12 November 2024

ਸੋਸ਼ਲ ਮੀਡੀਆ ਦਾ ਸਾਡੀ ਜਿ਼ੰਦਗੀ ‘ਤੇ ਪ੍ਰਭਾਵ—✍️ ਰਿਸ਼ੀ ਗੁਲਾਟੀ

ਸੋਸ਼ਲ ਮੀਡੀਆ ਇੱਕ ਅਜਿਹਾ ਪਲੇਟਫਾਰਮ ਹੈ, ਜਿਸ ਜੋ ਵਿਚਾਰਾਂ ‘ਚ ਬਹੁਤ ਵਿਖਰੇਵਾਂ ਪੈਦਾ ਕਰਦਾ ਹੈ। ਕੁਝ ਲੋਕ ਸੋਸ਼ਲ ਮੀਡੀਆ ਨੂੰ ਇੱਕ ਜਬਰਦਸਤ ਕ੍ਰਾਂਤੀ ਦੇ ਰੂਪ ‘ਚ ਵੇਖਦੇ ਹਨ ਤੇ ਅਜਿਹੇ ਲੋਕ ਵੀ ਘੱਟ ਨਹੀਂ ਹਨ, ਜੋ ਸੋਸ਼ਲ ਮੀਡੀਆ ਦੁਆਰਾ ਆਮ ਲੋਕਾਂ ਦੀ ਜਿ਼ੰਦਗੀ ‘ਚ ਚਾਹਿਆ/ਅਣਚਾਹਿਆ ਪ੍ਰਭਾਵ ਛੱਡਣ ਤੋਂ ਚਿੰਤਤ ਹਨ। ਵਿਦਿਆਰਥੀਆਂ ਤੋਂ ਲੈ ਕੇ, ਦੁਨੀਆਂ ਦੇ ਹਰ ਖੇਤਰ ਦੀਆਂ ਮਸ਼ਹੂਰ ਹਸਤੀਆਂ ਤੇ ਇੱਥੋਂ ਤੱਕ ਕਿ ਮਜ਼ਦੂਰ ਤੋਂ ਲੈ ਕੇ ਦੇਸ਼ਾਂ ਨੂੰ ਚਲਾਉਣ ਵਾਲੇ ਰਾਜਨੇਤਾ ਤੱਕ ਤਕਰੀਬਨ ਹਰ ਕੋਈ ਵਿਅਕਤੀ ਸੋਸ਼ਲ ਮੀਡੀਆ ਦੀ ਕਿਸੇ ਨਾ ਕਿਸੇ ਰੂਪ ‘ਚ ਵਰਤੋਂ ਕਰਦਾ ਹੈ। ਇਹ ਚਲਨ ਇਸ ਕਦਰ ਵਧ ਚੁੱਕਾ ਹੈ ਕਿ ਚਾਹੇ ਕਿਸੇ ਨੂੰ ਕੰਪਿਊਟਰ ਜਾਂ ਤਕਨੀਕ ਦੀ ਵਰਤੋਂ ਬਾਰੇ ਜਾਣਕਾਰੀ ਹੈ ਜਾਂ ਨਹੀਂ ਪਰ ਉਹ ਘੱਟੋ ਘੱਟ ਵਟਸਐਪ ਰਾਹੀਂ ਚਾਹੀਆਂ ਜਾ ਅਣਚਾਹੀਆਂ ਜਾਣਕਾਰੀਆਂ ਜਰੂਰ ਪ੍ਰਾਪਤ ਕਰਦਾ ਹੈ। 

Rich Gulatiਅੰਕੜਿਆਂ ਦੀ ਖੇਡ ‘ਤੇ ਨਜਰ ਮਾਰਿਆਂ ਪਤਾ ਲੱਗਦਾ ਹੈ ਕਿ ਦੁਨੀਆਂ ਭਰ ਦੀ ਕੁੱਲ ਅਬਾਦੀ ‘ਚੋਂ ਇੱਕ ਤਿਹਾਈ ਦੇ ਕਰੀਬ ਲੋਕ ਇੰਟਰਨੈੱਟ ਦਾ ਇਸਤੇਮਾਲ ਕਰਦੇ ਹਨ ਤੇ ਇਹਨਾਂ ਇੰਟਰਨੈੱਟ ਵਰਤਣ ਵਾਲਿਆਂ ‘ਚੋਂ 71 ਫੀਸਦੀ ਦੇ ਕਰੀਬ ਲੋਕ ਸੋਸ਼ਲ ਮੀਡੀਆ ਦਾ ਇਸਤੇਮਾਲ ਕਰਦੇ ਹਨ। ਸੋਸ਼ਲ ਮੀਡੀਆ ਵਰਤਣ ਵਾਲਿਆਂ ਦਾ ਇਹ ਅੰਕੜਾ ਉਸ ਵੇਲੇ ਕਿੰਨਾਂ ਵੱਡਾ ਜਾਪਦਾ ਹੈ, ਜਿਸ ਵੇਲੇ ਇਹ ਜਿ਼ਹਨ ‘ਚ ਆਉਂਦਾ ਹੈ ਕਿ ਦੁਨੀਆਂ ‘ਚ ਅਜਿਹੇ ਬਹੁਤ ਸਾਰੇ ਦੇਸ਼ ਹਨ, ਜੋ ਕਿ ਗਰੀਬੀ, ਭੁੱਖਮਰੀ ਤੇ ਬਹੁਤ ਸਾਰੀਆਂ ਭਿਆਨਕ ਬਿਮਾਰੀਆਂ ਵਰਗੀਆਂ ਅਲਾਮਤਾਂ ਦਾ ਸਾਹਮਣਾ ਕਰ ਰਹੇ ਹਨ। ਉਹਨਾਂ ਦੇਸ਼ਾਂ ਦੇ ਵਸਨੀਕਾਂ ਦੇ ਇੰਟਰਨੈੱਟ ਯੂਜ਼ਰ ਹੋਣ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ਤੇ ਉਹ ਇਸ ਅੰਕੜਿਆਂ ਦੀ ਖੇਡ ‘ਚੋਂ ਬਾਹਰ ਹਨ। ਇੰਟਰਨੈੱਟ, ਸੋਸ਼ਲ ਮੀਡੀਆ ਜਾਂ ਸਮਾਜਿਕ ਸਮੱਸਿਆਵਾਂ ਨਾਲ ਉਹਨਾਂ ਦਾ ਕੁਝ ਵੀ ਲੈਣ ਦੇਣ ਨਹੀਂ ਹੈ, ਉਹ ਤਾਂ ਚਾਰ ਸਾਹ ਲੈਣ ਲਈ ਵੀ ਹਾਲਾਤ ਦੇ ਮੋਹਤਾਜ ਹਨ।

ਪਿਛਲੇ ਕੁਝ ਸਮੇਂ ਤੋਂ ਸੋਸ਼ਲ ਮੀਡੀਆ ‘ਤੇ ਇੱਕ ਨਵਾਂ ਰੁਝਾਨ ਸ਼ੁਰੂ ਹੋ ਚੁੱਕਾ ਹੈ। ਹਰੇਕ ਦੇ ਹੱਥ ‘ਚ ਸਮਾਰਟਫੋਨ ਹੈ ਤੇ ਜਦ ਵੀ ਕੋਈ ਕੁੱਟਮਾਰ, ਦੁਰਘਟਨਾ ਜਾਂ ਲੜਾਈ ਆਦਿ ਨਜਰੀਂ ਪੈਂਦੀ ਹੈ ਤਾਂ ਬਹੁਤ ਸਾਰੇ ਲੋਕ ਤੁਰੰਤ ਉਸ ਘਟਨਾ ਦੀ ਵੀਡੀਓ ਬਨਾਉਣਾ ਸ਼ੁਰੂ ਕਰ ਦਿੰਦੇ ਹਨ ਤੇ ਬਾਅਦ ‘ਚ ਉਸਨੂੰ ਸੋਸ਼ਲ ਮੀਡੀਆ ‘ਤੇ ਚਾੜ੍ਹ ਦਿੱਤਾ ਜਾਂਦਾ ਹੈ। ਕੋਈ ਵੀ ਜਦੋਂ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਨਜ਼ਰ ਮਾਰਦਾ ਹੈ, ਉਸਨੂੰ ਬਹੁਤ ਸਾਰੀਆਂ ਅਜਿਹੀਆਂ ਅਣਚਾਹੀਆਂ ਪੋਸਟਾਂ ਨਜਰੀਂ ਪੈਂਦੀਆਂ ਹਨ, ਜਿਹਨਾਂ ‘ਚ ਮਾਰਕੁੱਟ, ਖੂਨ ਖਰਾਬਾ ਜਾਂ ਇਸੇ ਨਾਲ ਮਿਲਦੀਆਂ ਜੁਲਦੀਆਂ ਫਿਲਮਾਂ ਹੁੰਦੀਆਂ ਹਨ। ਜੇਕਰ ਅਜਿਹੀਆਂ ਵੀਡੀਓ ਪਾਉਣ ਵਾਲੇ ਜਾਂ ਰਿਕਾਰਡ ਕਰਨ ਵਾਲੇ ਜਰਾ ਠੰਢੇ ਮਤੇ ਨਾਲ ਸੋਚਣ ਕਿ ਜਿਹਨਾਂ ਦੇਸ਼ਾਂ ‘ਚ ਦਿਨ ਚੜ੍ਹਦਿਆਂ ਹੀ ਮੂੰਹ ਹਨੇਰੇ ਲੋਕ ਆਪਣੀਆਂ ਫੇਸਬੁੱਕਾਂ, ਟਵਿੱਟਰਾਂ ਜਾਂ ਵਟਸਐਪਾਂ ‘ਤੇ ਨਜਰ ਮਾਰਦੇ ਹਨ, ਤੇ ਅਜਿਹੀਆਂ ਕਤਲੋਗ਼ਾਰਤ ਜਾਂ ਖੂਨਖਰਾਬੇ ਵਾਲੀਆਂ ਵੀਡੀਓ ਜਾਂ ਫੋਟੋਆਂ ਉਹਨਾਂ ਦੇ ਮੱਥੇ ਲੱਗਦੀਆਂ ਹਨ ਤਾਂ ਉਹਨਾਂ ਦੀ ਮਾਨਸਿਕ ਅਵਸਥਾ ਕੀ ਹੁੰਦੀ ਹੋਏਗੀ? ਸਾਡੇ ਭਾਈਚਾਰੇ ‘ਚ ਸਵੇਰੇ ਉਠਣ ਦੇ ਸਮੇਂ ਨੂੰ “ਅੰਮ੍ਰਿਤ ਵੇਲਾ” ਕਿਹਾ ਜਾਂਦਾ ਹੈ, ਬਹੁਤ ਸਾਰੇ ਧਾਰਮਿਕ ਪ੍ਰਵਿਰਤੀ ਦੇ ਲੋਕ ਇਸ ਵੇਲੇ ਨੂੰ “ਸੰਤਾਂ ਦਾ ਵੇਲਾ” ਕਹਿ ਕੇ ਵੀ ਪੁਕਾਰਦੇ ਹਨ। ਵਿਚਾਰਨ ਯੋਗ ਹੈ ਕਿ “ਸੰਤਾਂ ਦੇ ਵੇਲੇ” ਉਠ ਕੇ ਨਵੀਆਂ ਜਾਣਕਾਰੀਆਂ ਪ੍ਰਾਪਤ ਕਰਨ ਦੇ ਚਾਹਵਾਨਾਂ ਤੋਂ ਅਜਿਹਾ ਕੀ ਕਸੂਰ ਹੋ ਗਿਆ ਕਿ ਉਹਨਾਂ ਨੂੰ ਅਜਿਹੀਆਂ ਨਕਾਰਤਮਕ ਗੱਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਹ ਤਾਂ ਅਸੀਂ ਸਭ ਭਲੀ ਭਾਂਤੀ ਜਾਣਦੇ ਹੀ ਹਾਂ ਕਿ ਸਵੇਰ ਵੇਲੇ ਜਿਹੋ ਜਿਹੀ ਸਾਡੀ ਮਾਨਸਿਕ ਅਵਸਥਾ ਹੋ ਜਾਂਦੀ ਹੈ, ਤਕਰੀਬਨ ਸਾਰਾ ਦਿਨ ਉਸੇ ਹੀ ਪ੍ਰਕਾਰ ਦੀਆਂ ਸੋਚਾਂ ਵਿਚਾਰਾਂ ਸਾਡੇ ਮਨ ‘ਚ ਆਉਂਦੀਆਂ ਰਹਿੰਦੀਆਂ ਹਨ ‘ਤੇ ਸਾਡੇ ਪੂਰੇ ਦਿਨ ਦੀ ਵਿਵਸਥਾ ‘ਤੇ ਉਹਨਾਂ ਦਾ ਵਧੇਰੇ ਕਰਕੇ ਪ੍ਰਭਾਵ ਦੇਖਣ ਨੂੰ ਮਿਲਦਾ ਹੈ। ਯਕੀਨਨ ਨਕਾਰਤਮਕ ਗੱਲਾਂ ਦਾ ਪ੍ਰਭਾਵ ਚੰਗਾ ਤਾਂ ਕਦੀ ਵੀ ਨਹੀਂ ਹੋ ਸਕਦਾ।

ਸਾਡੇ ਆਲੇ ਦੁਆਲੇ ਬਹੁਤ ਕੁਝ ਅਜਿਹਾ ਹੋ ਰਿਹਾ ਹੈ, ਜੋ ਕਿ ਵਧੀਆ ਵੀ ਹੈ ਪਰ ਉਭਰ ਕੇ ਨਕਾਰਤਮਕ ਪੱਖ ਸਾਹਮਣੇ ਆ ਰਿਹਾ ਹੈ। ਜੇਕਰ ਇਨਸਾਨੀ ਮਨ ਦੇ ਸੁਭਾਅ ਦੀ ਗੱਲ ਕਰਾਂ ਤਾਂ ਇਹ ਹਮੇਸ਼ਾ ਹੀ ਮਜ਼ਾ ਚਾਹੁੰਦਾ ਹੈ ਤੇ ਉਸਨੂੰ ਨਕਾਰਤਮਕ ਗੱਲਾਂ ਚੋਂ ਵਧੇਰੇ ਮਜ਼ ਮਿਲਦਾ ਹੈ। ਉਦਾਹਰਣ ਦੇ ਤੌਰ ‘ਤੇ ਜੇਕਰ ਸੋਸ਼ਲ ਮੀਡੀਆ ‘ਤੇ ਦੋ ਵੀਡੀਓ ਬਰਾਬਰ ਦਿਸਣ ਜਿਹਨਾਂ ‘ਚੋਂ ਇੱਕ ‘ਚ ਕਿਸੇ ਨੂੰ ਮਾਰਿਆ ਜਾਂਦਾ ਵਿਖਾਇਆ ਜਾਵੇ (ਨਕਾਰਤਮਕ ਵੀਡੀਓ) ਤੇ ਦੂਜੀ ‘ਚ ਜਨਮ ਦਿਨ ਦੀ ਪਾਰਟੀ ਹੋਵੇ (ਸਕਾਰਤਮਕ ਵੀਡੀਓ) ਤਾਂ ਸੋਸ਼ਲ ਮੀਡੀਆ ਵਰਤਣ ਵਾਲਾ ਪਹਿਲਾਂ ਇਹ ਦੇਖਣਾ ਚਾਹੇਗਾ ਕਿ ਜਿਸ ਵੀਡੀਓ ‘ਚ ਕਿਸੇ ਨੂੰ ਮਾਰਿਆ ਗਿਆ ਹੈ, ਉਸ ‘ਚ ਕੀ ਫਿਲਮਾਇਆ ਗਿਆ ਹੈ? ਇਸ ‘ਚ ਵੀਡੀਓ ਵੇਖਣ ਵਾਲੇ ਦਾ ਕਸੂਰ ਨਹੀਂ ਹੈ, ਇਹ ਇਨਸਾਨੀ ਮਨ ਦਾ ਸੁਭਾਅ ਹੈ।

ਮਨੋਰੰਜਨ ਦੇ ਨਾਮ ‘ਤੇ ਹਲਕੇ ਪੱਧਰ ਦੀ ਗਾਇਕੀ ਜਾਂ ਫੂਹੜ ਕਮੇਡੀ ਨੂੰ ਪ੍ਰਮੋਟ ਕੀਤਾ ਜਾ ਰਿਹਾ ਹੈ। ਕਈ ਵਾਰ ਵੀਡੀਓ ਵੇਖਣ ਵਾਲਾ, ਗਾਇਕ ਜਾਂ ਅਦਾਕਾਰ ਦਾ ਮਜਾਕ ਉਡਾਉਣ ਲਈ ਜਾਂ ਸੁਆਦ ਲੈਣ ਲਈ ਹੀ ਵੀਡੀਓ ਸ਼ੇਅਰ ਕਰਦਾ ਹੈ ਪਰ ਵੀਡੀਓ ਬਨਾਉਣ ਵਾਲੇ ਲੋਕਾਂ ਦਾ ਮਕਸਦ ਹੀ ਵੱਧ ਤੋਂ ਵੱਧ “ਵਿਊ” ਖੱਟਣ ਦਾ ਹੁੰਦਾ ਹੈ। ਇਸ ‘ਚ ਗਾਣੇ ਨੂੰ ਬੁਰਾ ਕਹਿਣ ਜਾਂ ਸਮਝਣ ਵਾਲਾ ਵੀ ਜਾਣੇ-ਅਣਜਾਣੇ ਆਪਣਾ ਭਰਪੂਰ ਯੋਗਦਾਨ ਪਾਉਂਦਾ ਹੈ। ਜਿਹਨਾਂ ਲੋਕਾਂ ਨੂੰ ਅਜਿਹੇ ਬੇ-ਸੁਰੇ ਗਾਇਕਾਂ ਜਾਂ ਉਹਨਾਂ ਦੀ ਗਾਇਕੀ ਬਾਰੇ ਪਤਾ ਨਹੀਂ ਹੁੰਦਾ ਉਹਨਾਂ ਨੂੰ ਵੀ ਪਤਾ ਲੱਗ ਜਾਂਦਾ ਹੈ। ਅਜਿਹਾ ਕਰਨਾ ਘਾਤਕ ਹੈ, ਤੇ ਇਸਦਾ ਨਤੀਜਾ ਆਉਣ ਵਾਲੇ ਸਾਲਾਂ ‘ਚ ਨਜਰ ਆਏਗਾ ਜਦ ਕਿ ਆਉਣ ਵਾਲੀਆਂ ਪੀੜ੍ਹੀਆਂ ਹਲਕੇ ਪੱਧਰ ਦੀ ਗਾਇਕੀ ਜਾਂ ਫੂਹੜ ਕਮੇਡੀ ਨੂੰ ਹੀ ਸਿਹਤਮੰਦ ਮਨੋਰੰਜਨ ਸਮਝਣਾ ਸ਼ੁਰੂ ਕਰ ਦੇਣਗੀਆਂ। ਚਾਰ ਪੰਜ ਦਹਾਕੇ ਪਹਿਲਾਂ ਤੱਕ ਫਿਲਮਾਂ ‘ਚ ਨਾਇਕ ਨਾਇਕਾ ਦੇ ਪਿਆਰ ਦੀਆਂ ਭਾਵਨਾਵਾਂ ਨੂੰ ਫੁੱਲਾਂ ਜਾਂ ਪੰਛੀਆਂ ਦੁਆਰਾ ਪ੍ਰਗਟਾਇਆ ਜਾਂਦਾ ਸੀ, ਹੌਲੀ ਹੌਲੀ ਦੋ-ਅਰਥੀ ਡਾਇਲਾਗ ਸ਼ੁਰੂ ਹੋਏ ਤੇ ਹੁਣ ਉਹ ਸਭ ਖੁੱਲੇ ਆਮ ਪਰਦੇ ‘ਤੇ ਦਿਖਾਇਆ ਜਾਂਦਾ ਹੈ, ਜੋ ਕਿ ਸਾਡੇ ਸਮਾਜ ‘ਚ ਵਰਜਿਤ ਮੰਨਿਆਂ ਜਾਂਦਾ ਹੈ। ਸਮਾਂ ਬਹੁਤਾ ਹੱਥੋਂ ਖਿਸਕ ਚੁੱਕਾ ਹੈ, ਪਰ ਅਜੇ ਵੀ ਜੇ ਕੁਝ ਬਚਾ ਲਿਆ ਜਾਵੇ ਉਸ ‘ਚ ਹੀ ਭਲਾ ਹੋਵੇਗਾ।

ਸੋਸ਼ਲ ਮੀਡੀਆ ਰਾਹੀਂ ਜੋ ਕੁਝ ਸਾਹਮਣੇ ਆ ਰਿਹਾ ਹੈ, ਉਸ ਨਾਲ ਜਿਆਦਾਤਰ ਲੋਕਾਂ ਦਾ ਨੁਕਸਾਨ ਹੀ ਹੁੰਦਾ ਹੈ। ਤ੍ਰਾਸਦੀ ਇਸ ਗੱਲ ਦੀ ਵੀ ਹੈ ਕਿ ਉਹਨਾਂ ਨੂੰ ਖ਼ੁਦ ਨੂੰ ਵੀ ਮਾਨਸਿਕ ਤੌਰ ‘ਤੇ ਹੋ ਰਹੇ ਇਸ ਘਾਣ ਦਾ ਪਤਾ ਨਹੀਂ ਹੁੰਦਾ। ਸੋਸ਼ਲ ਮੀਡੀਆ ਦਾ ਯੂਜ਼ਰ ਰਹਿੰਦਾ ਕਿਤੇ ਹੋਰ ਹੁੰਦਾ ਹੈ ਪਰ ਉਸ ਦੀ ਚਿੰਤਾ ਦਾ ਵਿਸ਼ਾ ਹਜ਼ਾਰਾਂ ਕਿਲੋਮੀਟਰ ਦੂਰ ਵਾਪਰ ਰਹੀ ਘਟਨਾ ਹੁੰਦੀ ਹੈ। ਇਸ ਵਾਪਰ ਰਹੀ ਘਟਨਾ ਦਾ ਆਪਣੀ ਮਾਨਸਿਕ ਸਥਿਤੀ ‘ਤੇ ਬੁਰਾ ਪ੍ਰਭਾਵ ਪਾਉਂਦਿਆਂ, ਪ੍ਰੇਸ਼ਾਨ ਹੁੰਦਿਆਂ, ਸੋਸ਼ਲ ਮੀਡੀਆ ‘ਤੇ ਆਪਣੇ ਵਿਚਾਰ ਪ੍ਰਗਟ ਕਰ ਲਾਈਕਾਂ ਤੇ ਕੁਮੈਂਟਾਂ ਦੀ ਉਡੀਕ ਕਰਦਿਆਂ ਚਾਹ ਦੇ ਕੱਪ ਜਾਂ ਬੀਅਰ ਦੇ ਗਲਾਸ ਦੇ ਘੁੱਟ ਭਰਦਿਆਂ ਉਹ ਘੰਟਿਆਂ ਬੱਧੀ ਲੋਕਾਂ ਨਾਲ ਕੁਮੈਂਟਾਂ ਦੀ ਜੰਗ ਲੜਦਾ ਰਹਿੰਦਾ ਹੈ। ਇੱਕ ਗੱਲ ਤਾਂ ਯਕੀਨੀ ਹੈ ਕਿ ਚਾਹੇ ਚੌਵੀ ਘੰਟੇ, ਸੱਤੇ ਦਿਨ ਜਾਂ ਸਾਰੀ ਉਮਰ ਉਹ ਇਹ ਜੰਗ ਸੋਸ਼ਲ ਮੀਡੀਆ ‘ਤੇ ਲੜਦਾ ਰਹੇ, ਹਾਸਿਲ ਕੁਝ ਵੀ ਨਹੀਂ ਹੋਵੇਗਾ।

ਕਈ ਲੋਕਾਂ ਨੇ ਸਮਾਜ ‘ਚ ਵਾਪਰ ਰਹੀਆਂ ਸਭ ਬੁਰਾਈਆਂ ਨੂੰ ਠੀਕ ਕਰਨ ਬਾਰੇ “ਸੋਚਣ” ਦਾ ਠੇਕਾ ਲਿਆ ਹੁੰਦਾ ਹੈ। ਅਜਿਹੇ ਲੋਕ ਸਿਰਫ਼ ਸੋਚਦੇ ਹੀ ਹਨ, ਵਿਹਾਰਕ ਰੂਪ ‘ਚ ਕਰਦੇ ਕੁਝ ਨਹੀਂ। ਸਮਾਜ ‘ਚ ਜੋ ਕੁਝ ਬੁਰਾ ਹੋ ਰਿਹਾ ਹੈ, ਉਸਨੂੰ ਸੁਧਾਰ ਦੇਣਾ ਕਿਸੇ ਇਕੱਲੇ ਦੇ ਵੱਸ ਦੀ ਗੱਲ ਨਹੀਂ, ਇਹ ਜਿੰਨੀ ਜਲਦੀ ਸਮਝ ਲਿਆ ਜਾਵੇ ਚੰਗਾ ਹੈ। ਸਾਰੇ ਸਮਾਜ ਦੇ ਸੁਧਾਰ ਨਾਲੋਂ ਜੇਕਰ ਪਹਿਲਾਂ ਆਪਣੇ ਆਪ, ਮੁੜ ਆਪਣੇ ਪਰਿਵਾਰ, ਤੇ ਵੱਧ ਤੋਂ ਵੱਧ ਆਪਣੇ ਲੋੜਵੰਦ ਰਿਸ਼ਤੇਦਾਰਾਂ ਤੇ ਦੋਸਤਾਂ ਦੀ ਸਾਰ ਹੀ ਲੈ ਲਈ ਜਾਵੇ ਤਾਂ ਕਾਫ਼ੀ ਹੋਵੇਗਾ। ਜੋ ਬਾਕੀ ਬਚਦੇ ਲੋਕ ਹਨ, ਉਹਨਾਂ ਲਈ ਉਹ ਖੁਦ, ਉਹਨਾਂ ਦੇ ਆਪਣੇ ਪਰਿਵਾਰ, ਰਿਸ਼ਤੇਦਾਰ ਤੇ ਦੋਸਤ ਸਹਾਰਾ ਬਣ ਸਕਦੇ ਹਨ। ਹਾਂ, ਕੁਝ ਅਜਿਹੇ ਹਾਲਾਤ ਵੀ ਪੈਦਾ ਹੋ ਜਾਂਦੇ ਹਨ, ਜਿੱਥੇ ਕਿ ਤੀਜੀਆਂ ਧਿਰਾਂ ਦਾ ਕਿਸੇ ਲੋੜਵੰਦ ਲਈ ਖੜ੍ਹੇ ਹੋਣਾ ਲਾਜਮੀ ਹੋ ਜਾਂਦਾ ਹੈ ਪਰ ਅਜਿਹਾ ਹਮੇਸ਼ਾ ਨਹੀਂ ਹੁੰਦਾ। ਜੇਕਰ ਸੋਸ਼ਲ ਮੀਡੀਆ ਦਾ ਜੰਗੀ ਯੋਧਾ ਸਫ਼ਾਈ ਦੀ ਲੜਾਈ ਲੜ ਰਿਹਾ ਹੈ, ਤਾਂ ਚੇਤੇ ਰੱਖਣਾ ਬਣਦਾ ਹੈ ਕਿ ਸਫ਼ਾਈ ਤਾਂ ਹੀ ਹੋਵੇਗੀ ਜੇਕਰ ਬਹੁਕਰ ਚੁੱਕ ਕੇ ਕੰਮ ਨੂੰ ਅਮਲੀ ਜਾਮਾ ਪਹਿਨਾਇਆ ਜਾਏਗਾ, ਨਾ ਕਿ ਗੰਦ ਦੀਆਂ ਫੋਟੋਆਂ ਸੋਸ਼ਲ ਮੀਡੀਆ ‘ਤੇ ਪਾਉਣ ਨਾਲ ਜਾਂ ਲੀਡਰਾਂ, ਪ੍ਰਸ਼ਾਸਨ ਜਾਂ ਗੰਦ ਪਾਉਣ ਵਾਲਿਆਂ ਨੂੰ ਬੁਰਾ ਭਲਾ ਕਹਿਣ ਨਾਲ ਕੋਈ ਸਾਰਥਿਕ ਨਤੀਜਾ ਹਾਸਲ ਹੋਏਗਾ।

ਜਦੋਂ ਸੋਸ਼ਲ ਮੀਡੀਆ ‘ਤੇ ਕੋਈ ਪੋਸਟ ਪਾਈ ਜਾਂਦੀ ਹੈ ਤਾਂ ਉਸ ‘ਤੇ ਆਉਣ ਵਾਲਾ ਪ੍ਰਤੀਕਰਮ ਕਿਸੇ ਦੇ ਕੰਟਰੌਲ ‘ਚ ਨਹੀਂ ਹੁੰਦਾ। ਹਰੇਕ ਦਾ ਪ੍ਰਤੀਕਰਮ ਵੱਖਰਾ ਹੁੰਦਾ ਹੈ, ਸੰਭਵ ਹੈ ਕਿ ਪ੍ਰਤੀਕਰਮ ਕਰਨ ਵਾਲਾ ਤੁਹਾਡੇ ਨਜਰੀਏ ਨੂੰ ਪਹਿਚਾਣ ਨਾ ਸਕੇ ਤੇ ਉਹ ਤੁਹਾਡੀ ਸਕਾਰਤਮਕ ਸੋਚ ਨੂੰ ਨਕਾਰਤਮਕ ਨਜਰੀਏ ਨਾਲ ਵੇਖੇ ਤੇ ਉਸੇ ਹਿਸਾਬ ਨਾਲ ਪ੍ਰਤੀਕਰਮ ਕਰੇ। ਉਦਾਹਰਣ ਦੇ ਤੌਰ ‘ਤੇ ਤੁਸੀਂ ਹਲਕੇ ਫੁਲਕੇ ਮੂਡ ‘ਚ ਕੋਈ ਪੋਸਟ ਜਾਂ ਫੋਟੋ ਪਾਉਂਦੇ ਹੋ, ਸੰਭਵ ਹੈ ਕਿ ਬਹੁਤਾਤ ਲੋਕ ਤੁਹਾਡੇ ਹਲਕੇ ਫੁਲਕੇ ਨਜਰੀਏ ਨੂੰ ਸਮਝ ਕੇ ਉਸ ਹਿਸਾਬ ਦਾ ਪ੍ਰਤੀਕਰਮ ਦੇਣ, ਜਾਂ ਇਹ ਵੀ ਸੰਭਵ ਹੈ ਕਿ ਕੋਈ ਕਿਸੇ ਗੱਲ ਜਾਂ ਘਟਨਾ ਤੋਂ ਸੜਿਆ ਬੈਠਾ ਹੋਵੇ ਤੇ ਉਸਨੂੰ ਤੁਹਾਡਾ ਹਾਸਾ ਮਜਾਕ ਚੰਗਾ ਨਾ ਲੱਗੇ ਜਾਂ ਚੁੱਭ ਜਾਵੇ। ਜੇਕਰ ਉਹ ਸਮਝਦਾਰ ਹੋਵੇ ਤਾਂ ਅਜਿਹੀ ਸਥਿਤੀ ‘ਚ ਤੁਹਾਡੀ ਪੋਸਟ ਨੂੰ ਅੱਖੋਂ-ਪਰੋਖਿਆਂ ਵੀ ਕਰ ਸਕਦਾ ਹੈ ਪਰ ਕਈ ਵਾਰ ਉਹ ਤੁਹਾਡੀ ਸ਼ਾਨ ‘ਚ ਗੁਸਤਾਖ਼ੀ ਵੀ ਕਰ ਸਕਦਾ ਹੈ, ਜਿਸਨੂੰ ਅਸੀਂ ਨਕਾਰਤਮਕ ਕੁਮੈਂਟ ਕਹਿੰਦੇ ਹਾਂ। ਵਿਚਾਰਨਯੋਗ ਹੈ ਕਿ ਜਿੱਥੇ ਸਕਾਰਤਮਕ ਕੁਮੈਂਟ ਮਨ ਨੂੰ ਖੁਸ਼ੀ ਦਾ ਹੁਲਾਰਾ ਦਿੰਦੇ ਹਨ, ਆਤਮਵਿਸ਼ਵਾਸ ਨੂੰ ਉਪਰ ਚੁੱਕਦੇ ਹਨ, ਉਥੇ ਨਕਾਰਤਮਕ ਕੁਮੈਂਟਾਂ ਨਾਲ ਗੁੱਸਾ ਆਉਣ ਦੇ ਨਾਲ ਨਾਲ ਮਨ ਦੁਖੀ ਹੁੰਦਾ ਹੈ ਤੇ ਲਗਾਤਾਰ ਅਜਿਹਾ ਹੋਣ ਨਾਲ ਆਤਮਵਿਸ਼ਵਾਸ ਵੀ ਡੋਲ ਜਾਂਦਾ ਹੈ। ਅਜਿਹਾ ਕਿਸੇ ਦੇ ਵੱਸ ‘ਚ ਨਹੀਂ ਹੁੰਦਾ, ਇਹ ਸੁਭਾਵਕ ਤੌਰ ‘ਤੇ ਹੀ ਵਾਪਰਦਾ ਹੈ।

ਸੋਸ਼ਲ ਮੀਡੀਆ ‘ਤੇ ਲਾਈਕਾਂ ਜਾਂ ਕੁਮੈਂਟਾਂ ਦੇ ਸਿਸਟਮ ‘ਚ ਇਮਾਨਦਾਰੀ ਨਹੀਂ ਹੈ। ਸ਼ੀਸ਼ਾ ਵਿਖਾਉਣ ਵਾਲੀਆਂ ਪੋਸਟਾਂ ਨੂੰ ਅਕਸਰ ਨਜਰਅੰਦਾਜ ਕਰ ਦਿੱਤਾ ਜਾਂਦਾ ਹੈ ਜਾਂ ਨਕਾਰਤਮਕ ਜੁਆਬ ਦਿੱਤੇ ਜਾਂਦੇ ਹਨ। “ਤੂੰ ਮੇਰਾ ਬਾਈ, ਮੈਂ ਤੇਰਾ ਬਾਈ” ਦੀ ਤਰਜ ‘ਤੇ ਲਾਈਕ ਵੱਟੇ ਲਾਈਕ ਤੇ ਕੁਮੈਂਟ ਵੱਟੇ ਕੁਮੈਂਟ ਮਿਲਦੇ ਹਨ, ਜੋ ਕਿ ਕਿਸੇ ਵੀ ਸਕਾਰਤਮਕ ਸੋਚ ਵਾਲੀ ਪੋਸਟ ਲਈ ਘਾਤਕ ਹਨ। ਕਾਰਣ? ਨਕਾਰਤਮਕ ਸੋਚ ਵਾਲਿਆਂ ਨੂੰ ਵੀ ਉਤਸ਼ਾਹਿਤ ਕਰਨ ਵਾਲਿਆਂ ਦੀ ਕਮੀ ਨਹੀਂ, ਕੁਝ ਸੁਆਦ ਲੈਣ ਵਾਲੇ ਤੇ ਕੁਝ ਲਾਈਕ ਵੱਟੇ ਲਾਈਕ ਮਾਰਨ ਵਾਲੇ ਤੇ ਕੁਝ ਮੂੰਹ ਮੁਲਾਹਜ਼ਾ ਰੱਖਣ ਵਾਲੇ। ਜੇਕਰ ਨਕਾਰਤਮਕ ਸੋਚਾਂ ਦਾ ਵਿਰੋਧ ਕਰਨਾ ਸੰਭਵ ਨਾ ਹੋਵੇ ਤਾਂ ਉਹਨਾਂ ਨੂੰ ਅੱਖੋਂ ਪਰੋਖੇ ਕਰਨਾ ਜਾਇਜ਼ ਰਹੇਗਾ ਤਾਂ ਕਿ ਉਹ ਨਕਾਰਤਮਿਕਤਾ ਅੱਗੇ ਨਾ ਫੈਲੇ।

ਚੇਤੇ ਰਹੇ ਕਿ ਲੋਕ ਤਾਂ ਕੁਝ ਵੀ ਕਹਿ ਦਿੰਦੇ ਹਨ ਪਰ ਕਈ ਵਾਰ ਨਕਾਰਤਮਕ ਕੁਮੈਂਟ ਦਿਮਾਗ ‘ਚ ਫਸ ਜਾਂਦੇ ਹਨ। ਅਜਿਹੀ ਸਥਿਤੀ ‘ਚ ਇਨਸਾਨ ਵਾਰ ਵਾਰ ਉਹੀ ਕੁਮੈਂਟ ਵੇਖਦਾ ਹੈ, ਪੜ੍ਹਦਾ ਹੈ ਤੇ ਲਗਾਤਾਰ ਉਸਦਾ ਮਨ ਨਕਾਰਤਮਿਕਤਾ ਵੱਲ ਜਾਂਦਾ ਹੈ। ਕੀ ਇਹ ਹੈਰਾਨੀਜਨਕ ਨਹੀਂ ਹੈ ਕਿ ਜੇਕਰ ਬਹੁਤ ਸਾਰੇ ਵਧੀਆ ਕੁਮੈਂਟ ਮਿਲਣ ਪਰ ਇੱਕ ਹੀ ਬੁਰਾ ਕੁਮੈਂਟ ਮਿਲ ਜਾਵੇ ਤਾਂ ਮਨ ਬੁਰੇ ਕੁਮੈਂਟ ਵੱਲ ਜਾਏਗਾ, ਵਾਰ ਵਾਰ ਉਹੀ ਸੋਚੇਗਾ। ਕੁਮੈਂਟ ਚਾਹੇ ਕੰਮ ‘ਤੇ ਮਿਲੀ ਫੀਡਬੈਕ ਦਾ ਹੋਵੇ ਜਾਂ ਦੋਸਤਾਂ ‘ਚ ਚੱਲ ਰਹੇ ਹਾਸਿਆਂ ਠੱਠਿਆਂ ‘ਚ ਹੋਈ ਗੱਲਬਾਤ ਜਾਂ ਸੋਸ਼ਲ ਮੀਡੀਆ ‘ਤੇ, ਯਾਦ ਰਹੇ ਕਿ ਜੇਕਰ ਇਸ ਸਥਿਤੀ ਨੂੰ ਕੰਟਰੌਲ ਨਾ ਕੀਤਾ ਜਾਵੇ ਤਾਂ ਮਨ ਉਸਨੂੰ ਸੱਚ ਮੰਨ ਲੈਂਦਾ ਹੈ। ਮਨ ਸਾਰੀ ਐਨਰਜੀ ਨਕਾਰਤਮਿਕਤਾ ‘ਚ ਖ਼ਰਚ ਕਰ ਦਿੰਦਾ ਹੈ। ਬਹੁਤ ਸਾਰੇ ਲੋਕ ਇਸ ਗੱਲੋਂ ਹਮੇਸ਼ਾ ਬਹੁਤ ਜਿਆਦਾ ਚੇਤੰਨ ਰਹਿਣ ਲੱਗ ਪੈਂਦੇ ਹਨ ਕਿ ਲੋਕ ਸਾਡੇ ਬਾਰੇ ਕੀ ਕਹਿੰਦੇ ਹਨ? ਹਾਲਾਂਕਿ ਨਕਾਰਤਮਿਕਤਾ ਫੈਲਾਉਣ ਵਾਲਿਆਂ ਨੂੰ ਇਸ ਗੱਲ ਦਾ ਬਹੁਤਾ ਫ਼ਰਕ ਨਹੀਂ ਪੈਂਦਾ, ਜੇਕਰ ਕੋਈ ਉਹਨਾਂ ਦੀ ਲਾਹ-ਪਾਹ ਕਰ ਵੀ ਦੇਵੇ ਤਾਂ ਵੀ। ਉਹਨਾਂ ਨੂੰ ਤਾਂ ਬਲਕਿ ਬਹਿਸਣ ਨਾਲ ਹੋਰ ਵਧੇਰੇ ਨਜ਼ਾਰਾ ਆਉਂਦਾ ਹੈ, ਤੇ ਉਹਨਾਂ ਦਾ ਤਾਂ “ਦੋ ਪਈਆਂ, ਵਿੱਸਰ ਗਈਆਂ, ਸਦਕੇ ਜਾਵਾਂ ਢੂਈ ਦੇ”, ਵਾਲਾ ਹਿਸਾਬ ਹੁੰਦਾ ਹੈ। ਹਾਂ! ਇੱਕ ਗੱਲ ਹੋਰ ਹੈ ਕਿ ਸਕਾਰਤਮਿਕਤਾ ਦੇ ਸਾਹਮਣੇ ਨਕਾਰਤਮਿਕਤਾ ਠਹਿਰਦੀ ਥੋੜ੍ਹੀ ਦੇਰ ਹੀ ਹੈ। ਪਰ ਇੱਥੇ ਸਲਾਹ ਇਹੀ ਹੈ ਕਿ ਅਜਿਹੇ ਲੋਕਾਂ ਨੂੰ ਨਜਰਅੰਦਾਜ ਕੀਤਾ ਜਾਏ, ਕਿਉਂਜੋ ਉਹਨਾਂ ਦਾ ਕੰਮ ਸਿਰਫ਼ ਅੜਿੱਕਾ ਪੈਦਾ ਕਰਨਾ ਹੁੰਦਾ ਹੈ। ਜਿਕਰਯੋਗ ਇਹ ਵੀ ਹੁੰਦਾ ਹੈ ਕਿ ਅਜਿਹੇ ਲੋਕਾਂ ਨੇ ਖੁਦ ਕਦੇ ਕੁਝ ਅਜਿਹਾ ਨਹੀਂ ਲਿਖਿਆ ਹੁੰਦਾ, ਜੋ ਕਿ ਥੋੜ੍ਹੀ ਬਹੁਤ ਵੀ ਸੇਧ ਦੇਣ ਵਾਲਾ ਹੋਵੇ। ਵਧੇਰੇ ਸੰਭਾਵਨਾ ਇਸ ਗੱਲ ਦੀ ਹੁੰਦੀ ਹੈ ਕਿ ਉਹਨਾਂ ਨੇ ਹੋਰਨਾਂ ਦਾ ਹੀ ਸ਼ੇਅਰ ਕੀਤਾ ਹੁੰਦਾ ਹੈ।

ਇਹ ਜਿਕਰ ਕਰ ਚੁੱਕਾ ਹਾਂ ਕਿ ਅਸਲ ‘ਚ ਇਨਸਾਨੀ ਮਨ ਮਜ਼ਾ ਲੈਣਾ ਚਾਹੁੰਦਾ ਹੈ, ਕਈ ਵਾਰ (ਜਾਂ ਅਕਸਰ) ਕਿਸੇ ਹੋਰ ਨੂੰ ਨੀਵਾਂ ਦਿਖਾ ਕੇ। ਆਪਣੀ ਲਕੀਰ ਵੱਡੀ ਕਰਨਾ ਬੁਰਾ ਨਹੀਂ ਹੈ ਪਰ ਕਿਸੇ ਦੀ ਲਕੀਰ ਛੋਟੀ ਕਰਨਾ ਕਿੱਥੋਂ ਕੁ ਤੱਕ ਜਾਇਜ਼ ਹੈ? ਸੋਸ਼ਲ ਮੀਡੀਆ ਤੋਂ ਬਾਹਰ ਨਿੱਕਲ ਕੇ ਜੇਕਰ ਗੱਲ ਕਰੀਏ ਤਾਂ ਜੋ ਲੋਕ ਚੌਵੀ ਘੰਟੇ ਜਾਇਜ ਨਜਾਇਜ ਤਰੀਕਿਆਂ ਨਾਲ ਹਮੇਸ਼ਾ ਆਪਣੀ ਲਕੀਰ ਵੱਡੀ ਕਰਨ ਦੇ ਚੱਕਰ ਰਹਿੰਦੇ ਹਨ, ਜੇਕਰ ਉਹ ਵਿਅਕਤੀਤਵ ਵਿਕਾਰ ਦਾ ਸਿ਼ਕਾਰ ਹੋ ਜਾਣ ਤਾਂ ਇਸ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਚੇਤੇ ਰਹੇ ਕਿ ਵਿਅਕਤੀਤਵ ਵਿਕਾਰ ਵਾਲੇ ਵਿਅਕਤੀਆਂ ਦਾ ਇਲਾਜ ਸੰਭਵ ਤਾਂ ਹੈ ਪਰ ਹੋਰ ਮਾਨਸਿਕ ਸਮੱਸਿਆਵਾਂ ਦੇ ਮੁਕਾਬਲੇ ਠੀਕ ਹੋਣਾ ਬਹੁਤ ਔਖਾ ਹੈ।

ਜੇਕਰ ਕਿਸੇ ਜਗ੍ਹਾ ‘ਤੇ ਕਰਮਚਾਰੀਆਂ ਦੇ ਦੋ ਗਰੁੱਪ ਬਣਾ ਲਏ ਜਾਣ, ਇੱਕ ਗਰੁੱਪ ਦੇ ਕੰਮ ਨੂੰ ਸਕਾਰਤਮਕ ਤੇ ਦੂਜੇ ਗਰੁੱਪ ਨੂੰ ਨਕਾਰਤਮਕ ਕੁਮੈਂਟ ਦਿੱਤੇ ਜਾਣ ਤਾਂ ਸਕਾਰਤਮਕ ਕੁਮੈਂਟ ਹਾਸਲ ਕਰਨ ਵਾਲਿਆਂ ਦਾ ਆਪਣੇ ਕੰਮ ਦਾ ਪ੍ਰਦਰਸ਼ਨ ਦੂਜਿਆਂ ਤੋਂ ਬਿਹਤਰ ਹੋਵੇਗਾ। ਜਿਸ ਗਰੁੱਪ ਨੂੰ ਨਕਾਰਤਮਕ ਕੁਮੈਂਟ ਦਿੱਤੇ ਜਾਣਗੇ, ਉਹਨਾਂ ਦਾ ਧਿਆਨ ਆਪਣੀ ਕਮੀ ਜਾਂ ਕਮਜ਼ੋਰੀ ਦੂਰ ਕਰਨ ਵੱਲ ਹੋ ਜਾਏਗਾ, ਉਹ ਆਪਣੀ ਪ੍ਰੋਡਕਸ਼ਨ ਵੱਲ ਧਿਆਨ ਨਹੀਂ ਦੇ ਪਾਉਣਗੇ। ਨਕਾਰਤਮਕ ਕੁਮੈਂਟ ਕਮੀ ਮਹਿਸੂਸ ਕਰਵਾਉਂਦੇ ਹਨ। ਚੇਤੇ ਰਹੇ ਕਿ ਜੋ ਲੋਕ ਖੁਦ ਨਕਾਰਤਮਕ ਹੁੰਦੇ ਹਨ, ਉਹੀ ਦੂਜਿਆਂ ‘ਤੇ ਟੋਕਾ ਟਾਕੀ ਕਰਦੇ ਹਨ। 

ਸੁਆਲ ਪੈਦਾ ਹੁੰਦਾ ਹੈ ਕਿ ਅਜਿਹੀ ਸਥਿਤੀ ‘ਚ ਕੀ ਕੀਤਾ ਜਾਏ?

ਯਕੀਨਨ ਇਹ ਚੋਣ ਤੁਹਾਡੀ ਹੈ। ਹਰੇਕ ਨੂੰ ਖੁਦ ਬਾਰੇ ਪਤਾ ਹੁੰਦਾ ਹੈ। ਅਜਿਹੀ ਸਥਿਤੀ ‘ਚ ਪਹਿਲਾਂ ਤਾਂ ਆਪਣੇ ਆਪ ਬਾਰੇ ਸਪੱਸ਼ਟ ਹੋਣਾ ਲਾਜਮੀ ਹੈ। ਖੁਦ ਨੂੰ ਸਮਾਂ ਦਿਓ ਤੇ ਵਿਚਾਰ ਕਰੋ ਕਿ:

• ਤੁਸੀਂ ਕੌਣ ਹੋ?

• ਤੁਹਾਡੀ ਸਖਸ਼ੀਅਤ ਕੀ ਹੈ?

• ਤੁਹਾਡੀਆਂ ਭਾਵਨਾਵਾਂ ਕੀ ਹਨ?

• ਤੁਹਾਡਾ ਇਰਾਦਾ ਕੀ ਹੈ?

• ਦੂਜੇ ਵਿਅਕਤੀ ਦੀ ਨੀਅਤ ਕੀ ਹੈ?

ਆਪਣੇ ਕੀਤੇ ਕੰਮ ਦਾ ਮੁੱਲਅੰਕਣ ਤੁਸੀਂ ਖੁਦ ਕਰੋ, ਨਾ ਕਿ ਕਿਸੇ ਹੋਰ ਤੀਜੇ ਬੰਦੇ ਕੋਲ ਇਹ ਅਧਿਕਾਰ ਹੋਵੇ। ਇਹ ਕੰਮ ਉਹ ਵੀ ਹੋ ਸਕਦਾ ਹੈ, ਜੋ ਤੁਸੀਂ ਆਪਣੇ ਹਿਸਾਬ ਨਾਲ ਹੋਰਨਾਂ ਦੀ ਭਲਾਈ ਲਈ ਕਰਦੇ ਹੋ, ਹੋਰਨਾਂ ਨੂੰ ਸੇਧ ਦੇਣ ਦਾ ਵੀ, ਜਾਂ ਸੋਸ਼ਲ ਮੀਡੀਆ ਵਰਤਣ ਦਾ ਵੀ। ਇਸ ਸਭ ਦਾ ਫੈਸਲਾ ਖੁਦ ਕਰੋ ਅਤੇ ਆਪਣੇ ਆਪ ‘ਤੇ ਭਰੋਸਾ ਕਰੋ। ਜੇਕਰ ਤੁਹਾਡਾ ਮੰਤਵ ਚੰਗਾ ਹੈ ਤਾਂ ਖੁਦ ‘ਤੇ ਭਰੋਸਾ ਕਰੋ ਨਾ ਕਿ ਮਿਲ ਰਹੀ ਨਕਾਰਤਮਿਕਤਾ ਜਾਂ ਵਿਰੋਧ ਦੀ ਪ੍ਰਵਾਹ। ਪਹਿਲੀ ਗੱਲ ਤਾਂ ਅਜਿਹੇ ਲੋਕਾਂ ਨੂੰ ਅੱਖੋਂ ਪਰੋਖੇ ਕਰਨਾ ਹੀ ਬੇਹਤਰ ਹੋਵੇਗਾ ਪਰ ਫਿਰ ਵੀ ਜੇਕਰ ਪ੍ਰਤੀਕਿਰਿਆ ਕਰਨੀ ਚਾਹੁੰਦੇ ਹੋ ਤਾਂ ਸਕਾਰਤਮਕ ਕਰੋ। ਨਕਾਰਤਮਕ ਪ੍ਰਤੀਕਿਰਿਆ ਕਰਨ ਵਾਲੇ ਨੂੰ ਸਤਿਕਾਰ ਨਾਲ ਤੇ ਸਕਾਰਤਮਕ ਤਰੀਕੇ ਨਾਲ, ਉਸ ਦੀ ਪ੍ਰਤੀਕਿਰਿਆ ਦੇ ਸੰਬੰਧ ‘ਚ ਸੁਆਲ ਕਰੋ। ਜੇਕਰ ਤੁਸੀਂ ਉਸ ਦੀ ਪ੍ਰਤੀਕਿਰਿਆ ‘ਤੇ ਗੁੱਸਾ ਕਰਦੇ ਹੋ ਜਾਂ ਗਾਲੀ-ਗਲੋਚ ਕਰਦੇ ਹੋ ਤਾਂ ਉਸਨੂੰ ਪਾਵਰ ਦੇ ਰਹੇ ਹੋ। ਅਜਿਹੇ ਲੋਕਾਂ ਦਾ ਤਾਂ ਮੰਤਵ ਹੀ ਤੁਹਾਨੂੰ ਪ੍ਰੇਸ਼ਾਨ ਕਰਨ ਦਾ ਹੁੰਦਾ ਹੈ। ਜੇਕਰ ਤੁਸੀਂ ਅਸਲ ‘ਚ ਹੀ ਪ੍ਰੇਸ਼ਾਨ ਹੋ ਗਏ ਜਾਂ ਉਸਨੂੰ ਅਜਿਹਾ ਦਰਸਾ ਦਿੱਤਾ ਕਿ ਤੁਸੀਂ ਉਸ (ਦੇ ਕੁਮੈਂਟਾਂ) ਕਰਕੇ ਪ੍ਰੇਸ਼ਾਨ ਹੋ ਗਏ ਹੋ ਤਾਂ ਉਹ ਹੋਰ ਸਿਰ ਚੜ੍ਹੇਗਾ। ਫੈਸਲਾ ਕਰੋ ਕਿ ਤੁਸੀਂ ਕਿਸੇ ਨੂੰ ਪਾਵਰ ਨਹੀਂ ਦੇਣੀ। ਚੇਤੇ ਰੱਖੋ ਕਿ ਕਿਸੇ ਨੂੰ ਕੰਟਰੌਲ ਨਹੀਂ ਕੀਤਾ ਜਾ ਸਕਦਾ ਪਰ ਤੁਰੰਤ ਉਸਦੀ ਪ੍ਰਤੀਕਿਰਿਆ ਤੁਰੰਤ ਨਾ ਦਿਓ। ਤੁਹਾਨੂੰ ਇਹ ਫੈਸਲਾ ਵੀ ਕਰਨਾ ਪਵੇਗਾ ਕਿ ਅਜਿਹੇ ਵਿਅਤੀਆਂ ਨੂੰ ਅੱਖੋਂ ਪਰੋਖੇ ਕਰਨਾ ਹੈ, ਰੀਐਕਟ ਕਰਨਾ ਹੈ ਜਾਂ ਕਿਸੇ ਗੱਲ ਨੂੰ ਕਿੰਨੀ ਕੁ ਤੂਲ ਦੇਣੀ ਹੈ?

ਜੇਕਰ ਕਦੀ ਅਜਿਹੀ ਘਟਨਾ ਵਾਪਰ ਜਾਵੇ ਭਾਵ ਤੁਸੀਂ ਕਿਸੇ ਦੇ ਨਕਾਰਤਮਕ ਕੁਮੈਂਟਾਂ ਕਰਕੇ ਬਹੁਤ ਜਿਆਦਾ ਪ੍ਰੇਸ਼ਾਨ ਹੋ ਗਏ ਹੋ ਤਾਂ ਆਪਣੇ ਸਾਹਾਂ ਵੱਲ ਧਿਆਨ ਦਿਓ। ਆਰਾਮਦਾਇਕ ਅਵਸਥਾ ‘ਚ ਹੌਲੀ ਹੌਲੀ ਸਾਹ ਲਵੋ। ਆਪਣੀਆਂ ਅੱਖਾਂ ਬੰਦ ਕਰੋ, ਤੇ ਦਿੱਤੇ ਗਏ ਕੁਮੈਂਟ ਬਾਰੇ ਸ਼ਾਂਤ ਮਨ ਨਾਲ ਸੋਚੋ। ਤੁਸੀਂ ਇਹ ਫੈਸਲਾ ਨਹੀਂ ਕਰਨਾ ਕਿ ਕੁਮੈਂਟ ਚੰਗਾ ਹੈ ਜਾਂ ਮਾੜਾ। ਆਪਣੀਆਂ ਭਾਵਨਾਵਾਂ ਮਹਿਸੂਸ ਕਰੋ:

• ਕੀ ਤੁਹਾਨੂੰ ਗੁੱਸਾ ਆ ਰਿਹਾ ਹੈ?

• ਕੀ ਤੁਹਾਨੂੰ ਘਬਰਾਹਟ ਮਹਿਸੂਸ ਹੋ ਰਹੀ ਹੈ? 

• ਕੀ ਤੁਹਾਨੂੰ ਦੁੱਖ ਹੋ ਰਿਹਾ ਹੈ?

• ਕੀ ਤੁਹਾਡਾ ਮਨ ਰੋਣ ਨੂੰ ਕਰ ਰਿਹਾ ਹੈ?

• ਕੀ ਤੁਹਾਨੂੰ ਟੈਂਸ਼ਨ ਮਹਿਸੂਸ ਹੋ ਰਹੀ ਹੈ? 

• ਤੁਹਾਡੀ ਸਰੀਰਕ ਤੌਰ ‘ਤੇ ਕੀ ਸਥਿਤੀ ਹੈ? 

• ਕੀ ਤੁਹਾਡੇ ਦਿਲ ਦੀ ਧੜਕਨ ਤੇਜ਼ ਹੈ? 

• ਕੀ ਤੁਸੀਂ ਕੰਬ ਰਹੇ ਹੋ? 

• ਕੀ ਤੁਹਾਡੇ ਗਲੇ ‘ਚ ਕੁਝ ਅਟਕ ਗਿਆ ਹੈ? 

• ਕੀ ਤੁਹਾਡਾ ਦਿਲ ਟੁੱਟ ਗਿਆ ਮਹਿਸੂਸ ਹੁੰਦਾ ਹੈ?

ਜੇਕਰ ਹਾਂ ਤਾਂ ਇਹ ਸਭ ਸਵੀਕਾਰ ਕਰੋ। ਇੱਕ ਸ਼ਾਂਤ ਜਗ੍ਹਾ ਦੀ ਚੋਣ ਕਰੋ, ਜਿੱਥੇ ਕਿ ਤੁਸੀਂ ਅੱਗੇ ਦਰਸਾਈ ਗਈ ਪ੍ਰਕਿਰਿਆ ਨੂੰ ਕਰ ਸਕੋ। ਸ਼ੁਰੂ ਕਰਨ ਤੋਂ ਪਹਿਲਾਂ ਸੁਨਿਸ਼ਚਿਤ ਕਰ ਲਵੋ ਕਿ ਤੁਹਾਨੂੰ ਕੋਈ ਡਿਸਟਰਬ ਨਾ ਕਰੋ, ਤੇ ਨਾ ਹੀ ਮੋਬਾਇਲ ਦੀ ਕੋਈ ਰਿੰਗ ਜਾਂ ਘੰਟੀ ਆਦਿ ਵੱਜੇ। ਸ਼ਾਂਤ ਜਗ੍ਹਾ ‘ਤੇ ਅੱਖਾਂ ਬੰਦ ਕਰਕੇ ਆਰਾਮ ਨਾਲ ਲੇਟਣ ਤੋਂ ਬਾਅਦ ਆਪਣੇ ਆਪ ਨੂੰ ਕਹੋ ਕਿ ਮੈਂ ਇਸ ਸਥਿਤੀ ਤੋਂ ਛੁਟਕਾਰਾ ਪਾਉਣਾ ਚਾਹੁੰਦਾ ਹਾਂ। ਦੋ-ਤਿੰਨ ਮਿੰਟ ਲੰਬੇ ਲੰਬੇ ਸਾਹ ਲਵੋ, ਮਹਿਸੂਸ ਕਰੋ ਕਿ ਜਦੋਂ ਤੁਸੀਂ ਸਾਹ ਲੈਂਦੇ ਹੋ ਤਾਂ ਤੁਹਾਡਾ ਪੇਟ ਫੁੱਲਦਾ ਹੈ ਨਾ ਕਿ ਛਾਤੀ। ਹੌਲੀ ਹੌਲੀ ਸਾਹ ਅੰਦਰ ਲੈ ਕੇ ਜਾਵੋ, ਕੁਝ ਕੁ ਪਲਾਂ ਲਈ ਸਾਹ ਨੂੰ ਰੋਕੋ, ਤੇ ਮੁੜ ਮੂੰਹ ਰਾਹੀਂ ਹੌਲੀ ਹੌਲੀ ਸਾਹ ਬਾਹਰ ਕੱਢੋ।

ਹੁਣ ਮਹਿਸੂਸ ਕਰੋ ਕਿ ਤੁਸੀਂ ਸਭ ਬੁਰੇ ਕੁਮੈਂਟਾਂ ਦੀ, ਜਾਂ ਜੋ ਗੱਲਾਂ ਤੁਹਾਨੂੰ ਪ੍ਰੇਸ਼ਾਨ ਕਰਦੀਆਂ ਹਨ, ਉਹਨਾਂ ਦੀ ਗਠੜੀ ਬਣਾ ਲਈ ਹੈ। ਮਹਿਸੂਸ ਕਰੋ ਕਿ ਬੇਸ਼ੱਕ ਇਹ ਗਠੜੀ ਕਿੰਨੀ ਵੀ ਵੱਡੀ ਕਿਉਂ ਨਾ ਹੋਵੇ, ਤੁਸੀਂ ਅਸਾਨੀ ਨਾਲ ਚੁੱਕ ਸਕਦੇ ਹੋ। ਹੁਣ ਤੁਸੀਂ ਇਸ ਗਠੜੀ ਭਾਵ ਪ੍ਰੇਸ਼ਾਨ ਕਰਨ ਵਾਲੀਆਂ ਗੱਲਾਂ ਜਾਂ ਬੁਰੇ ਕੁਮੈਂਟਾਂ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ। ਮਹਿਸੂਸ ਕਰੋ ਕਿ ਤੁਸੀਂ ਇਸ ਗਠੜੀ ਨੂੰ ਜੋਰ ਦੀ ਸੂਰਜ ਵੱਲ ਸੁੱਟ ਦਿੱਤਾ ਹੈ। ਤੁਹਾਡੀਆਂ ਪ੍ਰੇਸ਼ਾਨੀਆਂ ਨਾਲ ਭਰੀ ਗਠੜੀ ਲਗਾਤਾਰ ਤੁਹਾਡੇ ਕੋਲੋਂ ਦੂਰ ਜਾ ਰਹੀ ਹੈ, ਤੇ ਛੋਟੀ ਹੁੰਦੀ ਜਾ ਰਹੀ ਹੈ। ਮਹਿਸੂਸ ਕਰੋ ਕਿ ਜਿਵੇਂ ਜਿਵੇਂ ਗਠੜੀ ਤੁਹਾਡੇ ਕੋਲੋਂ ਦੂਰ ਹੁੰਦੀ ਜਾ ਰਹੀ ਹੈ, ਤੁਹਾਡਾ ਮਨ ਲਗਾਤਾਰ ਸ਼ਾਂਤ ਹੁੰਦਾ ਜਾ ਰਿਹਾ ਹੈ। ਗਠੜੀ ਹੋਰ ਜਿਆਦਾ ਦੂਰ ਤੇ ਛੋਟੀ ਹੁੰਦੀ ਜਾ ਰਹੀ ਹੈ, ਤੇ ਤੁਹਾਡਾ ਮਨ ਲਗਾਤਾਰ ਸ਼ਾਂਤ ਹੁੰਦਾ ਜਾ ਰਿਹਾ ਹੈ। ਦੂਰ ਹੁੰਦੇ ਹੁੰਦੇ ਗਠੜੀ ਸੂਰਜ ਵਿਚ ਸਮਾ ਕੇ ਸੜ ਗਈ ਹੈ ਤੇ ਉਸਦਾ ਵਜੂਦ ਖਤਮ ਹੋ ਚੁੱਕਾ ਹੈ ਭਾਵ ਹੁਣ ਤੁਹਾਨੂੰ ਪ੍ਰੇਸ਼ਾਨ ਕਰਨ ਵਾਲੀਆਂ ਗੱਲਾਂ ਦਾ ਵਜੂਦ ਮੁੱਕ ਚੁੱਕਾ ਹੈ ਤੇ ਤੁਹਾਡਾ ਮਨ ਬਿਲਕੁੱਲ ਸ਼ਾਂਤ ਹੋ ਚੁੱਕਾ ਹੈ। ਹੁਣ ਤੁਸੀਂ ਫੈਸਲਾ ਕਰਨਾ ਹੈ ਕਿ ਹੁਣ ਤੋਂ ਲੈ ਕੇ ਅੱਗੇ ਕਦੇ ਵੀ ਜੇਕਰ ਤੁਹਾਨੂੰ ਅਜਿਹੀ ਸਥਿਤੀ ਦਾ ਦੋਬਾਰਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਤੁਹਾਡਾ ਮਨ ਵਿਚਲਿਤ ਨਹੀਂ ਹੋਵੇਗਾ। ਤੁਸੀਂ ਅਜਿਹੀਆਂ ਗੱਲਾਂ ਨੂੰ ਸਧਾਰਣ ਤੌਰ ‘ਤੇ ਹੀ ਅੱਖੋਂ ਪਰੋਖੇ ਕਰ ਦਿੰਦੇ ਹੋ। ਕੁਝ ਪਲ ਮਹਿਸੂਸ ਕਰੋ ਕਿ ਤੁਹਾਡਾ ਮਨ ਬਿਲਕੁੱਲ ਸ਼ਾਂਤ ਹੈ ਤੇ ਤਿੰਨ, ਦੋ, ਇੱਕ ਗਿਣ ਕੇ ਅੱਖਾਂ ਖੋਲ ਦਿਓ।

ਇਹ ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਦਾ ਵਧੀਆ ਹੱਲ ਹੈ।

ਘਟਦੀਆਂ ਜੌਬਾਂ ਦੇ ਦੌਰ ‘ਚ ਪੜ੍ਹਾਈਆਂ ਤੇ ਪਰਿਵਾਰ ਦੇ ਖਰਚੇ ਝੱਲਣ ਦੀ ਲੜਾਈ ਲੜਨ ਦੇ ਨਾਲ ਨਾਲ ਸੋਸ਼ਲ ਮੀਡੀਆ ‘ਤੇ ਨਕਾਰਤਮਿਕਤਾ ਦੀ ਇਹ ਲੜਾਈ ਲੜਦਿਆਂ ਲੜਦਿਆਂ ਸਾਡੇ ਬਹੁਤ ਸਾਰੇ ਨੌਜਵਾਨ ਮੁੰਡੇ ਕੁੜੀਆਂ ਬੇਵਜ੍ਹਾ ਮਾਨਸਿਕ ਤਣਾਅ ਦਾ ਸ਼ਿਕਾਰ ਹੋ ਰਹੇ ਹਨ। ਉਹ ਖੁਦ ਨਹੀਂ ਜਾਣਦੇ ਕਿ ਉਹ ਚਾਹੁੰਦੇ ਕੀ ਹਨ, ਉਹਨਾਂ ਦਾ ਟੀਚਾ ਕੀ ਹੈ? ਹੋਰਨਾਂ ਦੁਆਰਾ ਨਕਾਰਤਮਿਕਤਾ ਤੇ ਸਮੱਸਿਆਵਾਂ ਨੂੰ ਪਰਦੇ ‘ਤੇ ਲੈ ਕੇ ਆਉਣਾ ਵੀ, ਇਸ ਮਾਨਸਿਕ ਤਣਾਅ ਦੇ ਵਧਣ ਦਾ ਕਾਰਣ ਹੈ। ਵਿਚਾਰਨ ਦੀ ਲੋੜ ਹੈ ਕਿ ਹੋਰਨਾਂ ਦੀਆਂ ਸਮੱਸਿਆਵਾਂ ‘ਚ ਉਲਝਣ ਦੀ ਥਾਂ ਜੇਕਰ ਆਪਣੇ ਆਲੇ ਦੁਆਲੇ ਨੂੰ ਵਿਹਾਰਕ ਤੌਰ ‘ਤੇ ਸੁਧਾਰਨ ਦਾ ਯਤਨ ਕੀਤਾ ਜਾਏ ਤਾਂ ਕੀ ਉਹ ਵਧੇਰੇ ਸਾਰਥਿਕ ਨਹੀਂ ਹੋਵੇਗਾ? ਲੋੜ ਹੈ ਕਿ ਜੋ ਲੋਕ ਅਜਿਹੀ ਮਾਨਸਿਕ ਸਥਿਤੀ ਦਾ ਸਿ਼ਕਾਰ ਹੋ ਰਹੇ ਹਨ, ਉਹ ਛੁੱਟੀ ਵਾਲੇ ਦਿਨ ਜਾਂ ਸਭ ਕਾਸੇ ਤੋਂ ਛੁੱਟੀ ਲੈ ਕੇ ਠੰਢੇ ਮਨ ਨਾਲ ਵਿਚਾਰਨ ਕਿ ਉਹਨਾਂ ਦੀ ਮੌਜੂਦਾ ਲੋੜ ਕੀ ਹੈ? ਕਿਹੜੇ ਕਿਹੜੇ ਕੰਮ ਉਹਨਾਂ ਦੇ ਕਰਨ ਵਾਲੇ ਹਨ ਤੇ ਕਿਹੜਾ ਕੰਮ ਕਿੰਨ੍ਹਾਂ ਮਹੱਤਵਪੂਰਨ ਹੈ? ਇਹ ਸਭ ਲਿਖਤੀ ਰੂਪ ‘ਚ ਕੀਤਾ ਜਾਣਾ ਚਾਹੀਦਾ ਹੈ, ਜ਼ੁਬਾਨੀ ਕੀਤੀਆਂ ਗੱਲਾਂ ਜਾਂ ਫੈਸਲੇ ਜਲਦੀ ਹੀ ਭੁੱਲ ਜਾਂਦੇ ਹਨ। ਮਹੱਤਵ ਦੇ ਹਿਸਾਬ ਨਾਲ ਕੰਮਾਂ ਨੂੰ ਤਰਜੀਹ ਦੇ ਕੇ ਨੇਪਰੇ ਚਾੜ੍ਹਿਆ ਜਾਵੇ ਤਾਂ ਸਭ ਕੰਮ ਇੱਕ ਇੱਕ ਕਰਕੇ ਨਿੱਬੜ ਜਾਣਗੇ ਪਰ ਜੇਕਰ ਮੌਜੂਦਾ ਸਮੇਂ ਦੀ ਤਰ੍ਹਾਂ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਹੋ ਕੇ ਦੂਜਿਆਂ ਨੂੰ ਵੀ ਸੂਲੀ ਟੰਗੀ ਰੱਖਣਾ ਹੈ ਤਾਂ ਕੁਝ ਵੀ ਹਾਸਲ ਨਹੀਂ ਹੋਵੇਗਾ। ਇਸ ਸਭ ਲਈ ਯੋਜਨਾਬੱਧ ਤਰੀਕੇ ਨਾਲ ਵਿਚਾਰ, ਵਿਹਾਰ ਤੇ ਕੰਮ ਕਰਨ ਦੀ ਲੋੜ ਹੈ ਨਾ ਕਿ ਘਰਦਿਆਂ ਜਾਂ ਸੋਸ਼ਲ ਮੀਡੀਆ ‘ਤੇ ਭੜਾਸ ਕੱਢਣ ਦੀ।

ਦਿਨ-ਬ-ਦਿਨ ਸੋਸ਼ਲ ਮੀਡੀਆ ਦਾ ਸਵਰੂਪ ਬੜੀ ਤੇਜੀ ਨਾਲ ਬਦਲ ਰਿਹਾ ਹੈ। ਅਜੇ ਕੱਲ ਦੀਆਂ ਗੱਲਾਂ ਜਾਪਦੀਆਂ ਹਨ, ਜਦੋਂ ਕਿ ਔਰਕੁਟ ਹਰਮਨ ਪਿਆਰੀ ਸੋਸ਼ਲ ਮੀਡੀਆ ਵੈੱਬਸਾਈਟ ਹੋਇਆ ਕਰਦੀ ਸੀ। ਜਦੋਂ ਦੀ ਫੇਸਬੁੱਕ ਆਈ ਹੈ, ਉਸਨੇ ਚੰਗੀਆਂ ਚੰਗੀਆਂ ਸੋਸ਼ਲ ਨੈੱਟਵਰਕਿੰਗ ਸਾਈਟਾਂ ਨੂੰ ਖੁੱਡੇ ਲਾਈਨ ਲਗਾ ਦਿੱਤਾ ਹੈ, ਤੇ ਬਥੇਰੀਆਂ ਦੀ ਭਰੂਣ ਹੱਤਿਆ ਹੋ ਚੁੱਕੀ ਹੈ। ਹਾਲਾਂਕਿ ਕੁਝ ਵੈੱਬਸਾਈਟਾਂ ਆਪਣੇ ਵਿਲੱਖਣ ਗੁਣਾਂ ਕਰਕੇ ਵੱਖ ਵੱਖ ਉਮਰ ਵਰਗ ਦੇ ਲੋਕਾਂ ‘ਚ ਪ੍ਰਚੱਲਿਤ ਹਨ, ਪਰ ਫਿਰ ਵੀ ਨਵੀਆਂ ਨਵੀਆਂ ਕਾਢਾਂ ਨਿੱਕਲ ਰਹੀਆਂ ਹਨ, ਤਜਰਬੇ ਹੋ ਰਹੇ ਹਨ ਤੇ ਜ਼ਮਾਨਾ ਸਮਾਰਟਫੋਨ ਦਾ ਹੋਣ ਕਰਕੇ ਵੈੱਬਸਾਈਟਾਂ ਤੋਂ ਵਧੇਰੇ ਕਾਮਯਾਬੀ ਮੋਬਾਇਲ ਐਪਾਂ ਨੂੰ ਮਿਲ ਰਹੀ ਹੈ। ਇਸ ਲਈ ਨਾ ਤਾਂ ਕੰਪਿਊਟਰ ਦੀ ਲੋੜ ਹੈ, ਨਾ ਲੈਪਟਾਪ ਦੀ ਤੇ ਨਾ ਹੀ ਸਪੈਸ਼ਲ ਸਮਾਂ ਕੱਢਣ ਦੀ। ਸਮਾਰਟਫੋਨ, ਸਸਤੇ ਇੰਟਰਨੈੱਟ ਤੇ ਆਕਰਸ਼ਕ ਐਪਾਂ ਦੇ ਸੁਮੇਲ ਨੇ ਇਨਸਾਨ ਨੂੰ ਇਸ ਕਦਰ ਆਪਣੇ ਕਾਬੂ ‘ਚ ਕਰ ਲਿਆ ਹੈ ਕਿ ਟਾਇਲਟ ‘ਚ ਬੈਠਿਆਂ, ਉੁਥੇ ਬੈਠਣ ਦੇ ਅਸਲ ਮਕਸਦ ਵੱਲ ਧਿਆਨ ਘੱਟ ਤੇ ਮੋਬਾਇਲ ਸਕਰੀਨ ‘ਤੇ ਸਕਰੋਲਿੰਗ ਵੱਲ ਵਧੇਰੇ ਧਿਆਨ ਹੁੰਦਾ ਹੈ। ਸੋਸ਼ਲ ਮੀਡੀਆ ਜਾਂ ਸਮਾਰਟਫੋਨ ਦਾ ਫੋਬੀਆ ਲਗਾਤਾਰ ਭਿਆਨਕਤਾ ਵੱਲ ਵਧ ਰਿਹਾ ਹੈ। ਮੋਬਾਇਲ ਜਾਂ ਸਮਾਰਟਫੋਨ ਇੱਕ ਹੱਦ ਤੋਂ ਵੱਧ ਵਰਤਣ ਦੇ ਸਰੀਰਕ ਤੌਰ ‘ਤੇ ਵੀ ਨੁਕਸਾਨ ਹੁੰਦੇ ਹਨ, ਭਾਵ ਅੱਖਾਂ ‘ਤੇ ਬੁਰਾ ਪ੍ਰਭਾਵ, ਈਅਰਫੋਨ ਲਗਾਤਾਰ ਵਰਤਣ ਕਰਕੇ ਕੰਨਾਂ ਦਾ ਨੁਕਸਾਨ, ਮੋਬਾਇਲ ਕਮੀਜ਼ ਦੀ ਜੇਬ ‘ਚ ਰੱਖਣ ਨਾਲ ਬਿਜਲਈ ਕਿਰਣਾਂ ਦਾ ਦਿਲ ਦੇ ਨੇੜੇ ਹੋਣਾ। ਮੋਬਾਇਲ ਨਾਲ ਮਾਪਦੰਡਾਂ ਮੁਤਾਬਕ ਵੀਰਜ ਦੀ ਗੁਣਵੱਤਾ ‘ਤੇ ਨਕਾਰਤਮਕ ਪ੍ਰਭਾਵ ਪੈਣਾ ਹੋਰ ਵੀ ਖਤਰਨਾਕ ਹੈ। ਇਸ ਗੁਣਵੱਤਾ ‘ਤੇ ਪ੍ਰਭਾਵ ਪੈਣ ਦਾ ਸਿੱਧਾ ਮਤਲਬ ਇਹ ਕਿ ਆਉੁਣ ਵਾਲੀਆਂ ਨਸਲਾਂ ਦੇ ਜਮਾਂਦਰੂ ਸਰੀਰਕ ਜਾਂ ਮਾਨਸਿਕ ਤੌਰ ‘ਤੇ ਬੁਰੇ ਪ੍ਰਭਾਵ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।

ਲੋਕਾਂ ਦੀ ਦਿਲਚਸਪੀ ਨੂੰ ਧਿਆਨ ‘ਚ ਰੱਖਦਿਆਂ ਸੌਫ਼ਟਵੇਅਰ ਕੰਪਨੀਆਂ ਨਿੱਤ ਨਵੀਆਂ ਐਪਾਂ ਲਿਆ ਰਹੀਆਂ ਹਨ। ਅੱਜਕੱਲ ਲੋਕ ਟਿੱਕਟੌਕ ਦੇ ਦੀਵਾਨੇ ਹਨ। ਟਿੱਕਟੌਕ ‘ਤੇ ਥੋੜੇ ਸਮੇਂ ਦੀ ਵੀਡੀਓ ਹੀ ਪਾਈ ਜਾ ਸਕਦੀ ਹੈ, ਸਮਾਂ ਨਿਸ਼ਚਿਤ ਹੋਣ ਕਾਰਨ ਇਹ ਬਨਾਉਣੀ ਵੀ ਸੌਖੀ ਹੈ। ਪਰ ਬਹੁਤੇ ਲੋਕ ਅਜਿਹੇ ਹਨ, ਜੋ ਕਿ ਇਸ ਥੋੜ ਚਿਰੀ ਵੀਡੀਓ ਵਾਲੀ ਐਪ ‘ਤੇ ਵੀਡੀਓਆਂ ਪਾਉਣ ਦੀ ਹੀ ਧੂਸ ਕੱਢੀ ਜਾਂਦੇ ਹਨ। ਮਿਲੀਅਨਾਂ ਦੇ ਹਿਸਾਬ ਨਾਲ ਲੋਕ “ਫਾਲੋਅਰ” ਤੇ ਮਲਟੀ ਮਿਲੀਅਨਾਂ ਦੇ ਹਿਸਾਬ ਨਾਲ “ਦਿਲ” ਰੱਖੀ ਫਿਰਦੇ ਹਨ। ਕੀ ਨਿਆਣੇ (ਦਸ ਬਾਰਾਂ ਸਾਲ) ਤੇ ਕੀ ਸਿਆਣੇ, ਜਾਪਦਾ ਹੈ ਕਿ ਟਿੱਕਟੌਕ ਨੇ ਦੁਨੀਆਂ ਕਮਲੀ ਕੀਤੀ ਹੋਈ ਹੈ। ਹੋਰ ਤਾਂ ਹੋਰ ਧਾਰਮਿਕ ਪ੍ਰਵਿਰਤੀ ਦੇ ਲੋਕ ਵੀ ਚੋਣਵੇਂ ਗਾਣਿਆਂ ‘ਤੇ ਨਾਚ ਜਾਂ ਐਕਟਿੰਗ ਕਰਦੇ ਨਜ਼ਰੀਂ ਪੈਂਦੇ ਹਨ। ਮਜ਼ਦੂਰ ਤੋਂ ਲੈ ਕੇ ਕਾਰੋਬਾਰੀ ਤੱਕ, ਵਿਦਿਆਰਥੀ ਤੋਂ ਲੈ ਕੇ ਵੱਡੇ ਪਰਦੇ ਦੇ ਅਦਾਕਾਰ ਵੀ ਹੋਰ ਕਿਸੇ ਦੇ ਡਾਇਲਾਗਾਂ ਜਾਂ ਗਾਣਿਆਂ ‘ਤੇ ਅਦਾਕਾਰੀ ਕਰਦੇ ਨਜ਼ਰ ਆਉਂਦੇ ਹਨ। ਇਹ ਇਕ ਅਜਿਹਾ ਪਲੇਟਫਾਰਮ ਹੈ, ਜਿਸਦੇ ਅਦਾਕਾਰ ਆਪਣੇ ਆਪ ਨੂੰ “ਟਿੱਕਟੌਕ ਸਟਾਰ” ਕਹਾਉਂਦੇ ਹਨ। ਟਿੱਕਟੌਕ ‘ਤੇ ਜਿੱਥੇ ਲੋਕ ਅਸ਼ਲੀਲ ਹਰਕਤਾਂ ਕਰਦੇ ਜਾਂ ਅਸ਼ਲੀਲ ਸ਼ਬਦਾਵਲੀ ‘ਤੇ ਟੁੱਚੀ ਐਕਟਿੰਗ ਕਰਦੇ ਹਨ, ਉਥੇ ਚੰਗੀਆਂ ਗੱਲਾਂ ਤੇ ਜਾਣਕਾਰੀ ਦੀ ਵੀ ਇੱਥੇ ਕਮੀ ਨਹੀਂ ਹੈ।

ਫਿਲਮਾਂ ਦੇ ਗਾਣਿਆਂ ‘ਚ ਨੱਚਣ ਟੱਪਣ ਦੇ ਸੀਨਾਂ ਦੌਰਾਨ ਨਾਇਕਾ ਦੇ ਸਰੀਰ ਨੂੰ ਆਕਰਸ਼ਕ ਤਰੀਕੇ ਨਾਲ ਦਿਖਾ ਕੇ ਫਿਲਮਾਇਆ ਜਾਂਦਾ ਹੈ, ਜਿਸ ‘ਚ ਉਹਨਾਂ ਦੇ ਸਰੀਰ ਦੇ ਅੰਗ ਵੀ ਦਿਖਾਏ ਜਾਂਦੇ ਹਨ। ਟਿੱਕਟੌਕ ‘ਚ ਬਹੁਤ ਸਾਰੀਆਂ ਅਜਿਹੀਆਂ ਵੀਡੀਓਆਂ ਨਜਰੀਂ ਪੈਂਦੀਆਂ ਹਨ, ਜਿਹਨਾਂ ‘ਚ ਆਮ ਕੁੜੀਆਂ ਅਜਿਹੇ ਹੀ ਤਰੀਕੇ ਨਾਲ ਵੀਡੀਓ ਬਣਾਉਂਦੀਆਂ ਹਨ, ਜੋ ਕਿ ਵੱਧ ਤੋਂ ਵੱਧ ਲਾਈਕ ਜਾਂ ਕੁਮੈਂਟ ਲੈਣ ਲਈ ਹੁੰਦੀਆਂ ਹਨ। ਫਿਲਮਾਂ ਦੀਆਂ ਨਾਇਕਾਵਾਂ ਦਾ ਤਾਂ ਕੰਮ ਹੀ ਫਿਲਮਾਂ ‘ਚ ਅਦਾਕਾਰੀ ਕਰਨਾ ਹੁੰਦਾ ਹੈ, ਤੇ ਉਹਨਾਂ ਦੁਆਰਾ ਫਿਲਮਾਏ ਗਏ ਅਜਿਹੇ ਸੀਨਾਂ ਦੀ ਚਰਚਾ ਵੀ ਘੱਟ ਹੀ ਹੁੰਦੀ ਹੈ। ਤਕਰੀਬਨ ਕੋਈ ਵੀ ਇਸਨੂੰ ਫਿਲਮੀ ਦੁਨੀਆਂ ਦਾ ਹਿੱਸਾ ਹੋਣ ਕਰਕੇ ਗੰਭੀਰਤਾ ਨਾਲ ਨਹੀਂ ਲੈਂਦਾ, ਪਰ ਆਮ ਕੁੜੀਆਂ ਦੁਆਰਾ ਬਣਾਈਆਂ ਅਜਿਹੀਆਂ ਵੀਡੀਓਆਂ ਅਲੱਗ ਅਲੱਗ ਸੋਸ਼ਲ ਮੀਡੀਆ ਗਰੁੱਪਾਂ ‘ਚ ਭੱਦੇ ਕੁਮੈਂਟਾਂ ਤੇ ਹੈਡਿੰਗਾਂ ਨਾਲ ਘੁੰਮਦੀਆਂ ਹਨ। ਉਹਨਾਂ ਕੁੜੀਆਂ ਨੂੰ ਆਪਣੀ ਇੱਜਤ ਦੇ ਹੁੰਦੇ ਇਸ ਫਲੂਦੇ ਬਾਰੇ ਪਤਾ ਨਹੀਂ ਹੁੰਦਾ ਜਾਂ ਉਹ ਜਾਣਬੁੱਝ ਕੇ ਅਨਜਾਣ ਬਣੀਆਂ ਹੋਈਆਂ ਹਨ, ਇਸ ਬਾਰੇ ਕੁਝ ਕਹਿਣਾ ਮੁਸ਼ਕਿਲ ਹੈ ਪਰ ਇਹ ਗੱਲ ਤਾਂ ਯਕੀਨੀ ਹੈ ਕਿ ਉਹਨਾਂ ਦੀ ਮਿੱਟੀ ਬਹੁਤ ਪਲੀਤ ਹੁੰਦੀ ਹੈ।

ਇਵੇਂ ਹੀ ਬਹੁਤ ਸਾਰੇ ਮੁੰਡੇ ਵੀ ਵਿੰਗੇ ਟੇਢੇ ਮੂੰਹ ਬਣਾ ਕੇ, ਤੇ ਕਈ ਜੋੜੇ ਸੜੇ ਜਿਹੇ ਚੁਟਕਲਿਆਂ ਨੂੰ ਫਿਲਮਾ ਕੇ ਬਹੁਤ ਖੁਸ਼ ਹੁੰਦੇ ਹਨ, ਪਰ ਅਸਲ ‘ਚ ਉਹ ਬਹੁਤ ਅਜੀਬ ਲੱਗਦੇ ਹਨ। ਥੋੜੀ ਜਿਹੀ ਗੱਲ ਇੱਥੇ ਖਾਸ ਕਰਕੇ ਆਪਣੇ ਭਾਈਚਾਰੇ ਦੇ ਉਹਨਾਂ ਨੌਜਵਾਨਾਂ ਦੀ ਕਰੀਏ, ਜੋ ਕਿ ਪੱਗ ਬੰਨ੍ਹਦੇ ਹਨ। ਆਪਾਂ ਪੰਜਾਬੀ ਲੋਕ ਇਹ ਮੰਨਦੇ ਹਾਂ ਕਿ ਜਦੋਂ ਆਪਾਂ ਕਿਸੇ ਨੂੰ ਪੱਗ ਬੰਨ੍ਹੀ ਵੇਖਦੇ ਹਾਂ ਤਾਂ ਸੁਭਾਵਿਕ ਤੌਰ ‘ਤੇ ਹੀ ਉਸ ਵਿਅਕਤੀ ਪ੍ਰਤੀ ਮਨ ‘ਚ ਸਤਿਕਾਰ ਪੈਦਾ ਹੋ ਜਾਂਦਾ ਹੈ। ਹਿੰਦੀ ਫਿਲਮਾਂ ਬਾਰੇ ਤਾਂ ਸਾਨੂੰ ਪਹਿਲਾਂ ਹੀ ਇਹ ਸ਼ਿਕਾਇਤ ਹੈ ਕਿ ਉਹ ਅਕਸਰ ਪੱਗ ਵਾਲੇ ਕਿਰਦਾਰ ਨੂੰ ਕਮੇਡੀ ਲਈ ਵਿਖਾਉਂਦੇ ਹਨ, ਪਰ ਟਿੱਕਟੌਕ ‘ਤੇ ਬਹੁਤ ਸਾਰੇ ਨੌਜਵਾਨ ਅਜਿਹੀਆਂ ਭੱਦੀਆਂ ਹਰਕਤਾਂ ਕਰਦੇ ਵਿਖਾਈ ਦਿੰਦੇ ਹਨ, ਜੋ ਕਿ ਚੰਗੀਆਂ ਤੇ ਸਤਿਕਾਰਯੋਗ ਨਹੀਂ ਲੱਗਦੀਆਂ। ਉਹਨਾਂ ਨੂੰ ਆਪਣੇ ਸਰੂਪ ਦੇ ਸਤਿਕਾਰ ਤੇ ਕਿਰਦਾਰ ਅਨੁਸਾਰ ਸੰਭਲਣ ਦੀ ਲੋੜ ਹੈ। ਫਿਲਮਾਂ ‘ਚ ਵਿਖਾਏ ਜਾਂਦੇ ਅਜਿਹੇ ਕਿਰਦਾਰਾਂ ‘ਤੇ ਰੋਕ ਲਾਉਣੀ ਮੁਸ਼ਕਿਲ ਹੈ ਪਰ ਜੇਕਰ ਅਸੀਂ ਜਾਣਬੁੱਝ ਕੇ ਆਪਣਾ ਮੌਜੂ ਨਾ ਬਣਾਈਏ ਤਾਂ ਚੰਗਾ ਹੋਵੇਗਾ। ਇਵੇਂ ਹੀ ਟਿੱਕਟੌਕ ‘ਤੇ ਬਹੁਤ ਸਾਰੇ ਸਿਆਣੀ ਉਮਰ ਦੇ ਆਦਮੀ ਤੇ ਔਰਤਾਂ ਵੀ ਅਦਾਕਾਰ ਹੋਣ ਦੇ ਭੁਲੇਖੇ ‘ਚ ਜਿਉਂਦੇ ਨਜਰ ਆਉਂਦੇ ਹਨ, ਪਰ ਜਿੰਨੀ ਜਲਦੀ ਉਹ ਆਪਣੇ ਭੁਲੇਖੇ ਦੂਰ ਕਰ ਲੈਣ, ਉਤਨਾ ਚੰਗਾ ਹੋਵੇਗਾ। ਕਈ ਲੋਕ ਆਪਣੀਆਂ ਬਜ਼ੁਰਗ ਮਾਤਾਵਾਂ ਜਾਂ ਬਾਪੂਆਂ ਕੋਲ ਪੁੱਠੀ ਸਿੱਧੀ ਗੱਲ ਕਰਕੇ ਉਹਨਾਂ ਨੂੰ ਗਾਲ੍ਹਾਂ ਕੱਢਣ ਲਈ ਮਜਬੂਰ ਕਰਦੇ ਹਨ, ਜਾਂ ਉਹਨਾਂ ਨੂੰ ਡਾਇਲਾਗ ਬੋਲਣ ਲਈ “ਡਾਇਰੈਕਟ” ਕਰਦੇ ਹਨ ਜਾਂ ਸਿਆਣੇ ਬਿਆਣੇ ਬਜੁਰਗਾਂ ਨੂੰ ਕਈ ਕਿਸਮ ਦੇ “ਪਰੈਂਕ” ਕਰਨ ਲਈ ਕਹਿੰਦੇ ਹਨ, ਚੇਤੇ ਰਹੇ ਕਿ ਅਜਿਹੀਆਂ ਹਰਕਤਾਂ ਸਾਡੇ ਬਜੁਰਗਾਂ ਦੀ ਸ਼ਾਨ ‘ਚ ਖੋਰਾ ਹੀ ਲਗਾਉਂਦੀਆਂ ਹਨ, ਵੇਖਣ ਵਾਲੇ ਦੇ ਮਨ ‘ਚ ਉਹਨਾਂ ਪ੍ਰਤੀ ਕੋਈ ਸਤਿਕਾਰ ਦੀ ਭਾਵਨਾ ਪੈਦਾ ਨਹੀਂ ਹੁੰਦੀ। ਸਹੀ ਹੈ ਕਿ ਮਨੋਰੰਜਨ ਮਨੁੱਖੀ ਜਿ਼ੰਦਗੀ ਦਾ ਅਨਿੱਖੜਵਾਂ ਅੰਗ ਹੈ, ਪਰ ਮਨੋਰੰਜਨ ਵੀ ਫੂਹੜ ਨਾ ਹੋ ਕੇ ਸਿਹਤਮੰਦ ਹੋ ਸਕਦਾ ਹੈ।

ਮਸਲਾ ਇਸ ਪਲੇਟਫਾਰਮ ‘ਤੇ ਬੱਚਿਆਂ ਦੀ ਨਿੱਜਤਾ ਦਾ ਵੀ ਹੈ। ਹਰ ਕੋਈ ਮਸ਼ਹੂਰ ਹੋਣ ਵਾਸਤੇ ਹੀ ਇਹ ਸਭ ਕੁਝ ਕਰਦਾ ਹੈ, ਜੋ ਟਿੱਕਟੌਕ ‘ਤੇ ਚੱਲਦਾ ਹੈ। ਜੇਕਰ ਕਿਸੇ ਦੀ ਪ੍ਰੋਫਾਈਲ ਪਬਲਿਕ ਹੋਵੇ ਤਾਂ ਕੋਈ ਵੀ ਅਨਜਾਣ ਵਿਅਕਤੀ ਉਸਨੂੰ ਇਨਬੌਕਸ ਮੈਸੇਜ ਭੇਜ ਸਕਦਾ ਹੈ। ਹੋ ਸਕਦਾ ਹੈ ਕਿ ਮੈਸੇਜ ਭੇਜਣ ਵਾਲੇ ਦੀ ਆਪਣੀ ਪ੍ਰੋਫਾਈਲ ਜਾਅਲੀ ਹੋਵੇ। ਇਹ ਸਭ ਹੋਰ ਸੋਸ਼ਲ ਵੈੱਬਸਾਈਟਾਂ ‘ਤੇ ਵੀ ਸੰਭਵ ਹੈ, ਪਰ ਬੱਚੇ ਉਹਨਾਂ ਵੈੱਬਸਾਈਟਾਂ ਦੇ ਮੁਕਾਬਲੇ ਇਸ ਐਪ ਨੂੰ ਬਹੁਤ ਜਿਆਦਾ ਵਰਤਦੇ ਹਨ। ਜੇਕਰ ਮੈਸੇਜ ਪ੍ਰਾਪਤ ਕਰਨ ਵੇਲੇ ਬੱਚੇ ਔਨਲਾਈਨ ਹੋਣ ਤੇ ਉਸਦਾ ਜੁਆਬ ਦੇ ਕੇ ਇਨਬੌਕਸ ਚੈਟਿੰਗ ਸ਼ੁਰੂ ਕਰ ਲੈਣ ਤਾਂ ਇਹ ਹੋਰ ਜ਼ਿਆਦਾ ਖਤਰਨਾਕ ਸਾਬਤ ਹੋ ਸਕਦਾ ਹੈ। ਮਾੜੀ ਪ੍ਰਵਿਰਤੀ ਦਾ ਮਾਲਕ ਬੱਚਿਆਂ ਨੂੰ ਮਿੱਠੀਆਂ ਮਿੱਠੀਆਂ ਗੱਲਾਂ ਮਾਰ ਕੇ ਆਪਣੇ ਮਗਰ ਲਾ ਸਕਦਾ ਹੈ।

ਖਾਸ ਤੌਰ ‘ਤੇ ਕੁੜੀਆਂ ਵੰਨ ਸੁਵੰਨੇ ਗਾਣਿਆਂ ‘ਤੇ ਆਪਣੀਆਂ ਅਦਾਵਾਂ ਵਿਖਾਉਂਦੀਆਂ ਹਨ। ਵੇਖਣ ਵਾਲਾ ਉਹਨਾਂ ਦਾ ਕੋਈ ਘਰ ਦਾ ਜਾਂ ਰਿਸ਼ਤੇਦਾਰ ਨਹੀਂ ਹੁੰਦਾ, ਜੋ ਕਿ ਬੱਚਿਆਂ ਨੂੰ ਬੱਚੇ ਦੀ ਨਜਰ ਨਾਲ ਵੇਖੇ। ਉਹ ਬੱਚੀਆਂ ਨੂੰ ਵੀ ਵੱਡੀਆਂ ਕੁੜੀਆਂ ਵਾਲੇ ਕੁਮੈਂਟ ਦੇ ਸਕਦਾ ਹੈ। ਅਜਿਹੇ ਮਚਿਉਰ ਕੁਮੈਂਟਾਂ ਦਾ (ਬੇਸ਼ੱਕ ਉਹ ਤਾਰੀਫ਼ ‘ਚ ਹੀ ਕਿਉਂ ਨਾ ਹੋਣ) ਦਾ ਬੱਚੀਆਂ ਦੀ ਉਮਰ ਦੇ ਹਿਸਾਬ ਨਾਲ ਮਾਨਸਿਕਤਾ ਨਾਲ ਮੇਲ ਨਹੀਂ ਹੁੰਦਾ। ਅਜਿਹੇ ਕੁਮੈਂਟ ਉਹਨਾਂ ਨੂੰ ਸਮੇਂ ਤੋਂ ਪਹਿਲਾਂ ਮਚਿਉਰ ਕਰਨ ‘ਚ ਯੋਗਦਾਨ ਪਾ ਸਕਦੇ ਹਨ। ਬੱਚਿਆਂ ਦੁਆਰਾ ਚੁਣੇ ਗਏ ਗਾਣਿਆਂ ਦਾ ਵੀ ਖਾਸ ਧਿਆਨ ਰੱਖਣ ਦੀ ਲੋੜ ਹੁੰਦੀ ਹੈ।

ਹਰੇਕ ਦੀ ਆਪਣੀ ਪਸੰਦ ਹੁੰਦੀ ਹੈ। ਜਰੂਰੀ ਨਹੀਂ ਕਿ ਜੋ ਮਸਾਲਾ ਟਿਕ ਟੌਕ ‘ਤੇ ਬਣਾਇਆ ਜਾਂਦਾ ਹੈ, ਉਹ ਹਰੇਕ ਨੂੰ ਪਸੰਦ ਆਵੇ, ਜਿਹਨਾਂ ਨੂੰ ਵੀਡੀਓ ਪਸੰਦ ਨਹੀਂ ਆਉਂਦੀ, ਉਹ ਬੁਰੇ ਕੁਮੈਂਟ ਕਰਦੇ ਹਨ। ਇੱਕ ਵਾਰ ‘ਚ ਜੇਕਰ ਕੋਈ ਬੁਰੀ ਗੱਲ ਕਹੇ ਤਾਂ ਸਮਾਂ ਬੀਤਣ ‘ਤੇ ਵਾਪਰੀ ਘਟਨਾ ਅਤੀਤ ਬਣ ਜਾਂਦੀ ਹੈ। ਪਰ ਬੁਰੇ ਕੁਮੈਂਟਾਂ ਨੂੰ ਵਾਰ ਵਾਰ ਪੜ੍ਹ ਕੇ ਮਨ ‘ਤੇ ਬਹੁਤ ਬੁਰਾ ਪ੍ਰਭਾਵ ਪੈਂਦਾ ਹੈ। ਅਜਿਹੇ ਬਹੁਤ ਵੀਡੀਓ ਬਨਾਉਣ ਵਾਲੇ ਹੁੰਦੇ ਹਨ, ਜੋ ਕਿ ਆਪਣੇ “ਹੇਟਰਜ਼” ਦੇ ਨਾਮ ਵੀ ਸੰਦੇਸ਼ ਦਿੰਦੇ ਹਨ। ਇਹ ਇਸ ਲਈ ਨਹੀਂ ਕਿ ਬੁਰੇ ਕੁਮੈਂਟਾਂ ਦੀ ਉਹਨਾਂ ਨੂੰ ਕੋਈ ਪ੍ਰਵਾਹ ਨਹੀਂ ਹੁੰਦੀ, ਇਹ ਇਸ ਲਈ ਕਿ ਉਹਨਾਂ ਤੋਂ ਬੁਰੇ ਕੁਮੈਂਟ ਬਰਦਾਸ਼ਤ ਹੀ ਨਹੀਂ ਹੁੰਦੇ, ਇਹ ਉਹਨਾਂ ਨੂੰ ਧੁਰ ਅੰਦਰ ਤੱਕ ਹਿਲਾ ਦਿੰਦੇ ਹਨ। ਜੇਕਰ ਅਜਿਹਾ ਵਿਹਾਰ ਬੱਚਿਆਂ ਨਾਲ ਹੋਣ ਲੱਗ ਪਵੇ ਤਾਂ ਉਨ੍ਹਾਂ ਦੀ ਪੜ੍ਹਾਈ ਤੇ ਜਿੰਦਗੀ ‘ਤੇ ਵੀ ਬੁਰੇ ਪ੍ਰਭਾਵ ਪੈ ਸਕਦੇ ਹਨ।

ਬਾਲਗ਼ਾਂ ਵਾਲੇ ਮੈਟੀਰੀਅਲ ਤੋਂ ਬੱਚਿਆਂ ਨੂੰ ਬਚਾਉਣ ਲਈ ਉਨ੍ਹਾਂ ਦੀ ਐਪ ‘ਚ ਮਾਪੇ ਲੋੜੀਂਦੀਆਂ ਸੈਟਿੰਗਾਂ ਖੁਦ ਕਰਕੇ ਦੇਣ ਤਾਂ ਚੰਗਾ ਰਹੇਗਾ। ਟਿੱਕਟੌਕ ‘ਚ ਇਹ ਸੈਟਿੰਗ “ਡਿਜੀਟਲ ਵੈੱਲਬੀਈਂਗ” ਵਾਲੇ ਟੈਬ ‘ਚ ਮਿਲ ਜਾਏਗੀ। ਬੱਚਿਆਂ ਨੂੰ ਜਾਣਕਾਰੀ ਹੋਣੀ ਚਾਹੀਦੀ ਹੈ ਕਿ ਜੇਕਰ ਕੋਈ ਬੁਰਾ ਵਰਤਾਅ ਕਰੇ ਤਾਂ ਆਪਣਾ ਖੂਨ ਸਾੜਨ ਜਾਂ ਬਹਿਸ ਕਰਨ ਦੇ ਉਸਨੂੰ ਤੁਰੰਤ ਬਲੌਕ ਕਰਨਾ ਵਧੀਆ ਰਹੇਗਾ। ਮਾਪਿਆਂ ਨੂੰ ਲੋੜ ਹੈ ਕਿ ਬੱਚਿਆਂ ਨੂੰ ਸਾਈਬਰ ਬੁਲਿੰਗ ਬਾਰੇ ਜਾਣਕਾਰੀ ਦੇਣ। ਕਿਤੇ ਬੱਚੇ ਹਮੇਸ਼ਾ ਹੀ ਤਾਂ ਟਿੱਕਟੌਕ ਨਹੀਂ ਵਰਤਦੇ ਰਹਿੰਦੇ, ਮਾਪਿਆਂ ਨੂੰ ਇਸ ਦੀ ਚਿੰਤਾ ਕਰਨ ਦੀ ਲੋੜ ਨਹੀਂ ਹੈ। ਟਾਈਮ ਮੈਨੇਜਮੈਂਟ ‘ਚ ਜਾ ਕੇ ਸਮਾਂ ਨਿਸ਼ਚਿਤ ਕਰਕੇ ਆਪਣਾ ਪਾਸਵਰਡ ਲਗਾਇਆ ਜਾ ਸਕਦਾ ਹੈ। ਇਸ ਤੋਂ ਇਲਾਵਾ ਬੱਚਿਆਂ ਦੀਆਂ ਪ੍ਰਾਈਵੇਸੀ ਸੈਟਿੰਗਾਂ ਵੱਲ ਵੀ ਖਾਸ ਧਿਆਨ ਦੇਣ ਦੀ ਲੋੜ ਹੈ।

ਅਗਲੀ ਮਹੱਤਵਪੂਰਣ ਗੱਲ ਹੈ ਕਿ ਨਿਆਣਾ ਹੋਵੇ ਜਾਂ ਸਿਆਣਾ, ਸੋਸ਼ਲ ਮੀਡੀਆ, ਲਾਈਕਾਂ ਤੇ ਕੁਮੈਂਟਾਂ ਦੀ ਜਿ਼ੰਦਗੀ ਨੂੰ ਮਨੋਰੰਜਨ ਜਾਂ ਜਾਣਕਾਰੀਆਂ ‘ਚ ਵਾਧੇ ਤੱਕ ਹੀ ਸੀਮਤ ਰੱਖਿਆ ਜਾਵੇਗਾ ਤਾਂ ਇਸਦੇ ਸਾਰਥਕ ਨਤੀਜੇ ਵੀ ਮਿਲ ਸਕਦੇ ਹਨ ਪਰ ਜੇਕਰ ਇਸੇ ਨੂੰ ਹੀ ਜਿ਼ੰਦਗੀ ਸਮਝ ਲਿਆ ਤਾਂ ਅਸਲ ‘ਚ ਜ਼ਿੰਦਗੀ ਤਬਾਹ ਵੀ ਹੋ ਸਕਦੀ ਹੈ। ਫਲਾਣੇ ਦੀ ਪੋਸਟ ਜਾਂ ਫੋਟੋ ‘ਤੇ ਲਾਈਕ ਜਾਂ ਕੁਮੈਂਟ ਕੀਤਾ ਸੀ, ਉਸਨੇ ਨਹੀਂ ਕੀਤਾ ਤਾਂ ਖੂਨ ਸਾੜਨ ਦੀ ਬਜਾਏ “ਜਸਟ ਓ.ਕੇ.” ਕਹਿ ਕੇ ਅੱਗੇ ਤੁਰ ਪੈਣਾ ਤੇ ਨਿੱਜੀ ਜਿ਼ੰਦਗੀ ‘ਤੇ ਇਸਦਾ ਪ੍ਰਭਾਵ ਨਾ ਪੈਣ ਦੇਣਾ ਸਮਝਦਾਰੀ ਹੋਵੇਗੀ ਤੇ ਸੋਸ਼ਲ ਮੀਡੀਆ ਦੀ ਜਿ਼ੰਦਗੀ ਤੇ ਅਸਲ ਜਿ਼ੰਦਗੀ ਦੇ ਇਸ ਫ਼ਰਕ ਨੂੰ ਸਮਝਣ ਦੀ ਬੇਹੱਦ ਸਖ਼ਤ ਲੋੜ ਹੈ।
***
125
***

Rich Gulati
+61 433 422 722 | Website | + ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਰਿਸ਼ੀ ਗੁਲਾਟੀ, ਐਡੀਲੇਡ (ਆਸਟ੍ਰੇਲੀਆ)

View all posts by ਰਿਸ਼ੀ ਗੁਲਾਟੀ, ਐਡੀਲੇਡ (ਆਸਟ੍ਰੇਲੀਆ) →