੧. ਬਾਬੇ ਨਾਨਕ ਜੀ ਨੂੰ— ਗੁਰਨਾਮ ਢਿੱਲੋਂ
ਬਾਬਾ ਜੀ ਜਦ ਫ਼ੁਰਸਤ ਹੋਵੇ
ਮੁੜ ਕੇ ਮਾਤਲੋਕ ਵਿਚ ਆਓ
ਮਿਲੋ ਵਾਰਸਾਂ ਆਪਣਿਆਂ ਨੂੰ
ਗੁਰੂ ਘਰਾਂ ਦੇ ਦਰਸ਼ਨ ਪਾਓ
ਸੱਭ ਤੋਂ ਪਹਿਲਾਂ ਤੁਸੀਂ ਵੇਖਿਓ
ਧੜ ਪੰਜਾਬ ਦਾ ਵੱਢਿਆ ਹੋਇਆ
ਜਨਮ ‘ਸਥਾਨ ਤੁਹਾਡਾ ਸਿੱਖਾਂ
ਦੇ ਖਿੱਤੇ ‘ਚੋਂ ਕੱਢਿਆ ਹੋਇਆ
ਜੇ ਪਹਿਲਾਂ ਅੰਮ੍ਰਿਤਸਰ ਆਏ
ਫਿਰ ਨਨਕਾਣੇ ਆਉਣ ਨਹੀਂ ਦੇਣਾ
ਜਿੰਨ੍ਹਾ ਮਰਜ਼ੀ ਹੱਕ ਜਤਾਇਓ
ਪੈਰ ਉਨ੍ਹਾਂ ਨੇ ਪਾਉਣ ਨਹੀਂ ਦੇਣਾ
ਕਈ ਤਰਾਂ ਦੇ ਫਾਰਮ ਭਰ ਕੇ
ਪਾਸਪੋਰਟ ਬਣਵਾਉਣਾ ਪੈਣਾ
ਦਿੱਲੀ ਦੀ ਏਮਬੈਸੀ ਵਿਚੋਂ
ਵੀਜ਼ਾ ਵੀ ਲਗਵਾਉਣਾ ਪੈਣਾ
ਪਹਿਲਾਂ ਓਥੇ ਨਾਂ ਪੁੱਛਣ ਗੇ
ਫਿਰ ਉਹ ਪੁੱਛਣ ਗੇ ਸਿਰਨਾਵਾਂ
ਕਰ ਕੇ ਇੰਝ ਤਸੱਲੀ ਪੂਰੀ
ਪੁੱਛਣ ਗੇ ਦੱਸ ਕਿਥੇ ਜਾਣਾ?
ਰੰਗ ਅਨੋਖੇ ਇਸ ਦੁਨੀਆਂ ਦੇ
ਹਰ ਹਾਲਤ ਵਿਚ ਤੱਕਣੇ ਪੈਣੇ
ਆਪਣੇ ਇਨਕਲਾਬੀ ਜਜ਼ਬੇ
ਕਾਬੂ ਦੇ ਵਿਚ ਰੱਖਣੇ ਪੈਣੇ
ਝੁੰਡਾਂ ਵਾਂਙੂੰ ਸਾਧੂ ਫਿਰਦੇ
ਗਿਟਿੱਆਂ ਤੀਕਰ ਚੋਲੇ ਪਾਏ
ਛਕ ਕੇ ਧਾਨ ਬੇਗਾਨਾ ਕਈਆਂ
ਢੋਲਾਂ ਵਾਂਙੂੰ ਢਿੱਡ ਵਧਾਏ
ਤੈਂ ਜਾਤਾਂ ਦਾ ਖੰਡਨ ਕੀਤਾ
ਜਾਤਾਂ ਦੇ ਨਾਂ ਗੁਰੂਦੁਆਰੇ
ਤੇ ਲਾਲੋ ਦੀ ਮਿਹਨਤ ਉੱਤੇ
ਕਾਬਜ ਹੋ ਗਏ ਭਾਗੋ ਸਾਰੇ
ਸਿਓਨੇ ਵਾਲੀ ਪਾਲਕੀ ਅੰਦਰ
ਤੇਰੀ ਬਾਣੀ ਖੂਬ ਸਜਾ ਕੇ
ਲੱਗ ਪਏ ਹੁਣ ਸਿਓਨੇ ਨੂੰ ਪੂਜਣ
ਸਰਵਲੋਹ ਜਹੀ ਰੀਤ ਭੁਲਾ ਕੇ
ਕਰਮਾਂ ਕਾਂਡਾਂ ਦੇ ਵਿਚ ਪਾ ਕੇ
ਅੱਜ ਪੁਜਾਰੀ ਲੁੱਟੀ ਜਾਂਦੇ
ਲੈ ਕੇ ਤੇਰਾ ਨਾਮ ਮਾਲ ਸੱਭ
ਆਪਣੇ ਅੰਦਰ ਸੁੱਟੀ ਜਾਂਦੇ
ਮੂੰਹ ‘ਚੋਂ ਬਾਣੀ ਜਪਦੇ ਤੇਰੀ
ਪਰ ਭੋਰਾ ਨਹੀਂ ਅਮਲ ਕਮਾਉਂਦੇ
ਤੈਂ ਜਗ-ਜਣਨੀ ਕਿਹਾ ਨਾਰ ਨੂੰ
ਇਹ ਕੁੱਖਾਂ ਵਿਚ ਕਤਲ ਕਰਾਉਂਦੇ
ਫਿਰ ਵੀ ਤੈਂਨੂੰ ਮਿਲ ਜਾਵੇ ਗਾ
ਸੱਚਾ ਸੇਵਕ ਟਾਵਾਂ ਟਾਵਾਂ
ਜਿਸ ਦੀ ਕਹਿਣੀ, ਕਰਨੀ ਦੇ ਵਿਚ
ਝਲਕ ਰਿਹਾ ਤੇਰਾ ਪ੍ਰਛਾਵਾਂ
ਤੇਰਾ ਧਰਮ ਗਰੀਬਾਂ ਦਾ ਹੈ
ਪੈ ਗਿਆ ਅੱਜ ਸ਼ਾਹਾਂ ਦੇ ਪੱਲੇ
ਪੁੰਨ-ਦਾਨ ਏਸੇ ਲਈ ਕਰਦੇ
ਹੋਵੇ ਜੱਗ ਵਿਚ ਬੱਲੇ ਬੱਲੇ
ਜੇ ਤੈਂ ਸੱਚ ਦਾ ਹੋਕਾ ਦਿੱਤਾ
ਕਿਸੇ ਨੇ ਨੇੜੇ ਖੜਨ ਨਹੀਂ ਦੇਣਾ
ਜੇ ਤੈਂ ਰੋਕਿਆ ਬਿਪਰਨ ਰੀਤੋਂ
ਗੁਰਦੁਆਰੇ ਵਿਚ ਵੜਨ ਨਹੀਂ ਦੇਣਾ
‘ਰਾਜੇ ਸ਼ੀਂਹ ਮੁਕੱਦਮ ਕੁੱਤੇ’
ਜੇ ਤੈਂ ਕਿੱਧਰੇ ਆਖ ਸੁਣਾਇਆ
ਸਾਰਾ ਜੱਗ ਵੇਖੇ ਗਾ ਤੈਂਨੂੰ
ਚੁੱਕ ਤਿਹਾੜ ਜੇਲ ਵਿਚ ਪਾਇਆ।
****
੨.*ਮੋਧ-ਗਾਂਚੀ-ਤੇਲੀ–ਗੁਰਨਾਮ ਢਿੱਲੋਂ
ਦਮੋਦਰ ਦਾਸ ਨਰਿੰਦਰ ਮੋਦੀ,
‘ਮੋਧ-ਗਾਂਚੀ-ਤੇਲੀ’, ਚਾਏ ਵਾਲਾ, ਸੰਘ ਸੰਚਾਲਕ
ਕੀ ਜਾਣੇ ਖੇਤੀ ਦੀਆਂ ਸਾਰਾਂ
ਕਿ ਕਿਸਾਨ ਖੇਤਾਂ ਵਿਚ ਆਪਣਾ ਲਹੂ ਬੀਜਦਾ
ਤੱਤੇ ਤੱਤੇ ਸਾਹਾਂ ਦੇ ਸੇਕ ਸੰਗ ਪਾਲੇ ਫ਼ਸਲਾਂ
ਕੁੱਲ ਕਰੋਪੀ ਦਿਲ, ਜਿਸਮ ‘ਤੇ ਝੱਲੇ
ਬੱਚਿਆਂ ਵਰਗੀਆਂ ਉਗਦੀਆਂ ਫ਼ਸਲਾਂ ਵੇਖ ਵੇਖ ਕੇ ਹੱਸੇ
ਨੀਲੇ ਅੰਬਰ ਵੱਲ ਵੀ ਵੇਖੇ
ਨਿੱਤ ਕਰੇ ਅਰਦਾਸਾਂ
ਸੁੱਖਾਂ ਮੰਗੇ
ਪੱਕੀ ਫ਼ਸਲ ਨੂੰ ਕੱਟੇ
ਮੰਡੀ ਵਿਚ ‘ਸੁੱਟ’ ਆਵੇ
ਧੁੜਕੂ ਧੁੜਕੂ, ਖੱਜਲ ਖੱਜਲ, ਸਦਮਾ ਸਦਮਾ
ਫਿਰ ਵੀ ਸਬਰ, ਸਿਦਕ ਤੇ ਦਿਲ ਨਾ ਛੱਡੇ
ਭਾਣਾ ਮੰਨੇ
ਅਗਲੀ ਫ਼ਸਲ ਨੂੰ ਬੀਜਣ ਵਿਚ ਜੁੱਟ ਜਾਵੇ
‘ ਮੋਧ-ਗਾਂਚੀ-ਤੇਲੀ,’ ਚਾਏ ਵਾਲਾ, ਸੰਘ ਸੰਚਾਲਕ
ਕਿੰਝ ਸਮਝੇ ਇਹ ਰੱਤ ਵਿਚ ਭਿੱਜੀ ਦਰਦ ਕਹਾਣੀ!
ਉਹ ਤਾਂ ਬੱਸ ਇੱਕੋ ਗੱਲ ਜਾਣੇ
ਧਰਮ, ਧਿਆਨ, ਇਮਾਨ, ਸਿਆਸਤ
ਮੰਦਰ, ਮੱਠ, ਆਸ਼ਰਮ, ਧਾਮ
ਸੱਭ ਵਣਜ, ਸੱਭ ਧੰਦਾ, ਸੱਭ ਮਾਇਆ ਮਾਇਆ
ਇਹ ਸ੍ਰਿਸ਼ਟੀ ਮਾਇਆ ਦੀ ਛਾਇਆ
ਮਾਇਆ ‘ਚੋ ਫੁੱਟਦਾ ਸਰਮਾਇਆ
ਮਾਇਆ ਦਾ ਬਣਿਆ ਭਗਵਾਨ
ਲੋਕਾਂ ਦਾ ਦੁੱਖ-ਦਰਦ ਵੀ ਮਾਇਆ
ਹੱਕ-ਹਕੂਕ ‘ਤੇ ਸੱਭ ਕੁਝ ਮਾਇਆ
ਸੱਭ ਕੁਝ ਛੱਡੋ ਮਾਇਆ ਪੂਜੋ
ਮਾਇਆ ਖ਼ਾਤਰ ਸ਼ਰਮ, ਜ਼ੁਬਾਨ ਸੱਭ ਕੁਝ ਵੇਚੋ
ਮਾਇਆ ਦਾ ਪੁਤਲਾ ਇਨਸਾਨ
ਮਾਇਆ ਦਿੰਦੀ ਮੁਕਤੀ-ਦਾਨ
ਮਾਇਆ ਦਿੰਦੀ ਮੁਕਤੀ-ਦਾਨ
ਮਾਇਆ ਦਿੰਦੀ ਮੁਕਤੀ-ਦਾਨ।
,,,,,,,,,,,,,,,,,,,,,,,,,,,,,,,,,,,,,,,,,,,,,,,,,,,
*ਗੁਜਰਾਤ ਦੇ ਇਕ ਭਾਈਚਾਰੇ ਦਾ ਨਾਮ