ਜਦੋਂ ਸੁਫ਼ਨੇ ਨੇ ਨੈਣ ਮੱਲੇ ਹੋਣ, ਸੁਰਤ ਵਿਚ ਮੰਜ਼ਿਲ ਦੇ ਰਾਹ ਮੌਲਦੇ ਰਹਿੰਦੇ ਨੇ। ਹਰ ਸ਼ੈਅ ਅਲੋਕਾਰੀ ਲੱਗਦੀ ਹੈ।ਹਰ ਵਰਤਾਰਾ ਤਲਿਸਮ ਸਿਰਜਦਾ ਹੈ। ਕੁਦਰਤ ਦਾ ਇੱਕ ਤਰਤੀਬ, ਰਿਦਮ ਅਤੇ ਸਲੀਕੇ ਵਿੱਚ ਵਿਚਰਨਾ। ਜਿਹਦੇ ਕਾਰਨ ਸੂਰਜ ਦਾ ਚੜ੍ਹਣਾ ਛਿਪਣਾ, ਰੁੱਤ ਚੱਕਰ ਅਤੇ ਧਰਤੀ ਦਾ ਬਾਵਰੀ ਹੋ ਸੂਰਜ ਦੀ ਪ੍ਰਕਰਮਾ ਕਰਦੇ ਰਹਿਣਾ, ਜੀਵਨ ਦੀ ਨਿਰੰਤਰਤਾ ਨੂੰ ਦਰਸਾਉਂਦਾ ਹੈ ਜਾਂ ਇਓਂ ਕਹਿ ਲਈਏ ਧਰਤੀ ਦਾ ਸੂਰਜ ਲਈ ਸਮਰਪਣ ਅਤੇ ਕੁਦਰਤ ਲਈ ਮਹੁੱਬਤ ਹੈ। ਜਿਸ ਕਰਕੇ ਮਹੁੱਬਤ ਦੇ ਛੰਭ ਵਗਦੇ ਨੇ। ਜਿਹੜੇ ਆਪਣੀ ਮਿੱਟੀ ਦੇ ਮੋਹ, ਬੋਲੀ, ਖ਼ਿਆਲਾਂ ਸੰਗ ਲਬਰੇਜ਼ ਨਿਰੰਤਰ ਇਸ ਬ੍ਰਹਿਮੰਡ ਵਿੱਚ ਸਫ਼ਰ ‘ਤੇ ਰਹਿੰਦੇ ਹਨ। ਇਹੋ ਸਫ਼ਰ ਸਾਡੀ ਨਜ਼ਰ ਅਤੇ ਸਮਝ ਨੂੰ ਜ਼ਮੀਨ ਤੋਂ ਲੈ ਕੇ ਆਕਾਸ਼ ਦੀ ਬੁਲੰਦੀ ਤੱਕ ਪ੍ਰਭਾਵਿਤ ਕਰਦੇ ਹਨ।
ਜਾਦੂਗਰ ਸ਼ਬਦ ਸਭ ਨੂੰ ਬਹੁਤ ਆਕਰਸ਼ਿਤ ਕਰਦੈ। ਜਾਦੂਗਰ ਆਪਣੀ ਕਲਾ ਨਾਲ ਜੀਵਨ ਦੇ ਬਹੁਤ ਸਾਰੇ ਰਹੱਸਾਂ ਨੂੰ, ਖੇਡ-ਖੇਡ ਵਿਚ ਸਾਡੇ ਸਨਮੁੱਖ ਕਰਦਾ ਹੈ। ਇਹ ਕਰਤੱਬ ਸਾਡੀ ਅੱਖ ਨੂੰ ਆਨੰਦਿਤ ਕਰਦੇ ਨੇ। ਕਦੇ ਇਹਨਾਂ ਕਰਤੱਬਾਂ ਦੇ ਝਲਕਾਰੇ ਦਿਮਾਗ ਨੂੰ ਹਲੂਣਦੇ, ਸੋਚ ਨੂੰ ਨਵੇਂ ਪਸਾਰੇ ਪ੍ਰਦਾਨ ਕਰ ਜਗਿਆਸਾ ਵਿੱਚ ਵਾਧਾ ਕਰਦੇ ਹਨ। ਕਈ ਅਦਬੀ ਸ਼ਖ਼ਸੀਅਤਾਂ ਅਜਿਹੇ ਹੀ ਹੁਨਰ ਨਾਲ ਲਬਰੇਜ਼ ਹੁੰਦੀਆਂ ਨੇ। ਬਹੁਤ ਘੱਟ ਜ਼ਿਹਨ ਅਜਿਹੇ ਹੁੰਦੇ ਨੇ , ਜੋ ਸੂਖਮ ਤੋਂ ਸੂਖਮ ਪਰਤਾਂ ਫਰੋਲਦੇ, ਸੋਚ ਨੂੰ ਝੰਜੋੜ ਦੇਣ ਵਾਲੇ ਤੱਥ, ਸਮਝਣ ਅਤੇ ਸੋਚਣ ਦੇ ਸਮਰੱਥ ਹੁੰਦੇ ਨੇ। ਉਹ ਕਿਸੇ ਵਰਤਾਰੇ ਤੋਂ ਉਪਜੇ ਖ਼ਿਆਲ ਨੂੰ, ਬਹੁਅਯਾਮੀ ਨਜ਼ਰੀਏ ਤੋਂ ਘੋਖਦੇ ਵਾਚਦੇ ਨੇ। ਉਨ੍ਹਾਂ ਦੀ ਕਹੀ, ਲਿਖੀ ਹਰ ਗੱਲ ਰੂਹ ਚੀਰਨ ਦੇ ਸਮਰੱਥ, ਮਨਾਂ ਨੂੰ ਇੱਕ ਰਵਾਨੀ ਵਿਚ ਵਹਾਅ, ਸ਼ਬਦ -ਅਰਥ ਮੰਡਲ ਦੇ ਅਲੌਕਿਕ ਦ੍ਰਿਸ਼ ਅਤੇ ਖਿਆਲਾਂ ਤੋਂ ਇੱਕ ਇਬਾਰਤ ਸਿਰਜ ਕੇ ਸਮਾਜ ਦੇ ਰੂਬਰੂ ਕਰਨ ਦੇ ਸਮਰੱਥ ਹੁੰਦੀ ਹੈ। ਅਜਿਹੀ ਹੀ ਰੂਹ ਨੂੰ ਸ਼ਾਇਦ ਅਲਾਮਾ ਇਕਬਾਲ “ਦੀਦਾਵਰ” ਕਹਿੰਦੇ ਨੇ: “ਹਜ਼ਾਰੋਂ ਸਾਲ ਨਰਗਿਸ ਅਪਨੀ ਬੇਨੂਰੀ ਪੇ ਰੋਤੀ ਹੈ, ਕਦੇ ਕਦਾਈਂ ਹੀ ਅਜਿਹਾ ਵਾਪਰਦਾ ਹੈ, ਤੁਹਾਡੇ ਸਾਹਵੇਂ ਆਏ ਸ਼ਬਦ ਆਪਣੀ ਅਲੌਕਿਕ, ਤਲਿਸਮੀ ਦੁਨੀਆ ਵੱਲ ਉਂਗਲ ਫੜ ਲੈ ਤੁਰਨ ਜਿਥੇ ਪੱਥਰਾਂ ‘ਚੋਂ ਪਾਰਾ ਨਿਕਲੇ, ਪੌਣਾਂ ਦਾ ਸਾਹ ਰੁਕੇ, ਨਦੀ ਵੀ ਬਲਣ ਲੱਗੇ। ਕਿਤੇ ਆਪਣੀ ਮੌਜ ਵਿਚ ਵਹਿੰਦੀ ਹਵਾ ਵੀ ਕੰਬ ਜਾਵੇ। ਲਹਿਰਾਂ ਆਪਣੇ ਸਿੱਪੀਆਂ ਮੋਤੀਆਂ ਸੰਗ ਵੀ ਉਦਾਸ ਨਜ਼ਰ ਆਉਂਣ। ਕਾਲੇ ਹਰਫ਼ਾਂ ਦੇ ਬਲਣ ਕਾਰਨ ਪੈਦਾ ਹੋਈ ਰੁਸ਼ਨਾਈ ਹਨੇਰੇ ਚੀਰਦੀ, ਪਤਝੜ ਵਿੱਚ ਵੀ ਉਮੀਦ, ਆਸ ਦੇ ਚਿਰਾਗ ਬਾਲੇ। ਕੱਕੀ ਰੇਤ ਆਪਣੇ ‘ਚੋਂ ਅਬਰਕ ਛਾਣ ਸ਼ੀਸ਼ਾ ਹੋਣ ਦਾ ਹੁਨਰ ਤਾਂ ਜਾਣਦੀ ਹੀ ਹੈ ਪਰ ਕਦੇ ਕਿਤੇ ਇਹ ਰੇਤ ਕਿਸੇ ਪਾਕਿ, ਬਿਹਬਲ ਰੂਹ ਦੇ ਅਤਿ ਸੰਵੇਦਨਸ਼ੀਲ ਖਿਆਲਾਂ ਲਈ ਖੁਦ ਨੂੰ ਵਰਕਾ ਵਰਕਾ ਵੀ ਕਰ ਦਿੰਦੀ ਹੈ। ਇਓਂ ਵਰਕਾ ਵਰਕਾ ਹੋਈ, ਆਪਣੇ ਉੱਤੇ ਉਕਰੇ ਲਫ਼ਜ਼ਾਂ ਨੂੰ ਸਾਰਥਕ ਕਰਨ ਲਈ ਇਹ ਰੇਤ ਰੂਪ ਬਦਲਦੀ ਅਹਿਸਾਸ ਦੀ ਅਰਾਧਨਾ ਕਰਨ ਲਈ ਅਗਰਬੱਤੀ ਹੋ ਜਾਦੀ ਹੈ। “ਅਗਰਬੱਤੀ” ਆਪਣੀ ਖੁਸ਼ਬੋ ਨਾਲ ਮਨ ਅਤੇ ਚੁਫੇਰੇ ਨੂੰ ਮਹਿਕਾਉਂਦੇ 2014 ਵਿੱਚ ਅਦਬੀ ਦੁਨੀਆ ਦਾ ਸਭ ਤੋਂ ਵੱਕਾਰੀ ਸਾਹਿਤ ਅਕਾਦਮੀ ਪੁਰਸਕਾਰ ਵੀ ਦੁਆ ਦਿੰਦੀ ਹੈ। ਇੱਥੇ ਜੱਸ-ਯਸ਼ ਦੀ ਪਰਾਪਤੀ, ਜਸਵਿੰਦਰ ਨਾਮ ਦਾ ਹੋਣਾ ਸਾਰਥਕ ਕਰ ਦਿੰਦੀ ਹੈ। ਮਾਪਿਆਂ ਦਾ ਰੱਖਿਆ ਨਾਮ ਜਸਵਿੰਦਰ ਜਿੱਥੇ ਇੱਕ ਸੰਬੋਧਨ ਤਾਂ ਹੈ ਹੀ, ਇਸ ਤੋਂ ਵੱਧ ਕੇ ਇੱਕ ਪਹਿਚਾਣ ਹੈ।ਉਸ ਤੋਂ ਵੀ ਵੱਧਕੇ ਇੱਕ ਅਜਿਹਾ ਸਿਤਾਰਾ, ਜੋ ਆਪਣੇ ਇਸ ਅਨਮੋਲ ਹੁਨਰ ਨਾਲ ਸਾਹਿਤਕ ਖਿੱਤਿਆਂ ਨੂੰ ਰੁਸ਼ਨਾਈ ਦਿੰਦਾ ਹੈ। ਆਪਣੇ ਵੱਖਰੇ ਆਯਾਮ ਸਿਰਜਦਾ ਹੈ। ਮਾਪਿਆਂ ਦੇ ਰੱਖੇ ਨਾਂ ਨੂੰ ਇਕ ਵੱਖਰੀ ਬੁਲੰਦੀ ਤੱਕ ਪਹੁੰਚਾਉਦਾ ਹੈ। ਜਿਸ ਨੂੰ ਛੂਹਣਾ ਇਸ ਖੇਤਰ ਵਿੱਚ ਵਿਸ਼ੇਸ਼ ਮੁਹਾਰਤ ਰੱਖਣ ਵਾਲੇ ਹਰੇਕ ਦੇ ਵੱਸ ਦੀ ਗੱਲ ਨਹੀਂ। ਇਹ ਮੁਕਾਮ ਵਿਰਲਿਆਂ ਚੋਂ ਵੀ ਕਿਸੇ ਵਿਰਲੇ ਦੇ ਹਿੱਸੇ ਆਉਂਦਾ ਹੈ। ਮਾਲਵਾ ਖੇਤਰ ਦੀ ‘ਹਿੱਕ’ ਮੰਨੇ ਜਾਂਦੇ ਬਠਿੰਡਾ ਜ਼ਿਲ੍ਹੇ ਦੇ ਪਿੰਡ ਕਲਾਲਵਾਲਾ ਦੇ ਜੰਮ-ਪਲ, ਜਿੱਥੇ ਹਰ ਪਾਸੇ ਅਨਪੜ੍ਹਤਾ ਦਾ ਪਸਾਰਾ, ਹਰੇਕ ਮਨ ਨੂੰ ਖੁਸ਼ਕ ਕਰਦਾ ਹੈ। ਇੱਥੇ ਇਸ ਅਤਿ-ਸੰਵੇਦਨਸ਼ੀਲ ਸ਼ਾਇਰ ਦਾ, ਆਪਣੀ ਕਲਪਨਾ ਨੂੰ ਅੱਖਰਾਂ ਨਾਲ ਜੋੜਦੇ ਹੋਏ,ਆਪਣੀ ਸੰਵੇਦਨਸ਼ੀਲਤਾ ਨੂੰ ਟੋਲਣਾ, ਮਾਪਿਆਂ ਦੇ ਅਤਿ ਸੁਹਿਰਦ ਅਤੇ ਸੂਖ਼ਮ ਸਮਝ ਵਾਲੇ ਹੋਣ ਦੀ ਗਵਾਹੀ ਭਰਦਾਹੈ। ਬੇਸ਼ਕ ਧਾਰਮਿਕ ਪ੍ਰਵਿਰਤੀ ਹੀ ਸਹੀ ਪਰ ਇਹ ਪਰਉਪਕਾਰੀ ਸੁਭਾਅ, ਲੁਕਾਈ ਦੇ ਪ੍ਰਤੀ ਅਤਿ ਸੰਵੇਦਨਸ਼ੀਲ ਹੋਣਾ, ਮਾਪਿਆਂ ਦੀ ਸੁਗੜ ਪਰਵਰਿਸ਼ ਦਾ ਕਰਮ ਹੀ ਹੈ। ਜੋ ਉਨ੍ਹਾਂ ਦੇ ਬਾਲ-ਮਨ ਨੂੰ ਪਿੰਡ ਵਿਚਲੇ ਸੰਤ ਬਸੰਤ ਮੁਨੀ ਦੇ ਡੇਰੇ ਤੱਕ ਲੈ ਜਾਂਦਾ ਹੈ। ਡੇਰੇ ਵਿੱਚ ਸੁਣੀ ਵਾਰਿਸ ਦੀ ਹੀਰ, ਕਵੀਸ਼ਰੀ ਅਤੇ ਵਾਰਾਂ ਨੇ, ਕਵਿਤਾ ਦੀ ਲੈਅਬੱਧਤਾ ਨੂੰ ਉਹਨਾਂ ਦੇ ਮਨ ਦੀਆਂ ਤੈਹਾਂ ਵਿਚ ਗਹਿਰਾ ਵਸਾ ਦਿੱਤਾ। ਮਾਂ ਦੇ ਪਰ-ਉਪਕਾਰੀ ਸੁਭਾਅ ਨੇ ਜਸਵਿੰਦਰ ਹੋਰਾਂ ਨੂੰ ਜੀਵਨ ਦੀ ਅਸਲੀਅਤ ਪਹਿਚਾਣ, ਇਸ ਨੂੰ ਕਿੰਝ ਸਾਰਥਕਤਾ ਵੱਲ ਲੈ ਕੇ ਜਾਣਾ ਹੈ ਦੀ ਸੋਝੀ ਦਿੰਦਿਆਂ, ਅੱਖਰ-ਸ਼ਬਦ ਨਾਲ ਜੋੜਦੇ ਹੋਏ, ਇਕੱਲਤਾ ਦੇ ਅਰਥ ਸਮਝਾਉਂਦਿਆਂ, ਆਪੇ ਨੂੰ ਟੋਲਦੇ ਹੋਏ, ਖੁਦ ਨਾਲ ਬਾਤ ਪਾਉਣ ਦਾ ਵੱਲ ਦੱਸਿਆ। ਇਸੇ ਭਾਲ ਨੇ ਜਸਵਿੰਦਰ ਹੁਣਾਂ ਨੂੰ ਕਿਤਾਬੀ ਸੰਸਾਰ ਦੇ ਰੂਬਰੂ ਕੀਤਾ। ਜਿਹੜੀ ਉਮਰੇ ਬਾਲ ਆਪਸ ਦੀਆਂ ਖੇਡਾਂ ਵਿਚ ਮਸਤ ਹੋਏ ਬਚਪਨ ਅਤੇ ਜਵਾਨੀ ਦੇ ਖੂਬਸੂਰਤ ਪੜਾਅ ਨੂੰ ਮਾਣ ਰਹੇ ਹੁੰਦੇ ਨੇ, ਉਨ੍ਹੀਂ ਦਿਨੀਂ ਜਸਵਿੰਦਰ ਹੋਰੀਂ ਲਾਇਬਰੇਰੀ ਦੀਆਂ ਕਿਤਾਬਾਂ ਨਾਲ ਦੋਸਤੀ ਕਰੀ ਬੈਠੇ ਸਨ। ਕਲਾਲਵਾਲਾ ਦੀ ਧਰਤੀ ਨੂੰ ਮਾਣ ਮੱਤਾ ਦਰਜਾ ਦਿਵਾਉਣ ਵਾਲਾ ਇਹ ਸ਼ਾਇਰ, ਬਲਬੀਰ ਸਕੂਲ (ਫ਼ਰੀਦਕੋਟ ) ਤੋਂ ਸਿੱਖਿਆ ਲੈਂਦਾ, ਬਾਬਾ ਫਰੀਦ ਜੀ ਦੀ ਚਰਨ ਛੋਹ ਪ੍ਰਾਪਤ, ਵਿਰਾਸਤੀ ਸ਼ਹਿਰ ਦੇ ਇਤਿਹਾਸ ਨੂੰ ਜਾਣਦਾ ਘੋਖਦਾ, ਲਫ਼ਜ਼ ਅਤੇ ਅਹਿਸਾਸ ਦੀ ਭਰਪੂਰ ਗੁੜ੍ਹਤੀ ਲੈ ਕੇ, ਗੌਰਮਿੰਟ ਪੋਲੀਟੈਕਨਿਕ ਕਾਲਜ, ਰੋਡੇ (ਮੋਗਾ ) ਵਿੱਚ ਇੰਜੀਨੀਅਰਿੰਗ ਕਰਦਿਆਂ ਸਾਹਿਤਕ-ਸੁਭਾਅ ਦੇ ਰੂਬਰੂ ਹੁੰਦਾ ਹੈ। ਆਪਣੇ ਅੰਦਰ ਲਿਖਣ-ਕਲਾ ਦੇ ਬੀਜਾਂ ਦੇ ਪੁੰਗਾਰੇ ਨੂੰ ਮਹਿਸੂਸ ਕਰਦਾ, ਪਾਠਕਾਂ ਸਰੋਤਿਆਂ ਤੱਕ ਪਹੁੰਚ ਕਰਨ ਲਈ ਆਪਣੀ ਕਲਮ ਨੂੰ ਅਜ਼ਮਾਉਦਿਆਂ ਕਵਿਤਾ ਨੂੰ ਆਪਣੇ ਨਾਲ ਤੋਰਨ ਲੱਗ ਪਿਆ। ਜਸਵਿੰਦਰ ਹੁਣਾਂ ਦੇ ਸ਼ਬਦਾਂ ਅਨੁਸਾਰ ਉਨ੍ਹਾਂ ਨੇ ਗਜ਼ਲ ਨੂੰ ਕਿਸੇ ਵੱਖਰੀ ਜਾਂ ਔਖੀ ਵਿਧਾ ਵਾਂਗ ਨਾ ਸਮਝਿਆ, ਨਾ ਸਿੱਖਿਆ। ਬਚਪਨ ਦੇ ਸ਼ੌਕ, ਗੁਰਬਾਣੀ ਪੜ੍ਹਨੀ, ਵਾਰਾਂ ਕਵੀਸ਼ਰੀਆਂ, ਸਾਹਿਤਕ ਕਿਰਤਾਂ ਨੂੰ ਸੁਣਨ ਦੇ ਸ਼ੌਕ ਨੇ ਉਹਨਾਂ ਅੰਦਰ ਗ਼ਜ਼ਲ ਨੂੰ ਹਰੇਕ ਪੰਜਾਬੀ ਅੰਦਰ ਵਸਦੇ “ਬਾਬਾ ਫਰੀਦ” ਦੇ ਸ਼ਲੋਕਾਂ ਵਾਂਗ ਵਸਾ ਦਿੱਤਾ। ਜਸਵਿੰਦਰ ਹੋਰਾਂ ਨੂੰ ਉਨ੍ਹਾਂ ਦੇ ਸਹਿਜ ਨੇ ਗ਼ਜ਼ਲ ਨਾਲ ਪਰਨਾਇਆ। ਜੀਵਨ ਦੀ ਇਹ ਸਹਿਜਤਾ, ਸਰਲਤਾ ਉਹਨਾਂ ਨੂੰ ਬੇਸ਼ਕੀਮਤੀ ਖਿਆਲ, ਅਛੋਪਲੇ ਹੀ ਇਓਂ ਦੇ ਜਾਂਦੀ ਹੈ, ਜਿਵੇਂ ਸਾਗਰ ਵਿੱਚੋਂ ਕੋਈ ਲਹਿਰ ਸਿੱਪ ਸਮੇਤ ਮੋਤੀ ਕਿਨਾਰੇ ਧਰ ਜਾਵੇ। ਉਨ੍ਹਾਂ ਦਾ ਸਹਿਜ, ਅੰਤਰਮੁਖੀ ਸੁਭਾਅ ਅਤੇ ਖਿਆਲਾਂ ਦੀ ਨਿਰੰਤਰਤਾ ਉਨ੍ਹਾਂ ਦੇ ਅਨਮੋਲ ਸ਼ਿਅਰਾਂ ਦੀ ਜਨਮਦਾਤੀ ਬਣੀ। ਕੋਈ ਬੇਸ਼ਕੀਮਤੀ ਸ਼ਿਅਰ ਕਹਿਣ ਲਈ ਉਹਨਾਂ ਨੂੰ ਕਿਸੇ ਖਾਸ ਤਰੱਦਦ ਦੀ ਲੋੜ ਨਹੀਂ ਪੈਂਦੀ। ਬਸ ਗ਼ਜ਼ਲ ਤਾਂ ਉਨ੍ਹਾਂ ਦੇ ਸ਼ਿਅਰਾਂ ਨੂੰ ਅਛੋਪਲੇ ਜਿਹੇ ਹੀ ਅਮਰਤਾ ਦਾ ਵਰ ਦੇ ਜਾਂਦੀ ਹੈ। ਜਸਵਿੰਦਰ ਹੁਣਾਂ ਲਈ ਗ਼ਜ਼ਲ ਕੇਵਲ ਇੱਕ ਵਿਧਾਨ ਨਹੀਂ, ਸਗੋਂ ਅਜਿਹਾ ਥੰਮ੍ਹ ਹੈ ਜਿਸ ਨਾਲ ਉਨ੍ਹਾਂ ਦੇ ਬਹੁਤ ਸਾਰੇ ਕੇਂਦਰੀ ਚਿਹਨਿਕ ਜੁੜੇ ਹੋਏ ਹਨ। ਇਹਨਾਂ ਸਦਕਾ ਹੀ ਅੱਖਰ ਜੁੜਦੇ ਨੇ ਅਤੇ ਸ਼ਬਦ, ਅਰਥ, ਲੈਅ, ਰਵਾਨੀ ਦੇ ਘਰੋਂ ਹੁੰਦੇ ਹੋਏ ਇੱਕ ਸੰਯੁਕਤ ਸੰਸਾਰ ਬਣਦਾ ਹੈ ਜਿਹੜਾ ਹਰ ਸੰਵੇਦਨਸ਼ੀਲ ਮਨ ਨੂੰ ਆਪਣੇ ਨਾਲ ਜੋੜ ਲੈਣ ਦੇ ਸਮਰੱਥ ਹੈ। ਸਾੜ ਕੇ ਮੇਰਾ ਲਹੂ ਮਹਿਕਾਂ ਫਿਜ਼ਾ ਵਿੱਚ ਵੰਡਦੀ, ਧਰਤੀ ਉਤੇ ਬੇ ਪੀਰੀ ਤੋਰ ਤੁਰਨ ਦੇ ਸ਼ੈਦਾਈ, ਜਸਵਿੰਦਰ ਹੋਰਾਂ ਦੀ ਸਖ਼ਸ਼ੀਅਤ ਨੂੰ ਜਾਣਨ ਲਈ, ਉਹਨਾਂ ਦੀ ਸਿਰਜਣਾਤਮਕਿਤਾ ਨੂੰ ਸਮਝਣ ਦਾ ਯਤਨ ਕਰੀਏ ਤਾਂ ਉਹਨਾਂ ਦੇ ਸੰਵੇਦਨਸ਼ੀਲ ਸਰੋਕਾਰ ਅਤਿਅੰਤ ਵਸੀਹ ਹੁੰਦੇ ਜਾਂਦੇ ਨੇ। ਜਿਉਂ ਜਿਉਂ ਉਹਨਾਂ ਦੇ ਲਫ਼ਜ਼ਾਂ ਦੇ ਨੇੜੇ ਹੋਈਏ ਉਹਨਾਂ ਦੇ ਅਹਿਸਾਸ ਦੀ ਪਰਵਾਜ਼ ਅਗਾਂਹ ਹੋਰ ਅਗਾਂਹ ਫੈਲਦੀ ਨਜ਼ਰ ਆਉਂਦੀ ਹੈ। ਉਹਨਾਂ ਦੇ ਅਹਿਸਾਸ, ਖ਼ਿਆਲ ਦਾ ਪਸਾਰਾ ਨਿੱਜ, ਘਰ, ਪਰਿਵਾਰ, ਭਾਈਚਾਰੇ ਪ੍ਰਦੇਸ, ਦੇਸ਼ ਤੋਂ ਲੈ ਕੇ ਸਮੁੱਚੇ ਬ੍ਰਹਿਮੰਡ ਤੀਕ ਫੈਲਿਆ ਹੈ। ਸਮਾਜ, ਸਾਹਿਤ, ਤਕਨੀਕੀ ਗਿਆਨ, ਇਤਿਹਾਸ, ਮਿਥਿਹਾਸ, ਕਲਾ, ਰਾਜਨੀਤੀ, ਫ਼ਲਸਫ਼ੇ ਨਾਲ ਜਸਵਿੰਦਰ ਹੁਣੀਂ ਇਓਂ ਬਾਵਸਤਾ ਨੇ ਜੀਕਣ: ਹਵਾਓ ਨੀ ਤੁਸੀਂ ਸੰਨਾਟਿਆ ‘ਚੋਂ, ਜਸਵਿੰਦਰ ਹੋਰੀਂ ਇੱਕੋ ਸਮੇਂ ਬਹੁਤ ਸਰਲ ਅਤੇ ਬਹੁਤ ਗੁੰਝਲਦਾਰ ਵੀ ਹਨ। ਉਹ ਅਤਿ ਸੰਵੇਦਨਸ਼ੀਲਤੇ ਪ੍ਰਬੁੱਧ ਨੇ। ਜਜ਼ਬਿਆਂ ਨਾਲ ਲਬਰੇਜ਼ ਪ੍ਰਬੁੱਧਤਾ, ਜਦ ਸ਼ਿਅਰਾਂ ਵਿੱਚ ਢਲਦੀ ਹੈ ਤਾਂ ਸ਼ਬਦ ਸਰਸ਼ਾਰੀ, ਅਹਿਸਾਸ ਦੇਸ਼ ਦੇ ਮੰਡਲਾਂ ਵਿਚ ਜਾਣ ਲਈ ਮੋਕਲਾ ਅਤੇ ਸਾਜ਼ਗਾਰ ਰਾਹ ਦੇ ਦਿੰਦੀ ਹੈ। ਮੈਂ ਆਤਮਾ ਤੇ ਬਦਨ ਵਿਚਾਲੇ, ਉਹ ਫ਼ਲਸਫ਼ਾ ਹੀ ਕੀ, ਜੋ ਕਿਸੇ ਉਚੇਚ ਦਾ ਮੁਹਤਾਜ਼ ਹੋ, ਆਪਣਾ ਮੂੰਹ ਮੁਹਾਂਦਰਾ ਸੁਆਰਦਾ ਹੋਵੇ। ਜਸਵਿੰਦਰ ਹੁਣਾਂ ਕੋਲ ਹੁਨਰ ਹੈ, ਉਹਨਾਂ ਦੀ ਕ਼ਲਮ ਦੀ ਛੋਹ, ਸਾਦਗੀ ਭਰਪੂਰ ਲਫ਼ਜ਼ਾਂ ਨਾਲ ਜੀਵਨ ਦੇ ਭੇਦ, ਬੜੀ ਸਰਲਤਾ ਨਾਲ ਸਾਨੂੰ ਸਮਝਾ ਦਿੰਦੀ ਹੈ: ਜ਼ਿੰਦਗੀ ਦੀ ਵਾਟ ਹੈ ਰੰਗੀਨ ਵੀ ਗ਼ਮਗੀਨ ਵੀ, ਜਸਵਿੰਦਰ ਹੁਣੀਂ ਭੁਲਾਂਦਰੇ ਵਾਲੇ ਗਿਆਨ, ਇਲਮ ਜਾਂ ਅਭਿਮਾਨ ਦੇ ਬਿਲਕੁਲ ਖ਼ਿਲਾਫ਼ ਹਨ।ਜੋ ਗਿਆਨ ਦੇ ਸੰਚਾਰ ਅਤੇ ਸੰਵਾਦ ਦੇ ਰਾਹ ਵਿਚ ਰੁਕਾਵਟ ਬਣਦੇ ਹਨ। ਆਮ ਤੌਰ ‘ਤੇ ਕਵੀਆਂ, ਕਲਾਕਾਰਾਂ ਵਿੱਚ ਜਿਸ ਤਰ੍ਹਾਂ ਦਾ ਬਿੰਬ ਬਣਿਆ ਹੁੰਦਾ ਹੈ, ਉਹਨਾਂ ਨੇ ਹਰ ਵਰਤਾਰੇ ਵਿਚ ਆਪਣੀ ਸੂਝ ਸਮਝ ਦਾ ਪ੍ਰਦਰਸ਼ਨ ਆਪਣੀ ਵਿਦਵਤਾ ਦਾ ਆਡੰਬਰ ਰਚਣ ਲਈ ਕਰਨਾ ਹੁੰਦਾ ਹੈ। ਜਸਵਿੰਦਰ ਹੁਣੀਂ ਉਸ ਵਰਤਾਰੇ ਤੋਂ ਕੋਹਾਂ ਦੂਰ, ਆਪਣੀ ਇਕੱਲਤਾ ਨਾਲ ਆਨੰਦਿਤ ਹੁੰਦੇ, ਆਪਣੇ ਖਿਆਲ ਅਹਿਸਾਸ ਸ਼ਬਦਾਂ ਵਿੱਚ ਪਰੋ ਕੇ ਸਾਡੇ ਸਨਮੁੱਖ ਕਰਦੇ ਨੇ: ਅਸਾਡੇ ਰੁਤਬਿਆਂ ਨੂੰ ਦੇਖ ਕੇ ਅੰਦਰਲੇ ਗੁਨਾਹ ਹੱਸੇ, ਜੀਵਨ ਦਾ ਫ਼ਲਸਫ਼ਾ, ਏਨੇ ਸਾਦੇ ਸ਼ਬਦਾਂ ਵਿਚ ਕਿ ਇਹ ਹੁਨਰ ਉਹਨਾਂ ਦੇ ਰੁਤਬੇ ਚਾਰ ਚੰਨ ਲਾ ਦਿੰਦੈ। ਹਮੇਸ਼ਾ ਆਦਮੀ ਸੱਚ ਦੇ ਸਮਾਨਾਂਤਰ ਨਹੀਂ ਰਹਿੰਦਾ, ਸਮਾਜ ਦੀਆਂ ਤਲਖ਼ ਹਕੀਕਤਾਂ ਬਿਆਨਦੇ ਹੋਏ, ਜਿੱਥੇ ਆਡੰਬਰ ਅਤੇ ਵਿਖਾਵੇ ਦੇ ਪਾਜ ਤਾਂ ਉਧੇੜਦੇ ਹੀ ਨੇ। ਉਥੇ ਉਹਨਾਂ ਦਾ ਹੁਨਰ, ਇੱਕ ਸੁੰਨ੍ਹ ਕਰ ਜਾਣ ਵਾਲੀ ਉਦਾਸੀ ਦਿੰਦੇ ਹੋਏ, ਤੁਹਾਡੇ ਮੂੰਹੋਂ ਦਾਦ ਰੂਪੀ ਆਹ ਦੇ ਨਾਲ ਵਾਹ ਵੀ ਕਢਵਾ ਲੈਂਦਾ ਹੈ: ਸੂਲੀ ਉੱਤੇ ਚੜਦੇ ਲੋਕ ਹਜ਼ਾਰਾਂ ਤੇ ਰੁਲ਼ ਜਾਂਦੇ ਨੇ, ਸਮੇਂ ਨੂੰ ਤਲ਼ੀ ਤੇ ਧਰ ਲੈਣਾ, ਉਸ ਤੋਂ ਵੀ ਅਗਾਂਹ ਉਸ ਨੂੰ ਤਲ਼ੀ ਉਤੇ ਭੋਰ ਲੈਣ ਦਾ ਕਮਾਲ ਤਾਂ ਪਾਠਕ ਨੂੰ ਹੈਰਾਨ ਅਤੇ ਨਿਰਉਤਰ ਕਰ ਦਿੰਦੈ: ਜਿਉਂਦੇ ਰਹਿਣ ਦਾ ਕਿੰਨਾ ਕੁ ਮੁੱਲ ਹੋਰ ਦਿਆਂ, ਜਦੋਂ ਜਸਵਿੰਦਰ ਹੋਰਾਂ ਦਾ ਕਾਵਿ ਸੁਹਜ, ਸ਼ਬਦ ਦੇ ਨਾਲ ਚਲਦਿਆਂ, ਅਰਥਾਂ ਦੇ ਮੁਨਾਰੇ ਉਸਾਰਦਾ ਹੈ ਤਾਂ ਇਸ ਪਦਾਰਥਵਾਦੀ ਯੁੱਗ ਨੂੰ, ਇਕ ਘਿਣ ਭਰੀ ਨਜ਼ਰ ਨਾਲ ਵੇਖਦੇ-ਵਾਚਦੇ, ਉਹ ਓਪਰੀ, ਭ੍ਰਸ਼ਟ ਅਤੇ ਨਜ਼ਰ ਦੇ ਦੰਭ ਆਸਰੇ ਉਸਰੀ ਦੁਨੀਆਂ ਦੇ ਬਖੀਏ ਉਧੇੜਦੇ, ਸ਼ਬਦ ਸੁਹਜ ਅਹਿਸਾਸ ਉਤੇ ਬਲ ਦੇਣ ਦੀ ਗੱਲ ਕਰਦੇ ਹਨ। ਉਹ ਕੁਝ ਜਾਣਨ ਪਾਉਣ ਤੋਂ ਅਗਲੇਰਾ ਕਦਮ ਆਪਣੇ ਆਪ ਨਾਲ ਜ਼ਿੰਦਗੀ ਨੂੰ ਜਿਊਣਾ ਮਾਨਣਾ ਲੋਚਦੇ ਨੇ: ਮੇਰੇ ਕਲਾਮ ‘ਚ ਜੇ ਜਾਨ ਹੋਈ ਦਿਸ ਪੈਣੀ, ਜਸਵਿੰਦਰ ਹੁਣਾਂ ਦੇ ਅੱਖਰਾਂ ਨੂੰ ਸ਼ਬਦ ਨਾਲ ਲੈ ਤੁਰਨ ਦਾ ਵੱਲ ਬਾਖੂਬ ਆਉਂਦਾ ਹੈ। ਉਹ ਹਰ ਇੱਕ ਦੋਗਲੀ ਗੱਲ ਨੂੰ, ਸਿਰੇ ਤੋਂ ਰੱਦ ਕਰਦਿਆਂ, ਆਪਣੇ ਲਫ਼ਜ਼ਾਂ ਰਾਹੀਂ ਮਿੱਠੀ ਜਿਹੀ ਚੋਭ ਦੇ ਕੇ, ਉਹਨੂੰ ਸੁਧਾਰਨ ਵੱਲ ਇਸ਼ਾਰਾ ਕਰਦੇ ਨੇ। ਇਸ ਅਮਲ ਲਈ ਕਵਿਤਾ ਵਰਗਾ ਰਚਨਾਤਮਿਕ ਵਰਤਾਰਾ ਬਹੁਤ ਕਾਰਗਰ ਹੈ। ਇਸ ਵਿਚ ਭਾਵਾਤਮਕ ਪ੍ਰਗਟਾਅ ਦਾ ਦਖ਼ਲ ਹੁੰਦਾ ਹੈ ਅਤੇ ਹੋਣਾ ਵੀ ਚਾਹੀਦਾ ਹੈ: ਖੂਬ ਰੋਂਦੇ ਨੇ ਤੇ ਸੁਰਮਾ ਵੀ ਖੁਰਨ ਦਿੰਦੇ ਨਹੀਂ, ਜਸਵਿੰਦਰ ਹੁਰਾਂ ਦੇ ਖਿਆਲਾਂ ਵਿੱਚੋਂ, ਸ਼ਿਅਰ ਅੱਖਰ-ਅੱਖਰ, ਸ਼ਬਦ-ਸ਼ਬਦ ਕਿਰ ਰਹੇ ਨੇ ਜਿਵੇਂ ਭਾਵਾਂ ਦਾ ਕੋਈ ਹੜ੍ਹ ਵਹਿ ਤੁਰਿਆ ਹੋਵੇ। ਇਸ ਹੜ੍ਹ ਨੂੰ ਆਪਣੀ ਸੂਝ ਚੇਤੰਨਤਾ ਨਾਲ ਉਹ ਇੱਕ ਦਾਇਰੇ ਵਿਚ ਕਾਬੂ ਕਰਕੇ ਗ਼ਜ਼ਲ ਦਾ ਅਨਮੋਲ ਗਹਿਣਾ ਘੜ ਸਾਂਭ ਲੈਣ ਦੇ ਸਮਰੱਥ ਹਨ। ਗ਼ਜ਼ਲ ਉਹਨਾਂ ਲਈ ਮਹਿਜ਼ ਔਰਤ ਦੀ ਸੁੰਦਰਤਾ, ਨੋਕ ਝੋਕ ਦਾ ਮਸਲਾ ਨਹੀਂ। ਉਹਨਾਂ ਨੇ ਆਪਣੀ ਕਲਮ ਅਤੇ ਸੋਚ ਦਾ ਦਾਇਰਾ ਅਸੀਮ ਕਰਦਿਆਂ ਗੰਭੀਰ ਅਤੇ ਜੀਵਨ ਦੀ ਜੱਦੋ-ਜਹਿਦ ਨਾਲ ਸੰਬੰਧਿਤ ਮਸਲੇ ਉਠਾਏ ਨੇ। ਉਹਨਾਂ ਦੀ ਕਿਰਤ ਨੂੰ ਕਿਸੇ ਇੱਕ ਭਾਵ ਤੱਕ ਮਹਿਦੂਦ ਰੱਖਣਾ ਨਾਮੁਮਕਿਨ ਹੈ: ਮਸਲਾ ਹੈ ਮੇਰਾ ਘਰ ਦੀਆਂ ਕੰਧਾਂ ਬਚਾਉਣ ਦਾ, ਹੋਇਆ ਨਦੀ ਤੋਂ ਚੋਰੀਓਂ ਸਾਰਾ ਹੀ ਇੰਤਜ਼ਾਮ, ਕੱਚ ਦੀਆਂ ਰਹੁ-ਰੀਤਾਂ ਰੱਖੋਗੇ ਕਦ ਤੀਕ ਬਚਾ ਕੇ, ਚੜ੍ਹਦੇ ਲਹਿੰਦੇ ਐਸਾ ਕਾਰੋਬਾਰ ਨਹੀ ਸੀ ਸੁਣਿਆ, ਕੱਚ ਦੇ ਇਹ ਫ਼ਾਨੂਸ ਤੁਸੀਂ ਲੈ ਆਏ ਹੋ ਬਜ਼ਾਰੋਂ, ਜਸਵਿੰਦਰ ਹੁਣੀਂ, ਜਦੋਂ ਕਿਸੇ ਮਸਲੇ ਜਾਂ ਖ਼ਾਸ ਤਰ੍ਹਾਂ ਦੇ ਭਾਵ ਨਾਲ, ਮੁਖ਼ਾਤਿਬ ਹੁੰਦੇ ਨੇ ਤਾਂ ਜਜ਼ਬਾਤ ਅਤੇ ਖ਼ਿਆਲ ਦਾ ਵਹਾਅ ਨਿਰਵਿਘਨ ਵਹਿੰਦਾ ਰਹਿੰਦਾ ਹੈ। ਉਹ ਹਰ ਖ਼ਿਆਲ ਨੂੰ ਵੱਖ-ਵੱਖ ਕੋਣਾਂ ਤੋਂ ਵਾਚਦੇ, ਆਪਣੇ ਖਿਆਲ ਨੂੰ ਵਿਸਤਾਰ ਦਿੰਦੇ, ਬਹੁਤ ਮਨਮੋਹਕ ਅਤੇ ਹੈਰਾਨ ਕਰ ਦੇਣ ਵਾਲੇ ਬਿੰਬਾਂ ਨੂੰ, ਸਾਡੇ ਸਾਹਵੇਂ ਰੱਖਦਿਆਂ, ਆਪਣੇ ਆਪ ਨੂੰ ਸਮਰੱਥ ਪ੍ਰਤਿਭਾਵਾਨ ਗ਼ਜ਼ਲਗੋਆਂ ਦੀ ਮੂਹਰਲੀ ਕਤਾਰ ਵਿੱਚ ਖੜਾ ਕਰ ਲੈਂਦੇ ਨੇ: ਸਿੱਲੀ ਰੇਤ ਨਿਚੋੜਦੀਆਂ ਨੇ ਰੋਜ਼ ਤਿਹਾਈਆਂ ਚਿੜੀਆਂ, ਪੂੰਜੀਵਾਦੀ ਪਰਿਵੇਸ਼ ਵਿਚ, ਪਰੰਪਰਾਗਤ ਮਰਿਆਦਾ ਦੇ ਹਵਾਲੇ, ਰਿਸ਼ਤਿਆਂ ਦੀ ਹਕੀਕਤ ਦੀਆਂ ਅਸਲੀ ਪਰਤਾਂ, ਸਭ ਪ੍ਰਕਾਰ ਦੇ ਪਹਿਰਨਾਂ ਤੋਂ ਮੁਕਤ ਹੋ ਕੇ ਨੰਗੇ ਚਿੱਟੇ ਰੂਪ ਵਿੱਚ ਸਾਹਮਣੇ ਆਉਂਦੀਆਂ ਨੇ: ਭਾਲਾਂਗੇ ਜ਼ੁਲਫ਼ਾਂ ਚੋਂ ਕਦੇ ਰਾਤਾਂ ਗਵਾਚੀਆਂ, ਆਪਣੇ ਆਪ ਨਾਲ ਸੰਵਾਦ ਰਚਾਉਣ ਦਾ, ਇਹ ਅਮਲ ਲਗਾਤਾਰਤਾ ਵਿਚ ਹੈ। ਜਸਵਿੰਦਰ ਹੋਰਾਂ ਦੀਆਂ ਰਚਨਾਵਾਂ ਵਿਚ ਅਣਗਿਣਤ ਤੱਥਾਂ ਦੇ ਭੇਦ ਲੱਭੇ ਜਾ ਸਕਦੇ ਨੇ ਜੋ ਕਿਸੇ ਸਮੱਸਿਆ, ਉਲਝਣ ਨਾਲ ਜੁੜ ਕੇ ਇਕ ਨਿਵੇਕਲੀ ਸੁਰ ਫੜਦੇ, ਆਪਣਾ ਵਿਰੋਧ ਅਤੇ ਹੋਂਦ ਦਰਜ ਕਰਦੇ ਹਨ: ਮੌਸਮ ਨੇ ਇਤਰਾਜ਼ ਬੜਾ ਹੀ ਕਰਿਆ ਹੈ, ਪੰਜਾਬੀ ਵਿੱਚ, ਹੋਰ ਵੀ ਬਹੁਤ ਸਮਰੱਥਾਵਾਨ ਸਿਰਜਕ ਹੋਣਗੇ ਜਿਨ੍ਹਾਂ ਦੇ ਸਰੋਕਾਰਾਂ ਦਾ ਘੇਰਾ, ਏਨਾ ਵਿਸ਼ਾਲ ਰਿਹਾ ਹੋਵੇ। ਐਪਰ ਜਸਵਿੰਦਰ ਹੋਰਾਂ ਦੀ ਕਾਵਿਕ ਸੰਵੇਦਨਸ਼ੀਲਤਾ ਨੂੰ, ਉਨ੍ਹਾਂ ਦੀ ਮਾਤਾ ਦੀ ਅਸੀਸ ਨੇ ਅਮਰਤਾ ਦਾ ਵਰ ਦਿੱਤਾ ਹੈ। ਉਹਨਾਂ ਦੇ ਬੋਲਾਂ ਨੂੰ ਲਰਜ਼ਦੇ ਹੋਠਾਂ ‘ਤੇ ਸਜਾ ਕੇ, ਕੰਨਾਂ ਨੂੰ ਸਰੋਦੀ ਨਾਦ ਅਤੇ ਅਹਿਸਾਸ ਨੂੰ ਲਾਚੀਆਂ ਜਿਹੀ ਮਹਿਕ ਦਾ ਵਰਦਾਨ ਦਿੱਤਾ ਹੈ। ਮਾਂ ਦੇ ਕਹਿਣ ਅਨੁਸਾਰ ‘ਜਸਵਿੰਦਰ ਤੂੰ ਤਾਂ ਬਹੁਤ ਪਤਲ ਚੰਮਾ ਹੈਂ, ਤਾਂ ਹੀ ਹਰ ਮੌਸਮੀ ਲਰਜਿਸ਼ ਤੈਨੂੰ ਪ੍ਰਭਾਵਿਤ ਕਰਦੀ ਹੈ।’ ਇਓਂ ਹੀ ਜਸਵਿੰਦਰ ਹੁਣਾਂ ਦੀ ਸੰਵੇਦਨਸ਼ੀਲਤਾ, ਮਹੀਨ ਸੰਵੇਦਨਸ਼ੀਲ ਹੈ, ਜਿਸ ਨੂੰ ਸਮਾਜ ਵਿੱਚ ਵਾਪਰਦਾ ਹਰੇਕ ਚੰਗਾ ਬੁਰਾ ਵਰਤਾਰਾ ਪ੍ਰਭਾਵਿਤ ਕਰਦਾ ਹੈ। ਕਵਿਤਾ ਬਿਨਾਂ ਜਸਵਿੰਦਰ ਨਿਹੱਥੇ ਅਤੇ ਅਧੂਰਾ ਮਹਿਸੂਸ ਕਰਦੇ ਹਨ। ਲਫ਼ਜ਼, ਕਵਿਤਾ ਉਹਨਾਂ ਦੇ ਰੋਮ-ਰੋਮ ਨੂੰ ਆਪਣੇ ਨਾਲ ਜੋੜੀ ਬੈਠੀ ਹੈ। ਇਓਂ ਉਹਨਾਂ ਦੇ ਸੁਰਤ ਮੰਡਲ ਨੂੰ ਜੋ ਸ਼ਬਦ ਛੋਂਹਦੇ ਨੇ, ਉਹਨਾਂ ਨੂੰ ਅਨਮੋਲ ਸ਼ਿਅਰਾਂ ਦਾ ਦਰਜਾ ਮਿਲ ਜਾਂਦਾ ਹੈ। ਇਸ ਦੀਦਾਵਰ ਦੀ ਰੁਸ਼ਨਾਈ ਨੇ, ਪੂਰੇ ਮਾਲਵੇ ਨੂੰ ਤਾਂ ਕੀ, ਪੂਰੇ ਵਿਸ਼ਵ ਨੂੰ ਜਿੱਥੇ-ਜਿੱਥੇ ਵੀ ਪੰਜਾਬੀ ਵੱਸਦੇ ਨੇ, ਮਾਣਮੱਤਾ ਹੋਣ ਦਾ ਅਹਿਸਾਸ ਕਰਾ ਕੇ ਆਪਣੀ ਹੋਂਦ ਨੂੰ ਸਕਾਰਥ ਕੀਤਾ ਹੈ। ਜਸਵਿੰਦਰ ਹੁਣੀਂ ਗ਼ਜ਼ਲ ਨੂੰ ਸੰਵਾਰਦੇ, ਸਜਾਉਂਦੇ, ਮਾਣਮੱਤਾ ਕਰਦੇ ਕੈਨੇਡਾ ਵਰਗੇ ਮੁਲਕ ਵਿੱਚ ਵੀ, ‘ਗ਼ਜ਼ਲ ਮੰਚ ਸਰੀ’ ਦੇ ਪ੍ਰਧਾਨਗੀ ਦੇ ਅਹੁਦੇ ਨੂੰ ਆਪਣੇ ਨਾਲ ਜੋੜ ਕੇ ਇਸ ਅਹੁਦੇ ਨੂੰ ਮਾਣ ਦੇ ਰਹੇ ਨੇ। ਗੁਰਤੇਜ ਕੁਹਾਰਵਾਲਾ ਹੁਣਾਂ ਦਾ ਇੱਕ ਸ਼ਿਅਰ ਹੈ ਕਿ ਮੇਰੀ ਆਵਾਜ਼ ਤੋਂ ਅੱਗੇ ਵੀ ਇਕ ਵਿਸਥਾਰ ਹੈ ਮੇਰਾ, ਜਸਵਿੰਦਰ ਹੁਣਾਂ ਦੀ ਵਿਸ਼ਾਲਤਾ ਦੀ, ਥਹੁ ਪਾ ਲੈਣਾ ਮੇਰੀ ਕਲਮ ਦੇ ਵੱਸ ਨਹੀਂ। ਮੈਂ ਉਹਨਾਂ ਦੀ ਵਿਸ਼ਾਲਤਾ ਨੂੰ ਨਤਮਸਤਕ ਹੁੰਦਿਆਂ, ਉਹਨਾਂ ਦਾ ਹੀ ਇੱਕ ਸ਼ਿਅਰ ਸਾਂਝਾ ਕਰਦੀ ਹਾਂ: ਕਦੇ ਮੈਂ ਇਉਂ ਵੀ ਉਡਦਾ ਹਾਂ ਰਹੇ ਨਾ ਯਾਦ ਏਨਾ ਵੀ, ਇਸ ਤਲਖ਼ੀ ਅਤੇ ਹਨੇਰ ਭਰੇ ਦੌਰ ਵਿੱਚ ਇਹ ਗ਼ਜ਼ਲ ਆਸ ਦਾ ਪੱਲਾ ਫੜਾਉਂਦਿਆਂ ਤੁਰਦੇ ਰਹਿਣ ਲਈ ਪ੍ਰੇਰਿਤ ਕਰਦੀ ਹੈ: ਕਿਰਨ ਸਰਘੀ ਦੀ ਹਨੇਰੇ ਦੂਰ ਕਰ ਹੀ ਜਾਏਗੀ ਖੁਰਦਰੇ ਹੱਥਾਂ ‘ਚ ਰੇਸ਼ਮ ਦੇ ਪਟੋਲੇ ਹੋਣਗੇ ਫੁੱਲ ਟਹਿਕਣਗੇ ਕਰੀਰਾਂ ਦੇ ਸਿਖ਼ਰ ‘ਤੇ ਲਾਜ਼ਮੀ ਇਸ ਕਦਰ ਮਾਰੂਥਲਾਂ ਵਿਚ ਅੱਥਰੂਆਂ ਦੀ ਹੈ ਸਲ੍ਹਾਬ ਇਹੋ ਅਰਦਾਸ, ਆਸ ਅਤੇ ਵਿਸ਼ਵਾਸ ਕਿ ਗ਼ਜ਼ਲ ਨੂੰ ਬੁਲੰਦੀ ‘ਤੇ ਲੈ ਕੇ ਜਾਣ ਵਾਲਾ ਇਹ ਸਿਤਾਰਾ, ਧਰੂ ਤਾਰੇ ਵਾਂਗ ਸਾਡੇ ਸਭਨਾਂ ਦਾ ਰਾਹ ਰੁਸ਼ਨਾਉਂਦੇ ਹੋਏ, ਇਸ ਸਾਹਿਤਕ ਅੰਬਰ ਨੂੰ ਮਾਣਮੱਤਾ ਕਰੀ ਰੱਖੇ: ਪੰਛੀਆਂ ਵਰਗਾ ਸੁਦਾਮੇ ਦਾ ਕਬੀਲਾ, ਫਿਜ਼ਾ ਉਹਨਾਂ ਦੇ ਲਫ਼ਜ਼ਾਂ ਸੰਗ ਇਕਮਿਕ ਹੋ ਮੀਰਾ ਵਾਂਗ ਬਾਵਰੀ ਹੋਈ ਗੂੰਜਦੀ ਰਹੇ। ਇਹ ਗੂੰਜ ਅਸਾਨੂੰ ਆਨੰਦਿਤ ਕਰ ਆਪਣੀ ਤਲਿਸਮੀ ਸਰਸ਼ਾਰੀ ਨਾਲ ਇਓਂ ਹੀ ਸਰਾਬੋਰ ਕਰੀ ਰੱਖੇ। |
*** 491 *** |
ਮਨ ਮਾਨ
(ਮਨਵਿੰਦਰ ਕੌਰ, ਕੋਟਕਪੂਰਾ)