋਂ ‘ਮੈਂ ਮੇਰਾ ਘਰ ਮੇਰੇ ਬੱਚੇ’ ਵਾਲੀ ਪੱਟੀ ਲਾਹ ਦਿੱਤੀ ਐ। ਹੁਣ ਜਦੋਂ ਆਪਾਂ ਘਰ ਜਾਵਾਂਗੇ, ਉੱਥੇ ‘ਅਸੀਂ ਸਾਡਾ ਘਰ ਅਤੇ ਸਾਡੇ ਬੱਚੇ’ ਹੋਣਗੇ।”

ਹੁਲਾਸ ਵਿਚ ਆਈ ਬੇ ਜੀ ਨੇ ਆਪਣਾ ਹੱਥ ਹੌਲ਼ੀ-ਹੌਲ਼ੀ ਉਤਾਂਹ ਚੁੱਕਿਆ ਅਤੇ ਪਿੰਦਰ ਦੇ ਸਿਰ ਉੱਤੇ ਰੱਖ ਦਿੱਤਾ।

*****

ਟਿੱਪਣੀ : ਇਹ ਰਚਨਾ ‘‘ਲਿਖਾਰੀ’ ਵੈਬਸਾਈਟ ਦੀਆਂ ਪੁਰਾਣੀਆਂ ਫਾਈਲਾਂ ਤੋਂ ਚੁੱਕ ਕੇ ਲੋੜੀਂਦੀ ਤਬਦੀਲੀ ਕਰਨ ਉਪਰੰਤ ’ਲਿਖਾਰੀ.ਨੈੱਟ ‘ਤੇ ਲਗਾਉਣ ਦੀ ਖੁਸ਼ੀ ਲੈ ਰਹੇ ਹਾਂ।—ਲਿਖਾਰੀ

(ਪਹਿਲੀ ਵਾਰ ਛਪਿਆ 13 ਜਨਵਰੀ 2006)
(ਦੂਜੀ ਵਾਰ 27 ਸਤੰਬਰ 2021)

***
394
***