21 September 2024

ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ—ਅਨਮੋਲ ਕੌਰ

ਕਹਾਣੀ

ਅੱਜ ਸ਼ਾਮ ਨੂੰ ਜਦੋਂ ਮੈਂ ਕੰਮ ਤੋਂ ਮੁੜਿਆ ਤਾਂ ਚਾਹ ਦੇ ਕੱਪ ਨਾਲ ਯੂਟਿਊਵ ਖੋਲ੍ਹ ਕੇ ਬੈਠ ਗਿਆ। ਕਿਸਾਨਾ ਦਾ ਦਿੱਲੀ ਵੱਲ ਤੁਰਨਾ, ਰਾਹ ਵਿਚ ਮੁਸ਼ਕਲਾਂ ਦਾ ਸਾਹਮਣਾ ਕਰਨਾ, ਪਾਣੀ ਦੀਆਂ ਤਿਖੀਆਂ ਬੁਛਾੜਾਂ ਨੂੰ ਆਪਣੇ ਸਰੀਰ ਉੱਪਰ ਜਰਨਾ, ਅਥਰੂ ਗੈਸ ਦੇ ਗੋਲਿਆਂ ਸਾਹਮਣੇ ਵੀ ਟਿਕੇ ਰਹਿਣਾ ਅਨੇਕਾਂ ਵਿਡਿਊਜ ਨਾਲ ਯੁਟਿਊਵ ਭਰਿਆ ਪਿਆ ਸੀ।ਭਾਂਵੇ ਮੈਂ ਕੈਨੇਡਾ ਰਹਿੰਦਾ ਸੀ ਫਿਰ ਵੀ ਸੀ ਤਾਂ ਇਕ ਕਿਸਾਨ ਦਾ ਹੀ ਪੁੱਤ। ਇਹ ਸਾਰਾ ਮਸਲਾ ਤਾਂ ਜ਼ਮੀਨਾਂ ਕਰਕੇ ਹੀ ਖੜਾ ਹੋਇਆ ਸੀ। ਮੇਰਾ ਬਚਪਨ ਅਤੇ ਮੇਰੀ ਅੱਧੀ ਜ਼ਵਾਨੀ ਤਾਂ ਪੰਜਾਬ ਵਿਚ ਹੀ ਬੀਤੀ ਸੀ। ਜ਼ਮੀਨ ਕਰਕੇ ਕਈ ਵਾਰੀ ਪੰਜਾਬ ਵਿਚ ਕਤਲ ਤਕ ਹੋ ਜਾਂਦੇ ਸੀ। ਮੇਰੇ ਭਾਪਾ ਜੀ ਦਾ ਇਕ ਸਕਾ ਛੜਾ ਤਾਇਆ ਹੁੰਦਾ ਸੀ। ਜੇ ਕੋਈ ਨਾਲ ਦੇ ਖੇਤ ਵਾਲਾ ਇਕ ਇੰਚ ਬੰਨਾ ਵੱਢ ਕੇ ਆਪਣੇ ਖੇਤ ਵਿਚ ਰਲਾ ਲੈਂਦਾ ਤਾਂ ਤਾਇਆ ਦੂਜੇ ਦਿਨ ਹੀ ਇੰਚ ਬਟ ਵਢ ਕੇ ਆਪਣੇ ਖੇਤ ਵਿਚ ਰਲਾ ਲੈਂਦਾ।ਮੇਰੀ ਦਾਦੀ ਨੇ ਕਈ ਵਾਰੀ ਕਹਿਣਾ, “ਇਹਦਾ ਕੋਈ ਧੀ ਨਾ ਪੁੱਤ ਜ਼ਮੀਨ ਨਾਲ ਕਿਵੇ ਮੋਹ ਪਾਈ ਬੈਠਾ ਆ।”

“ਕੋਈ ਕਿਸਾਨ ਜ਼ਮੀਨ ਨਾਲ ਆਪ ਮੋਹ ਨਹੀ ਪਾਉਂਦਾ।” ਮੇਰੇ ਦਾਦਾ ਜੀ ਨਾਲ ਹੀ ਬੋਲ ਪੈਂਦੇ, “ਜੱਟ ਅਤੇ ਜ਼ਮੀਨ ਦਾ ਪਿਆਰ ਤਾਂ ਕੁਦਰਤ ਨੇ ਆਪ ਹੀ ਪਾਇਆ ਆ।”

ਮੈਂ ਇਸ ਤਰਾਂ ਦੀਆਂ ਗੱਲਾਂ ਸੋਚਦਾ ਆਪਣੇ ਫ਼ੋਨ ਦੇ ਬਟਨਾਂ ਨੂੰ ਦੱਬ ਦੱਬ ਕੇ ਉਲਟ- ਪੁਲਟ ਕਰਦਾ ਕਦੇ ਕੁਝ ਦੇਖਦਾ ਅਤੇ ਕੁਝ। ਜਦੋਂ ਮੇਰੀ ਪਤਨੀ ਕੰਮ ਤੋਂ ਵਾਪਸ ਆਈ ਤਾਂ ਲਿਵਇੰਗ ਰੂੰਮ ਦੀ ਲਾਈਟ ਜਗਾਉਂਦੀ ਬੋਲੀ, “ਘੱਟ ਤੋਂ ਘੱਟ ਬਤੀ ਤਾਂ ਜਗਾ ਦਿਆ ਕਰੋ ਕਿ ਚੌਵੀ ਘੰਟੇ ਫ਼ੋਨ ਉੱਪਰ ਹੀ ਬੈਠੇ ਰਹਿਣਾ।”

“ਮੈਂ ਅਜੇ ਹੁਣ ਤਾਂ ਕੰੰਮ ਤੋਂ ਆਇਆ।” ਮੈਂ ਘੜੀ ਦੇਖੇ ਬਗੈਰ ਹੀ ਕਿਹਾ, “ਚੌਵੀ ਘੰਟੇ ਫ਼ੋਨ ‘ਤੇ ਕਿਵੇਂ ਬੈਠ ਗਿਆ?”

“ਤੁਸੀ ਅੱਜ ਲੇਟ ਆਏ ਕੰਮ ਤੋਂ?” ਪਤਨੀ ਨੇ ਆਪਣਾ ਕੰਮ ਵਾਲਾ ਪਰਸ ਲਿਵਇੰਗਰੂਮ ਦੇ ਮੇਜ਼ ‘ਤੇ ਠਾਹ ਕਰਕੇ ਰੱਖਦੇ ਕਿਹਾ, “ਅੱਗੇ ਤਾਂ ਤਿੰਨ ਵਜੇ ਆ ਜਾਂਦੇ ਸੀ।”

ਮੈਂਨੂੰ ਪਤਾ ਨਾ ਲੱਗੇ ਕੀ ਕਹਾਂ। ਦਰਅਸਲ ਆਇਅ ਤਾਂ ਮੈਂ ਤਿੰਨ ਵਜੇ ਹੀ ਸੀ, ਪਰ ਫ਼ੋਨ ਉੱਪਰ ਬੈਠਿਆਂ ਪਤਾ ਹੀ ਨਾ ਲੱਗਾ।

“ਆਹੋ, ਮੈਂ ਲੇਟ ਆਇਆ।” ਉਸ ਨੂੰ ਟਾਲਣ ਲਈ ਮੈਂ ਝੂਠ ਹੀ ਕਹਿ ਦਿਤਾ, “ ਬੋਸ ਕਹਿੰਦਾ ਥੌੜ੍ਹਾ ਚਿਰ ਰੁਕ ਜਾਹ ਮੈਂ ਰੁਕ ਗਿਆ।”

“ਕਿੰਨੇ ਵਜੇ ਆਏ।”

“ਤੂੰ ਮੇਰੇ ਕੋਲੋ ਦਸਖਤ ਕਰਾਉਣੇ ਆ।” ਮੈਂ ਖਿਝ ਕੇ ਕਿਹਾ, “ਜਾਹ ਜਾਕੇ ਕੁਝ ਖਾਣ-ਪੀਣ ਲਈ ਬਣਾ।”

“ਮੈਂ ਤਾਂ ਬਣਾ ਹੀ ਲੈਣਾ, ਪਰ ਤੁਸੀ ਨਾ ਫ਼ੌਨ ਛੱਡਿਉ।”

“ਤੈਂਨੂੰ ਕੁਛ ਪਤਾ ਵੀ ਦਿੱਲੀ ਕੀ ਹੋਣ ਡਿਆ ਆ?”

“ਸਭ ਨੂੰ ਪਤਾ ਹੈ ਕਿਸਾਨ ਮੋਦੀ ਦੀ ਮਕਾਣੀ ਗਏ ਹੋਏ ਆ।” ਪਤਨੀ ਗੁੱਸੇ ਵਿਚ ਬੋਲੀ, “ਪਰ ਬੰਦਾ ਘੱਟ ਤੋਂ ਘੱਟ ਬੱਤੀ ਤਾਂ ਜਗਾ ਲਏ, ਹਨੇਰਾ ਦੇਖ ਕੇ ਮੈਂ ਡਰ ਹੀ ਗਈ।”

“ਸਿਆਲਾ ਨੂੰ ਹਨੇਰਾ ਤਾਂ ਕੈਨੇਡਾ ਵਿਚ ਦੋ ਵਜੇ ਹੋ ਜਾਂਦਾ।” ਮੈਂ ਵੀ ਖਿਝ ਕੇ ਕਿਹਾ, “ਤੂੰ ਐਵੇ ਡਰੀ ਜਾਇਆ ਕਰ।”

“ਮੋਦੀ ਦਾ ਗੁੱਸਾ ਮੇਰੇ ਉਪਰ ਨਾ ਲਾਉ।” ਪਤਨੀ ਬੁੜ ਬੁੜ ਕਰਦੀ ਰਸੋਈ ਵੱਲ ਨੂੰ ਤੁਰ ਪਈ।

ਨਹਾ-ਨੂਹ ਕੇ ਰੋਟੀ ਪਾਣੀ ਖਾ ਕੇ ਫਿਰ ਫ਼ੋਨ ‘ਤੇ ਯੁਟਿਊਵ ਨਾਲ ਜੁੜ ਗਿਆ। ਪਤਨੀ ਭਾਂਡਾ-ਟੀਂਡਾ ਸਾਂਭਣ ਲੱਗ ਪਈ। ਮੇਰੀ ਪਤਨੀ ਬੋਲੀ ਤਾਂ ਕੁਝ ਨਹੀ, ਪੁਰ ਦੁ ਕੁ ਵਾਰੀ ਮੇਰੇ ਵੱਲ ਝਾਕੀ ਜ਼ਰੂਰ, ਝਾਕਦੀ ਮੈਂ ੳਦੋਂ ਹੀ ਦੇਖੀ ਜਦੋਂ ਫ਼ੋਨ ਤੇ ਕੋਈ ਐਡ ਆਈ।

ਸੋਣ ਤੋਂ ਪਹਿਲਾਂ ਮੈਂ ਫਿਰ ਆਪਣੀ ਪਤਨੀ ਨਾਲ ਗੱਲ ਕੀਤੀ, “ਮੇਰਾ ਦਿਲ ਕਰਦਾ ਮੈਂ ਵੀ ਦਿੱਲੀ ਜਾਵਾਂ।”

“ਉੱਥੇ ਜਾ ਕੇ ਕਰੋਂਗੇ ਕੀ”?

“ਜੋ ਬਾਕੀ ਕਰਦੇ ਆ।”

“ਕਰੌਨਾ ਕਰਕੇ ਫਲਾਈਟਾਂ ਤਾਂ ਰੁਕੀਆਂ ਪਈਆਂ ਆ, ਜਾਉਗੋ ਕਿਵੇ?”

“ਗਾਉਣ ਵਾਲੇ ਕਈ ਬਾਹਰੋਂ ਹੀ ਗਏ।”

“ਪਤਾ ਨਹੀ ਉਹ ਕਿਵੇਂ ਗਏ ਹੋਣਗੇ?”

“ਜਹਾਜ਼ ਉਪਰ ਹੀ ਗਏ ਆ।”

“ਜਿਵੇ ਮਰਜ਼ੀ ਕਰੋ।” ਪਤਨੀ ਨੇ ਕਰਵਟ ਬਦਲਦੇ ਕਿਹਾ, “ ਮੈਂ ਤਾਂ ਸੋਵਾਂ, ਤੜਕੇ ਫਿਰ ਉਠਣਾ।”

ਪਤਨੀ ਤਾਂ ਛੇਤੀ ਹੀ ਘੁਰਾੜੇ ਮਾਰਨ ਲੱਗੀ, ਪਰ ਨੀਂਦ ਜਿਵੇ ਖੰਭ ਲਾ ਕੇ ਉਡ ਗਈ ਹੋਵੇ। ਸੋਚਾਂ ਦੀਆਂ ਲੜੀਆਂ ਜੁੜਦੀਆਂ ਜੁੜਦੀਆਂ ਲੰਮੀਆਂ ਹੋਈ ਗਈਆਂ। ਕਾਫੀ ਰਾਤ ਬੀਤ ਗਈ ਫਿਰ ਕਿਤੇ ਨੀਂਦ ਨੇ ਘੇਰਾ ਪਾਇਆ। ਸੁਫਨੇ ਵਿਚ ਇਕ ਬਜ਼ੁਰਗ ਜਿਹਾ ਬੰਦਾ ਮੇਰੇ ਕੋਲ ਆਇਆ ਤਾਂ ਮੇਰੇ ਸਿਰ ਉੱਪਰ ਹੱਥ ਫੇਰਦਾ ਕਹਿਣ ਲੱਗਾ, “ ਜੇ ਤੂੰ ਦਿੱਲੀ ਆਉਣਾ ਚਾਹੁੰਦਾ ਤਾਂ ਆ ਜਾ।”

“ਬਾਪੂ ਜੀ, ਮੈਂ ਤੁਹਾਨੂੰ ਪਛਾਣਿਆ ਨਹੀ।”

“ਪੁੱਤਰ, ਮੈਂ ਤੇਰਾ ਬਾਪੂ ਪੰਜਾਬ ਸਿੰਹੁ ਆ।” ਬਾਪੂ ਜੀ ਨੇ ਅੱਖਾਂ ਭਰ ਕੇ ਕਿਹਾ, “ਆ ਜਾਹ ਮਿਲ ਜਾਹ ਮੇਰਾ ਵੀ ਬਹੁਤ ਦਿਲ ਕਰਦਾ ਤੈਂਨੂੰ ਦੇਖਣ ਨੂੰ।”

“ਬਾਪੂ ਜੀ, ਤੁਸੀ ਉਦਾਸ ਕਿਉਂ ਹੁੰਦੇ ਆ ਬਾਕੀ ਦੇ ਪੁੱਤਰ ਤਾਂ ਤੁਹਾਡੇ ਕੋਲ ਹੀ ਆ।”

“ਉਦਾਸ ਤਾਂ ਨਹੀ।” ਬਾਪੂ ਜੀ ਨੇ ਹਉਕਾ ਭਰ ਕੇ ਕਿਹਾ, “ਉਦਾਂ ਹੀ ਪਿਛਲੀਆਂ ਗੱਲਾਂ ਸੋਚ ਕੇ ਮਨ ਭਰ ਆਉਂਦਾ ਆ।”

“ਕਿਹੜੀਆਂ ਗੱਲਾਂ?”

“ਆਹੀ ਜੋ ਸਦੀਆਂ ਤੋਂ ਹੁੰਦੀਆਂ ਆ ਰਹੀਆਂ ਨੇ।” ਬਾਪੂ ਜੀ ਅਟਕ ਕੇ ਬੋਲੇ, “ਮੇਰੇ ਆਪਣੇ ਹੀ ਮੇਰੇ ਨਾਲ ਧੋਖਾ ਕਰਦੇ ਰਹੇ, ਪਹਿਲਾਂ ਮੇਰਾ ਭਰਾ ਮੇਰੇ ਨਾਲੋ ਵਿਛੋੜ ਕੇ ਪਾਕਿਸਤਾਨ ਵਿਚ ਭੇਜ ਦਿਤਾ, ਫਿਰ ਮੇਰੇ ਛੋੇਟੇ ਪੁੱਤ ਹਰਿਆਣਾ ਅਤੇ ਹਿਮਾਚਲ ਖੋਹ ਲਏ, ਮੈਂ ਕੀ ਨਹੀ ਕੀਤਾ ਇਹਨਾਂ ਲਈ, ਜਦੋਂ ਵੀ ਕੋਈ ਭਾਰਤ ‘ਤੇ ਭੀੜ ਬਣਦੀ ਹੈ, ਮੈਂ ਹਰ ਵਾਰੀ ਆਪਣੇ ਪੁੱਤ ਮਰਵਾਉਂਦਾ ਇਨ੍ਹਾਂ ਦੀ ਖਾਤਰ।” ਬਾਪੂ ਜੀ ਤੋਂ ਅੱਗੇ ਬੋਲ ਨਹੀ ਹੋਇਆ।

“ਚਲੋ, ਹੁਣ ਤਾਂ ਤੁਹਾਡੇ ਸਾਰੇ ਪੁੱਤਰ ਮਿਲ ਕੇ ਚੱਲ ਰਹੇ ਆ।” ਮੈਂ ਬਾਪੂ ਜੀ ਨੂੰ ਹੌਂਸਲਾ ਦਿੰਦੇ ਕਿਹਾ, “ਇਕ ਗੱਲ ਤਾਂ ਖੁਸ਼ੀ ਦੀ ਹੋਈ।”

“ਮੇਰਾ ਚਿਤ ਤਾਂ ਅਜੇ ਵੀ ਕਈ ਵਾਰੀ ਘਬਰਾਉਣ ਲੱਗ ਪੈਂਦਾ ਆ।”

“ਉਹ ਕਿਉ?”

“ਦੋਖੀ ਆਪਣੀਆਂ ਚਾਲਾਂ ਪੂਰੀ ਤਰਾਂ ਖੇਡ ਰਿਹੇ ਆ, ਇਹਨਾਂ ਨੂੰ ਅੱਲਗ ਕਰਨ ਦੀਆਂ, ਮੇਰੇ ਪੁੱਤਰਾਂ ਦੀ ਏਕਤਾ ਇਤਫਾਕ ਉਹਨਾਂ ਕੋਲ ਝੱਲ ਨਹੀ ਹੁੰਦਾ।”

“ਤੁਸੀ ਬੇਫ਼ਿਕਰੇ ਰਹੋ।” ਮੈਂ ਯਕੀਨ ਨਾਲ ਬੋਲਿਆ, “ਐਤਕੀਂ ਤੁਹਾਡੇ ਪੁੱਤਰ ਬਹੁਤ ਸਿਆਣੇ ਆ, ਉਹ ਉਹਨਾਂ ਦੀਆਂ ਗੰਦੀਆਂ ਨੀਤੀਆਂ ਸਮਝਦੇ ਆ, ਉਹ ਮਿਲ ਕੇ  ਸੰਤੋਖ ਨਾਲ ਹੀ ਚਲਨਗੇ।”

“ਰੱਬ ਤੇਰੀਆਂ ਗੱਲਾਂ ਪੂਰੀਆਂ ਕਰੇ।” ਬਾਪੂ ਜੀ ਨੇ ਕਿਹਾ, “ਮੈਂ ਵੀ ਅੱਜਕਲ੍ਹ ਸੌਂਦਾ ਨਹੀ, ਤੈਂਨੂੰ ਜਾਗਦਾ ਦੇਖ ਕੇ ਤੇਰੇ ਕੋਲ ਆ ਗਿਆ।”

“ਤੁਸੀ ਕਿਉਂ ਨਹੀ ਸੌਂਦੇ?”

“ਜਿਹਦੇ ਪੁੱਤ ਠਰੀਆਂ-ਠੰਡੀਆਂ ਹਨੇਰੀਆਂ ਰਾਤਾਂ ਦਿੱਲੀ ਦੀਆਂ ਸੜਕਾਂ ਉੱਪਰ ਕੱਟ ਰਹੇ ਹੋਣ, ਉਹ ਬਾਪ ਕਿਵੇ ਰਜ਼ਾਈ ਦੇ ਨਿੱਘ ਵਿਚ ਸੌਂ ਸਕਦਾ?”

“ਤੁਸੀ ਖੁਸ਼ ਰਿਹਾ ਕਰੋ ਇਹ ਸੋਚ ਕੇ ਕਿ ਤੁਹਾਡੇ ਪੁੱਤ ਕਿੰਨੇ ਬਹਾਦਰ ਨੇ।”

“ਇਸ ਗੱਲ ਦਾ ਤਾਂ ਮੈਂਨੂੰ ਮਾਣ ਆ।” ਬਾਪੂ ਨੇ ਖੁਸ਼ ਹੋ ਕੇ ਕਿਹਾ, “ਬਹਾਦਰ ਹੀ ਨਹੀ ਮਿਹਨਤੀ ਵੀ ਬਥੇੜੇ ਆ।”

“ਇਹ ਵੀ ਸੋਚਿਆ ਕਰੋ ਜਦੋਂ ਵੀ ਮੁਸ਼ਕਲ ਬਣੀ ਉਹ ਸਭ ਇਕੱਠੇ ਹੋ ਜਾਂਦੇ ਆ।”

“ਜਿੱਤਦੇ ਵੀ ਤਾਂਹਿਉਂ ਆ।” ਬਾਪੂ ਜੀ ਨੇ ਖੁਸ਼ ਹੋ  ਕੇ ਕਿਹਾ, “ਉਹਨਾਂ ਦੀ ਬਦੌਲਤ ਹੀ ਮੈਂ ਜਿਊਂਦਾ ਟੋਹਰ ਨਾਲ ਫਿਰ ਰਿਹਾ ਹਾਂ।”

“ਤੁਸੀ ਕਦੀ ਮਰਨਾ ਵੀ ਨਹੀ।” ਮੈਂ ਬਾਪੂ ਜੀ ਦਾ ਹੱਥ ਫੜ੍ਹ ਕੇ ਕਿਹਾ, “ਤੁਹਾਡੇ ਪੁੱਤਰ ਤੁਹਾਨੂੰ ਰਹਿੰਦੀ ਦੁਨੀਆਂ ਤੱਕ ਜਿਊਂਦੇ ਰੱਖਣਗੇ।”

“ਆਹੋ ਆਹੋ, ਮਲ।” ਬਾਪੂ ਹੋਰ ਵੀ ਖੁਸ਼ ਹੋ ਕੇ ਬੋਲਿਆ, “ਇਕ ਗੱਲ ਹੋਰ ਦੇਖ ਲੈ, ਆਹ ਮੇਰੇ ਛੋਟੇ ਮਲੂਕੜੇ ਜਿਹੇ ਪੁੱਤ ਜਿਹੜੇ ਕੁੜੀਆਂ ਦੇ ਪਿੱਛੇ ਭੱਜੇ ਫਿਰਦੇ ਗਾਉਣ ਜਿਹੇ ਗੌਂਦੇ ਰਹਿੰਦੇ ਸੀ, ਉਹ ਦੇਖ ਲੈ ਕਿਦਾਂ ਮੇਰੀ ਬਾਂਹ ਫੜ ਕੇ ਖਲੋਤੇ ਆ।”

“ਉਹ ਕੁੜੀਆਂ ਸ਼ਰਾਬਾਂ ਸਭ ਭੁਲ ਗਏ।” ਮੈਂ ਹੱਸ ਕੇ ਕਿਹਾ, “ਫਿਰ ਵੀ ਖੂਨ ਤੇਰਾ ਹੀ ਹੈ ਉਹਨਾਂ ਵਿਚ ਵੀ।”

“ਆਹੋ ਹੈ ਤਾਂ ਮੇਰੇ ਹੀ।” ਬਾਪੂ ਜੀ ਫਿਰ ਉਦਾਸ ਜਿਹੇ ਹੋ ਕੇ ਬੋਲੇ, “ਪਰ ਕਈ ਪੁਤਰ ਮੈਨੁੰ ਖੜੇ ਪੈਰ ਧੋਖਾ ਦੇ ਕੇ ਦੁਸ਼ਮਣ ਨਾਲ ਜਾ ਰਲੇ।”

“ਉਹ ਕਿਹੜੇ?”

“ਆਹੀ ਜਿਹੜੇ ਰੋਜ਼ ਆ ਕੇ ਮੇਰੇ ਵਿਹੜੇ ਵਿਚ ਫਿਲਮਾਂ-ਫੁਲਮਾਂ ਬਣਾਉਦੇ ਰਹਿੰਦੇ ਸੀ।” ਬਾਪੂ ਜੀ ਨੇ ਫਿਰ ਲੰਮਾ ਸਾਹ ਖਿਚ ਕੇ ਕਿਹਾ, “ਜਦੋਂ ਉਹਨਾਂ ਬਾਰੇ ਸੋਚਦਾ ਤਾਂ ਮੈਨੂੰ ਉਹਨਾਂ ਤੇ ਸ਼ੱਕ ਹੋਣ ਲੱਗਦਾ ਉਹ ਮੇਰੀ ਅੋਲਾਦ ਨਹੀ ਹੋ ਸਕਦੀ।”

“ਇਦਾ ਦੇ ਬਾਰੇ ਸੋਚ ਕੇ ਮਨ ਦੁਖੀ ਨਹੀ ਕਰੀਦਾ।” ਮੈਂ ਫਿਰ ਬਾਪੂ ਦਾ ਕੰਬਦਾ ਹੱਥ ਫੜ੍ਹ ਕੇ ਕਿਹਾ, “ਤੇਰੇ ਟੱਬਰ ਨੇ ਹੁਣ ਨਹੀ ਉਹਨਾਂ ਨੂੰ ਤੇਰੇ ਵਿਹੜੇ ਵਿਚ ਵੜ੍ਹਨ ਦੇਣਾ।”

“ਮਲ, ਦੁੱਖ ਤਾਂ ਹੁੰਦਾ ਹੀ ਆ।” ਬਾਪੂ ਨੇ ਮੇਰੇ ਵੱਲ ਦੇਖ ਕੇ ਕਿਹਾ, “ਆਹ ਕਈ ਅਜੇ ਵੀ ਮੇਰੇ ਪੁਤਰਾਂ ਵਿਚ ਰਲੇ ਬੈਠੇ ਆ, ਅਕਾਲੀ ਦਲ ਦੇ ਦਲਾਲ ਉਦਾਂ ਮੈਂ ਧੀਆਂ ਪੁੱਤਰਾਂ ਨੂੰ ਸਮਝਾ ਕੇ ਭੇਜਿਆ ਕਿ ਇਹਨਾਂ ਤੋਂ ਸੁਚੇਤ ਰਹਿਉ, ਬੁਕਲ ਦੇ ਸੱਪਾਂ ਤੋਂ। ਮੇਰੇ ਇਸ਼ਟ ਦੀ ਬੇਅਦਵੀ ਕਰਨ ਵਾਲੇ ਅਕ੍ਰਿਤਘਣਾ ਤੋਂ ਬੱਚ ਕੇ ਚੱਲਣਾ।”

“ ਇਦਾਂ ਦੇ ਤਾਂ ਕਈ ਅਕ੍ਰਿਤਘਣ ਆ, ਤੇਰੇ ਖੇਤਾਂ ਦਾ ਖਾਂਦੇ ਰਹੇ, ਤੇਰੇ ਸ਼ਭਿਆਚਾਰ ਉੱਪਰ ਫਿਲਮਾਂ ਬਣਾਉਦੇ ਰਹੇ, ਦਸਤਾਰਾਂ ਬੰਨ੍ਹ ਬੰਨ੍ਹ ਦੱਸਦੇ ਰਿਹੇ ਅਸੀਂ ਪੰਜਾਬੀਾਂ, ਭੀੜ ਬਨਣ ਤੇ ਭਜ ਖਲੋਏ, ਤੁੰ ਵੀ ਨਾ ਉਹਨਾਂ ਨੂੰ ਮੁਆਫ ਕਰੀ।”

“ ਮੈਂ ਕੀ ਮੁਆਫ਼ ਕਰਨਾ।” ਬਾਪੂ ਜੀ ਨੇ ਦਿੜ੍ਰਤਾ ਨਾਲ ਕਿਹਾ, “ਮੇਰੇ ਇਤਹਾਸ ਨੇ ਵੀ ਉਹਨਾਂ ਨੂੰ ਮੁਆਫ਼ ਨਹੀ ਕਰਨਾ।”

“ਬਸ ਤੁਸੀ ਖੁਸ਼ ਰਿਹਾ ਕਰੋ, ਬਾਹਰ ਵਾਲੇ ਸਾਰੇ ਹੀ ਭਰਾਵਾਂ ਨਾਲ ਖਲੋਤੇ ਨੇ ਭਾਂਵੇ ਮਜ਼ਬੂਰੀ ਬਸ ਆ ਨਹੀ ਸਕਦੇ, ਪਰ ਦੋਨੋਂ ਵੇਲੇ ਉਸ ਪ੍ਰਮਾਤਮਾ ਅੱਗੇ ਅਰਦਾਸ ਕਰੀਦੀ ਹੈ ਕਿ ਸਾਡੇ ਭਰਾਵਾਂ ਦੇ ਅੰਗ ਸੰਗ ਰਹੀਂ, ਜਿਹੜੇ ਸ਼ਹੀਦੀਆਂ ਪਾ ਗਏ ਉਹਨਾਂ ਨੂੰ ਆਪਣੇ ਚਰਨਾਂ ਵਿਚ ਨਿਵਾਸ ਦੇਵੀਂ, ਇਹ ਮੋਰਚਾ ਫਤਿਹ ਕਰੀਂ, ਇਹਨਾਂ ਵਿਚ ਫੁੱਟ ਨਾ ਪਾਈ।”

“ਹੁਣ ਇਹਨੀ ਇਕੱਠੇ ਹੀ ਰਹਿਣਾ ਏ।” ਬਾਪੂ ਜੀ ਨੇ ਆਸ ਨਾਲ ਕਿਹਾ, “ਇਹ ਭਰੋਸਾ ਹੈਗਾ ਮੈਂਨੂੰ।”

“ਅੱਛਾ, ਇਨਾਂ ਭਰੋਸਾ ਆਪਣੇ ਪੁਤਰਾਂ ਉੱਪਰ, ਉਹ ਕਿਉਂ?”

“ਉਹ ਵੀ ਸੁਣ।” ਬਾਪੂ ਅਰਾਮ ਨਾਲ ਬੈਡ ਨਾਲ ਢੋ ਲਾਉਂਦੇ ਬੋਲੇ, “ਮਲ, ਪਤਾ ਨਹੀ ਤੂੰ ਜਾਣਦਾ ਕਿ ਨਹੀ, ਪਰ ਮੈਂ ਦੱਸਦਾਂ, ਜਦੋਂ ਸਿੱਖ ਮਿਸਲਾਂ ਆਪਸ ਵਿਚ ਲੜ੍ਹਦੀਆਂ ਰਹਿੰਦੀਆ ਸੀ ਤਾਂ ਘੱਨਈਆ ਮਿਸਲ ਦੇ ਸਰਦਾਰ ਜੈ ਸਿੰਘ ਦਾ ਪੁਤਰ ਗੁਰਬਖਸ਼ ਸਿੰਘ ਸ਼ੁਕਰਚਰੀਆ ਦੇ ਸਰਦਾਰ ਮਹਾਂ ਸਿੰਘ ਹੱਥੋਂ ਲੜਾਈ ਵਿਚ ਸਵਰਗ ਸਿਧਾਰ ਗਿਆ। ਜਦੋਂ ਮੁਗਲਾਂ ਦਾ ਸਾਹਮਣਾ ਕਰਨਾ ਪਿਆ ਤਾਂ ਜੈ ਸਿੰਘ ਨੇ ਆਪਣੀ ਨੂੰਹ ਸਦਾ ਕੌਰ ਨੂੰ ਬੁਲਾ ਕੇ ਕਿਹਾ ਕਿ ਮੈਂ ਤੇਰੀ ਧੀ ਆਪਣੀ ਪੋਤਰੀ ਮਹਿਤਾਬ ਕੌਰ ਦਾ ਰਿਸ਼ਤਾ ਮਹਾਂ ਸਿੰਘ ਦੇ ਪੁਤਰ ਰਣਜੀਤ ਸਿੰਘ ਨਾਲ ਕਰਨਾ ਚਾਹੁੰਦਾ ਹਾਂ, ਤਾਂ ਸਦਾ ਕੌਰ ਨੇ ਝੱਟ ਕਹਿ ਦਿਤਾ ਸੀ ਜੇ ਇਸ ਕਰਕੇ ਕੌਮ ਇਕੱਠੀ ਹੁੰਦੀ ਤਾਂ ਮੈਂਨੂੰ ਮੇਰੇ ਪਤੀ ਦੇ ਕਾਤਲ ਦੇ ਪੁਤਰ ਨਾਲ ਰਿਸ਼ਤਾ ਕਰਨ ਵਿਚ ਕੋਈ ਇਤਰਾਜ਼ ਨਹੀ।”

ਮੈਂ ਹੈਰਾਨ ਹੁੰਦਾ ਬੋਲਿਆ, “ਸੱਚੀ, ਮਹਾਂ ਸਿੰਘ ਮੰਨ ਗਿਆ ਆਪਣੇ ਦੁਸ਼ਮਣ ਦੀ ਧੀ ਨਾਲ ਆਪਣੇ ਪੁੱਤਰ ਦਾ ਵਿਆਹ ਕਰਨ ਲਈ।”

“ਹੋਰ, ਉਸ ਨੇ ਤਾ ਹਾਂ ਕਰਨ ਨੂੰ ਪਲ ਵੀ ਨਾ ਲਾਇਆ, ਉਸ ਨੂੰ ਪਤਾ ਸੀ ਮੁਗਲਾਂ ਦਾ ਸਾਹਮਣਾ ਇਕੱਠੇ ਹੋ ਕੇ ਕਰਾਂਗੇ ਤਾਂ ਉਹਨਾਂ ਨੂੰ ਹਰਾਵਾਂਗੇ।”

“ਬਾਪੂ ਜੀ, ਦੇਖ ਲਉ ਫਿਰ ਜਿੱਤੇ ਵੀ ਰਾਜ ਵੀ ਕੀਤਾ।” ਮੈਂ ਕਿਹਾ, “ਪਰ ਰਾਜਪੂਤ ਬਹਾਦਰ ਹੁੰਦੇ ਹੋਏ ਵੀ ਮੁਗਲਾਂ ਤੋਂ ਹਾਰੇ।”

 “ਉਹ ਤਾਂ ਫੁਟ ਦਾ ਹੀ ਸ਼ਿਕਾਰ ਹੁੰਦੇ ਰਹੇ।” ਬਾਪੂ ਜੀ ਨੇ ਅਸਲੀਅਤ ਦੱਸੀ, “ਇਕੱਲਾ ਇਕੱਲਾ ਉਹਨਾਂ ਨਾਲ ਬੈਠਕਾਂ ਕਰਦਾ ਰਿਹਾ, ਧੀਆਂ ਦੇ ਡੋਲੇ ਦੇ ਕੇ ਮੁੜਦਾ ਰਿਹਾ।”

“ਇਸ ਕਰਕੇ ਤਾਂ ਸਾਡਾ ਮਾਸਟਰ ਕਹਿੰਦੇ ਹੁੰਦਾ ਸੀ, ‘ਏਕੇ ਵਿਚ ਹੀ ਬਰਕਤ ਹੈ, ਇਸ ਬਰਕਤ ਨਾਲ ਆਪਾਂ ਮੋਰਚਾ ਫਤਿਹ ਕਰ ਲੈਣਾ ਆ, ਬਾਪੂ ਜੀ, ਤੁਸੀ ਚੜ੍ਹਦੀ ਕਲਾ ਵਿਚ ਰਿਹਾ ਕਰੋ।”

“ਮਲ, ਮੈ ਤਾਂ ਬਹੁਤ ਚੜ੍ਹਦੀ ਕਲਾ ਵਿਚ ਹਾਂ, ਪਰ ਜਿਹੜੇ ਪੁੱਤਰਾਂ ਨੇ ਬੇ-ਬਫ਼ਾਈ ਕੀਤੀ ਉਹਦੇ ਕਰ ਕੇ ਕਈ ਵਾਰੀ ਚਿਤ ਉਦਾਸ ਜਿਹਾ ਹੋ ਜਾਂਦਾ।”

“ਉਹ ਤਾਂ ਕਣਕ ਵਿਚ ਕਿਤੇ ਕਿਤੇ ਕੂੰਗੀ ਹੋ ਹੀ ਜਾਂਦੀ ਆ।”

“ਉਹ ਕੂੰਗੀ ਤਾਂ ਆਪੇ ਝੱੜ ਜਾਂਦੀ ਹੁੰਦੀ ਆ।” ਬਾਪੂ ਜੀ ਨੇ ਬੇਫ਼ਿਕਰੇ ਜਿਹੇ ਹੁੰਦੇ ਕਿਹਾ, “ਤੂੰ ਦੱਸ ਫਿਰ ਕਿਵੇ ਕਰਨੀ, ਆਉਣਾ ਫਿਰ ਦਿੱਲੀ।”

“ਪੱਕਾ ਆਊਂਗਾ।” ਮੈਂ ਹੱਸ ਕੇ ਕਿਹਾ, “ਬਾਕੀ ਪਰਦੇਸੀ ਭਰਾਂਵਾ ਕੋਲੋ ਫੰਡਿੰਗ ਵੀ ਲਿਆਵਾਂਗਾ।”

ਬਾਪੂ ਜੀ ਮੇਰੇ ਵਿੰਅਗ ਉੱਪਰ ਹੱਸੇ ਅਤੇ ਨਾਲ ਹੀ ਉੱਚੀ ਅਵਾਜ਼ ਵਿਚ ਨਾਅਰਾ ਲਾਇਆ, “ਕਿਸਾਨ ਮਜ਼ਦੂਰ ਏਕਤਾ।” 

ਮੈਂ ਆਪਣੀ ਬਾਂਹ ਉਤਾਂਹ ਚੁੱਕੀ ਅਤੇ ਉਹਨਾਂ ਦੇ ਨਾਲ ਹੀ ਉੱਚੀ ਅਵਾਜ਼ ਵਿਚ ਕਿਹਾ, “ਜ਼ਿੰਦਾਬਾਦ।”

ਮੇਰੀ ਅਵਾਜ਼ ਕਮਰੇ ਵਿਚ ਏਨੀ ਗੂੰਜੀ ਕਿ ਮੇਰੀ ਪਤਨੀ ਇਕਦਮ ਉੱਠ ਖਲੋਈ। ਮੇਰੀ ਉਤਾਂਹ ਚੁੱਕੀ ਬਾਹ ਵੱਲ ਦੇਖ ਕੇ ਬੋਲੀ, “ਬਾਬਾ, ਤੁਸੀ ਦਿੱਲੀ ਨੂੰ ਜਾ ਹੀ ਆਉ, ਤੁਸੀ ਤਾਂ ਸੁੱਤੇ ਹੀ ਨਾਅਰੇ ਲਾਈ ਜਾਂਦੇ ਹੋ, ਹੋਰ ਨਾ ਜਾਹ ਜਾਂਦੀ ਦੀ ਹੋ ਜਾਵੇ ਤੇ ਸੋਚ ਸੋਚ ਕੇ ਤੁਹਾਡੇ ਦਿਮਾਗ ਵਿਚ ਫ਼ਰਕ ਪੈ ਜਾਵੇ।”

ਸਵੇਰੇ ਜਦੋਂ ਮੈਂ ਉਠਿਆਂ ਤਾਂ ਹਲਕਾ ਹਲਕਾ ਮਹਿਸੂਸ ਹੋਇਆ ਅਤੇ ਪਤਨੀ ਤੋਂ ਪੁੱਛੇ ਬਗੈਰ ਹੀ ਇੰਡੀਆ ਜਾਣ ਲਈ ਟਿਕਟ ਕਰਾ ਲਈ।

***
(106)

Anmole Kaur

ਅਨਮੋਲ ਕੌਰ, ਕੈਨੇਡਾ

View all posts by ਅਨਮੋਲ ਕੌਰ, ਕੈਨੇਡਾ →