25 September 2025

ਵਿਸ਼ਵ ਦਾ ਨਿਰਾਲਾ ਗ੍ਰੰਥ- ਸ੍ਰੀ ਗੁਰੂ ਗ੍ਰੰਥ ਸਾਹਿਬ ਜੀ —ਜਸਵਿੰਦਰ ਸਿੰਘ ਰੁਪਾਲ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮਨੁੱਖਤਾ ਦਾ ਚਾਨਣ ਮੁਨਾਰਾ ਅਤੇ ਸਰਬ ਸਾਂਝਾ ਗ੍ਰੰਥ ਵਜੋਂ ਜਾਣਿਆ ਜਾਂਦਾ ਹੈ। ਅਤੇ ਖਾਲਸਾ ਪੰਥ  ਨਿਆਰਾ ਪੰਥ ਵਜੋਂ ਪ੍ਰਸਿੱਧ ਹੈ। ਪਰ ਸਾਡਾ ਵਿਚਾਰ ਹੈ ਕਿ ਗੁਰੂ ਗ੍ਰੰਥ ਸਾਹਿਬ ਇੱਕ ਨਿਆਰਾ ਗ੍ਰੰਥ ਵੀ ਹੈ ਅਤੇ ਖਾਲਸਾ ਪੰਥ ਸਰਬ ਸਾਂਝਾ ਪੰਥ ਵੀ ਹੈ। ਅਸੀਂ ਆਪਣੇ ਇਸ ਦੇ ਪਹਿਲੇ ਭਾਗ ਤੇ ਵਿਚਾਰ ਕਰਦੇ ਹੋਏ ਗੁਰੂ ਗ੍ਰੰਥ ਸਾਹਿਬ ਜੀ ਦੇ ਨਿਰਾਲੇਪਣ ਬਾਰੇ ਗੱਲ ਕਰਾਂਗੇ।

ਕਿਸੇ ਵੀ ਵਸਤੂ ਵਿਅਕਤੀ ਜਾਂ ਵਰਤਾਰੇ ਨੂੰ ਨਿਰਾਲਾ ਕਦੋਂ ਕਿਹਾ ਜਾਂਦਾ ਹੈ ?? ਭਾਈ ਸਾਹਿਬ ਭਾਈ ਕਾਹਨ ਸਿੰਘ ਜੀ ਨਾਭਾ, ਮਹਾਨ ਕੋਸ਼ ਵਿੱਚ ਨਿਰਾਲਾ ਸ਼ਬਦ ਦੇ ਅਰਥ ਇਉਂ ਕਰਦੇ ਹਨ–

ਭਿੰਨ ਪ੍ਰਕਾਰ ਦਾ ਜੁਦਾ ,ਜੁਦੀ, “ਭਗਤਾ ਕੀ ਚਾਲ ਨਿਰਾਲੀ”(ਅਨੰਦ) ੨ ਏਕਾਂਤ ੩ ਵਿਲੱਖਣ ਅਜੀਬ ੪ ਜਿਸ ਦੇ ਮੁਕਾਬਲੇ ਦੂਸਰਾ ਨਹੀਂ ਅਦ੍ਵੀਤਯ (ਅਦੁੱਤੀ)

 ਸੋ ਨਿਰਾਲਾ ਦਾ ਭਾਵ ਹੈ ,ਦੂਜੇ ਉਸ ਵਰਗਿਆਂ ਨਾਲੋਂ ਭਿੰਨ। ਅਸੀਂ ਗ੍ਰੰਥ ਦੀ ਗੱਲ ਕਰ ਰਹੇ ਹਾਂ। ਸਾਰੇ ਧਰਮਾਂ ਦੇ  ਸਾਰੇ ਗ੍ਰੰਥ ਸਤਿਕਾਰਯੋਗ ਹਨ, ਪਵਿੱਤਰ ਹਨ ਅਤੇ ਪੂਜਣਯੋਗ ਹਨ। ਅਸੀਂ ਦੇਖਾਂਗੇ ਕਿ ਗੁਰੂ ਗ੍ਰੰਥ ਸਾਹਿਬ ਜੀ ਕਿਵੇਂ ਦੂਸਰੇ ਗ੍ਰੰਥਾਂ ਨਾਲੋਂ ਭਿੰਨ ਹਨ। ਕੀ ਅਸੀਂ ਇਹ ਕਹਿ ਸਕਦੇ ਹਾਂ ਕਿ ਗੁਰੂ ਗ੍ਰੰਥ ਸਾਹਿਬ ਦੇ ਮੁਕਾਬਲੇ ਕੋਈ ਦੂਸਰਾ ਗ੍ਰੰਥ ਨਹੀਂ ??ਆਓ ਵਿਚਾਰ ਕਰੀਏ ….

  1. ਗ੍ਰੰਥ ਦਾ ਕਰਤਾ ਅਤੇ ਲਿਖਣ ਕਾਲ :- ਸਭ ਤੋਂ ਪਹਿਲਾਂ ਮਹੱਤਵਪੂਰਨ ਹੈ ਕਿ ਉਸ ਗ੍ਰੰਥ ਨੂੰ ਕਿਸ ਨੇ ਲਿਖਿਆ ਹੈ ਅਤੇ ਕਦੋਂ । ਵੱਖ ਵੱਖ ਮੁੱਖ ਪ੍ਰਚੱਲਿਤ ਧਰਮਾਂ ਦੇ ਗ੍ਰੰਥ ਅਤੇ ਉਹਨਾਂ ਦੇ ਲੇਖਕ ਇੰਝ ਹਨ–

ਹਿੰਦੂ ਧਰਮ :-  ਹਿੰਦੂ ਧਰਮ ਦੇ ਗ੍ਰੰਥ ਕਾਫੀ ਜ਼ਿਆਦਾ ਹਨ ਜਿਵੇਂ ਵੇਦ, ਪੁਰਾਣ, ਸਿਮਰਤੀਆਂ ਆਦਿ

ਵੇਦ ਚਾਰ ਹਨ ਜੋ ਰਿਗ ਵੇਦ, ਯਜੁਰ ਵੇਦ, ਅਥਰਵ ਵੇਦ ਅਤੇ ਸਾਮ ਵੇਦ ਹਨ। ਇਹਨਾਂ ਦਾ ਕਰਤਾ ਵਿਆਸ ਰਿਸ਼ੀ ਨੂੰ ਮੰਨਿਆ ਗਿਆ ਹੈ ਪਰ ਇਸ ਗੱਲ ਦੇ ਭਰੋਸੇਯੋਗ ਪ੍ਰਮਾਣ ਨਹੀਂ ਹਨ।  ਬਹੁਤ ਜਿਆਦਾ ਪੁਰਾਤਨ ਹੋਣ ਕਾਰਨ ਕੋਈ ਵੀ ਗੱਲ ਲਿਖਤੀ ਸਬੂਤਾਂ ਦੇ ਅਧਾਰ ਤੇ ਨਹੀਂ ਕਹਿ ਸਕਦੇ। ਸਤਿਯੁਗ ਦੁਆਪਰ ਤ੍ਰੇਤਾ ਯੁੱਗਾਂ ਤੋਂ ਹੁਣ ਤੱਕ ਕਿਸੇ ਵੀ ਵਸਤੂ ਦਾ ਹੂਬਹੂ ਪ੍ਰਾਪਤ ਹੋਣ ਦੀ ਕੋਈ ਗੁੰਜਾਇਸ਼ ਨਹੀਂ ਹੈ। ਰਿਸ਼ੀਆਂ ਮੁਨੀਆਂ ਦਾ ਬਹੁਤਾ ਗਿਆਨ ਮੌਖਿਕ ਹੁੰਦਾ ਸੀ ਲਿਖਤੀ ਨਹੀਂ। ਦੂਸਰੀ ਗੱਲ ਕਿ ਜਦੋਂ ਉਹ ਨਾਇਕ ਵਿਚਰੇ ਜਿਵੇਂ ਰਾਮ ਚੰਦਰ ਜੀ, ਕ੍ਰਿਸ਼ਨ ਜੀ ਆਦਿ , ਨਾ ਤਾਂ ਇਹ ਗ੍ਰੰਥ ਉਹਨਾਂ ਨੇ ਆਪ ਲਿਖੇ ਹਨ ਅਤੇ ਨਾ ਹੀ ਇਹ ਗ੍ਰੰਥ ਉਹਨਾਂ ਦੇ ਆਪਣੇ ਸਮੇਂ ਵਿਚ ਨਹੀਂ ਲਿਖੇ ਗਏ। ਜਾਂ ਤਾਂ ਜਿਵੇਂ ਬਾਲਮੀਕੀ ਰਾਮਾਇਣ ਨੂੰ ਵਾਪਰਨ ਤੋਂ ਬਹੁਤ ਸਮਾਂ ਪਹਿਲਾਂ ਲਿਖਿਆ ਮੰਨਿਆ ਜਾਂਦਾ ਹੈ। ਅਤੇ ਜਾਂ ਉਹ ਘਟਨਾ ਬੀਤ ਜਾਣ ਤੇ ਸ਼ਰਧਾਲੂਆਂ ਦੁਆਰਾ ਬਾਅਦ ਵਿੱਚ ਲਿਖੇ ਗਏ। ਦੋਹਾਂ ਹੀ ਹਾਲਤਾਂ ਵਿਚ ਸਚਾਈ ਦੀ ਭਰੋਸੇਯੋਗਤਾ ਤੇ ਪ੍ਰਸ਼ਨ ਚਿੰਨ੍ਹ ਲੱਗ ਜਾਂਦਾ ਹੈ।

ਇਸਲਾਮ ਧਰਮ :- ਇਸਲਾਮ ਧਰਮ ਦੇ ਮੁਖੀ ਹਜ਼ਰਤ ਮੁਹੰਮਦ ਸਾਹਿਬ ਸਨ।  ਕੁਰਾਨ ਸ਼ਰੀਫ ਉਨ੍ਹਾਂ ਦਾ ਮੁੱਖ ਗ੍ਰੰਥ ਹੈ। ਇਸ ਬਾਰੇ ਇਹ ਪ੍ਰਚੱਲਿਤ ਹੈ ਕਿ ਅੱਲਾਹ ਨੇ ਜਿਬਰਾਈਲ ਫਰਿਸ਼ਤੇ ਦੁਆਰਾ ਇਸ ਦਾ ਇਲਹਾਮ ਹਜ਼ਰਤ ਮੁਹੰਮਦ ਨੂੰ ਸੁਣਾਇਆ ਸੀ।ਇਹ ਇਲਹਾਮ 610 ਈਸਵੀ ਪੂਰਵ ਤੋਂ 623 ਈਸਵੀ ਪੂਰਵ ਤੱਕ ਹੋਇਆ ਪਰ ਇਹ ਗ੍ਰੰਥ ਹਜ਼ਰਤ ਮੁਹੰਮਦ ਸਾਹਿਬ ਦੇ ਜਿਊਂਦੇ ਹੋਏ ਪੁਸਤਕ ਰੂਪ ਵਿਚ ਨਹੀਂ ਆਇਆ ਸੀ। ਉਨ੍ਹਾਂ ਦੀ ਮੌਤ ਤੋਂ ਬਾਅਦ 633 ਈਸਵੀ ਪੂਰਵ ਵਿਚ ਪੁਸਤਕ ਰੂਪ ਵਿਚ ਹੋਇਆ।

ਬੁੱਧ ਧਰਮ :- ਬੁੱਧ ਧਰਮ ਦੇ ਗ੍ਰੰਥ ਸੁਤ ਪਿਟਕ, ਵਿਨੈ ਪਿਟਕ ਅਤੇ ਅਭਿਧਮ ਪਿਟਕ ਹਨ। ਇਨ੍ਹਾਂ ਗ੍ਰੰਥਾਂ ਵਿਚ ਬੁੱਧ ਦੇ ਜੀਵਨ ਅਤੇ ਸਿੱਖਿਆਵਾਂ ਦਾ ਵਰਨਣ ਹੈ ਪਰ ਇਹ ਗ੍ਰੰਥ ਬੁੱਧ ਦੇ ਸ਼ਾਗਿਰਦਾਂ ਦੁਆਰਾ ਉਨ੍ਹਾਂ ਦੀ ਮੌਤ ਤੋਂ ਬਾਅਦ ਹੀ ਲਿਖਿਆ ਹੈ।

ਈਸਾਈ ਧਰਮ :- ਮੁੱਖ ਧਾਰਮਿਕ ਗ੍ਰੰਥ ਬਾਈਬਲ ਹੈ। ਇਹ ਕਿਸੇ ਇੱਕ ਲੇਖਕ ਵਲੋਂ ਨਹੀਂ ਲਿਖੀ ਗਈ। ਸਗੋਂ 40 ਦੇ ਕਰੀਬ ਲੇਖਕਾਂ ਦੁਆਰਾ ਲਿਖੀਆਂ ਪੁਸਤਕਾਂ ਦਾ ਸੰਗ੍ਰਹਿ ਹੈ। ਇਸ ਦੇ ਦੋ ਰੂਪ ਮਿਲਦੇ ਹਨ। ਓਲਡ ਟੈਸਟਾਮੈਂਟ ਅਤੇ ਨਿਊ ਟੈਸਟਾਮੈਂਟ । ਓਲਡ ਟੈਸਟਾਮੈਂਟ ਈਸਾ ਮਸੀਹ ਤੋਂ ਕਾਫੀ ਸਮਾਂ ਪਹਿਲਾਂ(ਪੰਜ ਤੋਂ ਅੱਠ ਸਦੀਆਂ ਪਹਿਲਾਂ ) ਲਿਖੀ ਗਈ ਸੀ ।  ਨਿਊ ਟੈਸਟਾਮੈਂਟ ਈਸਾ ਮਸੀਹ ਦੀ ਮੌਤ  ਤੋਂ 20-65 ਸਾਲ ਪਿੱਛੋਂ ਲਿਖੀ ਗਈ । ਇਸ ਤਰਾਂ ਇਹ ਨਾ ਤਾਂ ਈਸਾ ਮਸੀਹ ਨੇ ਆਪ ਲਿਖਿਆ, ਤੇ ਨਾ ਉਸਦੇ ਸਮੇਂ ਹੀ ਲਿਖਿਆ ਗਿਆ।

ਸਿੱਖ ਧਰਮ -ਗੁਰੂ ਗ੍ਰੰਥ ਸਾਹਿਬ :– ਗੁਰੂ ਨਾਨਕ ਜੀ ਆਪਣੀਆਂ ਉਦਾਸੀਆਂ ਸਮੇਂ ਆਪਣੇ ਨਾਲ ਇਕ ਪੋਥੀ ਰੱਖਦੇ ਸਨ ਜਿਸ ਵਿਚ ਉਹ ਆਪ ਆਪਣੀ ਲਿਖੀ ਹੋਈ ਬਾਣੀ ਅਤੇ ਭਗਤਾਂ ਦੀ ਬਾਣੀ ਜੋ ਉਹ ਵੱਖ ਵੱਖ ਥਾਵਾਂ ਤੋਂ ਇੱਕਤਰ ਕਰ ਰਹੇ ਸਨ, ਉਹ ਉਤਾਰ ਰਹੇ ਸਨ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਆਪਣੀ ਵਾਰ ਵਿਚ ਇਸ ਗੱਲ ਦੀ ਪ੍ਰੋੜ੍ਹਤਾ ਕੀਤੀ ਹੈ–

* ਬਾਬਾ ਫਿਰਿ ਮਕੇ ਗਇਆ ਨੀਲ ਬਸਤ੍ਰ ਧਾਰੇ ਬਨਵਾਰੀ ।।
ਆਸਾ ਹਥਿ ਕਿਤਾਬ ਕਛਿ ਕੂਜਾ ਬਾਂਗ ਮੁਸਲਾ ਧਾਰੀ ।।(ਭਾਈ ਗੁਰਦਾਸ ਜੀ, ਵਾਰ ੧ ਪਉੜੀ ੩੨)

ਇਸ ਤਰਾਂ ਗੁਰੂ ਨਾਨਕ ਦੇਵ ਜੀ ਨੇ ਬਾਣੀ ਨੂੰ ਆਪ ਲਿਖਿਆ ਅਤੇ ਗੱਦੀ ਦੇਣ ਸਮੇਂ ਇਹ ਪੋਥੀ ਗੁਰੂ ਅੰਗਦ ਦੇਵ ਜੀ ਨੂੰ ਦਿੱਤੀ ਸੀ। ਗੁਰੂ ਅੰਗਦ ਦੇਵ ਜੀ ਨੇ ਆਪਣੀ ਲਿਖੀ ਬਾਣੀ ਇਸ ਵਿਚ ਸ਼ਾਮਲ ਕਰਕੇ ਅੱਗੋਂ ਇਹ ਪੋਥੀ ਤੀਸਰੇ ਗੁਰੂ ਅਮਰਦਾਸ ਜੀ ਨੂੰ ਦਿੱਤੀ। ਇਸ ਤਰਾਂ ਹੀ ਚੱਲਦਾ ਗਿਆ ਅਤੇ ਗੁਰੂ ਅਰਜਨ ਦੇਵ ਜੀ ਨੇ ਇਸ ਸਾਰੀ ਬਾਣੀ ਨੂੰ ਤਰਤੀਬ ਦੇ ਕੇ ਆਦਿ ਗ੍ਰੰਥ ਦੇ ਰੂਪ ਵਿਚ ਸੰਕਲਿਤ ਕੀਤਾ ਜਿਸ ਵਿਚ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਤੇਗ ਬਹਾਦਰ ਜੀਂ ਦੀ ਬਾਣੀ ਸ਼ਾਮਲ ਕੀਤੀ ਅਤੇ ਇਸਨੂੰ ਗੁਰੂ ਗ੍ਰੰਥ ਸਾਹਿਬ ਆਖਿਆ ਜਾਣ ਲੱਗਿਆ। ਇਸ ਤਰਾਂ ਗੁਰੂ ਸਾਹਿਬਾਨ ਨੇ ਸਾਰੀ ਬਾਣੀ ਆਪਣੇ ਹੱਥੀਂ ਆਪਣੇ ਜੀਵਨ ਕਾਲ ਦੌਰਾਨ ਹੀ ਲਿਖੀ। ਭਗਤਾਂ ਦੀ ਇੱਕਠੀ ਕੀਤੀ ਗਈ ਬਾਣੀ ਵੀ ਕਿਉਂਕਿ ਉਹਨਾਂ ਦੀ ਗੱਦੀ ਤੇ ਜੋ ਵੀ ਉਸ ਸਮੇ ਬੈਠਾ ਸੀ, ਉਸ ਤੋਂ ਪ੍ਰਾਪਤ ਕੀਤੀ ਹੋਣ ਕਾਰਨ ਭਰੋਸੇਯੋਗ ਮੰਨੀ ਜਾ ਸਕਦੀ ਹੈ।

  1. ਗ੍ਰੰਥਾਂ ਦੀ ਭਾਸ਼ਾ :-ਹਿੰਦੂਆਂ ਦੇ ਸਾਰੇ ਦੇ ਸਾਰੇ ਗ੍ਰੰਥ ਸੰਸਕ੍ਰਿਤ ਭਾਸ਼ਾ ਵਿਚ ਹਨ। ਜੋ ਕਿ ਆਮ ਲੋਕਾਂ ਨੂੰ ਨਹੀਂ ਆਉਂਦੀ। ਇਸ ਲਈ ਜਣੁ ਸਧਾਰਨ ਸੰਸਕ੍ਰਿਤ ਦੇ ਵਿਦਵਾਨ ਪੰਡਿਤਾਂ ਅਤੇ ਪੁਜਾਰੀਆਂ ਦੇ ਮੁਹਤਾਜ ਹੋ ਜਾਂਦੇ ਰਹੇ। ਪੰਡਿਤਾਂ ਵਲੋਂ ਜਨ ਸਾਧਾਰਨ ਦੀ ਕੀਤੀ ਜਾਂਦੀ ਲੁੱਟ ਦਾ ਇੱਕ ਕਾਰਨ ਇਹ ਵੀ ਬਣਿਆ ਹੋਇਆ ਹੋਏਗਾ।

ਇਸਲਾਮਿਕ ਗ੍ਰੰਥਾਂ ਦੀ ਮੁਖ ਭਾਸ਼ਾ ਅਰਬੀ ਹੈ। ਇਸ ਲਈ ਹਰ ਮੁਸਲਮਾਨ ਨੂੰ ਅਰਬੀ ਸਿੱਖਣੀ ਹੀ ਪੈਂਦੀ ਹੈ, ਜੇ ਉਨ੍ਹਾਂ ਨੇ ਕੁਰਾਨ ਪੜ੍ਹਨੀ ਹੈ ਤਾਂ।

ਓਲਡ ਟੈਸਟਾਮੈਂਟ ਹੈਬਰਿਊ ਭਾਸ਼ਾ ਵਿੱਚ ਸੀ । ਜਦ ਕਿ ਨਿਊ ਟੈਸਟਾਮੈਂਟ ਦੀ ਮੂਲ ਭਾਸ਼ਾ ਯੂਨਾਨੀ ਸੀ। ਭਾਵੇ ਅੱਜ ਉਹਨਾਂ ਦੇ ਸਾਰੀਆਂ ਭਾਸ਼ਾਵਾਂ ਵਿਚ ਅਨੁਵਾਦ ਹੋ ਚੁੱਕੇ ਹਨ।

ਸਿੱਖ ਧਰਮ ਦੇ ਗ੍ਰੰਥ ਗੁਰੂ ਸਾਹਿਬਾਨ ਨੇ ਪੂਰੇ ਦੇ ਪੂਰੇ ਲੋਕ ਬੋਲੀ  ਵਿਚ ਲਿਖੇ/ਲਿਖਵਾਏ। ਗੁਰੂ ਗ੍ਰੰਥ ਸਾਹਿਬ ਜੀ ਦੀ ਲਿਪੀ ਭਾਵੇ ਗੁਰਮੁਖੀ ਹੈ, ਜੋ ਪੰਜਾਬ ਦੀ ਲੋਕ ਬੋਲੀ ਪੰਜਾਬੀ ਦੀ ਲਿਪੀ ਹੈ। ਪਰ ਉਂਝ ਗੁਰੂ ਗ੍ਰੰਥ ਸਾਹਿਬ ਜੀ ਨੂੰ ਵੱਖ ਵੱਖ ਭਾਸ਼ਾਵਾਂ ਦਾ ਇੱਕ ਵਧੀਆ ਗੁਲਦਸਤਾ ਵੀ ਕਿਹਾ ਜਾ ਸਕਦਾ ਹੈ, ਕਿਉਂਕਿ ਗੁਰੂ ਸਾਹਿਬ ਜਿੱਥੇ ਵੀ ਗਏ,ਉੱਥੇ ਦੀ ਬੋਲੀ ਦੇ ਸ਼ਬਦ ਉਨ੍ਹਾਂ ਦੀ ਬਾਣੀ ਵਿਚ ਆਉਂਦੇ ਗਏ। ਇਸ ਤਰਾਂ ਇਹ ਗ੍ਰੰਥ ਲੋਕ-ਮਨ ਦੇ ਜ਼ਿਆਦਾ ਨੇੜੇ ਹੈ।

  1. ਮਨੁੱਖਤਾ ਦਾ ਗ੍ਰੰਥ – ਵਿਸ਼ਵ ਦੀਆਂ ਕਦਰਾਂ ਕੀਮਤਾਂ :- ਗੁਰੂ ਗ੍ਰੰਥ ਸਾਹਿਬ ਇੱਕੋ ਇੱਕ ਅਜਿਹਾ ਗ੍ਰੰਥ ਹੈ ਜਿਹੜਾ ਸਮੇਂ ਅਤੇ ਸਥਾਨ ਦੀਆਂ ਹੱਦਬੰਦੀਆਂ ਤੋੰ ਪਾਰ ਹਮੇਸ਼ਾ ਇੱਕੋ ਸੱਚਾਈ ਦੀ ਗੱਲ ਕਰਦਾ ਹੈ। ਇੰਸ ਵਿੱਚ ਬਿਆਨਿਆ ਗਿਆ ਸੱਚ ਜਿੰਨਾ ਇਸ ਦੇ ਲਿਖਣ ਸਮੇਂ ਸਾਰਥਕ ਅਤੇ ਮਹੱਤਵਪੂਰਨ ਸੀ, ਉਤਨਾ ਹੀ ਅੱਜ ਹੈ ਅਤੇ ਉਤਨਾ ਹੀ ਭਵਿੱਖ ਵਿੱਚ ਵੀ ਰਹੇਗਾ। ਇਸ ਦਾ ਕਾਰਨ ਇਸ ਦੀ ਸਮਦ੍ਰਿਸ਼ਟੀ, ਸਰਬ ਸਾਂਝੀਵਾਲਤਾ, ਮਨੁੱਖਤਾ ਦੀਆਂ ਮੁੱਢਲੀਆਂ ਨੈਤਿਕ ਕਦਰਾਂ ਕੀਮਤਾਂ ਤੇ ਜੋਰ, ਕੁਦਰਤ ਦੀ ਸੰਭਾਲ ਅਤੇ ਉਸ ਨਾਲ ਇੱਕਮਿੱਕਤਾ, ਜਾਤਾਂ,ਧਰਮਾਂ,ਰੰਗਾਂ,ਨਸਲਾਂ,ਬੋਲੀਆਂ,ਇਲਾਕਿਆਂ ਦੇ ਬਹੁਤ ਹਲਕੇ ਵਿਤਕਰੇ ਲਈ ਇਸ ਵਿਚ ਕੋਈ ਥਾਂ ਨਹੀਂ ਹੈ। ਇਹ ਇੱਕ ਵੱਖਰੀ ਤ੍ਰਾਸਦੀ ਹੈ ਕਿ ਅਸੀਂ ਇਸਦੀਆਂ ਇਹਨਾਂ ਖੂਬੀਆਂ ਦਾ ਭਰਪੂਰ ਪ੍ਰਚਾਰ ਅਤੇ ਪ੍ਰਸਾਰ ਨਹੀਂ ਕਰ ਸਕੇ। ਜੇ ਅਸੀਂ ਪੂਰੀ ਸੁਹਿਰਦਤਾ , ਇਮਾਨਦਾਰੀ ਅਤੇ ਮਿੱਠਤ ਨਾਲ ਇਸ ਦੇ ਸਿਧਾਂਤ ਫੈਲਾਏ ਹੁੰਦੇ, ਤਾਂ ਨਾ ਕੇਵਲ ਅੱਜ ਇਹ ਸਾਰੇ ਵਿਸ਼ਵ ਦਾ ਇੱਕੋ ਇੱਕ ਗ੍ਰੰਥ ਹੋਣਾ ਸੀ, ਸਗੋਂ ਵਿਸ਼ਵ ਦਾ ਇਤਿਹਾਸ ਵੀ ਕੁਝ ਹੋਰ ਹੀ ਹੋਣਾ ਸੀ। ਸੰਖੇਪ ਵਿੱਚ ਉਹ ਵਿਸ਼ੇਸ਼ਤਾਵਾਂ ਸਾਂਝੀਆਂ ਕਰਨੀਆਂ ਜਰੂਰੀ ਹਨ — ਇਹ ਵਿਸ਼ੇਸ਼ਤਾਈਆਂ ਹੋਰ ਕਿਸੇ ਵੀ ਗ੍ਰੰਥ ਵਿਚ ਨਹੀਂ ਮਿਲਦੀਆਂ ।

. ਸਰਬ ਸਾਂਝੀਵਾਲਤਾ :- ਕਿਸੇ ਹੋਰ ਗ੍ਰੰਥ ਵਿੱਚ ਏਨੀ ਸਰਲਤਾ ਅਤੇ ਏਨੇ ਜੋਰ ਦੇ ਕੇ ਸਰਬ-ਸਾਂਝੀਵਾਲਤਾ ਦੀ ਗੱਲ ਨਹੀਂ ਹੋਣੀ, ਜਿੰਨੀ ਇਸ ਗ੍ਰੰਥ ਵਿੱਚ ਮਿਲਦੀ ਹੈ —

* ਅਵਲਿ ਅਲਹ ਨੂਰੁ  ਉਪਾਇਆ, ਕੁਦਰਤਿ ਕੇ ਸਭ ਬੰਦੇ ।।
ਏਕ ਨੂਰ ਤੇ ਸਭੁ ਜਗੁ ਉਪਜਿਆ, ਕਉਨ ਭਲੇ ਕੋ ਮੰਦੇ ।।……….(ਪੰਨਾ ੧੩੪੯, ਪ੍ਰਭਾਤੀ)

ਜਦੋਂ ਸਭ ਨੂੰ ਇੱਕੋ ਪਿਤਾ ਦੀ ਸੰਤਾਨ ਸਮਝ ਲਿਆ, ਤਾਂ ਦੂਸਰ ਭਾਵ ਰਿਹਾ ਹੀ ਕਿੱਥੇ ? ਜਦੋਂ ਸਭ ਜੀਵਾਂ ਵਿੱਚ ਇੱਕੋ ਜੋਤ ਪਸਰ ਰਹੀ ਆਖ ਦਿੱਤਾ ਤਾਂ ਕੋਈ ਦੂਈ ਦਵੈਤ, ਝਗੜਾ,ਤਕਰਾਰ,ਊਚ ਨੀਚ ਦੇ ਭੇਦ ਕਿਵੇਂ ਰਹਿ ਸਕਦੇ ਹਨ ??

* ਏਕੁ ਪਿਤਾ ਏਕਸ ਕੇ ਹਮ ਬਾਰਿਕ ਤੂ ਮੇਰਾ ਗੁਰ ਹਾਈ(ਪੰਨਾ ੬੧੧,ਸੋਰਠਿ ਮਹਲਾ ੫ ਘਰੁ ੨ ਚਉਪਦੇ)

ਬਾਣੀ ਤਾਂ ਡੰਕੇ ਦੀ ਚੋਟ ਤੇ ਆਖ ਰਹੀ ਹੈ —

* ਸਭੁ ਕੋ ਮੀਤੁ ਹਮ ਆਪਨ ਕੀਨਾ ਹਮ ਸਭਨਾ ਕੇ ਸਾਜਨ ।।
ਦੂਰਿ ਪਰਾਇਓ ਮਨ ਕਾ ਬਿਰਹਾ ਤਾਂ ਮੇਲੁ ਕੀਓ ਮੇਰੈ ਰਾਜਨ।।…..(ਪੰਨਾ ੬੭੧,ਧਨਾਸਰੀ ਮ : ੫ .)

੨. ਗੁਣ ਕਉ ਧਾਵੈ, ਅਉਗਣ ਧੋਵੈ :-ਸਾਰੇ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦੋ ਹੀ ਗੱਲਾਂ ਤੇ ਸਭ ਤੋਂ ਵੱਧ ਜੋਰ ਹੈ ਇੱਕ ਪ੍ਰਭੂ ਦਾ ਨਾਮ ਜਪਣਾ ਅਤੇ ਦੂਜਾ ਨਿਰਮਲ ਕਰਮ । ਨਿਰਮਲ ਕਰਮ ਬਹੁਤ ਵੱਡੀ ਅਤੇ ਵਿਸ਼ਾਲ ਧਾਰਨਾ ਹੈ। ਬਾਣੀਕਾਰ ਮਨੁੱਖ ਦੇ ਅੰਦਰੂਨੀ ਵਿਕਾਰ- ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਈਰਖਾ, ਦਵੈਤ, ਨਿੰਦਾ ਆਦਿ ਸਾਰੇ ਔਗਣਾਂ ਨੂੰ ਦੂਰ ਕਰਕੇ ਸਤ, ਸੰਤੋਖ, ਦਇਆ, ਧਰਮ, ਸਹਿਣਸ਼ੀਲਤਾ, ਖਿਮਾ, ਨਿਮਰਤਾ ਆਦਿ ਵਰਗੇ ਦੈਵੀ ਗੁਣਾਂ ਨੂੰ ਧਾਰਨ ਕਰਨ ਤੇ ਜੋਰ ਦਿੰਦੇ ਹਨ। ਇਸ ਲਈ ਉਹ ਪ੍ਰਭੂ ਦਾ ਨਾਮ ਜਪਣ, ਗੁਰੂ ਦੀ ਸ਼ਰਨ ਵਿੱਚ ਜਾਣਾ ਅਤੇ ਭਲਿਆਂ ਦੀ ਲਗਾਤਾਰ ਸੰਗਤ ਕਰਦੇ ਰਹਿਣ ਦੇ ਤਰੀਕੇ ਵੀ ਦੱਸਦੇ ਹਨ। ਅਜਿਹੇ ਗੁਣਾਂ ਵਾਲਾ ਇਨਸਾਨ ਸੰਸਾਰ ਦੇ ਕਿਸੇ ਵੀ ਕੋਨੇ ਵਿੱਚ ਕਿਸੇ ਵੀ ਵਰਗ ਦੇ ਇਨਸਾਨ ਕੋਲ ਜਾ ਬੈਠੇ, ਉਸਨੂੰ ਆਪਣਾ ਬਣਾ ਲੈਣ ਦੀ ਯੋਗਤਾ ਰੱਖਦਾ ਹੈ।

*ਗੁਣਾ ਕਾ ਹੋਵੈ ਵਾਸੁਲਾ ਕਢਿ ਵਾਸੁ ਲਈਜੈ ।।
ਜੇ ਗੁਣ ਹੋਵਨਿ ਸਾਜਨਾ ਮਿਲਿ ਸਾਝ ਕਰੀਜੈ ।।
ਸਾਝ ਕਰੀਜੈ ਗੁਣਹ ਕੇਰੀ ਛੋਡਿ ਅਵਗੁਣ ਚਲੀਐ।।
ਪਹਿਰੇ ਪਟੰਬਰ ਕਰਿ ਅਡੰਬਰ ਆਪਣਾ ਪਿੜੁ ਮਲੀਐ।।…….(ਪੰਨਾ ੭੬੫,ਰਾਗੁ ਸੂਹੀ ਛੰਤ ਮਹਲਾ ੧ ਘਰੁ ੪)

੩. ਵਿਸ਼ਵ ਸ਼ਾਂਤੀ ਦਾ ਪਹਿਰੇਦਾਰ :- ਗੁਰੂ ਗ੍ਰੰਥ ਸਾਹਿਬ ਦੀ ਬਾਣੀ ਇਨਸਾਨ ਨੂੰ ਪ੍ਰੇਮ ਕਰਨਾ ਸਿਖਾਉਂਦੀ ਹੈ। ਦਇਆ ਨੂੰ ਧਰਮ ਦਾ ਮੂਲ ਦੱਸਦੀ ਹੈ। ਆਪਾ ਭਾਵ ਗਵਾ ਕੇ ਮਨੁੱਖਤਾ ਦੀ ਸੇਵਾ ਕਰਨ ਦੀ ਤਾਕੀਦ ਕਰਦੀ ਹੈ। ਖਲਕਤ ਵਿਚੋਂ ਖਾਲਕ ਨੂੰ ਦੇਖਦੀ ਹੈ ਅਤੇ ਪ੍ਰਭੂ ਦੇ ਸਾਜੇ ਹੋਏ ਸਾਰੇ ਇਨਸਾਨਾਂ ਨੂੰ ਉਸਦਾ ਰੂਪ ਜਾਣ ਕੇ ਮਨੁੱਖ ਜਾਤੀ ਦਾ ਸਤਿਕਾਰ ਕਰਨਾ ਅਤੇ ਲੋੜ ਪੈਣ ਤੇ ਜਾਨ ਤੱਕ ਕੁਰਬਾਨ ਕਰ ਦੇਣੀ ਸਿਖਾਉਂਦੀ ਹੈ। ਇਹੀ ਕਾਰਨ ਹੈ ਕਿ ਵਿਸ਼ਵ ਵਿੱਚ ਕਿਸੇ ਵੀ ਥਾਂ ਤੇ ਕੋਈ ਵੀ ਕੁਦਰਤੀ ਜਾਂ ਮਨੁੱਖ ਨਿਰਮਿਤ ਆਫ਼ਤ ਆਈ ਹੈ, ਭੁਚਾਲ, ਤੂਫ਼ਾਨ, ਹੜ੍ਹ, ਸੁਨਾਮੀ, ਜੰਗ, ਕੋਈ ਮਹਾਂਮਾਰੀ, ਕੋਈ ਮੰਦੀ ….ਕੁਝ ਵੀ ਹੋਵੇ, ਇਸ ਗ੍ਰੰਥ ਦੇ ਮੰਨਣ ਵਾਲਿਆਂ ਨੇ ਆਪਣੀਆਂ ਜਾਨਾਂ ਤੇ ਖੇਡ ਕੇ ਵੀ ਦੁਖੀ ਲੋਕਾਂ ਦੀ ਮੱਦਦ ਕੀਤੀ ਹੈ। ਇਹ ਤਦ ਹੀ ਹੋ ਸਕਿਆ ਹੈ ਜੇ ਇਸ ਬਾਣੀ ਦਾ ਸੰਦੇਸ਼ ਇਹਨਾਂ ਦੇ ਖੂਨ ਵਿੱਚ ਰਮਿਆ ਹੋਇਆ ਸੀ।

੪. ਔਰਤ ਦਾ ਸਤਿਕਾਰ :-  ਇਸ ਨਿਰਾਲੇ ਗ੍ਰੰਥ ਵਿਚ ਸਦੀਆਂ ਪਹਿਲਾਂ ਤੋੰ ਹੀ ਔਰਤ ਨੂੰ ਜੱਗ-ਜਨਨੀ ਆਖ ਕੇ ਸਤਿਕਾਰਿਆ ਗਿਆ ਹੈ। ਸੰਸਾਰ ਦੀਆਂ ਅੰਤਰਰਾਸ਼ਟਰੀ ਸੰਸਥਾਵਾਂ ਤਾਂ ਬਹੁਤ ਜੋਰ ਲਗਾ ਕੇ ਅੱਜ ਤੱਕ ਔਰਤ ਨੂੰ ਉਸਦਾ ਬਣਦਾ ਸਨਮਾਨ ਨਹੀਂ ਦੇ ਸਕੀਆਂ, ਪਰ ਬਾਣੀਕਾਰਾਂ ਨੇ ਉਸਨੂੰ ਮਰਦ ਦੇ ਬਰਾਬਰ ਦਾ ਸਤਿਕਾਰ ਦਿੱਤਾ ਹੈ। ਜਿੱਥੇ ਕਈ ਧਰਮਾਂ ਵਿੱਚ ਅੱਜ ਵੀ ਔਰਤ ਨੂੰ ਆਪਣੇ ਧਾਰਮਿਕ ਸਥਾਨ ਵਿੱਚ ਜਾਣ ਦੀ ਇਜਾਜ਼ਤ ਨਹੀਂ, ਕੁਝ ਵਿਚ ਉਹ ਧਾਰਮਿਕ ਰਸਮਾਂ ਨਹੀਂ ਨਿਭਾ ਸਕਦੀ। ਕੁਝ ਉਸਨੂੰ ਮੁੱਢੋਂ ਹੀ ਅਧੂਰੀ ਅਤੇ ਅਸ਼ੁੱਧ ਸਮਝਦੇ ਹਨ, ਪਰ ਇਸ ਗ੍ਰੰਥ ਦੇ ਸਾਰੇ ਰਚਣਹਾਰਿਆਂ ਨੇ ਉਸਨੂੰ ਪੂਰਨ ਸਤਿਕਾਰ ਦਿੱਤਾ ਹੈ।

* ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨੁ ।।…..(ਪੰਨਾ ੪੭੩, ਮ:੧)

੫. ਸਾਰੇ ਧਰਮਾਂ ਦਾ ਸਤਿਕਾਰ :- ਗੁਰੂ ਗ੍ਰੰਥ ਸਾਹਿਬ ਜੀ ਇੱਕੋ ਇੱਕ ਅਜਿਹਾ ਗ੍ਰੰਥ ਹੈ ਜਿਸ ਵਿੱਚ ਸਾਰੇ ਧਰਮਾਂ ਨੂੰ ਬਰਾਬਰ ਦਾ ਸਤਿਕਾਰ ਦਿੱਤਾ ਗਿਆ ਹੈ। ਇਸ ਦੇ ਬਾਣੀਕਾਰ ਹਿੰਦੂ ਵੀ ਹਨ, ਮੁਸਲਿਮ ਵੀ ਹਨ, ਹੋਰ ਹੋਰ ਮੱਤਾਂ ਦੇ ਵੀ ਹਨ, ਪਰ ਸਾਰੇ ਇੱਕ ਅਕਾਲ ਪੁਰਖ ਦੀ ਸਿਫਤ ਸਲਾਹ ਕਰਦੇ ਹੋਏ ਇੱਕ ਹੋ ਜਾਂਦੇ ਹਨ। ਗੁਰੂ ਨਾਨਕ ਜੀ ਸਾਫ ਸ਼ਬਦਾਂ ਵਿੱਚ ਆਖਦੇ ਹਨ ਕਿ ਜਿਸ ਮਨੁੱਖ ਦੇ ਹਿਰਦੇ ਵਿਚ ਪ੍ਰਭੂ ਪਿਤਾ ਦੀ ਉਪਮਾ ਹੋ ਰਹੀ ਹੈ, ਉਸਨੂੰ ਮਾਣ ਵਡਿਆਈ ਦੇ ਅਤੇ ਉਸਦਾ ਸਤਿਕਾਰ ਕਰ ।।

* ਬਾਬਾ ਜੈ ਘਰਿ ਕਰਤੇ ਕੀਰਤਿ ਹੋਇ।।
ਸੋ ਘਰੁ ਰਾਖੁ ਵਡਾਈ ਤੋਇ ।।…………..(ਪੰਨਾ ੧੨, ਰਾਗੁ ਆਸਾ ਮਹਲਾ ੧)

੫. ਵਿਗਿਆਨਕ ਸੋਚ ਦਾ ਸੰਦੇਸ਼ਵਾਹਕ:- ਇਸ ਗ੍ਰੰਥ ਵਿੱਚ ਕਿਸੇ ਵੀ ਤਰਾਂ ਦੀਆਂ ਮਿਥਿਹਾਸਕ ਕਥਾ ਕਹਾਣੀਆਂ ਨਹੀਂ ਹਨ। ਅੱਜ ਸਾਰੇ ਸੰਸਾਰ ਵਿੱਚ ਵਿਗਿਆਨਕ ਸੋਚ ਨੂੰ ਮਾਣਤਾ ਮਿਲੀ ਹੋਈ ਹੈ। ਅਤੇ ਜਿਵੇਂ ਈਸਾਈਆਂ ਦੇ ਗ੍ਰੰਥ ਪੀਹਲਾਂ ਵਿਗਿਆਨ ਦੇ ਵਿਰੁੱਧ ਲਿਖਦੇ ਸਨ। ਉਹਨਾਂ ਨੇ ਵਿਗਿਆਨਕਾਂ ਤੇ ਜ਼ੁਲਮ ਵੀ ਕੀਤੇ। ਪਰ ਅਖੀਰ ਉਹਨਾਂ ਨੂੰ ਆਪਣੀ ਇਸ ਗਲਤੀ ਨੂੰ ਸੁਧਾਰਨਾ ਵੀ ਪਿਆ ਅਤੇ ਮੁਆਫੀ ਵੀ ਮੰਗਣੀ ਪਈ। ਇਸੇ ਤਰਾਂ ਹਿੰਦੂ ਗ੍ਰੰਥਾਂ ਵਿੱਚ ਬਹੁਤ ਕੁਝ ਅਜਿਹਾ ਹੈ ਜੋ ਵਿਗਿਆਨਕ ਸੋਚ ਦੀ ਨਵੀਂ ਪੀੜ੍ਹੀ ਲਈ ਹਜ਼ਮ ਕਰਨਾ ਔਖਾ ਹੈ। ਪਰ ਸਾਰੇ ਗੁਰੂ ਗ੍ਰੰਥ ਸਾਹਿਬ ਵਿੱਚ ਕੋਈ ਇੱਕ ਵੀ ਪੰਕਤੀ ਅਜਿਹੀ ਨਹੀਂ ਹੈ ਜਿਹੜੀ ਵਿਗਿਆਨ ਦੀ ਕਸਵੱਟੀ ਤੇ ਪੂਰੀ ਨਾ ਉੱਤਰਦੀ ਹੋਵੇ। ਕਿਉਂ ਅਤੇ ਕਿਵੇਂ ਪ੍ਰਸ਼ਨਾਂ ਨੂੰ ਗੁਰੂ ਸਾਹਿਬ ਨੇ ਵਡਿਆਇਆ ਹੈ ਅਤੇ ਸਾਰਥਕ ਸੰਵਾਦ ਰਚਾਉਣ ਦੀ ਪ੍ਰੇਰਨਾ ਵੀ ਦਿੱਤੀ ਹੈ।

੬. ਕਿਰਤੀ ਵਰਗ ਦੇ ਹੱਕਾਂ ਦਾ ਰਖਵਾਲਾ:- ਸਾਰਾ ਸੰਸਾਰ ਕਿਰਤੀ ਵਰਗ ਨੂੰ ਪੂਰਾ ਮਾਣ ਮਿਲਦੇ ਦੇਖਣ ਦਾ ਇੱਛਕ ਹੈ ਕਿਉਂਕਿ ਸੰਸਾਰ ਵਿੱਚ ਬਹੁ ਗਿਣਤੀ ਤਾਂ ਆਮ ਕਾਮੇ ਵਰਗ ਦੀ ਹੈ, ਪਰ ਬਹੁਤ ਘੱਟ ਗਿਣਤੀ ਦੇ ਸਰਮਾਏਦਾਰ ਵਰਗ ਨੇ ਵਿਸ਼ਵ ਆਰਥਿਕਤਾ ਨੂੰ ਕਾਬੂ ਕੀਤਾ ਹੋਇਆ ਹੈ ਅਤੇ ਉਹ ਆਪਣੇ ਮੁਨਾਫੇ ਲਈ ਸੰਸਾਰ ਨੂੰ ਲੁੱਟ ਰਹੇ ਹਨ।

ਗੁਰੂ ਸਾਹਿਬ ਦਸਾਂ ਨਹੁੰਆਂ ਦੀ ਇਮਾਨਦਾਰੀ ਦੀ ਕਿਰਤ ਕਰਨ ਦਾ ਸੰਦੇਸ਼ ਦਿੰਦੇ ਹਨ । ਅਤੇ ਉਸਨੂੰ ਵੀ ਵੰਡ ਕੇ ਛਕਣ ਲਈ ਆਖਦੇ ਹਨ ਕਿਉਂਕਿ ਉਹਨਾਂ ਦਾ ਵਿਸ਼ਵਾਸ ਹੈ ਕਿ ਕਿਰਤ ਕੀਤਿਆਂ ਅਤੇ ਵੰਡ ਕੇ ਛਕਣ ਨਾਲ ਫਾਲਤੂ ਦੀ ਮਾਇਆ ਜਮ੍ਹਾਂ ਹੀ ਨਹੀਂ ਹੁੰਦੀ, ਜਿਹੜੀ ਵਿਕਾਰਾਂ ਦਾ ਕਾਰਨ ਬਣਦੀ ਹੈ।

* ਘਾਲਿ ਖਾਇ ਕਿਛੁ ਹਥਹੁ ਦੇਇ।।
ਨਾਨਕ ਰਾਹੁ ਪਛਾਣਹਿ ਸੇਇ ।।………..(ਪੰਨਾ ੧੨੪੫, ਸਲੋਕ ਮ : ੧)

੭. ਛੋਟੀਆਂ ਅਤੇ ਨੀਚ ਕਹਾਉਣ ਵਾਲਿਆਂ ਦਾ ਪੱਖ ਪੂਰਨਾ :- ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤ ਅਨੁਸਾਰ ਨੀਚ ਕਹਾਉਣ ਵਾਲੇ, ਕਥਿਤ ਛੋਟੀ ਜਾਤ ਵਾਲੇ, ਦੱਬੇ ਕੁਚਲੇ ਅਤੇ ਲਤਾੜੇ ਲੋਕਾਂ ਦੀ ਬਾਂਹ ਫੜਨੀ ਹਰ ਇਨਸਾਨ ਦਾ ਮੁਢਲਾ ਫਰਜ ਹੈ। ਉਹ ਆਪ ਗੱਜ ਵੱਜ ਕੇ ਨੀਵਿਆਂ ਨਾਲ ਖੜ੍ਹੇ ਹੋਣ ਦਾ ਹੋਕਾ ਦਿੰਦੇ ਹਨ –

* ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚੁ ।।
ਨਾਨਕੁ  ਤਿਨ ਕੈ ਸੰਗ ਸਾਥਿ ਵਡਿਆ ਸਿਉ ਕਿਆ ਰੀਸ ।।
ਜਿਥੈ ਨੀਚ ਸਮਾਲੀਅਨਿ ਤਿਥੈ ਨਦਰਿ ਤੇਰੀ ਬਖਸ਼ੀਸ਼।।……….(ਪੰਨਾ ੧੫,ਸਿਰਿਰਾਗੁ ਮਹਲਾ ੧)

ਇਸ ਤੋਂ ਵੱਧ ਕੇ ਕਿਹੜਾ ਸਮਾਜਵਾਦ ਹੋ ਸਕਦਾ ਹੈ ?

੮. ਮਨੁੱਖੀ ਆਜ਼ਾਦੀ, ਸਵੈ ਮਾਣ ਅਤੇ ਹੱਕਾਂ ਦਾ ਪਹਿਰੇਦਾਰ :-ਗੁਰੂ ਗ੍ਰੰਥ ਸਾਹਿਬ ਜੀ ਵਿੱਚ ਜਿੱਥੇ ਆਪਣੇ ਫਰਜ਼ ਪੂਰੇ ਕਰਨ ਲਈ ਸਿੱਖਿਆ ਦਿੱਤੀ ਗਈ ਹੈ। ਉੱਥੇ ਪੂਰੇ ਮਾਣ ਸਤਿਕਾਰ ਨਾਲ ਜਿਊਣ ਦੀ ਗੱਲ ਵੀ ਕੀਤੀ ਹੈ। ਆਪਣੇ ਬਣਦੇ ਹੱਕ ਲੈਣੇ ਵੀ ਹਨ। ਆਪਣੀ ਆਜ਼ਾਦੀ ਨੂੰ ਹਰਗਿਜ਼ ਨਹੀਂ ਗੁਆਉਣਾ ਅਤੇ ਆਪਣਾ ਸਨਮਾਨ ਬਣਾਈ ਰੱਖਣਾ ਹੈ।

* ਜੇ ਜੀਵੈ ਪਤਿ ਲਥੀ ਜਾਇ ।।
ਸਭੁ ਹਰਾਮੁ ਜੇਤਾ ਕਿਛੁ ਖਾਇ ।।………(ਪੰਨਾ ੧੪੨, ਮ੧ ਸਲੋਕੁ)

ਇਸ ਤਰਾਂ ਦੀਆਂ ਅਣਗਿਣਤ ਖੂਬੀਆਂ ਇਸ ਨਿਰਾਲੇ ਗ੍ਰੰਥ ਵਿੱਚ ਹਨ। ਇਹ ਰਾਜਿਆਂ,  ਸਰਮਾਰਦਾਰਾਂ, ਨਵਾਬਾਂ, ਧਨੀਆਂ, ਧਾਰਮਿਕ ਅਤੇ ਸਮਾਜਿਕ ਲੀਡਰਾਂ, ਪੁਜਾਰੀਆਂ,ਸੰਤਾਂ,ਕਾਜੀਆਂ,ਪੰਡਿਤਾਂ,ਜੋਗੀਆਂ, ਕਿਸੇ ਦੀ ਵੀ ਬੇਲੋੜੀ ਅਧੀਨਗੀ ਨਹੀਂ ਝੱਲਦਾ। ਗੁਰਮਤਿ ਸਿਧਾਂਤ ਨਾ ਡਰਨਾ ਅਤੇ ਨਾ ਡਰਾਉਣਾ ਹੈ। ਉਹ ਇੱਕ ਨਿਰਭਉ ਅਤੇ ਨਿਰਵੈਰ ਇਨਸਾਨ ਬਣਾਉਣ ਦੀ ਸਿੱਖਿਆ ਦਿੰਦੇ ਹਨ, ਜਿਹੜਾ ਪੂਰਨ ਇਨਸਾਨ ਕਹਾਏਗਾ

4. ਇੱਕੋ ਇੱਕ ਗ੍ਰੰਥ ਜੋ ਗੁਰੂ ਹੈ -ਗੁਰੂ ਗ੍ਰੰਥ ਸਾਹਿਬ ਜੀ :-  ਸਾਰੇ ਸੰਸਾਰ ਵਿੱਚ, ਸਾਰੇ ਧਰਮਾਂ ਵਿਚੋਂ ਇਹ ਇੱਕੋ ਇੱਕ ਅਜਿਹਾ ਗ੍ਰੰਥ ਹੈ, ਜਿਸ ਨੂੰ ਗੁਰੂ ਦਾ ਦਰਜਾ ਹਾਸਿਲ ਹੈ। ਇਸ ਦੇ ਨਾਮ ਤੇ ਜਾਇਦਾਦ ਰਜਿਸਟਰ ਕਰਵਾਈ  ਜਾ ਸਕਦੀ ਹੈ ਅਤੇ ਅਦਾਲਤਾਂ ਨੇ ਵੀ ਜੀਵਤ-ਗੁਰੂ ਦਾ ਦਰਜਾ ਦੇਣਾ ਪ੍ਰਵਾਨ ਕਰ ਲਿਆ ਹੈ। ਗੁਰੂ ਗੋਬਿੰਦ ਸਿੰਘ ਜੀ ਦੇ ਇਸ ਨੂੰ ਗੁਰੂ ਮੰਨਣ ਦੇ ਆਦੇਸ਼ ਤੇ ਸਿੱਖਾਂ ਨੇ ਫੁੱਲ ਚੜ੍ਹਾਏ ਹਨ। ਬਹੁਤ ਜਿਆਦਾ ਸਤਿਕਾਰ ਗੁਰੂ ਸਾਹਿਬ ਦੇ ਸਮੇਂ ਤੋਂ ਅੱਜ ਤੱਕ ਇਸ ਗ੍ਰੰਥ ਨੂੰ ਦਿੱਤਾ ਗਿਆ ਹੈ, ਜਿਸ ਦਾ ਇਹ ਹੱਕਦਾਰ ਵੀ ਹੈ। ਇਸ ਇੱਕੋ ਇੱਕ ਗ੍ਰੰਥ ਦੇ ਸਤਿਕਾਰ ਨੂੰ ਕਾਇਮ ਰੱਖਣ ਲਈ ਅਨੇਕਾਂ ਸਿੰਘਾਂ ਨੇ ਆਪਣੀਆਂ ਜਿੰਦਗੀਆਂ ਦੀ ਆਹੂਤੀ ਦਿੱਤੀ ਹੈ ਅਤੇ ਇਸ ਤੇ ਵਾਰ ਕਰਨ ਵਾਲੇ ਦੀ ਜਾਨ ਲੈਣ ਤੋਂ ਵੀ ਗੁਰੇਜ਼ ਨਹੀਂ ਕੀਤਾ।

ਇਸ ਤਰਾਂ ਦੀਆਂ ਹੋਰ ਵਿਸ਼ੇਸ਼ਤਾਈਆਂ ਗਿਣਨ ਲੱਗੇ, ਤਾਂ ਲੇਖ ਬਹੁਤ ਲੰਮਾ ਹੋ ਜਾਏਗਾ।

ਅੰਤਿਕਾ :-ਇੰਨੇ ਖੂਬਸੂਰਤ ਗੁਣਾਂ ਨਾਲ ਸ਼ਿੰਗਾਰੇ ਹੋਏ ਇਸ ਗ੍ਰੰਥ ਦੀ ਸਿੱਖਿਆ ਨੂੰ ਜੇ ਅਸੀਂ ਕੁਝ ਕੁ ਹਿਰਦਿਆਂ ਤੱਕ ਹੀ ਸੀਮਿਤ ਕਰ ਦਿੱਤਾ ਹੈ, ਤਾਂ ਅਸੀਂ ਖੁਦ ਬਹੁਤ ਵੱਡੇ ਅਪਰਾਧੀ ਹਾਂ। ਕਿਉ ਨਹੀ ਅੱਜ ਸੰਸਾਰ ਦੇ ਲੋਕ ਇਸ ਤੋਂ ਸੇਧ ਲੈਣ ਆਉਂਦੇ ??? ਸਾਨੂੰ ਮਿਲ ਬੈਠਣ ਦੀ ਲੋੜ ਹੈ। ਨਵੀਂਆਂ ਨੀਤੀਆਂ ਬਣਾਉਣ ਦੀ ਲੋੜ ਹੈ। ਬੇਲੋੜੀਆਂ ਸ਼ਰਧਾ ਪੂਰਨ ਕਰਮ ਕਾਂਡ ਵਾਲੀਆਂ ਰਸਮਾਂ ਅਤੇ ਕੱਟੜਤਾ ਨੂੰ ਤਿਆਗ ਕੇ ਇਸ ਦਾ ਵਿਸ਼ਵ- ਵਿਆਪੀ ਪ੍ਰੇਮ ਦਾ ਸੰਦੇਸ਼ ਸਾਰੀ ਦੁਨੀਆਂ ਤੱਕ ਪਹੁੰਚਾਏ ਜਾਣ ਦੀ ਲੋੜ ਹੈ। ਲੱਖ ਸਾਡੇ ਵਿਰੋਧੀ ਸਾਜਿਸ਼ਾਂ ਕਰਦੇ ਰਹਿਣ, ਲੱਖ ਹਮਲਾਵਰ ਹਮਲੇ ਕਰਦੇ ਰਹਿਣ, ਜੇ ਸਾਨੂੰ ਸ਼ਬਦ ਤੋੰ ਸੇਧ ਲੈਣੀ ਆ ਗਈ, ਤਾਂ ਉਸਦੀ ਸੁਗੰਧੀ ਸਾਡੇ ਵਿਵਹਾਰ ਅਤੇ ਕਿਰਦਾਰ ਵਿੱਚੋਂ ਝਲਕੇਗੀ ਅਤੇ ਕੋਈ ਵਿਰੋਧੀ ਕਦੇ ਕਾਮਯਾਬ ਨਹੀਂ ਹੋ ਸਕੇਗਾ। ਬ੍ਰਹਿਮੰਡੀ ਪ੍ਰੇਮ ਆਏ ਸ਼ਾਂਤੀ ਦਾ ਇਹ ਅਨੂਠਾ ਸੰਦੇਸ਼ ਸਾਰੇ ਸੰਸਾਰ ਨੂੰ ਜਰੂਰ ਮਹਿਕਾਏਗਾ। ਯਤਨ ਸਾਡੇ, ਬਖਸ਼ਿਸ਼ ਅਕਾਲ ਪੁਰਖ ਦੀ।
***
ਜਸਵਿੰਦਰ ਸਿੰਘ ਰੁਪਾਲ
9814715796

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
**
1612
***

+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਜਸਵਿੰਦਰ ਸਿੰਘ 'ਰੁਪਾਲ'
-ਲੈਕਚਰਾਰ ਅਰਥ-ਸ਼ਾਸ਼ਤਰ,
ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ,
ਕਟਾਣੀ ਕਲਾਂ( ਲੁਧਿਆਣਾ)-141113
+91 9814715796

 

ਜਸਵਿੰਦਰ ਸਿੰਘ 'ਰੁਪਾਲ'

ਜਸਵਿੰਦਰ ਸਿੰਘ 'ਰੁਪਾਲ' -ਲੈਕਚਰਾਰ ਅਰਥ-ਸ਼ਾਸ਼ਤਰ, ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ, ਕਟਾਣੀ ਕਲਾਂ( ਲੁਧਿਆਣਾ)-141113 +91 9814715796  

View all posts by ਜਸਵਿੰਦਰ ਸਿੰਘ 'ਰੁਪਾਲ' →