|
ਸ਼ਾਇਦ ਕੋਈ ਹੀ ਇਹੋ ਜਿਹਾ ਦਿਨ ਲੰਘਦਾ ਹੋਵੇ ਜਿਸ ਦਿਨ ਕੋਈ ਆਤਮ ਹੱਤਿਆ ਦੀ ਖ਼ਬਰ ਪੜ੍ਹਨ ਸੁਣਨ ਨੂੰ ਨਾ ਮਿਲੇ। ਹੁਣ ਲੋਕਾਂ ਨੇ ਆਤਮ ਹੱਤਿਆ ਕਰਨ ਦਾ ਇੱਕ ਰਿਵਾਜ਼ ਹੀ ਬਣਾ ਲਿਆ ਹੈ। ਗਰੀਬ ਵੀ ਆਤਮ ਹੱਤਿਆ ਕਰ ਰਿਹਾ ਹੈ ਅਤੇ ਅਮੀਰ ਵੀ ਆਤਮ ਹੱਤਿਆ ਕਰ ਰਿਹਾ ਹੈ। ਮੁਲਜ਼ਮ ਵੀ ਤੇ ਮੁਲਾਜ਼ਮ ਵੀ। ਇਹ ਗੱਲ ਸਮਝ ਤੋਂ ਬਾਹਰ ਹੁੰਦੀ ਜਾ ਰਹੀ ਹੈ। ਕਿਸੇ ਨੂੰ ਘਰ ਦੀ ਪਰੇਸ਼ਾਨੀ ਤੇ ਕਿਸੇ ਨੂੰ ਸਰਕਾਰੀ ਮਹਿਕਮੇ ਤੋਂ ਪ੍ਰੇਸ਼ਾਨੀ। ਕਿਸੇ ਨੂੰ ਨਸ਼ੇ ਰੋਕਣ ‘ਤੇ ਪ੍ਰੇਸ਼ਾਨੀ ਅਤੇ ਕਿਸੇ ਨੂੰ ਪੈਸੇ ਤੋਂ ਪ੍ਰੇਸ਼ਾਨੀ। ਇਹਨਾਂ ਸਾਰਿਆਂ ਤੋਂ ਮੁਕਤੁ ਹੋਣ ਲਈ ਆਤਮ ਹੱਤਿਆ ਦੇ ਰਾਹ ਤੁਰ ਪੈਣਾ ਦਸੋ ਕਿਹੜੀ ਬਹਾਦਰੀ ਦਾ ਕੰਮ ਹੈ? ਲੋਕਾਂ ਨੇ ਇਹ ਸੌਖਾ ਹੀ ਤਰੀਕਾ ਲੱਭ ਲਿਆ ਹੈ ਆਪਣੀ ਆਤਮ ਹੱਤਿਆ ਕਰ ਲੈਣੀ। ਆਤਮ ਹੱਤਿਆ ਕਰਨਾ ਕੋਈ ਚੰਗੀ ਗੱਲ ਨਹੀਂ। ਜਿਹੜਾ ਇਨਸਾਨ ਆਤਮ ਹੱਤਿਆ ਕਰ ਲੈਂਦਾ ਹੈ ਉਸ ਨੂੰ ਪੁੱਛਣ ਵਾਲਾ ਕੋਈ ਹੋਵੇ ਕਿ ਤੇਰੇ ਹੁੰਦਿਆਂ ਪਰਵਾਰ ਨੂੰ ਕਿੰਨੀਆਂ ਮੁਸ਼ਕਲਾਂ ਵਿੱਚੋ ਲੰਘਣਾ ਪੈਂਦਾ ਸੀ। ਫਿਰ ਤੇਰੇ ਜਾਣ ਤੋਂ ਬਾਅਦ ਤੇਰੇ ਪਰਵਾਰ ਦਾ ਕੀ ਬਣੇਗਾ। ਇੱਕ ਵਾਰ ਆਪਣੀ ਜੀਵਨ ਲੀਲ੍ਹਾ ਖਤਮ ਕਰਨ ਤੋਂ ਪਹਿਲਾਂ ਇਹ ਵੀ ਸੋਚਣਾ ਬਣਦਾ ਹੈ। ਆਤਮ ਹੱਤਿਆ ਕਰਨਾ ਬੁਝਦਿਲ ਇਨਸਾਨ ਦਾ ਕੰਮ ਹੈ। ਆਤਮ ਹੱਤਿਆ ਕਰਨ ਨਾਲ ਕੋਈ ਮਸਲਾ ਹੱਲ ਨਹੀਂ ਹੁੰਦਾ ਸਗੋਂ ਪਰੇਸ਼ਾਨੀਆਂ ਹੋਰ ਜ਼ਿਆਦਾ ਵੱਧ ਜਾਂਦੀਆਂ ਹਨ। ਅੱਜ ਕੱਲ ਤਾਂ ਬਹੁਤ ਜਿਆਦਾ ਕਾਨੂੰਨ ਬਣੇ ਹੋਏ ਹਨ ਜੇ ਕੋਈ ਕਿਸੇ ਦੇ ਨਾਲ ਵਧੀਕੀ ਕਰਦਾ ਹੈ ਤਾਂ ਉਹ ਕਾਨੂੰਨ ਦਾ ਸਹਾਰਾ ਲੈ ਕੇ ਆਪਣਾ ਮਸਲਾ ਹੱਲ ਕਰ ਸਕਦਾ ਹੈ। ਪਰ ਜੋ ਇੱਕ ਸਾਡੇ ਸਾਹਮਣੇ ਤਸਵੀਰ ਨਜ਼ਰ ਆ ਰਹੀ ਹੈ ਕਿ ਫਲਾਣੇ ਨੇ ਫਲਾਣੇ ਦਾ ਕੰਮ ਨਹੀਂ ਕੀਤਾ। ਫਲਾਣੇ ਨੇ ਮੇਰੀ ਬੇਇੱਜਤੀ ਕੀਤੀ ਹੈ ਉਸ ਦੇ ਬਦਲੇ ਮੈਂ ਆਪਣੀ ਆਤਮਹਤਿਆ ਕਰ ਰਿਹਾ ਹਾਂ। ਇਹਨੇ ਇੰਜ ਨਹੀਂ ਕੀਤਾ ਮੈਂ ਇਸ ਕਰਕੇ ਜਾਂ ਉਸਨੇ ਇੰਜ ਨਹੀਂ ਕੀਤਾ ਇਸ ਕਰਕੇ ਮੈ ਆਤਮ ਹੱਤਿਆ ਕਰ ਰਿਹਾ ਹਾਂ। ਇਹ ਸਭ ਫਜੂਲ ਦੀਆਂ ਗੱਲਾਂ ਹਨ। ਇਨਸਾਨ ਕੋਈ ਵੀ ਕਮਲਾ ਨਹੀਂ ਹੁੰਦਾ, ਅੱਗ ਤੇ ਮੌਤ ਤੋਂ ਸਭ ਨੂੰ ਡਰ ਲਗਦਾ ਹੈ। ਕੁੱਝ ਕੁ ਗੱਲਾਂ ਤਾਂ ਅਜਿਹੀਆਂ ਹੁੰਦੀਆਂ ਨੇ ਜਿਸ ਕਰਕੇ ਅੱਡੀਆਂ ਚੁੱਕ ਕੇ ਫਾਹਾ ਲੈਂਦੇ ਹਨ। ਆਪਣੀ ਔਕਾਤ ਤੋਂ ਜਿਆਦਾ ਖਰਚ ਕਰ ਲੈਂਦੇ ਨੇ ਅਤੇ ਫਿਰ ਜਦੋਂ ਖਰਚਾ ਪੂਰਾ ਨਹੀਂ ਹੁੰਦਾ, ਉਹ ਫਿਰ ਆਤਮ ਹੱਤਿਆ ਦਾ ਰਾਹ ਫੜ ਲੈਂਦੇ ਨੇ। ਆਤਮ ਹੱਤਿਆ ਕਰਕੇ ਅੱਜ ਤੱਕ ਤਾਂ ਕਿਸੇ ਦਾ ਕੋਈ ਮਸਲਾ ਹੱਲ ਨਹੀਂ ਹੋਇਆ। ਆਤਮ ਹੱਤਿਆ ਕਰਨ ਵਾਲੇ ਪਰਵਾਰ ਨੂੰ ਕੋਈ ਚੰਗਾ ਨਹੀਂ ਸਮਝਦਾ। ਉਸਦੇ ਅੱਗੇ ਬੱਚਿਆਂ ਦੇ ਨਾਲ ਕੋਈ ਰਿਸ਼ਤੇਦਾਰੀ ਪਾਉਣ ਦੀ ਹਿੰਮਤ ਵੀ ਨਹੀਂ ਕਰਦਾ। ਅੱਜ ਅਸੀਂ ਉਸ ਸਮੇਂ ਵਿੱਚੋਂ ਲੰਘ ਰਹੇ ਜਿਹੜਾ ਸਮਾਂ ਬਹੁਤ ਹੀ ਜਾਗਰੂਕ ਹੋਣ ਦਾ ਹੈ। ਲੋਕਾਂ ਨੇ ਚੰਦ ਤੇ ਆਪਣੇ ਘਰ ਪਾ ਲਏ ਨੇ। ਸਾਰੇ ਬ੍ਰਹਮੰਡ ਨੂੰ ਆਪਣੀ ਮੁੱਠੀ ਵਿੱਚ ਬੰਦ ਕਰ ਲਿਆ ਹੈ। ਫਿਰ ਵੀ ਸਾਡੀ ਸੋਚ ਬਿਨਾਂ ਕਿਸੇ ਮਤਲਬ ਤੋਂ ਮੌਤ ਨੂੰ ਕਿਉਂ ਗਲੇ ਲਗਾ ਰਹੀ ਹੈ। ਮੰਨ ਵੀ ਲਉ ਕਿ ਕਿਸੇ ਸਮੇ ਪ੍ਰੇਸ਼ਾਨੀ ਆਉਂਦੀ ਵੀ ਹੈ। ਉਹ ਕਿਸੇ ਪਰਵਾਰ ਦੇ ਮੈਂਬਰ ਨਾਲ ਸਲਾਹ ਮਸ਼ਵਰਾ ਕਰ ਲਉ। ਕਿਸੇ ਰਿਸ਼ਤੇਦਾਰ ਸਾਕ ਸਬੰਧੀ ਨੂੰ ਜ਼ਰੂਰ ਦਸੋ। ਤੁਹਾਡੀ ਮੁਸ਼ਕਲ ਦਾ ਜ਼ਰੂਰ ਕੋਈ ਹੱਲ ਲੱਭ ਜਾਵੇਂਗਾ। ਕੋਈ ਵੀ ਪਰੇਸ਼ਾਨੀ ਹੁੰਦੀ ਹੈ ਉਹ ਮਸਲਾ ਗੱਲਾਂ ਬਾਤਾਂ ਰਾਹੀਂ ਹੱਲ ਹੋ ਹੀ ਜਾਂਦਾ ਹੈ। ਜਾਂ ਫਿਰ ਇੱਕ ਦੂਜੇ ਨੂੰ ਦੱਸ ਕੇ ਹੱਲ ਕੀਤਾ ਜਾ ਸਕਦਾ ਹੈ। ਮਨੁੱਖਾਂ ਜੀਵਨ ਕਈ ਲੱਖਾਂ ਸਾਲ ਬਾਅਦ ਮਿਲਦਾ ਹੈ। ਇਸ ਜੀਵਨ ਦਾ ਭਰਪੂਰ ਅਨੰਦ ਲੈਣਾ ਚਾਹੀਦਾ ਹੈ। ਆਤਮ ਹੱਤਿਆ ਕਰਨਾ ਇੱਕ ਬਹੁਤ ਹੀ ਭੈੜਾ ਕਰਮ ਹੈ। ਆਤਮਹੱਤਿਆ ਜੋ ਵੀ ਇਨਸਾਨ ਕਰਦਾ ਹੈ, ਉਹ ਖੁਦ ਤਾਂ ਮਰਦਾ ਹੀ ਹੈ ਪਰ ਉਹ ਬਾਕੀ ਪਰਵਾਰ ਨੂੰ ਵੀ ਮਾਰ ਦਿੰਦਾ ਹੈ। ਪਿੱਛੇ ਪਰਵਾਰ ਵਾਲੇ ਧੱਕੇ ਹੀ ਖਾਣ ਜੋਗੇ ਰਹਿ ਜਾਂਦੇ ਨੇ। ਆਓ ਆਪਾਂ ਵੀ ਸਿਆਣੇ ਬਣੀਏ। ਆਤਮ ਹੱਤਿਆ ਬਾਰੇ ਮਨ ਵਿੱਚੋ ਵਿਚਾਰ ਖ਼ਤਮ ਕਰੀਏ ਅਤੇ ਮੁਸੀਬਤਾਂ ਨਾਲ ਡੱਟ ਕੇ ਲੜਨ ਲਈ ਤਿਆਰ ਹੋਈਏ। ਜੇ ਕਿਸੇ ਦਾ ਕੋਈ ਮਸਲਾ ਹੈ ਉਸ ਨੂੰ ਬੈਠ ਕੇ ਨਿਪਟਾਇਆ ਜਾਵੇ ਆਤਮ ਹੱਤਿਆ ਕਰਕੇ ਨਹੀਂ। ‘ਆਤਮ ਹੱਤਿਆ’ ਕਿਸੇ ਵੀ ਸਮੱਸਿਆ ਜਾਂ ਬਿਮਾਰੀ ਦਾ ਇਲਾਜ ਨਹੀਂ ਹੈ। |
|
*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ। |
ਸਵੈ-ਕਥਨ:
ਮੈਂ ਸੂਬੇਦਾਰ ਜਸਵਿੰਦਰ ਸਿੰਘ ਭੁਲੇਰੀਆ ਮੇਰਾ ਜਨਮ 24 ਅਗਸਤ 1965 ਨੂੰ ਪਿੰਡ ਮਮਦੋਟ ਜਿਲ੍ਹਾ ਫਿਰੋਜ਼ਪੁਰ ਵਿੱਚ ਹੋਇਆ| ਮੇਰੀ ਮਾਤਾ ਸੁਰਜੀਤ ਕੌਰ ਤੇ ਪਿਤਾ ਸ. ਬਘੇਲ ਸਿੰਘ ਦੇ ਘਰ ਚਾਰ ਪੁੱਤਰ ਹੋਏ ਮੈ ਸਾਰਿਆ ਤੋਂ ਛੋਟਾ ਹਾਂ।
ਮੈ ਦਸਵੀ ਜਮਾਤ ਤੱਕ ਪੜ੍ਹਾਈ [ਸ਼ਹੀਦ ਰਾਮ ਕਿਸ਼ਨ ਵਧਵਾ ਮਹਾਂਵੀਰ ਚੱਕਰ] ਸਰਕਾਰੀ ਹਾਈ ਸਕੂਲ ਮਮਦੋਟ ਵਿੱਚ ਕੀਤੀ| ਮੇਰਾ ਪਿੰਡ ਬਿਲਕੁਲ ਪਾਕਿਸਤਾਨ ਦੀ ਹੱਦ ਉਤੇ ਸਥਿਤ ਹੈ|
1988 ਤੋਂ ਪਹਿਲਾਂ ਜਦੋ ਸਰਹੱਦ ਉਤੇ ਤਾਰਬੰਦੀ ਨਹੀਂ ਕੀਤੀ ਸੀ ਉਸ ਵਕਤ ਲਹਿੰਦੇ ਪੰਜਾਬ ਤੇ ਸਾਡੇ ਚੜ੍ਹਦੇ ਪੰਜਾਬ ਦੇ ਲੋਕ ਭਾਵੇ ਇੱਕ ਦੂਜੇ ਨਾਲ ਨਹੀਂ ਸਨ, ਗਲਬਾਤ ਕਰ ਸਕਦੇ ਸਨ ਅਤੇ ਫਿਰ ਵੀ ਅਾਹਮੋ-ਸਾਹਮਣੇ ਕੰਮ ਕਰਦੇ ਨਜ਼ਰ ਆਉਂਦੇ ਰਹਿੰਦੇ ਸਨ| ਜਦੋਂ ਦੀ ਤਾਰਬੰਦੀ ਹੋ ਗਈ ਹੈ| ਉਸ ਸਮੇ ਤੋਂ ਲੋਕਾਂ ਦੀ ਆਪਸ ਵਿੱਚ ਦੂਰੀ ਹੋ ਗਈ ਹੈ|
ਮਮਦੋਟ ਕਿਸੇ ਸਮੇਂ ਵਿੱਚ ਇਕ ਰਿਆਸਤ ਵਜੋਂ ਜਾਣਿਆ ਜਾਂਦਾ ਸੀ| ਮਹਾਰਾਜਾ ਰਣਜੀਤ ਸਿੰਘ ਨੇ ਜਦੋਂ ਫਰਵਰੀ 1807 ਵਿੱਚ, ਕਸੂਰ ਉੱਤੇ ਚੜ੍ਹਾਈ ਕੀਤੀ ਅਤੇ ਕੁਤਬੁੱਦੀਨ ਨੂੰ ਸੱਤਾ ਤੋਂ ਹਟਾ ਦਿੱਤਾ, ਮਹਾਰਾਜਾ ਨੇ ਕੁਤਬੁੱਦੀਨ ਨੂੰ ਮਮਦੋਟ ਦੇ 84 ਪਿੰਡਾਂ ਦੀ ਜਾਗੀਰ ਦੇ ਕੇ ਇਥੋਂ ਦਾ ਨਵਾਬ ਬਣਾ ਦਿੱਤਾ ਸੀ। ਮਮਦੋਟ ਦੇ ਨਵਾਬ ਇਫਤਿਖਾਰ ਹੁਸੈਨ ਖਾਨ, ਵੰਡ ਤੋਂ ਬਾਅਦ ਵਿੱਚ ਪਾਕਿਸਤਾਨ ਦੇ ਲਹਿੰਦੇ ਪੰਜਾਬ ਦੇ ਪਹਿਲੇ ਮੁੱਖ ਮੰਤਰੀ ਬਣੇ ਸਨ| ਜਦੋਂ ਵੀ ਕਦੇ ਪਾਕਿਸਤਾਨ ਤੇ ਭਾਰਤ ਵਿਚ ਕੋਈ ਖਟਾਸ ਪੈਦਾ ਹੁੰਦੀ ਹੈ ਤੇ ਸਾਨੂੰ ਆਪਣਾ ਘਰ ਬਾਰ ਛੱਡਣਾ ਪੈਂਦਾ ਹੈ| ਭਾਵੇਂ ਜੰਗ 1965 ਦੀ ਹੋਵੇ ਭਾਵੇਂ 1971 ਦੀ ਤੇ ਭਾਵੇਂ ਕਾਰਗਿਲ ਦਾ ਯੁੱਧ| ਸਾਨੂੰ ਇਥੋਂ ਆਪਣਾ ਜੂਲੀ ਬਿਸਤਰਾ ਗੋਲ ਕਰਨਾ ਹੀ ਪੈਂਦਾ ਹੈ|
ਪਿੰਡ ਬਾਰਡਰ ਤੇ ਹੋਣ ਕਰਕੇ ਇੱਥੇ ਅੱਜ ਤਕ ਵੀ ਕਾਲਜ ਨਹੀਂ ਬਣਿਆ |ਸਾਨੂੰ ਉਦੋਂ ਵੀ ਤੇ ਹੁਣ ਵੀ ਅਗੇ ਪੜ੍ਹਨ ਲਈ ਫਿਰੋਜ਼ਪੁਰ ਜਾਣਾ ਪੈਂਦਾ ਹੈ| ਸਾਡੇ ਸਕੂਲ ਤੇ ਬੀ. ਐਸ. ਐਫ. ਦੀ ਗਰਾਉਂਡ ਨਾਲੋ ਨਾਲ ਹੋਣ ਕਰਕੇ ਸਾਨੂੰ ਵੀ ਫੌਜ਼ ਦੀ ਵਰਦੀ ਪਾਉਣ ਦਾ ਬਹੁਤ ਸੌਂਕ ਸੀ| ਮੈ ਫਿਰੋਜ਼ਪੁਰ ਆਰ ਐਸ ਡੀ ਕਾਲਜ਼ ਵਿੱਚ ਪੜ੍ਹਦਾ ਪੜ੍ਹਦਾ ਫੌਜ਼ ਵਿੱਚ ਭਰਤੀ ਹੋ ਗਿਆ| ਜੁਲਾਈ 1984 ਨੂੰ ਮੈ ਅਾਰਟੀਲੇਰੀ [ਤੋਪਖਾਨੇ] ਦੇ ਵਿੱਚ ਇੱਕ ਟੈਕਨੀਕਲ ਅਸਿਸਟੈਂਟ ਵਜੋਂ ਭਰਤੀ ਹੋ ਗਿਆ| ਆਂਧਰਾ ਪ੍ਰਦੇਸ਼ ਦੀ ਰਾਜਧਾਨੀ ਹੈਦਰਾਬਾਦ ਵਿੱਚ ਟ੍ਰੇਨਿੰਗ ਕਰਕੇ ਥਰੀ ਮੀਡੀਅਮ ਰੇਜਿਮੇੰਟ ਵਿੱਚ ਬਤੋਰ ਸਿਪਾਹੀ ਡਿਊਟੀ ਕਰਨ ਲਗ ਪਿਆ| ਮਿਹਨਤ ਤੇ ਲਗਨ ਕਰਕੇ ਮੈ ਬਹੁਤ ਜਲਦੀ ਤੋਪਾਂ ਦਾ ਇੰਸਟ੍ਰਕਟਰ ਬਣ ਗਿਆ ਤੇ ਮੇਰਾ ਪ੍ਰਮੋਸ਼ਨ ਵੀ ਹੋ ਗਿਆ ਯਾਨੀ ਕਿ ਮੈ ਸੂਬੇਦਾਰ ਬਣ ਗਿਆ| ਪੂਰੇ 28 ਸਾਲ ਦੇਸ਼ ਦੀ ਸੇਵਾ ਕੀਤੀ|
ਮੇਰਾ ਇਕ ਬੇਟਾ ਹੈ ਜੋ ਪਹਿਲਾਂ ਪੇਸ਼ੇ ਵਜੋਂ ਵਕੀਲ ਬਣਿਆ ਤੇ ਫਿਰ ਬਤੌਰ ਅਲਾਈਡ ਪੀ. ਸੀ. ਐਸ. ਆਫੀਸਰ ਵਜੋਂ ਨਵੇਂ ਸ਼ਹਿਰ ਵਿਖੇ ਲੇਬਰ ਇਨਫੋਰਸਮੈਂਟ ਆਫ਼ਿਸਰ ਦੀ ਡਿਊਟੀ ਕਰ ਰਿਹਾ ਹੈ| ਉਸ ਦੇ ਦੋ ਬੱਚੇ ਵੀ ਹਨ|
ਜੇ ਕਰ ਮੈ ਗੱਲ ਕਰਾਂ ਹੁਣ ਲਿਖਣ ਦੀ| ਮੇਰੀਆਂ ਲਿਖੀਆਂ ਚਾਰ ਕੈਸੇਟਾਂ ਟੀ ਸੀਰੀਜ਼ ਤੋਂ ਰਿਲੀਜ਼ ਹੋਈਆਂ ਹਨ| ਪਰ ਉਹ ਚਾਰੇ ਹੀ ਧਾਰਮਿਕ ਕੈਸੇਟਾਂ ਬਾਬਾ ਨਿਰਮਲ ਸਿੰਘ ਜੀ ਪੱਥਰ ਸਾਹਿਬ ਵਾਲਿਆਂ ਨੇ ਰਿਕਾਰਡ ਕਰਵਾਈਆਂ ਸਨ| ਜਿਹਨਾਂ ਨੂੰ ਦਰਸ਼ਨ ਕੁਮਾਰ ਜੀ ਨੇ ਰਿਲੀਜ਼ ਕੀਤਾ ਸੀ| ਫੌਜ਼ ਦੀ ਨੌਕਰੀ ਦੌਰਾਨ ਹੀ ਮੈਨੂੰ ਐਲ ਓ ਸੀ ਕਾਰਗਿਲ ਫਿਲਮ ਵਿੱਚ ਕਰੀਨਾ ਕਪੂਰ ਜੀ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਸੀ| ਜੇ ਪੀ ਦੱਤਾ ਜੀ ਨੇ ਮੈਨੂੰ ਇਹ ਅਵਸਰ ਦਿੱਤਾ ਸੀ| ਫੌਜ਼ ਵਿੱਚ ਰਹਿੰਦਿਆਂ ਮੈ ਬਹੁਤਾ ਕੁਝ ਹੋਰ ਨਹੀਂ ਸੀ ਲਿਖ ਸਕਿਆ ਕਿਉਂਕਿ ਪਬੰਦੀਆ ਬਹੁਤ ਹੁੰਦੀਆਂ ਹਨ| ਪਰ ਸ਼ੌਕ ਨੂੰ ਮੈ ਜਿਆਦਾ ਦੇਰ ਨਹੀਂ ਰੌਕ ਸਕਿਆ| ਰਿਟਾਇਰਮੈਂਟ ਹੁੰਦਿਆਂ ਹੀ ਮੈਂ ਕਲਮ ਚੁੱਕ ਲਈ| ਸਭ ਤੋਂ ਪਹਿਲਾਂ ਮੈ ਸਿਰਫ ਦੇਸ਼ ਸੇਵਕ ਦੇ ਮਿਡਲ ਕਾਲਮ ਲਈ ਲਿਖਦਾ ਸੀ| ਹੌਲੀ ਹੌਲੀ ਮੇਰੀਆਂ ਕਵਿਤਾਵਾਂ ਵੀ ਰਸਾਲਿਆਂ ਤੇ ਮੈਗਜ਼ੀਨਾਂ ਵਿੱਚ ਛਪਣੀਆਂ ਸ਼ੁਰੂ ਗਈਆਂ| ਫਿਰ ਮੈ ਨਿੱਕੀਆਂ ਕਹਾਣੀਆਂ ਤੇ ਵੱਡੀਆਂ ਕਹਾਣੀਆਂ ਵੀ ਲਿਖਣ ਲਗ ਪਿਆ|
ਹੁਣ ਤਕ ਮੇਰੇ ਅਜੀਤ, ਸਪੋਕਸਮੈਨ, ਰੋਜ਼ਾਨਾ ਪਹਿਰੇਦਾਰ, ਹਮਦਰਦ ਨਿਊਜ਼ ਪੇਪਰ, ਪੰਜਾਬੀ ਜਾਗਰਣ, ਅੱਜ ਦੀ ਆਵਾਜ਼, ਸੱਚ ਦੀ ਆਵਾਜ਼, ਆਸ਼ਿਆਨਾ, ਅਕਾਲੀਪਤ੍ਰਿਕਾ, ਚੜ੍ਹਦੀਕਲਾ, ਪੰਜਾਬੀ ਪੋਸਟ ਕਨੈਡਾ, ਪੰਜਾਬ ਪੋਸਟ ਕਨੈਡਾ, ਪ੍ਰੀਤਨਾਮਾਂ ਯੂ ਐਸ ਏ, ਦੇਸ਼ ਸੇਵਕ, ਪੰਜਾਬੀ ਟ੍ਰਿਬਿਊਨ, ਲੋਕ ਭਲਾਈ ਸੁਨੇਹਾ, ਸੱਚ ਕਹੁ , ਸੰਤ ਸਿਪਾਹੀ, ਕਲਾਕਾਰਾਂ ਨਾਲ ਰਾਬਤਾ, ਪੰਜ ਦਰਿਆ ਤੇ ਪਰਵਾਸੀ ਨਿਊਜ਼ ਪੇਪਰ, ਪੰਜਾਬ ਪੋਸਟ, ਸ਼ਬਦਾਂ ਦਾ ਕਾਫ਼ਲਾ| ਆਕਾਸ਼ਵਾਣੀ ਰੇਡੀਉ ਤੋਂ ਮਿੰਨੀ ਕਹਾਣੀਆਂ। ਓਨਏਅਰ, ਜੱਗਬਾਣੀ ਟੀਵੀ ਚੈਨਲ, ਸਪੋਕਸਮੈਨ ਟੀਵੀ ਚੈਨਲ, ਚੜ੍ਹਦੀ ਕਲਾ ਟੀਵੀ ਚੈਨਲ ਤੋਂ ਵੀ ਮੇਰੀਆਂ ਰਚਨਾਵਾਂ ਆਉਂਦੀਆਂ ਹੀ ਰਹਿੰਦੀਆਂ ਹਨ|
***
Subedar Jasvinder Singh Bhularia
e-mail:jaswinder.bhuleria.1@gmail.com
+91 75891 55501

by 