“ਧੌਲੁ ਧਰਮੁ ਦਇਆ ਕਾ ਪੂਤੁ ” |
ਪੰਜ ਕੁ ਮਹੀਨੇ ਦੀ ਗਲ ਹੈ ਇਕ ਰੋਜ਼ਾਨਾ ਪੰਜਾਬੀ ਅਖ਼ਬਾਰ ਵਿਚ ਮੇਰਾ ਇਕ ਲੇਖ “ਘਰੋਂ ਆਈ ਚਿੱਠੀ ਵਾਂਗ ਪੜ੍ਹੇ ਜਾਂਦੇ ਕੈਨੇਡਾ ਤੋਂ ਛਪਣ ਵਾਲੇ ਪੰਜਾਬੀ ਅਖ਼ਬਾਰ” ਵਿੱਚ ਛਪਿਆ। ਅਖਬਾਰ ਦੇ ਦਫਤਰੋਂ ਮੇਰਾ ਐਡਰੈਸ ਲੈ ਕੇ ਮੈਂਨੂੰ ਜਵਾਹਰ ਲਾਲ ਨਹਿਰੂ ਯੁਨੀਵਰਸਿਟੀ, ਨਵੀਂ ਦਿਲੀ ਪੜ੍ਹਦੇ ਇਕ ਨੌਜਵਾਨ ਹਰਨੀਤ ਸਿੰਘ ਦਾ ਪੱਤਰ ਆਇਆ। ਮੇਰੇ ਲੇਖ ਦੀ ਸ਼ਲਾਘਾ ਕਰਦਿਆ ਉਸ ਨੇ ਲਿਖਿਆ ਕਿ ਉਸ ਨੁੰ ਵੀ ਲਿਖਣ ਦਾ ਸ਼ੋਕ ਹੈ। ਇਕ ਪੰਜਾਬੀ ਅਖ਼ਬਾਰ ਵਿਚ ਛਪੇ ਅਪਣੇ ਇਕ ਲੇਖ ਦੀ ਫੋਟੋਸਟੈਟ ਭੇਜਦਿਆਂ ਉਸ ਮੈਥੋਂ ਕੈਨੇਡਾ ਤੋਂ ਛੱਪਣ ਵਾਲੇ ਪੰਜਾਬੀ ਅਖ਼ਬਾਰਾਂ ਦੇ ਐਡਰੈਸ ਮੰਗੇ। ਉਸ ਨੇ ਮੈਨੂੰ ਇਹ ਵੀ ਲਿਖਿਆ ਕਿ ਬਚਪਨ ਵਿਚ ਹੀ ਉਸ ਦੇ ਮਾਤਾ ਪਿਤਾ ਉਸ ਂਨੂੰ ਸਦੀਵੀ ਵਿਛੋੜਾ ਦੇ ਗਏ ਸਨ, ਉਹ ਇਸ ਦੁਨੀਆਂ ਵਿਚ ਬਿਲਕੁਲ ਇਕੱਲਾ ਹੈ। ਦਿਲੀ ਆਉਣ ਤੋਂ ਪਹਿਲਾਂ ਅੰਮ੍ਰਿਤਸਰ ਦੇ ਯਤੀਮਖਾਨੇ ਵਿਚ ਵੀ ਰਿਹਾ ਹੈ। ਮੈਂ ਉਸ ਨੂੰ ਕੈਨੇਡਾ ਤੋਂ ਛੱਪਣ ਵਾਲੇ ਅਖ਼ਬਾਰਾਂ ਦੇ ਐਡਰੈਸ ਭੇਜ ਦਿਤੇ ਅਤੇ ਸਲਾਹ ਦਿਤੀ ਕਿ ਉਹ ਹਾਲੇ ਇੱਧਰਲੇ ਅਖ਼ਬਾਰਾਂ ਵਿਚ ਹੀ ਲੇਖ ਭੇਜਦਾ ਰਹੇ। ਜਦੋਂ ਉਸ ਦਾ ਨਾਂਅ ਬਣ ਜਾਏ, ਤਾਂ ਉਧਰ ਭੇਜਣਾ ਸ਼ੁਰੂ ਕਰ ਦੇਵੇ। ਇਹ ਵੀ ਲਿਖਿਆ ਕਿ ਕੈਨੇਡਾ ਵਾਲੇ ਅਖ਼ਬਾਰ ਇਧਰ ਇੰਡੀਆ ਆਉਦੇ ਨਹੀਂ, ਉਸ ਨੁੰ ਕਿਵੇਂ ਪਤਾ ਲਗੇ ਗਾ ਕਿ ਉਸ ਦਾ ਲੇਖ ਛਪਿਆ ਹੈ ਜਾਂ ਨਹੀਂ, ਮੇਰੇ ਤਾਂ ਦੋ ਭਰਾ, ਦੋ ਭੈਣਾਂ ਤੇ ਕਈ ਰਿਸ਼ਤੇਦਾਰ ਅਪਣੇ ਅਪਣੇ ਪਰਿਵਾਰਾਂ ਸਮੇਤ ਕੈਨੇਡਾ ਰਹਿੰਦੇ ਹਨ, ਉਨ੍ਹਾ ‘ਚੋ ਕਿਸੇ ਨਾ ਕਿਸੇ ਦਾ ਹਰ ਹਫਤੇ ਫੋਨ ਆਉਂਦਾ ਰਹਿੰਦਾ ਹੈ, ਉਹ ਮੇਰੇ ਛਪੇ ਲੇਖਾਂ ਬਾਰੇ ਮੈਨੂੰ ਦਸ ਦਿੰਦੇ ਹਨ ਤੇ ਕਈ ਵਾਰੀ ਅਖ਼ਬਾਰ ਦੀ ਕਲਿਪੰਗ ਵੀ ਭੇਜ ਦਿੰਦੇ ਹਨ। ਉਸ ਦਾ ਜਵਾਬ ਆਇਆ ਕਿ ਉਹ ਯੂਨੀਵਰਸਿਟੀ ਵਿਚ ਜਾਪਾਨੀ ਭਾਸ਼ਾ ਦਾ ਕੋਰਸ ਕਰ ਰਿਹਾ ਹੈ। ਉਹ ਕੈਨੇਡਾ ਦੇ ਅਖਬਾਰਾਂ ਵਿਚ ਲੇਖ ਭੇਜ ਕੇ ਉਧਰ ਅਪਣਾ ਕੋਈ ਦੋਸਤ ਬਣਾਉਣਾ ਚੁਹੁੰਦਾ ਹੈ । ਉਸ ਨੂੰ 6 ਪੁਸਤਕਾਂ ਦੀ ਲੋੜ ਹੈ, ਜੋ ਭਾਰਤ ਵਿਚ ਨਹੀਂ ਮਿਲਦੀਆਂ। ਉਸ ਦਾ ਭਵਿਖ ਇਨ੍ਹਾਂ ਪੁਸਤਕਾਂ ਉਤੇ ਨਿਰਭਰ ਕਰਦਾ ਹੈ। ਇਹ ਪੁਸਤਕਾਂ ਕੈਨੇਡਾ ਤੇ ਅਮਰੀਕਾ ਵਿਚ ਮਿਲਦੀਆਂ ਹਨ। ੲਹ ਪੁਸਤਕਾਂ ਪ੍ਰਾਪਤ ਕਰਨ ਲਈ ਉਸ ਨੇ ਮੇਰੀ ਸਹਾਇਤਾ ਮੰਗੀ। ਮੈਂ ਉਸ ਨੂੰ ਲਿਖਿਆ ਕਿ ਮੈਂ ਤਾਂ ਰੀਟਾਇਰਡ ਜੀਵਨ ਬਿਤਾ ਰਿਹਾ ਹਾਂ, ਮੇਰੀ ਕੋਈ ਵੀ ਆਮਦਨੀ ਨਹੀ ਹੈ। ਮੈਂ ਪੁਛਿਆ ਜੇ ਕਰ ਉਸ ਨੁੰ ਇਤਰਾਜ਼ ਨਾ ਹੋਵੇ ਤਾਂ ਮੈਂ ਕੈਨੇਡਾ ਦੇ ਕੁਝ ਪ੍ਰਮੁਖ ਅਖ਼ਬਾਰਾਂ ਵਿਚ “ਅਪੀਲ” ਭੇਜ ਦਿੰਦਾ ਹਾਂ, ਸ਼ਾਇਦ ਕੋਈ ਮੇਹਰਵਾਨ ਸੱਜਣ ਜਾਂ ਸੰਸਥਾ ਉਸ ਨੂੰ ਪੁਸਤਕਾਂ ਭੇਜ ਦੇਵੇ। ਉਸ ਵਲੋ “ਹਾਂ” ਦਾ ਪੱਤਰ ਆਉਣ ਤੇ ਮੈਂ ਇਕ ਅਪੀਲ ਕੈਨੇਡਾ ਦੇ ਤਿੰਨ ਪ੍ਰਮੂਖ ਅਖ਼ਬਾਰਾਂ ਨੂੰ ਭੇਜ ਦਿਤੀ ਜੋ ਉਨ੍ਹਾਂ ਜਨਵਰੀ ਦੇ ਤੀਜੇ ਹਫਤੇ ਛਾਪ ਦਿਤੀ। ਕੈਨੇਡਾ ਤੋਂ ਛਪਣ ਵਾਲੇ ਪ੍ਰਮੁਖ ਅਖ਼ਬਾਰ ਗਵਾਢੀ ਦੇਸ਼ ਅਮਰੀਕਾ ਵਿਚ ਵੀ ਜਾਂਦੇ ਹਨ। ਕਿਸੇ ਅਖ਼ਬਾਰ ਵਿਚ ਇਹ ਅਪੀਲ ਪੜ੍ਹ ਕੇ ਅਮਰੀਕਾ ਤੋਂ ਬਲਿਹਾਰ ਸਿੰਘ ਨਾਂਅ ਦਾ ਇਕ ਫ਼ਰਿਸ਼ਤਾ ਬਹੁੜਿਆ। ਮੈਨੂੰ ਈ-ਮੇਲ ਰਾਹੀਂ ਪੁਸਤਕਾਂ ਤੇ ਉਨ੍ਹਾ ਦੇ ਲੇਖਕਾ ਦੇ ਨਾਂਅ ਪੁਛੇ। ਮੈਂ ਉਹ ਈ-ਮੇਲ ਹਰਨੀਤ ਸਿੰਘ ਨੂੰ ਭੇਜ ਦਿਤੀ। ਉਨ੍ਹਾਂ ਦੋਨਾਂ ਦਾ ਆਪਸ ਵਿਚ ਈ-ਮੇਲ ਰਾਹੀ ਸਿੱਧਾ ਸਬੰਧ ਸਥਾਪਤ ਹੋ ਗਿਆ। ਕੁਝ ਦਿਨ ਪਹਿਲਾਂ ਹਰਨੀਤ ਸਿੰਘ ਦਾ ਈ-ਮੇਲ ਤੇ ਮੈਨੂੰ ਸੁਨੇਹਾ ਆਇਆ ਕਿ ਬਲਿਹਾਰ ਸਿੰਘ ਨੇ ਉਸ ਨੂੰ ਕਿਤਾਬਾਂ ਦੋ ਪਾਰਸਲਾਂ ਰਾਹੀਂ ਭੇਜ ਦਿਤੀਆ, ਇਕ ਪਾਰਸਲ ਮਿਲ ਗਿਆ, ਦੂਜਾ ਵੀ ਛੇਤੀ ਹੀ ਮਿਲ ਜਾਏ ਗਾ ।ਉਹ ਬਹੁਤ ਹੀ ਖੁਸ ਹੈ ਕਿ ਉਸ ਨੂੰ ਕਿਤਾਬਾਂ ਭੇਜੀਆਂ ਮਿਲ ਜਾਣ ਗੀਆਂ। ਬਲਿਹਾਰ ਸਿੰਘ ਨੇ ਉਸ ਨੂੰ ਇਹ ਵੀ ਲਿਖਿਆ ਹੈ ਕਿ ਉਹ ਅਪਣੀ ਪੜ੍ਹਾਈ ਅਧੂਰੀ ਨਾ ਛਡੇ, ਉਹ ਉਸ ਦੀ ਹਰ ਸੰਭਵ ਸਹਾਇਤਾ ਕਰੇ ਗਾ। ਉਹ ਇਸ “ਗਾਈਡੈਂਸ” ਲਈ ਮੇਰਾ ਵਾਰ ਵਾਰ ਧੰਨਵਾਦ ਕਰ ਰਿਹਾ ਹੈ। ਪੁਸਤਕਾਂ ਭੇਜਣ ਵਾਲਾਂ ਤਾਂ ਉਸ ਲਈ ਫਰਿਸ਼ਤਾ ਹੀ ਹੈ, ਜਿਸ ਨਾਲ ਉਸ ਯਤੀਮ ਦਾ ਭਵਿਖ ਸੰਵਰ ਜਾਏ ਗਾ। ਸਾਰੀ ਉਮਰ ਉਹ ਇਸ ਫਰਿਸ਼ਤੇ ਨੂੰ ਭੁਲਾ ਨਹੀ ਸਕੇ ਗਾ । ਮੈਂ ਹਰਨੀਤ ਨੂੰ ਲਿਖਿਆ ਹੈ ਕਿ ਦੁਨੀਆ ਬੜੀ ਹੁਸੀਨ ਹੈ, ਜੇ ਬਹੁਤੇ ਬੰਦੇ ਭੈੜੇ, ਮੱਕਾਰ ਤੇ ਧੋਖੇਬਾਜ਼ ਹਨ ਤਾਂ ਅਨੇਕਾ ਬੰਦੇ ਦੇਵਤਿਆਂ ਤੇ ਫਰਿਸ਼ਤਿਆਂ ਵਰਗੇ ਵੀ ਹਨ, ਧਰਤੀ ਬਲ੍ਹਦ ਦੇ ਸਿੰਗਾਂ ਤੇ ਨਹੀਂ, ਇਨ੍ਹਾਂ ਸੁਨਹਿਰੀ ਦਿਲ ਵਾਲੇ ਬੰਦਿਆਂ ਦੇ ਸਹਾਰੇ ਖੜੀ ਹੈ। ਜੇ ਕਰ ਧਰਤੀ ਬਲ੍ਹਦ ਦੇ ਸਿੰਗਾਂ ਤੇ ਹੀ ਖੜੀ ਹੈ ਤਾਂ ਬਲਿਹਾਰ ਸਿੰਘ ਹੀ ਧਰਤੀ ਹੇਠਲਾ ਬਲਦ ਹੈ । “ਧੌਲੁ ਧਰਮੁ ਦਇਆ ਕਾ ਪੂਤੁ ”॥ ਜੇ-29/100,ਭਾਈ ਰਣਧੀਰ ਸਿੰਘ ਨਗਰ,ਲੁਧਿਆਣਾ-141012 |
***
ਟਿੱਪਣੀ : ਇਹ ਰਚਨਾ ‘‘ਲਿਖਾਰੀ’ ਵੈਬਸਾਈਟ ਦੀਆਂ ਪੁਰਾਣੀਆਂ ਫਾਈਲਾਂ ਤੋਂ ਚੁੱਕ ਕੇ ਲੋੜੀਂਦੀ ਤਬਦੀਲੀ ਕਰਨ ਉਪਰੰਤ ’ਲਿਖਾਰੀ.ਨੈੱਟ ‘ਤੇ ਲਗਾਉਣ ਦੀ ਖੁਸ਼ੀ ਲੈ ਰਹੇ ਹਾਂ।—ਲਿਖਾਰੀ (ਪਹਿਲੀ ਵਾਰ ਛਪਿਆ 2002) *** |
# 194-ਸੀ, ਭਾਈ ਰਣਧੀਰ ਸਿੰਘ ਨਗਰ,ਲੁਧਿਆਣਾ