1.ਧਾਰਮਿਕ ਸੈਮੀਨਾਰ
* ਮੂਲ : ਇੰਦੂਕਾਂਤ ਆਂਗਿਰਸ ਲੋਕਤੰਤਰ ਵਿੱਚ ਆਯੋਜਿਤ ਧਾਰਮਿਕ ਸੈਮੀਨਾਰ ਵਿੱਚ ਈਸਾਈ, ਹਿੰਦੂ, ਮੁਸਲਮਾਨ ਆਦਿ ਧਰਮਾਂ ਦੇ ਪ੍ਰਤੀਨਿਧ ਮੌਜੂਦ ਸਨ। ਕੁਝ ਈਸਾਈਆਂ ਨੇ ਹਿੰਦੂਆਂ ਨੂੰ ਈਸਾਈ ਬਣਾਇਆ ਤਾਂ ਮਸੀਹਾ ਮੁਸਕਰਾਇਆ। ਕੁਝ ਮੁਸਲਮਾਨ ਭਰਾਵਾਂ ਨੇ ਹਿੰਦੂਆਂ ਨੂੰ ਮੁਸਲਮਾਨ ਬਣਾਇਆ ਤਾਂ ਅੱਲ੍ਹਾ ਨੇ ਠਹਾਕਾ ਮਾਰਿਆ। ਹਿੰਦੂਆਂ ਨੇ ਈਸਾਈ ਅਤੇ ਮੁਸਲਮਾਨਾਂ ਨੂੰ ਹਿੰਦੂ ਬਣਾਇਆ ਤਾਂ ਸ਼ਿਵ ਦੇ ਡਮਰੂ ਬ੍ਰਹਮਨਾਦ ਵਜਾਇਆ। ਹਿੰਦੂਆਂ ਨੇ ਸਭ ਨੂੰ ਹਿੰਦੂਤਵ ਦਾ ਪਾਠ ਪੜ੍ਹਾਇਆ। ਸਭ ਕੁਝ ਸੌਖ ਨਾਲ ਹੋ ਗਿਆ। ਪਰ ਅਫ਼ਸੋਸ ਕਿ ਇਸ ਅਦਲਾ ਬਦਲੀ ਵਿੱਚ ਇਨਸਾਨ ਕਿਧਰੇ ਗੁੰਮ ਹੋ ਗਿਆ। ਆਕਾਸ਼ ਤੋਂ ਇੱਕ ਤਾਰਾ ਟੁੱਟਿਆ। ਮਾਨਵਤਾ ਤੇ ਬਿਜਲੀ ਡਿੱਗੀ ਅਤੇ ਧਰਮ ਦਾ ਸਿਰ ਸ਼ਰਮ ਨਾਲ ਝੁਕ ਗਿਆ। ਸਾਰੇ ਧਰਮਾਂ ਦੇ ਲੋਕ ਸੈਮੀਨਾਰ ‘ਚੋਂ ਬਾਹਰ ਨਿਕਲੇ ਅਤੇ ਆਪੋ ਆਪਣੇ ਘਰਾਂ ਵਿੱਚ ਚਲੇ ਗਏ। 2. ਹਾਸਾ * ਮੂਲ : ਸੁਰੇਸ਼ ਬਰਨਵਾਲ “ਐਨੇ ਦੰਦ ਨਾ ਕੱਢਿਆ ਕਰ।” ਮਾਂ ਨੇ ਉਹਨੂੰ ਪਿਆਰ ਨਾਲ ਝਿੜਕਿਆ, “ਸਾਰਾ ਦਿਨ ‘ਹਾ-ਹਾ-ਹੀ-ਹੀ’ ਕਰਦੀ ਰਹਿਨੀ ਏਂ। ਹੁਣ ਵੱਡੀ ਹੋ ਗਈ ਹੈਂ। ਕੱਲ੍ਹ ਨੂੰ ਸਹੁਰੇ ਜਾਏਂਗੀ ਤਾਂ ਓਥੇ ਬੁਰਾ ਸਮਝਣਗੇ ਸਾਰੇ। ਕਹਿਣਗੇ ਕੁੜੀ ਵਿੱਚ ਸ਼ਰਾਫ਼ਤ ਨਾਂ ਦੀ ਚੀਜ਼ ਹੀ ਨਹੀਂ!” ਮਾਂ ਨੇ ਆਪਣੀ ਜਵਾਨ ਹੁੰਦੀ ਧੀ ਦੇ ਖਿੜੇ ਚਿਹਰੇ ਵੱਲ ਵੇਖਿਆ ਅਤੇ ਇੱਕ ਪੀੜ ਜਿਹੀ ਉਭਰ ਆਈ। ਉਹਦੀਆਂ ਅੱਖਾਂ ਵਿੱਚ ਨਮੀ ਆਈ ਤੇ ਫਿਰ ਖਤਮ ਹੋ ਗਈ। ਬੇਟੀ ਨੇ ਮਾਂ ਵੱਲ ਵੇਖਿਆ ਅਤੇ ਅਚਾਨਕ ਮਾਂ ਦੀ ਚੁੰਨੀ ਖਿੱਚ ਕੇ ਹਵਾ ਵਿੱਚ ਉਛਾਲ ਦਿੱਤੀ। ਇਸ ਤੋਂ ਪਹਿਲਾਂ ਕਿ ਮਾਂ ਕੁਝ ਸਮਝਦੀ, ਬੇਟੀ ਨੇ ਮਾਂ ਦੇ ਕੁਤਕੁਤਾੜੀ ਕੱਢ ਕੇ ਹਸਾਉਣਾ ਸ਼ੁਰੂ ਕਰ ਦਿੱਤਾ। ਮਾਂ ਪਹਿਲਾਂ ਘਬਰਾਈ, ਫਿਰ ਗੁੱਸੇ ਹੋਈ, ਫਿਰ ਹੱਸਣ ਲੱਗ ਪਈ। ਹੁਣ ਉਹ ਜ਼ੋਰ ਜ਼ੋਰ ਨਾਲ ਹੱਸ ਰਹੀ ਸੀ। ਧੀ ਨੇ ਕੁਤਕੁਤਾੜੀ ਬੰਦ ਕਰ ਦਿੱਤੀ, ਪਰ ਮਾਂਆਜੇ ਵੀ ਹੱਸੀ ਜਾ ਰਹੀ ਸੀ। ਹੁਣ ਉਹ ਇਉਂ ਹੱਸ ਰਹੀ ਸੀ, ਜਿਵੇਂ ਜਵਾਨ ਉਮਰ ਦੇ ਰੋਕੇ ਹਾਸੇ ਦਾ ਕੋਈ ਬੰਨ੍ਹ ਟੁੱਟ ਗਿਆ ਹੋਵੇ! 3. ਕਹਾਣੀਆਂ ਦਾ ਕਤਲ * ਮੂਲ : ਸੁਰੇਸ਼ ਬਰਨਵਾਲ “ਜੰਗਲ ਦੀ ਕਹਾਣੀ ਸੁਣਾਵਾਂ?” ਰਾਤ ਨੂੰ ਸੌਣ ਵੇਲੇ ਦਾਦੀ ਨੇ ਆਪਣੀ ਛੋਟੀ ਪੋਤੀ ਤੋਂ ਪੁੱਛਿਆ। “ਉਹ ਅੰਕਲ…ਉਹ, ਮੰਮੀ ਨੂੰ ਪਰੀ ਵਰਗੀ ਸੋਹਣੀ ਕਹਿ ਰਹੇ ਸਨ ਅਤੇ ਫਿਰ ਉਨ੍ਹਾਂ ਨੇ ਮੰਮੀ ਨੂੰ ਮਾਰ ਦਿੱਤਾ।” ਬੱਚੀ ਅਚਾਨਕ ਦਹਾੜ ਮਾਰ ਕੇ ਰੋਣ ਲੱਗੀ। ਦਾਦੀ ਠਠੰਬਰ ਗਈ। ਉਹ ਸਮਝ ਗਈ ਕਿ ਉਹਦੀ ਪੰਜ ਸਾਲ ਦੀ ਪੋਤੀ ਇਨ੍ਹਾਂ ਸ਼ਬਦਾਂ ਤੋਂ ਕਿਉਂ ਦਹਿਸ਼ਤ ਵਿੱਚ ਆ ਗਈ ਹੈ। ਇੱਕ ਸਾਲ ਵੀ ਤਾਂ ਨਹੀਂ ਹੋਇਆ ਜਦੋਂ ਗੁੰਡਿਆਂ ਨੇ ਉਹਦੇ ਘਰ ਤੇ ਹਮਲਾ ਕੀਤਾ ਸੀ। ਉਹਦੇ ਬੇਟੇ ਨੂੰ ਮਾਰ ਦਿੱਤਾ ਸੀ ਅਤੇ ਉਹਦੀ ਨੂੰਹ ਨੂੰ ਖੁੱਲ੍ਹੀ ਜੀਪ ਵਿੱਚ ਸੁੱਟ ਕੇ ਨਾਲ ਦੇ ਜੰਗਲ ਵਿੱਚ ਲੈ ਗਏ ਸਨ। ਬੇਟੀ ਮਾਂ ਨਾਲ ਚਿੰਬੜੀ ਚਿੰਬੜੀ ਓਥੇ ਚਲੀ ਗਈ ਸੀ ਅਤੇ ਪਿੱਛੋਂ ਸਦਮੇ ਕਾਰਨ ਬੇਹੋਸ਼ ਮਿਲੀ ਸੀ। ਦਾਦੀ ਨੂੰ ਯਾਦ ਆਇਆ ਕਿ ਕਿਵੇਂ ਗੁੰਡਿਆਂ ਦਾ ਸਰਦਾਰ ਜਾਂਦੇ ਜਾਂਦੇ ਕਹਿ ਕੇ ਗਿਆ ਸੀ “ਅਸੀਂ ਸ਼ੇਰ ਹਾਂ। ਸਾਥੋਂ ਕੋਈ ਕਿਵੇਂ ਲੁਕਿਆ ਰਹਿ ਸਕਦਾ ਹੈ! ਅਸੀਂ ਮਾਸ ਨੂੰ ਕਿਤੋਂ ਵੀ ਸੁੰਘ ਲੈਂਦੇ ਹਾਂ।” # ਅਨੁ : ਪ੍ਰੋ. ਨਵ ਸੰਗੀਤ ਸਿੰਘ, |
*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ। |
ਪ੍ਰੋ. ਨਵ ਸੰਗੀਤ ਸਿੰਘ
ਅਕਾਲ ਯੂਨੀਵਰਸਿਟੀ,
ਤਲਵੰਡੀ ਸਾਬੋ, ਬਠਿੰਡਾ,
ਪੰਜਾਬ, ਭਾਰਤ
+91 9417692015