ਦੀਵਾਲੀਏ ਨੀ ਦੀਨ ਦੀਏ, ਤੈਨੂੰ ਕੀ ਸਿਖਾਵਾਂ ਮੈਂ,
ਹਨੇਰੇ ਅਤੇ ਰੌਸ਼ਨੀ ਦਾ, ਸੱਚ ਕੀ ਸੁਣਾਵਾਂ ਮੈਂ।
ਕਹਿੰਦੇ ਨੇ ਹਨੇਰਾ ਕਦੀ, ਭਲਾ ਨਹੀਂਓ ਹੋਮਦਾ,
ਚੰਗੇ ਭਲੇ ਬੰਦਿਆਂ ਤੋਂ, ਰਸਤੇ ਹੈ ਖੋਹਮਦਾ।
ਪਰ ਅਕਲਾਂ ਦੇ ਅੰਨ੍ਹਿਆਂ ਨੂੰ, ਰਾਹ ਕੀ ਦਿਖਾਵਾਂ ਮੈਂ,
ਹਨੇਰੇ ਅਤੇ ਰੌਸ਼ਨੀ ਦਾ, ਸੱਚ ਕੀ ਸੁਣਾਵਾਂ ਮੈਂ।
ਚਕਚੌਂਧ ਰੌਸ਼ਨੀ ਵੀ, ਅੰਨ੍ਹਾ ਕਰੇ ਬੰਦਿਆਂ ਨੂੰ,
ਮਾਇਆ ਦੀ ਚਮਕ ਵੀ ਤਾਂ, ਚੌੜ ਕਰੇ ਧੰਦਿਆਂ ਨੂੰ।
ਫੇਰ ਦੱਸ ਕਿਹਦੇ ਲਈ, ਦੀਵਾ ਕੋਈ ਜਗਾਵਾਂ ਮੈਂ,
ਹਨੇਰੇ ਅਤੇ ਰੌਸ਼ਨੀ ਦਾ, ਸੱਚ ਕੀ ਸੁਣਾਵਾਂ ਮੈਂ।
ਭੋਲੇ ਭਾਲੇ ਬੰਦਿਆਂ ਨੂੰ, ਦਿਨ ਜਾਵੇ ਲੁੱਟਦਾ,
ਰਾਤ ਦੇ ਹਨੇਰਿਆਂ ‘ਚ, ਗਰੀਬ ਜਾਵੇ ਲੁਕਦਾ।
ਹਨੇਰਿਆਂ ਦੇ ਕਿਹੜੇ ਖੂੰਜੇ, ਗਰੀਬੀ ਜਾ ਲੁਕਾਵਾਂ ਮੈਂ,
ਹਨੇਰੇ ਅਤੇ ਰੌਸ਼ਨੀ ਦਾ, ਸੱਚ ਕੀ ਸੁਣਾਵਾਂ ਮੈਂ।
ਗਿਆਨ ਵਾਲੀ ਰੌਸ਼ਨੀ ਦਾ, ਚੱਲਦਾ ਨਾ ਜ਼ੋਰ ਇੱਥੇ,
ਸੱਚ ਦੇ ਅਸੂਲਾਂ ਨੂੰ ਵੀ, ਜਾ ਕੇ ਟਿਕਾਈਏ ਕਿੱਥੇ।
ਕਿਹੜੀ ਖੁਸ਼ੀ ਮੁੱਖ ਰੱਖ, ਤੇਰੇ ਗੀਤ ਗਾਵਾਂ ਮੈਂ,
ਹਨੇਰੇ ਅਤੇ ਰੌਸ਼ਨੀ ਦਾ, ਸੱਚ ਕੀ ਸੁਣਾਵਾਂ ਮੈਂ।
ਪਟਾਕਿਆਂ ਦੀ ਤਾੜ੍ਹ ਤਾੜ੍ਹ, ਪੁਤਲਿਆਂ ਦੀ ਸਾੜ ਸਾੜ,
ਬਦੀਆਂ ਦੇ ਬੰਦਿਆਂ ਦੀ, ਨਿੱਤ ਨਿੱਤ ਉੱਠੇ ਧਾੜ।
ਨੇਕੀਆਂ ਦੀ ਨਿੱਕੀ ਲੜੀ, ਕਿੱਥੇ ਜਾ ਚਲਾਵਾਂ ਮੈਂ,
ਹਨੇਰੇ ਅਤੇ ਰੌਸ਼ਨੀ ਦਾ, ਸੱਚ ਕੀ ਸੁਣਾਵਾਂ ਮੈਂ।
ਦੀਵਾਲੀਏ ਨੀ ਦੀਨ ਦੀਏ, ਤੈਨੂੰ ਕੀ ਸਿਖਾਵਾਂ ਮੈਂ,
ਹਨੇਰੇ ਅਤੇ ਰੌਸ਼ਨੀ ਦਾ, ਸੱਚ ਕੀ ਸੁਣਾਵਾਂ ਮੈਂ।
***
ਰਵਿੰਦਰ ਸਿੰਘ ਕੁੰਦਰਾ
ਕਵੈਂਟਰੀ ਯੂ. ਕੇ.
*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।* |
ਮੇਰਾ ਹਵਾਲਾ
ਅਧਖੜ ਉਮਰ ਵਿੱਚ ਜਾ ਕੇ ਮੈਨੂੰ ਲਿਖਣ ਦਾ ਚਾਅ ਉਦੋਂ ਚੜ੍ਹਿਆ ਜਦੋਂ ਮੇਰਾ ਇੱਕ ਬਚਪਨ ਦਾ ਚੇਤੇ ਵਿੱਚੋਂ ਬਿਲਕੁੱਲ ਵਿਸਰਿਆ ਦੋਸਤ, ਤਖਤ ਕੇਸ ਗੜ੍ਹ ਸਾਹਿਬ ਦਾ ਜਥੇਦਾਰ ਗਿਆਨੀ ਤਰਲੋਚਨ ਸਿੰਘ, ਚਾਲੀ ਕੁ ਸਾਲ ਤੋਂ ਬਾਅਦ ਮੇਰੇ ਹੀ ਰੇਡੀਓ ਸ਼ੋ ਵਿੱਚ ਮੇਰਾ ਮਹਿਮਾਨ ਬਣ ਕੇ ਮੇਰੇ ਸਾਹਮਣੇ ਆਇਆ। ਮੇਰੇ ਮੂੰਹੋਂ ਆਪ ਮੁਹਾਰੇ ਹੀ ਨਿਕਲਿਆ, “ਵਿਛੜਿਆਂ ਮੇਲੈ ਪ੍ਰਭੂ ਹਰਿ ਦਰਗਹਿ ਕਾ ਬੈਸੀਠੁ”। ਇਸੇ ਹੀ ਸ਼ੀਰਸ਼ਕ ਉੱਤੇ ਮੇਰੀ ਪਹਿਲੀ ਹੱਡਬੀਤੀ ਕਹਾਣੀ ਮੈਂ ਲਿਖੀ ਅਤੇ ਜਿਸ ਨੂੰ ਪਾਠਕਾਂ ਨੇ ਪਸੰਦ ਕੀਤਾ ਅਤੇ ਮੇਰਾ ਹੌਸਲਾ ਵਧਾਇਆ ਕਿ ਮੈਂ ਲਿਖਣਾ ਜਾਰੀ ਰੱਖਾਂ। ਇਸ ਤੋਂ ਬਾਅਦ ਕਈ ਕਹਾਣੀਆਂ ਅਤੇ ਫੇਰ ਕਵਿਤਾਵਾਂ ਮੇਰੀ ਜ਼ਿੰਦਗੀ ਦਾ ਰੁਝਾਨ ਬਣ ਗਈਆਂ ਅਤੇ ਸੁੱਖ ਨਾਲ ਇਹ ਸਫ਼ਰ ਹਾਲੇ ਵੀ ਜਾਰੀ ਹੈ। ਜ਼ਿੰਦਗੀ ਦਾ ਨਿਰਬਾਹ ਚਲਾਉਣ ਲਈ ਕਈ ਤਰ੍ਹਾਂ ਦੀਆਂ ਨੌਕਰੀਆਂ, ਜਿਨ੍ਹਾਂ ਵਿੱਚ ਤਰਜਮਾਕਾਰੀ, ਰੇਡੀਓ ਪੇਸ਼ਕਾਰੀ ਆਦਿਕ ਵੀ ਸ਼ਾਮਲ ਸਨ, ਕੀਤੀਆਂ ਅਤੇ ਹੁਣ ਰਿਟਾਇਰਮੈਂਟ ਵਿੱਚ ਹੋਣ ਕਰਕੇ ਸਮਾਜ ਸੇਵਾ ਦੇ ਤੌਰ ‘ਤੇ ਕਈ ਸੰਸਥਾਵਾਂ ਨਾਲ ਸਾਂਝ ਜਾਰੀ ਹੈ। ਉਮੀਦ ਹੈ ਹੱਡ ਪੈਰ ਚੱਲਦਿਆਂ ਤੱਕ ਜਾਰੀ ਰਹੇਗੀ। ਲੋਕਾਂ ਨਾਲ ਮਿਲਣਾ ਗਿਲਣਾ, ਵਿਚਾਰ ਵਟਾਂਦਰਾ ਕਰਨਾ, ਬਹਿਸ ਕਰਨਾ ਮੇਰੇ ਰੋਜ਼ਾਨਾ ਸ਼ੌਂਕ ਹਨ। ਅਸੂਲਾਂ ਉੱਤੇ ਪਹਿਰਾ ਦੇਣ ਦੀ ਭੈੜੀ ਆਦਤ ਹੈ, ਜਿਸ ਕਰਕੇ ਕਈ ਵਾਰੀ ਤਕਲੀਫ਼ ਵੀ ਝੱਲਣੀ ਪੈਂਦੀ ਹੈ, ਪਰ ਆਦਤਾਂ ਵੀ ਤਾਂ ਨਹੀਂ ਨਾ ਛੁੱਟਦੀਆਂ। ਇਸ ਲਿਹਾਜ ਨਾਲ ਜਿਹੜੀ ਵੀ ਚੀਜ਼ ਪ੍ਰਭਾਵਤ ਕਰਦੀ ਹੈ, ਉਸ ਬਾਰੇ ਕਵਿਤਾ ਲਿਖ ਕੇ ਆਪਣਾ ਮਨ ਸ਼ਾਂਤ ਕਰ ਲਈਦਾ ਹੈ। ਮੇਰੀਆਂ ਰਚਨਾਵਾਂ ਵਿੱਚ ਵਿਅੰਗ, ਹਾਸਰਸ, ਇਤਿਹਾਸ, ਸਭਿਆਚਾਰ, ਕੌੜਾ ਸੱਚ ਆਦਿਕ ਸਭ ਸ਼ਾਮਲ ਹੁੰਦੇ ਹਨ। ਇਸ ਤੋਂ ਇਲਾਵਾ ਕਿਤਾਬਾਂ ਦੀ ਪੜਚੋਲ, ਐਡੀਟਰੀ ਦਾ ਵੀ ਸ਼ੌਂਕ ਹੈ ਜਿਸ ਅਧੀਨ ਦੋ ਕੁ ਨਵੇਂ ਲੇਖਕਾਂ ਦੀਆਂ ਕਾਵਿ ਕਿਤਾਬਾਂ ਸੋਧਣ ਦੀ ਸੇਵਾ ਵੀ ਪਿਛਲੇ ਸਾਲਾਂ ਵਿੱਚ ਕੀਤੀ ਹੈ।
ਬਾਕੀ ਸਭ ਠੀਕ ਠਾਕ ਹੈ।
ਰਵਿੰਦਰ ਸਿੰਘ ਕੁੰਦਰਾ
***