ਮੈਂ ਅੱਜ ਉਸ ਲੇਖਕ ਦੀ ਗੱਲ ਕਰਨ ਜਾ ਰਹੀ ਹਾਂ, ਜਿਸ ਨੂੰ ਲਿਖਣ ਦਾ ਸ਼ੌਕ ਹੀ ਨਹੀਂ, ਜਨੂੰਨ ਵੀ ਹੈ। ਪਹਿਲਾਂ ਗੱਲ ਮੈਂ ਰੂਪ ਢਿੱਲੋਂ ਦੀ ਕਰਾਂਗੀ। ਉਸ ਦੀਆਂ ਲਿਖਤਾਂ ਨੂੰ ਤੁਸੀਂ ਫ਼ੇਸਬੁੱਕ, ਵਟਸਐਪ, ਕੁਝ ਰਸਾਲਿਆਂ ਤੇ ਜਾਂ ਉਸ ਦੀਆਂ ਕੁਝ ਪਹਿਲਾਂ ਲਿਖੀਆਂ ਕਿਤਾਬਾਂ ਵਿੱਚ ਪੜ੍ਹਿਆ ਹੋਵੇਗਾ। ਅਕਸਰ ਉਸ ਦੀ ਵਿਲੱਖਣਤਾ ਦਾ ਜ਼ਿਕਰ ਵੀ ਹੁੰਦਾ ਰਹਿੰਦਾ ਹੈ। ਉਹ ਖ਼ੁਦ ਵੀ ਇਸ ਨੂੰ ਵਿਚਿੱਤਰਵਾਦ ਦਾ ਨਾਮ ਦਿੰਦਾ ਹੈ। ਉਸ ਨੂੰ ਪੜ੍ਹਣ ਤੋਂ ਪਹਿਲਾਂ ਉਸ ਨੂੰ ਜਾਣ ਲੈਣਾ ਜ਼ਰੂਰੀ ਹੈ। ਰੂਪ ਢਿੱਲੋਂ ਇੰਗਲੈਂਡ ਦਾ ਜੰਮਪਲ ਹੈ। ਮਾਪੇ 1960ਵਿਆਂ ਵਿੱਚ ਇੰਗਲੈਂਡ ਆ ਕੇ ਵਸ ਗਏ ਸਨ। ਉਨ੍ਹਾਂ ਦੀਆਂ ਉਸ ਵੇਲ਼ੇ ਦੀਆਂ ਪ੍ਰਸਥਿਤੀਆਂ ਦਾ ਅਸਰ ਲੇਖਕ ਦੇ ਬਾਲ ਮਨ ਉਪਰ ਜ਼ਰੂਰ ਪਿਆ ਹੋਵੇਗਾ। ਘਰ ਵਿੱਚ ਪੰਜਾਬੀ ਬੋਲੀ ਜਾਂਦੀ ਸੀ ਤੇ ਬਾਹਰ ਅੰਗ੍ਰੇਜ਼ੀ ਨਾਲ਼ ਉਸ ਦਾ ਵਾਹ ਪੈਂਦਾ ਸੀ। ਨਾਨਕੇ ਮਾਲਵੇ ਵਿੱਚ ਤੇ ਦਾਦਕੇ ਦੁਆਬੇ ਵਿੱਚ ਹਨ। ਇਸ ਲਈ ਉਸ ਦੀ ਲਿਖਤ ਵਿੱਚ ਤੇ ਸੋਚ ‘ਚ ਦੋਹਾਂ ਦਾ ਅਸਰ ਮਿਲੇਗਾ। ਉਸ ਤਰ੍ਹਾਂ ਦੀ ਪੰਜਾਬੀ ਜਿਸ ਲਹਿਜੇ ਵਿੱਚ ਬਾਹਰਲੇ ਜੰਮਪਲ ਅਕਸਰ ਬੋਲ਼ਦੇ ਨੇ। ਇੱਕ ਕਿਸਮ ਦਾ ਨਵਾਂ ਲਹਿਜਾ ਬਣ ਗਿਆ ਹੈ ਜਿਸ ਵਿੱਚ ਠੇਠ ਜਾਂ ਸ਼ੁੱਧ ਪੰਜਾਬੀ ਤੇ ਅੰਗ੍ਰੇਜ਼ੀ ਦੇ ਸ਼ਬਦ ਸ਼ਾਸਤਰ ਇੱਕ-ਮਿੱਕ ਹੋ ਚੁੱਕੇ ਹਨ। ਰੂਪ ਦੇ ਕਹਿਣ ਅਨੁਸਾਰ ਕਿ ਇਸ ਤਰ੍ਹਾਂ ਹੀ ਸਪੇਨੀ ਅਤੇ ਫਰਾਂਸੀਸੀ ਨਾਲ਼ ਹੋਇਆ ਜਦ ਉਹ ਭਾਸ਼ਾਵਾਂ ਆਪਣਿਆਂ ਦੇਸ਼ਾਂ ਚੋਂ ਬਾਹਰ ਜਾ ਕੇ ਲਾਤੀਨੀ ਮੁਲਕਾਂ ਜਾਂ ਕੈਨੇਡਾ ‘ਚ ਜਾ ਪਹੁੰਚੀਆਂ ਅਤੇ ਇਹ ਤਾਂ ਜ਼ੁਬਾਨਾਂ ਦਾ ਸਹਿਜ ਵਿਕਾਸ ਹੈ। ਉਹ ਸਮਝਦਾ ਹੈ ਕਿ ਜਿਨ੍ਹਾਂ ਵਿਦੇਸ਼ੀ ਪੰਜਾਬੀਆਂ ਨੇ ਅੱਗੇ ਤੋਂ ਪੰਜਾਬੀ ਬੋਲ਼ਣੀ ਹੈ ਇਸ ਰੂਪ ਚ ਹੋਵੇਗੀ ਅਤੇ ਬਾਹਰਲੇ ਪੰਜਾਬ ਦੀ ਉਪਬੋਲੀ ‘ਚ ਉਹ ਲਿਖਦਾ ਹੈ।
ਰੂਪ ਦਾ ਪੜ੍ਹਣ ਦਾ ਸ਼ੌਕ ਸੀ ਤੇ ਉਹ ਅੰਗ੍ਰੇਜ਼ੀ ਦੇ ਅਖ਼ਬਾਰ, ਰਸਾਲੇ ਤੇ ਫਿਰ ਸਾਹਿਤ ਪੜ੍ਹਦਾ ਰਿਹਾ। ਪੰਜਾਬੀ ਦੇ ਕੈਦੇ ਤੋਂ ਉਸ ਨੇ ਆਪਣੇ ਆਪ ਪੈਂਤੀ ਅੱਖਰ ਸਿੱਖੇ। ਫਿਰ ਉਸਦੀ ਰੁਚੀ ਪੰਜਾਬੀ ਦੇ ਨਾਵਲ ਪੜ੍ਹਣ ਵੱਲ ਵਧਦੀ ਗਈ ਤੇ ਲਿਖਣਾ ਸ਼ੁਰੂ ਕਰ ਦਿੱਤਾ। ਮੇਰੇ ਕਹਿਣ ਦਾ ਭਾਵ ਹੈ ਕਿ ਉਸ ਨੂੰ ਪੜ੍ਹਣ ਵੇਲ਼ੇ ਇਸ ਗੱਲ ਦਾ ਖ਼ਿਆਲ ਰੱਖਣਾ ਜ਼ਰੂਰੀ ਹੈ। ਨਿਰੰਤਰ ਲਿਖਣ ਵਾਲਾ ਇਹ ਨੋਜਵਾਨ ਕਦੇ ਕਦੇ ਭਾਵੁਕ ਵੀ ਹੋ ਜਾਂਦਾ ਹੈ; ਹੌਂਸਲਾ ਵੀ ਛੱਡ ਜਾਂਦਾ ਹੈ, ਜਦੋਂ ਉਸ ਨੂੰ ਲੱਗਦਾ ਹੈ ਕਿ ਸ਼ਾਇਦ ਉਸ ਨੂੰ ਕੋਈ ਸਮਝਦਾ ਨਹੀਂ। ਪਰ ਮੈਂ ਜਿਤਨਾ ਉਸ ਨੂੰ ਵਾਚਿਆ ਹੈ, ਉਸ ਵਰਗਾ ਸਿਰੜੀ ਲੇਖਕ ਨਹੀਂ ਦੇਖਿਆ। ਉਹ ਆਪੇ ਹੀ ਕੀਤੀ ਮਿਹਨਤ ਨਾਲ਼ ਹੋਰ ਵੀ ਸਿੱਖਣ ਦਾ ਯਤਨ ਕਰਦਾ ਰਹਿੰਦਾ ਹੈ। ਉਹ ਸੋਚਦਾ ਹੈ, ਪੜਤਾਲ ਕਰਦਾ ਹੈ ਤੇ ਫਿਰ ਲਿਖਦਾ ਹੈ। ਹੁਣ ਮੈਂ ਉਸ ਦੇ ਵੱਡ ਅਕਾਰੀ ਲਿਖੇ ਨਾਵਲ “ਚਿੱਟਾ ਤੇ ਕਾਲ਼ਾ” ਦੀ ਗੱਲ ਕਰਨ ਜਾ ਰਹੀ ਹਾਂ। ਉਸ ਦਾ ਖਰੜਾ ਪੜ੍ਹਦੇ ਪੜ੍ਹਦੇ ਉਸ ਤੇ ਮਾਣ ਵੀ ਹੋਇਆ। ਕੰਮ ਕਾਰ ਦੇ ਰੁਝੇਂਵੇ ਪਰਿਵਾਰਿਕ ਜੁੰਮੇਵਾਰੀਆਂ ਤੇ ਐਡਾ ਵੱਡਾ ਨਾਵਲ ਲਿਖਣਾ ਕੋਈ ਆਸਾਨ ਨਹੀਂ ਸੀ। ਮੈਂ “ਚਿੱਟਾ ਤੇ ਕਾਲ਼ਾ” ਨੂੰ ਤਿੰਨ ਲੜੀ ਦੇ ਰੂਪ ਵਿੱਚ ਦੇਖਿਆ ਹੈ। ਪਹਿਲੇ ਹਿੱਸੇ ਵਿੱਚ ਲੇਖਕ ੳਨ੍ਹਾਂ ਵੇਲਿਆਂ ਦੀ ਗੱਲ ਕਰਦਾ ਹੈ, ਜਦੋਂ ਸੱਠਵਿਆਂ ਵਿੱਚ ਲੋਕ, ਖ਼ਾਸ ਕਰ ਏਸ਼ੀਅਨ ਭਾਈਚਾਰਾ, ਇੰਗਲੈਂਡ ਵਿੱਚ ਆਉਣਾ ਸ਼ੁਰੂ ਹੋਇਆ। ਇਸ ਹਿੱਸੇ ਵਿੱਚ ਉਸ ਨੇ ਉਸ ਵੇਲੇ ਦੀਆਂ ਸਮਾਜਿਕ, ਆਰਥਿਕ, ਸੱਭਿਆਚਾਰਿਕ, ਰਾਜਨੀਤਕ ਤੇ ਖ਼ਾਸ ਕਰ ਨਸਲਵਾਦ ਦੀਆਂ ਪਰਿਸਥਿਤੀਆਂ ਦਾ ਜ਼ਿਕਰ ਬਾਖੂਬੀ ਕੀਤਾ ਹੈ। ਸਾਲ ਦਰ ਸਾਲ ਹਾਲਾਤ ਕਿਵੇਂ ਬਦਲਦੇ ਰਹੇ। ਪੜ੍ਹਦੇ ਪੜ੍ਹਦੇ ਤੁਹਾਨੂੰ ਲੱਗੇਗਾ ਜਿਵੇਂ ਇਹ ਸਭ ਕੁਝ ਤੁਹਾਡੇ ਆਲ਼ੇ ਦੁਆਲ਼ੇ ਹੀ ਵਾਪਰਦਾ ਰਿਹਾ ਹੈ। ਅਗਲੇ ਹਿੱਸੇ ਵਿੱਚ ਲੇਖਕ ਕਿਰਦਾਰਾਂ ਨੂੰ ਪਿੱਛੇ ਲੈ ਜਾਂਦਾ ਹੈ; ਜੰਗਲ਼ ਰਾਜ ਵਿੱਚ ਵਰਤਾਰਾ ਉਹੀ ਹੈ ਕਿਰਦਾਰ ਉਹੋ ਜਿਹੇ ਹੀ ਹਨ। ਬੱਸ ਇੱਕ ਦੌੜ ਹੈ ਜੋ ਨਿਰੰਤਰ ਚਲਦੀ ਜਾ ਰਹੀ ਹੈ, ਇੱਕ ਦੂਸਰੇ ਤੋਂ ਅੱਗੇ ਨਿਕਲ਼ਣ ਦੀ। ਸਿਰਫ਼ ਰੂਪ ਪਰਿਵਰਤਨ ਹੀ ਹੁੰਦਾ ਹੈ। ਪਹਿਲੇ ਹਿੱਸੇ ਨੂੰ ਲੇਖਕ ਨੇ“ਸਮੁੰਦਰ ਪਾਰ”, ਤੇ ਦੂਸਰੇ ਹਿੱਸੇ ਨੂੰ “ਸ਼ੇਰ ਦੇ ਟਸੂਏ” ਦਾ ਨਾਮ ਦਿੱਤਾ ਹੈ। ਅਖੀਰਲੇ ਹਿੱਸੇ ਨੂੰ “ਰੂਪ ਪਰਿਵਰਤਨ” ਦੇ ਸੰਦਰਭ ਵਿੱਚ ਲਿਆ ਹੈ। ਮੌਜੂਦਾ ਹਾਲਾਤਾਂ ਦਾ ਬਾਖੂਬੀ ਵਰਨਣ ਕੀਤਾ ਹੈ। ਨਵੀਂ ਤੇ ਪੁਰਾਣੀ ਪੀੜ੍ਹੀ ਦੀ ਸੋਚ ਦਾ ਫ਼ਰਕ, ਰੰਗ ਰੂਪ ਦਾ ਵਖਰੇਵਾਂ, ਜਾਤ ਨਸਲ ਦਾ ਪਾੜਾ ਬਹੁਤ ਕੁਝ ਦਾ ਵਰਨਣ ਮਿਲੇਗਾ। ਕਈ ਥਾਵਾਂ ਤੇ ਵਾਕ ਬਣਤਰ ਜਾਂ ਸ਼ਬਦ ਰੜਕਣਗੇ ਜ਼ਰੂਰ। ਪਰ ਜੋ ਗੱਲ ਮੈਂ ਸ਼ੁਰੂਆਤ ਵਿੱਚ ਕੀਤੀ ਹੈ ਉਸ ਦਾ ਖ਼ਿਆਲ ਰੱਖਾਂਗੇ ਤਾਂ ਸਾਨੂੰ ਨਿਸ਼ਚੇ ਹੀ ਰੂਪ ਢਿੱਲੋਂ ਤੇ ਮਾਣ ਹੋਵੇਗਾ। ਯਕੀਨ ਹੀ ਨਹੀਂ, ਵਿਸ਼ਵਾਸ਼ ਵੀ ਹੈ ਕਿ ਉਹ ਭੱਵਿਖ ਵਿੱਚ ਹੋਰ ਵੀ ਸੁਚੇਤ ਹੋ ਕੇ ਨਵੀਂਆਂ ਲੀਹਾਂ ਪਾਵੇਗਾ। ਸਾਡਾ ਭੱਵਿਖ ਹੈ ਰੂਪ ਢਿੱਲੋਂ। ਉਸ ਨੂੰ ਸਮਝਣਾ, ਉਸ ਦਾ ਸਾਥ ਦੇ ਕੇ ਹੌਂਸਲਾ ਦੇਣਾ ਬਣਦਾ ਹੀ ਨਹੀਂ, ਸਾਡਾ ਫਰਜ਼ ਵੀ ਹੈ। ਮੈਂ ਉਸ ਦੀ ਅਣਥੱਕ ਮਿਹਨਤ ਨੂੰ ਸਿਜਦਾ ਕਰਦੀ ਹਾਂ। ੳਮੀਦ ਹੈ ਤੁਸੀਂ“ਚਿੱਟਾ ਤੇ ਕਾਲ਼ਾ” ਪੜ੍ਹ ਕੇ ਆਪਣੀ ਰਾਇ, ਆਪਣੇ ਸੁਝਾਅ ਤੇ ਹੌਂਸਲਾ ਜ਼ਰੂਰ ਦੇਵੋਗੇ। ਮੁਬਾਰਕ ਰੂਪ ਢਿੱਲੋਂ! – ਕੁਲਵੰਤ ਢਿੱਲੋ |
*** 782 ** |