17 September 2024

“ਸੌਖਾ ਤਾਂ ਨਈਂ” ਦੋਸਤੋ…. ਗ਼ਜ਼ਲ ਨਾਲ ਹਾਜ਼ਿਰ ਹਾਂ— ਰੂਪ ਸਿੱਧੂ

*ਗ਼ਜ਼ਲ

ਛੁਪ ਜਾਂਦੈ, ਪਰ ਦਰਦ ਛੁਪਾਉਣਾ ਸੌਖਾ ਤਾਂ ਨਈਂ।
ਰੋਂਦੇ ਹੋਇਆਂ ਵੀ ਮੁਸਕਾਉਣਾ ਸੌਖਾ ਤਾਂ ਨਈਂ। 

ਕਹਿਣੇ ਨੂੰ ਤਾਂ ਐਰਾ ਗ਼ੈਰਾ ਕਹਿ ਦੇਂਦੈ, ਪਰ
ਦਿਲ ‘ਤੇ ਬਣਿਆ ਅਕਸ ਮਿਟਾਉਣਾ ਸੌਖਾ ਤਾਂ ਨਈਂ। 

ਉਸ ‘ਤੇ ਡੋਰੀ ਛੱਡ ਕੇ ਮੈਂ ਕਮਜ਼ੋਰ ਕਿਵੇਂ ਹਾਂ
ਖ਼ੁਦ ਚੋਂ ਖ਼ੁਦ ਨੂੰ ਮਾਰ ਮੁਕਾਉਣਾ ਸੌਖਾ ਤਾਂ ਨਈਂ। 

ਕਹਿਣੇ  ਨੂੰ ਤਾਂ ਮੈਂ ਵੀ ਬੁਜ਼ਦਿਲ ਕਹਿ ਦੇਨਾਂ, ਪਰ
ਆਪੇ ਆਪਣਾ ਦੀਪ ਬੁਝਾਉਣਾ ਸੌਖਾ ਤਾਂ ਨਈਂ। 

ਏਥੋਂ ਪੱਟ ਕੇ ਓਥੇ ਲਾਉਣਾ ਆਖੀ ਜਾਵੇਂ
ਬੁੱਲਿਆਂ ਨਚ ਨਚ ਯਾਰ ਮਨਾਉਣਾ ਸੌਖਾ ਤਾਂ ਨਈਂ। 

ਤੈਨੂੰ ਤਰਸ ਨਹੀ ਆਇਆਂ ਤਾਂ ਕੀ ਆਖਾਂ,ਪਰ
ਰੱਬਾ ਭੁੱਖਾ ਬਾਲ ਸੁਲਾਉਣਾ ਸੌਖਾ ਤਾਂ ਨਈਂ। 

ਆਕੜ ਦਾ ਕੀ? ਇਹ ਤਾਂ ਹੁੰਦੀ ਮਰਿਆਂ ਵਿਚ ਵੀ
ਸੱਚ ਦੇ ਅੱਗੇ ਸੀਸ ਝੁਕਾਉਣਾ ਸੌਖਾ ਤਾਂ ਨਈਂ। 

‘ਰੂਪ’ ਹੁਰਾਂ ਵਲ ਵੇਖੋ ਤਾਂ ਸੌਖਾ ਜਾਪੇ ਪਰ
ਦਰਦ ਦਬਾਕੇ ਦਿਲ ਬਹਿਲਾਉਣਾ ਸੌਖਾ ਤਾਂ ਨਈਂ।
**
——غزل——

چھپ جاندے، پر درد چھپاؤنا سوکھا تاں نئیں۔
_روندے ہویاں وی مسکاؤنا سوکھا تاں نئیں

کہنے نوں تاں ایرا غیرا کہہ دیندے، پر
دل ‘تے بنیا عکس مٹاؤنا سوکھا تاں نئیں۔

اس ‘تے ڈوری چھڈّ کے میں کمزور کویں ہاں
خود چوں خود نوں مار مکاؤنا سوکھا تاں نئیں۔

کہنے نوں تاں میں وی بزدل کہہ دیناں، پر
آپے اپنا دیپ بجھاؤنا سوکھا تاں نئیں۔

ایتھوں پٹّ کے اوتھے لاؤنا آکھی جاویں
بلیاں نچ نچ یار مناؤنا سوکھا تاں نئیں۔

تینوں ترس نہی آیاں تاں کی آکھاں،پر
ربا بھکھا بال سلاؤنا سوکھا تاں نئیں۔

آکڑ دا کی؟ ایہہ تاں ہندی مریاں وچ وی
سچ دے اگے سیس جھکاؤنا سوکھا تاں نئیں۔

‘روپ’ ہراں ول ویکھو تاں سوکھا جاپے پر
درد دباکے دل بہلاؤنا سوکھا تاں نئیں۔
روپ سدھو
***
110
***