13 November 2024

ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ‘ਸਟੈਨ ਸਵਾਮੀ’ ਨੂੰ ਸ਼ਰਧਾਂਜ਼ਲੀਆਂ—ਪ੍ਰੈਸ ਰੀਪੋਰਟ

ਜਮਹੂਰੀ ਹੱਕਾਂ ਦੀ ਲਹਿਰ ਮਜ਼ਬੂਤ ਕਰਨ ਦਾ ਸੱਦਾ
*11 ਜੁਲਾਈ ਨੂੰ ਦੇਸ਼ ਭਗਤ ਯਾਦਗਾਰ ਹਾਲ ਸਮਾਗਮ ’ਚ ਪੁੱਜਣ ਦੀ ਅਪੀਲ

ਜਲੰਧਰ: 6 ਜੁਲਾਈ: ਦੇਸ਼ ਭਗਤ ਯਾਦਗਾਰ ਕਮੇਟੀ ਨੇ ਅੱਜ ਦੇਸ਼ ਭਗਤ ਯਾਦਗਾਰ ਹਾਲ ’ਚ ਹੰਗਾਮੀ ਸ਼ੋਕ ਸਭਾ ਕਰਕੇ ਮੁਲਕ ਦੇ ਜਾਣੇ-ਪਹਿਚਾਣੇ ਜਮਹੂਰੀ, ਮਾਨਵੀ ਹੱਕਾਂ ਦੇ ਅਲੰਬਦਾਰ ਸਟੈਨ ਸਵਾਮੀ ਦੀ ਮੌਤ ਨੂੰ ਸਥਾਪਤੀ ਵੱਲੋਂ ਕੀਤੀ ਸੰਸਥਾਗਤ ਹੱਤਿਆ ਕਰਾਰ ਦਿੰਦੇ ਹੋਏ ਸਮਾਜ ਨੂੰ ਅਜੇਹੇ ਫਾਸ਼ੀ ਵਾਰ ਰੋਕਣ ਲਈ ਉੱਠ ਖੜ੍ਹੇ ਹੋਣ ਦਾ ਸੱਦਾ ਦਿੱਤਾ ਹੈ।

ਦੇਸ਼ ਭਗਤ ਯਾਦਗਾਰ ਕਮੇਟੀ ਦੇ ਟਰੱਸਟੀ ਅਤੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਸਟੈਨ ਸਵਾਮੀ ਦੇ ਵਿਸ਼ੇਸ਼ ਕਰਕੇ ਆਦਿ ਵਾਸੀ ਕਬੀਲੇ ਦੇ ਹੱਕਾਂ, ਜੰਗਲ, ਜਲ, ਜ਼ਮੀਨ, ਮਾਨਵੀ ਅਧਿਕਾਰਾਂ ਲਈ 50 ਵਰੇ੍ਹ ਸਦਾ ਸਫ਼ਰ ’ਤੇ ਰਹਿਣ ਵਾਲੇ ਸੰਗਰਾਮੀ ਜੀਵਨ ’ਤੇ ਝਾਤ ਪਵਾਉਂਦਿਆਂ ਕਿਹਾ ਕਿ 84 ਵਰ੍ਹਿਆਂ ਦੇ ਬਜ਼ੁਰਗ ਵਿਦਵਾਨ ਅਤੇ ਮਿਸ਼ਾਲੀ ਸਮਾਜ-ਸੇਵੀ ਨੂੰ ਬਿਨਾਂ ਮੁਕੱਦਮਾ ਚਲਾਏ, ਨਾ-ਮੁਰਾਦ ਬਿਮਾਰੀਆਂ ਨਾਲ ਗ੍ਰਸਤ ਹੋਣ ਦੇ ਬਾਵਜੂਦ ਜੇਲ੍ਹ ਅੰਦਰ ਡੱਕੀ ਰੱਖਣਾ ਅਮਾਨਵੀ, ਜ਼ਾਲਮਾਨਾ ਅਤੇ ਮੌਤ ਦੇ ਮੂੰਹ ਧੱਕਣ ਵਾਲੀ ਕਾਤਲਾਨਾ ਕਾਰਵਾਈ ਹੈ।

ਉਹਨਾਂ ਕਿਹਾ ਕਿ ਖੇਤੀ, ਕਿਰਤ, ਸਿੱਖਿਆ, ਸਿਹਤ, ਬਿਜਲੀ, ਪਾਣੀ, ਜਮਹੂਰੀ ਹੱਕਾਂ ਦੀ ਰਾਖੀ ਲਈ ਮੁਲਕ ਭਰ ਦੇ ਲੋਕਾਂ ਦੀ ਬਾਂਹ ਫੜਨ ਵਾਲੇ ਬੁੱਧੀਜੀਵੀਆਂ, ਲੇਖਕਾਂ, ਸਾਹਿਤਕਾਰਾਂ, ਕਵੀਆਂ, ਰੰਗ ਕਰਮੀਆਂ ਅਤੇ ਜਮਹੂਰੀ ਕਾਮਿਆਂ ਦੀ ਜ਼ੁਬਾਨਬੰਦੀ ਕਰਕੇ ਅਤੇ ਤਿਲਤਿਲ ਕਰਕੇ ਮਰਨ ਲਈ ਮਜ਼ਬੂਰ ਕਰਕੇ ਮੋਦੀ ਹਕੂਮਤ ਅਸਲ ’ਚ ਲੋਕਾਂ ਨੂੰ ਦਹਿਸ਼ਤਜ਼ਦਾ ਕਰਕੇ ਮੁਲਕ ਦੇਸੀ ਬਦੇਸ਼ੀ ਕਾਰਪੋਰੇਟ ਘਰਾਣਿਆਂ ਨੂੰ ਨਿਲਾਮ ਕਰਨ ਦੇ ਰਾਹ ਮੋਕਲੇ ਕਰਨ ਦੀ ਹੋਛੀ ਖੇਡ ਖੇਡ ਰਹੀ ਹੈ, ਜਿਸਦਾ ਮੁਲਕ ਦੇ ਲੋਕ ਮੂੰਹ ਤੋੜ ਜਵਾਬ ਦੇਣਗੇ। ਇਹ ਸਾਡੇ ਇਤਿਹਾਸ, ਸਾਡੀ ਮਿੱਟੀ ਸਾਡੀ ਵਿਰਾਸਤ ਦਾ ਬੁਨਿਆਦੀ ਸੰਗਰਾਮੀ ਚਰਿੱਤਰ ਹੈ।

ਉਹਨਾਂ ਨੇ ਵਿਸ਼ੇਸ਼ ਕਰਕੇ ਨੌਜਵਾਨਾਂ, ਵਿਦਿਆਰਥੀਆਂ ਨੂੰ ਆਪਣੇ ਭਵਿੱਖ ’ਚ ਖੂਬਸੂਰਤ ਰੰਗ ਭਰਨ ਲਈ, ਸਮਾਜ ਤੇ ਮੰਡਲਾ ਰਹੇ ਕਾਲ਼ੇ ਬੱਦਲਾਂ ਖਿਲਾਫ਼ ਤੀਜੀ ਅੱਖ ਖੋਲ੍ਹਕੇ ਤੁਰਨ ਦੀ ਅਪੀਲ ਕੀਤੀ।

ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ ਨੇ ਸਟੈਨ ਸਵਾਮੀ ਨੂੰ ਸ਼ਰਧਾਂਜ਼ਲੀ ਭੇਂਟ ਕਰਦਿਆਂ ਕਿਹਾ ਕਿ ਜਿਸ ਆਜ਼ਾਦੀ, ਜਮਹੂਰੀਅਤ, ਮਾਨਵੀ ਕਦਰਾਂ ਕੀਮਤਾਂ ਲਈ ਗ਼ਦਰੀ ਦੇਸ਼ ਭਗਤਾਂ ਨੇ ਆਪਣਾ ਸਭ ਕੁਝ ਆਜ਼ਾਦੀ ਸੰਗਰਾਮ ’ਚ ਵਾਰ ਦਿੱਤਾ ਸਟੈਨ ਸਵਾਮੀ ਦੀ ਜੁਡੀਸ਼ੀਅਲ ਹਿਰਾਸਤ ਵਿੱਚ ਹੋਈ ਹੱਤਿਆ ਅੰਗਰੇਜ਼ਸ਼ਾਹੀ ਦੇ ਕਾਲ਼ੇ ਕਾਨੂੰਨਾਂ ਨੂੰ ਵੀ ਮਾਤ ਪਾਉਣ ਦਾ ਸ਼ਰਮਨਾਕ ਕਾਰਾ ਹੈ।

ਉਹਨਾਂ ਕਿਹਾ ਕਿ ਸੱਤਾ ਦਾ ਕੇਂਦਰੀਕਰਣ ਕਰਕੇ ਉਂਗਲਾਂ ਤੇ ਗਿਣੇ ਜਾਣ ਵਾਲੇ ਕੁੱਝ ਵਿਅਕਤੀ ਸਾਡੇ ਮੁਲਕ ਦੇ ਕੁਦਰਤੀ ਮਾਲ ਖਜ਼ਾਨਿਆਂ ਉਪਰ ਜੱਫ਼ਾ ਮਾਰਨ ਦੀਆਂ ਖੁੱਲ੍ਹਾਂ ਵੀ ਦੇ ਰਹੇ ਹਨ ਅਤੇ ਰੌਸ਼ਨ ਦਿਮਾਗ ਵਿਦਵਾਨਾਂ ਦੀਆਂ ਜਿੰਦੜੀਆਂ ਨਾਲ ਵੀ ਖੇਡ ਰਹੇ ਹਨ।

ਉਹਨਾਂ ਕਿਹਾ ਕਿ ਸਟੈਨ ਸਵਾਮੀ ਦੀ ਕੁਰਬਾਨੀ ਅਜਾਈਂਂ ਨਹੀਂ ਜਾਏਗੀ। ਮੁਲਕ ਦੇ ਲੋਕ ਜ਼ਾਲਮਾਨਾ ਰਾਜ ਖਿਲਾਫ਼ ਅੰਗੜਾਈ ਭਰ ਰਹੇ ਹਨ। ਆਪਣਾ ਸਭ ਦਾ ਆਪੋ-ਆਪਣੇ ਵਿੱਤ ਮੁਤਾਬਕ ਜਮਹੂਰੀ ਲੋਕ ਲਹਿਰ ’ਚ ਯੋਗਦਾਨ ਪਾਉਣਾ ਹੀ ਸਟੈਨ ਸਵਾਮੀ ਨੂੰ ਸੱਚੀ ਸ਼ਰਧਾਂਜ਼ਲੀ ਹੈ।

ਦੇਸ਼ ਭਗਤ ਯਾਦਗਾਰ ਕਮੇਟੀ ਦੇ ਸੀਨੀਅਰ, ਟਰੱਸਟੀ ਅਤੇ ਲਾਇਬਰੇਰੀ ਕਮੇਟੀ ਦੇ ਕਨਵੀਨਰ ਸੁਰਿੰਦਰ ਕੁਮਾਰੀ ਕੋਛੜ ਨੇ ਸਟੈਨ ਸਵਾਮੀ ਦੇ ਸੂਹੇ ਜੀਵਨ ਸਫ਼ਰ ਤੋਂ ਪ੍ਰੇਰਨਾ ਲੈਣ ਦੀ ਅਪੀਲ ਕਰਦਿਆਂ ਕਿਹਾ ਕਿ ਕਾਲ਼ੀ ਹਨੇਰੀ ਖਿਲਾਫ਼ ਮੋਮਬੱਤੀਆਂ ਜਗਾ ਕੇ ਤੁਰਨਾ ਸਮੇਂ ਦੀ ਲੋੜ ਹੈ। ਉਹਨਾ ਨੇ ਨੌਜਵਾਨਾਂ ਨੂੰ ਆਪਣੇ ਇਤਿਹਾਸਕ ਫਰਜ਼ ਪਹਿਚਾਨਣ ਦੀ ਅਪੀਲ ਕੀਤੀ।

ਸ਼ਰਧਾਂਜ਼ਲੀ ਸਮਾਗਮ ’ਚ ਦੇਸ਼ ਭਗਤ ਯਾਦਗਾਰ ਕਮੇਟੀ ਦੇ ਮੀਤ ਪ੍ਰਧਾਨ ਸੀਤਲ ਸਿੰਘ ਸੰਘਾ, ਇਤਿਹਾਸ ਕਮੇਟੀ ਆਗੂ ਚਰੰਜੀ ਲਾਲ ਕੰਗਣੀਵਾਲ, ਕਮੇਟੀ ਮੈਂਬਰ ਹਰਮੇਸ਼ ਮਾਲੜੀ ਵੀ ਮੌਜੂਦ ਸਨ।
***
236
***
ਜਾਰੀ ਕਰਤਾ:
ਅਮੋਲਕ ਸਿੰਘ
ਕਨਵੀਨਰ, ਸਭਿਆਚਾਰਕ ਵਿੰਗ
98778-68710

Website | + ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ