4 November 2024

ਦੋ ਗ਼ਜ਼ਲਾਂ —✍️ਰੂਪ ਸਿੱਧੂ

 “ਬਹਿ ਕੇ ਗੱਲ ਨਬੇੜ ਨ ਲਈਏ”

1.ਗ਼ਜ਼ਲ

ਭੁੱਲ ਸਭ ਲੱਗ-ਲਬੇੜ ਨ ਲਈਏ ?
ਬਹਿ ਕੇ ਗੱਲ ਨਿਖੇੜ ਨ ਲਈਏ ? 

ਆਣ ਵੜੇ ਕੋਹ ਕਾਫ ‘ਚ ਹਾਂ ਹੁਣ
ਦਿਲ ਦੇ ਬੂਹੇ ਭੇੜ ਨ ਲਈਏ ?

ਖ਼ੁਦ ਲਿਖ ਕੇ ਅਪਣੇ ਲੇਖਾਂ ਨੂੰ
ਖੁਸ਼ੀਆਂ ਦੇ ਖੂਹ ਗੇੜ ਨ ਲਈਏ ?

ਚੀਸ ਜਿਹੀ ਦੀ ਆਦਤ ਹੈ, ਹੁਣ
ਫੇਰ ਖਰਿੰਡ ਉਖੇੜ ਨ ਲਈਏ ?

ਝੂਠੇ ਰਿਸ਼ਤੇ ਜੀਣੇ ਨਾਲੋਂ
ਚਲ ਇਹ ਬੁਣਤ ਉਧੇੜ ਨ ਲਈਏ ?

ਬਿਨ ਪੀਤੀ ਵੀ ਪੀਤੀ ਆਂਹਦੈ
ਝੂਠੀ ਮੂਠੀ, ਖੇੜ ਨ ਲਈਏ ?

ਝਿੜਕੇਗਾ ਪਰ ਚੁੱਪ ਤਾਂ ਤੋੜੂ
ਗੁੱਸੇ ਹੈ ਤਾਂ, ਛੇੜ ਨ ਲਈਏ ?

ਅਗਲਾ ਜਨਮ ਉਡੀਕਣ ਨਾਲੋਂ
ਮਿਲ਼ ਗਿਲ਼ ਏਸੇ ਗੇੜ ਨ ਲਈਏ ?

‘ਰੂਪ’ ਕਿਤੇ ਹਾਸੇ ਵਿਚ ਆਪਾਂ
ਫਿਰ ਉਹ ਦਰਦ ਸਹੇੜ ਨ ਲਈਏ । 

——-غزل——-

بھلّ سبھ لگّ-لبیڑ ن لئیے ؟
بہہ کے گلّ نکھیڑ ن لئیے ؟

آن وڑے کوہ کاف ‘چ ہاں ہن
دل دے بوہے بھیڑ ن لئیے ؟

خود لکھ کے اپنے لیکھاں نوں
خوشیاں دے کھوہ گیڑ ن لئیے ؟

چیس جہی دی عادت ہے، ہن
پھیر کھرنڈ اکھیڑ ن لئیے ؟

جھوٹھے رشتے جینے نالوں
چل ایہہ بنت ادھیڑ ن لئیے ؟

بن پیتی وی پیتی آنہدے
جھوٹھی موٹھی، کھیڑ ن لئیے ؟

جھڑکیگا پر چپّ تاں توڑو
غصے ہے تاں، چھیڑ ن لئیے ؟

اگلا جنم اڈیکن نالوں
مل گل ایسے گیڑ ن لئیے ؟

‘روپ’ کتے ہاسے وچ آپاں
پھر اوہ درد سہیڑ ن لئیے ۔
روپ سدھو 

**

ਹਾਸਿਆਂ ਚੋਂ ਹੁਣ ਖੁਸ਼ੀ ਗ਼ਾਇਬ ਦਿਸੇ ਕਿਉਂ। 

2. ਗ਼ਜ਼ਲ

ਹਾਸਿਆਂ ਚੋਂ ਹੁਣ ਖੁਸ਼ੀ ਗ਼ਾਇਬ ਦਿਸੇ ਕਿਉਂ।
ਜਿਉਂਦਿਆਂ ਚੋਂ ਜ਼ਿੰਦਗੀ ਗ਼ਾਇਬ ਦਿਸੇ ਕਿਉਂ। 

ਤੇਲ ਤੇ ਵੱਟੀਆਂ ਬਰਾਬਰ ਹਨ ਅਗਰ ਤਾਂ
ਦੀਵਿਆਂ ਚੋਂ ਰੋਸ਼ਨੀ ਗ਼ਾਇਬ ਦਿਸੇ ਕਿਉਂ। 

ਰੱਬ ਜੀ ਹੱਡ ਮਾਸ ਦੇ ਕਲਬੂਤ ਤੇਰੇ
ਸਿਰਜਿਆਂ ਚੋਂ ਆਦਮੀ ਗ਼ਾਇਬ ਦਿਸੇ ਕਿਉਂ। 

ਛੱਤ ਕੇ ਸਾਰਾ ਦੁਆਲਾ ਆਪ ਪੁੱਛਨੈਂ
ਵਿਹੜਿਆਂ ਚੋਂ ਚਾਂਦਨੀ ਗ਼ਾਇਬ ਦਿਸੇ ਕਿਉਂ। 

ਸਭ ਤੇਰੇ ਭਾਣੇ ‘ਚ ਹੈ ਤਾਂ ਰੱਬ ਜੀ ਫਿਰ
ਬੰਦਿਆਂ ਚੋਂ ਬੰਦਗੀ ਗ਼ਾਇਬ ਦਿਸੇ ਕਿਉਂ। 

ਕੌਣ ਬੋਲਾਂ ਚੋਂ ਮਿਠਾਸਾਂ ਲੈ ਗਿਆ ਹੈ ?
ਰਿਸ਼ਤਿਆਂ ਚੋਂ ਚਾਸ਼ਣੀ ਗ਼ਾਇਬ ਦਿਸੇ ਕਿਉਂ। 

ਰੂਪ ਤੇਰੀ ਸੋਚ ਵਿਚ ਹੀ ਦੋਸ਼ ਤਾਂ ਨਈਂ
ਹਿਰਦਿਆਂ ਚੋਂ ਸਾਦਗੀ ਗ਼ਾਇਬ ਦਿਸੇ ਕਿਉਂ। 

—–غزل—–

ہاسیاں چوں ہن خوشی غائب دسے کیوں۔
جیوندیاں چوں زندگی غائب دسے کیوں۔

تیل تے وٹیاں برابر ہن اگر تاں
دیویاں چوں روشنی غائب دسے کیوں۔

ربّ جی ہڈّ ماس دے قلبوت تیرے
سرجیاں چوں آدمی غائب دسے کیوں۔

چھت کے سارا دوالا آپ پچھنیں
وہڑیاں چوں چاندنی غائب دسے کیوں۔

سبھ تیرے بھانے ‘چ ہے تاں ربّ جی پھر
بندیاں چوں بندگی غائب دسے کیوں۔

کون بولاں چوں مٹھاساں لے گیا ہے ؟
رشتیاں چوں چاشنی غائب دسے کیوں۔

روپ تیری سوچ وچ ہی دوش تاں نئیں
ہردیاں چوں سادگی غائب دسے کیوں۔
روپ سدھو
***
123
***

 

roop999@hotmail.com | + ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ