ਮਨੁੱਖ ਹਮੇਸ਼ਾ ਹੀ ਸਮੂਹਾਂ ਅਤੇ ਵਿਅਕਤੀਗਤ ਰੂਪ ਵਿਚ ਯੁੱਧ ਅਤੇ ਸੰਘਰਸ਼ ਤੋਂ ਮੁਕਤੀ ਪਾਉਣ, ਗ਼ਰੀਬੀ ਜਾਂ ਭੁੱਖਮਰੀ ਤੋਂ ਬਚਣ, ਆਰਥਿਕਤਾ ਸੁਧਾਰਣ ਦੇ ਨਵੇਂ ਮੌਕਿਆਂ, ਰੋਜ਼ਗਾਰ ਦੀ ਭਾਲ, ਧਾਰਮਿਕ ਅਸਹਿਣਸ਼ੀਲਤਾ, ਰਾਜਨੀਤਿਕ ਦਮਨ ਤੋਂ ਬਚਾਅ, ਵਪਾਰ ਕਰਨ ਜਾਂ ਨਵੀਆਂ ਥਾਵਾਂ ਦੀ ਯਾਤਰਾ ਕਰਨ ਲਈ ਪ੍ਰਵਾਸ ਕਰਦਾ ਰਿਹਾ ਹੈ। ਮਨੁੱਖ ਦੇ ਪ੍ਰਵਾਸ ਦੀ ਕਹਾਣੀ ਕੋਈ ਨਵੀਂ ਨਹੀਂ ਹੈ। ਇਜ਼ਰਾਈਲ ਦੀ ਹਾਈਫ਼ਾ ਯੂਨੀਵਰਸਿਟੀ ਦੇ ਪ੍ਰੋਫੈਸਰ ਮੀਨਾ ਵੈਨਸਟੀਨ-ਐਵਰੌਨ ਅਤੇ ਤੇਲਅਵੀਵ ਯੂਨੀਵਰਸਿਟੀ ਦੇ ਪ੍ਰੋਫੈਸਰ ਇਜ਼ਰਾਈਲ ਹੇਰਸ਼-ਕੋਵਿਟਜ਼ ਨੇ ਆਪਣੇ ਸਹਿਯੋਗੀਆਂ ਨਾਲ ਰਲ ਕੇ ਇਜ਼ਰਾਈਲ ਦੀ ਮਿਸਲਿਆ ਗੁਫ਼ਾ ਵਿਚ ਮਨੁੱਖ ਭਾਵ ਅਫ਼ਰੀਕਨ ਹੋਮੋ-ਇਰੇਕਟਸ ਦਾ ਫੌਸਿਲ ਲੱਭਿਆ ਹੈ, ਜਿਸਦਾ ਕਾਲ ਕਰੀਬ ਪੌਣੇ ਦੋ ਲੱਖ ਸਾਲ ਪਹਿਲਾਂ ਦਾ ਦੱਸਿਆ ਜਾਂਦਾ ਹੈ। ਇਸ ਤੋਂ ਮਨੁੱਖ ਦੇ ਅਫ਼ਰੀਕਾ ਤੋਂ ਇਜ਼ਰਾਈਲ ਤੱਕ ਦੇ ਪ੍ਰਵਾਸ ਬਾਰੇ ਪਤਾ ਲੱਗਦਾ ਹੈ। ਆਧੁਨਿਕ ਮਨੁੱਖ ਨੇ ਅਫ਼ਰੀਕਾ ਤੋਂ ਆਪਣਾ ਫੈਲਾਅ ਸ਼ੁਰੂ ਕੀਤਾ ਅਤੇ ਇੰਝ ਪ੍ਰਤੀਤ ਹੁੰਦਾ ਹੈ ਕਿ ਇਸ ਫੈਲਾਅ ਨੇ ਦੋ ਰੂਪ ਲੈ ਲਏ ਹੋਣ। ਪਹਿਲਾ ਛੋਟੀ ਆਬਾਦੀ ਦੁਆਰਾ ਆਸਪਾਸ ਦੇ ਇਲਾਕਿਆਂ ‘ਤੇ ਕਬਜ਼ਾ ਅਤੇ ਉਸ ਤੋਂ ਬਾਅਦ ਵੱਡੇ ਪੱਧਰ ‘ਤੇ ਪ੍ਰਵਾਸ। ਉਤਰੀ ਅਫ਼ਰੀਕਾ ਅਤੇ ਮਿਡਲ ਈਸਟ ਦਾ ਖੁਸ਼ਕ ਵਾਤਾਵਰਣ ਅਫ਼ਰੀਕਾ ਤੋਂ ਬਾਹਰ ਹੋਣ ਵਾਲੇ ਪ੍ਰਵਾਸ ਵਿਚ ਵੱਡੀ ਰੋਕ ਲਗਾ ਰਿਹਾ ਸੀ। ਇਸ ਲਈ ਪ੍ਰਵਾਸ ਕਰਨ ਤੋਂ ਪਹਿਲਾਂ ਉਹਨਾਂ ਦਾ ਇਸ ਕਠੋਰ ਵਾਤਾਵਰਣ ਵਿਚ ਜਿਉਣ ਲਈ ਸਰੀਰਕ ਅਤੇ ਮਾਨਸਿਕ ਤੌਰ ‘ਤੇ ਵਿਕਸਤ ਹੋ ਜਾਣਾ ਲਾਜ਼ਿਮੀ ਸੀ, ਜਦੋਂ ਕਿ ਉਹਨਾਂ ਨੂੰ ਭੋਜਨ ਅਤੇ ਪਾਣੀ ਦੇ ਮੌਸਮੀ ਸ੍ਰੋਤਾਂ ‘ਤੇ ਵਧੇਰੇ ਨਿਰਭਰ ਹੋਣਾ ਪੈਂਦਾ ਸੀ। ਇੱਕ ਲੱਖ ਸਾਲ ਪਹਿਲਾਂ ਤੱਕ ਮਨੁੱਖ ਚਾਰ ਵੱਖਰੀਆਂ ਪ੍ਰਜਾਤੀਆਂ ਦੇ ਰੂਪ ਵਿਚ ਖਿਲਰ ਗਿਆ ਸੀ ਅਤੇ ਵਿਭਿੰਨਤਾ ਪ੍ਰਾਪਤ ਕਰ ਚੁੱਕਿਆ ਸੀ। ਹੁਣ ਕੇਵਲ ਇੱਕ ਹੀ ਮਨੁੱਖੀ ਪ੍ਰਜਾਤੀ ਬਚੀ ਹੈ। ਇਨਸਾਨਾਂ ਦੀ ਤਰਾਂ ਜਾਨਵਰ ਅਤੇ ਪੰਛੀ ਵੀ ਭੋਜਨ ਦੀ ਭਾਲ ਵਿਚ ਪ੍ਰਵਾਸ ਕਰਦੇ ਹਨ। ਆਰਕਟਿਕ ਸਮੁੰਦਰੀ ਪੰਛੀ ਦਾ ਵਜ਼ਨ 90 ਤੋਂ 120 ਗ੍ਰਾਮ ਹੁੰਦਾ ਹੈ। ਇਹ ਮੰਨਿਆ ਜਾਂਦਾ ਹੈ ਕਿ ਇਹ ਪੰਛੀ ਸਾਲ ਵਿਚ ਕਰੀਬ ਚਾਲੀ ਹਜ਼ਾਰ ਕਿਲੋਮੀਟਰ ਦਾ ਸਫ਼ਰ ਤੈਅ ਕਰਦਾ ਹੈ। ਭਾਰਤ ਦੀ ਵੰਡ ਸਮੇਂ ਹੋਏ ਪ੍ਰਵਾਸ ਨੂੰ ਦੁਨੀਆਂ ਦੇ ਵੱਡੇ ਪ੍ਰਵਾਸਾਂ ਵਿਚ ਗਿਣਿਆ ਜਾਂਦਾ ਹੈ ਅਤੇ ਕਰੀਬ ਸਾਢੇ ਚੌਦਾਂ ਮਿਲੀਅਨ ਲੋਕਾਂ ਦੇ ਪ੍ਰਵਾਸ ਦਾ ਅੰਦਾਜ਼ਾ ਹੈ। ਆਸਟ੍ਰੇਲੀਆ ਵਿਚ ਪ੍ਰਵਾਸ ਦਾ ਇਤਿਹਾਸ ਕਰੀਬ ਅੱਸੀ ਹਜ਼ਾਰ ਸਾਲ ਪੁਰਾਣਾ ਹੈ, ਜਦੋਂ ਕਿ ਔਬਰੀਜਨਲ ਲੋਕਾਂ ਦੇ ਪੁਰਖੇ ਇੱਥੇ ਆਏ ਸਨ। 1788 ਵਿਚ ਜਦੋਂ ਆਸਟ੍ਰੇਲੀਆ ਵਿਚ ਯੋਰਪੀਅਨ ਸੈਟਲਮੈਂਟ ਸ਼ੁਰੂ ਹੋਈ ਤਾਂ ਇਥੋਂ ਦੇ ਮੂਲ ਨਿਵਾਸੀਆਂ ਦੀ ਗਿਣਤੀ ਅੰਦਾਜ਼ਨ ਚਾਰ ਲੱਖ ਸੀ, ਜੋ ਕਿ ਹੁਣ ਕਰੀਬ ਛੱਬੀ ਮਿਲੀਅਨ ਹੋ ਚੁੱਕੀ ਹੈ। 2013 ਵਿਚ ਹੋਈ ਇੱਕ ਜਰਮਨ ਸਟੱਡੀ ਮੁਤਾਬਿਕ ਭਾਰਤ ਤੋਂ ਆਸਟ੍ਰੇਲੀਆ ਵਿਚ ਪ੍ਰਵਾਸੀ ਕਰੀਬ ਚਾਰ ਹਜ਼ਾਰ ਸਾਲ ਤੋਂ ਵੀ ਪਹਿਲਾਂ ਪਹੁੰਚੇ ਸਨ। ਇਸ ਹਿਸਾਬ ਨਾਲ ਭਾਰਤੀਆਂ ਦਾ ਆਸਟ੍ਰੇਲੀਆ ਵਿਚ ਪ੍ਰਵਾਸ ਕੈਪਟਨ ਜੇਮਜ਼ ਕੁੱਕ ਤੋਂ ਵੀ ਪਹਿਲਾਂ ਹੋਇਆ ਸੀ। ਅਧਿਐਨ ਮੁਤਾਬਿਕ ਆਸਟ੍ਰੇਲੀਅਨ ਔਬਰੀਜਨਲ ਲੋਕਾਂ ਦਾ ਗਿਆਰਾਂ ਪ੍ਰਤੀਸ਼ਤ ਡੀ.ਐਨ.ਏ. ਭਾਰਤੀਆਂ ਤੋਂ ਆਇਆ ਹੈ। 26 ਜਨਵਰੀ 1788 ਨੂੰ ਕੈਪਟਨ ਜੇਮਜ਼ ਕੁੱਕ ਦੀ ਅਗਵਾਈ ਵਿਚ ਗਿਆਰਾਂ ਸ਼ਿੱਪਾਂ ਤੇ ਚੜ੍ਹ ਕੇ 1350 ਲੋਕਾਂ ਦਾ ਗਰੁੱਪ ਨਿਊ ਸਾਊਥ ਵੇਲਜ਼ ਵਿਚ ਆਇਆ ਸੀ, ਅਤੇ ਇੱਥੇ ਬ੍ਰਿਟਿਸ਼ ਕਲੋਨੀਆਂ ਬਨਾਉਣ ਦੀ ਸ਼ੁਰੂਆਤ ਹੋਈ ਸੀ। 1970 ਤੇ 80 ਦੌਰਾਨ ਕਰੀਬ ਇੱਕ ਲੱਖ ਵੀਹ ਹਜ਼ਾਰ ਰਫਿਊਜੀਆਂ ਨੇ ਆਸਟ੍ਰੇਲੀਆ ਵਿਚ ਸ਼ਰਨ ਲਈ। 30 ਜੂਨ 2020 ਦੇ ਅੰਕੜਿਆਂ ਅਨੁਸਾਰ ਆਸਟ੍ਰੇਲੀਆ ਵਾਸੀਆਂ ਵਿਚੋਂ ਇੰਗਲੈਂਡ ਵਿਚ ਜੰਮੇ ਵਿਅਕਤੀਆਂ ਦਾ ਪ੍ਰਤੀਸ਼ਤ 3.8 ਸੀ ਅਤੇ ਉਸ ਤੋਂ ਬਾਅਦ ਭਾਰਤ ਵਿਚ ਜੰਮਿਆਂ ਦਾ ਨੰਬਰ ਆਉਂਦਾ ਹੈ ਜੋ ਕਿ ਕੁੱਲ ਆਬਾਦੀ ਦਾ 2.8 ਪ੍ਰਤੀਸ਼ਤ ਬਣਦਾ ਹੈ। ਤੀਹ ਜੂਨ ਤੱਕ ਆਸਟ੍ਰੇਲੀਆ ਵਿਚ 7.6 ਮਿਲੀਅਨ ਪ੍ਰਵਾਸੀ ਰਹਿ ਰਹੇ ਸਨ, ਅਤੇ ਕੁੱਲ ਆਬਾਦੀ ਦੇ 29.8 ਪ੍ਰਤੀਸ਼ਤ ਲੋਕਾਂ ਦਾ ਜਨਮ ਆਸਟ੍ਰੇਲੀਆ ਤੋਂ ਬਾਹਰ ਹੋਇਆ ਹੈ। ਪ੍ਰਵਾਸ ਦੇ ਫਾਇਦੇ ਤੇ ਨੁਕਸਾਨ ਬਰਾਬਰ ਚੱਲਦੇ ਹਨ। ਬਾਹਰੋਂ ਆਏ ਵਰਕਰ ਘੱਟ ਪੈਸਿਆਂ ਤੇ ਵੀ ਕੰਮ ਕਰ ਦਿੰਦੇ ਹਨ। ਨਵੇਂ ਪ੍ਰਵਾਸੀ ਉਹ ਕੰਮ ਕਰਨ ਲਈ ਵੀ ਤਿਆਰ ਹੋ ਜਾਂਦੇ ਹਨ, ਜੋ ਲੋਕਲ ਜਨਤਾ ਨਹੀਂ ਕਰਨਾ ਚਾਹੁੰਦੀ। ਇਸ ਦੀ ਕਲਾਸਿਕ ਉਦਾਹਰਣ ਆਸਟ੍ਰੇਲੀਆ ਵਿਚ ਹੀ ਵੇਖਣ ਨੂੰ ਮਿਲ ਜਾਂਦੀ ਹੈ। 2007-08 ਦੌਰਾਨ ਬਹੁਤ ਸਟੂਡੈਂਟ ਆਸਟ੍ਰੇਲੀਆ ਆਏ। ਉਸ ਵੇਲੇ ਵਿਸ਼ਵ ਪੱਧਰ ‘ਤੇ ਆਰਥਿਕ ਮੰਦਹਾਲੀ ਚੱਲ ਰਹੀ ਸੀ, ਜਿਸਨੂੰ ‘ਗਲੋਬਲ ਫਾਈਨਾਸ਼ੀਅਲ ਕਰਾਈਸਸ’ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਉਸ ਦੌਰਾਨ ਕੰਮਕਾਰ ਦੇ ਬਹੁਤ ਬੁਰੇ ਹਾਲਾਤ ਸਨ। ਉਦੋਂ ਮੌਕੇ ਅਤੇ ਮਜਬੂਰੀਆਂ ਦਾ ਫਾਇਦਾ ਚੁੱਕਣ ਵਾਲਿਆਂ ਨੇ ਆਪਣੇ ਬਹੁਤ ਹੱਥ ਰੰਗੇ, ਕਿਉਂ ਜੋ ਕੰਮ ਕਰਨ ਵਾਲੇ ਬਹੁਤ ਸਾਰੇ ਲੋਕ ਸਨ ਅਤੇ ਉਹਨਾਂ ਨੂੰ ਘੱਟ ਰੇਟ ‘ਤੇ ਵੀ ਕੰਮ ਕਰਨਾ ਪਿਆ। ਪ੍ਰਵਾਸ ਨਾਲ ਸੱਭਿਆਚਾਰਕ ਵਿਭਿੰਨਤਾ ਆਉਂਦੀ ਹੈ। ਵੱਖ-ਵੱਖ ਕੰਮਾਂ ਦੇ ਮਾਹਿਰ ਅਸਾਨੀ ਨਾਲ ਮਿਲ ਜਾਂਦੇ ਹਨ। ਸਥਾਨਿਕ ਅਰਥਵਿਵਸਥਾ ਅਤੇ ਗੌਰਮਿੰਟ ਨੂੰ ਟੈਕਸਾਂ ਤੋਂ ਹੋਣ ਵਾਲੀ ਆਮਦਨ ਵਿਚ ਵੀ ਵਾਧਾ ਹੁੰਦਾ ਹੈ। ਜੇਕਰ ਲੋਕ ਵਧਦੇ ਹਨ ਤਾਂ ਬਹੁਤ ਸਾਰੀਆਂ ਇੰਡਸਟਰੀਆਂ ਵੀ ਤਰੱਕੀ ਕਰਦੀਆਂ ਹਨ। ਪ੍ਰਵਾਸ ਨਾਲ ਕੁਝ ਲੋਕਾਂ ਲਈ ਹੋਣ ਵਾਲੇ ਨੁਕਸਾਨਾਂ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ। ਆਸਟ੍ਰੇਲੀਆ ਦੇ ਪੁਰਾਣੇ ਹਮਵਤਨਾਂ ਦੇ ਮੂੰਹੋਂ ਮੈਂ ਖੁਦ ਬਹੁਤ ਵਾਰ ਸੁਣਿਆ ਹੈ ਕਿ ਵਿਦਿਆਰਥੀਆਂ ਦੇ ਪ੍ਰਵਾਸ ਤੋਂ ਪਹਿਲਾਂ, ਲੋਕ ਉਹਨਾਂ ਨੂੰ ਮਿੰਨਤਾਂ ਕਰਕੇ ਕੰਮ ‘ਤੇ ਲੈ ਕੇ ਜਾਂਦੇ ਸਨ, ਉਹ ਮੂੰਹੋਂ ਮੰਗੇ ਪੈਸੇ ਦਿੰਦੇ ਸਨ, ਪਰ ਹੁਣ ਕੰਮ ਦੀ ਬਹੁਤ ਤੰਗੀ ਹੋ ਗਈ ਹੈ। ਪੈਸੇ ਵੀ ਘਟ ਗਏ ਹਨ। ਜੇਕਰ ਕਾਮੇ ਵਧੇ ਹਨ ਤਾਂ ਪੈਦਾਵਾਰ ਵੀ ਵਧੀ ਹੈ। ਬਹੁਤ ਸਾਰੇ ਕਿਸਾਨ ਪਹਿਲਾਂ ਕੇਵਲ ਇਨੀ ਕੁ ਖੇਤੀ ਕਰਦੇ ਸਨ, ਜਿਨੀ ਕੁ ਲੇਬਰ ਆਸਾਨੀ ਨਾਲ ਮਿਲ ਜਾਵੇ, ਜਾਂ ਉਹਨਾਂ ਦਾ ਪਰਿਵਾਰ ਕੰਮ ਸਾਂਭ ਸਕੇ ਪਰ ਇਹ ਮੇਰੇ ਵੇਖਣ ਦੀਆਂ ਗੱਲਾਂ ਹਨ ਕਿ ਹੁਣ ਉਹਨਾਂ ਕਿਸਾਨਾਂ ਦੀ ਖੇਤੀ ਤਿੱਗਣੀ-ਚੌਗਣੀ ਹੋ ਗਈ ਹੈ। ਵਧੇਰੇ ਆਬਾਦੀ ਨਾਲ ਸਕੂਲਾਂ, ਹਸਪਤਾਲਾਂ ਜਾਂ ਰਿਹਾਇਸ਼ੀ ਇਲਾਕਿਆਂ ਦੀ ਕਮੀ ਮਹਿਸੂਸ ਹੋ ਸਕਦੀ ਹੈ, ਮੌਜੂਦਾ ਸਮੇਂ ਵਿਚ ਇਸ ਕਿਸਮ ਦੀਆਂ ਸਮੱਸਿਆਵਾਂ ਤਕਰੀਬਨ ਹਰੇਕ ਨੂੰ ਦਰਪੇਸ਼ ਆ ਰਹੀਆਂ ਹਨ। ਵਾਹਨਾਂ ਦੀ ਗਿਣਤੀ ਵਧਣ ਨਾਲ ਪ੍ਰਦੂਸ਼ਣ ਦਾ ਸਤਰ ਵਧਦਾ ਹੈ। 2011 ਦੇ ਅੰਕੜਿਆਂ ਅਨੁਸਾਰ ਆਸਟ੍ਰੇਲੀਆ ਵਿਚ 16.4 ਮਿਲੀਅਨ ਰਜਿਸਟਰਡ ਵਹੀਕਲ ਸਨ, ਜਿਹਨਾਂ ਦੀ ਗਿਣਤੀ 31 ਜਨਵਰੀ 2021 ਤੱਕ ਵਧ ਕੇ 20.1 ਮਿਲੀਅਨ ਹੋ ਗਈ। ਪ੍ਰਵਾਸ ਨਾਲ ਨਸਲੀ ਭੇਦਭਾਵ ਤੇ ਵਿਤਕਰਾ ਵਧਦਾ ਹੈ। 2002 ਵਿਚ ਭਾਰਤ ਤੋਂ ਆਉਣ ਵਾਲੇ ਵਿਦਿਆਰਥੀਆਂ ਦੀ ਗਿਣਤੀ 11,370 ਸੀ, ਵਿਦਿਆਰਥੀਆਂ ਦੀ ਆਮਦ ਦਾ ਸਲਾਨਾ ਵਾਧਾ 2006 ਵਿਚ 39,166 ਤੱਕ ਪੁੱਜ ਗਿਆ। 2007 ਵਿਚ ਭਾਰਤ ਤੋਂ ਆਏ ਵਿਦਿਆਰਥੀਆਂ ਦੀ ਵਾਧਾ ਦਰ ਵਿਚ 62 ਪ੍ਰਤੀਸ਼ਤ ਤੋਂ ਵਧੇਰੇ ਦਾ ਹੈਰਾਨੀਜਨਕ ਵਾਧਾ ਹੋਇਆ, ਜੋ ਕਿ 2008-09 ਵਿਚ ਹੋਰ ਵੀ ਵਧਦਾ ਗਿਆ। ਕੁਝ ਕੁ ਸਾਲ ਮੁੜ ਵਿਦਿਆਰਥੀਆਂ ਦੀ ਆਮਦ ਨੂੰ ਬਰੇਕਾਂ ਲੱਗੀਆਂ ਪਰ 2019 ਦਾ ਸਾਲ ਆਸਟ੍ਰੇਲੀਆ ਦੀ ਐਜੂਕੇਸ਼ਨ ਇੰਡਸਟਰੀ ਲਈ ਕਮਾਲ ਦਾ ਸਾਲ ਰਿਹਾ। ਇਸ ਸਾਲ ਰਿਕਾਰਡ 95,2271 ਵਿਦਿਆਰਥੀ ਵਿਸ਼ਵ ਭਰ ਤੋਂ ਆਸਟ੍ਰੇਲੀਆ ਆਏ। ਮਾਈਗ੍ਰੇਸ਼ਨ ਕੌਂਸਲ ਆਫ਼ ਆਸਟ੍ਰੇਲੀਆ ਦੀ ਨਵੀਨਤਮ ਰਿਪੋਰਟ ਅਨੁਸਾਰ 2050 ਤੱਕ ਆਸਟ੍ਰੇਲੀਆ ਵਾਸੀ ਬੇਹਤਰ ਸਿੱਖਿਆ ਪ੍ਰਾਪਤ ਅਤੇ ਹੋਰ ਵਧੇਰੇ ਲਾਭਕਾਰੀ ਹੋਣਗੇ। ਆਸਟ੍ਰੇਲੀਆ ਦੀ ਕੁੱਲ ਅਨੁਮਾਨਿਤ ਆਬਾਦੀ 38 ਮਿਲੀਅਨ ਹੋਵੇਗੀ ਅਤੇ ਪ੍ਰਵਾਸੀ ਲੋਕ ਇਸ ਮੁਲਕ ਦੀ ਅਰਥਵਿਵਸਥਾ ਵਿਚ 1.6 ਟ੍ਰਿਲੀਅਨ ਡਾਲਰ ਦਾ ਯੋਗਦਾਨ ਪਾਉਣਗੇ। ਰਿਪੋਰਟ ਵਿਚ ਇਹ ਵੀ ਦੱਸਿਆ ਗਿਆ ਕਿ ਵਿਦਿਆਰਥੀ ਵੀਜ਼ਾ ਨਾਲ ਹੁੰਦਾ ਪ੍ਰਵਾਸ ਦੇਸ਼ ਦੀ ਅਰਥਵਿਵਸਥਾ ਲਈ ਸਭ ਤੋਂ ਵਧੀਆ ਹੈ। ਇਸ ਰਿਪੋਰਟ ਅਨੁਸਾਰ ਪ੍ਰਵਾਸ ਆਸਟ੍ਰੇਲੀਆ ਦੇ ਆਰਥਿਕ ਭਵਿੱਖ ਅਤੇ ਭਲਾਈ ਲਈ ਮਹੱਤਵਪੂਰਣ ਰੋਲ ਨਿਭਾਉਂਦਾ ਰਹੇਗਾ। ਕੋਈ ਵੀ ਭਾਈਚਾਰਾ ਜਦੋਂ ਪ੍ਰਵਾਸ ਕਰਦਾ ਹੈ ਤਾਂ ਉਸਦੇ ਮੈਂਬਰਾਂ ਦੀ ਮੁੱਢਲੀ ਲੋੜ ਆਪਣੀਆਂ ਬੁਨਿਆਦੀ ਲੋੜਾਂ ਪੂਰੀਆਂ ਕਰਨ ਤੇ ਪੈਰਾਂ ਸਿਰ ਹੋਣ ਦੀ ਹੁੰਦੀ ਹੈ। ਉਹਨਾਂ ਦਾ ਅਗਲਾ ਕਦਮ ਆਪਣਾ ਬਿਜ਼ਨਿਸ ਸੈੱਟ ਕਰਨ ਦਾ ਅਤੇ ਐਸ਼ੋ-ਅਰਾਮ ਲਈ ਪੈਸੇ ਕਮਾਉਣ ਦਾ ਹੁੰਦਾ ਹੈ। ਆਸਟ੍ਰੇਲੀਆ ਵਿਚ ਉਂਝ ਤਾਂ ਭਾਰਤੀਆਂ ਦੇ ਪ੍ਰਵਾਸ ਨੂੰ ਕਈ ਪੀੜ੍ਹੀਆਂ ਬੀਤ ਗਈਆਂ ਹਨ ਪਰ ਅਜੇ ਤੱਕ ਪੈਸੇ ਕਮਾਉਣ ਤੋਂ ਅਗਲਾ ਕਦਮ ਚੁੱਕਣ ਵੱਲ ਉਹਨਾਂ ਦਾ ਧਿਆਨ ਪਤਾ ਨਹੀਂ ਕਿਉਂ ਨਹੀਂ ਗਿਆ। ਇਹ ਅਗਲਾ ਕਦਮ ਸਿਆਸਤ ਵਿਚ ਪੈਰ ਧਰਨ ਦਾ ਹੁੰਦਾ ਹੈ। ਉਡਦੀ ਨਜ਼ਰ ਮਾਰਿਆਂ ਇਹ ਅਹਿਸਾਸ ਹੁੰਦਾ ਹੈ ਕਿ ਭਾਰਤੀ ਲੋਕ ਏਨੀਆਂ ਪੀੜ੍ਹੀਆਂ ਤੋਂ ਇੱਥੇ ਹੋਣ ਦੇ ਬਾਵਜੂਦ ਕੋਈ ਇੱਕ ਵੀ ਚੰਗਾ ਲੀਡਰ ਪੈਦਾ ਨਹੀਂ ਕਰ ਸਕੇ। ਇਸ ਪਿਛਲੇ ਕਾਰਣਾਂ ਨੂੰ ਲੱਭਣ ਦੀ ਲੋੜ ਹੈ। ਕੀ ਆਪਣੇ ਭਾਈਚਾਰੇ ਕੋਲ ਚੰਗਾ ਲੀਡਰ ਹੀ ਨਹੀਂ ਹੈ ਜਾਂ ਭਾਈਚਾਰਾ ਉਹਨਾਂ ‘ਤੇ ਭਰੋਸਾ ਨਹੀਂ ਕਰ ਸਕਿਆ, ਜਾਂ ਉਹ ਭਾਈਚਾਰੇ ਦਾ ਭਰੋਸਾ ਹੀ ਨਹੀਂ ਖੱਟ ਸਕੇ? ਆਪਣੇ ਭਾਈਚਾਰੇ ਦੇ ਲੋਕ ਆਪਣੀ ਬੋਲੀ ਤੇ ਸੱਭਿਆਚਾਰ ਨੂੰ ਜ਼ਿੰਦਾ ਰੱਖਣ ਲਈ ਸਿਰਤੋੜ ਯਤਨ ਕਰ ਰਹੇ ਹਨ। ਬਹੁਤ ਸਾਰੇ ਲੋਕ ਸੰਘਰਸ਼ ਦੇ ਦੌਰ ਵਿਚ ਹੋਣ ਦੇ ਬਾਵਜੂਦ ਸਮਾਜਿਕ ਕਾਰਜਾਂ ਪ੍ਰਤੀ ਆਪਣੇ ਫ਼ਰਜ਼ਾਂ ਨੂੰ ਚੇਤੇ ਰੱਖਦੇ ਹਨ, ਇਸ ਲਈ ਉਹਨਾਂ ਦੀ ਸ਼ਲਾਘਾ ਕੀਤੀ ਜਾਣੀ ਲਾਜ਼ਿਮੀ ਹੈ। ਇੱਕ ਡੇਢ ਦਹਾਕਾ ਪਹਿਲਾਂ ਬਹੁਤ ਸਾਰੇ ਲੋਕ ਵਿਦਿਆਰਥੀ ਬਣ ਕੇ ਇੱਥੇ ਆਏ ਸਨ ਤੇ ਹੁਣ ਪੱਕੇ ਹੋ ਕੇ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਵੀ ਕਰ ਰਹੇ ਹਨ ਅਤੇ ਹੋਰਨਾਂ ਲਈ ਰੋਜ਼ਗਾਰ ਦੇ ਮੌਕੇ ਵੀ ਪੈਦਾ ਕਰ ਰਹੇ ਹਨ। ਕੋਵਿਡ ਦਾ ਅਸਰ ਤਾਂ ਪਿਆ ਹੈ ਪਰ ਮੌਜੂਦਾ ਸਮੇਂ ਵਿਚ ਵੀ ਪ੍ਰਵਾਸ ਨਿਰੰਤਰ ਜਾਰੀ ਹੈ। ਪਿਛਲੇ ਕਰੀਬ ਤੇਰਾਂ ਸਾਲ ਦੇ ਤਜਰਬੇ ਦੌਰਾਨ ਮੈਂ ਇਹ ਮਹਿਸੂਸ ਕੀਤਾ ਹੈ ਕਿ ਹੁਣ ਵਤਨ ਵਾਲੇ ਪਾਸਿਓਂ ਜੋ ਵਿਦਿਆਰਥੀ ਆ ਰਹੇ ਹਨ, ਉਹ ਸਾਡੀ ਪੀੜ੍ਹੀ ਨਾਲੋਂ ਵਧੇਰੇ ਜਾਣਕਾਰੀ ਰੱਖਦੇ ਹਨ। ਇਸਦਾ ਵੱਡਾ ਫ਼ਰਕ ਇੰਟਰਨੈੱਟ ਤੇ ਸੋਸ਼ਲ ਮੀਡੀਆ ਦੁਆਰਾ ਲਿਆਂਦੀ ਗਈ ਕ੍ਰਾਂਤੀ ਹੈ। ਵਿਦਿਆਰਥੀ ਵਤਨੀਂ ਰਹਿੰਦਿਆਂ ਹੀ ਇੰਟਰਨੈੱਟ ਦੀ ਮੱਦਦ ਨਾਲ ਲੋੜੀਂਦੀ ਸਾਰੀ ਜਾਣਕਾਰੀ ਹਾਸਲ ਕਰ ਲੈਂਦਾ ਹੈ ਅਤੇ ਪਿਛਲੇ ਦਹਾਕੇ ਦੌਰਾਨ ਪ੍ਰਵਾਸ ਦੀ ਗਿਣਤੀ ਬਹੁਤ ਜਿਆਦਾ ਵਧ ਜਾਣ ਕਰਕੇ ਤਕਰੀਬਨ ਹਰ ਪਿੰਡ ਸ਼ਹਿਰ ਤੋਂ ਕੋਈ ਨਾ ਕੋਈ ਆਇਆ ਹੋਇਆ ਹੈ ਅਤੇ ਉਹ ਨਵੇਂ ਆਉਣ ਵਾਲਿਆਂ ਦੀ ਮੱਦਦ ਕਰਨ ਦੇ ਕਾਬਿਲ ਹੋ ਚੁੱਕੇ ਹਨ। ਇਹ ਸਹੂਲੀਅਤ ਦਸ-ਬਾਰਾਂ ਸਾਲ ਪਹਿਲਾਂ ਏਨੀ ਆਸਾਨੀ ਨਾਲ ਉਪਲਭਧ ਨਹੀਂ ਸੀ। ਆਪਣੇ ਲੋਕ ਆਪਣੀਆਂ ਜੜ੍ਹਾਂ ਨਾਲ ਜਿਸ ਸ਼ਿੱਦਤ ਨਾਲ ਜੁੜੇ ਹੋਏ ਹਨ, ਉਹਨਾਂ ਦਾ ਟੁੱਟਣਾ ਏਨਾ ਆਸਾਨ ਨਹੀਂ ਹੈ। ਸ਼ਾਇਦ ਹੀ ਕੋਈ ਏਨਾ ਨਿਘਰਿਆ ਹੋਇਆ ਪ੍ਰਵਾਸੀ ਹੋਵੇਗਾ, ਜੋ ਕਿ ਵਤਨੀਂ ਰਹਿੰਦੇ ਆਪਣੇ ਪਰਿਵਾਰ ਦੀ ਯੋਗ ਦੇਖਭਾਲ ਨਹੀਂ ਕਰਦਾ ਹੋਵੇਗਾ। ਮੈਂ ਪਿਛਲੇ ਦਹਾਕੇ ਤੋਂ ਸੜਕਾਂ, ਸ਼ਾਪਿੰਗ ਸੈਂਟਰਾਂ, ਪਾਰਕਾਂ ਆਦਿ ਵਿਚ ਬਹੁਤ ਸਾਰੀਆਂ ਚੁੰਨੀਆਂ ਤੇ ਪੱਗਾਂ ਦਾ ਲਗਾਤਾਰ ਹੋ ਰਿਹਾ ਵਾਧਾ ਵੇਖਦਾ ਆ ਰਿਹਾ ਹਾਂ। ਇਸ ਸਮੇਂ ਦੌਰਾਨ ਆਪਣੇ ਪ੍ਰਵਾਸੀ ਭਾਵੇਂ ਕਿਸੇ ਵੀ ਵੀਜ਼ਾ ‘ਤੇ ਕਿਉਂ ਨਹੀਂ ਆਏ ਹੋਏ ਸਨ, ਉਹਨਾਂ ਦਾ ਪਹਿਲਾ ਸੁਪਨਾ ਵਤਨੀਂ ਵੱਸਦੇ ਆਪਣੇ ਪਰਿਵਾਰ ਦੀ ਖੁਸ਼ਹਾਲੀ ਤੇ ਦੂਜਾ ਸੁਪਨਾ ਆਪਣੇ ਮਾਪਿਆਂ ਨੂੰ ਜਹਾਜ਼ ਦਾ ਠੂਣਾ ਦਿਵਾਉਣਾ ਰਿਹਾ। ਇੱਕ ਥੈਰੇਪਿਸਟ ਹੋਣ ਕਰਕੇ ਮੈਂ ਪ੍ਰਵਾਸੀਆਂ ਦਾ ਇੱਕ ਹੋਰ ਪੱਖ ਵੀ ਬੜੀ ਨੇੜੇ ਤੋਂ ਵੇਖਿਆ ਹੈ। ਉਂਝ ਤਾਂ ਘਰੇਲੂ ਕਲੇਸ਼ ਕਿਸੇ ਵੀ ਪਰਿਵਾਰ ਵਿਚ ਹੋ ਸਕਦਾ ਹੈ, ਆਪਣੇ ਵਤਨ ‘ਚ ਕਿਹੜਾ ਨਹੀਂ ਹੁੰਦਾ? ਪਰ ਇਹਨਾਂ ਮੁਲਕਾਂ ‘ਚ ਘਰੇਲੂ ਕਲੇਸ਼ ਤੇ ਆਪਣੇ ਵਤਨ ਕਿਸੇ ਪਰਿਵਾਰ ਵਿਚ ਹੋਣ ਵਾਲੇ ਕਲੇਸ਼ ਦੀ ਕਿਸਮ ਵਿਚ ਜ਼ਮੀਨ ਅਸਮਾਨ ਦਾ ਫ਼ਰਕ ਹੁੰਦਾ ਹੈ। ਵਤਨੀਂ ਹੋਣ ਵਾਲੇ ਕਲੇਸ਼ਾਂ ਵਿਚ ਵੀਹ ਬੰਦੇ ਰਾਜੀਨਾਮਾ ਕਰਵਾਉਣ ਲਈ ਆ ਜਾਂਦੇ ਹਨ, ਜੇਕਰ ਹੱਥੋਪਾਈ ਹੋ ਜਾਵੇ ਤਾਂ ਸਾਰਾ ਮੁਹੱਲਾ ਮੱਦਦ ਲਈ ਪਹੁੰਚ ਜਾਂਦਾ ਹੈ। ਜੇਕਰ ਕਲੇਸ਼ ਘਰੋਂ ਬਾਹਰ ਨਿੱਕਲ ਜਾਵੇ ਤਾਂ ਦੋਹੇਂ ਧਿਰਾਂ ਦੀਆਂ ਪੰਚਾਇਤਾਂ ਵੀ ਬੈਠਦੀਆਂ ਹਨ ਪਰ ਵਿਦੇਸ਼ਾਂ ਵਿਚ ਮੀਆਂ ਬੀਵੀ ਇਕੱਲੇ ਹੁੰਦੇ ਹਨ, ਜਾਂ ਵੱਧ ਤੋਂ ਵੱਧ ਉਹਨਾਂ ਦੇ ਨਿਆਣੇ ਨਾਲ ਹੁੰਦੇ ਹਨ। ਉਹਨਾਂ ਨੂੰ ਛੁਡਾਉਣ ਵਾਲਾ ਕੋਈ ਵੀ ਨਹੀਂ ਹੁੰਦਾ, ਤੇ ਦੋਹੇਂ ਧਿਰਾਂ ਬਰਾਬਰ ਦੀ ਚੋਟ ਕਰਦੀਆਂ ਹਨ। ਵਤਨੀਂ ਕਾਨੂੰਨੀ ਮੱਦਦ ਲੈਣ ਲਈ ਸਮਾਂ ਚਾਹੀਦਾ ਹੈ, ਓਨੇ ਚਿਰ ਵਿਚ ਕੋਈ ਹੋਰ ਹੱਲ ਵੀ ਲੱਭੇ ਜਾ ਸਕਦੇ ਹਨ ਜਾਂ ਕਈ ਵਾਰ ਲੱਭ ਜਾਂਦੇ ਹਨ। ਪ੍ਰਦੇਸਾਂ ਵਿਚ ਕਾਨੂੰਨੀ ਮੱਦਦ ਕੇਵਲ ਇੱਕ ਫੋਨ ਕਾਲ ਦੀ ਦੂਰੀ ‘ਤੇ ਹੁੰਦੀ ਹੈ। ਜੇਕਰ ਕਿਸੇ ਨੇ ਗੁੱਸੇ ਵਿਚ ਆ ਕੇ ਪੁਲਿਸ ਬੁਲਾ ਵੀ ਲਈ ਅਤੇ ਮੁੜ ਦਿਮਾਗ਼ ਠੰਢਾ ਹੋਣ ‘ਤੇ ਉਹ ਆਪਣੀ ਸ਼ਿਕਾਇਤ ਵਾਪਸ ਲੈਣੀ ਚਾਹੇ ਤਾਂ ਪੁਲਿਸ ਨਹੀਂ ਮੰਨਦੀ। ਮੈਂ ਖ਼ੁਦ ਅਜਿਹੇ ਜੋੜੇ ਵੇਖੇ ਹਨ, ਜੋ ਕਿ ਕਾਨੂੰਨੀ ਮੱਦਦ ਲੈਣ ਦੀ ਗ਼ਲਤੀ ਕਰ ਤਾਂ ਬੈਠੇ ਪਰ ਹੋਸ਼ ਠਿਕਾਣੇ ਆਉਣ ਤੋਂ ਬਾਅਦ ਤਰੀਕਾਂ ਭੁਗਤਣ ਲਈ ਇਕੱਠੇ ਇੱਕੋ ਕਾਰ ਵਿਚ ਜਾਂਦੇ ਹਨ। ਨਾਲੇ ਕੀਤੀ ਗ਼ਲਤੀ ਲਈ ਪਛਤਾਉਂਦੇ ਹਨ, ਤਰੀਕ ਭੁਗਤਦੇ ਹਨ ਤੇ ਇਕੱਠੇ ਲੰਚ ਕਰਕੇ ਘਰ ਵਾਪਸ ਆਉਂਦੇ ਹਨ। ਹੁਣ ਅਜਿਹਾ ਕਲੇਸ਼ ਕਰਕੇ ਦੋਹਾਂ ਨੇ ਕੀ ਖੱਟ ਲੈਣਾ? ਬਹੁਤ ਸਾਰੇ ਨੌਜਵਾਨ ਮੁੰਡੇ ਕੁੜੀਆਂ ਤਾਂ ਆਪ ਹੀ ਬਾਹਰ ਆਉਣ ਦਾ ਫੈਸਲਾ ਲੈਂਦੇ ਹਨ ਪਰ ਕਈਆਂ ਨੂੰ ਉਹਨਾਂ ਦੇ ਮਾਪੇ ਬਾਹਰ ਧੱਕ ਦਿੰਦੇ ਹਨ। ਉਹ ਮਾਨਸਿਕ ਤੌਰ ‘ਤੇ ਪ੍ਰਵਾਸ ਲਈ ਤਿਆਰ ਨਾ ਹੋਣ ਕਰਕੇ ਨਰਕ ਭੋਗਦੇ ਹਨ ਤੇ ਡਿਪਰੈਸ਼ਨ ਵਰਗੀਆਂ ਅਲਾਮਤਾਂ ਦੇ ਸ਼ਿਕਾਰ ਹੋ ਜਾਂਦੇ ਹਨ। ਮੈਂ ਖੁਦ ਅਜਿਹੇ ਵਿਦਿਆਰਥੀਆਂ ਦੇ ਕੇਸ ਹੱਲ ਚੁੱਕਿਆ ਹਾਂ। ਕਈ ਵਿਦਿਆਰਥੀ ਹਾਲਾਤ ਦਾ ਮੁਕਾਬਲਾ ਨਾ ਕਰ ਸਕਣ ਕਰਕੇ ਆਪਣੀ ਜ਼ਿੰਦਗੀ ਨੂੰ ਵੀ ਅਲਵਿਦਾ ਕਹਿ ਜਾਂਦੇ ਹਨ। ਇਹ ਉਹਨਾਂ ਨੂੰ ਖੁਦ ਤੇ ਉਹਨਾਂ ਦੇ ਪਰਿਵਾਰਾਂ ਨੂੰ ਵਿਚਾਰਨਾ ਪਵੇਗਾ ਕਿ ਅਜਿਹੇ ਪ੍ਰਵਾਸ ਨਾਲੋਂ ਤਾਂ ਵਤਨੀਂ ਰਹਿਣਾ ਹਜ਼ਾਰ ਦਰਜੇ ਜਿਆਦਾ ਬਿਹਤਰ ਹੋਵੇਗਾ। |
*** (ਪਹਿਲੀ ਵਾਰ ਛਪਿਆ 28 ਸਤੰਬਰ 2021) *** 403 *** |