21 September 2024
ਮਨ ਮਾਨ (ਕੋਟ ਕਪੂਰਾ)

ਤੇਰੇ ਇਰਾਦਿਆਂ ‘ਤੇ—✍️ਮਨ ਮਾਨ

ਤੇਰੇ ਇਰਾਦਿਆਂ ‘ਤੇ

ਤੇਰੇ ਇਰਾਦਿਆਂ ‘ਤੇ ਪਾਣੀ ਵਹਾ ਦਿਆਂਗੇ।
ਜ਼ੁਲਮਾਂ ਦੀ ਅੱਗ ਮੱਚਦੀ ਦੇਖੀਂ ਬੁਝਾ ਦਿਆਂਗੇ।

ਪੱਥਰ ਤੇ ਲੀਕ ਵਾਂਗੂੰ, ਹੁੰਦੇ ਨੇ ਬੋਲ ਸਾਡੇ,
ਦੋਜ਼ਖ਼ ਜਿਹੀ ਏ ਦੁਨੀਆਂ,ਜੰਨਤ ਬਣਾ ਦਿਆਂਗੇ।

ਸੁਫ਼ਨੇ ਸਜਾ ਕੇ ਰੱਖੀਂ ਨੈਣਾਂ ਨਸ਼ੀਲਿਆਂ ਵਿਚ,
ਮੰਜ਼ਿਲ ਲਈ ਜੋ ਰੀਝਾਂ, ਸੱਭੇ ਪੁਗਾ ਦਿਆਂਗੇ।

ਹੰਝੂ ਨੂੰ ਮਾਤ ਦੇ ਕੇ ਹਾਸੇ ਨੂੰ  ਟੋਲਣਾ ਹੈ,
ਹਿੰਮਤ ਬਣਾ ਕੇ ਰੱਖੀ, ਛਹਿਬਰ ਲਗਾ ਦਿਆਂਗੇ।

ਔੜੇ ਅੜੀ ਨਾ  ਕਰ ਤੂੰ, ਬੱਦਲ ਨੇ ਯਾਰ ਸਾਡੇ,
ਰੋਹੀ ਵੀ ਬਾਗ਼ ਕਰ ਕੇ, ਨਦੀਆਂ ਵਹਾ ਦਿਆਂਗੇ।

ਪਰਬਤ ਅਡਿੱਗ ਵਾਂਗੂੰ ਹਾਕਮ ਦੀ ਜ਼ਿੱਦ ਭਾਵੇਂ
ਗਰਦੇ ਦੇ ਵਾਂਗ ਵੇਖੀਂ  ਮਿੱਟੀ ਮਿਲਾ ਦਿਆਂਗੇ।

ਫੁਟਣਾ ਕਰੂੰਬਲਾਂ ਨੇ  ਮੁੜ ਤੋਂ ਬਹਾਰ ਆਉਣੀ,
ਨਾ ਹੋ ਉਦਾਸ ਭੋਰਾ ਪਤਝੜ ਮੁਕਾ ਦਿਆਂਗੇ।

ਅਹਿਸਾਸ ਮੁੜ ਜੇ ਜਾਗਣ ਸ਼ਬਦਾਂ ਨੂੰ ਖੰਭ ਲੱਗਣ,
ਸਿੱਲੀ ਨਾ ਅੱਖ ਰਹਿਣੀ ਹੰਝੂ ਸੁਕਾ ਦਿਆਂਗੇ।

ਚੁੱਪ ਨੂੰ ਇਬਾਦਤਾਂ ਦਾ, ਰੁਤਬਾ ਬੇ ਸ਼ੱਕ ਮਿਲਿਆ,
ਬਾਬੇ ਰਬਾਬ ਬਖਸ਼ੀ ਗੂੰਗੇ ਗਵਾ ਦਿਆਂਗੇ।
**

ਜਿਨ੍ਹਾਂ ਨੂੰ ਸਿੱਕ ਤਰਨੇ ਦੀ—

ਜੇ ਲਹਿਰਾਂ ਹੋਣ ਅੱਥਰੀਆਂ ਕਿਨਾਰੇ ਖਰ ਵੀ ਜਾਂਦੇ ਨੇ
ਜਿਨ੍ਹਾਂ ਨੂੰ ਸਿੱਕ ਤਰਨੇ ਦੀ ਉਹ ਸਾਗਰ ਤਰ ਵੀ ਜਾਂਦੇ ਨੇ 

ਜਦੋਂ ਤੂੰ ਹੋਂਦ ਆਪਣੀ ਦਾ ਵੀ ਖੁਦ ਸਤਿਕਾਰ ਕਰਨਾ, ਤਾਂ,
ਜੋ ਅੱਖਾਂ ਲਾਲ ਕਰ ਵੇਖਣ ਨਿਵਾ ਕੇ ਸਿਰ ਵੀ ਜਾਂਦੇ ਨੇ 

ਸਫ਼ਰ ਦੌਰਾਨ ਆਵਣਗੇ, ਕਿਤੇ ਟਿੱਬੇ, ਕਿਤੇ ਟੋਏ,
ਕਿ ਵਗਦੀ ਇਕ ਹਨੇਰੀ ਸੰਗ ਸੱਭੇ ਭਰ ਵੀ ਜਾਂਦੇ ਨੇ 

ਚਿੜੀ ਜੋ ਸਮਝਦੇ ਤੈਨੂੰ,ਉਹ ਅਕਸਰ ਭੁੱਲ ਇਹ ਕਰਦੇ,
ਜੇ ਚਿੜੀਆਂ ਮਿਲ ਕੇ ਚਹਿਕਣ ਤਾਂ ਸ਼ਿਕਾਰੀ ਡਰ ਵੀ ਜਾਂਦੇ ਨੇ  

ਸਿਤਾਰੇ ਚਮਕਦੇ ਸੋਹਣੇ ਅਕਾਸ਼ੀਂ ਛੱਤ ਦੇ ਉੱਤੇ
ਜੇ ਹੋਵੇ ਜਾਂਚ ਚੁਗਣੇ ਦੀ ਤਾਂ ਪੱਲੇ ਭਰ ਵੀ ਜਾਂਦੇ ਨੇ

ਹੋਈਂ ਕਰਤਾ ਵੀ ਆਪੇ ਤੇ ਬਣੀ ਕਿਰਿਆ ਵੀ ਆਪੇ ਹੀ
ਨਵਾਂ ਇਤਿਹਾਸ ਲਿਖਣਾ ਤਾਂ ਇਹ ਜਜ਼ਬੇ ਭਰ ਵੀ ਜਾਂਦੇ ਨੇ

ਖੁਦਾ ਨੇ ਸਿਰਜਿਆ ਤੈਨੂੰ ਕਿ ਅਪਣਾ ਰੂਪ ਦੇ ਕੇ ਹੀ
ਵਰ੍ਹੇ ਜਦ ਮੇਘ ਮਮਤਾ ਦਾ ਤਪੇ “ਮਨ” ਠਰ ਵੀ ਜਾਂਦੇ ਨੇ
***

122
***

 

ਮਨ ਮਾਨ
(ਮਨਵਿੰਦਰ ਕੌਰ, ਕੋਟਕਪੂਰਾ)

ਮਨ ਮਾਨ

ਮਨ ਮਾਨ (ਮਨਵਿੰਦਰ ਕੌਰ, ਕੋਟਕਪੂਰਾ)

View all posts by ਮਨ ਮਾਨ →