18 December 2025

ਪਰਵਾਸ: ਮਨੁੱਖੀ ਜੀਵਨ ਦਾ ਬਦਲਦਾ ਹੋਇਆ ਰੁਝਾਨ- ਦਸ਼ਾ ਤੇ ਦਿਸ਼ਾ — ਜਸਵਿੰਦਰ ਸਿੰਘ ਰੁਪਾਲ

ਅੰਤਰਰਾਸ਼ਟਰੀ ਪਰਵਾਸ ਦਿਵਸ (18 ਦਸੰਬਰ) ਤੇ ਵਿਸ਼ੇਸ਼

ਸ਼ੁਰੂ ਤੋਂ ਹੀ ਪਰਵਾਸ ਮਨੁੱਖੀ ਇਤਿਹਾਸ ਦਾ ਇੱਕ ਅਨਿੱਖੜਵਾਂ ਅੰਗ ਰਿਹਾ ਹੈ। ਸਧਾਰਨ ਸ਼ਬਦਾਂ ਵਿੱਚ, ਰੋਜ਼ੀ-ਰੋਟੀ, ਚੰਗੇ ਭਵਿੱਖ ਜਾਂ ਸੁਰੱਖਿਆ ਦੀ ਭਾਲ ਵਿੱਚ ਆਪਣੀ ਜਨਮ ਭੂਮੀ ਨੂੰ ਛੱਡ ਕੇ ਕਿਸੇ ਦੂਜੇ ਦੇਸ਼ ਜਾਂ ਪ੍ਰਦੇਸ਼ ਵਿੱਚ ਜਾ ਕੇ ਵਸਣ ਨੂੰ ‘ਪਰਵਾਸ’ ਕਿਹਾ ਜਾਂਦਾ ਹੈ।​  ਬੇਰੁਜ਼ਗਾਰੀ ਅਤੇ ਘੱਟ ਆਮਦਨ ਪਰਵਾਸ ਦਾ ਸਭ ਤੋਂ ਵੱਡਾ ਕਾਰਨ ਹੈ। ਚੰਗੀ ਕਮਾਈ ਅਤੇ ਆਰਥਿਕ ਖੁਸ਼ਹਾਲੀ ਲਈ ਲੋਕ ਵਿਕਸਤ ਦੇਸ਼ਾਂ (ਜਿਵੇਂ ਕੈਨੇਡਾ, ਅਮਰੀਕਾ, ਆਸਟ੍ਰੇਲੀਆ) ਵੱਲ ਰੁਖ ਕਰਦੇ ਹਨ। ਵਿਦਿਆਰਥੀ ਵਧੀਆ ਪੜ੍ਹਾਈ ਅਤੇ ਅੰਤਰਰਾਸ਼ਟਰੀ ਪੱਧਰ ਦੀਆਂ ਡਿਗਰੀਆਂ ਹਾਸਲ ਕਰਨ ਲਈ ਵਿਦੇਸ਼ ਜਾਂਦੇ ਹਨ। ਵਿਦੇਸ਼ਾਂ ਵਿੱਚ ਮਿਲਣ ਵਾਲੀਆਂ ਬਿਹਤਰ ਸਿਹਤ ਸਹੂਲਤਾਂ, ਸਾਫ਼ ਵਾਤਾਵਰਣ ਅਤੇ ਕਾਨੂੰਨ ਵਿਵਸਥਾ ਵੀ ਲੋਕਾਂ ਨੂੰ ਆਕਰਸ਼ਿਤ ਕਰਦੀ ਹੈ।  ਕਈ ਵਾਰ ਦੇਸ਼ ਦੇ ਅੰਦਰੂਨੀ ਹਾਲਾਤ ਜਾਂ ਅਸੁਰੱਖਿਆ ਦੀ ਭਾਵਨਾ ਵੀ ਲੋਕਾਂ ਨੂੰ ਦੇਸ਼ ਛੱਡਣ ਲਈ ਮਜਬੂਰ ਕਰ ਦਿੰਦੀ ਹੈ।

ਪੰਜਾਬ ਅਤੇ ਪਰਵਾਸ – ਪੰਜਾਬੀਆਂ ਦਾ ਪਰਵਾਸ ਨਾਲ ਗੂੜ੍ਹਾ ਰਿਸ਼ਤਾ ਹੈ। ਪੰਜਾਬੀ ਸੁਭਾਅ ਤੋਂ ਹੀ ਉੱਦਮੀ ਅਤੇ ਜੋਖਮ ਲੈਣ ਵਾਲੇ ਹੁੰਦੇ ਹਨ। ਪਰ ਪਿਛਲੇ ਕੁਝ ਦਹਾਕਿਆਂ ਤੋਂ ਪੰਜਾਬ ਵਿੱਚ ਪਰਵਾਸ ਇੱਕ ਹੜ੍ਹ ਵਾਂਗ ਆਇਆ ਹੈ। ਹਰ ਸਾਲ ਲੱਖਾਂ ਨੌਜਵਾਨ ‘ਸਟੱਡੀ ਵੀਜ਼ਾ’ ਦੇ ਰਾਹੀਂ ਵਿਦੇਸ਼ ਜਾ ਰਹੇ ਹਨ। ਇਸਨੂੰ ‘ਬ੍ਰੇਨ ਡਰੇਨ’ (Brain Drain) ਕਿਹਾ ਜਾਂਦਾ ਹੈ, ਜਿਸਦਾ ਅਰਥ ਹੈ ਕਿ ਸਾਡੀ ਬੁੱਧੀਜੀਵੀ ਅਤੇ ਮਿਹਨਤੀ ਨੌਜਵਾਨ ਪੀੜ੍ਹੀ ਆਪਣਾ ਹੁਨਰ ਦੂਜੇ ਦੇਸ਼ਾਂ ਨੂੰ ਦੇ ਰਹੀ ਹੈ। ਖਾਸ ਤੌਰ ਤੇ ਜਦੋਂ ਪੰਜਾਬ ਦੀ ਗੱਲ ਆਉਂਦੀ ਹੈ ਤਾਂ ਉਪਰੋਕਤ ਕਾਰਨਾਂ ਦੇ ਨਾਲ ਨਾਲ ਕੁਝ ਹੋਰ ਕਾਰਨ ਵੀ ਹਨ, ਭਾਵੇਂ ਇਹ ਗੌਣ ਹੋਣ, ਭਾਵੇਂ ਛੋਟੇ, ਪਰ ਇਹਨਾਂ ਦਾ ਕੁਝ ਮਹੱਤਵ ਜਰੂਰ ਹੈ –

 ਪਿਛਲੇ ਕੁਝ ਦਹਾਕਿਆਂ ਤੋਂ ਵਿਦੇਸ਼ ਜਾਣਾ ਇੱਕ ਸਟੇਟਸ-ਸਿੰਬਲ ਵੀ ਬਣ ਗਿਆ ਹੈ।  ਕੁਝ ਆਰਥਿਕ ਤੌਰ ਤੇ ਚੰਗੇ ਪਰਿਵਾਰਾਂ ਦੇ ਨੌਜਵਾਨ ਲੜਕੇ ਲੜਕੀਆਂ ਸਿਰਫ “ਬਾਹਰ ਵਾਲੇ” ਅਖਵਾਉਣ ਲਈ ਵੀ ਵਿਦੇਸ਼ਾਂ ਦਾ ਰੁਖ਼ ਕਰਦੇ ਹਨ। ਦੂਜਾ ਕਾਰਨ ਹੈ ਪੰਜਾਬੀ ਨੌਜਵਾਨਾਂ ਵਲੋਂ ਵਧੀਆ ਨੌਕਰੀ ਦੀ ਇੱਛਾ  ਵਧੀਆ ਤਨਖਾਹ ਅਤੇ ਸਤਿਕਾਰ ਵਾਲੀ । ਪੰਜਾਬ ਵਿੱਚ ਸਰਕਾਰੀ ਅਤੇ ਨਿੱਜੀ ਖੇਤਰ ਦੋਹਾਂ ਦਾ ਬੁਰਾ ਹਾਲ ਹੈ। ਸਰਕਾਰੀ ਨੌਕਰੀਆਂ ਨਿਕਲਦੀਆਂ ਹੀ ਨਹੀਂ, ਜੇ ਕਦੀ ਨਿਕਲਣ ਵੀ ਤਾਂ ਉੱਥੇ ਰਿਸ਼ਵਤ ਅਤੇ ਸਿਫਾਰਸ਼ ਅਸਲੀ ਹੱਕਦਾਰ ਨੂੰ ਪਿੱਛੇ ਧੱਕ ਦਿੰਦੀਆਂ ਹਨ। ਨਿੱਜੀ ਖੇਤਰ ਵਿੱਚ ਕੰਮ ਜਿਆਦਾ ਕਰਵਾਉਂਦੇ ਹਨ । ਹੱਥੀਂ ਕਿਰਤ ਤੋਂ ਹੁਣ ਪੰਜਾਬੀ ਕਿਨਾਰਾ ਕਰਨ ਲੱਗੇ ਹਨ। । ਇਹ ਜਾਣਦਿਆਂ ਹੋਇਆਂ ਕਿ ਬਾਹਰਲੇ ਦੇਸ਼ਾਂ ਵਿੱਚ ਕਿਰਤ ਦੀ ਕਿਸਮ ਵਿਅਕਤੀ ਦਾ ਸਟੇਟਸ ਨਹੀਂ ਬਣਾਉਂਦੀ। ਅਤੇ ਸਾਰੇ ਕਾਮੇ ਵਧੀਆ ਤਨਖਾਹ ਅਤੇ ਵਧੀਆ ਸਨਮਾਨ ਪ੍ਰਾਪਤ ਕਰਦੇ ਹਨ, ਪੰਜਾਬੀ ਨੌਜਵਾਨ ਵਿਦੇਸ਼ਾਂ ਵਿੱਚ ਹਰ ਉਹ ਕੰਮ ਕਰਨ ਲਈ ਤਿਆਰ ਹੋ ਜਾਂਦੇ ਹਨ ਜਿਹੜਾ ਉਹ ਭਾਰਤ ਵਿੱਚ ਕਦੇ ਵੀ ਕਰਨ ਨੁੰ ਸਹਿਮਤ ਨਹੀਂ ਸਨ। ਇੱਕ ਗੌਣ ਕਾਰਨ ਨਸ਼ਿਆਂ ਤੋਂ ਬਚਣਾ ਵੀ ਹੈ। ਸਾਡੇ ਇੱਕ ਬੇਟੇ ਦੇ ਦੋਸਤ ਦੇ ਵਾਕਫਕਾਰ ਕੁਝ ਸਮਾਨ ਫੜਾਉਣ ਸਾਡੇ ਘਰ ਪੁੱਜੇ। ਇਹ ਜੱਟਾਂ ਦੇ ਪਰਿਵਾਰ ਵਿਚੋਂ ਸਨ, ਜਿਹਨਾਂ ਕੋਲ ਕਾਫੀ ਜਮੀਨ ਵੀ ਹੈ। ਬੜੀ ਵੱਡੀ ਗੱਡੀ ਤੇ ਆਏ ਸਨ। ਮੇਰੀ ਸ੍ਰੀ ਮਤੀ ਜੀਂ ਨੇ ਸਹਿਜ ਸੁਭਾਅ ਹੀ ਪੁੱਛ ਲਿਆ, “ਅੰਕਲ, ਤੁਸੀਂ ਆਪਣੇ ਬੇਟੇ ਨੂੰ ਬਾਹਰ ਕਿਉਂ ਭੇਜਿਆ। ਇੱਥੇ ਸਭ ਕੁਝ ਤਾਂ ਹੈ ਘਰ !!!” ਚਿੱਟੀ ਦਾੜ੍ਹੀ ਵਾਲੇ ਬਜ਼ੁਰਗ ਬੋਲੇ ,”ਪੁੱਤ ਉੱਥੇ ਕੰਮ ਕਰਨਗੇ ਤਾਂ ਘੱਟੋ ਘੱਟ ਨਸ਼ਿਆਂ ਤੋਂ ਤਾਂ ਬਚੇ ਰਹਿਣਗੇ। ਇੱਥੇ ਕੋਈ ਭਰੋਸਾ ਨਹੀਂ ।” ਸੋ ਭਾਵੇ ਇਹ ਹਰ ਘਰ ਦਾ ਕਿੱਸਾ ਨਹੀਂ, ਪਰ ਕੁਝ ਹੱਦ ਤੱਕ ਇਹ ਵੀ ਇਕ ਕਾਰਨ ਹੈ ਕਿਉਂਕਿ ਮਾਪੇ ਜਾਣਦੇ ਹਨ ਕਿ ਵਿਦੇਸ਼ ਵਿਚ ਕੰਮ ਕਰਨ ਬਿਨਾਂ ਸਰਦਾ ਨਹੀਂ ਅਤੇ ਕੰਮ ਚ ਡੁੱਬੇ ਨਸ਼ੇ ਵੱਲ ਨਹੀਂ ਆ ਸਕਦੇ। ਚੰਗੇ ਰਿਸ਼ਤੇ ਦੀ ਤਾਂਘ ਵੀ ਪੰਜਾਬੀ ਨੌਜਵਾਨਾਂ ਨੂੰ ਪਰਵਾਸੀ ਬਣਾ ਦਿੰਦੀ ਹੈ। ਬਾਹਰਲਾ ਮੁੰਡਾ ਹੋਵੇ ਤਾਂ ਘੱਟ ਜਮੀਨ, ਵੱਧ ਉਮਰ,ਘੱਟ ਪੜ੍ਹਾਈ ਆਦਿ ਸਭ ਕੁਝ ਢਕਿਆ ਜਾਂਦਾ ਹੈ। ਲੜਕੀ ਨੂੰ ਆਇਲਟਸ ਬੈੰਡ ਲੈਣ ਤੇ ਬਾਹਰ ਭੇਜਣ ਦਾ ਖਰਚਾ ਵੀ ਮੁੰਡੇ ਵਾਲੇ ਕਰ ਦਿੰਦੇ ਹਨ।  ਦੋਹਾਂ ਧਿਰਾਂ ਦੀ ਲੋੜ ਇੱਕ ਦੂਜੇ ਤੋਂ ਪੂਰੀ ਹੋ ਜਾਂਦੀ ਹੈ। ਲੜਕੀ ਵਾਲੇ ਖਰਚ ਤੋਂ ਬਚ ਜਾਂਦੇ ਹਨ, ਅਗਲਿਆਂ ਦਾ ਮੁੰਡਾ ਬਾਹਰ ਨਿਕਲ ਜਾਂਦਾ ਹੈ।

ਪਰਵਾਸ ਦੇ ਸਕਾਰਾਤਮਕ ਪੱਖ :-: ਪਰਵਾਸੀਆਂ ਵੱਲੋਂ ਭੇਜਿਆ ਗਿਆ ਪੈਸਾ  ਨਾ ਸਿਰਫ਼ ਉਨ੍ਹਾਂ ਦੇ ਪਰਿਵਾਰਾਂ ਦੀ ਹਾਲਤ ਸੁਧਾਰਦਾ ਹੈ, ਸਗੋਂ ਦੇਸ਼ ਦੀ ਆਰਥਿਕਤਾ ਵਿੱਚ ਵੀ ਯੋਗਦਾਨ ਪਾਉਂਦਾ ਹੈ। ਜਦੋਂ ਲੋਕ ਦੂਜੇ ਦੇਸ਼ਾਂ ਵਿੱਚ ਜਾਂਦੇ ਹਨ, ਤਾਂ ਉਹ ਆਪਣਾ ਸੱਭਿਆਚਾਰ, ਖਾਣਾ ਅਤੇ ਭਾਸ਼ਾ ਵੀ ਨਾਲ ਲੈ ਕੇ ਜਾਂਦੇ ਹਨ, ਜਿਸ ਨਾਲ ਪੰਜਾਬੀ ਸੱਭਿਆਚਾਰ ਦਾ ਵਿਸ਼ਵ ਪੱਧਰ ‘ਤੇ ਪਸਾਰ ਹੋਇਆ ਹੈ। ਵਿਦੇਸ਼ਾਂ ਤੋਂ ਵਾਪਸ ਆਉਣ ਵਾਲੇ ਲੋਕ ਆਪਣੇ ਨਾਲ ਨਵੀਂ ਸੋਚ ਅਤੇ ਤਕਨੀਕ ਲੈ ਕੇ ਆਉਂਦੇ ਹਨ। – ਇਸ ਗੱਲ ਵਿੱਚ ਕੋਈ ਦੋ ਰਾਵਾਂ ਨਹੀਂ ਕਿ ਬਾਹਰਲੇ ਦੇਸ਼ ਚ ਕੁਝ ਸਮਾਂ ਰਹਿਣ ਤੋਂ ਬਾਅਦ ਧਾਰਮਿਕ ਕੱਟੜਤਾ, ਜਾਤੀ ਵਾਦ ਆਦਿ ਵਰਗੀਆਂ ਸੌੜੀਆਂ ਬਿਰਤੀਆਂ ਤੋਂ ਕੁਝ ਛੁਟਕਾਰਾ ਮਿਲਦਾ ਹੈ। ਵੱਖ ਵੱਖ ਨਸਲਾਂ ਦੇ ਸਭਿਆਚਾਰਾਂ ਦੇ ਲੋਕਾਂ ਵਿੱਚ ਵਿਚਰਨ ਨਾਲ ਧਰਮ ਨਿਰਪੱਖਤਾ ਆਉਂਦੀ ਹੈ। ਇਨਸਾਨੀਅਤ ਦਾ ਭਾਵ ਵੀ ਵਧਦਾ ਹੈ। ਇਹ ਬਹੁਤ ਵਧੀਆ ਤਬਦੀਲੀ ਹੈ।

ਪਰਵਾਸ ਦੇ ਨਕਾਰਾਤਮਕ ਪੱਖ:  ਸਿਰਫ ਵਿਛੋੜਾ ਹੀ ਇੱਕਲਾ ਦਰਦ ਨਹੀਂ ਹੈ। ਜਿਉ ਜਿਉ ਪਰਵਾਸ ਦਾ ਸਮਾਂ ਵਧਦਾ ਜਾਂਦਾ ਹੈ, ਰਿਸ਼ਤਿਆਂ ਵਿੱਚ ਦੂਰੀ ਵਧਣ ਲੱਗਦੀ ਹੈ। ਪਰਵਾਸ ਕਾਰਨ ਪਰਿਵਾਰ ਟੁੱਟ ਰਹੇ ਹਨ। ਮਾਪੇ ਪਿੱਛੇ ਇਕੱਲੇ ਰਹਿ ਜਾਂਦੇ ਹਨ ਅਤੇ ਆਪਣੀ ਔਲਾਦ ਦੀ ਉਡੀਕ ਵਿੱਚ ਬਿਰਧ ਹੋ ਜਾਂਦੇ ਹਨ। ਸਰੀਰਕ ਅਤੇ ਮਾਨਸਿਕ ਬਿਮਾਰੀਆਂ ਦਾ ਸਾਹਮਣਾ ਕਰਦੇ ਹਨ ।। ਦੂਜੀ ਜਾਂ ਤੀਜੀ ਪੀੜ੍ਹੀ ਜੋ ਵਿਦੇਸ਼ਾਂ ਵਿੱਚ ਜੰਮਦੀ ਹੈ ,ਉਹ ਆਪਣੀ ਮਾਂ ਬੋਲੀ ਅਤੇ ਵਿਰਸੇ ਤੋੰ ਟੁੱਟ ਜਾਂਦੀ ਹੈ।  ਵਿਦੇਸ਼ਾਂ ਵਿੱਚ ਜਾ ਕੇ ਸੈੱਟ ਹੋਣਾ ਆਸਾਨ ਨਹੀਂ ਹੈ। ਉੱਥੇ ਭਾਰੀ ਕੰਮ, ਮੌਸਮ ਦੀ ਤਬਦੀਲੀ, ਇਕੱਲਤਾ ਨੌਜਵਾਨਾਂ ਵਿੱਚ ਡਿਪਰੈਸ਼ਨ ਦਾ ਕਾਰਨ ਬਣਦੀ ਹੈ। ਪੜ੍ਹਾਈ ਦੇ ਨਾਮ ਤੇ ਅਰਬਾਂ ਰੁਪਏ ਹਰ ਸਾਲ ਪੰਜਾਬ ਤੋਂ ਬਾਹਰ ਜਾ ਰਹੇ ਹਨ ਜਿਸ ਨਾਲ ਸੂਬੇ ਦੀ ਆਰਥਿਕਤਾ ਕਮਜ਼ੋਰ ਪੈ ਰਹੀ ਹੈ।

  1. ਪੰਜਾਬ ਬਨਾਮ ਵਿਦੇਸ਼:- ਇਹ ਰੁਝਾਨ ਮੁੱਖ ਤੌਰ ‘ਤੇ ਨੌਜਵਾਨਾਂ ਅਤੇ ਵਿਦਿਆਰਥੀਆਂ ਦਾ ਹੈ ਜੋ ਪੜ੍ਹਾਈ ਅਤੇ ਰੁਜ਼ਗਾਰ ਲਈ ਵਿਦੇਸ਼ ਜਾ ਰਹੇ ਹਨ। ਵਿਦੇਸ਼ ਮੰਤਰਾਲੇ ਅਤੇ ਵੱਖ-ਵੱਖ ਸਰਵੇਖਣਾਂ ਦੇ ਅਨੁਮਾਨਾਂ ਅਨੁਸਾਰ, 2016 ਤੋਂ 2021 ਦਰਮਿਆਨ ਪੰਜਾਬ ਅਤੇ ਚੰਡੀਗੜ੍ਹ ਤੋਂ ਲਗਭਗ 9.84 ਲੱਖ ਲੋਕ ਵਿਦੇਸ਼ ਗਏ। ਇਹਨਾਂ ਵਿੱਚੋਂ ਲਗਭਗ 3.79 ਲੱਖ ਵਿਦਿਆਰਥੀ ਸਨ ਅਤੇ 6 ਲੱਖ ਵਰਕਰ ਸਨ। ਪੰਜਾਬੀਆਂ ਦੀ ਪਹਿਲੀ ਪਸੰਦ ਕੈਨੇਡਾ ਰਹੀ ਹੈ। ਇਸ ਤੋਂ ਇਲਾਵਾ ਆਸਟ੍ਰੇਲੀਆ, ਯੂ.ਕੇ. ਅਮਰੀਕਾ ਅਤੇ ਦੁਬਈਵੀ ਮੁੱਖ ਟਿਕਾਣੇ ਹਨ। ਇੱਕ ਰਿਪੋਰਟ ਮੁਤਾਬਕ, ਕੈਨੇਡਾ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਵਿੱਚੋਂ ਇੱਕ ਵੱਡਾ ਹਿੱਸਾ ਪੰਜਾਬ ਤੋਂ ਹੁੰਦਾ ਹੈ। 2022 ਵਿੱਚ ਸਿਰਫ਼ ਕੈਨੇਡਾ ਜਾਣ ਵਾਲੇ ਪੰਜਾਬੀ ਵਿਦਿਆਰਥੀਆਂ ਦੀ ਗਿਣਤੀ 1.36 ਲੱਖ ਦੇ ਕਰੀਬ ਦੱਸੀ ਗਈ ਸੀ। ਪੰਜਾਬ ਖੇਤੀਬਾੜੀ ਯੂਨੀਵਰਸਿਟੀ (PAU) ਦੇ ਇੱਕ ਅਧਿਐਨ ਮੁਤਾਬਕ, ਪੰਜਾਬ ਦੇ ਪਿੰਡਾਂ ਵਿੱਚੋਂ ਹਰ ਸਾਲ ਹਜ਼ਾਰਾਂ ਨੌਜਵਾਨ ਵਿਦੇਸ਼ ਜਾ ਰਹੇ ਹਨ। ਅੰਦਾਜ਼ਨ 13-15% ਪੇਂਡੂ ਘਰਾਂ ਵਿੱਚੋਂ ਘੱਟੋ-ਘੱਟ ਇੱਕ ਜੀਅ ਵਿਦੇਸ਼ ਵਿੱਚ ਹੈ।

2. ਪੰਜਾਬ ਬਨਾਮ ਦੂਜੇ ਸੂਬੇ:-  ਇਸ ਨੂੰ “ਉਲਟਾ ਪਰਵਾਸ”ਵੀ ਕਿਹਾ ਜਾਂਦਾ ਹੈ। ਜਿੱਥੇ ਪੰਜਾਬੀ ਨੌਜਵਾਨ ਬਾਹਰ ਜਾ ਰਹੇ ਹਨ, ਉੱਥੇ ਹੀ ਦੂਜੇ ਸੂਬਿਆਂ ਦੇ ਮਜ਼ਦੂਰ ਪੰਜਾਬ ਆ ਰਹੇ ਹਨ।  ਪੁਰਾਣੇ ਅੰਕੜਿਆਂ (2011 ਦੀ ਮਰਦਮਸ਼ੁਮਾਰੀ) ਅਤੇ ਹਾਲੀਆ ਅਨੁਮਾਨਾਂ ਮੁਤਾਬਕ, ਪੰਜਾਬ ਵਿੱਚ ਦੂਜੇ ਸੂਬਿਆਂ ਤੋਂ ਆਏ ਪ੍ਰਵਾਸੀਆਂ ਦੀ ਗਿਣਤੀ 25 ਲੱਖ (2.5 ਮਿਲੀਅਨ) ਤੋਂ ਵੱਧ ਹੋਣ ਦਾ ਅਨੁਮਾਨ ਹੈ।  ਇਹ ਪਰਵਾਸੀ ਮੁੱਖ ਤੌਰ ‘ਤੇ ਬਿਹਾਰ, ਉੱਤਰ ਪ੍ਰਦੇਸ਼ , ਝਾਰਖੰਡ ਅਤੇ ਪੱਛਮੀ ਬੰਗਾਲ ਤੋਂ ਆਉਂਦੇ ਹਨ। ਲੁਧਿਆਣਾ ਵਰਗੇ ਉਦਯੋਗਿਕ ਸ਼ਹਿਰਾਂ ਵਿੱਚ ਪ੍ਰਵਾਸੀ ਆਬਾਦੀ ਬਹੁਤ ਜ਼ਿਆਦਾ ਹੈ। ਕਈ ਰਿਪੋਰਟਾਂ ਅਨੁਸਾਰ, ਲੁਧਿਆਣਾ ਦੀ ਕੁੱਲ ਵਰਕਫੋਰਸ ਦਾ 50% ਤੋਂ 70% ਹਿੱਸਾ ਪ੍ਰਵਾਸੀ ਮਜ਼ਦੂਰਾਂ ਦਾ ਹੈ।  ਪੰਜਾਬ ਦੀ ਖੇਤੀ (ਝੋਨਾ ਲਵਾਈ) ਅਤੇ ਉਸਾਰੀ ਦਾ ਕੰਮ ਲਗਭਗ ਪੂਰੀ ਤਰ੍ਹਾਂ ਪ੍ਰਵਾਸੀ ਮਜ਼ਦੂਰਾਂ ‘ਤੇ ਨਿਰਭਰ ਹੋ ਚੁੱਕਾ ਹੈ।

​​1. ਪਰਵਾਸ ਦਾ ਪੰਜਾਬ ਉੱਤੇ ਪ੍ਰਭਾਵ ਪੰਜਾਬੀਆਂ ਦਾ ਵਿਦੇਸ਼ਾਂ (ਕੈਨੇਡਾ, ਅਮਰੀਕਾ, ਆਸਟ੍ਰੇਲੀਆ, ਯੂ.ਕੇ. ਆਦਿ) ਵੱਲ ਜਾਣ ਦਾ ਰੁਝਾਨ ਬਹੁਤ ਪੁਰਾਣਾ ਹੈ, ਪਰ ਪਿਛਲੇ ਕੁਝ ਦਹਾਕਿਆਂ ਵਿੱਚ ਇਸ ਨੇ ਇੱਕ “ਹੜ੍ਹ” ਦਾ ਰੂਪ ਧਾਰਨ ਕਰ ਲਿਆ ਹੈ।

ਚੰਗੇ ਪ੍ਰਭਾਵ :- ਵਿਦੇਸ਼ਾਂ ਵਿੱਚ ਵਸਦੇ ਪੰਜਾਬੀ ਆਪਣੀ ਕਮਾਈ ਦਾ ਵੱਡਾ ਹਿੱਸਾ ਪੰਜਾਬ ਭੇਜਦੇ ਹਨ। ਇਸ ਨਾਲ ਬਹੁਤ ਸਾਰੇ ਪਰਿਵਾਰਾਂ ਦਾ ਜੀਵਨ ਪੱਧਰ ਉੱਚਾ ਹੋਇਆ ਹੈ ਅਤੇ ਗਰੀਬੀ ਘਟੀ ਹੈ।। ਐਨ.ਆਰ.ਆਈ. ਭਰਾਵਾਂ ਨੇ ਪੰਜਾਬ ਦੇ ਪਿੰਡਾਂ ਵਿੱਚ ਖੇਡ ਸਟੇਡੀਅਮ, ਸਕੂਲ, ਹਸਪਤਾਲ, ਗੇਟ ਅਤੇ ਧਾਰਮਿਕ ਸਥਾਨ ਬਣਵਾਉਣ ਵਿੱਚ ਵੱਡਾ ਯੋਗਦਾਨ ਪਾਇਆ ਹੈ।ਪੰਜਾਬੀ ਸੱਭਿਆਚਾਰ, ਖਾਣਾ ਅਤੇ ਸੰਗੀਤ ਅੱਜ ਪੂਰੀ ਦੁਨੀਆ ਵਿੱਚ ਮਸ਼ਹੂਰ ਹੋ ਗਿਆ ਹੈ। ਪਰਵਾਸ ਕਾਰਨ ਪੰਜਾਬੀਆਂ ਨੇ ਅੰਤਰਰਾਸ਼ਟਰੀ ਰਾਜਨੀਤੀ ਅਤੇ ਵਪਾਰ ਵਿੱਚ ਆਪਣੀ ਵੱਖਰੀ ਪਛਾਣ ਬਣਾਈ ਹੈ।

ਮਾੜੇ ਪ੍ਰਭਾਵ :ਪੰਜਾਬ ਦਾ ਸਭ ਤੋਂ ਵੱਡਾ ਨੁਕਸਾਨ “ਬੌਧਿਕ ਹਿਜਰਤ” ਹੈ। ਪੜ੍ਹੇ-ਲਿਖੇ, ਹੁਸ਼ਿਆਰ ਅਤੇ ਕਾਬਲ ਨੌਜਵਾਨ ਵਿਦੇਸ਼ ਜਾ ਰਹੇ ਹਨ, ਜਿਸ ਕਾਰਨ ਪੰਜਾਬ ਵਿੱਚ ਯੋਗ ਲੀਡਰਸ਼ਿਪ ਅਤੇ ਹੁਨਰ ਦੀ ਕਮੀ ਹੋ ਰਹੀ ਹੈ ।। ਪਹਿਲਾਂ ਲੋਕ ਪੈਸਾ ਕਮਾਉਣ ਜਾਂਦੇ ਸਨ, ਪਰ ਹੁਣ “ਸਟੱਡੀ ਵੀਜ਼ਾ” ਦੇ ਨਾਮ ‘ਤੇ ਅਰਬਾਂ ਰੁਪਏ ਫੀਸਾਂ ਦੇ ਰੂਪ ਵਿੱਚ ਪੰਜਾਬ ਤੋਂ ਬਾਹਰ ਜਾ ਰਹੇ ਹਨ। ਮਾਪੇ ਜ਼ਮੀਨਾਂ ਵੇਚ ਕੇ ਬੱਚਿਆਂ ਨੂੰ ਬਾਹਰ ਭੇਜ ਰਹੇ ਹਨ। ।ਜਦੋਂ ਕਾਰੋਬਾਰੀ ਅਤੇ ਉੱਦਮੀ ਵਿਅਕਤੀ ਵੀ ਆਪਣੇ ਬੱਚਿਆਂ ਨੂੰ ਬਾਹਰ ਭੇਜ ਦਿੰਦੇ ਹਨ, ਤਾਂ ਪਿੱਛੇ ਉਹਨਾਂ ਦੇ ਉੱਦਮ ਨੂੰ ਵੱਡਾ ਝਟਕਾ ਲੱਗਦਾ ਹੈ। ਉਸਦੇ ਘਾਟੇ ਵਿਚ ਜਾਣ ਅਤੇ ਹੌਲੀ ਹੌਲੀ ਖਤਮ ਹੋਣ ਦੇ ਚਾਂਸ ਵੱਧ ਜਾਂਦੇ ਹਨ। ਪਿੱਛੇ ਰਹਿ ਗਏ ਬਜ਼ੁਰਗ ਮਾਪੇ ਇਕੱਲਤਾ ਦਾ ਸੰਤਾਪ ਭੋਗ ਰਹੇ ਹਨ। ਪਿੰਡਾਂ ਵਿੱਚ ਵੱਡੀਆਂ ਕੋਠੀਆਂ ਖਾਲੀ ਪਈਆਂ ਹਨ ਅਤੇ ਸਾਂਭ-ਸੰਭਾਲ ਕਰਨ ਵਾਲਾ ਕੋਈ ਨਹੀਂ ਹਨ। ਪਤੀ ਪਤਨੀ ਵਿਚੋਂ ਇੱਕ ਵਿਦੇਸ਼ ਗਿਆ ਹੋਵੇ ਤਾਂ ਆਪਸੀ ਤਣਾਅ ਵੱਧ ਜਾਂਦਾ ਹੈ। ਕਈ ਵਾਰੀ ਸ਼ੱਕ ਕਈ ਵਾਰੀ ਸੱਚ ਇਹਨਾਂ ਰਿਸ਼ਤਿਆਂ ਵਿਚ ਦਰਾਰ ਪੈਦਾ ਕਰਦੇ ਹਨ। । ਭਾਸ਼ਾ, ਧਰਮ ਅਤੇ ਸਭਿਆਚਾਰ ਦੇ ਹੋ ਰਹੇ ਨੁਕਸਾਨ ਨੂੰ ਅਸੀਂ ਸਭ ਤੋਂ ਵੱਡਾ ਨੁਕਸਾਨ ਆਖ ਸਕਦੇ ਹਾਂ। ਪੰਜਾਬੀ ਭਾਸ਼ਾ ਸਿੱਖੀ ਅਤੇ ਪੰਜਾਬੀ ਸਭਿਆਚਾਰ ਪੱਖੋਂ ਅਸੀਂ ਬਹੁਤ ਜਿਆਦਾ ਪਿੱਛੇ ਜਾ ਰਹੇ ਹਾਂ। ਵਿਦੇਸ਼ਾਂ ਵਿੱਚ ਬੇਸ਼ੱਕ ਬਹੁਤ ਕੋਸ਼ਿਸ਼ਾਂ ਹੋ ਰਹੀਆਂ ਹਨ ਪੰਜਾਬੀ ਭਾਸ਼ਾ ਅਤੇ ਆਪਣੇ ਸੱਭਿਆਚਾਰ ਨੂੰ ਜਿਉਂਦਾ ਰੱਖਣ ਲਈ। ਸਿੱਖੀ ਨੂੰ ਸੰਭਾਲਣ ਲਈ ਗੁਰਦੁਆਰੇ ਵੀ ਆਪਣਾ ਯਤਨ ਕਰ ਰਹੇ ਹਨ। ਬੇਸ਼ੱਕ ਇਹ ਸਭ ਸੰਗਠਿਤ ਨਹੀਂ ਹੈ , ਨਾ ਹੀ ਇਹ ਲੋੜ ਪੂਰੀਆਂ ਕਰਨ ਵਾਲੇ ਹਨ। ਮਾਹਿਰਾਂ ਦਾ ਅੰਦਾਜਾ ਹੈ ਕਿ ਤੀਸਰੀ ਪੀੜ੍ਹੀ ਤੇ ਪੁੱਜਦੇ ਹੋਏ ਪੰਜਾਬੀ ਭਾਸ਼ਾ ਅਤੇ ਸਭਿਆਚਾਰ ਕਿਤਾਬਾਂ ਅਤੇ ਸਾਈਟਾਂ ਤੇ ਹੀ ਰਹਿ ਜਾਣਗੇ। ਗੁਰਦੁਆਰਿਆਂ ਨਾਲ ਸਾਡੇ ਸੰਸਕਾਰ ਜੁੜੇ ਹੋਏ ਹਨ, ਇਸਲਈ ਰਸਮਾਂ ਪੂਰੀਆਂ ਕਰਨ ਕਾਰਨ ਇਹ ਚੱਲਦੇ ਰਹਿਣਗੇ। ਪਰ ਬਾਣੀ ਦੇ ਅਰਥ ਅਤੇ ਗੁਰਮਤਿ ਸਿਧਾਂਤ ਉਸ ਪੀੜ੍ਹੀ ਨੂੰ ਕਿਵੇਂ ਆ ਸਕਣਗੇ ???

2. ਉਲਟ ਪਰਵਾਸ ਦਾ ਪ੍ਰਭਾਵ:- ਪੰਜਾਬੀ ਨੌਜਵਾਨ ਖੇਤੀ ਅਤੇ ਮਜ਼ਦੂਰੀ ਦੇ ਕੰਮ ਛੱਡ ਕੇ ਵਿਦੇਸ਼ ਜਾ ਰਹੇ ਹਨ, ਇਸ ਲਈ ਉੱਤਰ ਪ੍ਰਦੇਸ਼, ਬਿਹਾਰ ਅਤੇ ਹੋਰ ਰਾਜਾਂ ਤੋਂ ਵੱਡੀ ਗਿਣਤੀ ਵਿੱਚ ਲੋਕ ਪੰਜਾਬ ਆ ਰਹੇ ਹਨ। ਇਹ ਪਰਵਾਸੀ ਮਜ਼ਦੂਰ ਪੰਜਾਬ ਦੀ ਖੇਤੀਬਾੜੀ ਅਤੇ ਇੰਡਸਟਰੀ ਲਈ ਰੀੜ੍ਹ ਦੀ ਹੱਡੀ ਬਣ ਗਏ ਹਨ। ਉਨ੍ਹਾਂ ਤੋਂ ਬਿਨਾਂ ਕੰਮ ਚਲਾਉਣਾ ਮੁਸ਼ਕਲ ਹੈ। ਇਸ ਨਾਲ ਪੰਜਾਬ ਦੀ ਡੈਮੋਗ੍ਰਾਫੀ (ਵਸੋਂ ਦਾ ਢਾਂਚਾ) ਬਦਲ ਰਹੀ ਹੈ। ਪੰਜਾਬੀ ਭਾਸ਼ਾ ਅਤੇ ਸੱਭਿਆਚਾਰ ਉੱਤੇ ਹਿੰਦੀ ਭਾਸ਼ਾ ਦਾ ਪ੍ਰਭਾਵ ਵੱਧ ਰਿਹਾ ਹੈ। ਲੁਧਿਆਣਾ ਅਤੇ ਜਲੰਧਰ ਵਰਗੇ ਸ਼ਹਿਰਾਂ ਵਿੱਚ ਇਹ ਬਦਲਾਅ ਸਾਫ਼ ਦੇਖਣ ਨੂੰ ਮਿਲਦਾ ਹੈ। ਇਹ ਨੁਕਸਾਨ ਬਹੁਤ ਵੱਡਾ ਹੈ।  ਪਰਵਾਸੀ ਕਿਰਤੀਆਂ ਦੀ ਵੱਡੀ ਗਿਣਤੀ ਕਾਰਨ ਕਈ ਖੇਤਰਾਂ ਵਿੱਚ ਸਮਾਜਿਕ ਤਣਾਅ ਵਧਦਾ ਹੈ। ਕੁਝ ਰਿਪੋਰਟਾਂ ਅਨੁਸਾਰ ਇਸ ਨਾਲ ਨਸ਼ਿਆਂ ਦੀ ਸਮੱਸਿਆ ਅਤੇ ਅਪਰਾਧ ਵੀ ਵਧੇ  ਸ਼ਹਿਰੀ ਅਤੇ ਪੇਂਡੂ ਖੇਤਰਾਂ ਵਿੱਚ ਵੱਸਣ ਵਾਲੇ ਇਹਨਾਂ ਕਿਰਤੀਆਂ ਲਈ ਸਿਹਤ ਅਤੇ ਸਫਾਈ ਦੀਆਂ ਮੁਢਲੀਆਂ  ਸਹੂਲਤਾਂ ਦੀ ਕਮੀ ਕਾਰਨ ਚਣੌਤੀਆ ਪੈਦਾ ਹੁੰਦੀਆ  ਹਾਲਾਂਕਿ ਖੇਤੀ  ਵਿੱਚ ਸਥਾਨਕ ਮਜ਼ਦੂਰਾਂ ਦੀ ਕਮੀ ਹੈ ਪਰ ਕੁਝ ਖੇਤਰਾਂ ਵਿਚ ਘੱਟ ਉਜਰਤਾਂ ਤੇ ਕੰਮ ਕਰਨ ਦੀ ਪ੍ਰਵਿਰਤੀ ਸਥਾਨਕ ਮਜ਼ਦੂਰਾਂ ਲਈ ਮੁਕਾਬਲਾ ਪੈਦਾ ਕਰਦੀ ਹੈ। ਵੱਧਦੀ ਆਬਾਦੀ ਕਾਰਨ ਪਾਣੀ, ਬਿਜਲੀ ਅਤੇ ਰਿਹਾਇਸ਼ ਵਰਗੇ ਸਰੋਤਾਂ ਤੇ ਦਬਾਅ ਵੱਧਦਾ ਹੈ।

ਪੰਜਾਬ ਦੇ ਪਰਵਾਸ ਕਾਰਨ ਹੋ ਰਹੇ ਨੁਕਸਾਨ ਨੂੰ ਘੱਟ ਕਰਨ ਦੇ ਉਪਾਅ :-

ਰੁਜਗਾਰ ਦੇ ਮੌਕੇ ਪੈਦਾ ਕਰਨਾ : ਹੁਨਰ ਦੇ ਵਿਕਾਸ ਅਤੇ ਉੱਦਮਤਾ ਵਿੱਚ ਨੌਜਵਾਨਾਂ ਨੂੰ ਵਧੇਰੇ ਪ੍ਰੇਰਿਤ ਕੀਤਾ ਜਾਵੇ ਤਾਂ ਕਿ ਉਹ ਸਿਰਫ ਨੌਕਰੀਆਂ ਤੇ ਹੀ ਨਾ ਰਹਿਣ। ਉਹਨਾਂ ਨੂੰ ਅਤਿ-ਆਧੁਨਿਕ ਤਕਨੀਕਾਂ  ਜਿਵੇ ਆਈ ਟੀ ਅਤੇ ਏ ਆਈ ਅਤੇ ਸਨਅਤ ਲਈ ਢੁਕਵੇਂ ਹੁਨਰ ਸਿਖਾਉਣਾ। ਨਵੇਂ ਉਦਯੋਗ ਸਥਾਪਤ ਕਰਨ ਲਈ ਨਿਵੇਸ਼ਕਾਂ ਨੂੰ ਆਕਰਸ਼ਿਤ ਕਰਨਾ ਅਤੇ ਪੰਜਾਬ ਵਿਚ ਵਧੀਆ ਸਨਅਤੀ ਮਾਹੌਲ ਬਣਾਉਣਾ। -ਨੌਜਵਾਨਾਂ ਨੂੰ ਖੇਤੀ ਵਿੱਚ ਲਿਆਉਣ ਲਈ ਇਸ ਨੂੰ ਮੁਨਾਫੇ ਵਾਲਾ ਧੰਦਾ ਬਣਾਉਣਾ ਜਿਵੇਂ ਕਿ ਪ੍ਰੋਸੈਸਿੰਗ ਯੂਨਿਟ, ਆਰਗੈਨਿਕ ਫਾਰਮਿੰਗ ਅਤੇ ਖੇਤੀ ਆਧਾਰਿਤ ਸਟਾਰਟ ਅਪਸ ਨੂੰ ਉਤਸ਼ਾਹਿਤ ਕਰਨਾ। ਨੌਂਜਵਾਨਾਂ ਦੇ ਬਾਹਰ ਜਾਣ ਦੇ ਮੁੱਖ ਕਾਰਨਾਂ ਵਿਚੋਂ ਇੱਕ ਮਾੜਾ ਸਿਸਟਮ ਅਤੇ ਭ੍ਰਿਸ਼ਟਾਚਾਰ ਹੈ। ਇਸ ਨੂੰ ਦੂਰ ਕਰਨ ਲਈ ਪਾਰਦਰਸ਼ੀ ਅਤੇ ਜਿੰਮੇਵਾਰ ਪ੍ਰਸ਼ਾਸ਼ਨ ਲਾਗੂ ਕਰਨਾ ।। ਲੋਕਾਂ ਵਿੱਚ ਸੁਰੱਖਿਆ ਦੀ ਭਾਵਨਾ ਪੈਦਾ ਕਰਨ ਲਈ ਕਾਨੂੰਨ ਵਿਵਸਥਾ ਨੂੰ ਮਜਬੂਤ ਕਰਨਾ।

ਪਰਵਾਸੀ ਕਿਰਤੀ ਪ੍ਰਬੰਧਨ :  ਦੂਜੇ ਸੂਬਿਆਂ ਤੋਂ ਆਉਣ ਵਾਲੇ ਮਜ਼ਦੂਰਾਂ ਦਾ ਪੂਰਾ ਰਿਕਾਰਡ ਰੱਖਣਾ ਅਤੇ ਉਨਾਂ ਦੇ ਪਿਛੋਕੜ ਦੀ ਜਾਂਚ ਕਰਨਾ ਤਾਂ ਕਿ ਅਪਰਾਧਾਂ ਨੂੰ ਰੋਕਿਆ ਜਾ ਸਕੇ ।ਸਥਾਨਕ ਲੋਕਾਂ ਅਤੇ ਕਿਰਤੀਆਂ ਵਿਚਕਾਰ ਸਮਾਜਿਕ ਸਾਂਝ ਨੂੰ ਵਧਾਉਣ ਲਈ ਪ੍ਰੋਗਰਾਮ ਚਲਾਉਣਾ  ਸਿੱਖਿਆ ਪ੍ਰਣਾਲੀ ਨੂੰ ਪੂਰਨ ਤੌਰ ਤੇ ਰੁਜ਼ਗਾਰ ਮੁਖੀ ਅਤੇ ਅੰਤਰਰਾਸ਼ਟਰੀ ਪੱਧਰ ਤੇ ਮੁਕਾਬਲਾ ਕਰਨ ਯੋਗ ਬਣਾਉਣਾ।  ਵਿਦੇਸ਼ਾਂ ਵਿੱਚ ਵੱਸੇ ਪੰਜਾਬੀਆਂ (NRI) ਨੂੰ ਪੰਜਾਬ ਦੇ ਵਿਕਾਸ ਪ੍ਰੋਜੈਕਟਾਂ ਜਿਵੇਂ ਕਿ ਸਕੂਲ, ਹਸਪਤਾਲ,ਸਟਾਰਟ ਅਪਸ ਆਦਿ ਵਿੱਚ ਪੂੰਜੀ ਨਿਵੇਸ਼ ਕਰਨ ਲਈ ਪ੍ਰੇਰਿਤ ਕਰਨਾ।  ਇਹਨਾਂ ਸੁਝਾਵਾਂ ਤੇ ਅਮਲ ਕਰਕੇ ਪੰਜਾਬ ਨਾ ਸਿਰਫ ਆਪਣੇ ਕੀਮਤੀ ਮਨੁੱਖੀ ਸਰੋਤ (Human Resources) ਨੂੰ ਬਚਾ ਸਕਦਾ ਹੈ ਸਗੋਂ ਆਪਣੇ ਵਿਕਾਸ ਦੀ ਨੀਂਹ ਵੀ ਮਜਬੂਤ ਕਰ ਸਕਦਾ ਹੈ।

ਅੰਤਰਰਾਸ਼ਟਰੀ ਪਰਵਾਸ ਦਿਵਸ -18 ਦਸੰਬਰ :-

ਅੰਤਰਰਾਸ਼ਟਰੀ ਪਰਵਾਸ ਦਿਵਸ ਸਾਨੂੰ ਸੰਸਾਰ ਵਿੱਚ ਲੱਖਾਂ ਪਰਵਾਸੀਆਂ ਦੇ ਅਣਮੁੱਲੇ ਯੋਗਦਾਨ ਬਾਰੇ ਚਾਨਣਾ ਪਾਉਂਦਾ ਹੈ। ਇਸ ਦਿਵਸ ਬਾਰੇ ਜਾਨਣ ਤੋਂ ਪਹਿਲਾਂ ਸੰਯੁਕਤ ਰਾਸ਼ਟਰ ਮਾਈਗ੍ਰੇਸ਼ਨ ਏਜੰਸੀ ਦੀ ਪਰਵਾਸੀ ਦੀ ਪਰਿਭਾਸ਼ਾ ਦੇਖ ਲਈਏ। ਇਸ ਪਰਿਭਾਸ਼ਾ ਅਨੁਸਾਰ ਪਰਵਾਸੀ ਇੱਕ ਅਜਿਹਾ ਵਿਅਕਤੀ ਹੈ ਜਿਹੜਾ ਆਪਣੀ ਰਿਹਾਇਸ਼ ਛੱਡ ਕੇ ਅੰਤਰਰਾਸ਼ਟਰੀ  ਬਾਰਡਰ ਪਾਰ ਕਰ ਕੇ ਜਾਂ ਆਪਣੇ ਦੇਸ਼ ਵਿੱਚ ਹੀ ਕਿਸੇ ਦੂਸਰੇ ਸੂਬੇ ਵਿੱਚ ਜਾਂਦਾ ਹੈ — ੧. ਉਸਦੀ ਕਾਨੂੰਨੀ ਸਥਿਤੀ ਕੋਈ ਵੀ ਹੋਵੇ ੨. ਭਾਵੇ ਉਸਦਾ ਪਰਵਾਸ ਇੱਛਤ ਹੋਵੇ ਜਾਂ ਅਣਇੱਛਤ ੩.ਪਰਵਾਸ ਦੇ ਕਾਰਨ ਕੁਝ ਵੀ ਹੋਣ ੪ ਉਸਦੀ ਠਹਿਰ ਜਿੰਨੇ ਮਰਜ਼ੀ ਸਮੇਂ ਦੀ ਹੋਵੇ।

ਅੰਤਰਰਾਸ਼ਟਰੀ ਪਰਵਾਸ ਦਿਵਸ ਵੱਧ ਰਹੇ ਗੁੰਝਲਦਾਰ ਢਾਂਚੇ ਬਾਰੇ ਵਿਚਾਰ ਕਰਨ ਦਾ ਦਿਨ ਵੀ ਹੈ ਜਿਸ ਦਾ ਅਸਰ ਪਰਵਾਸ ਵਿੱਚ ਨਿਕਲਦਾ ਹੈ। ਵਿਵਾਦ, ਵਾਤਾਵਰਣ ਨਾਲ ਸੰਬੰਧਿਤ ਸੰਕਟ, ਆਰਥਿਕ ਦਬਾਅ ਲੱਖਾਂ ਲੋਕਾਂ ਨੂੰ ਚੰਗੇ ਮੌਕਿਆਂ ਦੀ ਭਾਲ ਵਿਚ ਅਤੇ ਸੁਰੱਖਿਆ ਲਈ ਪਰਵਾਸੀ ਬਣਾਉਂਦਾ ਹੈ। ਪਿਛਲੇ ਸਾਲਾਂ ਵਿੱਚ ਅਸੀਂ ਰਿਕਾਰਡ ਤੋੜ ਪਰਵਾਸ ਦੇਖਿਆ ਹੈ ਅਤੇ ਬਹੁਤ ਸਾਰੇ ਯਾਤਰੀਆਂ ਦੀ ਪਰਵਾਸ ਦੌਰਾਨ ਮੌਤ ਵੀ ਹੋਈ ਹੈ। ਇਹਨਾਂ ਸੰਕਟਾਂ ਦੇ ਬਾਵਜੂਦ ਸ਼ਾਂਤੀ, ਤਰੱਕੀ ਅਤੇ ਚੰਗੀ ਉਮੀਦ ਦੀਆਂ ਕਹਾਣੀਆਂ ਵੀ ਹਨ। ਸੁਰੱਖਿਅਤ ਅਤੇ ਵਧੀਆ ਪ੍ਰਬੰਧਿਤ ਪਰਵਾਸ ਅਸਧਾਰਨ ਯੋਗਤਾ ਮੰਗਦਾ ਹੈ। ਇਹ ਪਰਵਾਸੀ ਮਜਦੂਰ ਮੰਡੀਆਂ ਵਿੱਚ, ਹੁਨਰਮੰਦ ਕਾਮਿਆਂ ਦੀ ਖਾਲੀ ਥਾਂ ਭਰਨ ਵਿੱਚ, ਨਵੀਆਂ ਖੋਜਾਂ  ਵਿਚ ਅਤੇ ਉਦੱਮਾਂ ਵਿੱਚ ਵੀ ਮਹੱਤਵਪੂਰਨ ਯੋਗਦਾਨ ਰੱਖਦੇ ਹਨ। ਇਹ ਆਪਣੇ ਪਰਿਵਾਰਾਂ ਅਤੇ ਆਪਣੇ ਸਮੁਦਾਇ ਦੇ ਆਰਥਿਕ ਵਿਕਾਸ ਵਿੱਚ ਸਹਾਈ ਹੁੰਦੇ ਹਨ। ਸਾਂਝੇ ਯਤਨਾਂ ਨਾਲ ਇੱਕ ਦਿਨ ਅਸੀਂ ਅਜਿਹਾ ਸੰਸਾਰ ਬਣਾਉਣ ਵਿੱਚ ਕਾਮਯਾਬ ਹੋ ਸਕਦੇ ਹਾਂ ਜਿੱਥੇ ਪਰਵਾਸ ਸੁਰੱਖਿਅਤ ਅਤੇ ਲਾਭਦਾਇਕ ਹੋਵੇਗਾ ਅਤੇ ਪਰਵਾਸੀਆਂ ਦੇ ਸਾਰੇ ਹੱਕਾਂ ਦੀ ਰਾਖੀ ਵੀ ਹੋ ਸਕੇਗੀ। ਅੰਤਰਰਾਸ਼ਟਰੀ ਪਰਵਾਸ ਦਿਵਸ ਹਰ ਸਾਲ 18 ਦਸੰਬਰ ਨੂੰ ਮਨਾਇਆ ਜਾਂਦਾ ਹੈ। ਇਹ ਦਿਨ ਹਮੇਸ਼ਾ ਪਰਵਾਸੀਆਂ ਦੇ ਯੋਗਦਾਨ ਨੂੰ ਉਜਾਗਰ ਕਰਨ ,ਉਹਨਾਂ ਦੇ ਮਨੁੱਖੀ ਅਧਿਕਾਰਾਂ ਦੀ ਰਾਖੀ ਕਰਨ ਅਤੇ ਸੁਰੱਖਿਅਤ ਵਿਵਸਥਿਤ ਅਤੇ ਨਿਯਮਤ ਪਰਵਾਸ ਨੂੰ ਉਤਸ਼ਾਹਿਤ ਕਰਨ ਤੇ ਕੇਂਦਰਿਤ ਹੁੰਦਾ ਹੈ।

ਇਸ ਦਿਵਸ ਦਾ ਇਤਿਹਾਸ :-  18 ਦਸੰਬਰ 1990 ਨੂੰ ਸੰਯੁਕਤ ਰਾਸ਼ਟਰ ਮਹਾਂ ਸਭਾ ਨੇ ਸਾਰੇ ਪਰਵਾਸੀ ਮਜ਼ਦੂਰਾਂ ਅਤੇ ਉਹਨਾਂ ਦੇ ਪਰਿਵਾਰਿਕ ਮੈਂਬਰਾਂ ਦੇ ਅਧਿਕਾਰਾਂ ਦੀ ਸੁਰੱਖਿਆ ਬਾਰੇ ਅੰਤਰਰਾਸ਼ਟਰੀ ਕਨਵੈਨਸ਼ਨ ਨੂੰ ਅਪਣਾਇਆ ਸੀ। ਇਹ ਇੱਕ ਬਹੁਤ ਹੀ ਮਹੱਤਵਪੂਰਨ ਮੀਲ ਪੱਥਰ ਸੀ। ਦੁਨੀਆਂ ਵਿੱਚ ਪਰਵਾਸੀਆਂ ਦੀ ਵੱਧ ਰਹੀ ਗਿਣਤੀ ਅਤੇ ਉਹਨਾਂ ਦੇ ਮਹੱਤਵ ਨੂੰ ਦੇਖਦੇ ਹੋਏ ਸੰਯੁਕਤ ਰਾਸ਼ਟਰ ਮਹਾਂ ਸਭ ਨੇ 4 ਦਸੰਬਰ 2000 ਦੇ ਮਤੇ ਰਾਹੀਂ ਹਰ ਸਾਲ 18 ਦਸੰਬਰ ਦਾ ਦਿਨ ਅੰਤਰਰਾਸ਼ਟਰੀ ਪਰਵਾਸ ਦਿਵਸ ਵਜੋਂ ਮਨਾਉਣ ਦਾ ਐਲਾਨ ਕੀਤਾ ।

ਮਹੱਤਵ : ਪਰਵਾਸੀਆਂ ਦੇ ਯੋਗਦਾਨ ਨੂੰ ਮਾਨਤਾ :- ਇਹ ਦਿਨ ਦੁਨੀਆਂ ਭਰ ਦੇ ਪਰਵਾਸੀਆਂ ਦੁਆਰਾ ਮੇਜ਼ਬਾਨ ਅਤੇ ਆਪਣੇ ਮੂਲ ਦੇਸ਼ਾਂ ਦੀ ਆਰਥਿਕਤਾ, ਸੱਭਿਆਚਾਰ ਅਤੇ ਸਮਾਜ ਵਿੱਚ ਪਾਏ ਗਏ ਅਨਮੋਲ ਯੋਗਦਾਨ ਨੂੰ ਉਜਾਗਰ ਕਰਦਾ ਹੈ।

ਅਧਿਕਾਰਾਂ ਦੀ ਸੁਰੱਖਿਆ :– ਇਸ ਦਾ ਮੁੱਖ ਮਕਸਦ ਪਰਵਾਸੀਆਂ ਖਾਸ ਕਰਕੇ ਪਰਵਾਸੀ ਮਜ਼ਦੂਰਾਂ ਦੇ ਮਨੁੱਖੀ ਅਧਿਕਾਰਾਂ ਅਤੇ ਬੁਨਿਆਦੀ ਆਜਾਦੀਆਂ ਦੀ ਰੱਖਿਆ ਤੇ ਜੋਰ ਦੇਣਾ ਹੈ ਜਿਹਨਾਂ ਨੂੰ ਅਕਸਰ ਵਿਤਕਰੇ ਅਤੇ ਸ਼ੋਸ਼ਣ ਦਾ ਸ਼ਿਕਾਰ ਹੋਣਾ ਪੈਂਦਾ ਹੈ।

ਜਾਗਰੂਕਤਾ :– ਇਹ ਪਰਵਾਸ ਨਾਲ ਜੁੜੇ ਚੁਣੌਤੀਆਂ ਅਤੇ ਮੌਕਿਆਂ ਬਾਰੇ ਜਾਗਰੂਕਤਾ ਵਧਾਉਂਦਾ ਹੈ ਜਿਵੇਂ ਕਿ ਅਸੁਰੱਖਿਅਤ ਯਾਤਰਾ, ਮਨੁੱਖੀ ਤਸਕਰੀ ਅਤੇ ਏਕੀਕਰਨ ਦੇ ਮੁੱਦੇ ।

ਹਿਯੋਗ ਨੂੰ ਉਤਸ਼ਾਹਿਤ ਕਰਨਾ:- ਇਹ ਰਾਸ਼ਟਰਾਂ ਦਰਮਿਆਨ ਸੁਰੱਖਿਅਤ, ਵਿਵਸਥਿਤ ਅਤੇ ਨਿਯਮਤ ਪਰਵਾਸ ਲਈ ਆਪਸੀ ਸਹਿਯੋਗ ਅਤੇ ਨੀਤੀਆਂ ਬਣਾਉਣ ਦੀ ਲੋੜ ਤੇ ਜੋਰ ਦਿੰਦਾ ਹੈ।  

ਅੰਤਰਰਾਸ਼ਟਰੀ ਪਰਵਾਸ ਦਿਵਸ 2025 ਦਾ ਥੀਮ :- ਸੰਯੁਕਤ ਰਾਸ਼ਟਰ ਹਰ ਸਾਲ ਇੱਕ ਥੀਮ ਦਿੰਦਾ ਹੈ। ਸਾਰੀਆਂ ਗਤੀਵਿਧੀਆਂ ਇਸ ਥੀਮ ਤੇ ਕੇਂਦਰਿਤ ਹੋ ਕੇ ਚੱਲਦੀਆਂ ਹਨ। 2025 ਦਾ ਇਸ ਦਿਵਸ ਦਾ ਥੀਮ ਹੈ – “ਪਰਵਾਸੀਆਂ ਦੇ ਯੋਗਦਾਨ ਦਾ ਅਤੇ ਉਹਨਾਂ ਦੇ ਅਧਿਕਾਰਾਂ ਦਾ ਸਨਮਾਨ”:-ਇਸ ਵਿਸ਼ੇ ਅੰਦਰ ਸ਼ਮੂਲੀਅਤ, ਹਮਦਰਦੀ, ਅਤੇ ਪਰਵਾਸੀ ਅਨੁਭਵਾਂ ਦੀ ਸਮਝ ਵਰਗੇ ਉੱਪ ਵਿਸ਼ੇ ਸ਼ਾਮਿਲ ਹਨ। ਇਸ ਦਾ ਉਦੇਸ਼ ਸਮਾਜਿਕ ਏਕਤਾ ਨੂੰ ਉਤਸ਼ਾਹਿਤ ਕਰਨਾ ਅਤੇ ਪਰਵਾਸੀਆਂ ਖਿਲਾਫ ਭੇਦਭਾਵ ਦਾ ਵਿਰੋਧ ਕਰਨਾ ਹੈ। ਕੇਂਦਰੀ ਧਿਆਨ ਇਸ ਗੱਲ ਉੱਤੇ ਵੀ ਹੈ ਕਿ ਪਰਵਾਸੀਆਂ ਦੇ ਸਮਾਜ ਤੇ ਪਾਏ ਗਏ ਸਕਾਰਾਤਮਕ ਪ੍ਰਭਾਵਾਂ ਨੂੰ ਉਜਾਗਰ ਕੀਤਾ ਜਾਵੇ ਅਤੇ ਨਾਲ ਹੀ ਉਹਨਾਂ ਦੇ ਅਧਿਕਾਰਾਂ ਅਤੇ ਚੁਣੌਤੀਆਂ ਜਿਵੇਂ ਸ਼ੋਸ਼ਣ ਅਤੇ ਮਨੁੱਖੀ ਤਸਕਰੀ ਦੀ ਵੀ ਚਰਚਾ ਕੀਤੀ ਜਾਵੇ।

ਅੰਤਰਰਾਸ਼ਟਰੀ ਪਰਵਾਸ ਦਿਵਸ ਮਨਾਏ ਜਾਣ ਦੇ ਤਰੀਕੇ :-

ਸਰਕਾਰੀ ਪ੍ਰੋਗਰਾਮ :- ਸੰਯੁਕਤ ਰਾਸ਼ਟਰ ਅਤੇ ਅੰਤਰਰਾਸ਼ਟਰੀ ਪਰਵਾਸ ਸੰਗਠਨ ਸਮੇਤ ਵੱਖ ਵੱਖ ਦੇਸ਼ਾਂ ਦੀਆਂ ਸਰਕਾਰਾਂ ਸੈਮੀਨਾਰ, ਕਾਨਫਰੰਸਾਂ ਅਤੇ ਪੈਨਲ ਚਰਚਾਵਾਂ ਆਯੋਜਿਤ ਕਰਦਿਆਂ ਹਨ। ਇਸ ਦਿਨ ਪਰਵਾਸੀਆਂ ਦੇ ਹੱਕਾਂ ਦੀ ਰੱਖਿਆ ਲਈ ਨਵੀਆਂ ਨੀਤੀਆਂ ਅਤੇ ਪ੍ਰੋਗਰਾਮਾਂ ਦਾ ਐਲਾਨ ਕੀਤਾ ਜਾਂਦਾ ਹੈ।

ਜਾਗਰੂਕਤਾ ਮੁਹਿੰਮਾਂ :- ਸੋਸ਼ਲ ਮੀਡੀਆ, ਮੀਡੀਆ ਅਤੇ ਵਿਦਿਅਕ ਸੰਸਥਾਵਾਂ ਰਾਹੀਂ ਪਰਵਾਸੀਆਂ ਦੀਆਂ ਕਹਾਣੀਆਂ, ਸਭਿਆਚਾਰਕ ਯੋਗਦਾਨਾਂ ਅਤੇ ਮਨੁੱਖੀ ਅਧਿਕਾਰਾਂ ਬਾਰੇ ਜਾਣਕਾਰੀ ਸਾਂਝੀ ਕੀਤੀ ਜਾਂਦੀ ਹੈ। 

ਸੱਭਿਆਚਾਰਕ ਸਮਾਗਮ :- ਪਰਵਾਸੀ ਭਾਈਚਾਰਿਆਂ ਦੁਆਰਾ ਸੱਭਿਆਚਾਰਕ ਪ੍ਰੋਗਰਾਮ, ਕਲਾ ਪ੍ਰਦਰਸ਼ਨੀਆਂ, ਭੋਜਨ ਮੇਲੇ ਅਤੇ ਸੰਗੀਤ ਸਮਾਗਮ ਆਯੋਜਿਤ ਕੀਤੇ ਜਾਂਦੇ ਹਨ ਜੋ ਵੱਖ ਵੱਖ ਸਭਿਆਚਾਰਾਂ ਦੇ ਮੇਲ-ਜੋਲ ਨੂੰ ਦਰਸਾਉਂਦੇ ਹਨ। ਪਰਵਾਸੀਆਂ ਦੇ ਤਜਰਬਿਆਂ ਤੇ ਆਧਾਰਿਤ ਫ਼ਿਲਮਾਂ ਜਾਂ ਦਸਤਾਵੇਜ਼ੀ ਫ਼ਿਲਮਾਂ ਦੀ ਸਕਰੀਨਿੰਗ ਕੀਤੀ ਜਾਂਦੀ ਹੈ।

ਸਥਾਨਕ ਕਮਿਊਨਿਟੀ ਦੀ ਸ਼ਮੂਲੀਅਤ :- ਸਕੂਲਾਂ ਕਾਲਜਾਂ ਵਿੱਚ ਪਰਵਾਸੀਆਂ ਦੀ ਸਹਾਇਤਾ ਨਾਲ ਸੰਬੰਧਿਤ ਵਿਸ਼ਿਆਂ ਤੇ ਮੁਕਾਬਲੇ ਜਾਂ ਭਾਸ਼ਨ ਕਰਵਾਏ ਜਾਂਦੇ ਹਨ। ਸਥਾਨਕ ਸਵੈ ਸੇਵੀ ਸੰਸਥਾਵਾਂ ਪਰਵਾਸੀਆਂ ਦੀ ਸਹਾਇਤਾ ਲਈ ਫੰਡ ਇਕੱਠਾ ਕਰਨ ਜਾਂ ਹੋਰ ਗਤੀਵਿਧੀਆਂ ਦਾ ਆਯੋਜਨ ਕਰਦੀਆਂ ਹਨ।

ਸੰਖੇਪ ਵਿੱਚ ਇਹ ਦਿਨ ਪਰਵਾਸੀਆਂ ਦੀ ਲਚਕਤਾ ਹਿੰਮਤ ਅਤੇ ਉਹਨਾਂ ਦੇ ਸਕਾਰਾਤਮਕ ਪ੍ਰਭਾਵ ਨੂੰ ਸਵੀਕਾਰ ਕਰਨ ਅਤੇ ਉਹਨਾਂ ਦੇ ਅਧਿਕਾਰਾਂ ਦੀ ਹਮਾਇਤ ਕਰਨ ਲਈ ਇਕ ਵਿਸ਼ਵਵਿਆਪੀ ਮੌਕਾ ਪ੍ਰਦਾਨ ਕਰਦਾ ਹੈ।
***
ਜਸਵਿੰਦਰ ਸਿੰਘ ਰੁਪਾਲ
9814715796

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
**
1687
***

+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਜਸਵਿੰਦਰ ਸਿੰਘ 'ਰੁਪਾਲ'
-ਲੈਕਚਰਾਰ ਅਰਥ-ਸ਼ਾਸ਼ਤਰ,
ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ,
ਕਟਾਣੀ ਕਲਾਂ( ਲੁਧਿਆਣਾ)-141113
+91 9814715796

 

ਜਸਵਿੰਦਰ ਸਿੰਘ 'ਰੁਪਾਲ'

ਜਸਵਿੰਦਰ ਸਿੰਘ 'ਰੁਪਾਲ' -ਲੈਕਚਰਾਰ ਅਰਥ-ਸ਼ਾਸ਼ਤਰ, ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ, ਕਟਾਣੀ ਕਲਾਂ( ਲੁਧਿਆਣਾ)-141113 +91 9814715796  

View all posts by ਜਸਵਿੰਦਰ ਸਿੰਘ 'ਰੁਪਾਲ' →