15 October 2024

ਵਿਰਾਸਤ/ਕੁਦਰਤੀ ਸੋਮਿਆਂ ਦੀ ਸੰਭਾਲ ਲਈ ਸੰਗਠਨਾਂ/ਪ੍ਰਸ਼ਾਸਨ ਅਤੇ ਕਾਨੂੰਨ ਦੀ ਭੂਮਿਕਾ (ਭਾਰਤੀ ਅਤੇ ਕੈਨੇਡੀਅਨ ਭਾਈਚਾਰੇ ਦੇ ਸੰਬੰਧ ਵਿੱਚ)—ਡਾ. ਪ੍ਰਿਤ ਪਾਲ ਕੌਰ ਚਾਹਲ

ਵਿਰਾਸਤ/ਕੁਦਰਤੀ ਸੋਮਿਆਂ ਦੀ ਸੰਭਾਲ ਲਈ ਸੰਗਠਨਾਂ/ਪ੍ਰਸ਼ਾਸਨ ਅਤੇ ਕਾਨੂੰਨ ਦੀ ਭੂਮਿਕਾ
(ਭਾਰਤੀ ਅਤੇ ਕੈਨੇਡੀਅਨ ਭਾਈਚਾਰੇ ਦੇ ਸੰਬੰਧ ਵਿੱਚ)
-ਡਾ. ਪ੍ਰਿਤ ਪਾਲ ਕੌਰ ਚਾਹਲ, ਪੀਏਯੂ ਲੁਧਿਆਣਾ/ ਵਿੰਨੀਪੈਗ)- 

ਇਸ ਤਸਵੀਰ ਵਿੱਚ ਪੌਦਾ ਆਦਮੀ ਨੂੰ ਇਹੀ ਕਹਿ ਰਿਹਾ ਹੈ ਕਿ, “ਤੂੰ ਮੈਨੂੰ ਬਚਾਅ, ਮੈਂ ਤੈਨੂੰ ਬਚਾਵਾਂਗਾ!!!
ਆਪਾਂ ਦੋਵੇਂ ਰਲ ਕੇ ਧਰਤੀ ਨੂੰ ਸਵਰਗ ਬਣਾ ਸਕਦੇ ਹਾਂ…..”

ਸਿੱਖਾਂ ਦੇ ਪਹਿਲੇ ਗੁਰੂ, ਪਹਿਲੀ ਪਾਤਸ਼ਾਹੀ, ਸੱਚੇ ਪਾਤਸ਼ਾਹ, ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮੁਖ਼ਾਰਬਿੰਦ ਵਿਚੋਂ ਉੱਚਰੇ ਗੁਰਬਾਣੀ ਦੇ ਪਾਵਣ ਪਵਿੱਤਰ ਸ਼ਬਦ, “ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ” ਵਿੱਚ ਜਿਸ ਪਵਣੁ (ਹਵਾ) ਨੂੰ ਗੁਰੂ ਦਾ, ਪਾਣੀ ਨੂੰ ਪਿਤਾ ਅਤੇ ਧਰਤਿ (ਧਰਤੀ) ਨੂੰ ਮਾਤਾ ਦਾ ਦਰਜਾ ਦੇ ਕੇ ਵਡਿਆਇਆ, ਉਸੇ ਲਈ ਅਮਰੀਕੀ ਲੇਖਕ ‘ਟੋਫਟੇ’ ਦਾ ਧਰਤੀ ਉੱਤੇ ਪ੍ਰਦੂਸ਼ਣ ਬਾਰੇ ਕਹਿਣਾ ਹੈ, “ਇਹ ਧਰਤੀ ਮਰ ਰਹੀ ਹੈ ਕਿਉਂਕਿ ਮਨੁੱਖਤਾ ਇਸਨੂੰ ਨਸ਼ਟ ਕਰ ਰਹੀ ਹੈ। ਪਰ ਜੇ ਧਰਤੀ ਮਰਦੀ ਹੈ ਤਾਂ ਤੁਸੀਂ ਵੀ ਮਰ ਜਾਓਗੇ।”

‘ਪਾਣੀ ਪ੍ਰਦੂਸ਼ਣ’, ‘ਹਵਾ ਪ੍ਰਦੂਸ਼ਣ’, ‘ਮਿੱਟੀ ਪ੍ਰਦੂਸ਼ਣ’ ਅਤੇ ‘ਸ਼ੋਰ ਪ੍ਰਦੂਸ਼ਣ’ ਤੋਂ ਇਲਾਵਾ ‘ਪ੍ਰਕਾਸ਼ ਪ੍ਰਦੂਸ਼ਣ’, ‘ਥਰਮਲ ਪ੍ਰਦੂਸ਼ਣ’, ਅਤੇ ‘ਭੋਜਨ ਪ੍ਰਦੂਸ਼ਣ’ ਦੇ ਨਾਲ ਨਾਲ ‘ਆਵਾਜ਼ ਪ੍ਰਦੂਸ਼ਣ’ ਵੀ ਵਾਤਾਵਰਣ ਪ੍ਰਦੂਸ਼ਣ ਦੇ ਖ਼ਾਸ ਬਣ ਗਏ, ਜਿੰਨ੍ਹਾਂ ਕਰਕੇ ਸੰਯੁਕਤ ਰਾਸ਼ਟਰ ਦਾ ਪਹਿਲਾ ‘ਮਨੁੱਖੀ ਵਾਤਾਵਰਣ ਸੰਮੇਲਨ’ ਜੂਨ 5, 1972 ਨੂੰ ਸਟਾਕਹੋਮ ਵਿਖੇ ਹੋਇਆ। ਜਿਸ ਸਦਕਾ ਜੂਨ 5 ਨੂੰ ਹਰ ਸਾਲ ‘ਵਾਤਾਵਰਣ ਦਿਵਸ’ ਮਨਾਇਆ ਜਾਂਦਾ ਹੈ। ਜਿਸ ਤੋਂ ਪ੍ਰਭਾਵਿਤ ਹੋ ਕੇ ਭਾਰਤ ਨੇ ਜੁਲਾਈ, 1972 ਵਿੱਚ ‘ਜੰਗਲੀ ਜੀਵਨ ਬਚਾਓ’ ਐਕਟ ਪਾਸ ਕੀਤਾ ਅਤੇ ਕਾਨੂੰਨ  ਬਣਾਇਆ ਗਿਆ।

ਭਾਰਤ ਦੀ ਕੇਂਦਰੀ ਸਰਕਾਰ ਨੇ ਵਾਤਾਵਰਣ, ਜੰਗਲਾਤ, ਅਤੇ ਜਲਵਾਯੂ ਪ੍ਰੀਵਰਤਨ ਵਜ਼ਾਰਤ ਅਧੀਨ ਸੰਨ੍ਹ 1974 ਵਿੱਚ ਇੱਕ ਕਾਨੂੰਨੀ ਸੰਸਥਾ, ‘ਕੇਂਦਰੀ ਪ੍ਰਦੂਸ਼ਨ ਕੰਟਰੋਲ ਬੋਰਡ’ ਦੀ ਸਥਾਪਨਾ ਕੀਤੀ, ਜਿਸ ਵਿੱਚ ਜਲ (ਪਾਣੀ) ਪ੍ਰਦੂਸ਼ਣ ਰੋਕਥਾਮ ਤੇ ਨਿਯੰਤਰਣ ਐਕਟ’ ਦੇ ਤਹਿਤ ਸਤੰਬਰ 22, 1974 ਵਿੱਚ ਬੈਠਕ ਕੀਤੀ ਗਈ। ਰਾਜਾਂ ਲਈ ਸੀ ਪੀ ਸੀ ਬੀ ਦਾ ਕੰਮ ‘ਰਾਜ ਬੋਰਡਾਂ ਦੇ ਅਧੀਨ ਆਉਂਦਾ ਹੈ। ਸੋ ਪੰਜਾਬ ਸਰਕਾਰ ਨੇ 1975 ਵਿੱਚ ‘ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ’ ਦੀ ਸਥਾਪਨਾ ਕੀਤੀ। ਸ਼ਹਿਰ ਦੇ ਗੰਦੇ ਸੀਵਰੇਜ ਦੇ ਪਾਣੀ ਨਾਲ ਕੁਦਰਤੀ ਜਲ ਸੋਮੇ ਗੰਦੇ ਹੋਣ ਤੋਂ ਬਚਾਉਣਾ ਹੈ। ਰੀਸਾਈਕਲਿੰਗ ਅਤੇ ਸ਼ੁੱਧ ਕੀਤੇ ਪਾਣੀ ਨੂੰ ਸਿੰਚਾਈ ਅਤੇ ਉਦਯੋਗਿਕ ਮੰਤਵ ਲਈ  ਵਰਤਣਾ। ਪਾਣੀ ਅਤੇ ਹਵਾ ਦੀ ਗੁਣਵੱਤਾ ਨੂੰ ਬਹਾਲ ਕਰਨਾ। ਹਵਾ ਦੀ ਸ਼ੁੱਧਤਾ ਲਈ ਪਰਾਲੀ ਨੂੰ ਨਾ ਸਾੜਨਾ। ਜੰਗਲਾਂ ਤੇ ਰੁੱਖਾਂ ਦੀ ਕਟਾਈ ਨੂੰ ਰੋਕਣਾ। ਬੂਟੇ ਲਾਉਣਾ। ਲੋਕਾਂ ਨੂੰ ਜਾਗਰੂਕ ਕਰਨਾ।

ਦੁਨੀਆ ਵਿੱਚ ਭਾਰਤ ਪਹਿਲਾ ਦੇਸ਼ ਹੈ ਜਿਸਨੇ ਸੰਨ੍ਹ 1976 ਵਿੱਚ ਬਿਆਲੀਵੀਂ ਸੋਧ ਰਾਹੀਂ ਸੰਵਿਧਾਨ ਦੇ ਭਾਗ 4, ਧਾਰਾ 48 ਏ ਤੇ ਧਾਰਾ 51 ਏ (ਜੀ) ਦੇ ਤਹਿਤ ਵਾਤਾਵਰਣ, ਜੰਗਲਾਂ, ਜੰਗਲੀ ਜੀਵਾਂ ਅਤੇ ਕੁਦਰਤੀ ਸੋਮਿਆਂ ਦੀ ਸੰਭਾਲ ਤੇ ਸੁਰੱਖਿਆ ਦੀ ਜ਼ਿੰਮੇਵਾਰੀ ਦਾ ਕਾਨੂੰਨ ਪਾਸ ਕੀਤਾ, ਆਰਟੀਕਲ 48 ਏ ਦੇ ਅਧੀਨ, ਰਾਜ ਸਰਕਾਰ ਨੇ ਵਾਤਾਵਰਣ ਦੀ ਸੁਰੱਖਿਆ ਅਤੇ ਸੁਧਾਰ ਨੂੰ ਯਕੀਨੀ ਬਣਾਉਣਾ ਤੇ ਜੰਗਲੀ ਜਾਨਵਰਾਂ ਦੀ ਰੱਖਿਆ ਕਰਨੀ ਹੈ। ਆਰਟੀਕਲ 51 ਏ (ਜੀ) ਦੇ ਤਹਿਤ ਨਾਗਰਿਕਾਂ ਨੂੰ ਕੁਦਰਤੀ ਵਾਤਾਵਰਣ ਦੀ ਰੱਖਿਆ ਅਤੇ ਉਤਸ਼ਾਹਿਤ ਕਰਨ ਅਤੇ ਸਾਰੇ ਜੀਵਾਂ ਨਾਲ ਦਿਆਲੂ ਹੋਣ ਦਾ ਫ਼ਰਜ਼ ਨਿਭਾਉਂਦੀ ਹੈ।

ਦਰਿਆਈ ਦੇਸ਼ ਭਾਰਤ ਵਿੱਚ 14 ਵੱਡੀਆਂ ਨਦੀਆਂ, 44 ਮੱਧਮ ਦਰਿਆ, 55 ਛੋਟੀਆਂ ਨਦੀਆਂ ਤੋਂ ਇਲਾਵਾ ਬਹੁਤ ਸਾਰੀਆਂ ਝੀਲਾਂ, ਤਾਲਾਬ, ਤੇ ਖੂਹ ਹਨ। ਜੋ ਬਿਨਾਂ ਇਲਾਜ ਦੇ ਵੀ ਪੀਣ ਵਾਲੇ ਪਾਣੀ ਦੇ ਮੁੱਖ ਸੋਤੇ ਹਨ। ਸੰਨ੍ਹ 1981 ਵਿੱਚ ਹਵਾ (ਪ੍ਰਦੂਸ਼ਣ ਦੀ ਰੋਕਥਾਮ ਤੇ ਨਿਯੰਤਰਣ) ਦਵਾਰਾ ਰਾਜ ਦੇ ਵੱਖ ਵੱਖ ਖੇਤਰਾਂ ਵਿੱਚ ਨਦੀਆਂ ਅਤੇ ਖੂਹਾਂ ਦੀ ਸਫ਼ਾਈ ਸੁਰੱਖਿਆ ਲਈ ਪਾਸ ਕੀਤਾ ਗਿਆ।

ਹਵਾ ਪ੍ਰਦੂਸ਼ਣ–

“ਜੰਗਲ/ ਰੁੱਖ ਧਰਤੀ ਦੇ ਫੇਫੜੇ ਹਨ” ਸੋ,
“ਹਰ ਮਨੁੱਖ ਲਾਵੇ ਇੱਕ ਰੁੱਖ”

ਹਵਾ ਵਿੱਚ ਮੌਜੂਦ ਜੀਵਨਦਾਤੀ ਆਕਸੀਜਨ ਰੁੱਖਾਂ ਤੋਂ ਹੀ ਪ੍ਰਾਪਤ ਹੁੰਦੀ ਹੈ। ਬਨਸਪਤੀ/ਰੁੱਖ ਕਿਸੇ ਵੀ ਜੀਵ ਦੀ ਉਤਪਤੀ ਤੋਂ ਪਹਿਲਾਂ ਧਰਤੀ ਤੇ ਪੈਦਾ ਹੋਈ। ਆਕਸੀਜਨ ਬਗ਼ੈਰ ਜੀਵਨ ਸੰਭਵ ਹੀ ਨਹੀਂ। ਪੌਦੇ ਆਪਣਾ ਭੋਜਨ ਬਣਾਉਣ ਲਈ ਜੀਵਾਂ ਦਵਾਰਾ ਛੱਡੀ ਕਾਰਬਨ ਡਾਈਔਕਸਾਈਡ ਲੈ ਕੇ ਆਕਸੀਜਨ ਛੱਡਦੇ ਹਨ ਤੇ ਵਾਤਾਵਰਣ ਵਿੱਚ ਕਾਰਬਨ ਡਾਈ ਔਕਸਾਈਡ ਦਾ ਸਤਰ ਵੱਧਣ ਨਹੀਂ ਦਿੰਦੇ।

ਕੇਂਦਰੀ ਪ੍ਰਦੂਸ਼ਨ ਕੰਟਰੋਲ ਬੋਰਡ/ (NAMP) ‘ਨੈਸ਼ਨਲ ਏਅਰ ਮੋਨੀਟਰਿੰਗ ਪ੍ਰੋਗਰਾਮ ਵੱਜੋਂ ਜਾਣੇ ਜਾਂਦੇ, ਦੇਸ਼ ਵਿਆਪੀ ‘ਐਂਬੀਐਂਟ ਏਅਰ ਕੁਆਲਟੀ ਮੋਨੀਟਰਿੰਗ ਪ੍ਰੋਗਰਾਮ ਚਲਾਉਂਦਾ ਹੈ। ਸਾਰੇ ਦੇਸ਼ ਦੇ 29 ਰਾਜਾਂ ਅਤੇ 5 ਸ਼ਾਸਤ ਪ੍ਰਦੇਸ਼ਾਂ ਵਿੱਚ 262 ਸ਼ਹਿਰਾਂ/ਕਸਬਿਆਂ ਨੂੰ 621 ‘ਓਪਰੇਟਿੰਗ ਸਟੇਸ਼ਨਾਂ’ ਦਾ ਨੈੱਟਵਰਕ ਕਵਰ ਕਰਕੇ, ਇਹਨਾਂ ਰਾਹੀਂ, ਚਾਰ ਹਵਾ ਪ੍ਰਦੂਸ਼ਕ, SO2 ਸਲਫ਼ਰ ਡਾਈਔਕਸਾਈਡ, ਨਾਈਟਰਿਕ ਡਾਈਔਕਸਾਈਡ, NO2, ਸਸਪੈਂਡਡ ਪਾਰਟੀਕੁਲੇਟ ਮੈਟਰ (SPM) ਅਤੇ ਸਾਹ ਲੈਣ ਯੋਗ (RSPM/PM10) ਦੀ ਪਛਾਣ ਕਰਕੇ ਇਹਨਾਂ ਦਾ ਨਿਯੰਤਰਣ ਕੀਤਾ ਜਾਂਦਾ ਹੈ। ‘ਜੋਸਫ਼ ਪਰੀਸਟਲੇ’ ਦੇ ਅਨੁਸਾਰ,  ਵਰਤਮਾਨ ਵਿੱਚ ਵਾਤਾਵਰਣ ਲਈ ਸੱਭ ਤੋਂ ਮਹੱਤਵਪੂਰਨ ਖ਼ਤਰਾ ਬਣ ਕੇ ਮੰਡਰਾਉਣ ਵਾਲੀ ਪ੍ਰਦੂਸ਼ਕ, ਬਹੁਤ ਤੇਜ਼ ਗੰਧ ਵਾਲੀ ਪਾਣੀ ਵਿੱਚ ਘੁਲਣਸ਼ੀਲ, ਜ਼ਹਿਰੀਲੀ, ਬੇਰੰਗ ਗੈਸ (SO2) ਸਲਫ਼ਰ ਡਾਇਓਕਸਾਈਡ ਤੇ NO2 ਨਾਈਟਰੋਜਨ ਡਾਈਔਕਸਾਈਡ ਕੋਲਾ, ਤੇਲ, ਡੀਜ਼ਲ ਅਤੇ ਧਾਤੂਆਂ ਦੇ ਸੜਨ ਨਾਲ ਪੈਦਾ ਹੁੰਦੀ ਹੈ। ‘ਮੈਰਿਕ ਦੇ ਗਿਆਰਵੇਂ ਅਡੀਸ਼ਨ ਅਨੁਸਾਰ ਦੂਸਰੀ ਪ੍ਰਮੁੱਖ ਬੇਹੱਦ ਜ਼ਹਿਰੀਲੀ ਪ੍ਰਦੂਸ਼ਕ ਗੈਸ ਨਾਈਟਰੋਜਨ ਡਾਈਔਕਸਾਈਡ NO2 ਫੇਫੜਿਆਂ ਵਿੱਚ ਸੋਜਿਸ਼/ ਅਤੇ ਐਡੀਮਾ ਪੈਦਾ ਕਰਦੀ ਹੈ ਤੇ ਬੁਖ਼ਾਰ, ਪੇਟ ਦਰਦ, ਉਲਟੀਆਂ ਨਾਲ ਕਈ ਵਾਰ ਕੁੱਝ ਦਿਨਾਂ ਬਾਅਦ ਮਰੀਜ਼ ਦੀ ਮੌਤ ਹੋ ਜਾਂਦੀ ਹੈ। ਪਰਾਲੀ, ਕੱਚਾ ਕੋਲਾ, ਤੇਲ ਡੀਜ਼ਲ, ਕੈਮੀਕਲਜ਼ ਤੇ ਪੈਟਰੋਲ ਆਦਿ ਦੇ ਸੜਨ ਨਾਲ ਹਵਾ ਵਿੱਚ ਕਾਰਬਨ ਦੇ ਕਣ ਅਟਕ ਜਾਂਦੇ ਹਨ ਜੋ ਸਾਹ ਰਾਹੀਂ ਆਦਮੀ ਦੇ ਸਰੀਰ ਵਿੱਚ ਦਾਖ਼ਲ ਹੋ ਕੇ ਬਿਮਾਰੀ ਦਾ ਕਾਰਨ ਬਣਦੇ ਹਨ। ਜਿੰਨ੍ਹਾਂ ਵਿੱਚੋਂ ਫੇਫੜਿਆਂ ਦਾ ਕੈਂਸਰ ਮੁੱਖ ਹੈ। ਅੱਜ ਦੇ ਸਮੇਂ ਵਿੱਚ ਇਹ ਜ਼ਹਿਰੀਲੀਆਂ ਗੈਸਾਂ, ਵਾਤਾਵਰਣ ਲਈ, ਸੱਭ ਤੋਂ ਮਹੱਤਵਪੂਰਨ ਖ਼ਤਰਾ ਸਿੱਧ ਹੋ ਰਿਹਾ ਹੈ।

ਸ਼ੋਰ ਪ੍ਰਦੂਸ਼ਣ ….. (SO 123 E)

ਇਹ ਹਵਾ ਦਾ ਉਹ ਪ੍ਰਦੂਸ਼ਣ ਹੈ ਜਿਸ ਨੂੰ ਫੈਲਾਉਣ ਕਰਕੇ ਬਾਹਰਲੇ ਮੁਲਕਾਂ ਵਿੱਚ ਬਹੁਤ ਭਾਰੀ ਜੁਰਮਾਨਾ ਭਰਨਾ ਪੈਂਦਾ ਹੈ। ਪਾਰਟੀਆਂ, ਫੰਕਸ਼ਨਾਂ ਵਿੱਚ ਉੱਚੀ ਉੱਚੀ ਮਿਊਜ਼ਕ ਵਜਾ ਕੇ ਲੋਕਾਂ, ਗਵਾਂਢੀਆਂ ਲਈ ਪ੍ਰੇਸ਼ਾਨੀ ਦਾ ਕਾਰਨ ਬਨਣਾ, ਲਾਊਡ ਸਪੀਕਰ ਲਾਉਣੇ, ਕਾਰਾਂ ਗੱਡੀਆਂ ਦੇ ਹਾਰਨ/ ਹੂਟਰ ਵਜਾਉਣੇ, ਸੜਕਾਂ ਉੱਪਰ ਉੱਚੀ ਉੱਚੀ ਬੋਲ ਕੇ ਜਲੂਸ ਕੱਢਣੇ ਜਾਂ ਕਿਸੇ ਚੀਜ਼ ਦੀ ਪ੍ਰਾਈਵੇਟ ਢੰਗ ਨਾਲ ਮਸ਼ਹੂਰੀ ਕਰਨੀਂ, ਸੱਭ ਸ਼ੋਰ ਪ੍ਰਦੂਸ਼ਣ ਦੀ ਸ਼੍ਰੇਣੀ ਵਿੱਚ ਆਉਂਦੇ ਹਨ। ਤੇਜ਼ ਹੂਟਰ ਕਾਰਨ ਕਈ ਕਮਜ਼ੋਰ ਦਿਲ ਵਾਲਿਆਂ ਨੂੰ ਹਾਰਟ ਅਟੈਕ ਦਾ ਆਉਣਾ, ਪੜ੍ਹਨ ਵਾਲੇ ਬੱਚਿਆਂ ਦੀ ਪੜ੍ਹਾਈ ਵਿੱਚ ਫੰਕਸ਼ਨਾਂ/ਜਗਰਾਤਿਆਂ/ਧਾਰਮਿਕ ਸਥਾਨਾਂ ਵਿੱਚ ਲਾਊਡ ਸਪੀਕਰਾਂ ਤੇ ਹੋ ਰਹੇ ਉੱਚੀ ਉੱਚੀ ਕੀਰਤਨ ਕਾਰਨ ਵਿਘਨ ਪੈਣਾ, ਬੀਮਾਰ ਆਦਮੀ, ਬੱਚਿਆਂ ਤੇ ਬਜ਼ੁਰਗਾਂ ਦੀ ਨੀਂਦ/ਆਰਾਮ ਵਿੱਚ ਖ਼ਲੱਲ ਪੈਣਾ, ਆਮ ਗੱਲਾਂ ਹਨ।

ਇਸ ਸੱਭ ਲਈ ਐਕਟ ‘ਐੱਸ ਓ 123 ਈ’ ਅਨੁਸਾਰ ਉਦਯੋਗਿਕ ਗਤੀਵਿਧੀ, ਲਾਊਡ ਸਪੀਕਰ, ਨਿਰਮਾਣ ਗਤੀਵਿਧੀ, ਜਨਰੇਟਰ ਸੈੱਟ, ਵਾਹਨਾਂ ਦੇ ਤੇਜ਼ ਹਾਰਨ, ਪਬਲਿਕ ਐਡਰੈੱਸ ਸਿਸਟਮ, ਕਿਸੇ ਵੀ ਕਿਸਮ ਦਾ ਮਿਊਜ਼ਿਕ ਸਿਸਟਮ ਨੂੰ ਸੈਂਟਰਲ ਪ੍ਰਦੂਸ਼ਣ ਕੰਟਰੋਲ ਬੋਰਡ (ਸੀ ਪੀ ਸੀ ਬੀ) ਚੌਗਿਰਦੇ ਦੀ ਹਵਾ ਦੀ ਗੁਣਵੱਤਾ ਦੇ ਮਿਆਰਾਂ ਨੂੰ ਕਾਇਮ ਰੱਖਣ ਲਈ ਸ਼ੋਰ ਪੈਦਾ ਕਰਨ ਦੇ ਸੋਮਿਆਂ ਨੂੰ ਨਿਯੰਤਰਣ ਕਰਨ ਲਈ ਜ਼ਿੰਮੇਦਾਰੀ ਆਇਦ ਹੁੰਦੀ ਹੈ।

ਸਿਰਫ਼ ਧਰਤੀ ਹੀ ਨਹੀਂ ਸਗੋਂ ਜੀਵ ਜੰਤੂਆਂ ਦੇ ਫੇਫੜਿਆਂ ਦੀ ਤਰ੍ਹਾਂ ਕੰਮ ਕਰਨ ਵਾਲੇ ਜੰਗਲਾਂ/ਰੁੱਖਾਂ ਦੀ ਕਟਾਈ ਨੂੰ ਰੋਕਣਾ, ਹਵਾ ਵਿੱਚ ਆਕਸੀਜਨ ਗੈਸ ਤੇ ਕਾਰਬਨ ਡਾਈਔਕਸਾਈਡ ਦੀ ਮਾਤਰਾ ਵਿੱਚ ਤਾਲਮੇਲ ਬਿਠਾਉਣ ਲਈ ਨਵੇਂ ਰੁੱਖ ਰੋਪਣਾ/ਲਾਉਣਾ ਤੇ ਉਹਨਾਂ ਦੀ ਦੇਖਭਾਲ ਲਈ ਰੁੱਖਾਂ ਦੇ ਆਲੇ ਦਵਾਲੇ ਲੋਹੇ/ਪੱਕੇ  ਕੰਕਰੀਟ ਦੇ ਜੰਗਲੇ ਲਾਉਣੇ ਅਤੇ ਲੋਕਾਂ ਨੂੰ ਇਸ ਬਾਰੇ ਜਾਗਰੂਕ ਕਰਨਾ ਆਦਿ ਇਸੇ ਹੀ ਐਕਟ ਦਾ ਹਿੱਸਾ ਹਨ।

ਬਾਹਰਲੇ ਮੁਲਕਾਂ ਵਿੱਚ ਕੋਈ ਵੀ ਦਰਖ਼ੱਤ ਸਰਕਾਰ/ਸਿਟੀ ਦੀ ਲਿਖਤੀ ਇਜਾਜ਼ਤ ਬਗ਼ੈਰ ਕੱਟੇ ਨਹੀਂ ਜਾ ਸਕਦੇ। ਅਜਿਹਾ ਕਰਨ ਨਾਲ ਵੱਡਾ ਜੁਰਮਾਨਾ ਭਰਨਾ ਪੈ ਸਕਦਾ ਹੈ। ਹੋਰ ਤਾਂ ਹੋਰ ਘਾਹ ਉੱਪਰ ਚੱਲਣ ਦੀ ਵੀ ਮਨਾਹੀ ਹੋਣ ਦੇ ਨਾਲ ਨਾਲ ਆਸਾ ਪਾਸਾ ਸਾਫ਼ ਰੱਖਣਾ,  ਕੁੱਤਿਆਂ ਨੂੰ ਪਾਰਕਾਂ ਵਿੱਚ ਘੁਮਾਉਣ ਵੇਲੇ ਕੁੱਤੇ ਦਵਾਰਾ ਪਾਏ ਗਏ ਗੰਦ ਨੂੰ ਖ਼ੁਦ ਹੀ ਸਾਫ਼ ਕਰਕੇ, ਲੋਕਾਂ ਨੂੰ ਬਿਮਾਰੀਆਂ ਤੋਂ ਬਚਾਉਣਾ ਵੀ ਇਸੇ ਦਾ ਹੀ ਹਿੱਸਾ ਹੈ। ਅਣਗਹਿਲੀ ਜਾਂ ਮੁਨਕਰ ਹੋਣ ਦੀ ਸਥਿਤੀ ਵਿੱਚ ਇੱਕ ਖ਼ਬਰ ਅਨੁਸਾਰ ਇੱਕ ਆਦਮੀ ਨੂੰ ‘ਯੂ ਐੱਸ ਏ’ ਵਿੱਚ 5,000 ਡਾਲਰ ਦਾ ਜੁਰਮਾਨਾ ਭਰਨਾ ਪਿਆ।

ਖੇਤੀ ਬਾੜੀ ਯੂਨੀਵਰਸਿਟੀਆਂ ਦੇ ਪਸਾਰ ਸਿੱਖਿਆ ਵਿਭਾਗ, ਮੈਗਜ਼ੀਨਾਂ, ਨਾਟਕਾਂ, ਲੈਕਚਰਾਂ ਅਤੇ ਨੁੱਕੜ ਨਾਟਕਾਂ, ਟੀ ਵੀ ਚੈਨਲਾਂ, ਰੇਡੀਓ ਪ੍ਰਸਾਰਣਾਂ ਰਾਹੀਂ ਰੁੱਖ ਲਾਉਣ, ਪਰਾਲੀ ਨਾ ਸਾੜਨ ਲਈ ਉਪਰਾਲੇ ਕਰਨ ਲਈ ਲੋਕਾਂ ਨੂੰ ਜਾਗਰੂਕ ਕਰਦੇ ਹਨ। ਜਿੱਥੇ ਰਾਜ ਸਰਕਾਰਾਂ ਇਸ ਲਈ ਯਤਨਸ਼ੀਲ ਹਨ, ਉੱਥੇ ਕਈ ਪ੍ਰਾਈਵੇਟ ਅਦਾਰੇ ਵੀ ਵਾਤਾਵਰਣ ਨੂੰ ਬਚਾਉਣ ਵਿੱਚ ਰੁੱਝੇ ਹੋਏ ਹਨ।

“ਈਕੋ ਫਰੈਂਡਲੀ ਐਸੋਸੀਏਸ਼ਨ ਵੀ ਇਸ ਸੰਬੰਧੀ 1999 ਤੋਂ ਕੰਮ ਕਰ ਰਹੀ ਹੈ। ਇਹ ਸੰਸਥਾ ਵਾਤਾਵਰਣ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਹਰ ਸਾਲ 5,000 ਦੇ ਲਗ ਭਗ ਬੂਟੇ ਲਾਉਂਦੀ ਹੈ। ਇਹ ਸੰਸਥਾ ਹੁਣ ਤੱਕ 80,000 ਦੇ ਲਗ ਭਗ ਬੂਟੇ ਰਾਜ ਦੇ ਵੱਖ ਵੱਖ ਜ਼ਿਲ੍ਹਿਆਂ ਵਿੱਚ ਲਗਾ ਚੁੱਕੀ ਹੈ। ਅਤੇ ਇਸ ਪ੍ਰਤੀ ਲੋਕਾਂ ਵਿੱਚ ਚੇਤਨਾ ਭਰਨ ਲਈ ਨੁੱਕੜ ਨਾਟਕਾਂ ਰਾਹੀਂ ਜਾਗਰੂਕਤਾ ਪੈਦਾ ਕਰ ਰਹੇ ਹਨ।
**
ਪਾਣੀ ਅਤੇ ਧਰਤੀ ਪ੍ਰਦੂਸ਼ਣ ਦੇ ਕੰਟਰੋਲ ਲਈ ਕਿਰਪਾ ਕਰਕੇ ਅਗਲੀ/ਅਖ਼ੀਰਲੀ ਕਿਸ਼ਤ ਜ਼ਰੂਰ ਪੜ੍ਹਨਾ ਜੀ।
***

“ਵਿਰਾਸਤ/ਕੁਦਰਤੀ ਸੋਮਿਆਂ ਦੀ ਸੰਭਾਲ” (ਭਾਗ 2) ਲਈ ਸੰਗਠਨਾਂ/ ਪ੍ਰਸ਼ਾਸਨ ਅਤੇ ਕਾਨੂੰਨ ਦੀ ਭੂਮਿਕਾ
(ਕੈਨੇਡੀਅਨ ਅਤੇ ਭਾਰਤੀ ਭਾਈਚਾਰੇ ਦੇ ਸੰਬੰਧ ਵਿੱਚ)
-(ਡਾ. ਪ੍ਰਿਤ ਪਾਲ ਕੌਰ ਚਾਹਲ, ਪੀਏਯੂ ਲੁਧਿਆਣਾ/ ਵਿੰਨੀਪੈਗ)-

ਅੱਜ ਦੇ ਵਿਗਿਆਨਕ ਯੁੱਗ ਵਿੱਚ ਅੱਖਰ-ਬ-ਅੱਖਰ ਸੱਚ ਹੋਏ, ਹੁਣ ਤੋਂ ਤਕਰੀਬਨ 500 ਸਾਲ ਪਹਿਲਾਂ ਸਿੱਖਾਂ ਦੇ ਪਹਿਲੇ ਗੁਰੂ, ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ‘ਵਾਰ ਆਸਾ-ਸਲੋਕੁ ਮਹਲਾ ਪਹਿਲਾ’ ਅੰਕ 472 ਵਿੱਚ ਦਰਜ ਪਾਵਨ ਕਥਨ…..,

“ਪਹਿਲਾ ਪਾਣੀ ਜੀਉ ਹੈ, ਜਿਤੁ ਹਰਿਆ ਸਭੁ ਕੋਇ ।।

ਅਤੇ ਸਿਰੀ ਰਾਗੁ ਮਹਲਾ 1-19 ਵਿੱਚ,

“ਸਾਚੇ ਤੇ ਪਵਨਾ ਭਇਆ ਪਵਨੈ ਤੇ ਜਲ ਹੋਇ ।।
ਜਲ ਤੇ ਤ੍ਰਿਭਵਣੁ ਸਾਜਿਆ ਘਟਿ ਘਟਿ ਜੋਤਿ ਸਮੋਇ ।।”

ਅੱਜ ਤੋਂ 13.8 ਬਿਲੀਅਨ ਸਾਲ ਪਹਿਲਾਂ ਜਦੋਂ “ਬਿੱਗ ਬੈਂਗ ਥਿਊਰੀ” ਅਨੁਸਾਰ ਧਰਤੀ ਹੋਂਦ ਵਿੱਚ ਆਈ ਤਾਂ ਬਹੁਤ ਸਾਰੀਆਂ ਗੈਸਾਂ ਪੈਦਾ ਹੋਈਆਂ ਅਤੇ ਫਿਰ ਇਹਨਾਂ ਗੈਸਾਂ (ਆਕਸੀਜਨ ਅਤੇ ਹਾਈਡਰੋਜਨ) ਦੇ ਮਿਲਣ ਨਾਲ ਪਾਣੀ H2O (ਜਲ) ਬਣਿਆ। ਪਾਣੀ ਤੋਂ ਹਰੀ ਨੀਲੀ ਜਿਲ੍ਹਬ ਅਤੇ ਪਾਣੀ ਤੇ ਮਿੱਟੀ ਤੋਂ ਬਨਸਪਤੀ ਹੋਂਦ ਵਿੱਚ ਆਈ। ਤੇ ਫਿਰ ਲੱਖਾਂ ਕਰੋੜਾਂ ਸਾਲਾਂ ਬਾਅਦ ਹੌਲੀ ਹੌਲੀ ਮਨੁੱਖ ਹੋਂਦ ਵਿੱਚ ਆਇਆ। ਜੋ ਕਿਸੇ ਵੀ ਸਾਇੰਸਦਾਨ/ਵਿਗਿਆਨਕ ਦੇ ਦੱਸਣ ਤੋਂ ਪਹਿਲਾਂ (ਸੰਨ1564 ਵਿੱਚ ਪੈਦਾ ਹੋਏ ਗੈਲੀਲੀਓ ਗੈਲੀਲੀ, ਜਿਸਨੇ ਦੱਸਿਆ ਕਿ ਧਰਤੀ ਗੋਲ ਹੈ, ਪਰ ਉਸ ਤੋਂ ਵੀ ਸੌ ਸਾਲ ਪਹਿਲਾਂ ਗੁਰੂ ਨਾਨਕ ਦੇਵ ਜੀ ਜਨਮ, ਸੰਨ 1469) ਸ੍ਰੀ ਗੁਰੂ ਨਾਨਕ ਦੇਵ ਸਾਹਿਬ ਨੇ ਗੁਰਬਾਣੀ ਵਿੱਚ ਪਵਣੁ, ਜਲ ਅਤੇ ਧਰਤਿ ਨੂੰ ਪੂਜਣਯੋਗ ਕਰਾਰ ਦਿੱਤਾ। ਪਰ ਅਸੀਂ ਪੂਜਣਾ ਤਾਂ ਦੂਰ ਇਹਨਾਂ ਮੁਫ਼ਤ ਵਿੱਚ ਮਿਲੀਆਂ ਕੁਦਰਤੀ ਰੱਬੀ ਦਾਤਾਂ ਨੂੰ  ਪ੍ਰਦੂਸ਼ਤ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ।

ਵਾਤਾਵਰਣ ਪ੍ਰਦੂਸ਼ਣ ਕੰਟਰੋਲ ਕਰਨ ਲਈ ਸਰਕਾਰੀ, ਅਰਧ ਸਰਕਾਰੀ, ਰਾਜ ਸਰਕਾਰੀ, ਅਦਾਰੇ, (ਮਿਊਂਸਪਲ ਕਮੇਟੀਆਂ/ ਨਗਰ ਨਿਗਮ), ਗ਼ੈਰ ਸਰਕਾਰੀ ਸੰਸਥਾਵਾਂ, ਨਿੱਜੀ ਸੰਗਠਨ, ਗਲੀ, ਬਲਾਕ ਅਤੇ ਪਿੰਡਾਂ ਦੀਆਂ ਪੰਚਾਇਤਾਂ ਆਦਿ ਦੇ ਸਹਿਯੋਗ ਨਾਲ ਕਾਨੂੰਨਾਂ ਅਨੁਸਾਰ ਹਰ ਸੰਭਵ ਕੋਸ਼ਿਸ਼ ਅਮਲ ਵਿੱਚ ਲਿਆਈ ਜਾਂਦੀ ਹੈ। ਹਰ ਨਾਗਰਿਕ ਨੂੰ ਪ੍ਰਦੂਸ਼ਣ ਕੰਟਰੋਲ ਨੂੰ ਆਪਣੀ ਨੈਤਿਕ ਜ਼ਿੰਮੇਦਾਰੀ ਸਮਝਣਾ ਚਾਹੀਦਾ ਹੈ। ਕਿਉਂਕਿ ਹਰ ਆਦਮੀ ਸਮਾਜ ਦੀ ਇੱਕ ਵਾਹਿਦ ਇਕਾਈ ਹੈ। ਇੱਕ ਆਦਮੀ ਦੀ ਦੇਖਾ ਦੇਖੀ ਹੋਰ ਆਦਮੀ ਵੀ ਨਾਲ ਹੋ ਤੁਰਦੇ ਹਨ ਕਿ…..

“ਇਕੱਲਿਆਂ ਹੀ ਤੁਰਿਆ ਸੀ ਮੰਜ਼ਿਲ ਵੱਲ ਨੂੰ ਮੈਂ,
ਲੋਕ ਰਲਦੇ ਗਏ, ਕਾਰਵਾਂ ਬਣਦਾ ਗਿਆ…..।”

ਸਰਕਾਰੀ, ਰਾਜ ਸਰਕਾਰੀ ਅਤੇ ਅਰਧ ਸਰਕਾਰੀ ਸੰਸਥਾਵਾਂ…

ਸੰਨ 1972 ਵਿੱਚ ਸਰਕਾਰ ਨੇ “ਜੰਗਲੀ ਜੀਵਨ ਬਚਾਓ” ਐਕਟ ਪਾਸ ਕੀਤਾ ਅਤੇ 1976 ਵਿੱਚ ਸੋਧ ਕਰਕੇ ਧਾਰਾ 48 ਏ ਅਤੇ ਧਾਰਾ 51 ਏ ਜੀ ਦਾ ਕਾਨੂੰਨ ਪਾਸ ਕੀਤਾ। ਸੰਨ 1974 ਵਿੱਚ ਕੇਂਦਰੀ ਸਰਕਾਰ ਦੇ ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਪ੍ਰੀਵਰਤਨ ਵਜ਼ਾਰਤ ਅਧੀਨ, ਇੱਕ ਕਾਨੂੰਨੀ ਸੰਸਥਾ, ‘ਕੇਂਦਰੀ ਪ੍ਰਦੂਸ਼ਨ ਕੰਟਰੋਲ’ (CPCB) ਦੀ ਸਥਾਪਨਾ ਕੀਤੀ ਗਈ, ਜਿਸ ਵਿੱਚ ‘ਜਲ ਪ੍ਰਦੂਸ਼ਣ ਦੀ ਰੋਕਥਾਮ ਤੇ ਨਿਯੰਤਰਣ ਐਕਟ’ ਪਾਸ ਕੀਤਾ ਗਿਆ।

ਰਾਜਾਂ ਲਈ ਇਹੀ ਕੰਮ ਰਾਜ ਬੋਰਡਾਂ ਦੇ ਅਧੀਨ ਹੈ। ਆਜ਼ਾਦੀ ਤੋਂ ਬਾਦ ਆਬਾਦੀ ਦੇ ਹੱਦਾਂ ਤੋੜ ਵਾਧੇ, ਨਿਰੰਤਰ ਵੱਧ ਰਹੇ ਸ਼ਹਿਰੀਕਰਨ ਅਤੇ ਵੱਡੇ ਵੱਡੇ  ਉਦਯੋਗ/ਫੈਕਟਰੀਆਂ ਸਥਾਪਿਤ ਕਰਨ ਕਾਰਨ ਸਾਫ਼ ਵਾਤਾਵਰਣ ਦੀ ਪ੍ਰਦੂਸ਼ਣਤਾ ਵਿੱਚ ਬੇਹੱਦ ਵਾਧਾ ਹੁੰਦਾ ਚਲਾ ਗਿਆ, ਜਿਸਦੀ ਰੋਕਥਾਮ ਲਈ ਸੰਨ 1986 ਵਿੱਚ ਸਰਕਾਰ ਨੇ ‘ਵਾਤਾਵਰਣ ਬਚਾਓ ਐਕਟ’ ਪਾਸ ਕੀਤਾ।

ਸੰਨ 2000 ਵਿੱਚ ਰਾਜ ਸਰਕਾਰ ਨੇ ‘ਮਿਊਂਸਪਲ ਠੋਸ ਰਹਿੰਦ ਖੂੰਹਦ ਨਿਯਮ-2000’ ਬਣਾਇਆ (MSW ਐਕਟ-2000) ਜੋ ਮਿਊਂਸਪਲ ਠੋਸ ਨੂੰ ਇਕੱਠਾ ਕਰਨ, ਸਟੋਰ ਕਰਨ, ਆਵਾਜਾਈ ਪ੍ਰੋਸੈਸਿੰਗ ਅਤੇ ਨਿਪਟਾਰੇ ਲਈ ਜ਼ਿੰਮੇਦਾਰ ਹੈ।

ਸਰਕਾਰੀ, ਅਰਧ ਸਰਕਾਰੀ ਸੰਸਥਾਨ ਜਿਵੇਂ IARI (ਇੰਡੀਅਨ ਐਗਰੀਕਲਚਰਲ ਰੀਸਰਚ ਇੰਸਟੀਚਿਊਟ, ICAR (ਇੰਡੀਅਨ ਕੌਂਸਿਲ ਆਫ਼ ਐਗਰੀਕਲਚਰਲ ਰੀਸਰਚ), CSIR (ਕੌਂਸਲ ਆਫ਼ ਸਾਇੰਟਿਫਿਕ & ਇੰਡਸਟਰੀਅਲ ਰੀਸਰਚ), DBT (ਡਿਪਾਰਟਮੈਂਟ ਆਫ਼ ਬਾਇਓਟੈਕਨੌਲੌਜੀ), ICRISAT (ਇੰਟਰਨੈਸ਼ਨਲ ਕਰੌਪਸ ਰੀਸਰਚ ਇੰਸਟੀਚਿਊਟ ਫਾਰ ਦਾ ਸੈਮੀ ਏਰਿਡ ਟਰੌਪਿਕਸ), ਐਗਰੀਕਲਚਰਲ ਯੂਨੀਵਰਸਿਟੀਆਂ, ਰੀਜ਼ਨਲ ਰੀਸਰਚ ਸਟੇਸ਼ਨ, KVK, (ਕੇ ਵੀ ਕੇ) (ਕ੍ਰਿਸ਼ੀ ਵਿਗਿਆਨ ਕੇਂਦਰ) ਅਤੇ ਹੋਰ ਬਹੁਤ ਸਾਰੇ ਸੰਸਥਾਨ,ਜਿੱਥੇ ਲਗਾਤਾਰ ਖਾਦਾਂ/ਕੀਟਨਾਸ਼ਕ ਆਦਿ ਵਰਤੋਂ ਵਿੱਚ ਲਿਆਂਦੇ ਜਾਂਦੇ ਕੈਮੀਕਲਜ਼ ਨੂੰ ਠੱਲ ਪਾਉਣ ਲਈ ਸਾਇੰਸਦਾਨ ਦਿਨ ਰਾਤ ਮਿਹਨਤ ਕਰਕੇ ਵਾਤਾਵਰਣ ਨੂੰ ਇਹਨਾਂ ਦੀ ਜ਼ਰੂਰਤ ਤੋਂ ਜ਼ਿਆਦਾ ਵਰਤੋਂ ਦਵਾਰਾ ਪ੍ਰਦੂਸ਼ਤ ਹੋਣ ਤੋਂ ਰੋਕਣ ਲਈ ਰੀਸਰਚ ਕਰ ਰਹੇ ਹਨ। ਅਤੇ ਜਨ ਜੀਵਨ ਨੂੰ ਇਹਨਾਂ ਪ੍ਰਤੀ ਸੁਚੇਤ ਕਰਨ ਲਈ ਪਸਾਰ/ਪਰਚਾਰ ਸਿੱਖਿਆ ਵਿਭਾਗ, ਟੀਵੀ, ਰੇਡੀਓ, ਅਖ਼ਬਾਰਾਂ, ਸਰਕਾਰੀ/ਗ਼ੈਰ ਸਰਕਾਰ ਸਰਕਾਰੀ ਰਸਾਲੇ, ਨੁੱਕੜ ਨਾਟਕ, ਫਿਲਮਾਂ, ਲੈਕਚਰਜ਼, ਮੇਲੇ, ਕਾਨਫਰੰਸਾਂ, ਮੀਟਿੰਗਾਂ ਅਤੇ ਸਿਮਪੋਜ਼ੀਅਮ ਆਦਿ ਦਾ ਹਰ ਸੰਭਵ ਸਹਾਰਾ ਲਿਆ ਜਾਂਦਾ ਹੈ। ਇਸ ਵਿੱਚ ਨਿੱਜੀ ਸੰਗਠਨ/ ਸੰਸਥਾਵਾਂ ਅਤੇ ਵਾਤਾਵਰਣ ਨੂੰ ਬਚਾਉਣ/ ਪਿਆਰ ਕਰਨ ਵਾਲੇ ਨਿੱਜੀ ਵਿਅਕਤੀ ਵੀ ਜੁੜੇ ਹੋਏ ਹਨ।

ਇਸ ਖੇਤਰ ਵਿੱਚ ਅੰਤਰ ਰਾਸ਼ਟਰੀ ਪੱਧਰ ਤੇ ਨਾਮਣਾ ਖੱਟਣ ਵਾਲੇ, ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਦਾ ਬਹੁਤ ਵੱਡਾ ਯੋਗਦਾਨ ਹੈ। ਜਿੰਨ੍ਹਾਂ ਨੇ ‘ਕਾਲੀ ਵੇਈਂ’ ਨੂੰ ਪਿੰਡ ਧਨੋਆ ਤੋਂ ਲੈ ਕੇ ‘ਹਰੀ ਕੇ ਪੱਤਣ’ ਤੱਕ ਲਗ ਭਗ 160 ਕਿਲੋਮੀਟਰ ਲੰਬੀ ਵੇਈਂ ਨੂੰ ਸਾਫ਼ ਕਰਕੇ ਇੱਕ ਇਤਿਹਾਸ ਕਾਇਮ ਕਰ ਦਿੱਤਾ ਹੈ। ਇਹਨਾਂ ਦੀ ਰਾਤ ਦਿਨ ਦੀ ਲਗਾਤਾਰ ਮਿਹਨਤ ਨੇ ਇਕੱਲਿਆਂ ਕੰਮ ਸ਼ੁਰੂ ਕਰਕੇ ਸਿੱਧ ਕਰ ਦਿੱਤਾ ਹੈ ਕਿ ਇਰਾਦਾ ਪੱਕਾ ਅਤੇ ਦਿਲ ਮਜਬੂਤ ਹੋਵੇ ਤਾਂ ਕੋਈ ਵੀ ਬੰਦਾ ਇਤਿਹਾਸ ਸਿਰਜ ਸਕਦਾ ਹੈ। ਉਹਨਾਂ ਨੇ ਪੰਜਾਬ ਦੇ ਸਾਰੇ ਛੱਪੜਾਂ ਤੇ ਮੋਟਰਾਂ ਲਾ ਕੇ ਪਾਣੀ ਨੂੰ ਖੇਤੀ ਲਈ ਵਰਤਣ ਦਾ ਅਤੇ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਦਾ ਬਹੁਤ ਵਧੀਆ ਸੰਕਲਪ ਤੇ ਢੰਗ ਦੀ ਸਲਾਹ ਦਿੱਤੀ ਹੈ।

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਜਿੱਥੇ ਜ਼ਮੀਨ ਦੀ ਉਪਜਾਊ ਸ਼ਕਤੀ ਵਧਾਉਣ ਅਤੇ ਰਸਾਇਣਕ ਖਾਦਾਂ ਦੀ ਘੱਟ ਵਰਤੋਂ ਕਰਨ ਲਈ ਹਰੀ ਖਾਦ, ਬਰਸੀਮ ਤੇ ਦਾਲਾਂ ਦੇ ਰਾਈਜ਼ੋਬੀਅਮ ਦੇ ਟੀਕੇ, ਕਲਚਰ, ਹਵਾ ਵਿੱਚੋਂ ਨਾਈਟਰੋਜਨ ਲੈ ਕੇ ਬੂਟੇ ਨੂੰ ਉਪਲੱਬਧ ਕਰਵਾਉਣ ਵਾਲੇ ਬੈਕਟੀਰੀਆ ਦੇ ਕਲਚਰ,
ਬੀਮਾਰੀਆਂ ਦੀ ਜੀਵਾਣੂੰਆਂ ਨਾਲ ਰੋਕਥਾਮ, ਬਗ਼ੈਰ ਰਸਾਇਣਾਂ ਦੇ ਔਰਗੈਨਿਕ ਖੇਤੀ ਲਈ ਕਿਸਾਨਾਂ ਨੂੰ ਸੇਧ ਦਿੱਤੀ ਜਾਂਦੀ ਹੈ, ਉੱਥੇ ਹੀ ਬਰਸਾਤੀ ਪਾਣੀ ਨੂੰ ਇਕੱਠਿਆਂ ਕਰਕੇ ਸਿੰਚਾਈ ਲਈ ਵਰਤਣ ਬਾਰੇ ਵੀ ਵਿਸਥਾਰ ਨਾਲ ਦੱਸਿਆ ਜਾਂਦਾ ਹੈ। ਹਰਬਲ ਗਾਰਡਨ (ਦਵਾਈਆਂ ਵਾਲੀਆਂ ਜੜ੍ਹੀਆਂ ਬੂਟੀਆਂ) ਅਤੇ ਨਵੀਆਂ ਨਵੀਆਂ ਖੋਜਾਂ, ਬੀਜਾਂ ਅਤੇ ਤਕਨੀਕੀ ਸਿੱਖਿਆ ਵੀ ਕਿਸਾਨਾਂ ਨੂੰ ਦਿੱਤੀ ਜਾਂਦੀ ਹੈ।

ਸਰਕਾਰੀ ਸੂਚਨਾ ਤੇ ਪ੍ਰਸਾਰਣ ਮੰਤਰਾਲਿਆ ਦੇ ਪ੍ਰਕਾਸ਼ਨ ਵਿਭਾਗ ਦੇ ਮੈਗਜ਼ੀਨ ਯੋਜਨਾ ਤਹਿਤ ਸਾਲ 2015 ਵਿੱਚ ਪ੍ਰਸ਼ਨ ਬੈਂਕ ‘ਜੈਵਿਕ ਵਿਭਿੰਨਤਾ’ ਅਤੇ ‘ਵਾਤਾਵਰਣ ਪ੍ਰਦੂਸ਼ਣ ਕੰਟਰੋਲ ਸਿੱਖਿਆ’ ਤੇ MCQ (ਮਲਟੀਪਲ ਚੁਆਇਸ ਕੁਵੈਸ਼ਚਨ), ਛੋਟੇ ਛੋਟੇ 25, 25 ਸਵਾਲ, ਅਤੇ ਵੱਡੇ ਸਵਾਲਾਂ ਨਾਲ ਬੱਚਿਆਂ ਨੂੰ ਸਿੱਖਣ ਪੜ੍ਹਨ ਲਈ ਬਹੁਤ ਕੁਝ ਮਿਲਦਾ ਹੈ।

ਸਰਕਾਰੀ ਮਾਲੀ ਸਹਾਇਤਾ ਪ੍ਰਾਪਤ ਕੁਝ ਅਦਾਰੇ ਅਤੇ ਕੁਝ ਸਰਕਾਰੀ ਮਾਨਤਾ ਪ੍ਰਾਪਤ ਅਦਾਰੇ ਵੀ ਵਾਤਾਵਰਣ ਪ੍ਰਦੂਸ਼ਣ ਰੋਕਥਾਮ ਵਿੱਚ ਬਹੁਤ ਵੱਡਾ ਯੋਗਦਾਨ ਪਾਉਂਦੇ ਹਨ, ਜਿੰਨ੍ਹਾਂ ਵਿੱਚੋਂ TERI ਇੱਕ ਹੈ।(ਦਾ ਐਨਰਜ਼ੀ ਐਂਡ ਰੀਸਰਚ ਇੰਸਟੀਚਿਊਟ, ਇੰਡੀਆ) ਅਜਿਹੀ ਹੀ ਸਰਕਾਰੀ ਮਾਨਤਾ ਪ੍ਰਾਪਤ ਸੰਸਥਾ ਹੈ, ਜਿਸਨੇ ਸੱਤ ਸਾਲ ਦੀ ਬੜੀ ਕਰੜੀ ਮਿਹਨਤ ਨਾਲ ਰੀਸਰਚ ਕਰਕੇ ਤੇਲ ਸੋਖਣ ਵਾਲਾ ਬੈਕਟੀਰੀਆ ਤਿਆਰ ਕੀਤਾ। ਜੋ ਨਾ ਸਿਰਫ਼ ਪਾਣੀ ਦੀ ਸਤਹ ਤੇ ਹੀ ਡੁੱਲ੍ਹਿਆ ਤੇਲ ਨਹੀਂ ਸੋਖਦਾ ਹੈ, ਸਗੋਂ ਧਰਤੀ ਦੀ ਸਤਹ ਉੱਪਰ ਡੁੱਲ੍ਹੇ ਤੇਲ ਨੂੰ ਵੀ ਸੋਖ ਕੇ ਧਰਤੀ ਦੀ ਉਪਜਾਊ ਸ਼ਕਤੀ ਨੂੰ ਵਾਪਸ ਲੈ ਆਉਂਦਾ ਹੈ।

ਅਗਸਤ 2010 ਵਿੱਚ ਜਦੋਂ ਮੁੰਬਈ ਦੇ ਤੱਟ ਤੋਂ 10 ਕਿਲੋਮੀਟਰ ਦੂਰ ਤੇਲ ਲੈ ਜਾ ਰਿਹਾ ਇੱਕ ਜਹਾਜ਼ ਇੱਕ ਕਾਰਗੋ ਨਾਲ ਟਕਰਾ ਗਿਆ ਤਾਂ ਕਰੀਬ 400 ਟਨ ਤੇਲ ਸਮੁੰਦਰ ਦੀ ਸਤਹ ਤੇ ਫੈਲ ਗਿਆ ਸੀ ਜਿਸਨੂੰ ਇਸ ਬੈਕਟੀਰੀਏ ਦੀ ਸਹਾਇਤਾ ਨਾਲ ਹੀ ਸੋਖਿਆ ਜਾ ਸਕਿਆ ਸੀ।

ਕੁਵੈਤ ਵਿੱਚ ਲੜਾਈ ਤੋਂ ਬਾਅਦ ਜ਼ਮੀਨ ਉੱਪਰ ਫੈਲੇ ਤੇਲ ਨੂੰ ਔਰਗੈਨਿਕ ਢੰਗ ਨਾਲ ਸੋਖਣ ਤੇ ਬਗ਼ੈਰ ਕਿਸੇ ਵੀ ਹੋਰ ਵਾਧੂ ਮਾੜੇ ਅਸਰ ਤੋਂ ਬਚਣ ਲਈ ਇਹ ਬੈਕਟੀਰੀਆ ਵਰਤੋਂ ਵਿੱਚ ਲਿਆਂਦਾ ਗਿਆ, ਜਿਸ ਨਾਲ 1700 ਕਿਲ੍ਹੋ ਮਿੱਟੀ ਸਾਫ਼ ਕਰਨ ਲਈ ਮਹਿਜ਼ 2500 ਰੁਪਏ ਦਾ ਖਰਚਾ ਆਉਂਦਾ ਹੈ ਅਤੇ ਜਿਸਨੂੰ ਵਰਤਣ ਨਾਲ 27 ਸਾਲ ਬਾਅਦ ਕੁਵੈਤ ਦੀ ਜ਼ਮੀਨ ਫ਼ਸਲ ਉਗਾਉਣ ਲਾਇਕ ਬਣ ਸਕੀ।

ਅਮਰੀਕਾ ਕੈਨੇਡਾ ਵਰਗੇ ਬਾਹਰਲੇ ਮੁਲਕਾਂ ਵਿੱਚ ਪਾਣੀ ਨੂੰ ਵਾਸ਼ਪੀਕਰਨ ਤੋਂ ਬਚਾਉਣ ਲਈ ਗੇਂਦਾਂ ਦਾ ਇਸਤੇਮਾਲ ਕੀਤਾ ਗਿਆ। ਅਗਸਤ 2015 ਵਿੱਚ ਕੈਲੇਫ਼ੋਰਨੀਆ ਦੇ ਸ਼ਹਿਰ ਸਾਇਲਮਰ ਵਿੱਚ ਸਥਿੱਤ 75 ਏਕੜ ਦੇ ਵਿਸ਼ਾਲ ਤਾਲਾਬ ਵਿੱਚ ਪਾਣੀ ਨੂੰ ਪ੍ਰਦੂਸ਼ਣ ਅਤੇ ਵਾਸ਼ਪੀਕਰਨ ਤੋਂ ਬਚਾਉਣ ਲਈ ਪਲਾਸਟਿਕ ਦੀਆਂ, ਉੱਡਣ ਤੋਂ ਬਚਾਉਣ ਲਈ, ਪਾਣੀ ਨਾਲ ਭਰੀਆਂ 9.6 ਕਰੋੜ ਤੈਰਨ ਵਾਲੀਆਂ ਗੇਂਦਾਂ ਪਾਣੀ ਦੀ ਸਤਹ ਤੇ ਛੱਡੀਆਂ ਗਈਆਂ, ਜਿੰਨ੍ਹਾਂ ਨਾਲ ਹਰ ਸਾਲ 30 ਕਰੋੜ  ਗੈਲਨ ਪਾਣੀ ਨੂੰ ਉੱਡਣ ਤੋਂ ਬਚਾਇਆ ਗਿਆ,  ਜਿਸ ਨਾਲ 8100 ਲੋਕ ਸਾਲ ਭਰ ਤੱਕ ਆਪਣੀ ਪਿਆਸ ਬੁਝਾ ਸਕਦੇ ਹਨ। ਇਹਨਾਂ ਗੇਂਦਾਂ ਨਾਲ ਨਾ ਸਿਰਫ ਪਾਣੀ ਦੀ ਸੋਧ ਦਾ ਖਰਚਾ ਬੱਚਦਾ ਹੈ ਸਗੋਂ ਪਾਣੀ ਦੀ ਸ਼ੁੱਧਤਾ ਵੀ ਬਣੀ ਰਹਿੰਦੀ ਹੈ।

ਸਾਰੇ ਮੁਲਕਾਂ ਵਿੱਚ ਕੁਦਰਤੀ ਜਲ ਸੋਮੇ ਗੰਦੇ ਹੋਣ ਤੋਂ ਬਚਾਉਣਾ, ਸ਼ੁੱਧ ਕੀਤੇ ਗਏ ਪਾਣੀ ਨੂੰ ਦੁਬਾਰਾ ਵਰਤੋਂ ਵਿੱਚ ਲਿਆਉਣਾ, ਉਸਨੂੰ ਸਿੰਚਾਈ ਅਤੇ ਉਦਯੋਗਿਕ ਮੰਤਵ ਲਈ ਵਰਤਣਾ, ਪਾਣੀ ਅਤੇ ਹਵਾ ਦੀ ਗੁਣਵੱਤਾ ਅਤੇ ਸ਼ੁੱਧਤਾ ਨੂੰ ਬਹਾਲ ਕਰਨਾ ਆਦਿ ਮੂਲ ਮੰਤਵ ਹਨ।
***  

ਧੰਨਵਾਦ ਸਹਿਤ, 
(ਡਾ ਪ੍ਰਿਤ ਪਾਲ ਕੌਰ ਚਾਹਲ, ਪੀਏਯੂ ਲੁਧਿਆਣਾ/ ਵਿੰਨੀਪੈਗ)     
(pritpalkaurchahal@gmail.com) 
(Phone number….001 204 999 9240)
***
766
***

001 204 999 9240 | pritpalkaurchahal@gmail.com | + ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਲੇਖਿਕਾ--- ''ਡਾ. ਪ੍ਰਿਤ ਪਾਲ ਕੌਰ ਚਾਹਲ"

ਨਾਮ--- ਡਾ. ਪ੍ਰਿਤ ਪਾਲ ਕੌਰ ਚਾਹਲ ਪਤਨੀ ਡਾ ਵਰਿੰਦਰ ਪਾਲ ਸਿੰਘ ਚਾਹਲ।
ਜਨਮ ਸਥਾਨ--- ਕਪੂਰਥਲਾ (ਪੰਜਾਬ) (ਭਾਰਤ)

ਵਿੱਦਿਅਕ ਯੋਗਤਾਵਾਂ---
ਬੀ ਐੱਸ ਸੀ ਆਨਰਜ਼ ਬਾਇਓਕੈਮਿਸਟਰੀ
ਐੱਮ ਐੱਸ ਸੀ ਪਲਾਂਟ ਪੈਥਾਲੋਜੀ (ਪੌਦਾ ਰੋਗ ਵਿਗਿਆਨ)
ਪੀ ਐੱਚ ਡੀ, ਪਲਾਂਟ ਪੈਥਾਲੋਜੀ (ਪੌਦਾ ਰੋਗ ਵਿਗਿਆਨ)

ਦੋ ਕਹਾਣੀ ਸੰਗ੍ਰਿਹ- --
1. ਮਣਕੇ (ਲੋਕ ਗੀਤ ਪ੍ਰਕਾਸ਼ਨ)
2. ਅਕਾਸ਼ ਗੰਗਾ (ਉਡਾਣ ਪਬਲੀਕੇਸ਼ਨ)

ਦੋ ਨਾਵਲ---
1. ਅੱਜ ਦੀ ਅਹੱਲਿਆ (ਕੈਪਰੀ ਪਬਲੀਕੇਸ਼ਨ)
2. ਪਹਿਲੇ ਰੰਗ ਨਾ ਰੱਤੀਓਂ (ਚੇਤਨਾ ਪ੍ਰਕਾਸ਼ਨ)

ਦੋ ਨਾਟਕ---
1. ਜਨਮਦਾਤਾ (ਚੇਤਨਾ ਪ੍ਰਕਾਸ਼ਨ)
2. ਦਹਿਸ਼ਤ  (ਚੇਤਨਾ ਪ੍ਰਕਾਸ਼ਨ)

ਚਾਰ ਬਾਲ ਸਾਹਿਤ- --
1. ਕਲੀਆਂ ਤੇ ਕਰੂੰਬਲਾਂ (ਕੈਪਰੀ ਪਬਲੀਕੇਸ਼ਨ)
2. ਜਨਮਦਿਨ ਦੀ ਪਾਰਟੀ (ਚੇਤਨਾ ਪ੍ਰਕਾਸ਼ਨ)
3. ਮਿਹਨਤ  (ਚੇਤਨਾ ਪ੍ਰਕਾਸ਼ਨ)
4. ਆਪਣਾ ਹਿੱਸਾ (ਸੱਚੀ ਖੁਸ਼ੀ) (ਚੇਤਨਾ ਪ੍ਰਕਾਸ਼ਨ)

ਦੋ ਕਾਵਿ ਸੰਗ੍ਰਹਿ- --
1. ਅਣਪੜ੍ਹੀ ਕਿਤਾਬ  (ਚੇਤਨਾ ਪ੍ਰਕਾਸ਼ਨ)
2 . ਸਾਵਣ ਦੀਆਂ ਝੜੀਆਂ  (ਪ੍ਰੀਤ ਪਬਲੀਕੇਸ਼ਨ, ਨਾਭਾ)

ਸਾਹਿਤਕ ਗਤੀਵਿਧੀਆਂ---
ਰਾਸ਼ਟਰੀ ਅਤੇ ਅੰਤਰ ਰਾਸ਼ਟਰੀ ਮੰਨੇ ਪ੍ਰਮੰਨੇ ਅਖ਼ਬਾਰਾਂ, ਕਿਤਾਬਾਂ ਅਤੇ ਰਸਾਲਿਆਂ ਵਿੱਚ ਛਪੀਆਂ ਅਨੇਕਾਂ ਕਹਾਣੀਆਂ, ਮਿੰਨ੍ਹੀ ਕਹਾਣੀਆਂ, ਕਵਿਤਾਵਾਂ, ਹਾਸ ਵਿਅੰਗ ਰਚਨਾਵਾਂ ਅਤੇ ਪਿਛਲੇ ਸਾਲ ਤੋਂ ਹਰ ਹਫ਼ਤੇ ਨਿਰਵਿਘਨ ਅਤੇ ਨਿਰਬਾਦ ਛਪ ਰਿਹਾ ਨਾਵਲ, "ਯਾਦਾਂ ਦੇ ਝਰੋਖੇ 'ਚੋਂ..... ਨੈਣਾਂ"
ਤੋਂ ਇਲਾਵਾ ਬਾਰ੍ਹਾਂ ਕਿਤਾਬਾਂ ਪੰਜਾਬੀ ਮਾਂ ਬੋਲੀ ਵਿੱਚ ਛਪੀਆਂ ਹਨ।

ਸੰਨ 2010 ਤੋਂ ਲੇਖਿਕਾ ਵਿੰਨੀਪੈਗ (ਮੈਨੀਟੋਬਾ) ਕੈਨੇਡਾ ਵਿੱਚ ਪਰਵਾਸ ਹੰਢਾ ਰਹੀ ਹੈ। ਕੈਨੇਡਾ ਵਿੱਚ 'ਮੈਨੀਟੋਬਾ ਦਾ ਸਾਹਿਤ' ਅਤੇ ਟੋਰਾਂਟੋ ਦੀ ਔਰਤਾਂ ਦੀ ਸਾਹਿਤਕ ਸੰਸਥਾ  'ਦਿਸ਼ਾ' ਦੀ ਪਬਲੀਕੇਸ਼ਨ 'ਕੂੰਜਾਂ' ਵਿੱਚ ਛਪੀਆਂ ਕਵਿਤਾਵਾਂ,  ਪਾਠਕਾਂ ਦੀ ਪ੍ਰਵਾਨਗੀ ਅਤੇ ਹੱਲਾਸ਼ੇਰੀ ਲੇਖਿਕਾ ਦੀਆਂ ਅਭੁੱਲ ਯਾਦਗਾਰੀ ਉੱਪਲਬਧੀਆਂ ਹਨ।

ਡਾ ਪ੍ਰਿਤ ਪਾਲ ਕੌਰ ਚਾਹਲ, ਵਿੰਨੀਪੈਗ
(ਫੋਨ ਨੰਬਰ- - 001 204 999 9240)
WINNIPEG  (MANITOBA) CANADA

ਡਾ. ਪ੍ਰਿਤ ਪਾਲ ਕੌਰ ਚਾਹਲ, ਵਿੰਨੀਪੈਗ

ਲੇਖਿਕਾ--- ''ਡਾ. ਪ੍ਰਿਤ ਪਾਲ ਕੌਰ ਚਾਹਲ" ਨਾਮ--- ਡਾ. ਪ੍ਰਿਤ ਪਾਲ ਕੌਰ ਚਾਹਲ ਪਤਨੀ ਡਾ ਵਰਿੰਦਰ ਪਾਲ ਸਿੰਘ ਚਾਹਲ। ਜਨਮ ਸਥਾਨ--- ਕਪੂਰਥਲਾ (ਪੰਜਾਬ) (ਭਾਰਤ) ਵਿੱਦਿਅਕ ਯੋਗਤਾਵਾਂ--- ਬੀ ਐੱਸ ਸੀ ਆਨਰਜ਼ ਬਾਇਓਕੈਮਿਸਟਰੀ ਐੱਮ ਐੱਸ ਸੀ ਪਲਾਂਟ ਪੈਥਾਲੋਜੀ (ਪੌਦਾ ਰੋਗ ਵਿਗਿਆਨ) ਪੀ ਐੱਚ ਡੀ, ਪਲਾਂਟ ਪੈਥਾਲੋਜੀ (ਪੌਦਾ ਰੋਗ ਵਿਗਿਆਨ) ਦੋ ਕਹਾਣੀ ਸੰਗ੍ਰਿਹ- -- 1. ਮਣਕੇ (ਲੋਕ ਗੀਤ ਪ੍ਰਕਾਸ਼ਨ) 2. ਅਕਾਸ਼ ਗੰਗਾ (ਉਡਾਣ ਪਬਲੀਕੇਸ਼ਨ) ਦੋ ਨਾਵਲ--- 1. ਅੱਜ ਦੀ ਅਹੱਲਿਆ (ਕੈਪਰੀ ਪਬਲੀਕੇਸ਼ਨ) 2. ਪਹਿਲੇ ਰੰਗ ਨਾ ਰੱਤੀਓਂ (ਚੇਤਨਾ ਪ੍ਰਕਾਸ਼ਨ) ਦੋ ਨਾਟਕ--- 1. ਜਨਮਦਾਤਾ (ਚੇਤਨਾ ਪ੍ਰਕਾਸ਼ਨ) 2. ਦਹਿਸ਼ਤ  (ਚੇਤਨਾ ਪ੍ਰਕਾਸ਼ਨ) ਚਾਰ ਬਾਲ ਸਾਹਿਤ- -- 1. ਕਲੀਆਂ ਤੇ ਕਰੂੰਬਲਾਂ (ਕੈਪਰੀ ਪਬਲੀਕੇਸ਼ਨ) 2. ਜਨਮਦਿਨ ਦੀ ਪਾਰਟੀ (ਚੇਤਨਾ ਪ੍ਰਕਾਸ਼ਨ) 3. ਮਿਹਨਤ  (ਚੇਤਨਾ ਪ੍ਰਕਾਸ਼ਨ) 4. ਆਪਣਾ ਹਿੱਸਾ (ਸੱਚੀ ਖੁਸ਼ੀ) (ਚੇਤਨਾ ਪ੍ਰਕਾਸ਼ਨ) ਦੋ ਕਾਵਿ ਸੰਗ੍ਰਹਿ- -- 1. ਅਣਪੜ੍ਹੀ ਕਿਤਾਬ  (ਚੇਤਨਾ ਪ੍ਰਕਾਸ਼ਨ) 2 . ਸਾਵਣ ਦੀਆਂ ਝੜੀਆਂ  (ਪ੍ਰੀਤ ਪਬਲੀਕੇਸ਼ਨ, ਨਾਭਾ) ਸਾਹਿਤਕ ਗਤੀਵਿਧੀਆਂ--- ਰਾਸ਼ਟਰੀ ਅਤੇ ਅੰਤਰ ਰਾਸ਼ਟਰੀ ਮੰਨੇ ਪ੍ਰਮੰਨੇ ਅਖ਼ਬਾਰਾਂ, ਕਿਤਾਬਾਂ ਅਤੇ ਰਸਾਲਿਆਂ ਵਿੱਚ ਛਪੀਆਂ ਅਨੇਕਾਂ ਕਹਾਣੀਆਂ, ਮਿੰਨ੍ਹੀ ਕਹਾਣੀਆਂ, ਕਵਿਤਾਵਾਂ, ਹਾਸ ਵਿਅੰਗ ਰਚਨਾਵਾਂ ਅਤੇ ਪਿਛਲੇ ਸਾਲ ਤੋਂ ਹਰ ਹਫ਼ਤੇ ਨਿਰਵਿਘਨ ਅਤੇ ਨਿਰਬਾਦ ਛਪ ਰਿਹਾ ਨਾਵਲ, "ਯਾਦਾਂ ਦੇ ਝਰੋਖੇ 'ਚੋਂ..... ਨੈਣਾਂ" ਤੋਂ ਇਲਾਵਾ ਬਾਰ੍ਹਾਂ ਕਿਤਾਬਾਂ ਪੰਜਾਬੀ ਮਾਂ ਬੋਲੀ ਵਿੱਚ ਛਪੀਆਂ ਹਨ। ਸੰਨ 2010 ਤੋਂ ਲੇਖਿਕਾ ਵਿੰਨੀਪੈਗ (ਮੈਨੀਟੋਬਾ) ਕੈਨੇਡਾ ਵਿੱਚ ਪਰਵਾਸ ਹੰਢਾ ਰਹੀ ਹੈ। ਕੈਨੇਡਾ ਵਿੱਚ 'ਮੈਨੀਟੋਬਾ ਦਾ ਸਾਹਿਤ' ਅਤੇ ਟੋਰਾਂਟੋ ਦੀ ਔਰਤਾਂ ਦੀ ਸਾਹਿਤਕ ਸੰਸਥਾ  'ਦਿਸ਼ਾ' ਦੀ ਪਬਲੀਕੇਸ਼ਨ 'ਕੂੰਜਾਂ' ਵਿੱਚ ਛਪੀਆਂ ਕਵਿਤਾਵਾਂ,  ਪਾਠਕਾਂ ਦੀ ਪ੍ਰਵਾਨਗੀ ਅਤੇ ਹੱਲਾਸ਼ੇਰੀ ਲੇਖਿਕਾ ਦੀਆਂ ਅਭੁੱਲ ਯਾਦਗਾਰੀ ਉੱਪਲਬਧੀਆਂ ਹਨ। ਡਾ ਪ੍ਰਿਤ ਪਾਲ ਕੌਰ ਚਾਹਲ, ਵਿੰਨੀਪੈਗ (ਫੋਨ ਨੰਬਰ- - 001 204 999 9240) WINNIPEG  (MANITOBA) CANADA

View all posts by ਡਾ. ਪ੍ਰਿਤ ਪਾਲ ਕੌਰ ਚਾਹਲ, ਵਿੰਨੀਪੈਗ →