15 October 2024

ਸਵੈ-ਕਥਨ: ਅਧਿਆਪਕ ਤਾਂ ਮਲਾਹ ਹੁੰਦਾ ਏ..!—ਗੁਰਦੀਸ਼ ਕੌਰ ਗਰੇਵਾਲ

ਅਸੀਂ ਜੋ ਕੁੱਝ ਵੀ ਹਾਂ- ਆਪਣੇ ਅਧਿਆਪਕਾਂ ਦੀ ਬਦੌਲਤ ਹਾਂ ਜੀ
ਸੋ ਆਪ ਸਭ ਨੂੰ ਅਧਿਆਪਕ ਦਿਵਸ ਦੀ ਲੱਖ ਲੱਖ ਵਧਾਈ ਹੋਵੇ ਜੀ
– ਗੁਰਦੀਸ਼ ਕੌਰ ਗਰੇਵਾਲ, ਕੈਲਗਰੀ ਕੈਨੇਡਾ
***
ਹਰ ਬੱਚੇ ਦਾ ਪਹਿਲਾ ਅਧਿਆਪਕ ਉਸ ਦੀ ਮਾਂ ਹੁੰਦੀ ਹੈ। ਮਾਂ ਦੀਆਂ ਲੋਰੀਆਂ ਤੋਂ ਹੀ ਬੱਚੇ ਨੂੰ ਮਾਂ ਬੋਲੀ ਦਾ ਗਿਆਨ ਹੁੰਦਾ ਹੈ। ਮਾਂ ਉਸ ਨੂੰ ਚੰਗੇ ਸੰਸਕਾਰ ਦੇਣ ਦੀ ਕੋਸ਼ਿਸ਼ ਕਰਦੀ ਹੈ। ਪੰਜ ਛੇ ਸਾਲ ਦੀ ਉਮਰ ਵਿੱਚ ਜਦੋਂ ਉਹ ਸਕੂਲ ਵਿਦਿਆ ਹਾਸਲ ਕਰਨ ਜਾਂਦਾ ਹੈ ਤਾਂ ਉਸ ਨੂੰ ਅਧਿਆਪਕ ਲਿਖਣਾ ਪੜ੍ਹਨਾ ਸਿਖਾਉਂਦਾ ਹੈ। ਜਿਉਂ ਜਿਉਂ ਵੱਡਾ ਹੁੰਦਾ ਹੈ ਤਾਂ ਉਸ ਦਾ ਵੱਖ ਵੱਖ ਵਿਸ਼ੇ ਦੇ ਅਧਿਆਪਕਾਂ ਨਾਲ ਵਾਹ ਪੈਂਦਾ ਹੈ| ਵੈਸੇ ਤਾਂ ਸਾਰੇ ਅਧਿਆਪਕ ਹੀ ਸਤਿਕਾਰਯੋਗ ਹੁੰਦੇ ਹਨ- ਪਰ ਕੁੱਝ ਇੱਕ ਅਧਿਆਪਕ ਵਿਦਿਆਰਥੀ ਦੇ ਮਨ ਤੇ ਅਮਿੱਟ ਛਾਪ ਛੱਡ ਜਾਂਦੇ ਹਨ- ਜਿਹਨਾਂ ਨੂੰ ਉਹ ਸਾਰੀ ਜਿੰਦਗੀ ਨਹੀ ਭੁਲਾ ਸਕਦੇ| ਵੈਸੇ ਤਾਂ ਇਨਸਾਨ ਸਾਰੀ ਜ਼ਿੰਦਗੀ ਹੀ ਕਿਸੇ ਨਾ ਕਿਸੇ ਉਸਤਾਦ ਕੋਲੋਂ ਕੋਈ ਨਾ ਕੋਈ ਹੁਨਰ ਸਿੱਖਦਾ ਰਹਿੰਦਾ ਹੈ। ਪਰ ਅੱਜ ਮੈਂ ਕੇਵਲ ਵਿਦਿਆ (ਐਜੂਕੇਸ਼ਨ) ਦੇਣ ਵਾਲੇ ਅਧਿਆਪਕਾਂ ਦਾ ਹੀ ਜ਼ਿਕਰ ਕਰਾਂਗੀ।

ਸਾਥੀਓ- ਦੁਨੀਆਂ ਤੇ ਕੇਵਲ ਦੋ ਹੀ ਸ਼ਖਸ ਹਨ- ਜੋ ਆਪਣੇ ਤੋਂ ਵੱਧ ਬੁਲੰਦੀ ਤੇ ਪਹੁੰਚਣ ਵਾਲੇ ਬੱਚੇ ਦੀ ਦਿਲੋਂ ਖੁਸ਼ੀ ਮਨਾਉਂਦੇ ਹੋਏ, ਮਾਣ ਮਹਿਸੂਸ ਕਰਦੇ ਹਨ- ਤੇ ਉਹ ਹਨ ਸਾਡੇ ਮਾਪੇ ਤੇ ਅਧਿਆਪਕ। ਬਾਕੀ ਸਾਰੀ ਦੁਨੀਆਂ ਤਾਂ ਸਾੜੇ ਦੀ ਮਾਰੀ ਹੁੰਦੀ ਹੈ। ਮੈਂ ਆਪਣੇ ਨਿੱਜੀ ਅਨੁਭਵ ਵਿੱਚੋਂ- ਕੇਵਲ ਦੋ ਤਿੰਨ ਵਾਕਿਆ ਆਪ ਜੀ ਨਾਲ ਸਾਂਝੇ ਕਰਨੇ ਚਾਹਾਂਗੀ।

ਮੇਰੇ ਪਿੰਡ ਦੇ ਪ੍ਰਾਇਮਰੀ ਸਕੂਲ ਵਿੱਚ, ਜਿਸ ਅਧਿਆਪਕ ਨੇ ਮੈਂਨੂੰ ਹੱਥ ਫੜ ਕੇ ਪੈਂਤੀ ਲਿਖਣੀ ਸਿਖਾਈ- ਤੇ ਬਹੁਤ ਹੀ ਪਿਆਰ ਨਾਲ ਮਾਂ ਬੋਲੀ ਦੇ ਪਿਆਰੇ ਪਿਆਰੇ ਸੁੰਦਰ ਅੱਖਰਾਂ ਨਾਲ ਮੇਰੀ ਜਾਣ ਪਛਾਣ ਕਰਾਈ- ਮੈਂ ਉਸ ਅਧਿਆਪਕ ਨੂੰ ਅੱਜ ਤੱਕ ਨਹੀਂ ਭੁਲਾ ਸਕੀ। ਪ੍ਰਾਇਮਰੀ ਤੋਂ ਬਾਅਦ ਸ਼ਹਿਰ ਦੇ ਹਾਈ ਸਕੂਲ, ਤੇ ਫਿਰ ਕਾਲਜ ਦੀ ਪੜ੍ਹਾਈ ਪੂਰੀ ਕਰ, ਆਪ ਅਧਿਆਪਿਕਾ ਬਣ ਗਈ। ਵਿਆਹ ਹੋਇਆ ਤਾਂ ਪੰਜਾਬ ਦੇ ਮਹਾਂ ਨਗਰ ਦੀ ਵਸਨੀਕ ਬਣ ਗਈ- ਤੇ ਫਿਰ ਜ਼ਿੰਦਗੀ ਦੀ ਘੁੰਮਣ ਘੇਰੀ ਵਿੱਚ ਫਿਰਦੀ ਹੋਈ ਰਿਟਾਇਰਮੈਂਟ ਤੋਂ ਬਾਅਦ ਕੈਨੇਡਾ ਆ ਵਸੀ- ਲੇਖਿਕਾ ਵੀ ਬਣ ਗਈ- ਪਰ ਪ੍ਰਾਇਮਰੀ ਤੋਂ ਬਾਅਦ ਉਸ ਸਤਿਕਾਰਯੋਗ ਅਧਿਆਪਕ ਦੇ ਪੰਜਾਹ ਸਾਲ ਦੀਦਾਰ ਨਾ ਕਰ ਸਕੀ। ਕੁੱਝ ਅਰਸਾ ਪਹਿਲਾਂ, ਵੈਨਕੂਵਰ ਵਿਖੇ ਮਾਸਟਰ ਜੀ ਦੇ ਪਿੰਡ ਦੇ ਕਿਸੇ ਸ਼ਖਸ ਨੇ ਜਦ ਦੱਸਿਆ ਕਿ- ਉਹ ਟੋਰੰਟੋ ਵਿਖੇ ਆਪਣੇ ਬੇਟੇ ਕੋਲ ਰਹਿ ਰਹੇ ਹਨ ਤਾਂ ਮੇਰੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ। ਮੈਂ ਉਸ ਕੋਲੋਂ ਉਹਨਾਂ ਦਾ ਕੰਟੈਕਟ ਲਿਆ ਤੇ ਟੋਰੰਟੋ ਆਪਣੀ ਬੇਟੀ ਕੋਲ ਆ ਗਈ। ਉਦੋਂ ਤੱਕ ਮੇਰੀਆਂ 3 ਪੁਸਤਕਾਂ ਛਪ ਚੁੱਕੀਆਂ ਸਨ। ਮੈਂ ਬੇਟੀ ਨੂੰ ਨਾਲ ਲੈ ਕੇ, ਉਹਨਾਂ ਨੂੰ ਮਿਲਣ ਗਈ। ਭਾਵੇਂ ਉਹ ਉਦੋਂ ਉਮਰ ਦੇ ਅੱਠਵੇਂ ਦਹਾਕੇ ਵਿੱਚ ਪਹੁੰਚ ਚੁੱਕੇ ਸਨ ਤੇ ਗੋਡਿਆਂ ਦੀ ਤਕਲੀਫ ਦੇ ਨਾਲ ਹੋਰ ਵੀ ਕਈ ਅਲਾਮਤਾਂ ਨਾਲ ਪੀੜਿਤ ਸਨ- ਪਰ ਮੈਂਨੂੰ ਮਿਲ ਕੇ ਉਹਨਾਂ ਦੇ ਚੇਹਰੇ ਤੇ ਜੋ ਚਮਕ ਤੇ ਖੁਸ਼ੀ ਆਈ, ਉਸ ਦਾ ਸ਼ਬਦਾਂ ਚ ਬਿਆਨ ਕਰਨਾ ਮੁਸ਼ਕਿਲ ਹੈ| ਉਹਨਾਂ ਆਪਣੇ ਕਾਲਜ ਪੜ੍ਹਦੇ ਪੋਤੇ ਪੋਤੀਆਂ ਨੂੰ ਬੁਲਾ ਕੇ, ਮੇਰੇ ਵਲੋਂ ਭੇਟ ਕੀਤੀਆਂ ਮੇਰੀਆਂ ਪੁਸਤਕਾਂ, ਤੇ ਹੋਰ ਤੋਹਫੇ ਦਿਖਾਉਂਦਿਆਂ ਹੋਇਆਂ ਦੱਸਿਆ ਕਿ-

“ਇਹ ਮੇਰੀ ਹੋਣਹਾਰ ਵਿਦਿਆਰਥਣ ਹੁੰਦੀ ਸੀ- ਜੋ ਹਮੇਸ਼ਾ ਫਸਟ ਆਉਂਦੀ ਸੀ- ਜਿਸ ਨੂੰ ਮੈਂ ਪੰਜਾਬੀ ਲਿਖਣੀ ਸਿਖਾਈ- ਤੇ ਅੱਜ ਇਹ ਖੁਦ ਕਿਤਾਬਾਂ ਲਿਖ ਰਹੀ ਹੈ- ਜੋ ਮੇਰੇ ਲਈ ਇੱਕ ਮਾਣ ਦੀ ਗੱਲ ਹੈ!” ਤੇ ਨਾਲ ਹੀ ਉਹਨਾਂ ਮੇਰੀ ਕਲਮ ਨੂੰ ਢੇਰ ਸਾਰੀਆਂ ਦੁਆਵਾਂ ਦਿੱਤੀਆਂ| ਮੈਂ ਵੀ ਉਹਨਾਂ ਦਾ ਅਸ਼ੀਰਵਾਦ ਪ੍ਰਾਪਤ ਕਰਕੇ, ਧੰਨ ਹੋ ਗਈ।

ਇਸੇ ਤਰ੍ਹਾਂ ਦਾ ਇਕ ਹੋਰ ਵਾਕਿਆ ਹੈ। ਮੈਂ ਉਹਨਾਂ ਦਿਨਾਂ ਵਿੱਚ ਇੰਡੀਆ ਗਈ ਹੋਈ ਸਾਂ। ਪੰਜਾਬੀ ਭਵਨ ਵਿੱਚ ਕਿਸੇ ਦਾ ਬੁੱਕ ਰਲੀਜ਼ ਸਮਾਗਮ ਸੀ। ਮੈਂ ਅਖਬਾਰ ‘ਚ ਸੱਦਾ ਪੱਤਰ ਪੜ੍ਹਿਆ ਤੇ ਚਲੀ ਗਈ। ਉਥੇ ਜਾ ਕੇ ਪਤਾ ਲੱਗਾ ਕਿ ਫਿਰੋਜ਼ਪੁਰ ਦੀ ਕੋਈ ਕੁੜੀ ਆਪਣੀਆਂ ਮਿੰਨੀ ਕਹਾਣੀਆਂ ਦੀ ਪੁਸਤਕ ਰਲੀਜ਼ ਕਰਾਉਣ ਲਈ ਲੁਧਿਆਣੇ ਆਈ ਹੈ। ਖੈਰ ਪੁਸਤਕ ਬਾਰੇ ਵਿਚਾਰ ਚਰਚਾ ਹੋਈ, ਮੈਂ ਪੁਸਤਕ ਖਰੀਦ ਲਈ ਤੇ ਸਮਾਗਮ ਦੇ ਅੰਤ ਤੇ ਉਸ ਲੇਖਿਕਾ ਨੂੰ ਵਧਾਈ ਦਿੱਤੀ। ਉਸ ਮੇਰੇ ਚੇਹਰੇ ਵੱਲ ਗਹੁ ਨਾਲ ਵੇਖਿਆ ਤੇ ਕਹਿਣ ਲੱਗੀ- “ਤੁਸੀਂ ਫਿਲੌਰ ਪੜ੍ਹਾਇਆ ਮੈਡਮ ?’

“ਹਾਂ ਬੇਟੇ..!” ਮੈਂ ਹੈਰਾਨੀ ‘ਚ ਉਤਰ ਦਿੱਤਾ।

“ਤੁਸੀਂ ਗੁਰਦੀਸ਼ ਮੈਡਮ ਹੋ ਨਾ..! ਮੈਂ ਤੁਹਾਡੇ ਕੋਲੋਂ ਮੈਥ ਪੜ੍ਹਦੀ ਰਹੀ ਹਾਂ..!” ਕਹਿ ਉਹ ਖੁਸ਼ੀ ਵਿੱਚ ਖੀਵੀ ਹੁੰਦੀ ਹੋਈ, ਮੇਰੇ ਨਾਲ ਚਿੰਬੜ ਗਈ। ਮੈਂ ਉਸ ਨੂੰ ਗਲਵੱਕੜੀ ‘ਚ ਲੈਂਦਿਆਂ ਹੋਇਆਂ, ਘੁੱਟ ਕੇ ਪਿਆਰ ਕੀਤਾ ਤੇ ਹਾਲ ਚਾਲ ਪੁੱਛਿਆ।

“ਮੈਂ ਐਮ.ਏ. ਬੀ. ਐਡ. ਕਰ ਲਈ ਸੀ ਮੈਡਮ..ਮੇਰਾ ਵਿਆਹ ਫਿਰੋਜ਼ਪੁਰ ਹੋ ਗਿਆ..ਇੱਕ ਬੇਟੀ ਵੀ ਹੈ!” ਉਹ ਇਕੋ ਸਾਹੇ ਹੀ ਸਾਰਾ ਕੁੱਝ ਦੱਸ ਗਈ।

“ਤੇ ਇਹ ਲਿਖਣ ਦੀ ਲਗਨ ਕਿਵੇਂ ਲੱਗੀ ਬੇਟੇ?”

“ਤੁਸੀਂ ਕਦੇ ਕਦੇ ਸਾਨੂੰ ਕੋਈ ਕਵਿਤਾ ਵੀ ਸੁਣਾ ਦਿੰਦੇ ਸੀ ਆਪਣੀ..ਸੋ ਮੈਂਨੂੰ ਵੀ ਤੁਹਾਥੋਂ ਹੀ ਪ੍ਰੇਰਨਾ ਮਿਲੀ ਤੇ ਮੈਂ ਕਾਲਜ ਪੜ੍ਹਦਿਆਂ ਮਿੰਨੀ ਕਹਾਣੀਆਂ ਲਿਖਣ ਲਗ ਗਈ!” ਸੁਣ ਕੇ ਮੇਰਾ ਸਿਰ ਮਾਣ ਨਾਲ ਹੋਰ ਉੱਚਾ ਹੋ ਗਿਆ।

ਅੱਜ ਜਦੋਂ ਦੇਸ਼ ਵਿਦੇਸ਼ ਦੇ ਅਖਬਾਰਾਂ, ਰਸਾਲਿਆਂ ਤੇ ਕਈ ਚੈਨਲਾਂ ਤੇ ਮਨਪ੍ਰੀਤ ਕੌਰ ਭਾਟੀਆ, ਐਮ. ਏ. ਬੀ. ਐਡ. ਫਿਰੋਜ਼ਪੁਰ ਸ਼ਹਿਰ – ਦੀਆਂ ਕਹਾਣੀਆਂ ਪੜ੍ਹਦੀ ਸੁਣਦੀ ਹਾਂ- ਤਾਂ ਉਸ ਦੀ ਕਲਮ ਦੀ ਦਾਦ ਦਿੰਦੀ ਹੋਈ, ਇੱਕ ਫਖ਼ਰ ਮਹਿਸੂਸ ਕਰਦੀ ਹਾਂ ਕਿ- “ਇਹ ਮੇਰੀ ਵਿਦਿਆਰਥਣ ਹੈ!”

ਇਸੇ ਤਰ੍ਹਾਂ ਮੇਰੀ ਇੱਕ ਹੋਰ ਵਿਦਿਆਰਥਣ ਇੱਕ ਵਾਰੀ ਗੁਰੂ ਘਰ ਮਿਲੀ- ਜੋ ਕੇਸਗੀ ਸਜਾਈ, ਆਪਣੇ ਅਮ੍ਰਿਤਧਾਰੀ ਸਹੁਰੇ ਪਰਿਵਾਰ ਨਾਲ ਕਿਸੇ ਸਮਾਗਮ ਤੇ ਆਈ ਸੀ| ਮੈ ਤਾਂ ਉਸ ਨੂੰ ਨਹੀ ਪਹਿਚਾਣ ਸਕੀ- ਪਰ ਉਸ ਨੇ ਵੀ ਮੈਨੂੰ ਪਹਿਚਾਣ ਲਿਆ ਤੇ ਕਹਿਣ ਲੱਗੀ-

“ਮੈਡਮ ..ਮੈ ਜਸਜੀਤ ..ਜਿਸ ਨੂੰ ਪਲੱਸ ਵਨ ਵਿਚ ਫਿਲੌਰ ਪੜ੍ਹਦਿਆਂ ਤੁਸੀਂ ਤੇ ਹੋਮ ਸਾਇੰਸ ਵਾਲੇ ਮੈਡਮ ਨੇ ਭਾਸ਼ਣ ਤਿਆਰ ਕਰਵਾਇਆ ਸੀ ..ਤੇ ਜਦੋਂ ਮੈ ਤਹਿਸੀਲ ਤੇ ਜ਼ਿਲੇ ਵਿਚੋਂ ਫਸਟ ਰਹੀ.. ਤਾਂ ਤੁਸੀਂ ਆਪਣੀ ਕਾਰ ਵਿਚ, ਆਪਣੇ ਹਸਬੈਂਡ ਨੂੰ ਨਾਲ ਲੈ ਕੇ, ਮੈਨੂੰ ਚੰਡੀਗੜ ਲੈ ਕੇ ਗਏ ਸੀ ..ਸਟੇਟ ਲੈਵਲ ਤੇ ਭਾਗ ਲੈਣ ਲਈ..!”
ਤਾਂ ਮੈਨੂੰ ਉਸ ਹੋਣਹਾਰ ਵਿਦਿਆਰਥਣ ਦੇ ਭਾਸ਼ਣ ਕਲਾ ਵਿਚ ਨਿਪੁੰਨ ਹੋਣ ਤੇ ਮਾਣ ਮਹਿਸੂਸ ਹੋਇਆ- ਤੇ ਮੈ ਉਸ ਨੂੰ ਮੋਹ ਭਿਜੀਆਂ ਢੇਰ ਸਾਰੀਆਂ ਅਸੀਸਾਂ ਦਿੱਤੀਆਂ|

ਸੋ ਅੰਤ ਤੇ ਇਹੀ ਕਹਾਂਗੀ ਕਿ-

-ਅਧਿਆਪਕ ਤਾ ਮਲਾਹ ਹੁੰਦਾ ਏ
ਭਰ ਭਰ ਬੇੜੀ ਪੂਰ ਬਣਾ ਕੇ,
ਅਗਲੇ ਕੰਢੇ ਲਾਈ ਜਾਣਾ

ਦੂਰੋਂ ਹੀ ਮੁਸਕਰਾਈ ਜਾਣਾ!
***
ਅਧਿਆਪਕ ਦਿਵਸ ਤੇ ਲਿਖੀ ਵਿਸ਼ੇਸ਼ ਰਚਨਾ- *3 ਕੁ ਮਿੰਟ ਦਾ ਸਮਾਂ ਕਢ ਕੇ ਸੁਣਨ ਦੀ ਕਿਰਪਾਲਤਾ
ਕਰਨੀ ਜੀ-*ਆਪ ਜੀ ਦੇ ਸੁਝਾਅ ਤੇ ਕੀਮਤੀ ਵਿਚਾਰਾਂ ਦਾ ਇੰਤਜ਼ਾਰ ਰਹੇਗਾ *ਧੰਨਵਾਦ ਜੀ

***
ਗੁਰਦੀਸ਼ ਕੌਰ ਗਰੇਵਾਲ- ਕੈਲਗਰੀ- ਕੈਨੇਡਾ
ਸੰਪਰਕ: 403 404 1450,
+91 98728 60488
***
866
***

+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਨਾਮ: ਗੁਰਦੀਸ਼ ਕੌਰ ਗਰੇਵਾਲ
ਜਨਮ ਮਿਤੀ: 5- 7- 1950
ਰਹਾਇਸ਼: ਲੁਧਿਆਣਾ ਤੇ ਕੈਲਗਰੀ ਕੈਨੇਡਾ
ਕਿੱਤਾ: ਅਧਿਆਪਕਾ ( ਰਿਟਾ.)
ਸਟੇਟਸ: ਛੋਟੀ ਜਿਹੀ ਸਾਹਿਤਕਾਰਾ
ਛਪੀਆਂ ਕਿਤਾਬਾਂ: 7
1. ਹਰਫ ਯਾਦਾਂ ਦੇ - ਕਾਵਿ ਸੰਗ੍ਰਹਿ - 2011
2. ਸੋਚਾਂ ਦੇ ਸਿਰਨਾਵੇਂ- ਨਿਬੰਧ ਸੰਗ੍ਰਹਿ- 2013
3. ਜਿਨੀ ਨਾਮੁ ਧਿਆਇਆ- ਧਾਰਮਿਕ ਕਾਵਿ ਸੰਗ੍ਰਹਿ- 2014
4. ਸਰਘੀ ਦਾ ਸੂਰਜ- ਕਾਵਿ ਸੰਗ੍ਰਹਿ- 2017
5. ਮੋਹ ਦੀਆਂ ਤੰਦਾਂ- ਨਿਬੰਧ ਸੰਗ੍ਰਹਿ- 2017
6. ਸਾਹਾਂ ਦੀ ਸਰਗਮ- ਗ਼ਜ਼ਲ ਸੰਗ੍ਰਹਿ- 2021
7. ਖੁਸ਼ੀਆਂ ਦੀ ਖੁਸ਼ਬੋਈ- ਨਿਬੰਧ ਸੰਗ੍ਰਹਿ- 2021

ਮੈਂਬਰ: ਕੈਲਗਰੀ ਦੀਆਂ ਲਿਖਾਰੀ ਸਭਾਵਾਂ ਦੀ ਮੈਂਬਰ ਹੋਣ ਤੋਂ ਇਲਾਵਾ, ਵਿਸ਼ਵ ਪੰਜਾਬੀ ਕਵੀ ਸਭਾ ਦੀ ਸਕੱਤਰ ਤੇ ਕੈਲਗਰੀ ਵੂਮੈਨ ਕਲਚਰਲ ਐਸੋਸੀਏਸ਼ਨ ਦੀ ਜਨਰਲ ਸਕੱਤਰ ਦੀਆਂ ਸੇਵਾਵਾਂ ਵੀ ਨਿਭਾ ਰਹੀ ਹਾਂ ਜੀ
ਮਾਨ ਸਨਮਾਨ: ਦੇਸ਼ ਵਿਦੇਸ਼ ਚ ਮਿਲੇ ਅਨੇਕਾਂ ਸਨਮਾਨਾਂ ਦਾ ਜਿਕਰ ਕਰਨਾ ਜਰੂਰੀ ਨਹੀਂ- ਮਾਂ ਬੋਲੀ ਪੰਜਾਬੀ ਦੀ ਗੁੜ੍ਹਤੀ, ਵਾਹਿਗੁਰੂ ਜੀ ਦੀ ਕਿਰਪਾ ਤੇ ਪਾਠਕਾਂ ਦੇ ਭਰਵੇਂ ਹੁੰਗਾਰੇ ਕਾਰਨ ਹੀ ਕਲਮ ਚਲਦੀ ਹੈ ਜੀ!
-ਗੁਰਦੀਸ਼ ਕੌਰ ਗਰੇਵਾਲ
ਵਟਸਅਪ: +91 98728 60488

ਗੁਰਦੀਸ਼ ਕੌਰ ਗਰੇਵਾਲ

ਨਾਮ: ਗੁਰਦੀਸ਼ ਕੌਰ ਗਰੇਵਾਲ ਜਨਮ ਮਿਤੀ: 5- 7- 1950 ਰਹਾਇਸ਼: ਲੁਧਿਆਣਾ ਤੇ ਕੈਲਗਰੀ ਕੈਨੇਡਾ ਕਿੱਤਾ: ਅਧਿਆਪਕਾ ( ਰਿਟਾ.) ਸਟੇਟਸ: ਛੋਟੀ ਜਿਹੀ ਸਾਹਿਤਕਾਰਾ ਛਪੀਆਂ ਕਿਤਾਬਾਂ: 7 1. ਹਰਫ ਯਾਦਾਂ ਦੇ - ਕਾਵਿ ਸੰਗ੍ਰਹਿ - 2011 2. ਸੋਚਾਂ ਦੇ ਸਿਰਨਾਵੇਂ- ਨਿਬੰਧ ਸੰਗ੍ਰਹਿ- 2013 3. ਜਿਨੀ ਨਾਮੁ ਧਿਆਇਆ- ਧਾਰਮਿਕ ਕਾਵਿ ਸੰਗ੍ਰਹਿ- 2014 4. ਸਰਘੀ ਦਾ ਸੂਰਜ- ਕਾਵਿ ਸੰਗ੍ਰਹਿ- 2017 5. ਮੋਹ ਦੀਆਂ ਤੰਦਾਂ- ਨਿਬੰਧ ਸੰਗ੍ਰਹਿ- 2017 6. ਸਾਹਾਂ ਦੀ ਸਰਗਮ- ਗ਼ਜ਼ਲ ਸੰਗ੍ਰਹਿ- 2021 7. ਖੁਸ਼ੀਆਂ ਦੀ ਖੁਸ਼ਬੋਈ- ਨਿਬੰਧ ਸੰਗ੍ਰਹਿ- 2021 ਮੈਂਬਰ: ਕੈਲਗਰੀ ਦੀਆਂ ਲਿਖਾਰੀ ਸਭਾਵਾਂ ਦੀ ਮੈਂਬਰ ਹੋਣ ਤੋਂ ਇਲਾਵਾ, ਵਿਸ਼ਵ ਪੰਜਾਬੀ ਕਵੀ ਸਭਾ ਦੀ ਸਕੱਤਰ ਤੇ ਕੈਲਗਰੀ ਵੂਮੈਨ ਕਲਚਰਲ ਐਸੋਸੀਏਸ਼ਨ ਦੀ ਜਨਰਲ ਸਕੱਤਰ ਦੀਆਂ ਸੇਵਾਵਾਂ ਵੀ ਨਿਭਾ ਰਹੀ ਹਾਂ ਜੀ ਮਾਨ ਸਨਮਾਨ: ਦੇਸ਼ ਵਿਦੇਸ਼ ਚ ਮਿਲੇ ਅਨੇਕਾਂ ਸਨਮਾਨਾਂ ਦਾ ਜਿਕਰ ਕਰਨਾ ਜਰੂਰੀ ਨਹੀਂ- ਮਾਂ ਬੋਲੀ ਪੰਜਾਬੀ ਦੀ ਗੁੜ੍ਹਤੀ, ਵਾਹਿਗੁਰੂ ਜੀ ਦੀ ਕਿਰਪਾ ਤੇ ਪਾਠਕਾਂ ਦੇ ਭਰਵੇਂ ਹੁੰਗਾਰੇ ਕਾਰਨ ਹੀ ਕਲਮ ਚਲਦੀ ਹੈ ਜੀ! -ਗੁਰਦੀਸ਼ ਕੌਰ ਗਰੇਵਾਲ ਵਟਸਅਪ: +91 98728 60488

View all posts by ਗੁਰਦੀਸ਼ ਕੌਰ ਗਰੇਵਾਲ →