1. ਅਗਨ
ਜਿਊਂਦੇ ਰਹਿਣ ਦਾ ਬਣਦੀ , ਸਦਾ ਆਧਾਰ ਇਹ ਅਗਨੀ।
ਕਿ ਸਿਰਜਣਹਾਰ ਦੀ ਰਚਨਾ ਦਾ, ਸੋਹਣਾ ਪਿਆਰ ਇਹ ਅਗਨੀ।
ਇਹ ਸਭ ਆਕਾਰ ਤੇ ਬ੍ਰਹਿਮੰਡ ਦੇ, ਮੁੱਢਲੇ ਨੇ ਤੱਤ ਜਿਹੜੇ,
ਧਰਤ ਪਾਣੀ ਹਵਾ ਨੇ ਤਿੰਨ, ਨੰਬਰ ਚਾਰ ਇਹ ਅਗਨੀ।
ਅਗਨ ਇਕ ਗਰਭ ਅੰਦਰ ਸੀ, ਧੜਕਦੀ ਜਿੰਦ ਉਸ ਵਿੱਚੋਂ
ਉਦਰ ਚੋ ਬਾਹਰ ਮੋਹ ਮਾਇਆ, ਦਾ ਹੈ ਸੰਸਾਰ ਇਹ ਅਗਨੀ।
ਹੁਸਨ ਜਦ ਵਾਰ ਹੈ ਕਰਦਾ, ਇਸ਼ਕ ਦੇ ਸੰਗ ਜਦ ਮਿਲਦਾ,
ਕਿ ਇਸ ਸੰਗਮ ਸੁਹਾਣੇ ਦੀ ,ਅਨੋਖੀ ਧਾਰ ਇਹ ਅਗਨੀ।
ਕੋਈ ਬੱਝਾ ਏ ਤ੍ਰਿਸ਼ਨਾ ਦਾ, ਕੋਈ ਹੰਕਾਰ ਵਿਚ ਡੁੱਬਾ,
ਕਤਲ ਕਰਨੇ ਲਈ ਹੱਥੀਂ ਫੜੀ, ਤਲਵਾਰ ਇਹ ਅਗਨੀ।
ਇਲਾਕੇ ਧਰਮ ਤੇ ਜਾਤਾਂ, ਮਨੁੱਖਾਂ ਵਿਚ ਜੋ ਪਾਈਆਂ ਨੇ
ਅਜਿਹੀਆਂ ਨਫਰਤਾਂ ਦਾ ਕਿਉਂ, ਰਹੀ ਘਰਬਾਰ ਇਹ ਅਗਨੀ।
ਬੜਾ ਹੈ ਸੇਕ ਢਿੱਡ ਅੰਦਰ, ਬੜਾ ਹੀ ਸੇਕ ਦਿਲ ਅੰਦਰ,
ਸਦਾ ਹੀ ਸੇਕ ਦਿਲ ਦੇ ਨੂੰ, ਏ ਦਿੰਦੀ ਠਾਰ ਇਹ ਅਗਨੀ।
ਸੁਣੇ ਨਾ ਹੂਕ ਕਿਰਤੀ ਦੀ, ਖੜੀ ਜੋਕਾਂ ਦੇ ਪਾਸੇ ਹੈ,
ਸਿਵੇ ਜਨਤਾ ਦੇ ਸੜਦੇ ਨੇ, ਬਣੀ ਸਰਕਾਰ ਇਹ ਅਗਨੀ।
ਗਲ਼ਾਂ ਵਿਚ ਟਾਇਰ ਪਾ ਪਾ ਕੇ, ਸੜੀ ਇਨਸਾਨੀਅਤ ਸੀ ਜਦ,
ਭਿਆਨਕ ਰੂਪ ਸੀ ਡਾਢਾ ,ਬੜੀ ਖੂੰਖਾਰ ਇਹ ਅਗਨੀ।
ਜਦੋ ਉਹ ਠਰ ਗਿਆ ਹੋਣੈ, ਤਾਂ ਸਮਝੋ ਮਰ ਗਿਆ ਹੋਣੈ,
ਨਾ ਮਿਲਦੀ ਨਕਦ ਹੀ ਕਿਧਰੋਂ, ਤੇ ਨਾ ਉਧਾਰ ਇਹ ਅਗਨੀ।
“ਰੁਪਾਲ” ਇਹ ਸੋਚ ਨਾ ਜਲਣੀ, ਕਿਸੇ ਵੀ ਹਾਲ ਵਿਚ ਯਾਰੋ,
ਮੇਰੀ ਦੇਹੀ ਨੂੰ ਫੂਕਣ ਨੂੰ ਤਾਂ, ਭਾਵੇਂ ਤਿਆਰ ਇਹ ਅਗਨੀ।
***
2. ਲਹਿਰੀਆ ਛੰਦ
1. ਸਾਡੀ ਜ਼ਿੰਦਗੀ ਚ ਤਲਖ਼ੀਆਂ ਬਾਹਲੀਆਂ।
ਕੁਝ ਖੁੰਦਕਾਂ ਨੇ ਅਸੀਂ ਖੁਦ ਪਾਲ਼ੀਆਂ।
ਖੁਸ਼ ਹੋਣ ਲਈ ਘਾਲਣਾ ਨਾ ਘਾਲੀਆਂ।
ਆਓ ਕੁਝ ਚਿਰ ਹੱਸੀਏ ਹਸਾਈਏ ਦੋਸਤੋ।
ਆਪ ਨੱਚੀਏ ਤੇ ਹੋਰਾਂ ਨੂੰ ਨਚਾਈਏ ਦੋਸਤੋ।
2. ‘ਕੱਠੇ ਹੋ ਕੇ ਸਾਂਝੀ ਪ੍ਰੀਤ ਆਪਾਂ ਪਾ ਲਈਏ।
ਕੁਝ ਬੋਲੀਆਂ ਤੇ ਟੱਪੇ ਅੱਜ ਗਾ ਲਈਏ।
ਸੰਗ ਸਾਥੀਆਂ ਦੇ ਤਾਈਂ ਵੀ ਰਲਾ ਲਈਏ।
ਉੱਚੀ ਉੱਚੀ ਡੱਗਾ ਢੋਲ ਉੱਤੇ ਲਾਈਏ ਦੋਸਤੋ।
ਆਪ ਨੱਚੀਏ ਤੇ ਹੋਰਾਂ ਨੂੰ ਨਚਾਈਏ ਦੋਸਤੋ।
3. ਵਿਹਲ ਕੱਢਣੀ ਏ ਜਰਾ ਕੰਮ ਕਾਰ ਚੋਂ।
ਦਿਖੇ ਨੂਰ ਸਾਡੀ ਵੱਖਰੀ ਨੁਹਾਰ ਚੋਂ।
ਮਹਿਕ ਵੰਡਣੀ ਏ ਸਭ ਨੂੰ ਪਿਆਰ ਚੋਂ।
ਪਾਉਂਦੇ ਬਾਘੀਆਂ ਤਾਂ ਸੱਥ ਵਿੱਚ ਆਈਏ ਦੋਸਤੋ।
ਆਪ ਨੱਚੀਏ ਤੇ ਹੋਰਾਂ ਨੂੰ ਨਚਾਈਏ ਦੋਸਤੋ।
4. ਕਿੱਸਾ ਇਸ਼ਕੇ ਦਾ ਹੀਰ ਵਾਲਾ ਛੇੜੀਏ।
ਕਿਤੇ ਮਜਨੂੰ ਦੇ ਵਾਂਗੂ ਖੂਹ ਗੇੜੀਏ।
ਥਲਾਂ ਵਿੱਚ ਸੜੀ ਸੀਗੀ ਉਹ ਕਿਹੜੀ ਏ।
ਯਾਰ ਤਾਈਂ ਮਾਸ ਪੱਟ ਦਾ ਖਵਾਈਏ ਦੋਸਤੋ।
ਆਪ ਨੱਚੀਏ ਤੇ ਹੋਰਾਂ ਨੂੰ ਨਚਾਈਏ ਦੋਸਤੋ।
5. ਰੁੱਖਾਂ ਹੇਠ ਪੀਂਘਾਂ ਪੈਂਦੀਆਂ ਹੀ ਰਹਿਣ ਜੀ।
ਗੱਲ ਦਿਲਾਂ ਦੀ ਨੂੰ ਦਿਲ ਸਦਾ ਕਹਿਣ ਜੀ।
ਝਨਾਂ ਪ੍ਰੀਤਾਂ ਦੇ ਤਾਂ ਤੇਜ ਤੇਜ ਵਹਿਣ ਜੀ।
ਸਾਂਝਾਂ ਗੂੜੀਆਂ ਤੇ ਪੀਡੀਆਂ ਪਕਾਈਏ ਦੋਸਤੋ।
ਆਪ ਨੱਚੀਏ ਤੇ ਹੋਰਾਂ ਨੂੰ ਨਚਾਈਏ ਦੋਸਤੋ।
6. ਜਾਤਾਂ ਮਜ਼ਹਬਾਂ ਦੇ ਝਗੜੇ ਮੁਕਾ ਦੀਏ।
ਮੇਰ ਤੇਰ ਵਾਲੇ ਫਰਕ ਮਿਟਾ ਦੀਏ।
ਰਾਣਾ ਰੰਕ ਇੱਕੋ ਜਗ੍ਹਾ ਤੇ ਬੈਠਾ ਦੀਏ ।
ਜੋਤ ਪਿਆਰ ਦੀ ਨੂੰ ਮਿਲ ਕੇ ਜਗਾਈਏ ਦੋਸਤੋ।
ਆਪ ਨੱਚੀਏ ਤੇ ਹੋਰਾਂ ਨੂੰ ਨਚਾਈਏ ਦੋਸਤੋ।
7. ਆ ਜਾ ਪਾਈਏ ਗਲਵੱਕਡ਼ੀਆਂ ਘੁੱਟ ਕੇ।
ਸ਼ੱਕ, ਸ਼ਿਕਵੇ, ਸ਼ਿਕਾਇਤਾਂ ਪਿੱਛੇ ਸੁੱਟ ਕੇ।
ਬੂਟੇ ਵਹਿਮ ਤੇ ਭੁਲੇਖਿਆਂ ਦੇ ਪੁੱਟ ਕੇ।
ਨਵੇਂ ਬੀਜ ਤਾਂ ਮੁਹੱਬਤਾਂ ਦੇ ਲਾਈਏ ਦੋਸਤੋ।
ਆਪ ਨੱਚੀਏ ਤੇ ਹੋਰਾਂ ਨੂੰ ਨਚਾਈਏ ਦੋਸਤੋ।
***
ਜਸਵਿੰਦਰ ਸਿੰਘ ‘ਰੁਪਾਲ’
ਲੈਕਚਰਾਰ ਅਰਥ-ਸ਼ਾਸ਼ਤਰ,
ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ,
ਕਟਾਣੀ ਕਲਾਂ( ਲੁਧਿਆਣਾ)-141113
|