1. ਇੱਕ ਸਹਾਰਾ ਟੁੱਟਿਆ
ਇੱਕ ਸਹਾਰਾ ਟੁੱਟਿਆ ਬਣ ਗਏ ਦਸ ਮੀਆਂ।
ਰੋਂਦਿਆਂ ਰੋਂਦਿਆਂ ਝੱਟ ਪਿਆ ਮੈਂ ਹੱਸ ਮੀਆਂ।
ਅੱਲਾਹ ਜੋ ਕੁੱਝ ਕਰਦਾ ਮੈਂ ਤਾਈਂ ਭਾਉਂਦਾ ਸਭ,
ਕਿਉਂਕਿ ਮੇਰੇ ਤਾਂ ਕੁੱਝ ਵੀ ਨਹੀਂਓ ਵੱਸ ਮੀਆਂ।
ਮਤਲਬ ਦੀ ਸਭ ਦੁਨੀਆਂ ਇੱਕ ਹੈ ਰੱਬ ਰਾਖਾ,
ਭੁੱਲ ਨਹੀਂ ਜਾਣਾ ਕਦੇ ਇਹ ਕੋਰਾ ਸੱਚ ਮੀਆਂ।
ਤੱਤੀ ਵਾਅ ਨਹੀਂ ਉਸਨੂੰ ਕਦੇ ਵੀ ਲੱਗ ਸਕਦੀ,
ਜਿਸਦੇ ਸਿਰ ਤੇ ਸਾਹਿਬ ਡਾਢੇ ਦਾ ਹੱਥ ਮੀਆਂ।
ਡੋਲਣ ਤੋਂ ਉਸ ਰੱਖਿਆ ਮੈਨੂੰ ਬਾਂਹ ਫੜ ਬਈ,
ਸਾਈਂਂ ਉਹ ਮੇਰਾ ਸਰਬ ਕਲਾ ਸਮਰੱਥ ਮੀਆਂ।
ਅਨਜਾਣੇ ਵਿੱਚ ਜਦ ਕੋਈ ਭੁੱਲ ਹੈ ਹੋ ਜਾਂਦੀ,
ਵੇਖਕੇ ਵੀ ਉਹ ਪਰਦੇ ਲੈਂਦਾ ਏ ਢੱਕ ਮੀਆਂ।
ਆਪਣਿਆਂ ਨੇ ਤਾਂ ਰੋਲਕੇ ਮੈਨੂੰ ਰੱਖਤਾ ਸੀ,
ਛੱਡਿਆ ਨਹੀਂਓ ਸੀ ਪੱਲੇ ਮੇਰੇ ਕੱਖ ਮੀਆਂ।
ਪਰ ਜਦ ਬਰਸੀ ਰਹਿਮਤ ਬਖ਼ਸ਼ਣਹਾਰੇ ਦੀ,
‘ਲੱਖੇ’ ਸਲੇਮਪੁਰੀ ਦੇ ਦੁੱਖ ਗਏ ਨੱਸ ਮੀਆਂ।
**
2. ਦੌਰ ਮੁਹੱਬਤਾਂ ਦਾ
ਦੁਨੀਆਂ ਉੱਤੇ ਆ ਜਾਏ ਫਿਰ ਤੋਂ ਦੌਰ ਮੁਹੱਬਤਾਂ ਦਾ।
ਦਿਨੋ ਦਿਨ ਜੋ ਘਟਦਾ ਜਾਂਦਾ ਟੌਹਰ ਮੁਹੱਬਤਾਂ ਦਾ।
ਤੋੜ ਨਫ਼ਰਤਾਂ ਦੀਆਂ ਦੀਵਾਰਾਂ ਸਭਨੂੰ ਖੁਸ਼ ਕਰਲੋ,
ਫਿਰ ਤੋਂ ਵੇਖਣ ਨੂੰ ਮਿਲ ਸਕਦੈ ਜ਼ੌਹਰ ਮੁਹੱਬਤਾਂ ਦਾ।
ਧਰਮਾਂ ਦੇ ਨਾਂ ਵੰਡੀਆਂ ਪਾਉਣੀਆਂ ਛੱਡਕੇ ਇੱਕ ਹੋਜੋ,
ਤੱਕਿਓ ਫਿਰ ਆਪਣੇ ਚਹੁੰ-ਪਾਸੇ ਹੋੜ ਮੁਹੱਬਤਾਂ ਦਾ।
ਹਿੰਦੂ ਮੁਸਲਿਮ ਸਿੱਖ ਇਸਾਈ ਮਾਨਣ ਰਲ ਇੱਕ ਛਾਂ,
ਬੀਜ਼ ਦਿਓ ਅੱਜ ਹੀ ਐਸਾ ਇੱਕ ਬੋਹੜ ਮੁਹੱਬਤਾਂ ਦਾ।
ਝਗੜੇ ਅਤੇ ਲੜਾਈਆਂ ਸਾਰੇ ਜੱਗ ‘ਚੋਂ ਮੁੱਕ ਜਾਵਣ,
ਮਿਲੇ ਸੁਣਨ ਨੂੰ ਚਾਰੇ ਹੀ ਪਾਸੇ ਸ਼ੋਰ ਮੁਹੱਬਤਾਂ ਦਾ।
ਵੈਰ ਵਿਰੋਧ ਮਿਟਾ ਮੁਲਕਾਂ ਦੀਆਂ ਤੋੜ ਦੀਵਾਰਾਂ ਨੂੰ,
ਸਿਰਜ ਦਿਓ ਸੰਸਾਰ ਇਹ ਨਵਾਂ ਨਕੋਰ ਮੁਹੱਬਤਾਂ ਦਾ।
ਜੀ ਕਹਿਕੇ ਦਿਲ ਅੰਦਰ ਵੜਕੇ ਨਫ਼ਰਤਾਂ ਵਾਲਿਆਂ ਦੇ,
ਚਾੜ੍ਹ ਦੇਈਏ ਉਹਨਾਂ ਦੇ ਦਿਲ ਨੂੰ ਲੋਰ ਮੁਹੱਬਤਾਂ ਦਾ।
‘ਲੱਖਾ’ ਸਲੇਮਪੁਰੀ ਸਭ ਨਾਲ ਮੁਹੱਬਤਾਂ ਚਾਹੁੰਦਾ ਏ,
ਚਮਕਦਾ ਰਹੇ ਜਹਾਨ ਤੇ ਸਦਾ ਬਲੌਰ ਮੁਹੱਬਤਾਂ ਦਾ।
***
3. ”ਸੱਚਾ ਸੀ ਮੈਂ”
ਸੱਚਾ ਸੀ ਮੈਂ ਤਦ, ਜਦ ਬੱਚਾ ਸੀ ਮੈਂ।
ਆਪਣੇ ਹੀ ਆਪੇ ਵਿੱਚ ਪੱਕਾ ਸੀ ਮੈਂ।
ਜੀਵਨ ਦਾ ਵੇਲਾ ਸੁਹਾਣਾ ਨਾ ਭੁੱਲਦਾ,
ਲੱਖਾ ਨਹੀਂਓ ਸੀ, ਜਦ ਪੱਪਾ ਸੀ ਮੈਂ।
ਝੂਠਾਂ ਫ਼ਰੇਬਾਂ ਤੋਂ ਬਾਹਲਾ ਸੀ ਦੂਰੇ,
ਕਰਦਾ ਕਦੇ ਵੀ ਨਹੀਂ ਧੱਕਾ ਸੀ ਮੈੰ।
ਲਿ਼ਖਦਾ ਤੇ ਗਾਉਂਦਾ ਸਾਂ ਸੱਚੀ ਹੱਡਬੀਤੀ,
ਮਿੱਤਰਾਂ ਵਿੱਚ ਹੁਕਮੇ ਦਾ ਯੱਕਾ ਸੀ ਮੈਂ।
ਚੜ੍ਹ ਗਈ ਜਵਾਨੀ ਤਾਂ ਬਦਲੀਆਂ ਸੋਚਾਂ,
ਆਪਣੇ ਤੇ ਅੱਜ ਹੱਕਾ ਬੱਕਾ ਸੀ ਮੈਂ।
ਆਪੇ ਨੂੰ ਸਮਝਣ ਮਹਾਨ ਸੀ ਲੱਗਾ,
ਕੁਝ ਪਹਿਲਾਂ ਹੁੰਦਾ ਜੋ ਡੱਕਾ ਸੀ ਮੈਂ।
ਭਾਵੇਂ ਗੁਨਾਹ ਬਹੁਤ ਜਿੰਦਗੀ ‘ਚ ਕੀਤੇ,
ਪਰ ਦਿਲ ਦਾ ਸੱਚੀਂ ਹੀ ਸੱਚਾ ਸੀ ਮੈਂ।
ਅੰਮ੍ਰਿਤਸਰ ਵੱਲ ਜਾਂਦੇ ਰਾਹੀਓ ਜਾਂ ਲਿਖਿਆ
ਬਣਿਆਂ ਫਿਰ ਸਲੇਮਪੁਰੀਆ “ਲੱਖਾ” ਸੀ ਮੈਂ।
***
4. ਪਿਆਰ ਇੱਕੋ ਨਾਲ
ਸਦੀਆਂ ਤੋਂ ਸਾਡਾ ਤਾਂ ਪਿਆਰ ਇੱਕੋ ਨਾਲ ਏ।
ਸੋਹਣਾ ਉਹਦਾ ਮੁੱਖੜਾ ਤੇ ਰੁੱਤਬਾ ਕਮਾਲ ਏ।
ਚਿਹਰੇ ਉੱਤੇ ਓਸਦੇ ਇਲਾਹੀ ਨੂਰ ਚਮਕਦਾ,
ਕਹਿਣੀ ਕਰਨੀ ‘ਚ ਪੂਰਾ ਸੋਚ ਬੇਮਿਸਾਲ ਏ।
ਹੱਸਦਾ ਹੀ ਰਹੇ ਸਦਾ ਦੁਖੀਆਂ ਦੇ ਦੁੱਖ ਵੰਡੇ,
ਵੰਡ ਛਕਣੇ ਦਾ ਉਹਦਾ ਸੁੱਚੜਾ ਖਿਆਲ ਏ।
ਖ਼ੁਦ ਵੀ ਨਿਹਾਲ ਰਹੇ ਯਾਰ ਦਿਆਂ ਰੰਗਾਂ ਵਿੱਚ,
ਰੂਹਾਂ ਮੁਰਝਾਈਆਂ ਨੂੰ ਵੀ ਕਰਦਾ ਨਿਹਾਲ ਏ।
ਦੁਨੀਆਂ ਦੇ ਉੱਤੇ ਹੋਰ ਕਿਸੇ ਦਾ ਹੋ ਸਕਦਾ ਨਾ,
ਸੱਜਣ ਸੋਹਣੇ ਦਾ ਐਸਾ ਹਿਰਦਾ ਵਿਸ਼ਾਲ ਏ।
ਅੰਗ ਓਸ ਲੱਗ ਫ਼ੁੱਲ-ਕਲੀਆਂ ਦੇ ਵਾਂਗ ਖਿੱਲੇ,
ਜਿੰਦਗੀ ਜਿਊਣ ਲਈ ਜੋ ਹੋ ਗਿਆ ਬੇਹਾਲ ਏ।
ਵੱਸਦਾ ਹਮੇਸ਼ਾ ਅੰਗ ਸੰਗ ਜਿੰਦ ਜਾਨ ਮੇਰੀ,
ਔਕੜਾਂ ਦੇ ਵੇਲੇ ਮੇਰੀ ਬਣ ਜਾਂਦਾ ਢਾਲ ਏ।
ਗਦ ਗਦ ਰੂਹ ਰਹਿੰਦੀ ‘ਲੱਖੇ’ ਸਲੇਮਪੁਰੀਏ ਦੀ,
ਕਿਉਂਕਿ ਸੋਹਣਾ ਸੱਜਣ ਹਮੇਸ਼ਾਂ ਰਹਿੰਦਾ ਨਾਲ ਏ।
***
5. ਬੋਲਦੇ ਨੇ ਮੋਰ
ਛਾਅ ਗਈਆਂ ਘਟਾਵਾਂ ਘਨਘੋਰ,
ਕੂੰ ਕੂੰ ਕੂੰ ਕੂੰ ਬਾਗਾਂ ਵਿੱਚ ਬੋਲਦੇ ਨੇ ਮੋਰ।
ਪੈਂਦੀ ਬਰਸਾਤ ਜ਼ੋਰੋ ਜ਼ੋਰ,
ਕੂੰ ਕੂੰ ਕੂੰ ਕੂੰ ਬਾਗਾਂ ਵਿੱਚ ਬੋਲਦੇ ਨੇ ਮੋਰ।
ਭੱਜ ਭੱਜ ਫ਼ਨੀਅਰ ਖੁੱਡਾਂ ਵਿੱਚ ਵੜਦੇ
ਬਗਲੇ ਤੇ ਮੱਛੀਆਂ ਕਲੋਲਾਂ ਪਏ ਕਰਦੇ
ਡੱਡੂਆਂ ਮਚਾਇਆ ਬੜਾ ਸ਼ੋਰ,
ਕੂੰ ਕੂੰ ਕੂੰ ਕੂੰ ਬਾਗਾਂ ਵਿੱਚ ਬੋਲਦੇ ਨੇ ਮੋਰ।
ਖਿਲੇ ਫੁੱਲ ਕਲੀਆਂ ਤੇ ਝੂੰਮਦੇ ਨੇ ਰੁੱਖ ਬਈ
ਮੌਸਮ ਨੇ ਤੋੜ ਦਿੱਤੇ ਸਾਰਿਆਂ ਦੇ ਦੁੱਖ ਬਈ
ਸੰਨ੍ਹ ਲਾਉਣੋਂ ਰਹਿ ਗਏ ਨੇ ਚੋਰ,
ਕੂੰ ਕੂੰ ਕੂੰ ਕੂੰ ਬਾਗਾਂ ਵਿੱਚ ਬੋਲਦੇ ਨੇ ਮੋਰ
ਰੁਕੀ ਬਰਸਾਤ ਪਾਉਣ ਕਿੱਕਲੀਆਂ ਕੁੜੀਆਂ
ਝੱਲ਼ੀਆਂ ਨਾ ਜਾਣ ਜਾਂ ਬਰੋਟੇ ਵੱਲ ਤੁਰੀਆਂ
ਸੋਹਣੀ ਐ ਮਜਾਜ਼ਣਾਂ ਦੀ ਤੋਰ,
ਕੂੰ ਕੂੰ ਕੂੰ ਕੂੰ ਬਾਗਾਂ ਵਿੱਚ ਬੋਲਦੇ ਨੇ ਮੋਰ
ਚਹਿਕੀਆਂ ਨੇ ਚਿੜੀਆਂ ਬਨੇਰੇ ਬੋਲੇ ਕਾਂ ਬਈ
“ਲੱਖੇ” ਸਲੇਮਪੁਰੀਏ ਨੂੰ ਯਾਦ ਆਈ ਮਾਂ ਬਈ
ਜੀਹਦੇ ਕਰਕੇ ਹੈ ਅੱਜ ਟੌਹਰ
ਕੂੰ ਕੂੰ ਕੂੰ ਕੂੰ ਬਾਗਾਂ ਵਿੱਚ ਬੋਲਦੇ ਨੇ ਮੋਰ
***
ਲਖਵਿੰਦਰ ਸਿੰਘ ਲੱਖਾ ਸਲੇਮਪੁਰੀ
ਕੰਟੈਕਟ: +447438398345
|