15 October 2024
soniia pal

ਅਗਲੀ ਵਾਰ—✍️ਸੋਨੀਆ ਪਾਲ

 ਅਗਲੀ ਵਾਰ ਹੁਣ ਤੂੰ
ਗਰਮੀ, ਸਰਦੀ, ਬਹਾਰ,
ਮੀਂਹ, ਤੂਫਾਨ, ’ਚ
ਜਦ ਵੀ ਆਵੇਂ…..
ਬਸ ਯਾਦ ਰੱਖੀਂ ਕਿ
ਤੂੰ ਏਸ ਜ਼ਮਾਨੇ ਤੋਂ ਜੋ
ਪਰ੍ਹੇ ਦੀ ਜ਼ਮੀਨ ਹੈ
ਤੂੰ ਓੁਥੇ ਆਵੇਂ।
ਓੁਥੇ ਦਾ ਜਲੌਅ ਆਲਮਗੀਰ ਹੋਵੇ
ਤੇ
ਓੁਥੇ ਦੇ ਲੋਕ ਹੁਣ ਦੇ ਲੋਕਾਂ ਤੋਂ
ਵੱਖਰੇ ਜਿਹੇ ਹੋਣ;
ਜਿਨ੍ਹਾਂ ਨੂੰ ਸਮਾਜ, ਮਰਿਆਦਾ, ਜਾਤ, ਗਰੀਬੀ
ਹੀਣਤਾ ਨਾਲ ਘਸ-ਘਸ
ਕੱਦ ਛੋਟਾ ਕਰ ਬੌਣੇ ਤੇ ਬੌਂਗੇ
ਜਿਹੇ ਬਣ ਨਾ ਰਹਿਣਾ ਪਵੇ।
ਤੂੰ ਓੁਥੇ ਆਂਵੀਂ ਜਿੱਥੇ
ਮੈਨੂੰ ਫੇਰ ਦੀ ਕੋਈ ਕਵਿਤਾ
ਲਿਖਣੀ ਹੀ ਨਾ ਪਵੇ।
ਓੁਥੇ ਮੈਂ ਅਜੇ ਵੀ ਤੈਨੂੰ ਪੁੱਛਣਾ ਹੈ
ਸ਼ਾਰਾ ਕੁਛ
ਜੋ ਰਹਿ ਗਿਆ ਸੀ
ਅੱਧ-ਵਿਚਾਲੇ
ਵਿੱਚੇ ਹੀ।

ਮੈਂ ਇੱਕ ਵਾਰ ਫੇਰ ਸਹਿਜੇ-ਸਹਿਜੇ
ਸ਼ੁਰੂ ਕਰਨਾ ਹੈ
ਕਿਸੇ ਸੋਹਣੀ ਬੁਣਤੀ ਦਾ ਕੁੰਡਿਆਂ ਤੋਂ
ਸ਼ੁਰੂ ਹੋਣ ਵਾਲਾ ਤੇ
ਸਲਾਈਆਂ ਨਾਲ ਤਾਂਹ ਜਾ ਕੇ
ਪੂਰਾ ਹੋਣ ਦਾ ਸਿਲਸਿਲਾ।

ਜੋ ਛੁੱਟ ਗਿਆ ਸੀ ਬੜੀ ਕਾਹਲੀ-ਕਾਹਲੀ …….
ਜੈਕਬ ਤੇ ਵਿਲਹੈਲਮਗ੍ਰਿਮ ਦੀ ਲਿਖੀ ਕਹਾਣੀ:
‘ ਦ ਸਟ੍ਰਾ, ਦ ਕੋਲ, ਐਂਡ ਦੀ ਬੀਨ’ ਵਾਂਗ
ਹੁਣ ਸੂਈ ਦੇ ਨੱਕੇ ਥਾਣੀਂ ਲੰਘ ਕੇ
ਕੁਛ ਵੀ ਹਾਸੋ-ਹੀਣਾ ਨਹੀਂ ਰੱਖਣਾ।

ਏਸ ਜ਼ਮੀਨ ਤੋਂ ਪਰ੍ਹੇ ਦੀ ਜ਼ਮੀਨ ਤੇ
ਮੈਂ ਮਣਾਂ ਮੂਹੀਂ
ਭਾਰ ਵਗਾਹ ਮਾਰਣਾ ਹੈ।

ਤੇ ਸ਼ਾਂਤੀ ਨਾਲ ਬਹਿ ਪਾਣੀ ਪੀਣਾ ਹੈ।
ਖੌਰੇ ਓਹ ਪਾਣੀ ਕਿਸੇ ‘ਅੰਮ੍ਰਿਤ’ ਜਿਹਾ ਸਮਝਾ ਸਕੇ ਕਿ
ਦਸਤਕ, ਦਵਾਰ ਤੇ ਸਾਂਹਵੇਂ ਖੜ੍ਹਨੇ ਤੋਂ ਪਰ੍ਹੇ ਕੀ ਨਾ ਸੀ
ਜੋ ਮੈਂ ਜਿਉਂਦੇ ਜੀਅ ਕੱਖੋਂ ਹੌਲੀ ਹੋ
ਆਪਣੇ ਮੋਢਿਆਂ ਤੇ ਚੱਕ
ਬਹੁਤੇ ਹਓਕੇ ਤੇ ਚੀਕਾਂ
ਮਾਰ ਹੰਢਾਇਆ।

ਇਹ ਵਧਨ-ਘਟਨ ਤੋਂ ਪੂਰੇ ਹੋਣ ਦਾ ਸਿਲਸਿਲਾ।
ਮੈਂ ਹੁਣ ਮਣਾਂ ਮੂੰਹੀਂ ਭਾਰ
ਵਗਾਹ ਮਾਰਨਾ ਹੈ
ਤੇ ਸ਼ਾਂਤੀ ਨਾਲ ਪਾਣੀ ਪੀ,
ਮੇਰਾ ਸਵੈਟਰ ਪੂਰਾ ਬੁਣਨਾ ਹੈ
ਉਹਨੂੰ ਸੁਹਜ ਦੀ ਸੂਈ ਨਾਲ ਜੋੜਨਾ ਹੈ
ਤੇ ਐਸਾ ਸਵੈਟਰ ਘਰ-ਘਰ ਪਹੁੰਚਾਉਣਾ ਹੈ
ਤਾਂ ਜੋ ਹਰ ਰੂਹ ਨੂੰ ਮੇਰੇ ਖਿਆਲਾਂ ਦਾ ਨਿੱਘ ਰਹੇ।

ਇਹ ਬੌਂਗੇ, ਬੀਬੇ, ਬਾਬੇ ਬੋਹੜ ਕਹਾਉਣ
ਤੇ ਬੌਣੇ ਸਰੂ ਦਾ ਕੱਦ ਮਾਣਨ-
“ਅੱਤ ਦੀਰਘ ਅੱਤ ਮੁੱਚ” ਹੋਣ।

ਅਗਲੀ ਵਾਰ ਹੁਣ ਤੂੰ
ਜਦ ਵੀ ਆਵੇਂ…..
ਬਸ ਯਾਦ ਰੱਖੀਂ ਕਿ
ਤੂੰ ਏਸ ਜ਼ਮਾਨੇ ਤੋਂ ਜੋ
ਪਰ੍ਹੇ ਦੀ ਜ਼ਮੀਨ ਹੈ
ਤੂੰ ਓੁਥੇ ਆਵੇਂ।
***

(‘ਅੰਮ੍ਰਿਤ’ ਤੋਂ ਭਾਵ ਪੰਜਾਬੀ ਦੀ ਸਿਰਮੌਰ ਸ਼ਾਇਰਾ- ਸੁਖਵਿੰਦਰ ਅੰਮ੍ਰਿਤ ਜੀ ਹਨ। ਉਹਨਾਂ ਦੀ ਨਜ਼ਮ ਦੇ ਸ਼ਬਦ: ਦਸਤਕ, ਦਵਾਰ ਤੇ ਸਾਂਹਵੇਂ ਖੜ੍ਹਨਾ ਭਾਵ-ਪੂਰਤੀ ਲਈ ਆਗਿਆ ਸਹਿਤ ਵਰਤੇ ਗਏ ਹਨ।
ਜੈਕਬ ਤੇ ਵਿਲਹੈਲਮਗ੍ਰਿਮ -ਜਰਮਨ ਦੇ ਮਸ਼ਹੂਰ ਲੇਖਕਾਂ ਦੇ ਨਾਂ ਹਨ।)

ਸੋਨੀਆ ਪਾਲ, ਵੁਲਵਰਹੈਂਪਟਨ, ਇੰਗਲੈਂਡ

+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਸੋਨੀਆਂ ਪਾਲ, ਵੁਲਵਰਹੈਂਪਟਨ, ਇੰਗਲੈਂਡ

View all posts by ਸੋਨੀਆਂ ਪਾਲ, ਵੁਲਵਰਹੈਂਪਟਨ, ਇੰਗਲੈਂਡ →