ਮੇਲਾ ਮਾਘੀ ਦਾ ਜਲੌਅ — ਪ੍ਰੋ. ਨਵ ਸੰਗੀਤ ਸਿੰਘ ਮਾਘੀ ਦਾ ਤਿਉਹਾਰ ਪੂਰੇ ਭਾਰਤ ਵਿੱਚ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਇਸ ਦਿਨ ਲੋਕੀਂ ਨਦੀਆਂ, ਦਰਿਆਵਾਂ ਅਤੇ ਸਰੋਵਰਾਂ ਆਦਿ ਵਿਚ ਇਸ਼ਨਾਨ ਕਰਨ ਨੂੰ ਉੱਤਮ ਸਮਝਦੇ ਹਨ। ਪ੍ਰਯਾਗ (ਇਲਾਹਾਬਾਦ) ਵਿੱਚ ਸੰਗਮ ਤੇ ਅਸਥਾਨ ਉੱਤੇ ਧਾਰਮਕ ਭਾਵਨਾਵਾਂ ਨਾਲ ਪੂਜਾ ਅਤੇ ਇਸ਼ਨਾਨ ਕੀਤਾ ਜਾਂਦਾ ਹੈ। ਮਾਘ ਦੇ ਮਹੀਨੇ ਬਾਰੇ ਗੁਰੂ ਗ੍ਰੰਥ ਸਾਹਿਬ ਵਿੱਚ ਇਹ ਜ਼ਿਕਰ ਮਿਲਦਾ ਹੈ: ਮਾਘਿ ਮਜਨੁ ਸੰਗਿ ਸਾਧੂਆ ਧੂੜੀ ਕਰਿ ਇਸਨਾਨ॥ ਪੰਜਾਬ ਵਿੱਚ ਮਾਘੀ ਦਾ ਤਿਉਹਾਰ ਕਈ ਥਾਈਂ ਮਨਾਇਆ ਜਾਂਦਾ ਹੈ। ਪਰ ਮੁਕਤਸਰ ਵਿਖੇ ਇਹ ਮੇਲਾ ਧਾਰਮਕ ਜੋਸ਼ੋ- ਖਰੋਸ਼ ਅਤੇ ਪੂਰੇ ਜਲੌਅ ਨਾਲ ਮਨਾਇਆ ਜਾਂਦਾ ਹੈ। ਸ਼ਹਿਰ ਵਿੱਚ ਨਗਰ ਕੀਰਤਨ ਦਾ ਆਯੋਜਨ ਹੁੰਦਾ ਹੈ ਅਤੇ ਨਿਹੰਗ ਸਿੰਘਾਂ ਅਤੇ ਹੋਰ ਜਥੇਬੰਦੀਆਂ ਵੱਲੋਂ ਮਹੱਲੇ ਅਤੇ ਗੱਤਕੇ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ ਜਾਂਦਾ ਹੈ। ਮੁਕਤਸਰ ਦੇ ਗੁਰਦੁਆਰਾ ਟੁੱਟੀ ਗੰਢੀ ਦੇ ਸਰੋਵਰ ਵਿੱਚ ਪਹਿਲੀ ਮਾਘ ਦੀ ਆਮਦ ਤੇ ਮੂੰਹ ਹਨੇਰੇ ਹੀ ਇਸ਼ਨਾਨ ਕਰਨਾ ਪਵਿੱਤਰ ਸਮਝਿਆ ਜਾਂਦਾ ਹੈ। ਗੁਰੂ ਗੋਬਿੰਦ ਸਿੰਘ ਜੀ (1666-1708 ਈ.) ਦੇ ਸਮੇਂ ਵਿੱਚ ਇਸ ਸ਼ਹਿਰ ਦਾ ਨਾਂ ਖਿਦਰਾਣਾ ਸੀ ਅਤੇ ਇੱਥੇ ਪਾਣੀ ਦਾ ਸੋਮਾ ਹੋਣ ਕਰਕੇ ਇਸ ਨੂੰ ‘ਖਿਦਰਾਣੇ ਦੀ ਢਾਬ’ ਕਿਹਾ ਜਾਂਦਾ ਸੀ। ਮੌਜੂਦਾ ਸਮੇਂ ਇਹ ਪੰਜਾਬ ਦਾ ਇੱਕ ਜ਼ਿਲ੍ਹਾ ਬਣ ਚੁੱਕਾ ਹੈ ਤੇ ਇਸ ਨੂੰ ਸ੍ਰੀ ਮੁਕਤਸਰ ਸਾਹਿਬ ਦਾ ਨਾਂ ਦਿੱਤਾ ਗਿਆ ਹੈ। ਦਸਮੇਸ਼ ਪਿਤਾ ਨੇ ਮੁਗ਼ਲਾਂ ਨਾਲ ਆਖਰੀ ਜੰਗ ਮਈ 1704 ਈ. ਵਿੱਚ ਇੱਥੇ ਹੀ ਲੜੀ ਸੀ। ਇੱਥੇ ਹੀ ਆਨੰਦਪੁਰ ਸਾਹਿਬ ਤੋਂ ਭਾਈ ਮਹਾਂ ਸਿੰਘ ਦੀ ਅਗਵਾਈ ਵਿਚ ਗੁਰੂ ਜੀ ਨੂੰ ਬੇਦਾਵਾ ਦੇ ਗਏ ਚਾਲੀ ਸਿੰਘਾਂ ਨੇ ਮਾਈ ਭਾਗੋ ਦੀ ਕਮਾਨ ਹੇਠ ਜੰਗ ਵਿੱਚ ਹਿੱਸਾ ਲਿਆ ਸੀ। ਇਸੇ ਥਾਂ ਗੁਰੂ ਜੀ ਨੇ ਭਾਈ ਮਹਾਂ ਸਿੰਘ ਦੇ ਸਾਹਮਣੇ ਬੇਦਾਵੇ ਦਾ ਕਾਗਜ਼ ਪਾੜ ਕੇ ਟੁੱਟੀ ਗੰਢ ਦਿੱਤੀ ਸੀ। ਦਸਮ ਪਾਤਸ਼ਾਹ ਨੇ ਜੰਗ ਵਿੱਚ ਜੂਝ ਮੋਏ ਸਿੰਘਾਂ ਦਾ ਆਪਣੇ ਹੱਥੀਂ ਸਸਕਾਰ ਕਰਕੇ ਇਸ ਧਰਤੀ ਨੂੰ ‘ਮੁਕਤ-ਸਰ’ ਦਾ ਨਾਂ ਦਿੱਤਾ ਸੀ। ਬੇਦਾਵੀਏ ਸਿੰਘਾਂ ਦੀ ਗੁਰੂ ਜੀ ਦੇ ਹੱਥੋਂ ਮੁਕਤੀ ਹੋਣ ਦੀ ਗਾਥਾ ਇਨ੍ਹਾਂ ਪੰਕਤੀਆਂ ਵਿਚ ਸੁੰਦਰ ਢੰਗ ਨਾਲ ਬਿਆਨੀ ਗਈ ਹੈ: ਖਿਦਰਾਣਾ ਕਰ ਮੁਕਤਸਰ ਮੁਕਤ ਮੁਕਤ ਸਭ ਕੀਨ। ਗੁਰੂ ਸਾਹਿਬ ਦੀ ਯਾਦ ਵਿੱਚ ਮੁਕਤਸਰ ਵਿਖੇ ਬਹੁਤ ਸਾਰੇ ਗੁਰਦੁਆਰੇ ਸੁਭਾਇਮਾਨ ਹਨ, ਜੋ ਆਪ ਦੀ ਮੁਗਲੀਆ ਹਕੂਮਤ ਨਾਲ ਅੰਤਿਮ ਲੜਾਈ ਵਿਚ ਵਿਜੈ ਦੇ ਪ੍ਰਤੀਕ ਹਨ: ਗੁਰਦੁਆਰਾ ਟਿੱਬੀ ਸਹਿਬ ਉਹ ਸਥਾਨ ਹੈ, ਜਿੱਥੇ ਗੁਰੂ ਜੀ ਮੁਗਲ ਸੈਨਾ ਉੱਤੇ ਤੀਰਾਂ ਦੇ ਵਾਰ ਕਰਦੇ ਰਹੇ; ਗੁਰਦੁਆਰਾ ਤੰਬੂ ਸਾਹਿਬ ਉਹ ਥਾਂ ਹੈ, ਜਿੱਥੇ ਝਾੜੀਆਂ ਉੱਤੇ ਸਿੰਘਾਂ ਨੇ ਆਪਣੇ ਪਰਨੇ-ਕਛਹਿਰੇ ਸੁੱਕਣੇ ਪਾ ਕੇ ਮੁਗਲਾਂ ਨੂੰ ਯੁੱਧ ਲਈ ਲਲਕਾਰਿਆ; ਗੁਰਦੁਆਰਾ ਟੁੱਟੀ ਗੰਢੀ ਵਿਖੇ ਗੁਰੂ ਜੀ ਨੇ ਭਾਈ ਮਹਾਂ ਸਿੰਘ ਦੇ ਸਾਹਵੇਂ ਬੇਦਾਵੇ ਦਾ ਕਾਗਜ਼ ਪਾੜਿਆ; ਗੁਰਦੁਆਰਾ ਸ਼ਹੀਦਗੰਜ ਵਿਖੇ ਗੁਰੂ ਜੀ ਨੇ ਆਪਣੇ ਹੱਥੀਂ ਚਾਲੀ ਮੁਕਤਿਆਂ ਦਾ ਸਸਕਾਰ ਕੀਤਾ। ਮੈਂ ਬਚਪਨ ਤੋਂ ਹੀ ਆਪਣੇ ਪਿਤਾ ਜੀ ਨਾਲ ਮੇਲਾ ਮਾਘੀ ਦੇ ਦਿਨਾਂ (11 ਜਨਵਰੀ ਤੋਂ 15 ਜਨਵਰੀ) ਵਿੱਚ ਮੁਕਤਸਰ ਵਿਖੇ ਜੀਵਨ ਦੇ ਕਰੀਬ ਪੰਤਾਲੀ ਕੁ ਵਰ੍ਹੇ ਜਾਂਦਾ ਰਿਹਾ ਹਾਂ। ਮੇਰੇ ਪਿਤਾ ਗਿਆਨੀ ਕਰਤਾਰ ਸਿੰਘ (1921-2013) ਨੇ ਆਪਣੀ ਪੜ੍ਹਾਈ ਅਤੇ ਅਧਿਆਪਨ ਦਾ ਵਧੇਰੇ ਸਮਾਂ ਮੁਕਤਸਰ ਦੇ ਖ਼ਾਲਸਾ ਹਾਈ ਸਕੂਲ ਵਿਖੇ ਬਿਤਾਇਆ। ਇਸ ਸ਼ਹਿਰ ਨਾਲ ਖ਼ਾਸ ਲਗਾਓ ਹੋਣ ਕਰਕੇ ਉਨ੍ਹਾਂ ਨੇ ਆਪਣੇ ਨਾਂ ਨਾਲ ‘ਮੁਕਤਸਰੀ’ ਲਿਖਣਾ ਸ਼ੁਰੂ ਕਰ ਦਿੱਤਾ ਅਤੇ ਇਸ ਦੇ ਪ੍ਰਮਾਣ ਵਜੋਂ ਰਬੜ ਦੀ ਇੱਕ ਮੋਹਰ ਵੀ ਤਿਆਰ ਕਰਵਾਈ, ਜੋ ਅਜੇ ਤੱਕ ਮੇਰੇ ਕੋਲ ਸਾਂਭੀ ਹੋਈ ਹੈ। ਮੇਰੇ ਪਿਤਾ ਜੀ ਨੇ ਆਪਣੇ ਮੁੱਖ ਅਧਿਆਪਕ ਸ. ਇਕਬਾਲ ਸਿੰਘ ਦੀ ਸੰਗਤ ਵਿੱਚ ਪੰਜਵੀਂ ਵਿੱਚ ਪੜ੍ਹਦਿਆਂ ਹੀ ਮੇਲੇ ਦੇ ਦਿਨੀਂ ਸੰਗਤਾਂ ਦੀ ਸੇਵਾ ਵਿਚ ਜਾਣਾ ਸ਼ੁਰੂ ਕਰ ਦਿੱਤਾ ਸੀ। ਪਿੱਛੋਂ ਅਧਿਆਪਕ ਬਣਨ ਤੇ ਮੇਰੇ ਪਿਤਾ ਨੇ ਕੁਝ ਵਿਦਿਆਰਥੀਆਂ ਸਮੇਤ ਮੇਲੇ ਸਮੇਂ ਯਾਤਰੀਆਂ ਦੇ ਸਾਈਕਲ ਸੰਭਾਲਣ ਦੀ ਸੇਵਾ ਨਿਭਾਈ। ਹੌਲੀ-ਹੌਲੀ ਗੁਰਦੁਆਰੇ ਵੱਲੋਂ ਉਨ੍ਹਾਂ ਦੀ ਪੱਕੀ ਡਿਊਟੀ ਹੀ ਲੱਗ ਗਈ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਕਾਸ਼ਿਤ ਇਸ਼ਤਿਹਾਰਾਂ ਵਿੱਚ ਵੀ ਉਨ੍ਹਾਂ ਦਾ ਨਾਂ ਛਾਪਿਆ ਜਾਣ ਲੱਗ ਪਿਆ। ਸਰਕਾਰੀ ਸੇਵਾ ਵਿੱਚ ਆਉਣ ਅਤੇ ਸੇਵਾਮੁਕਤੀ ਪਿੱਛੋਂ ਵੀ ਉਹ ਮੇਲਾ ਮਾਘੀ ਮੁਕਤਸਰ ਵਿਖੇ ਪਹਿਲਾਂ ਸਾਈਕਲ ਅਤੇ ਪਿੱਛੋਂ ਸਾਮਾਨ ਸੰਭਾਲਣ ਦੀ ਸੇਵਾ ਲਈ ਜਾਂਦੇ ਰਹੇ। ਕਰੀਬ 70 ਕੁ ਸਾਲ ਦੀ ਉਮਰ ਤਕ ਉਨ੍ਹਾਂ ਨੇ ਨਿਰਵਿਘਨ ਇਹ ਸੇਵਾ ਨਿਭਾਈ, ਜਿਸ ਲਈ ਉਨ੍ਹਾਂ ਨੂੰ ਕਈ ਵਾਰੀ ਗੁਰਦੁਆਰੇ ਦੇ ਮੈਨੇਜਰ ਵੱਲੋਂ ਸਿਰੋਪਾਓ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਪਿੱਛੋਂ ਵਡੇਰੀ ਉਮਰ ਹੋਣ ਕਰਕੇ ਉਨ੍ਹਾਂ ਨੇ ਇਹ ਸੇਵਾ ਨਿਭਾਉਣ ਤੋਂ ਖਿਮਾ ਸਹਿਤ ਮੁਆਫ਼ੀ ਮੰਗ ਲਈ ਅਤੇ ਸਾਲ 2011 ਤੋਂ ਪਿੱਛੋਂ ਉਨ੍ਹਾਂ ਦਾ ਨਾਂ ਇਸ਼ਤਿਹਾਰਾਂ ਵਿੱਚ ਛਪਣਾ ਬੰਦ ਹੋ ਗਿਆ। ਮੇਰੇ ਪਿਤਾ ਜੀ ਨੂੰ ਉਨ੍ਹਾਂ ਦੇ ਵਿਦਿਆਰਥੀ, ਆਂਢੀ-ਗੁਆਂਢੀ ਅਤੇ ਸ਼ਹਿਰ-ਵਾਸੀ ‘ਗਿਆਨੀ ਜੀ’ ਕਹਿ ਕੇ ਬੁਲਾਉਂਦੇ ਸਨ। ਉਨ੍ਹਾਂ ਨੇ ਵੱਖ-ਵੱਖ ਸਰਕਾਰੀ ਸਕੂਲਾਂ ਵਿੱਚ ਨੌਕਰੀ ਕਰਦਿਆਂ ਪਰਿਵਾਰ ਅਤੇ ਵਿਦਿਆਰਥੀਆਂ ਨਾਲ ਮੇਲਾ ਮਾਘੀ ਦੇ ਦਿਨੀਂ ਮੁਕਤਸਰ ਜਾਣ ਦੇ ਨੇਮ ਨੂੰ ਬਰਕਰਾਰ ਰੱਖਿਆ। ਕੋਟਕਪੂਰਾ ਅਤੇ ਗੋਨਿਆਣਾ ਮੰਡੀ ਵਿਖੇ ਨੌਕਰੀ ਕਰਦਿਆਂ ਅਸੀਂ ਪਰਿਵਾਰ ਸਮੇਤ ਪਿਤਾ ਜੀ ਨਾਲ ਰੇਲ ਗੱਡੀ ਰਾਹੀਂ ਮੁਕਤਸਰ ਜਾਂਦੇ ਸਾਂ। ਉੱਥੇ ਰਿਹਾਇਸ਼ ਦਾ ਪ੍ਰਬੰਧ ਗੁਰਦੁਆਰੇ ਵੱਲੋਂ ਸਰਾਂ ਵਿੱਚ ਕੀਤਾ ਜਾਂਦਾ ਸੀ ਅਤੇ ਅਸੀਂ ਹੇਠਾਂ ਪਰਾਲੀ ਉੱਤੇ ਬਿਸਤਰੇ ਵਿਛਾ ਕੇ ਸੌਂਦੇ ਸਾਂ। ਮੈਨੂੰ ਪਰਾਲੀ ਬਾਰੇ ਪਹਿਲੀ ਜਾਣਕਾਰੀ ਮੁਕਤਸਰ ਵਿਖੇ ਹੀ ਮਿਲੀ ਸੀ। ਉਨ੍ਹਾਂ ਦਿਨਾਂ ਵਿੱਚ ਦੋ ਤਰ੍ਹਾਂ ਦੀਆਂ ਰੇਲ-ਗੱਡੀਆਂ ਚੱਲਦੀਆਂ ਸਨ, ਜਿਨ੍ਹਾਂ ਨੂੰ ਆਮ ਲੋਕੀਂ ਵੱਡੀ ਗੱਡੀ ਅਤੇ ਛੋਟੀ ਗੱਡੀ ਕਹਿੰਦੇ ਸਨ। ਅਸਲ ਵਿੱਚ ਇਹ ‘ਬਰਾਡਗੇਜ’ ਅਤੇ ‘ਨੈਰੋਗੇਜ’ ਦਾ ਖੁੱਲ੍ਹਾ ਜਿਹਾ ਅਨੁਵਾਦ ਹੈ। ਇਨ੍ਹੀਂ ਦਿਨੀਂ ਛੋਟੀਆਂ ਗੱਡੀਆਂ (ਨੈਰੋਗੇਜ) ਬੰਦ ਹਨ, ਸਿਰਫ਼ ਵੱਡੀਆਂ ਗੱਡੀਆਂ ਹੀ ਚਲਦੀਆਂ ਹਨ। ਕੋਟਕਪੂਰਾ ਨੇੜੇ ਪਿੰਡ ਲਾਲੇਆਣਾ ਦਾ ਪੰਡਤਾਂ ਦਾ ਇੱਕ ਮੁੰਡਾ ਜਗਨਨਾਥ, ਇੱਕ ਵਾਰ ਕਿਸੇ ਕਾਰਨ ਮੇਰੇ ਪਿਤਾ ਜੀ ਦੇ ਜਥੇ ਨਾਲ ਮੁਕਤਸਰ ਜਾਣੋਂ ਖੁੰਝ ਗਿਆ ਸੀ ਤੇ ਉਹ ਅਗਲੇ ਦਿਨ ਪਹੁੰਚਿਆ। ਮੈਨੂੰ ਅੱਜ ਕਰੀਬ ਪੰਤਾਲੀ ਸਾਲਾਂ ਬਾਅਦ ਵੀ ਇਨਬਿਨ ਯਾਦ ਹੈ ਕਿ ਉਹਨੇ ਬਿਨਾਂ ਟਿਕਟ ਸਫਰ ਕਰਨ ਦੀ ਸਾਰੀ ਘਟਨਾ ਪਿਤਾ ਜੀ ਨੂੰ ਸੁਣਾਈ ਸੀ ਕਿ ਰਾਹ ਵਿੱਚ ਇੱਕ ਥਾਂ ਟਿਕਟ-ਚੈਕਰ ਆ ਗਿਆ ਤਾਂ ਜਗਨਨਾਥ ਨੇ ਟਿਕਟ ਨਾ ਲਈ ਹੋਣ ਦੀ ਵਜ੍ਹਾ ਦੱਸਦਿਆਂ ਬੇਝਿਜਕ ਹੋ ਕੇ ਚੈੱਕਰ ਨੂੰ ਕਿਹਾ ਸੀ, “ਮੈਂ ਤਾਂ ਗਿਆਨੀ ਜੀ ਨਾਲ ਮੇਲਾ ਮਾਘੀ ਮੁਕਤਸਰ ਵਿਖੇ ਸੇਵਾ ਕਰਨ ਜਾ ਰਿਹਾ ਹਾਂ।” ਚੈੱਕਰ ਨੇ ਪੁੱਛਿਆ ਸੀ, “ਕਿਹੜੇ ਗਿਆਨੀ ਜੀ?” ਮੁੰਡੇ ਨੇ ਹੁਸ਼ਿਆਰੀ ਨਾਲ ਜਵਾਬ ਦਿੱਤਾ ਸੀ, “ਹੈਂ, ਤੁਸੀਂ ਗਿਆਨੀ ਜੀ ਨੂੰ ਨਹੀਂ ਜਾਣਦੇ? ਉਨ੍ਹਾਂ ਨੂੰ ਤਾਂ ਸਾਰੀ ਦੁਨੀਆਂ ਜਾਣਦੀ ਹੈ…” ਤੇ ਚੈੱਕਰ ਨੇ ਜਗਨਨਾਥ ਨੂੰ ਬਿਨਾਂ ਟਿਕਟ ਸਫਰ ਕਰਨ ਦੀ ਆਗਿਆ ਦੇ ਦਿੱਤੀ ਸੀ। ਉਨ੍ਹਾਂ ਦਿਨਾਂ ਵਿੱਚ ਹਫ਼ਤਾ-ਦਸ ਦਿਨ ਮੇਲੇ ਦਾ ਮਾਹੌਲ ਬਣਿਆ ਰਹਿੰਦਾ ਸੀ। ਦੂਰ-ਦੁਰਾਡੇ ਤੋਂ ਲੋਕੀਂ ਹੁੰਮ-ਹੁਮਾ ਕੇ ਮੇਲੇ ਵਿੱਚ ਸਜਧਜ ਕੇ ਜਾਂਦੇ ਸਨ। ਮੇਲੇ ਵਿੱਚ ਕਾਨਫਰੰਸਾਂ, ਝੂਲੇ, ਸਰਕਸਾਂ, ਜਾਦੂ ਦੇ ਸ਼ੋਅ, ਖਾਣ ਪੀਣ ਦੀਆਂ ਦੁਕਾਨਾਂ, ਖਜਲਾ ਮਿਠਾਈ, ਰੈਗਜ਼ ਵਾਲੇ ਕੱਪੜੇ ਆਦਿ ਕਈ ਕੁਝ ਹੁੰਦਾ ਸੀ। ਮੈਂ ਪਹਿਲੀ ਵੇਰ ਖਜਲਾ ਮਿਠਾਈ ਮੁਕਤਸਰ ਤੇ ਮੇਲੇ ਵਿਚ ਹੀ ਵੇਖੀ ਅਤੇ ਖਾਧੀ ਸੀ। ਚਿੱਟੇ ਰੰਗ ਦੀ, ਪਾਥੀ ਜਿਹੇ ਆਕਾਰ ਦੀ ਅਜੀਬ ਮਿਠਾਈ ਵੇਖ ਕੇ ਮੈਂ ਦੰਗ ਰਹਿ ਗਿਆ ਸਾਂ। ਮੇਲੇ ਦੇ ਆਖ਼ਰੀ ਦਿਨਾਂ ਵਿੱਚ ਭੀੜ ਘਟਣ ਤੇ ਮੇਰੇ ਪਿਤਾ ਜੀ ਸਾਰੇ ਪਰਿਵਾਰ ਅਤੇ ਵਿਦਿਆਰਥੀਆਂ ਨੂੰ ਸਰਕਸ ਵਿਖਾ ਕੇ ਲਿਆਉਂਦੇ ਸਨ। ਮੈਂ ਆਪਣੇ ਜੀਵਨ ਵਿਚ ਪਹਿਲੀ ਵਾਰੀ ਸਰਕਸ (ਗਰੇਟ ਰੇਮਨ ਸਰਕਸ) ਮੁਕਤਸਰ ਦੇ ਮੇਲੇ ਵਿਚ ਹੀ ਵੇਖੀ ਸੀ। ਪਿਤਾ ਜੀ ਮੈਨੂੰ ਰਾਜਸੀ ਕਾਨਫ਼ਰੰਸਾਂ, ਖ਼ਾਸ ਕਰਕੇ ਧਾਰਮਿਕ ਇਕੱਠਾਂ ਵਿੱਚ ਵੀ ਲੈ ਕੇ ਜਾਂਦੇ ਤੇ ਮੈਨੂੰ ਸਟੇਜ ਉੱਤੇ ਭਾਸ਼ਣ ਕਰਨ ਦਾ ਪਹਿਲਾ ਮੌਕਾ ਮੇਲਾ ਮਾਘੀ ਮੁਕਤਸਰ ਵਿਖੇ ਹੀ ਮਿਲਿਆ ਸੀ। ਅੱਜਕੱਲ੍ਹ ਮੁਕਤਸਰ ਦੇ ਮੇਲਾ ਮਾਘੀ ਤੇ ਉਹੋ ਜਿਹੀ ਸ਼ਰਧਾ ਅਤੇ ਚਾਅ ਵੇਖਣ ਨੂੰ ਨਹੀਂ ਮਿਲਦਾ। ਲੋਕਾਂ ਕੋਲ ਸਮੇਂ ਦੀ ਘਾਟ ਹੈ- ਉਹ ਕਾਹਲੀ ਵਿੱਚ ਆਉਂਦੇ ਨੇ ਤੇ ਕਾਹਲੀ ਵਿੱਚ ਹੀ ਮੁੜ ਜਾਂਦੇ ਨੇ। ਸੰਗਤ ਵਿੱਚ ਬੈਠਣ, ਗੁਰੂ ਜੱਸ ਸੁਣਨ, ਸੇਵਾ ਕਰਨ, ਲੰਗਰ ‘ਚੋਂ ਪ੍ਰਸ਼ਾਦਾ ਛਕਣ ਆਦਿ ਦਾ ਨਾ ਨਵੀਂ ਪੀੜ੍ਹੀ ਨੂੰ ਸ਼ੌਕ ਹੈ ਤੇ ਨਾ ਹੀ ਵਿਸ਼ਵਾਸ। ਮੇਲਿਆਂ ਦਾ ਰੰਗ-ਢੰਗ ਬਦਲਦਾ ਜਾ ਰਿਹਾ ਹੈ। ਇੱਥੇ ਧਰਮ ਨਾਲੋਂ ਰਾਜਨੀਤੀ ਭਾਰੂ ਹੋ ਰਹੀ ਹੈ। ਜਿਸ ਕਰਕੇ ਲੋਕ ਪੁਰਾਣੇ ਸਰੋਕਾਰਾਂ ਨੂੰ ਤਿਆਗ ਰਹੇ ਹਨ। ਲੋਕੀਂ ਹੁਣ ਘਰੇ ਬੈਠੇ ਹੀ ਟੀਵੀ ਰਾਹੀਂ ਮੇਲੇ ਬਾਰੇ ਜਾਣਕਾਰੀ ਹਾਸਲ ਕਰ ਲੈਂਦੇ ਹਨ। ਮੇਰੇ ਪਿਤਾ ਜੀ ਨੇ ਮੈਨੂੰ ਸਿੱਖ-ਸਥਾਨਾਂ/ ਇਕੱਠਾਂ ‘ਤੇ ਜਾਣ ਦਾ ਜੋ ਮੌਕਾ ਦਿੱਤਾ ਸੀ, ਉਹਨੂੰ ਮੈਂ ਆਪਣੇ ਪਰਿਵਾਰ ਨਾਲ ਅਜੇ ਵੀ ਸਾਂਝਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ। |
*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ। |
ਪ੍ਰੋ. ਨਵ ਸੰਗੀਤ ਸਿੰਘ
ਅਕਾਲ ਯੂਨੀਵਰਸਿਟੀ,
ਤਲਵੰਡੀ ਸਾਬੋ, ਬਠਿੰਡਾ,
ਪੰਜਾਬ, ਭਾਰਤ
+91 9417692015