ਮੈ ਗੱਲ ਕਿਸੇ ਦੀ ਸੁਣੀ ਸੁਣਾਈ ਨਹੀਂ ਕਰਨ ਜਾ ਰਿਹਾ ਕਿਉਂਕਿ ਗੱਲ ਹੱਡ ਬੀਤੀ ਤੇ ਜੱਗ ਬੀਤੀ ਵਿੱਚ ਫਰਕ ਬਹੁਤ ਹੁੰਦਾ ਹੈ| ਗੁਰਬਾਣੀ ਵਿੱਚ ਵੀ ਆਉਦਾ ਹੈ ਕਿ “ਜਿਸ ਤਨੁ ਲਾਗੇ ਸੋ ਤਨੁ ਜਾਣੈ ਕੌਣ ਜਾਣੈ ਪੀੜ ਪਰਾਈ”| ਉਹੀ ਗੱਲ ਹੈ ਕਿ ਅਸੀਂ ਬਿਲਕੁੱਲ ਹਿੰਦ ਪਾਕਿ ਬਾਰਡਰ ਦੀ ਜ਼ੀਰੋ ਲਾਈਨ ਦੇ ਨਜ਼ਦੀਕ ਰਹਿੰਦੇ ਹਾਂ| ਜਿੰਨਾ ਸਾਨੂੰ ਪਤਾ ਹੈ ਕਿ ਜੰਗ ਦੇ ਮਾਇਨੇ ਕੀ ਹੁੰਦੇ ਹਨ, ਸ਼ਾਇਦ ਇਸ ਬਾਰੇ ਕਿਸੇ ਹੋਰ ਨੂੰ ਪਤਾ ਨਾ ਹੋਵੇ| ਕਿਉਂਕਿ ਜਦੋਂ ਅਸੀਂ ਜੰਗ ਦਾ ਨਾਂਅ ਸੁਣਦੇ ਹਾਂ ਤਾਂ ਉਸ ਵਕਤ ਸਾਡੇ ਲੂ ਕੰਡੇ ਖੜੇ ਹੋ ਜਾਂਦੇ ਹਨ| ਪੂਰੇ ਪਰਿਵਾਰ ਨੂੰ ਕਿੱਥੇ ਲੈ ਕੇ ਜਾਵਾਂਗੇ| ਉੱਥੇ ਕੀ ਕਰਾਂਗੇ ਕੀ ਖਾਵਾਂਗੇ। ਪਿੱਛੋਂ ਸਾਡੀ ਖੇਤੀ ਦਾ ਕੀ ਹੋਵੇਗਾ, ਸਾਡੇ ਮਾਲ ਡੰਗਰ ਦਾ ਕੀ ਬਣੇਗਾ, ਬੇ-ਜਬਾਨਿਆਂ ਨੂੰ ਕਿੱਥੇ ਛੱਡਾਂਗੇ? ਇਹੋ ਹੀ ਨਹੀਂ, ਘਰ ਦਾ ਸਾਰਾ ਸਮਾਨ ਕਿਸ ਕੋਲ ਰਖਾਂਗੇ, ਬਜ਼ੁਰਗ ਮਾਪਿਆਂ ਦਾ, ਨੌਜਵਾਨ ਧੀਆਂ ਦਾ ਤੇ ਸਕੂਲ ਪੜ੍ਹਦੇ ਬੱਚਿਆਂ ਦਾ ਕੀ ਬਣੇਗਾ? ਇਹ ਸਾਰਾ ਸੀਨ ਅੱਖਾਂ ਅਗੇ ਘੁੰਮਣ ਲੱਗ ਜਾਂਦਾ ਹੈ| ਪਰ ਜਦੋਂ ਮੈ ਆਪਣੇ ਆਲੇ ਦੁਆਲੇ ਨਿਗ੍ਹਾ ਮਾਰਦਾ ਹਾਂ ਤਾਂ ਸਭ ਕੁੱਝ ਆਮ ਵਾਂਗ ਹੀ ਜਾਪਦਾ ਹੈ| ਲੋਕ ਰੋਜ਼-ਮਰਾ ਦੀ ਜਿੰਦਗੀ ਬਤੀਤ ਕਰ ਰਹੇ ਹਨ ਜਿਵੇ ਪਹਿਲਾਂ ਕਾਰੋਬਾਰ ਕਰਦੇ ਸੀ ਅੱਜ ਵੀ ਉਵੇਂ ਹੀ ਕਰ ਰਹੇ ਹਨ| ਕਿਸੇ ਨੂੰ ਜੰਗ ਦਾ ਕੋਈ ਖੌਫ਼ ਨਹੀਂ ਨਜ਼ਰ ਆਉਂਦਾ| ਫਿਰ ਜੰਗ ਕਿੱਥੇ? ਕੋਈ ਫੌਜ਼ ਨਹੀਂ ਹਰਕਤ ਕਰਦੀ ਨਜ਼ਰ ਆ ਰਹੀ| ਲੋਕਾਂ ਨੇ ਆਪਣੀ ਕਣਕ ਦੀ ਵਾਢੀ ਕਰਕੇ ਤੂੜੀ ਬਣਾ ਲਈ ਹੈ| ਹੁਣ ਝੋਨੇ ਲਾਉਣ ਦੀ ਤਿਆਰੀ ਆਰੰਭ ਕਰ ਦਿੱਤੀ ਹੈ| ਝੋਨੇ ਦੀਆਂ ਪਨੀਰੀਆਂ ਬੀਜੀਆਂ ਜਾ ਰਹੀਆਂ ਹਨ| ਜਮੀਨਾਂ ਨੂੰ ਤਿਆਰ ਕਰਨ ਵਿੱਚ ਦਿਨ ਰਾਤ ਟਰੈਕਟਰ ਚਲਦੇ ਵੇਖੇ ਜਾ ਸਕਦੇ ਹਨ| ਇਸ ਦੇ ਬਾਵਜੂਦ ਮੀਡੀਆ, ਸੋਸ਼ਲ ਮੀਡੀਆ ਅਤੇ ਮੋਬਾਈਲਾਂ ਉੱਤੇ ਬੜੇ ਘਮਸਾਨ ਦਾ ਯੁੱਧ ਲੱਗਾ ਹੋਇਆ ਵੇਖਣ ਨੂੰ ਮਿਲ ਰਿਹਾ ਹੈ| ਟੈਲੀਵਿਜ਼ਨ ਵਾਲੇ ਤਾਂ ਬੰਬ ਚਲਾਉਣ ਤੋਂ ਪਿੱਛੇ ਨਹੀਂ ਹੱਟ ਰਹੇ| ਇੰਨਾ ਜ਼ਹਿਰ ਉਗਲ ਰਹੇ ਹਨ ਕਿ ਕੋਈ ਕਹਿਣ ਦੀ ਹੱਦ ਹੀ ਨਹੀਂ| ਪ੍ਰਿੰਟ ਮੀਡੀਆ ਵੀ ਛਛੋ-ਪੰਜ ਵਿੱਚ ਪਿਆ ਹੋਇਆ ਨਜ਼ਰ ਆ ਰਿਹਾ ਹੈ| ਇੱਕ ਜੰਗ ਹਿੰਦ ਪਾਕਿ ਦੀ ਕਰਵਾਈ ਜਾ ਰਹੀ ਹੈ ਦੂਸਰੇ ਪਾਸੇ ਜੰਗ ਪੰਜਾਬ ਤੇ ਹਰਿਆਣਾ ਦੀ ਪਾਣੀ ਨੂੰ ਲੈਕੇ ਹੋ ਰਹੀ ਹੈ| ਦਰਅਸਲ ਜੰਗ ਬਰਬਾਦੀ ਤੋਂ ਇਲਾਵਾ ਸਾਨੂੰ ਕੁੱਝ ਨਹੀਂ ਦੇ ਸਕਦੀ। ਅਸੀਂ ਬਾਰਡਰ ਦੇ ਲੋਕ ਇਹੋ ਹੀ ਅਰਦਾਸ ਕਰਦੇ ਹਾਂ ਕਿ ਜੰਗ ਨਾ ਲੱਗੇ| ਜੰਗ ਦਾ ਮਾਹੌਲ ਸਿਰਜਣ ਵਾਲੇ ਸ਼ਾਂਤੀ ਵੱਲ ਝੁਕਾ ਕਰਣ| ਜਿਹਨਾਂ ਲੋਕਾਂ ਨੂੰ ਜੰਗ ਦੀ ਜਿਆਦਾ ਜ਼ਰੂਰਤ ਹੈ ਉਹ ਸਾਡੀ ਥਾਂ ਉਤੇ ਆ ਜਾਣ ਤੇ ਸਾਨੂੰ ਆਪਣੀਆਂ ਥਾਵਾਂ ਉਤੇ ਰੈਣ-ਬਸੇਰਾ ਬਣਾ ਦੇਣ| ਫਿਰ ਜਦੋਂ ਮਰਜ਼ੀ ਹੋਵੇ ਤੇ ਜਿੰਨੀ ਮਰਜ਼ੀ ਚਾਹੁਣ ਜੰਗ ਲੜ ਲੈਣ। ਵਾਸਤਾ ਜੇ ਰੱਬ ਦਾ ਸਾਨੂੰ ਜੰਗ ਤੋਂ ਬਚਾ ਲਓ| ਅਸੀਂ ਜੰਗ ਨਹੀਂ ਚਾਹੁੰਦੇ| ਜਿਹਨਾਂ ਨੇ ਘਿਨਾਉਣੀ ਹਰਕਤ ਕੀਤੀ ਹੈ ਉਹਨਾਂ ਨੂੰ ਚੌਕ ਦੇ ਚੁਰਾਹੇ ਵਿੱਚ ਖੜ੍ਹਾ ਕਰਕੇ ਮੌਤ ਦੇ ਘਾਟ ਉਤਾਰ ਦਿਉ ਪਰ ਸਾਡੇ ਹੱਸਦੇ ਵੱਸਦੇ ਘਰਾਂ ਨੂੰ ਉਜਾੜਨ ਦੀ ਖੇਚਲ ਨਾ ਕਰੋ| ਸਾਡੇ ਤਾਂ ਅਜੇ ਸੰਤਾਲੀ ਵਾਲੇ ਜਖ਼ਮ ਵੀ ਨਹੀਂ ਭਰੇ| ਹੁਣ ਫਿਰ ਦੁਬਾਰਾ ਸਾਨੂੰ ਮੌਤ ਦੇ ਮੂੰਹ ਵਿੱਚ ਕਿਉਂ ਧੱਕ ਰਹੇ ਹੋ? ਸਾਡੇ ਤੇ ਰਹਿਮ ਕਰੋ ਜੰਗਾਂ ਨਾਲ ਕਦੇ ਮਸਲੇ ਹੱਲ ਨਹੀਂ ਹੁੰਦੇ ਵੇਖੇ| ਅਖੀਰ ਟੇਬਲ ਉਤੇ ਹੀ ਸਮਝੌਤਾ ਹੁੰਦਾ ਵੇਖਿਆ ਹੈ| ਉਹ ਹੁਣ ਹੀ ਕਰ ਲਉ| ਸਭ ਕੁਝ ਠੀਕ ਠਾਕ ਹੋ ਜਾਵੇਗਾ| ਬੰਦ ਕਰੋ ਜੰਗ ਦੀ ਗਾਥਾ ਤੇ ਮੀਡੀਆ ਦੇ ਮੂੰਹ ਤੇ ਲਗਾਉ ਲਗਾਮ| |
*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ। |
ਸਵੈ-ਕਥਨ:
ਮੈਂ ਸੂਬੇਦਾਰ ਜਸਵਿੰਦਰ ਸਿੰਘ ਭੁਲੇਰੀਆ ਮੇਰਾ ਜਨਮ 24 ਅਗਸਤ 1965 ਨੂੰ ਪਿੰਡ ਮਮਦੋਟ ਜਿਲ੍ਹਾ ਫਿਰੋਜ਼ਪੁਰ ਵਿੱਚ ਹੋਇਆ| ਮੇਰੀ ਮਾਤਾ ਸੁਰਜੀਤ ਕੌਰ ਤੇ ਪਿਤਾ ਸ. ਬਘੇਲ ਸਿੰਘ ਦੇ ਘਰ ਚਾਰ ਪੁੱਤਰ ਹੋਏ ਮੈ ਸਾਰਿਆ ਤੋਂ ਛੋਟਾ ਹਾਂ।
ਮੈ ਦਸਵੀ ਜਮਾਤ ਤੱਕ ਪੜ੍ਹਾਈ [ਸ਼ਹੀਦ ਰਾਮ ਕਿਸ਼ਨ ਵਧਵਾ ਮਹਾਂਵੀਰ ਚੱਕਰ] ਸਰਕਾਰੀ ਹਾਈ ਸਕੂਲ ਮਮਦੋਟ ਵਿੱਚ ਕੀਤੀ| ਮੇਰਾ ਪਿੰਡ ਬਿਲਕੁਲ ਪਾਕਿਸਤਾਨ ਦੀ ਹੱਦ ਉਤੇ ਸਥਿਤ ਹੈ|
1988 ਤੋਂ ਪਹਿਲਾਂ ਜਦੋ ਸਰਹੱਦ ਉਤੇ ਤਾਰਬੰਦੀ ਨਹੀਂ ਕੀਤੀ ਸੀ ਉਸ ਵਕਤ ਲਹਿੰਦੇ ਪੰਜਾਬ ਤੇ ਸਾਡੇ ਚੜ੍ਹਦੇ ਪੰਜਾਬ ਦੇ ਲੋਕ ਭਾਵੇ ਇੱਕ ਦੂਜੇ ਨਾਲ ਨਹੀਂ ਸਨ, ਗਲਬਾਤ ਕਰ ਸਕਦੇ ਸਨ ਅਤੇ ਫਿਰ ਵੀ ਅਾਹਮੋ-ਸਾਹਮਣੇ ਕੰਮ ਕਰਦੇ ਨਜ਼ਰ ਆਉਂਦੇ ਰਹਿੰਦੇ ਸਨ| ਜਦੋਂ ਦੀ ਤਾਰਬੰਦੀ ਹੋ ਗਈ ਹੈ| ਉਸ ਸਮੇ ਤੋਂ ਲੋਕਾਂ ਦੀ ਆਪਸ ਵਿੱਚ ਦੂਰੀ ਹੋ ਗਈ ਹੈ|
ਮਮਦੋਟ ਕਿਸੇ ਸਮੇਂ ਵਿੱਚ ਇਕ ਰਿਆਸਤ ਵਜੋਂ ਜਾਣਿਆ ਜਾਂਦਾ ਸੀ| ਮਹਾਰਾਜਾ ਰਣਜੀਤ ਸਿੰਘ ਨੇ ਜਦੋਂ ਫਰਵਰੀ 1807 ਵਿੱਚ, ਕਸੂਰ ਉੱਤੇ ਚੜ੍ਹਾਈ ਕੀਤੀ ਅਤੇ ਕੁਤਬੁੱਦੀਨ ਨੂੰ ਸੱਤਾ ਤੋਂ ਹਟਾ ਦਿੱਤਾ, ਮਹਾਰਾਜਾ ਨੇ ਕੁਤਬੁੱਦੀਨ ਨੂੰ ਮਮਦੋਟ ਦੇ 84 ਪਿੰਡਾਂ ਦੀ ਜਾਗੀਰ ਦੇ ਕੇ ਇਥੋਂ ਦਾ ਨਵਾਬ ਬਣਾ ਦਿੱਤਾ ਸੀ। ਮਮਦੋਟ ਦੇ ਨਵਾਬ ਇਫਤਿਖਾਰ ਹੁਸੈਨ ਖਾਨ, ਵੰਡ ਤੋਂ ਬਾਅਦ ਵਿੱਚ ਪਾਕਿਸਤਾਨ ਦੇ ਲਹਿੰਦੇ ਪੰਜਾਬ ਦੇ ਪਹਿਲੇ ਮੁੱਖ ਮੰਤਰੀ ਬਣੇ ਸਨ| ਜਦੋਂ ਵੀ ਕਦੇ ਪਾਕਿਸਤਾਨ ਤੇ ਭਾਰਤ ਵਿਚ ਕੋਈ ਖਟਾਸ ਪੈਦਾ ਹੁੰਦੀ ਹੈ ਤੇ ਸਾਨੂੰ ਆਪਣਾ ਘਰ ਬਾਰ ਛੱਡਣਾ ਪੈਂਦਾ ਹੈ| ਭਾਵੇਂ ਜੰਗ 1965 ਦੀ ਹੋਵੇ ਭਾਵੇਂ 1971 ਦੀ ਤੇ ਭਾਵੇਂ ਕਾਰਗਿਲ ਦਾ ਯੁੱਧ| ਸਾਨੂੰ ਇਥੋਂ ਆਪਣਾ ਜੂਲੀ ਬਿਸਤਰਾ ਗੋਲ ਕਰਨਾ ਹੀ ਪੈਂਦਾ ਹੈ|
ਪਿੰਡ ਬਾਰਡਰ ਤੇ ਹੋਣ ਕਰਕੇ ਇੱਥੇ ਅੱਜ ਤਕ ਵੀ ਕਾਲਜ ਨਹੀਂ ਬਣਿਆ |ਸਾਨੂੰ ਉਦੋਂ ਵੀ ਤੇ ਹੁਣ ਵੀ ਅਗੇ ਪੜ੍ਹਨ ਲਈ ਫਿਰੋਜ਼ਪੁਰ ਜਾਣਾ ਪੈਂਦਾ ਹੈ| ਸਾਡੇ ਸਕੂਲ ਤੇ ਬੀ. ਐਸ. ਐਫ. ਦੀ ਗਰਾਉਂਡ ਨਾਲੋ ਨਾਲ ਹੋਣ ਕਰਕੇ ਸਾਨੂੰ ਵੀ ਫੌਜ਼ ਦੀ ਵਰਦੀ ਪਾਉਣ ਦਾ ਬਹੁਤ ਸੌਂਕ ਸੀ| ਮੈ ਫਿਰੋਜ਼ਪੁਰ ਆਰ ਐਸ ਡੀ ਕਾਲਜ਼ ਵਿੱਚ ਪੜ੍ਹਦਾ ਪੜ੍ਹਦਾ ਫੌਜ਼ ਵਿੱਚ ਭਰਤੀ ਹੋ ਗਿਆ| ਜੁਲਾਈ 1984 ਨੂੰ ਮੈ ਅਾਰਟੀਲੇਰੀ [ਤੋਪਖਾਨੇ] ਦੇ ਵਿੱਚ ਇੱਕ ਟੈਕਨੀਕਲ ਅਸਿਸਟੈਂਟ ਵਜੋਂ ਭਰਤੀ ਹੋ ਗਿਆ| ਆਂਧਰਾ ਪ੍ਰਦੇਸ਼ ਦੀ ਰਾਜਧਾਨੀ ਹੈਦਰਾਬਾਦ ਵਿੱਚ ਟ੍ਰੇਨਿੰਗ ਕਰਕੇ ਥਰੀ ਮੀਡੀਅਮ ਰੇਜਿਮੇੰਟ ਵਿੱਚ ਬਤੋਰ ਸਿਪਾਹੀ ਡਿਊਟੀ ਕਰਨ ਲਗ ਪਿਆ| ਮਿਹਨਤ ਤੇ ਲਗਨ ਕਰਕੇ ਮੈ ਬਹੁਤ ਜਲਦੀ ਤੋਪਾਂ ਦਾ ਇੰਸਟ੍ਰਕਟਰ ਬਣ ਗਿਆ ਤੇ ਮੇਰਾ ਪ੍ਰਮੋਸ਼ਨ ਵੀ ਹੋ ਗਿਆ ਯਾਨੀ ਕਿ ਮੈ ਸੂਬੇਦਾਰ ਬਣ ਗਿਆ| ਪੂਰੇ 28 ਸਾਲ ਦੇਸ਼ ਦੀ ਸੇਵਾ ਕੀਤੀ|
ਮੇਰਾ ਇਕ ਬੇਟਾ ਹੈ ਜੋ ਪਹਿਲਾਂ ਪੇਸ਼ੇ ਵਜੋਂ ਵਕੀਲ ਬਣਿਆ ਤੇ ਫਿਰ ਬਤੌਰ ਅਲਾਈਡ ਪੀ. ਸੀ. ਐਸ. ਆਫੀਸਰ ਵਜੋਂ ਨਵੇਂ ਸ਼ਹਿਰ ਵਿਖੇ ਲੇਬਰ ਇਨਫੋਰਸਮੈਂਟ ਆਫ਼ਿਸਰ ਦੀ ਡਿਊਟੀ ਕਰ ਰਿਹਾ ਹੈ| ਉਸ ਦੇ ਦੋ ਬੱਚੇ ਵੀ ਹਨ|
ਜੇ ਕਰ ਮੈ ਗੱਲ ਕਰਾਂ ਹੁਣ ਲਿਖਣ ਦੀ| ਮੇਰੀਆਂ ਲਿਖੀਆਂ ਚਾਰ ਕੈਸੇਟਾਂ ਟੀ ਸੀਰੀਜ਼ ਤੋਂ ਰਿਲੀਜ਼ ਹੋਈਆਂ ਹਨ| ਪਰ ਉਹ ਚਾਰੇ ਹੀ ਧਾਰਮਿਕ ਕੈਸੇਟਾਂ ਬਾਬਾ ਨਿਰਮਲ ਸਿੰਘ ਜੀ ਪੱਥਰ ਸਾਹਿਬ ਵਾਲਿਆਂ ਨੇ ਰਿਕਾਰਡ ਕਰਵਾਈਆਂ ਸਨ| ਜਿਹਨਾਂ ਨੂੰ ਦਰਸ਼ਨ ਕੁਮਾਰ ਜੀ ਨੇ ਰਿਲੀਜ਼ ਕੀਤਾ ਸੀ| ਫੌਜ਼ ਦੀ ਨੌਕਰੀ ਦੌਰਾਨ ਹੀ ਮੈਨੂੰ ਐਲ ਓ ਸੀ ਕਾਰਗਿਲ ਫਿਲਮ ਵਿੱਚ ਕਰੀਨਾ ਕਪੂਰ ਜੀ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਸੀ| ਜੇ ਪੀ ਦੱਤਾ ਜੀ ਨੇ ਮੈਨੂੰ ਇਹ ਅਵਸਰ ਦਿੱਤਾ ਸੀ| ਫੌਜ਼ ਵਿੱਚ ਰਹਿੰਦਿਆਂ ਮੈ ਬਹੁਤਾ ਕੁਝ ਹੋਰ ਨਹੀਂ ਸੀ ਲਿਖ ਸਕਿਆ ਕਿਉਂਕਿ ਪਬੰਦੀਆ ਬਹੁਤ ਹੁੰਦੀਆਂ ਹਨ| ਪਰ ਸ਼ੌਕ ਨੂੰ ਮੈ ਜਿਆਦਾ ਦੇਰ ਨਹੀਂ ਰੌਕ ਸਕਿਆ| ਰਿਟਾਇਰਮੈਂਟ ਹੁੰਦਿਆਂ ਹੀ ਮੈਂ ਕਲਮ ਚੁੱਕ ਲਈ| ਸਭ ਤੋਂ ਪਹਿਲਾਂ ਮੈ ਸਿਰਫ ਦੇਸ਼ ਸੇਵਕ ਦੇ ਮਿਡਲ ਕਾਲਮ ਲਈ ਲਿਖਦਾ ਸੀ| ਹੌਲੀ ਹੌਲੀ ਮੇਰੀਆਂ ਕਵਿਤਾਵਾਂ ਵੀ ਰਸਾਲਿਆਂ ਤੇ ਮੈਗਜ਼ੀਨਾਂ ਵਿੱਚ ਛਪਣੀਆਂ ਸ਼ੁਰੂ ਗਈਆਂ| ਫਿਰ ਮੈ ਨਿੱਕੀਆਂ ਕਹਾਣੀਆਂ ਤੇ ਵੱਡੀਆਂ ਕਹਾਣੀਆਂ ਵੀ ਲਿਖਣ ਲਗ ਪਿਆ|
ਹੁਣ ਤਕ ਮੇਰੇ ਅਜੀਤ, ਸਪੋਕਸਮੈਨ, ਰੋਜ਼ਾਨਾ ਪਹਿਰੇਦਾਰ, ਹਮਦਰਦ ਨਿਊਜ਼ ਪੇਪਰ, ਪੰਜਾਬੀ ਜਾਗਰਣ, ਅੱਜ ਦੀ ਆਵਾਜ਼, ਸੱਚ ਦੀ ਆਵਾਜ਼, ਆਸ਼ਿਆਨਾ, ਅਕਾਲੀਪਤ੍ਰਿਕਾ, ਚੜ੍ਹਦੀਕਲਾ, ਪੰਜਾਬੀ ਪੋਸਟ ਕਨੈਡਾ, ਪੰਜਾਬ ਪੋਸਟ ਕਨੈਡਾ, ਪ੍ਰੀਤਨਾਮਾਂ ਯੂ ਐਸ ਏ, ਦੇਸ਼ ਸੇਵਕ, ਪੰਜਾਬੀ ਟ੍ਰਿਬਿਊਨ, ਲੋਕ ਭਲਾਈ ਸੁਨੇਹਾ, ਸੱਚ ਕਹੁ , ਸੰਤ ਸਿਪਾਹੀ, ਕਲਾਕਾਰਾਂ ਨਾਲ ਰਾਬਤਾ, ਪੰਜ ਦਰਿਆ ਤੇ ਪਰਵਾਸੀ ਨਿਊਜ਼ ਪੇਪਰ, ਪੰਜਾਬ ਪੋਸਟ, ਸ਼ਬਦਾਂ ਦਾ ਕਾਫ਼ਲਾ| ਆਕਾਸ਼ਵਾਣੀ ਰੇਡੀਉ ਤੋਂ ਮਿੰਨੀ ਕਹਾਣੀਆਂ। ਓਨਏਅਰ, ਜੱਗਬਾਣੀ ਟੀਵੀ ਚੈਨਲ, ਸਪੋਕਸਮੈਨ ਟੀਵੀ ਚੈਨਲ, ਚੜ੍ਹਦੀ ਕਲਾ ਟੀਵੀ ਚੈਨਲ ਤੋਂ ਵੀ ਮੇਰੀਆਂ ਰਚਨਾਵਾਂ ਆਉਂਦੀਆਂ ਹੀ ਰਹਿੰਦੀਆਂ ਹਨ|
***
Subedar Jasvinder Singh Bhularia
e-mail:jaswinder.bhuleria.1@gmail.com
+91 75891 55501