|
ਕਿਤਾਬ ਬਹੁਤ ਉਦਾਸ ਹੈ, ਹਤਾਸ਼ ਅਤੇ ਨਿਰਾਸ਼ ਹੈ। ਇਸਦਾ ਇਹ ਵਰਤਾਰਾ ਜਾਇਜ ਹੈ। ਜਦ ਅਸੀਂ ਕਿਤਾਬ ਨੂੰ ਪਿਆਰ ਨਹੀਂ ਕਰਦੇ, ਇਸਨੂੰ ਸਹਿਲਾਉਂਦੇ ਨਹੀਂ, ਅਪਣਾਉਂਦੇ ਨਹੀਂ ਅਤੇ ਨਾ ਹੀ ਇਸਦੇ ਵਰਕਿਆਂ ਤੇ ਫੈਲੀ ਇਬਾਰਤ ਨੂੰ ਪੜਦੇ ਹਾਂ ਤਾਂ ਕਿਤਾਬ ਨੇ ਨਿਰਾਸ਼ ਹੋਣਾ ਹੀ ਹੋਇਆ। ਬਹੁਤ ਅੱਖਰਦੀ ਹੈ ਕਿਤਾਬ ਨੂੰ ਇਕੱਲਤਾ। ਬੰਦ ਕਿਤਾਬ ਵਿਚ ਵਰਕਿਆਂ ਤੇ ਉਕਰੇ ਅੱਖਰਾਂ ਵਿਚਲੇ ਹਾਉਕਿਆਂ ਵਿਚ ਹੀ ਖੁੱਰ ਜਾਂਦੀ ਏ ਲਿਖਤ। ਜ਼ਰਜਰੀ ਵਰਕਿਆਂ ਨੂੰ ਫਰੋਲਣ ਵਾਲੇ ਹੱਥ ਹੀ ਕਿਤਾਬ ਤੋਂ ਮੁਨਕਰ ਹੋ ਜਾਣ ਤਾਂ ਕਿਤਾਬ ਵਿਚਾਰੀ ਕੀ ਕਰੇ? ਕਿਤਾਬ ਸੱਭ ਤੋਂ ਵਧੀਆ ਦੋਸਤ। ਦੁੱਖ-ਸੁੱਖ ਸਾਝਾਂ ਕਰਦੀ। ਕੁਝ ਦੱਸਦੀ, ਕੁਝ ਪੁੱਛਦੀ। ਕੁਝ ਸਮਝਾਉਂਦੀ ਅਤੇ ਕਦੇ ਸਾਡੀ ਉਂਗਲ ਫੜ ਸਹੀ ਰਸਤੇ ਤੇ ਪਾਉਂਦੀ। ਕਿਤਾਬ, ਗਿਆਨ ਦਾ ਭੰਡਾਰ। ਵਰਕਿਆਂ ਤੇ ਫੈਲਿਆ ਸੰਸਾਰ। ਗੁੱਝੀਆਂ ਰਮਜ਼ਾਂ ਫਰੋਲਦੀ। ਕੁਦਰਤੀ ਭੇਤਾਂ ਦੀ ਥਾਹ ਪਾਉਂਦੀ। ਚੌਗਿਰਦੇ ਵਿਚ ਵਾਪਰ ਰਹੇ ਭਾਣਿਆਂ ਨੂੰ ਸਮਝਾਉਂਦੀ।
ਕਿਤਾਬ ਪਾਠਕ ਨੂੰ ਬਾਹਾਂ ਅੱਡੀ ਉਡੀਕਦੀ। ਆਪਣੇ ਕੋਲ ਬਿਠਾਉਣਾ, ਸੰਵਾਦ ਰਚਾਉਣਾ ਅਤੇ ਇਬਾਰਤ ਦੀ ਜੂਹੇ ਸ਼ਬਦਾਂ ਦੇ ਅਰਥਾਂ ਨੂੰ ਮਸਤਕ ਵਿਚ ਟਿਕਾਉਣਾ ਚਾਹੁੰਦੀ। ਕਿਤਾਬ ਵਿਚੋਂ ਉਗਦੇ ਨੇ ਸੁਰਜ ਤੇ ਤਾਰੇ। ਅੰਬਰੀਂ ਉਡਾਣ ਦਾ ਸਿਰਨਾਵਾਂ। ਅਣਛੋਹੀਆਂ ਮੰਜ਼ਲਾਂ ਦੀ ਪ੍ਰਾਪਤੀ ਦਾ ਹੁਨਰ। ਕੁਝ ਅਣਕਿਹਾ ਅਤੇ ਅਣਸੋਚਿਆ ਕਰਨ ਦੀ ਤਰਕੀਬ। ਕੁਝ ਅਵੱਲੜਾ ਕਰਕੇ ਨਾਮ ਚਮਕਾਉਣ ਦੀ ਅਦਾਅ। ਕਿਤਾਬ ਵਿਚ ਹੀ ਹੁੰਦਾ ਵਿਲੱਖਣਤਾਵਾਂ ਦਾ ਭੇਤ। ਮਨ ਚਾਹੇ ਸੁਪਨਿਆਂ ਦੀ ਪ੍ਰਾਪਤੀ ਦਾ ਰਾਜ਼। ਮਨ ਚਾਹੀ ਪ੍ਰਾਪਤੀ ਦਾ ਵਸੀਲਾ ਅਤੇ ਆਪਣੇ ਰਾਹਾਂ ਨੂੰ ਆਪਣੀ ਮਰਜ਼ੀ ਨਾਲ ਨਿਰਧਾਰਤ ਕਰਨ ਦਾ ਵੱਲ। ਕਦੇ ਗਾਉਂਦੀ ਕਿਤਾਬ ਨਾਲ ਗੁਣਗੁਣਾਉਣਾ। ਇਸਦੀ ਇਬਾਰਤ ਨੂੰ ਆਪਣੇ ਅੰਤਰੀਵ ਵਿਚ ਸਮਾਉਣਾ। ਕਿਤਾਬ ਅਤੇ ਕਵਿਤਾ ਦਾ ਗੂੜਾ ਸਬੰਧ। ਕਿਤਾਬਾਂ ਕਵਿਤਾਵਾਂ ਵਰਗੀਆਂ ਹੁੰਦੀਆਂ ਅਤੇ ਕਵਿਤਾਵਾਂ ਕਿਤਾਬਾਂ। ਤੁਹਾਡੇ ਦਿਲ ਦੀ ਬਾਤ ਪਾਉਂਦੀ। ਤੁਹਾਡੀਆਂ ਤਰਜ਼ੀਹਾਂ ਨੂੰ ਸ਼ਬਦ ਦਿੰਦੀਆਂ। ਤੁਹਾਡੀਆਂ ਤਮੰਨਾਵਾਂ ਨੂੰ ਸੇਧ ਦੇ ਕੇ ਇਸਦੀ ਪੂਰਤੀ ਦਾ ਇਸ਼ਾਰਾ ਕਰਦੀਆਂ। ਕਿਤਾਬ ਦਿਲਦਾਰ। ਰੂਹ ਦੀ ਹਾਨਣ। ਤੁਹਾਡੇ ਨਿੱਜ ਦਾ ਹਿੱਸਾ। ਤੁਹਾਡੀ ਰੂਹਦਾਰੀ ਦਾ ਮਾਣ। ਤੁਹਾਡੇ ਸਾਰੇ ਭੇਤਾਂ ਦੀ ਜਾਣੂ। ਤੁਹਾਡੇ ਲਈ ਸਮਝਾਂ, ਸਿਆਣਪਾਂ, ਸੁਮੱਤਾਂ ਅਤੇ ਸਾਵਧਾਨੀਆਂ ਦਾ ਸੰਸਾਰ। ਤੁਸੀਂ ਇਸ ਵਿਚੋਂ ਕਿਹੜੇ ਮਾਣਕ ਮੋਤੀ ਚੁੱਗਣੇ, ਇਹ ਤਾਂ ਤੁਹਾਨੂੰ ਹੀ ਕੈਫ਼ੀਅਤ ਹੋਣੀ ਚਾਹੀਦੀ। ਭਲਾ ਕਿਤਾਬ ਵਿਚਾਰੀ ਕੀ ਕਰੇ? ਬੁੱਕ-ਸੈਲਫ਼ ਤੇ ਪਈਆਂ ਕਿਤਾਬਾਂ ਦੇ ਨੈਣਾਂ ਵਿਚ ਝਾਕਣਾ। ਤੁਹਾਨੂੰ ਅਹਿਸਾਸ ਹੋਵੇਗਾ ਕਿੰਨੀ ਰੀਝ ਹੁੰਦੀ ਕਿਤਾਬ ਨੂੰ ਕਿ ਕੋਈ ਤਾਂ ਮੈਂਨੂੰ ਹਿੱਕ ਨਾਲ ਲਾਵੇ। ਮੇਰੇ ਵਰਕੇ ਫਰੋਲੇ। ਸ਼ਬਦੀ ਇਬਾਰਤਾਂ ਦੀਆਂ ਘੁੰਢੀਆਂ ਖੋਲੇ ਅਤੇ ਇਨ੍ਹਾਂ ਵਿਚ ਜਗਦੇ ਅਰਥਾਂ ਦੇ ਚਿਰਾਗਾਂ ਨਾਲ ਆਪਣੀ ਮਾਨਸਿਕਤਾ ਨੂੰ ਰੁੱਸ਼ਨਾਵੇ। ਯਾਦ ਰਹੇ ਕਿ ਕਿਤਾਬ ਤੋਂ ਬੇਮੁੱਖਤਾ ਬਹੁਤ ਹੀ ਘਾਟੇਵੰਦਾ ਸੌਦਾ। ਜਰਾ ਸੋਚਣਾ! ਕਿਤਾਬ ਵਿਚੋਂ ਮਿਲਦੇ ਗਿਆਨ ਦੀ ਅਣਹੋਂਦ ਕਾਰਨ ਬੰਦੇ ਨੂੰ ਕਿਵੇਂ ਸਮਝ ਆਵੇਗੀ ਕਿ ਸਾਡੇ ਬਜੁਰਗਾਂ ਨੇ ਇਤਿਹਾਸ ਕਿਵੇਂ ਰੱਚਿਆ? ਉਹ ਕਿਹੜੀਆਂ ਮੁਸ਼ੱਕਤਾਂ ਵਿਚੋਂ ਨਵੀ ਸਿਰਜਣਕਾਰੀ ਦਾ ਮਾਣ ਬਣੇ। ਰਹਿਬਰਾਂ ਦੀਆਂ ਸਿਖਿਆਵਾਂ ਤੋਂ ਵਿਰਵੇ ਹੋ ਕੇ ਭਲਾ ਅਸੀਂ ਉਨ੍ਹਾਂ ਦੇ ਪਾਏ ਪੁਰਨਿਆਂ ਤੇ ਕਿਵੇਂ ਤੁਰ ਸਕਾਂਗੇ? ਸਾਨੂੰ ਪੂਰਨਿਆਂ ਦਾ ਤਾਂ ਪਤਾ ਹੋਵੇ। ਮੈਂ ਅਕਸਰ ਹੀ ਕਿਤਾਬ ਨੂੰ ਫੋਲਦਾਂ। ਇਸਦੀ ਦਿੱਖ ਦੇ ਉਘੜਦੇ ਨਕਸ਼ਾਂ ਵਿਚੋਂ ਹੀ ਇਸਦੀ ਅੱਖ੍ਰਕਾਰੀ ਦਾ ਅਹਿਸਾਸ ਹੋ ਜਾਂਦਾ। ਤੁਸੀਂ ਉਹ ਕਿਤਾਬ ਦੀ ਦਿਲਦਾਰੀ ਵਿਚੋਂ ਕੁਝ ਅਜੇਹਾ ਮਾਣਮੱਤਾ ਪ੍ਰਾਪਤ ਕਰਦੇ ਕਿ ਕਿਤਾਬ ਤੁਹਾਨੂੰ ਰੂਹ ਦੀ ਹਾਨਣ ਜਾਪਦੀ। ਕਿਤਾਬਾਂ ਸਿਜਦੀਆਂ ਨੇ ਇਤਿਹਾਸ। ਇਨਕਲਾਬ ਲਈ ਪੈੜਾਂ ਬਣਦੀਆਂ ਨੇ ਕਿਤਾਬਾਂ। ਦੁਨੀਆਂ ਵਿਚ ਆਏ ਸਾਰੇ ਹੀ ਪਰਿਵਰਤਨਾਂ ਵਿਚ ਕਿਤਾਬਾਂ ਦੀ ਅਹਿਮ ਭੂਮਿਕਾ। ਕਦੇ ਸ਼ਹੀਦੇ ਆਜ਼ਮ ਸ. ਭਗਤ ਸਿੰਘ ਦੀ ਜੀਵਨੀ ਨੂੰ ਪੜਨਾ ਅਤੇ ਸਮਝਣਾ ਕਿ ਕਿਤਾਬਾਂ ਵਿਚੋਂ ਉਸਨੇ ਕਿੰਨਾ ਕੁਝ ਪ੍ਰਾਪਤ ਕੀਤਾ ਜਿਹੜਾ ਸੂਲੀ ਚੜਨ ਤੋਂ ਕੁਝ ਪਲ ਪਹਿਲਾਂ ਕਿਤਾਬ ਨਾਲ ਸੰਵਾਦ ਰਚਾ ਰਿਹਾ ਸੀ। ਗੁਰੂ ਗੋਬਿੰਦ ਸਿੰਘ ਜੀ ਵਲੋਂ ਔਰੰਗਜੇਬ ਨੂੰ ਭੇਜਿਆ ਜਫ਼ਰਨਾਮਾ ਹੀ ਸੀ ਜਿਸਨੇ ਇਕ ਹੰਕਾਰੀ, ਤੁਅੱਸਬੀ ਅਤੇ ਜਾਲਮ ਹੁਕਮਰਾਨ ਨੂੰ ਆਪਣੇ ਕੀਤੇ ਤੇ ਪਛਤਾਵੇ ਲਈ ਮਜ਼ਬੂਰ ਕੀਤਾ ਅਤੇ ਗੁਰੂ ਜੀ ਵੱਲ ਦੋਸਤੀ ਦਾ ਹੱਥ ਵਧਾਇਆ। ਕਿਤਾਬਾਂ ਅਜ਼ੀਮ ਖ਼ਜ਼ਾਨਾ। ਬਜੁਰਗਾਂ ਦੀ ਸੱਭ ਤੋਂ ਮਹਿੰਗੀ ਅਤੇ ਅਣਮੋਲ ਨਿਸ਼ਾਨੀ ਜਿਸਨੂੰ ਫਰੋਲਿਦਿਆਂ ਕਈ ਵਾਰ ਕੁਝ ਅਜੇਹਾ ਵੀ ਮਿਲਦਾ ਜਿਹੜਾ ਕਈ ਵਾਰ ਸਾਡੀਆਂ ਪੀਹੜੀਆਂ ਨੇ ਕਿਆਸਿਆ ਵੀ ਨਹੀਂ ਹੁੰਦਾ। ਕਿਤਾਬਾਂ ਦੀ ਸੰਗਤ ਵਿਚ ਬੰਦਾ ਕਦੇ ਵੀ ਇਕੱਲਾ ਨਹੀਂ ਹੁੰਦਾ। ਕਿਤਾਬ ਵਿਚਲੀ ਕਹਾਣੀ ਜਾਂ ਨਾਵਲ ਦਾ ਹਰ ਪਾਤਰ ਪਾਠਕ ਨਾਲ ਸੰਵਾਦ ਰਚਾਉਂਦਾ। ਜਦ ਪਾਠਕ ਉਸ ਪਾਤਰ ਵਿਚੋਂ ਖੁਦ ਨੂੰ ਭਾਲਦਾ ਪਾਤਰ ਹੀ ਬਣ ਜਾਂਦਾ ਤਾਂ ਕਿਤਾਬ ਆਪਣਾ ਮੁੱਲ ਮੋੜ ਦਿੰਦੀ। ਯਾਦ ਰਹੇ ਕਿ ਕਿਤਾਬ ਨਹੀਂ ਬੋਲਦੀ, ਇਸਦੇ ਸ਼ਬਦ ਬੋਲਦੇ। ਇਸਦੀ ਲਿਖਤ ਤੁਹਾਡੇ ਨੈਣਾਂ ਵਿਚ ਉਤਰਦੀ। ਇਸਦੀ ਅਰਥਕਾਰੀ ਤੁਹਾਨੂੰ ਅਚੇਤ ਅਤੇ ਸੁਚੇਤ ਰੂਪ ਵਿਚ ਕੁਝ ਅਜੇਹਾ ਤੁਹਾਡੇ ਅੰਦਰ ਧਰ ਜਾਂਦੀ ਕਿ ਤੁਹਾਨੂੰ ਪਤਾ ਲੱਗਦਾ ਕਿ ਅਜੇਹਾ ਤਾਂ ਕਦੇ ਸੋਚਿਆ ਵੀ ਨਹੀਂ ਸੀ ਜਾ ਸਕਦਾ। ਕਈ ਵਾਰ ਕਿਤਾਬ ਬਹੁਤ ਨਿਰਾਸ਼ ਅਤੇ ਉਦਾਸ ਹੋ ਜਾਂਦੀ। ਉਹ ਹਤਾਸ਼ ਵੀ ਹੋ ਜਾਂਦੀ ਜਦ ਪਾਠਕ ਨੂੰ ਉਡੀਕਦੀ ਕਿਤਾਬ ਬੇਬੱਸੀ ਦੇ ਆਲਮ ਵਿਚ ਸਿਉਂਕੀ ਹੋਈ ਨਜ਼ਰਬੰਦੀ ਦੀ ਆਉਧ ਹੰਢਾਉਂਦੀ ਆਖਰ ਨੂੰ ਮਿੱਟੀ ਹੋ ਜਾਂਦੀ ਅਤੇ ਇਸ ਦੇ ਤੜਫਦੇ ਅੱਖਰਾਂ ਦਾ ਦਰਦ, ਵਕਤ ਦੇ ਨਾਮ ਹੋ ਜਾਂਦਾ। ਜ਼ਰਾ ਕਿਆਸ ਕਰਨਾ, ਉਨ੍ਹਾਂ ਗ੍ਰੰਥਾਂ ਅਤੇ ਲਿਖਤਾਂ ਦਾ ਜਿਹਨਾਂ ਨੇ ਆਉਣ ਵਾਲੇ ਵਕਤਾਂ ਵਿਚ ਬੀਤੇ ਦੀਆਂ ਕਈ ਪਰਤਾਂ ਨੂੰ ਫਰੋਲਣਾ ਅਤੇ ਉਸ ਇਤਿਹਾਸ ਨੂੰ ਆਉਣ ਵਾਲੀਆਂ ਨਸਲਾਂ ਦੇ ਨਾਮ ਕਰਨਾ ਸੀ ਪਰ ਜੋ ਸਰਸਾ ਨਦੀ ਦੇ ਪਾਣੀਆਂ ਵਿਚ ਵਹਿ ਗਈਆਂ ਅਤੇ ਗ੍ਰੰਥਾਂ ਦੇ ਹੰਝੂਆਂ ਵਿਚ ਸਰਸਾ ਦਾ ਪਾਣੀ ਵੀ ਖੌਲਣ ਲੱਗ ਪਿਆ ਸੀ। ਉਨ੍ਹਾਂ ਭਿੱਜੇ ਅਤੇ ਗਲ਼ੇ ਵਰਕਿਆਂ ਵਿਚ ਉਕਰੇ ਅੱਖਰਾਂ ਨੂੰ ਸ਼ਾਇਦ ਆਖ਼ਰੀ ਪਨਾਹ ਪਾਣੀਆਂ ਨੇ ਹੀ ਦੇਣੀ ਸੀ। ਕਈ ਵਾਰ ਮੈਂ ਸੋਚਦਾ ਹਾਂ ਕਿ ਕਿਤਾਬ ਦਾ ਕੀ ਕਸੂਰ ਕਿ ਪਾਠਕ ਇਸ ਤੋਂ ਰਹਿਨੁਮਾਈ ਲੈਣ ਤੋਂ ਹੀ ਉਕਤਾ ਗਿਆ। ਕਿਤਾਬ ਨੇ ਤਾਂ ਪਾਠਕ ਨੂੰ ਸ਼ਬਦੀ ਰਹਿਮਤਾਂ ਨਾਲ ਨਿਵਾਜਣਾ ਸੀ। ਪਰ ਪਾਠਕ ਹੀ ਕਿਤਾਬ ਤੋਂ ਪਤਾ ਨਹੀਂ ਕਿਉਂ ਹਤਾਸ਼ ਹੋ ਗਿਆ। ਕਿਤਾਬ ਤੋਂ ਦੂਰ ਜਾਣ ਵਾਲੀਆਂ ਕੌਮਾਂ ਬੜੀ ਜਲਦੀ ਆਪਣਾ ਵਿਰਸਾ ਗਵਾ ਬਹਿੰਦੀਆਂ। ਨਵੀਆਂ ਨਸਲਾਂ ਨੂੰ ਕਿਤਾਬਾਂ ਤੋਂ ਬਗੈਰ ਕਿੰਝ ਪਤਾ ਲੱਗੇਗਾ ਕਿ ਉਨ੍ਹਾਂ ਦਾ ਵਡੇਰੇ ਕੌਣ ਸਨ? ਉਹ ਕਿਸ ਮਾਣਮੱਤੀ ਵਿਰਾਸਤ ਦੇ ਮਾਲਕ ਹਨ? ਕਿਵੇਂ ਇਸ ਵਿਰਾਸਤ ਨੂੰ ਸੰਭਾਲਿਆ ਜਾ ਸਕਦਾ? ਕਿਵੇਂ ਆਪਣੀਆਂ ਜੜ੍ਹਾਂ ਨਾਲ ਜੁੜ ਕੇ ਆਪਣੇ ਪੁਰਖਿਆਂ ਨੂੰ ਯਾਦ ਕੀਤਾ ਜਾ ਸਕਦਾ। ਕਿਤਾਬਾਂ ਬਹੁਤ ਕੁਝ ਦਿੰਦੀਆਂ। ਕਈ ਵਾਰ ਇਕ ਹੀ ਕਿਤਾਬ ਬੰਦੇ ਦੀ ਕਾਇਆ ਕਲਪ ਕਰ ਦਿੰਦੀ। ਇੰਝ ਵੀ ਹੁੰਦਾ ਕਿ ਕੋਈ ਇਕ ਹੀ ਕਵਿਤਾ, ਕਹਾਣੀ ਜਾਂ ਲੇਖ ਕਿਸੇ ਪਾਠਕ ਦੀ ਮਾਨਸਿਕਤਾ ਵਿਚ ਅਜੇਹੀ ਦਸਤਕ ਦਿੰਦਾ ਕਿ ਉਹ ਭੁਚੱਕਾ ਹੀ ਰਹਿ ਜਾਂਦਾ ਕਿ ਕੀ ਕੁਝ ਅਜੇਹਾ ਵੀ ਹੋ ਸਕਦਾ? ਮੈਂ ਅਜੇਹਾ ਕਿਉਂ ਨਹੀਂ? ਮੈਂ ਕਿਉਂ ਆਪਣੀ ਜਿ਼ੰਦਗੀ ਨੂੰ ਵਿਅਰਥ ਗਵਾ ਰਿਹਾ ਸੀ? ਕਿਤਾਬਾਂ ਜੀਵਨ-ਦਾਨੀ, ਮਹਾਂ ਗਿਆਨੀ ਅਤੇ ਹਰਫ਼ਾਂ ਵਿਚ ਪਰੋਈ ਸਾਡੀ ਹੀ ਕਹਾਣੀ। ਸ਼ਬਦਾਂ ਵਿਚ ਉਗਦੀ ਸਵੇਰ। ਧੁੱਪ ਦੀਆਂ ਕਾਤਰਾਂ। ਚਾਨਣ ਦੀਆਂ ਰਿਸ਼ਮਾਂ। ਇਸਦੇ ਵਰਕਿਆਂ ਤੇ ਜਗਦੀਆਂ ਨੇ ਮੋਮਬੱਤੀਆਂ। ਅਸੀਂ ਇਸ ਰੌਸ਼ਨI ਵਿਚ ਖ਼ੁਦ ਨੂੰ ਕਿੰਨਾ ਰੁਸ਼ਨਾਉਣਾ, ਇਹ ਤਾਂ ਕਿਤਾਬਾਂ ਨਾਲ ਜੁੜ ਕੇ ਪਤਾ ਲੱਗਦਾ। ਇਹ ਵੀ ਸਮਝ ਲੈਣਾ ਚਾਹੀਦਾ ਕਿ ਕਿਤਾਬਾਂ ਮੁਹਾਰਨੀ ਨਹੀਂ ਹੁੰਦੀਆਂ। ਇਨ੍ਹਾਂ ਵਿਚ ਉਤਰਨਾ ਪੈਂਦਾ। ਲਿਖਤ ਨੂੰ ਰੂਹ ਵਿਚ ਰਚਾਉਣਾ ਪੈਂਦਾ। ਇਸਦੀਆਂ ਪਰਤਾਂ ਵਿਚੋਂ ਖੁਦ ਨੂੰ ਉਲਥਾਉਣਾ ਪੈਂਦਾ। ਖੁਦ ਦੀ ਨਿਸਾਨਦੇਹੀ ਕਰਨੀ ਪੈਂਦੀ ਕਿ ਮੇਰੇ ਕਿਹੜੇ ਹਨੇਰੇ ਪੱਖ ਅਤੇ ਕਿਹੜੇ ਰੌਸ਼ਨ ਪੱਖ ਹਨ? ਕਿਹਨਾਂ ਪੱਖਾਂ ਤੋਂ ਅਣਜਾਣ ਹਾਂ ਅਤੇ ਕਿਹੜੀ ਦਿੱਬ ਦ੍ਰਿਸ਼ਟੀ ਤੇ ਮੈਂ ਨਜ਼ਰ ਹੀ ਨਹੀਂ ਮਾਰ ਸਕਿਆ? ਕਿਸੇ ਵੀ ਵਸਤ-ਵਰਤਾਰੇ ਨੂੰ ਕੋਈ ਲੇ਼ਖਕ ਕਿਵੇਂ ਦੇਖਦਾ ਅਤੇ ਇਸਨੂੰ ਸ਼ਬਦਾਂ ਵਿਚ ਢਾਲਦਾ? ਮੈਂ ਇਸ ਬਾਰੇ ਕੀ ਸੋਚਦਾ ਸੀ? ਕੀ ਮੇਰੇ ਸੋਚ ਲਿਖਤ ਦੇ ਹਾਣ ਦੀ ਸੋਚ ਜਾਂ ਮੈਂਨੂੰ ਆਪਣੀ ਸੋਚ ਦੇ ਦਾਇਰੇ ਵਿਸ਼ਾਲਣੇ ਚਾਹੀਦੇ? ਮੈਂ ਕਿਉਂ ਸੰਕੋਚਵੀਂ ਸੰਵੇਦਨਾ ਦਾ ਕੈਦੀ? ਕਿਉਂ ਨਹੀਂ ਮੈਂ ਆਪਣੀ ਸੁਹਜ ਸੰਵੇਦਨਾ ਨੂੰ ਅੰਬਰ ਜੇਡੀ ਵਿਸ਼ਾਲਤਾ ਅਤੇ ਸਮੁੰਦਰ ਜੇਡ ਡੂੰਘਾਈ ਦੇ ਸਕਿਆ? ਕਦੇ ਕਦੇ ਕਿਸੇ ਪੁਰਾਣੀ ਕਿਤਾਬ ਨੂੰ ਫਰੋਲਦਿਆਂ ਲੱਭ ਪੈਂਦਾ ਇਕ ਮੋਰ ਦਾ ਖੰਭ। ਇਸਦੇ ਮੱਧਮ ਪੈ ਚੁੱਕੇ ਰੰਗ। ਪਰ ਇਹ ਖੰਭ ਤੁਹਾਨੂੰ ਬੀਤੇ ਹੋਏ ਪਲਾਂ ਦੀ ਮਖ਼ਰੂਰੀ ਤੁਹਾਡੀ ਚੇਤਨਾ ਦੇ ਨਾਮ ਕਰ ਜਾਂਦਾ। ਕਿਤਾਬ ਨੂੰ ਪੜਨਾ ਨਹੀਂ ਸਗੋਂ ਇਸ ਵਿਚ ਗਵਾਚਣਾ ਹੁੰਦਾ ਤਾਂ ਹੀ ਕਿਤਾਬ ਦੀ ਅਹਿਮੀਅਤ ਦਾ ਅੰਦਾਜ਼ਾ ਹੁੰਦਾ। ਤੁਸੀਂ ਇਸਨੂੰ ਆਪਣੀ ਆਤਮਾ ਵਿਚ ਵਸਾਉਂਦੇ ਹੋ। ਜਿ਼ੰਦਗੀ ਇਕ ਕਿਤਾਬ। ਇਸਦੇ ਕਿੰਨੇ ਕੁ ਵਰਕੇ ਤੁਸੀਂ ਪੜੇ ਅਤੇ ਕਿMny ਅਣਪੜੇ? ਕੀ ਇਹ ਬੰਦ ਕਿਤਾਬ ਹੈ ਜਾਂ ਖੁੱਲੀ ਕਿਤਾਬ? ਕਦੇ ਜ਼ਰੂਰ ਸੋਚਣਾ! ਜਿ਼ੰਦਗੀ ਦੇ ਅਰਥ ਵੀ ਸਮਝ ਆ ਜਾਣਗੇ। ਕਿਤਾਬਾਂ ਤੁਹਾਡੀ ਪ੍ਰਵਾਜ਼ ਦੇ ਪਰ, ਜੀਵਨ-ਸ਼ੈਲੀ ਦਾ ਅੰਦਾਜ਼, ਸੁਪਨਿਆਂ ਦੀਆਂ ਹਮਰਾਜ਼ ਅਤੇ ਤੁਹਾਡਾ ਅੰਤਰੀਵੀ ਰਾਜ਼। ਕਿਤਾਬ ਪੜ ਕੇ ਬਦਲ ਜਾਂਦੀ ਹੈ ਤੁਹਾਡੀ ਸਮਝ, ਸੋਚ, ਵਿਚਾਰ ਅਤੇ ਕਿਸੇ ਵਸਤ ਵਰਤਾਰੇ ਨੂੰ ਦੇਖਣ ਦਾ ਨਜ਼ਰੀਆ। ਕਿਸੇ ਸਖਸ਼ ਨੂੰ ਪਹਿਚਾਨਣ ਦਾ ਦਾਅਵਾ। ਕਿਸੇ ਤੇ ਭਰੋਸਾ ਕਰਨ ਅਤੇ ਕਿਸੇ ਨੂੰ ਆਪਣਾ ਬਣਾਉਣ ਦੀ ਤਰਕੀਬ। ਬਹੁਤ ਕੁਝ ਦਿੰਦੀਆਂ ਨੇ ਕਿਤਾਬਾਂ ਇਕ ਮਨੁੱਖ ਨੂੰ। ਕਿਤਾਬ ਪੜ ਕੇ ਭਾਵੇਂ ਤੁਸੀ ਭੁੱਲ ਵੀ ਜਾਵੋ ਪਰ ਪੜੀ ਹੋਈ ਕਿਤਾਬ ਦਾ ਕੁਝ ਹਿੱਸਾ ਤਾਂ ਸਦਾ ਲਈ ਤੁਹਾਡੇ ਅਵਚੇਤਨ ਦਾ ਅੰਗ ਬਣ ਹੀ ਜਾਂਦਾ। ਕਿਤਾਬ ਇਕ ਸੜਕ ਦੀ ਨਿਤਾਈਂ ਜਿਹੜੀ ਤੁਹਾਨੂੰ ਮੰਜ਼ਲ਼ ਦੀ ਦੱਸ ਵੀ ਪਾਉਂਦੀ। ਉਂਗਲ ਲਾ ਕੇ ਤੋਰਦੀ ਹੀ ਅਤੇ ਨਿਰਧਾਰਤ ਪੈਂਡਿਆ ਰਾਹੀਂ ਤੁਹਾਡੇ ਖਾਬਾਂ ਦਾ ਸੱਚ ਤੁਹਾਡੇ ਸਾਹਵੇਂ ਉਪਜਾਉਂਦੀ। ਕਿਤਾਬਾਂ ਰਾਹੀਂ ਹੀ ਅਸੀਂ ਸਧਾਰਨਤਾ ਵਿਚੋਂ ਅਸਧਾਰਨਤਾ ਦੇਖਦੇ। ਗੁੰਝਲਦਾਰ ਵਰਾਤਾਰਿਆਂ ਨੂੰ ਸਧਾਰਨ ਸ਼ਬਦਾਂ ਰਾਹੀਂ ਪ੍ਰਗਟ ਕਰਨ ਦੇ ਸਮਰੱਥ। ਕਿਤਾਬਾਂ ਤੁਹਾਡੀ ਸਵੈ-ਪਰਖ ਦਾ ਸੱਭ ਤੋਂ ਸਮਰੂਪ ਅਤੇ ਸੁੰਦਰ ਪੈਮਾਨਾ। ਇਸ ਵਿਚੋਂ ਬਹੁਤ ਰੰਗ ਉਘੜਦੇ। ਕੁਝ ਕਾਲੇ, ਕੁਝ ਸਫ਼ੈਦ। ਕੁਝ ਪੀਲੇ ਅਤੇ ਕੁਝ ਨੀਲੇ। ਕੁਝ ਹਰੇ ਅਤੇ ਕੁਝ ਪੱਤੜਝੀ। ਇਹ ਰੰਗ ਦਰਅਸਲ ਤੁਹਾਡੀ ਮਾਨਸਕਿਤਾ ਦੀ ਪਰਖ-ਪੜਚੋਲ ਨੂੰ ਨਵੀਂ ਰੰਗਤ ਦਿੰਦੇ। ਤੁਹਾਨੂੰ ਉਸ ਰੰਗ ਵਿਚ ਰੰਗ ਜਾਂਦੇ ਜਿਹੜਾ ਤੁਹਾਡਾ ਹੀ ਮਜੀਠੀ ਰੰਗ ਹੁੰਦਾ। ਕਿਤਾਬਾਂ ਪੜਦੇ ਰਿਹਾ ਕਰੋ। ਕਦੇ ਨਾ ਅੱਕੋ ਅਤੇ ਨਾ ਹੀ ਥੱਕੋ। ਕਿਤਾਬਾਂ ਤੋਂ ਉਚਾਟ ਹੋਇਆ ਮਨ ਦਰਅਸਲ ਆਪਣੇ ਜੀਵਨ ਤੋਂ ਨਿਰਮੋਹਾ ਹੋਇਆ, ਬੜੀ ਜਲਦੀ ਆਪਣਾ ਸਿਵਾ ਸੇਕਣ ਲਈ ਕਾਹਲਾ ਹੋ ਜਾਂਦਾ। ਕਈ ਵਾਰ ਮੈਂ ਆਪਣੀੰ ਨਿੱਜੀ ਲਾਇਬਰੇਰੀ ਵਿਚ ਪਈਆਂ ਕਿਤਾਬਾਂ ਨਾਲ ਮੂਕ ਸੰਵਾਦ ਰਚਾਉਂਦਾ। ਮੈਂਨੂੰ ਇੰਝ ਲੱਗਣ ਲੱਗਦਾ ਕਿ ਮੇਰੀਆਂ ਕਿਤਾਬਾਂ ਕਈ ਵਾਰ ਬਹੁਤ ਹੀ ਉਦਾਸ ਹੋ ਜਾਂਦੀਆਂ ਕਿਉਂਕਿ ਉਨ੍ਹਾਂ ਨੂੰ ਲੱਗਦਾ ਕਿ ਮੇਰੇ ਤੋਂ ਬਾਅਦ ਇਹ ਕਿਤਾਬਾਂ ਸ਼ਾਇਦ ਕਿਸੇ ਰੱਦੀ ਵਾਲੇ ਨੂੰ ਵੇਚ ਦਿੱਤੀਆਂ ਜਾਣਗੀਆਂ। ਇਨ੍ਹਾਂ ਦੇ ਲਿਫ਼਼ਾਫ਼ੇ ਬਣ ਜਾਣਗੇ ਅਤੇ ਕਿਤਾਬਾਂ ਦੀ ਹੋਂਦ ਹੀ ਖਤਮ ਹੋ ਜਾਵੇਗੀ। ਦਰਅਸਲ ਜੇ ਸਾਡੀ ਨਵੀਂ ਪੀੜੀ ਇੰਝ ਹੀ ਕਿਤਾਬਾਂ ਨੂੰ ਦੁਰਕਾਰਦੀ ਰਹੀ ਤਾਂ ਕਿਤਾਬਾਂ ਦੇ ਨੈਣਾਂ ਵਿਚ ਉਤਰਿਆ ਇਹ ਸੱਚ ਸਮਿਆਂ ਨੇ ਜਰੂਰ ਦੇਖਣਾ। ਮੈਂ ਹੁੱਬਕੀਂ ਰੋਦੀਆਂ ਕਿਤਾਬਾਂ ਨੂੰ ਵਰਾਊਂਦਾ ਅਤੇ ਧੀਰਜ ਬੰਨਾਉਂਦਾ ਕਿ ਕੁਝ ਵੀ ਅਜੇਹਾ ਨਹੀਂ ਹੋਵੇਗਾ। ਪਰ ਮੈਂ ਆਪਣੇ ਅੰਦਰ ਝਾਤੀ ਮਾਰ ਕੇ ਦੇਖਦਾ ਤਾਂ ਅਹਿਸਾਸ ਹੁੰਦਾ ਕਿ ਆਖਰ ਨੂੰ ਇੰਝ ਹੀ ਹੋਣਾ। ਰੋਣਹਾਕੀਆਂ ਕਿਤਾਬਾਂ ਨੂੰ ਜਦ ਘਰ ਤੋਂ ਜਲਾਵਤਨੀ ਹੋ ਗਈ ਤਾਂ ਇਨ੍ਹਾਂ ਦਾ ਟਿਕਾਣਾ ਕਬਾੜ ਦਾ ਢੇਰ ਹੋਵੇਗਾ। ਕਿਤਾਬਾਂ ਵਿਚ ਜਗਦੇ ਦੀਵਿਆਂ ਨੇ ਬੁੱਝ ਜਾਣਾ, ਅੱਖਰਾਂ ਨੇ ਮਿਟ ਜਾਣਾ ਅਤੇ ਲਿਖਤ ਦੇ ਖਾਰੇ ਹੰਝੂਆਂ ਵਿਚ ਬਹੁਤ ਕੁਝ ਅਜੇਹਾ ਵਹਿ ਜਾਣਾ ਜੋ ਬੀਤੇ ਨੇ ਸੰਭਾਲਿਆ ਸੀ। ਮੇਰੀਆਂ ਲਿਖਤਾਂ ਸਿਰਫ਼ ਮੇਰੀਆਂ ਹੀ ਨਹੀਂ ਸਨ। ਇਹ ਤਾਂ ਉਸ ਸਮੇਂ ਦਾ ਸੱਚ ਸੀ ਜੋ ਮੈਂ ਦੇਖਿਆ, ਹੰਢਾਇਆ ਅਤੇ ਮਾਣਿਆ। ਜਿਸਨੂੰ ਹਰਫਾਂ ਦੇ ਹਵਾਲੇ ਕੀਤਾ। ਹਰਫ਼ਾਂ ਦੀ ਬੁੱਕਲ ਵਿਚ ਪਿਆ ਇਸ ਅਣਮੋਲ ਖਜ਼ਾਨੇ ਦੀ ਸੋਝੀ ਬਹੁਤ ਹੀ ਵਿਰਲਿਆਂ ਨੂੰ ਹੁੰਦੀ। ਕਈ ਵਾਰ ਮੈਂ ਆਪਣੀਆਂ ਕਿਤਾਬਾਂ ਨੂੰ afpxy ਕੋਲ ਬੁਲਾਉਂਦਾ, ਧੀਰਜ ਧਰਾਉਂਦਾ ਅਤੇ ਸਮਝਾਉਂਦਾ ਕਿ ਮੈਂ ਆਖਰੀ ਸਾਹ ਤੱਕ ਤੁਹਾਡਾ ਦੇਣਦਾਰ ਹਾਂ ਅਤੇ ਤੁਸੀਂ ਮੇਰੀ ਅਮਾਨਤ ਹੋ। ਪਰ ਆਉਣ ਵਾਲੀਆਂ ਨਸਲਾਂ ਨੇ ਤੁਹਾਡੇ ਨਾਲ ਕੀ ਵਰਤਾਅ ਕਰਨਾ, ਇਸਦੀ ਮੈਂਨੂੰ ਮੁਆਫ਼ੀ ਜ਼ਰੂਰ ਦੇ ਦੇਣਾ। ਜਦ ਮੈਂ ਹੀ ਨਹੀਂ ਰਹਿਣਾ ਤਾਂ ਮੈਂ ਕਿਸੇ ਨੂੰ ਕੀ ਕਹਿਣਾ ਕਿ ਮੇਰੀਆਂ ਕਿਤਾਬਾਂ ਨਾਲ ਇੰਝ ਨਾ ਕਰਿE? ਜਿਊਂਦੇ ਜੀਅ ਕਿਤਾਬਾਂ ਨਾਲ ਮੋਹ ਪਾਲਣ ਵਾਲੇ ਆਖਰ ਨੂੰ ਆਖਰੀ ਸਾਹ ਲੈਂਦਿਆਂ, ਜਦ ਹੰਝੂਆਂ ਭਿੱਜੀ ਅਲਵਿਦਾ ਕਿਤਾਬਾਂ ਨੂੰ ਕਹਿੰਦੇ ਤਾਂ ਕਿਤਾਬਾਂ ਵੀ ਰੋਣ ਲੱਗਦੀਆਂ। ਵਾਸਤਾ ਈ! ਕਦੇ ਵੀ ਕਿਤਾਬਾਂ ਨੂੰ ਰੋਣ ਨਾ ਦਿE। ਇਨ੍ਹਾਂ ਵਿਚ ਹਿੱਚਕੀਆਂ ਨਾ ਉਪਜਾE। ਇਨ੍ਹਾਂ ਦੀ ਰਹਿਮਤ ਵਿਚੋਂ ਆਪਣੇ ਆਪ ਨੂੰ ਰੁਸ਼ਨਾE। ਆਪਣੇ ਸੁਪਨਿਆਂ ਦੀ ਸੰਪੂਰਨਤਾ ਦੀ ਮਾਰਗ ਦਰਸ਼ਨਾ ਕਰੋ। ਮੰਜਲਾਂ ਦਾ ਸਿਰਨਾਵਾਂ ਲੱਭੋ। ਇਹ ਕਿਤਾਬਾਂ ਹੀ ਹੁੰਦੀਆਂ ਜੋ ਤੁਹਾਨੂੰ ਗੁਣੀ-ਗਿਆਨੀ, ਵਿਦਵਾਨ, ਪਾਰਖੂ ਜਾਂ ਗਿਆਨਵੰਤਾ ਬਣਾ ਕੇ ਤੁਹਾਨੂੰ ਮਾਰਗ ਦਰਸ਼ਕ, ਅਧਿਆਪਕ ਜਾਂ ਪRoਫੈਸਰ ਵਰਗੀ ਉਚਤਮ ਪਦਵੀ ਦੇ ਮਾਲਕ ਬਣਾਉਂਦੀਆਂ। ਬੰਦਾ ਤਾਂ ਅਗਿਆਨੀ ਹੁੰਦਾ। ਇਹ ਕਿਤਾਬਾਂ ਵਿਚੋਂ ਮਿਲਿਆ ਗਿਆਨ ਹੀ ਹੁੰਦਾ ਜਿਸ ਨਾਲ ਜੀਵਨ ਦੇ ਵੱਖ-ਵੱਖ ਖੇਤਰਾਂ ਵਿਚ ਉਪਲਬਧੀਆਂ ਕਰਦੇ, ਨਵੀਆਂ ਪਹਿਲਾਂ ਸਿਰਜਦੇ, ਨਵੇਂ ਦਿਸਹੱਦਿਆਂ ਦੀ ਨਿਸ਼ਦਾਨਦੇਹੀ ਕਰਦੇ ਲੋਕ ਆਪਣਾ, ਆਪਣੇ ਪਰਿਵਾਰ, ਸਮਾਜ ਜਾਂ ਦੇਸ਼ ਦਾ ਨਾਮ ਰੌਸ਼ਨ ਕਰਦੇ। ਕਿਤਾਬੀ ਮਾਰਗ ਤੋਂ ਭਟਕੇ ਲੋਕ ਹੀ ਮਾਨਸਿਕ ਭਟਕਣਾ ਦੇ ਰਾਹੀ ਬਣ, ਕਈ ਵਾਰ ਖੁਦਕੁਸ਼ੀਆਂ, ਕਤਲਾਂ, ਕੁਕਰਮਾਂ ਅਤੇ ਕੁਲਹਿਣੇ ਵਕਤਾਂ ਦਾ ਕੋਹਜ ਬਣ ਜਾਂਦੇ। ਕਿਤਾਬਾਂ ਦੀ ਸੰਗਤ, ਸੁਹਬਤ ਅਤੇ ਸਿਰਜਣਕਾਰੀ ਵਿਚੋਂ ਤੁਸੀਂ ਆਪਣੀ ਸਿਰਜਣਾਤਮਿਕਤਾ ਅਤੇ ਸੰਵੇਦਨਾ ਨੂੰ ਨਵੀਆਂ ਦਿਸ਼ਾਵਾਂ, ਉਪਨਾਵਾਂ ਅਤੇ ਰਚਨਾਵਾਂ ਰਾਹੀਂ, ਇਸਦੀਆਂ ਉਹ ਪਰਤਾਂ ਅਤੇ ਪਰਿਪੇਖ ਨੂੰ ਵੀ ਸਮਝਣ ਦੇ ਸਮਰੱਥ ਹੁੰਦੇ ਹੋ ਜਿਨ੍ਹਾਂ ਤੋਂ ਅਕਸਰ ਹੀ ਅਸੀਂ ਅਵੇਸਲੇ ਹੁੰਦੇ। ਕਿਤਾਬਾਂ ਹੁੰਦੀਆਂ ਦਰਿਆ ਦਾ ਪਾਣੀ, ਵੱਗਦਿਆਂ ਪਾਉਂਦਾ ਨਵੀਂ ਕਹਾਣੀ। ਕਿਤਾਬਾਂ ਹੁੰਦੀਆਂ ਪੌਣਾਂ ਦਾ ਗੀਤ, ਜਿਹੜਾ ਸਿਖਾਉਂਦਾ ਜੀਣ ਦੀ ਰੀਤ। ਕਿਤਾਬਾਂ ਹੁੰਦੀਆਂ ਫੁੱਲਾਂ ਵਰਗੀਆਂ, ਤੇ ਮਹਿਕਾਂ ਭਰੀ ਗੁਲਜ਼ਾਰ। ਕਿਤਾਬਾਂ ਮਨ ਦੀ ਵੱਤਰ ਭੌਂ, ਉਗਦੇ ਸ਼ੁੱਭ ਵਿਚਾਰ। ਕਿਤਾਬਾਂ ਹੁੰਦੀਆਂ ਫੱਟਦੀ ਲੋਅ, ਤੇ ਪੰਛੀਆਂ ਦੀ ਪਰਵਾਜ਼। ਕਿਤਾਬਾਂ ਮਨ-ਕਪਾਟੀਂ ਖੋਲਣ, ਕਾਇਨਾਤ ਦੇ ਰਾਜ਼। ਕਿਤਾਬਾਂ ਚੌਤਰਫ਼ੀ ਲੋਅ ਵੰਡੇਂਦਾ, ਆਲ਼ੇ ਵਿਚ ਚਿਰਾਗ। ਕਿਤਾਬਾਂ ਇੱਟਾਂ ਨੂੰ ਘਰ ਬਣਾਉਂਦੀਆਂ ਤੇ ਡਿਊੜੀ ਦੇ ਭਾਗ। ਕਿਤਾਬਾਂ ਚੰਦ ਸੂਰਜ ਦੀਆਂ ਬਾਤਾਂ ਅਤੇ ਤਾਰਿਆਂ ਭਰਿਆ ਥਾਲ। ਕਿਤਾਬਾਂ ਮੱਥੇ ਚਾਨਣ ਉਗਦਾ ਅਤੇ ਮਨਾਂ ਦੇ ਵਿਚ ਮਲਾਲ। |
|
*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ। |

by
ਕਿਤਾਬ ਤੋਂ ਹੀ ਪਤਾ ਲੱਗਦਾ ਕਿ ਮਨੁੱਖੀ ਸਰੀਰ ਦੀ ਕੀ ਹੈ ਬਣਤਰ? ਇਸਦੀਆਂ ਕਿਰਿਆਵਾਂ ਕਿੰਝ ਹੁੰਦੀਆਂ, ਕੀ ਵਾਪਰਦਾ, ਕਿਉਂ ਅਸੀਂ ਅਲਾਮਤਾਂ ਦਾ ਸਿ਼ਕਾਰ ਹੁੰਦੇ? ਸਾਡੇ ਦਿਲ-ਓ-ਦਿਮਾਗ ਦਾ ਕੀ ਆਪਸੀ ਸਬੰਧ? ਅਸੀਂ ਕਿਸਦੀ ਮੰਨਦਿਆਂ ਪ੍ਰਾਪਤੀਆਂ ਦੇ ਰਾਹੀ ਬਣਦੇ ਅਤੇ ਕਿਸਦੇ ਆਖੇ ਲੱਗ ਔਝੜ ਰਾਹਾਂ ਵਿਚ ਹੀ ਗਵਾਚ ਜਾਂਦੇ?