29 September 2022

ਤਿੰਨ ਕਵਿਤਾਵਾਂ-ਰਵਿੰਦਰ ਸਿੰਘ ਕੁੰਦਰਾ, ਕਾਵੈਂਟਰੀ

  1. 1. ਗੁਰਦਾ ਦਾਨ, 2. ਮੈਂ ਕਬੂਤਰ ਲੰਗੜਾ ਲੂਲਾ ਅਤੇ 3. ਤੇਰਾ ਰੱਬ ‘ਤੇ ਮੇਰਾ ਰੱਬ
  1. ਗੁਰਦਾ ਦਾਨ

ਦਾਨ ਤੇਰਾ ਵਰਦਾਨ, ਕਿਸੇ ਲਈ ਹੋ ਸਕਦਾ ਹੈ,
ਉਮਰ ਭਰ ਦਾ ਅਹਿਸਾਨ, ਕਿਸੇ ਲਈ ਹੋ ਸਕਦਾ ਹੈ।

ਪੂਰੇ ਇੱਥੇ ਨਹੀਂ ਕੋਈ, ਸਭ ਹਾਂ ਅਸੀਂ ਅਧੂਰੇ,
ਏਸੇ ਲਈ ਹਾਂ ਅੱਡਦੇ, ਹੱਥ ਇੱਕ ਦੂਜੇ ਦੇ ਮੂਹਰੇ।

ਸਾਂਝ ਬੜੀ ਹੈ ਪਿਆਰੀ, ਮਨੁੱਖੀ ਫ਼ਿਤਰਤ ਵਾਲੀ,
ਦਾਤੇ ਵੀ ਹਾਂ ਖ਼ੂਬ, ਕਦੀ ਬਣਦੇ ਹਾਂ ਸਵਾਲੀ।

ਇੱਕ ਪਹੀਏ ‘ਤੇ ਕਦੀ, ਨਾ ਚੱਲਦੀ ਜੀਵਨ ਗੱਡੀ,
ਸਾਰੀ ਉਮਰ ਇਕੱਲਿਆਂ, ਕਦੀ ਨਹੀਂ ਕਿਸੇ ਨੇ ਕੱਢੀ।

ਸਭ ਦਾਨਾਂ ਤੋਂ ਦਾਨ, ਬੜਾ ਹੈ ਸਰੀਰ ਕਟਾਉਣਾ,
ਆਪਣਾ ਅੰਗ ਕਟਾ ਕੇ, ਕਿਸੇ ਦੀ ਝੋਲੀ ਪਾਉਣਾ।

ਫੈਸਲੇ ਐਸੇ ਕਰਨਾ, ਕੰਮ ਹੈ ਦਿਲ ਗੁਰਦੇ ਦਾ,
ਬਹਾਦਰੀ ਵਾਲਾ ਜਜ਼ਬਾ, ਨਹੀਂ ਹਰ ਇੱਕ ਨੂੰ ਫ਼ੁਰਦਾ।

ਪਰ ਜੋ ਕਰ ਸਕਦਾ ਹੋਵੇ, ਮਹਾਨ ਹੈ ਉਸਦਾ ਕਾਰਾ,
ਸੋਹਲੇ ਗਾਉਂਦਾ ਉਸਦੇ, ਦਿਲੋਂ ਜਹਾਨ ਹੈ ਸਾਰਾ।

ਆ ਅਸੀਂ ਵੀ ਬਹਿ ਕੇ, ਸੰਜੀਦੇ ਫ਼ੈਸਲੇ ਕਰੀਏ,
ਗੁਰਦੇ ਕਰਕੇ ਦਾਨ, ਕਿਸੇ ਦੇ ਦਰਦ ਨੂੰ ਹਰੀਏ।

ਦਰਦਮੰਦ ਬਣਕੇ ਅੱਜ, ਕਿਸੇ ਦਾ ਦਰਦ ਵੰਡਾਈਏ,
ਚੰਗੀ ਸੋਭਾ ਖੱਟ ਕੇ, ਆਪਣਾ ਫ਼ਰਜ਼ ਨਿਭਾਈਏ।
***
2. ਮੈਂ ਕਬੂਤਰ ਲੰਗੜਾ ਲੂਲਾ

ਮੈਂ ਕਬੂਤਰ ਲੰਗੜਾ ਲੂਲਾ, ਹਿਰਦਾ ਮੇਰਾ ਅੱਗ ਬਗੂਲਾ।
ਕੁਦਰਤ ਨੇ ਵੀ ਧੱਕਾ ਕੀਤਾ, ਜੱਗ ਵੀ ਮਿਲਿਆ ਬੇ ਅਸੂਲਾ।

ਦੁਨੀਆ ਸਾਰੀ ਖ਼ੁਸ਼ੀਆਂ ਮਾਣੇ, ਦਰਦ ਤੋਂ ਮੇਰੇ ਸਭ ਅਣਜਾਣੇ।
ਪਿਆਰ ਦੀ ਨਜ਼ਰ ਕਿਤੇ ਨਾ ਲੱਭੇ, ਵਜੂਦ ਮੇਰਾ ਨਾ ਕੋਈ ਪਛਾਣੇ।

ਹਰ ਟਾਹਣੀ ‘ਤੇ ਹਰ ਬਸੇਰਾ, ਰਾਤ ਦਿਨ ਅਤੇ ਸ਼ਾਮ ਸਵੇਰਾ।
ਕੱਲਮ ਕੱਲਾ ਬਿਟ ਬਿਟ ਤੱਕਾਂ, ਲੱਭਦਾ ਨਹੀਂ ਕੋਈ ਸਾਥੀ ਮੇਰਾ।

ਹਾੜ੍ਹ ਸਿਆਲ ਮੈਂ ਕਈ ਲੰਘਾਏ, ਚਾਹਤ ਦੇ ਕਈ ਗੀਤ ਮੈਂ ਗਾਏ।
ਕਿਸੇ ਵੀ ਮੇਰਾ ਰਾਗ ਨਾ ਸੁਣਿਆ, ਕਿਸੇ ਨੂੰ ਮੇਰੇ ਭਾਵ ਨਾ ਭਾਏ।

ਹੌਕੇ ਹਾਵੇ ਰਹੇ ਮੇਰੇ ਸਾਥੀ, ਦਿਲ ਦੀ ਧੁਖਦੀ ਰਹੀ ਚੁਆਤੀ।
ਜਾਪਦਾ ਹੈ ਇੰਝ ਡਿਗਦੇ ਢਹਿੰਦੇ, ਬੀਤ ਜਾਵੇਗੀ ਕੁੱਲ ਹਿਆਤੀ।

ਮੇਰੀਆਂ ਹੀ ਅੱਖਾਂ ਦੇ ਸਾਹਮੇ, ਹੁੰਦੇ ਰਹਿੰਦੇ ਰੋਜ਼ ਡਰਾਮੇ।
ਮੇਰੇ ਨਾਲ ਹੀ ਅੱਖ ਮਿਲਾਣੋਂ, ਕਰ ਜਾਂਦੇ ਕਈ ਆਨੇ ਕਾਨੇ।

ਕਲੋਲਾਂ ਕਰਦੇ ਪਿਆਰ ਜਤਾਂਦੇ, ਚੁੰਝਾਂ ਜੋੜੇ ਨਿੱਤ ਭਿੜਾਂਦੇ,
ਮੈਨੂੰ ਦੇਖ ਮੇਰੇ ਸਿਰ ਚੜ੍ਹ ਕੇ, ਹੋਰ ਵੀ ਮੇਰਾ ਮੂੰਹ ਚਿੜ੍ਹਾਂਦੇ।

ਭੁੱਖ ਪਿਆਸ ਵੀ ਝੱਲਣੀ ਪੈਂਦੀ, ਜ਼ੋਰਾਵਰੀ ਜਦ ਮੈਨੂੰ ਖਹਿੰਦੀ,
ਘੁਰਕੀਆਂ ਮੇਰੇ ਅੱਗੇ ਪਿੱਛੇ, ਮੈਨੂੰ ਜਾਨ ਲੁਕਾਉਣੀ ਪੈਂਦੀ।

ਲੁਕ ਛਿਪ ਕੇ ਮੈਂ ਚੋਗਾ ਚੁਗਦਾ, ਚੁੰਝ ਗਿੱਲੀ ਵੀ ਨਹੀਂ ਨਸੀਬ,
ਖੰਭਾਂ ਦੇ ਵਾਰ ਮੈਨੂੰ ਪੱਛਦੇ, ਜਦ ਵੀ ਜਾਵਾਂ ਕਿਸੇ ਦੇ ਕਰੀਬ।

ਪੁੱਛਣਾ ਲੋਚਾਂ ਮੈਂ ਉਸ ਰੱਬ ਨੂੰ, ਦੱਸ ਖਾਂ ਮੈਨੂੰ ਜ਼ਰਾ ਤੂੰ ਅੜਿਆ,
ਕਿਹੜੀ ਗੱਲੋਂ ਮੈਥੋਂ ਰੁੱਸ ਕੇ, ਮੇਰਾ ਨਸੀਬ ਤੂੰ ਅੱਥਰਾ ਘੜਿਆ ।

ਮੈਂ ਕਬੂਤਰ ਲੰਗੜਾ ਲੂਲਾ, ਹਿਰਦਾ ਮੇਰਾ ਅੱਗ ਬਗੂਲਾ।
ਕੁਦਰਤ ਨੇ ਵੀ ਧੱਕਾ ਕੀਤਾ, ਜੱਗ ਵੀ ਮਿਲਿਆ ਬੇ ਅਸੂਲਾ।
***

3. ਤੇਰਾ ਰੱਬ ‘ਤੇ ਮੇਰਾ ਰੱਬ

ਤੇਰੇ ਰੱਬ ‘ਤੇ ਮੇਰੇ ਰੱਬ ਵਿੱਚ, ਜ਼ਮੀਨ ਅਤੇ ਅਸਮਾਨ ਦਾ ਪਾੜਾ,
ਮੁੱਢ ਕਦੀਮ ਦੇ ਇਸ ਪਾੜੇ ਦਾ, ਤੈਨੂੰ ਕਿਉਂ ਹੈ ਇੰਨਾ ਸਾੜਾ?

ਮੇਰਾ ਰੱਬ ਤੇਰੇ ਤੋਂ ਵਧੀਆ, ਮੈਂ ਕੀ ਜਾਣਾਂ ਤੇਰੇ ਰੱਬ ਨੂੰ।
ਚੱਜ ਆਚਾਰ ਨਾ ਤੇਰੇ ਰੱਬ ਵਿੱਚ, ਆਪਣੀ ਈਨ ਮਨਾਉਂਦਾ ਸਭ ਨੂੰ।

ਮੇਰਾ ਰੱਬ ਹੈ ਸੁਘੜ ਸਿਆਣਾ, ਰੱਖੇ ਮੇਰੇ ‘ਤੇ ਨਜ਼ਰ ਸਵੱਲੀ,
ਖਾ ਜਾਵੇ ਉਹ ਉਸ ਨੂੰ ਕੱਚਾ, ਟੇਢਾ ਝਾਕੇ ਜੋ ਮੇਰੇ ਵੱਲੀ।

ਮੈਂ ਜੋ ਚਾਹਾਂ ਉਹੀ ਉਹ ਕਰਦਾ, ਚੰਗਾ ਮੰਦਾ ਸਭ ਮੇਰਾ ਝੱਲੇ,
ਮਾਰ ਦੇਵਾਂ ਜਾਂ ਛੱਡਾਂ ਕਿਸ ਨੂੰ, ਸਭ ਨੇ ਮੇਰੇ ਹੁਕਮ ਦੇ ਥੱਲੇ।

ਉਸ ਦੇ ਨਾਂ ‘ਤੇ ਕੀਤੇ ਕਤਲ ਵੀ, ਮੈਨੂੰ ਸੁਰਗਾਂ ਵਿੱਚ ਥਾਂ ਦਿੰਦੇ,
ਤੇਰਾ ਰੱਬ ‘ਤੇ ਬੜਾ ਨਿਕੰਮਾ, ਮੇਰੇ ਰਾਹਾਂ ‘ਚ ਖਿਲਾਰੇ ਕੰਡੇ।

ਮੇਰੇ ਲਈ ਸਵਰਗ ਨੇ ਖੁੱਲ੍ਹੇ, ਤੇਰੇ ਹਮੇਸ਼ਾ ਨਰਕ ਨੇ ਪੱਲੇ,
ਏਸੇ ਲਈ ਮੈਂ ਤੇਰੇ ਵਰਗੇ, ਲੱਖਾਂ ਮਾਰ ਕੇ ਨਰਕੀਂ ਘੱਲੇ।

ਮੇਰੇ ਰੱਬ ਕੋਲ ਸਾਰੇ ਸੁੱਖ ਨੇ, ਸ਼ਰਾਬ, ਸ਼ਬਾਬ, ਕਬਾਬ ਤੇ ਜ਼ਮਜ਼ਮ
ਤੇਰੇ ਰੱਬ ਦੇ ਕੁੱਛ ਨਹੀਂ ਪੱਲੇ, ਪੈਸਾ ਧੇਲਾ ਨਾ ਕੋਈ ਹਮਦਮ।

ਬਣ ਜਾ ਮੇਰੇ ਵਰਗਾ ਤੂੰ ਵੀ, ਛੱਡ ਦੇ ਆਪਣੇ ਰੱਬ ਦਾ ਖਹਿੜਾ,
ਨਹੀਂ ‘ਤੇ ਤੈਨੂੰ ਮੇਰੇ ਹੱਥੋਂ, ਝੱਲਣਾ ਪਊ ਦੁੱਖ ਅੱਤ ਗਹਿਰਾ।
**
ਰਵਿੰਦਰ ਸਿੰਘ ਕੁੰਦਰਾ
ਕਵੈਂਟਰੀ, ਯੂ ਕੇ
***

***
875
***

About the author

ਰਵਿੰਦਰ ਸਿੰਘ ਕੁੰਦਰਾ
+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਮੇਰਾ ਹਵਾਲਾ
ਅਧਖੜ ਉਮਰ ਵਿੱਚ ਜਾ ਕੇ ਮੈਨੂੰ ਲਿਖਣ ਦਾ ਚਾਅ ਉਦੋਂ ਚੜ੍ਹਿਆ ਜਦੋਂ ਮੇਰਾ ਇੱਕ ਬਚਪਨ ਦਾ ਚੇਤੇ ਵਿੱਚੋਂ ਬਿਲਕੁੱਲ ਵਿਸਰਿਆ ਦੋਸਤ, ਤਖਤ ਕੇਸ ਗੜ੍ਹ ਸਾਹਿਬ ਦਾ ਜਥੇਦਾਰ ਗਿਆਨੀ ਤਰਲੋਚਨ ਸਿੰਘ,  ਚਾਲੀ ਕੁ ਸਾਲ ਤੋਂ ਬਾਅਦ ਮੇਰੇ ਹੀ ਰੇਡੀਓ ਸ਼ੋ ਵਿੱਚ ਮੇਰਾ ਮਹਿਮਾਨ ਬਣ ਕੇ ਮੇਰੇ ਸਾਹਮਣੇ ਆਇਆ। ਮੇਰੇ ਮੂੰਹੋਂ ਆਪ ਮੁਹਾਰੇ ਹੀ ਨਿਕਲਿਆ, “ਵਿਛੜਿਆਂ ਮੇਲੈ ਪ੍ਰਭੂ ਹਰਿ ਦਰਗਹਿ ਕਾ ਬੈਸੀਠੁ”। ਇਸੇ ਹੀ ਸ਼ੀਰਸ਼ਕ ਉੱਤੇ ਮੇਰੀ ਪਹਿਲੀ ਹੱਡਬੀਤੀ ਕਹਾਣੀ ਮੈਂ ਲਿਖੀ ਅਤੇ ਜਿਸ ਨੂੰ ਪਾਠਕਾਂ ਨੇ ਪਸੰਦ ਕੀਤਾ ਅਤੇ ਮੇਰਾ ਹੌਸਲਾ ਵਧਾਇਆ ਕਿ ਮੈਂ ਲਿਖਣਾ ਜਾਰੀ ਰੱਖਾਂ। ਇਸ ਤੋਂ ਬਾਅਦ ਕਈ ਕਹਾਣੀਆਂ ਅਤੇ ਫੇਰ ਕਵਿਤਾਵਾਂ ਮੇਰੀ ਜ਼ਿੰਦਗੀ ਦਾ ਰੁਝਾਨ ਬਣ ਗਈਆਂ ਅਤੇ ਸੁੱਖ ਨਾਲ ਇਹ ਸਫ਼ਰ ਹਾਲੇ ਵੀ ਜਾਰੀ ਹੈ। ਜ਼ਿੰਦਗੀ ਦਾ ਨਿਰਬਾਹ ਚਲਾਉਣ ਲਈ ਕਈ ਤਰ੍ਹਾਂ ਦੀਆਂ ਨੌਕਰੀਆਂ, ਜਿਨ੍ਹਾਂ ਵਿੱਚ ਤਰਜਮਾਕਾਰੀ, ਰੇਡੀਓ ਪੇਸ਼ਕਾਰੀ ਆਦਿਕ ਵੀ ਸ਼ਾਮਲ ਸਨ, ਕੀਤੀਆਂ ਅਤੇ ਹੁਣ ਰਿਟਾਇਰਮੈਂਟ ਵਿੱਚ ਹੋਣ ਕਰਕੇ ਸਮਾਜ ਸੇਵਾ ਦੇ ਤੌਰ ‘ਤੇ ਕਈ ਸੰਸਥਾਵਾਂ ਨਾਲ ਸਾਂਝ ਜਾਰੀ ਹੈ। ਉਮੀਦ ਹੈ ਹੱਡ ਪੈਰ ਚੱਲਦਿਆਂ ਤੱਕ ਜਾਰੀ ਰਹੇਗੀ। ਲੋਕਾਂ ਨਾਲ ਮਿਲਣਾ ਗਿਲਣਾ, ਵਿਚਾਰ ਵਟਾਂਦਰਾ ਕਰਨਾ, ਬਹਿਸ ਕਰਨਾ ਮੇਰੇ ਰੋਜ਼ਾਨਾ ਸ਼ੌਂਕ ਹਨ। ਅਸੂਲਾਂ ਉੱਤੇ ਪਹਿਰਾ ਦੇਣ ਦੀ ਭੈੜੀ ਆਦਤ ਹੈ, ਜਿਸ ਕਰਕੇ ਕਈ ਵਾਰੀ ਤਕਲੀਫ਼ ਵੀ ਝੱਲਣੀ ਪੈਂਦੀ ਹੈ, ਪਰ ਆਦਤਾਂ ਵੀ ਤਾਂ ਨਹੀਂ ਨਾ ਛੁੱਟਦੀਆਂ। ਇਸ ਲਿਹਾਜ ਨਾਲ ਜਿਹੜੀ ਵੀ ਚੀਜ਼ ਪ੍ਰਭਾਵਤ ਕਰਦੀ ਹੈ, ਉਸ ਬਾਰੇ ਕਵਿਤਾ ਲਿਖ ਕੇ ਆਪਣਾ ਮਨ ਸ਼ਾਂਤ ਕਰ ਲਈਦਾ ਹੈ। ਮੇਰੀਆਂ ਰਚਨਾਵਾਂ ਵਿੱਚ ਵਿਅੰਗ, ਹਾਸਰਸ, ਇਤਿਹਾਸ, ਸਭਿਆਚਾਰ, ਕੌੜਾ ਸੱਚ ਆਦਿਕ ਸਭ ਸ਼ਾਮਲ ਹੁੰਦੇ ਹਨ। ਇਸ ਤੋਂ ਇਲਾਵਾ ਕਿਤਾਬਾਂ ਦੀ ਪੜਚੋਲ, ਐਡੀਟਰੀ ਦਾ ਵੀ ਸ਼ੌਂਕ ਹੈ ਜਿਸ ਅਧੀਨ ਦੋ ਕੁ ਨਵੇਂ ਲੇਖਕਾਂ ਦੀਆਂ ਕਾਵਿ ਕਿਤਾਬਾਂ ਸੋਧਣ ਦੀ ਸੇਵਾ ਵੀ ਪਿਛਲੇ ਸਾਲਾਂ ਵਿੱਚ ਕੀਤੀ ਹੈ।
ਬਾਕੀ ਸਭ ਠੀਕ ਠਾਕ ਹੈ।
ਰਵਿੰਦਰ ਸਿੰਘ ਕੁੰਦਰਾ
***

ਰਵਿੰਦਰ ਸਿੰਘ ਕੁੰਦਰਾ

ਮੇਰਾ ਹਵਾਲਾ ਅਧਖੜ ਉਮਰ ਵਿੱਚ ਜਾ ਕੇ ਮੈਨੂੰ ਲਿਖਣ ਦਾ ਚਾਅ ਉਦੋਂ ਚੜ੍ਹਿਆ ਜਦੋਂ ਮੇਰਾ ਇੱਕ ਬਚਪਨ ਦਾ ਚੇਤੇ ਵਿੱਚੋਂ ਬਿਲਕੁੱਲ ਵਿਸਰਿਆ ਦੋਸਤ, ਤਖਤ ਕੇਸ ਗੜ੍ਹ ਸਾਹਿਬ ਦਾ ਜਥੇਦਾਰ ਗਿਆਨੀ ਤਰਲੋਚਨ ਸਿੰਘ,  ਚਾਲੀ ਕੁ ਸਾਲ ਤੋਂ ਬਾਅਦ ਮੇਰੇ ਹੀ ਰੇਡੀਓ ਸ਼ੋ ਵਿੱਚ ਮੇਰਾ ਮਹਿਮਾਨ ਬਣ ਕੇ ਮੇਰੇ ਸਾਹਮਣੇ ਆਇਆ। ਮੇਰੇ ਮੂੰਹੋਂ ਆਪ ਮੁਹਾਰੇ ਹੀ ਨਿਕਲਿਆ, “ਵਿਛੜਿਆਂ ਮੇਲੈ ਪ੍ਰਭੂ ਹਰਿ ਦਰਗਹਿ ਕਾ ਬੈਸੀਠੁ”। ਇਸੇ ਹੀ ਸ਼ੀਰਸ਼ਕ ਉੱਤੇ ਮੇਰੀ ਪਹਿਲੀ ਹੱਡਬੀਤੀ ਕਹਾਣੀ ਮੈਂ ਲਿਖੀ ਅਤੇ ਜਿਸ ਨੂੰ ਪਾਠਕਾਂ ਨੇ ਪਸੰਦ ਕੀਤਾ ਅਤੇ ਮੇਰਾ ਹੌਸਲਾ ਵਧਾਇਆ ਕਿ ਮੈਂ ਲਿਖਣਾ ਜਾਰੀ ਰੱਖਾਂ। ਇਸ ਤੋਂ ਬਾਅਦ ਕਈ ਕਹਾਣੀਆਂ ਅਤੇ ਫੇਰ ਕਵਿਤਾਵਾਂ ਮੇਰੀ ਜ਼ਿੰਦਗੀ ਦਾ ਰੁਝਾਨ ਬਣ ਗਈਆਂ ਅਤੇ ਸੁੱਖ ਨਾਲ ਇਹ ਸਫ਼ਰ ਹਾਲੇ ਵੀ ਜਾਰੀ ਹੈ। ਜ਼ਿੰਦਗੀ ਦਾ ਨਿਰਬਾਹ ਚਲਾਉਣ ਲਈ ਕਈ ਤਰ੍ਹਾਂ ਦੀਆਂ ਨੌਕਰੀਆਂ, ਜਿਨ੍ਹਾਂ ਵਿੱਚ ਤਰਜਮਾਕਾਰੀ, ਰੇਡੀਓ ਪੇਸ਼ਕਾਰੀ ਆਦਿਕ ਵੀ ਸ਼ਾਮਲ ਸਨ, ਕੀਤੀਆਂ ਅਤੇ ਹੁਣ ਰਿਟਾਇਰਮੈਂਟ ਵਿੱਚ ਹੋਣ ਕਰਕੇ ਸਮਾਜ ਸੇਵਾ ਦੇ ਤੌਰ ‘ਤੇ ਕਈ ਸੰਸਥਾਵਾਂ ਨਾਲ ਸਾਂਝ ਜਾਰੀ ਹੈ। ਉਮੀਦ ਹੈ ਹੱਡ ਪੈਰ ਚੱਲਦਿਆਂ ਤੱਕ ਜਾਰੀ ਰਹੇਗੀ। ਲੋਕਾਂ ਨਾਲ ਮਿਲਣਾ ਗਿਲਣਾ, ਵਿਚਾਰ ਵਟਾਂਦਰਾ ਕਰਨਾ, ਬਹਿਸ ਕਰਨਾ ਮੇਰੇ ਰੋਜ਼ਾਨਾ ਸ਼ੌਂਕ ਹਨ। ਅਸੂਲਾਂ ਉੱਤੇ ਪਹਿਰਾ ਦੇਣ ਦੀ ਭੈੜੀ ਆਦਤ ਹੈ, ਜਿਸ ਕਰਕੇ ਕਈ ਵਾਰੀ ਤਕਲੀਫ਼ ਵੀ ਝੱਲਣੀ ਪੈਂਦੀ ਹੈ, ਪਰ ਆਦਤਾਂ ਵੀ ਤਾਂ ਨਹੀਂ ਨਾ ਛੁੱਟਦੀਆਂ। ਇਸ ਲਿਹਾਜ ਨਾਲ ਜਿਹੜੀ ਵੀ ਚੀਜ਼ ਪ੍ਰਭਾਵਤ ਕਰਦੀ ਹੈ, ਉਸ ਬਾਰੇ ਕਵਿਤਾ ਲਿਖ ਕੇ ਆਪਣਾ ਮਨ ਸ਼ਾਂਤ ਕਰ ਲਈਦਾ ਹੈ। ਮੇਰੀਆਂ ਰਚਨਾਵਾਂ ਵਿੱਚ ਵਿਅੰਗ, ਹਾਸਰਸ, ਇਤਿਹਾਸ, ਸਭਿਆਚਾਰ, ਕੌੜਾ ਸੱਚ ਆਦਿਕ ਸਭ ਸ਼ਾਮਲ ਹੁੰਦੇ ਹਨ। ਇਸ ਤੋਂ ਇਲਾਵਾ ਕਿਤਾਬਾਂ ਦੀ ਪੜਚੋਲ, ਐਡੀਟਰੀ ਦਾ ਵੀ ਸ਼ੌਂਕ ਹੈ ਜਿਸ ਅਧੀਨ ਦੋ ਕੁ ਨਵੇਂ ਲੇਖਕਾਂ ਦੀਆਂ ਕਾਵਿ ਕਿਤਾਬਾਂ ਸੋਧਣ ਦੀ ਸੇਵਾ ਵੀ ਪਿਛਲੇ ਸਾਲਾਂ ਵਿੱਚ ਕੀਤੀ ਹੈ। ਬਾਕੀ ਸਭ ਠੀਕ ਠਾਕ ਹੈ। ਰਵਿੰਦਰ ਸਿੰਘ ਕੁੰਦਰਾ ***

View all posts by ਰਵਿੰਦਰ ਸਿੰਘ ਕੁੰਦਰਾ →