1963-64 ਵਿੱਚ ਸੁੰਦਰ ਸਿੰਘ ਲੁਧਿਆਣੇ ਤੋਂ ਸਾਡੇ ਪਿੰਡ ਬਤੌਰ ਡੰਗਰਾਂ ਦਾ ਸਰਕਾਰੀ ਕੰਪਾਊਡਰ ਬਣ ਕੇ ਆਇਆ ਸੀ। ਬੇਸ਼ਕ ਉਸ ਦਾ ਅਹੁੱਦਾ ਇੱਕ ਕੰਪਾਊਡਰ ਵਾਲਾ ਸੀ ਪਰ ਉਸ ਨੂੰ ਜਾਣਕਾਰੀ ਡਾਕਟਰਾਂ ਨਾਲੋਂ ਵੱਧ ਸੀ। ਪਸ਼ੁਆਂ ਦੇ ਹੱਕ ਵਿੱਚ ਇੰਨਾ ਸਿਆਣਾ ਸੀ ਕਿ ਡੰਗਰ ਦੀ ਰਗ ਰਗ ਜਾਣਦਾ ਸੀ। ਲਗਦੇ ਚਾਰੇ ਉਸ ਨੇ ਕਦੇ ਕਿਸੇ ਬਿਮਾਰ ਡੰਗਰ ਨੂੰ ਮਰਨ ਨਹੀਂ ਸੀ ਦਿੱਤਾ। ਲੋਕ ਰਾਤ ਬਰਾਤੇ ਵੀ ਉਸ ਨੂੰ ਆਪਣੇ ਘਰਾਂ ਵਿੱਚ ਮੱਝਾਂ ਗਾਵਾਂ ਨੂੰ ਦਵਾਈ ਦਿਵਾਉਣ ਲਈ ਲੈ ਜਾਂਦੇ ਸਨ। ਇੰਝ ਕਰਦਿਆਂ ਉਸ ਦੇ ਤੀਹ ਪੈਂਤੀ ਸਾਲ ਇੱਥੇ ਹੀ ਲੰਘ ਗਏ। ਫਿਰ ਉਸ ਦਾ ਪ੍ਰਮੋਸ਼ਨ ਹੋ ਗਿਆ। ਉਹ ਫਿਰ ਡਾਕਟਰ ਬਣ ਗਿਆ। ਤਨਖਾਹ ਨਾਲੋਂ ਵੱਧ ਕਮਾਈ ਉਸ ਦੀ ਇੱਧਰ ਉੱਧਰ ਦਵਾਈ ਦੇ ਕੇ ਹੋ ਜਾਂਦੀ ਸੀ। ਵਿਆਹ ਵੀ ਉਸ ਦਾ ਬੇਸ਼ੱਕ ਲੁਧਿਆਣੇ ਵੱਲ ਹੋਇਆ ਸੀ ਪਰ ਦੋਹਾਂ ਜੀਆਂ ਦਾ ਸੁਭਾਅ ਇੰਨਾ ਚੰਗਾ ਸੀ ਕਿ ਲੋਕ ਉਹਨਾਂ ਨੂੰ ਆਪਣਾ ਹੀ ਸਮਝਦੇ ਸਨ। ਹੌਲੀ ਹੌਲੀ ਕਰਕੇ ਉਹ ਸਾਡੇ ਪਿੰਡ ਦੇ ਪੱਕੇ ਵਸਨੀਕ ਹੀ ਬਣ ਗਏ। ਸੁੰਦਰ ਸਿੰਘ ਦੇ ਘਰ ਚਾਰ ਕੁੜੀਆਂ ਨੇ ਜਨਮ ਲਿਆ।ਚਾਰੇ ਹੀ ਬਹੁਤ ਲਾਇਕ ਸਨ। ਉਹਨਾਂ ਨੇ ਪੜ੍ਹਾਈ ਵੀ ਸਾਡੇ ਸਰਕਾਰੀ ਸਕੂਲ ਵਿੱਚ ਕੀਤੀ। ਹੁਣ ਸੁੰਦਰ ਸਿੰਘ ਇੱਕ ਇਲਾਕੇ ਦਾ ਧਨਾਢ ਆਦਮੀ ਬਣ ਚੁਕਾ ਸੀ। ਬਹੁਤ ਖੁਲ੍ਹੀ ਡੁਲੀ ਹਵੇਲੀ ਤੇ ਘਰ ਬਣਾ ਲਿਆ। ਇੱਕ ਆੜ੍ਹਤੀ ਵੱਜੋਂ ਆਪਣੀ ਵੱਖਰੀ ਪਛਾਣ ਬਣਾ ਲਈ। ਪਿੰਡ ਦੇ ਚੰਦ ਬੰਦਿਆਂ ਵਿੱਚ ਉਸ ਦਾ ਨਾਂਅ ਸੀ। ਜਦੋਂ ਤੱਕ ਉਹ ਨੌਕਰੀ ਕਰਦਾ ਰਿਹਾ ਉਸ ਉੱਤੇ ਕਿਸੇ ਪ੍ਰਕਾਰ ਦਾ ਕੋਈ ਦੋਸ਼ ਨਹੀਂ ਲੱਗਾ ਸੀ। ਬੇਸ਼ਕ ਹਸਪਤਾਲ ਤੋਂ ਬਾਹਰ ਉਸ ਦੀ ਫ਼ੀਸ ਬਹੁਤ ਜਿਆਦਾ ਹੁੰਦੀ ਸੀ ਪਰ ਜਿਹੜਾ ਪਸ਼ੂ ਲੋਕ ਹਸਪਤਾਲ ਵਿੱਚ ਲੈ ਕੇ ਆ ਜਾਂਦੇ ਸਨ ਉਸ ਦਾ ਉਹ ਕਦੇ ਕੋਈ ਪੈਸਾ ਨਹੀਂ ਲੈਂਦਾ ਸੀ। ਇੱਧਰ ਪੈਨਸ਼ਨ ਪਾਉਣ ਤੋਂ ਬਾਅਦ ਇਸ ਦਾ ਕਾਰੋਬਾਰ ਬਹੁਤ ਵੱਧ ਚੁਕਾ ਸੀ। ਕੁੜੀਆਂ ਵੀ ਸੁਖ ਨਾਲ ਜਵਾਨ ਹੋ ਗਈਆਂ। ਉਹਨਾਂ ਦੇ ਘਰ ਤੇ ਵਰ ਲੱਭਣ ਲੁਭਾਉਣ ਦਾ ਸਿਲਸਿਲਾ ਸ਼ੁਰੂ ਹੋ ਗਿਆ। ਚੰਗੇ ਚੰਗੇ ਘਰਾਂ ਦੇ ਰਿਸ਼ਤੇ ਆਉਣੇ ਸ਼ੁਰੂ ਹੋ ਗਏ। ਇੱਧਰ ਡਾਕਟਰ ਸੁੰਦਰ ਸਿੰਘ ਦਾ ਸਰੀਰ ਵੀ ਬੁੱਢਾ ਹੋਣ ਲੱਗ ਪਿਆ[ ਹਰ ਸਮੇਂ ਇਹੋ ਹੀ ਸੋਚਦਾ ਰਹਿੰਦਾ ਕਿ ਜਦੋਂ ਸਾਰੀਆਂ ਕੁੜੀਆਂ ਵਿਆਹੀਆਂ ਗਈਆਂ ਤਾਂ ਫਿਰ ਸਾਡੇ ਕਾਰੋਬਾਰ ਦੀ ਦੇਖ ਰੇਖ ਕੌਣ ਕਰੇਂਗਾ? ਇਸ ਗੱਲ ਦਾ ਝੋਰਾ ਦੋਹਾਂ ਜੀਆਂ ਨੂੰ ਦਿਨ ਰਾਤ ਵੱਢ ਵੱਢ ਕੇ ਖਾਣ ਲਗ ਪਿਆ। ਖੈਰ! ਕੁੜੀਆਂ ਦਾ ਵਿਆਹ ਕਰਨਾ ਵੀ ਉਸ ਦੀ ਇੱਕ ਮਜ਼ਬੂਰੀ ਬਣ ਗਈ ਸੀ।ਵੱਡੀ ਕੁੜੀ ਦਾ ਬਹੁਤ ਹੀ ਚੰਗੇ ਘਰਾਣੇ ਵਿੱਚ ਵਿਆਹ ਕਰ ਦਿੱਤਾ। ਥੋੜ੍ਹੇ ਸਮੇ ਬਾਅਦ ਦੂਸਰੀ ਛੋਟੀ ਕੁੜੀ ਦਾ ਵੀ ਵਿਆਹ ਕਰ ਦਿੱਤਾ। ਹੁਣ ਦੋ ਕੁੜੀਆਂ ਵਿਆਹੀਆਂ ਗਈਆਂ। ਦੋ ਹਾਲੇ ਕੁਆਰੀਆਂ ਹੀ ਸਨ। ਵੱਡੇ ਜਵਾਈ ਤੇ ਛੋਟੇ ਜਵਾਈ ਦੀ ਸੌਹਰਾ ਸਾਬ੍ਹ ਨਾਲ ਕੁਝ ਲੈਣ ਦੇਣ ਤੋਂ ਅਣਬਣ ਹੋ ਗਈ। ਉਹਨਾਂ ਨੇ ਸੋਚਿਆ ਕਿ ਕਿਉਂ ਨਾ ਸਾਰੀ ਜਾਇਦਾਦ ਉਤੇ ਕਬਜ਼ਾ ਕਰ ਲਿਆ ਜਾਵੇ ਪਰ ਲੋਕਾਂ ਨੇ ਇੰਝ ਨਹੀਂ ਹੋਣ ਦਿੱਤਾ। ਹੁਣ ਤੀਜੀ ਕੁੜੀ ਦਾ ਵੀ ਵਿਆਹ ਕਰ ਦਿੱਤਾ। ਵੱਡੀਆਂ ਤਿੰਨੇ ਧੀਆਂ ਆਪਣੇ ਆਪਣੇ ਘਰ ਵਿੱਚ ਸੁਖੀ ਰਹਿਣ ਲੱਗ ਪਈਆਂ। ਇੱਧਰ ਸੁੰਦਰ ਸਿੰਘ ਤੇ ਉਸ ਦੀ ਘਰ ਵਾਲੀ ਨੂੰ ਸ਼ੂਗਰ ਦੀ ਬਿਮਾਰੀ ਨੇ ਆਪਣੇ ਕਲਾਵੇ ਵਿੱਚ ਲੈ ਲਿਆ। ਅਚਾਨਕ ਦੋਹਾਂ ਦੀ ਇੱਕ ਇੱਕ ਲੱਤ ਕੱਟਣੀ ਪੈ ਗਈ। ਹੁਣ ਦੋਹਾਂ ਮਾਪਿਆਂ ਦਾ ਬੋਝ ਇੱਕਲ਼ੀ ਛੋਟੀ ਕੁੜੀ ਤੇ ਪੈ ਗਿਆ। ਤਿੰਨੇ ਵੱਡੇ ਜਵਾਈ ਇਹੋ ਹੀ ਸੋਚਦੇ ਕਿ ਸਾਡੀ ਸਾਰੀ ਪ੍ਰਾਪਰਟੀ ਦਾ ਹੱਕਦਾਰ ਛੋਟਾ ਜਵਾਈ ਹੀ ਬਣ ਜਾਵੇਗਾ ਕਿਉਂ ਨਾ ਹੋਵੇ ਕਿ ਇੱਕ ਅਜਿਹਾ ਮੁੰਡਾ ਭਾਲਿਆ ਜਾਵੇ ਜਿਹੜਾ ਸੱਸ ਸਹੁਰੇ ਦੀ ਸੇਵਾ ਤਾਂ ਕਰਦਾ ਰਹੇ ਪਰ ਸਹੁਰੇ ਘਰ ਦੀ ਪ੍ਰੋਪਰਟੀ ਤੇ ਮੱਲ ਨਾ ਮਾਰ ਸਕਦਾ ਹੋਵੇ। ਫਿਰ ਵਾਕਿਆ ਹੀ ਇੰਝ ਹੋਇਆ ਕਿ ਛੋਟੀ ਕੁੜੀ ਵਾਸਤੇ ਉਹਨਾਂ ਨੇ ਕਿਸੇ ਸਾਧ ਦੇ ਡੇਰੇ ਤੋਂ ਇੱਕ ਮੁੰਡਾ ਭਾਲ ਲਿਆ ਜਿਸ ਦਾ ਕੋਈ ਆਗੇ ਪਿੱਛੇ ਨਹੀਂ ਸੀ। ਸਾਧ ਨੂੰ ਵੀ ਲਾਲਚ ਦੇ ਦਿੱਤਾ। ਕੁੜੀ ਨੂੰ ਕਹਿਣ ਲਗੇ ਕਿ ਅਸੀਂ ਤੇਰੇ ਵਾਸਤੇ ਇੱਕ ਬਹੁਤ ਹੀ ਵਧੀਆ ਗੁਰ ਸਿੱਖ ਲੜਕਾ ਲੱਭਿਆ ਹੈ। ਸਾਰੀ ਉਮਰ ਤੂੰ ਸਾਨੂੰ ਯਾਦ ਰੱਖੇਂਗੀ। ਤਿੰਨਾਂ ਜਵਾਈਆਂ ਨੇ ਰਲ ਕੇ ਅੰਦਰ ਖਾਤੇ ਉਹਨਾਂ ਦਾ ਵਿਆਹ ਕਰ ਦਿੱਤਾ। ਹੁਣ ਉਹ ਜਵਾਈ ਇਹਨਾਂ ਦੀ ਦਿਨ ਰਾਤ ਸੇਵਾ ਵਿੱਚ ਲੱਗਾ ਰਹਿੰਦਾ। ਕਦੇ ਵੀ ਉਸ ਨੇ ਕੋਈ ਮੂੰਹ ਨਹੀਂ ਸੀ ਵਟਿਆ ਕਿ ਮੈਂ ਜਵਾਈ ਹੋ ਕੇ ਇਹ ਕੀ ਕਰ ਰਿਹਾ ਹਾਂ। ਪੁੱਤਰਾਂ ਨਾਲੋਂ ਜ਼ਿਆਦਾ ਪਿਆਰ ਉਹ ਸੱਸ ਸਹੁਰੇ ਨੂੰ ਦਿੰਦਾ ਸੀ। ਜਦੋਂ ਵੀ ਦੂਜੇ ਜਵਾਈਆਂ ਨੇ ਆਉਣਾ ਇਸ ਨੂੰ ਇੱਕ ਨੌਕਰ ਤੋਂ ਜ਼ਿਆਦਾ ਇੱਜਤ ਨਹੀਂ ਸੀ ਦਿੰਦੇ। ਇਸ ਗੱਲ ਦਾ ਨਿੱਕੀ ਕੁੜੀ ਨੂੰ ਗੁੱਸਾ ਵੀ ਲਗਣਾ ਕਿ ਇਹ ਤੁਹਾਡੇ ਵਾਂਗੂੰ ਇਸ ਘਰ ਦਾ ਜਵਾਈ ਭਾਈ ਹੈ ਪਰ ਉਹਨਾਂ ਨੇ ਇਹੋ ਹੀ ਕਹਿ ਦੇਣਾ ਕਿ ਅਸੀਂ ਖਾਨਦਾਨੀ ਸਰਮਾਏਦਾਰ ਬੰਦੇ ਹਾਂ, ਇਸ ਦੇ ਵਾਂਗੂੰ ਖਾਨਾ ਬਦੋਸ ਨਹੀਂ। ਇਸ ਨੂੰ ਬਹੁਤਾ ਸਿਰੇ ਨਾ ਚੜ੍ਹਾਇਆ ਕਰੋ ਇਹ ਤਾਂ ਅਸੀਂ ਮੁੱਲ ਦਾ ਜਵਾਈ ਖਰੀਦਿਆ ਹੈ। ਇਸ ਦਾ ਸਾਡੇ ਕਾਗਜ਼ਾਂ ਵਿੱਚ ਇੱਕ ਨੌਕਰ ਤੋਂ ਵੱਧ ਰੁਤਬਾ ਨਹੀਂ ਹੈ। ਇੱਕ ਦਿਨ ਉਸ ਨੇ ਸਾਰੀ ਗੱਲ ਆਪਣੇ ਕੰਨੀ ਸੁਣ ਲਈ। ਅਗਲੇ ਦਿਨ ਉਹ ਤੜਕੇ ਇਸ਼ਨਾਨ ਕਰਕੇ ਆਪਣਾ ਨਿਤਨੇਮ ਦਾ ਪਾਠ ਕਰਕੇ ਬਿਨਾਂ ਦੱਸੇ ਤੋਂ ਖਾਲੀ ਹੱਥ ਘਰ ਤੋਂ ਬਾਹਰ ਤੁਰ ਗਿਆ। ਜਦੋਂ ਦਿਨ ਚੜ੍ਹਿਆ ਬਜ਼ੁਰਗਾਂ ਨੇ ਅਵਾਜ਼ਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ |ਪਰ ਅਗੋ ਹਾਂ ਦਾ ਹੁੰਗਾਰਾ ਨਾ ਆਇਆ। ਕੁੜੀ ਮਾਂ ਪਿਉ ਨੂੰ ਪੁੱਛਦੀ ਕਿ ਉਹ ਕਿੱਥੇ ਗਿਆ ਹੈ? ਮਾਂ ਪਿਉ ਉਸ ਨੂੰ ਪੁੱਛਦੇ ਕਿ ਉਹ ਕਿਥੇ ਗਿਆ ਹੈ? ਇਸ ਗੱਲ ਦਾ ਦੋਹਾਂ ਧਿਰਾਂ ਨੂੰ ਹੀ ਪਤਾ ਨਾ ਲੱਗਾ ਕਿ ਉਹ ਰੱਬ ਦਾ ਬੰਦਾ ਕਿੱਥੇ ਚਲਾ ਗਿਆ ਜਿਹੜਾ ਫਿਰ ਮੁੜ ਕੇ ਕਦੇ ਵਾਪਿਸ ਨਹੀਂ ਆਇਆ। ਬੱਸ ਇੱਕੋ ਗੱਲ ਉਸ ਨੂੰ ਜ਼ਹਿਰ ਵਾਂਗੂ ਲੜ ਗਈ ਕਿ ਮੈਂ ਆਪਣੇ ਸਰੀਰ ਦੇ ਪੈਸੇ ਇਹਨਾਂ ਤੋਂ ਨਹੀਂ ਲਏ ਫਿਰ ਮੈ ਮੁੱਲ ਦਾ ਜਵਾਈ ਕਿਵੇਂ ਹੋਇਆ? ਮੈਂ ਸਾਰੀ ਉਮਰ ਇਹਨਾਂ ਦਾ ਗੋਲ਼ਾ ਬਣ ਕੇ ਨਹੀਂ ਰਹਿ ਸਕਦਾ ਅਤੇ ਨਾ ਹੀ ਮੁੱਲ ਦਾ ਜਵਾਈ ਬਣ ਕੇ ਰਹਿਣਾ ਹੈ। ਜੇ ਕਿਸੇ ਪਾਸੇ ਤੋਂ ਤੁਹਾਨੂੰ ਕੋਈ ਲਾਲਚੀ ਜਾਂ ਮੁੱਲ ਦਾ ਜਵਾਈ ਮਿਲਦਾ ਹੈ ਤਾਂ ਖਰੀਦ ਲਿਓ। ਇਹ ਚਾਰ ਅੱਖਰ ਜਾਂਦੇ ਵਾਰੀ ਲਿੱਖ ਕੇ ਬਾਹਰਲੇ ਬੂਹੇ ਵਿੱਚ ਰੱਖ ਗਿਆ। |
*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ। |
ਸਵੈ-ਕਥਨ:
ਮੈਂ ਸੂਬੇਦਾਰ ਜਸਵਿੰਦਰ ਸਿੰਘ ਭੁਲੇਰੀਆ ਮੇਰਾ ਜਨਮ 24 ਅਗਸਤ 1965 ਨੂੰ ਪਿੰਡ ਮਮਦੋਟ ਜਿਲ੍ਹਾ ਫਿਰੋਜ਼ਪੁਰ ਵਿੱਚ ਹੋਇਆ| ਮੇਰੀ ਮਾਤਾ ਸੁਰਜੀਤ ਕੌਰ ਤੇ ਪਿਤਾ ਸ. ਬਘੇਲ ਸਿੰਘ ਦੇ ਘਰ ਚਾਰ ਪੁੱਤਰ ਹੋਏ ਮੈ ਸਾਰਿਆ ਤੋਂ ਛੋਟਾ ਹਾਂ।
ਮੈ ਦਸਵੀ ਜਮਾਤ ਤੱਕ ਪੜ੍ਹਾਈ [ਸ਼ਹੀਦ ਰਾਮ ਕਿਸ਼ਨ ਵਧਵਾ ਮਹਾਂਵੀਰ ਚੱਕਰ] ਸਰਕਾਰੀ ਹਾਈ ਸਕੂਲ ਮਮਦੋਟ ਵਿੱਚ ਕੀਤੀ| ਮੇਰਾ ਪਿੰਡ ਬਿਲਕੁਲ ਪਾਕਿਸਤਾਨ ਦੀ ਹੱਦ ਉਤੇ ਸਥਿਤ ਹੈ|
1988 ਤੋਂ ਪਹਿਲਾਂ ਜਦੋ ਸਰਹੱਦ ਉਤੇ ਤਾਰਬੰਦੀ ਨਹੀਂ ਕੀਤੀ ਸੀ ਉਸ ਵਕਤ ਲਹਿੰਦੇ ਪੰਜਾਬ ਤੇ ਸਾਡੇ ਚੜ੍ਹਦੇ ਪੰਜਾਬ ਦੇ ਲੋਕ ਭਾਵੇ ਇੱਕ ਦੂਜੇ ਨਾਲ ਨਹੀਂ ਸਨ, ਗਲਬਾਤ ਕਰ ਸਕਦੇ ਸਨ ਅਤੇ ਫਿਰ ਵੀ ਅਾਹਮੋ-ਸਾਹਮਣੇ ਕੰਮ ਕਰਦੇ ਨਜ਼ਰ ਆਉਂਦੇ ਰਹਿੰਦੇ ਸਨ| ਜਦੋਂ ਦੀ ਤਾਰਬੰਦੀ ਹੋ ਗਈ ਹੈ| ਉਸ ਸਮੇ ਤੋਂ ਲੋਕਾਂ ਦੀ ਆਪਸ ਵਿੱਚ ਦੂਰੀ ਹੋ ਗਈ ਹੈ|
ਮਮਦੋਟ ਕਿਸੇ ਸਮੇਂ ਵਿੱਚ ਇਕ ਰਿਆਸਤ ਵਜੋਂ ਜਾਣਿਆ ਜਾਂਦਾ ਸੀ| ਮਹਾਰਾਜਾ ਰਣਜੀਤ ਸਿੰਘ ਨੇ ਜਦੋਂ ਫਰਵਰੀ 1807 ਵਿੱਚ, ਕਸੂਰ ਉੱਤੇ ਚੜ੍ਹਾਈ ਕੀਤੀ ਅਤੇ ਕੁਤਬੁੱਦੀਨ ਨੂੰ ਸੱਤਾ ਤੋਂ ਹਟਾ ਦਿੱਤਾ, ਮਹਾਰਾਜਾ ਨੇ ਕੁਤਬੁੱਦੀਨ ਨੂੰ ਮਮਦੋਟ ਦੇ 84 ਪਿੰਡਾਂ ਦੀ ਜਾਗੀਰ ਦੇ ਕੇ ਇਥੋਂ ਦਾ ਨਵਾਬ ਬਣਾ ਦਿੱਤਾ ਸੀ। ਮਮਦੋਟ ਦੇ ਨਵਾਬ ਇਫਤਿਖਾਰ ਹੁਸੈਨ ਖਾਨ, ਵੰਡ ਤੋਂ ਬਾਅਦ ਵਿੱਚ ਪਾਕਿਸਤਾਨ ਦੇ ਲਹਿੰਦੇ ਪੰਜਾਬ ਦੇ ਪਹਿਲੇ ਮੁੱਖ ਮੰਤਰੀ ਬਣੇ ਸਨ| ਜਦੋਂ ਵੀ ਕਦੇ ਪਾਕਿਸਤਾਨ ਤੇ ਭਾਰਤ ਵਿਚ ਕੋਈ ਖਟਾਸ ਪੈਦਾ ਹੁੰਦੀ ਹੈ ਤੇ ਸਾਨੂੰ ਆਪਣਾ ਘਰ ਬਾਰ ਛੱਡਣਾ ਪੈਂਦਾ ਹੈ| ਭਾਵੇਂ ਜੰਗ 1965 ਦੀ ਹੋਵੇ ਭਾਵੇਂ 1971 ਦੀ ਤੇ ਭਾਵੇਂ ਕਾਰਗਿਲ ਦਾ ਯੁੱਧ| ਸਾਨੂੰ ਇਥੋਂ ਆਪਣਾ ਜੂਲੀ ਬਿਸਤਰਾ ਗੋਲ ਕਰਨਾ ਹੀ ਪੈਂਦਾ ਹੈ|
ਪਿੰਡ ਬਾਰਡਰ ਤੇ ਹੋਣ ਕਰਕੇ ਇੱਥੇ ਅੱਜ ਤਕ ਵੀ ਕਾਲਜ ਨਹੀਂ ਬਣਿਆ |ਸਾਨੂੰ ਉਦੋਂ ਵੀ ਤੇ ਹੁਣ ਵੀ ਅਗੇ ਪੜ੍ਹਨ ਲਈ ਫਿਰੋਜ਼ਪੁਰ ਜਾਣਾ ਪੈਂਦਾ ਹੈ| ਸਾਡੇ ਸਕੂਲ ਤੇ ਬੀ. ਐਸ. ਐਫ. ਦੀ ਗਰਾਉਂਡ ਨਾਲੋ ਨਾਲ ਹੋਣ ਕਰਕੇ ਸਾਨੂੰ ਵੀ ਫੌਜ਼ ਦੀ ਵਰਦੀ ਪਾਉਣ ਦਾ ਬਹੁਤ ਸੌਂਕ ਸੀ| ਮੈ ਫਿਰੋਜ਼ਪੁਰ ਆਰ ਐਸ ਡੀ ਕਾਲਜ਼ ਵਿੱਚ ਪੜ੍ਹਦਾ ਪੜ੍ਹਦਾ ਫੌਜ਼ ਵਿੱਚ ਭਰਤੀ ਹੋ ਗਿਆ| ਜੁਲਾਈ 1984 ਨੂੰ ਮੈ ਅਾਰਟੀਲੇਰੀ [ਤੋਪਖਾਨੇ] ਦੇ ਵਿੱਚ ਇੱਕ ਟੈਕਨੀਕਲ ਅਸਿਸਟੈਂਟ ਵਜੋਂ ਭਰਤੀ ਹੋ ਗਿਆ| ਆਂਧਰਾ ਪ੍ਰਦੇਸ਼ ਦੀ ਰਾਜਧਾਨੀ ਹੈਦਰਾਬਾਦ ਵਿੱਚ ਟ੍ਰੇਨਿੰਗ ਕਰਕੇ ਥਰੀ ਮੀਡੀਅਮ ਰੇਜਿਮੇੰਟ ਵਿੱਚ ਬਤੋਰ ਸਿਪਾਹੀ ਡਿਊਟੀ ਕਰਨ ਲਗ ਪਿਆ| ਮਿਹਨਤ ਤੇ ਲਗਨ ਕਰਕੇ ਮੈ ਬਹੁਤ ਜਲਦੀ ਤੋਪਾਂ ਦਾ ਇੰਸਟ੍ਰਕਟਰ ਬਣ ਗਿਆ ਤੇ ਮੇਰਾ ਪ੍ਰਮੋਸ਼ਨ ਵੀ ਹੋ ਗਿਆ ਯਾਨੀ ਕਿ ਮੈ ਸੂਬੇਦਾਰ ਬਣ ਗਿਆ| ਪੂਰੇ 28 ਸਾਲ ਦੇਸ਼ ਦੀ ਸੇਵਾ ਕੀਤੀ|
ਮੇਰਾ ਇਕ ਬੇਟਾ ਹੈ ਜੋ ਪਹਿਲਾਂ ਪੇਸ਼ੇ ਵਜੋਂ ਵਕੀਲ ਬਣਿਆ ਤੇ ਫਿਰ ਬਤੌਰ ਅਲਾਈਡ ਪੀ. ਸੀ. ਐਸ. ਆਫੀਸਰ ਵਜੋਂ ਨਵੇਂ ਸ਼ਹਿਰ ਵਿਖੇ ਲੇਬਰ ਇਨਫੋਰਸਮੈਂਟ ਆਫ਼ਿਸਰ ਦੀ ਡਿਊਟੀ ਕਰ ਰਿਹਾ ਹੈ| ਉਸ ਦੇ ਦੋ ਬੱਚੇ ਵੀ ਹਨ|
ਜੇ ਕਰ ਮੈ ਗੱਲ ਕਰਾਂ ਹੁਣ ਲਿਖਣ ਦੀ| ਮੇਰੀਆਂ ਲਿਖੀਆਂ ਚਾਰ ਕੈਸੇਟਾਂ ਟੀ ਸੀਰੀਜ਼ ਤੋਂ ਰਿਲੀਜ਼ ਹੋਈਆਂ ਹਨ| ਪਰ ਉਹ ਚਾਰੇ ਹੀ ਧਾਰਮਿਕ ਕੈਸੇਟਾਂ ਬਾਬਾ ਨਿਰਮਲ ਸਿੰਘ ਜੀ ਪੱਥਰ ਸਾਹਿਬ ਵਾਲਿਆਂ ਨੇ ਰਿਕਾਰਡ ਕਰਵਾਈਆਂ ਸਨ| ਜਿਹਨਾਂ ਨੂੰ ਦਰਸ਼ਨ ਕੁਮਾਰ ਜੀ ਨੇ ਰਿਲੀਜ਼ ਕੀਤਾ ਸੀ| ਫੌਜ਼ ਦੀ ਨੌਕਰੀ ਦੌਰਾਨ ਹੀ ਮੈਨੂੰ ਐਲ ਓ ਸੀ ਕਾਰਗਿਲ ਫਿਲਮ ਵਿੱਚ ਕਰੀਨਾ ਕਪੂਰ ਜੀ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਸੀ| ਜੇ ਪੀ ਦੱਤਾ ਜੀ ਨੇ ਮੈਨੂੰ ਇਹ ਅਵਸਰ ਦਿੱਤਾ ਸੀ| ਫੌਜ਼ ਵਿੱਚ ਰਹਿੰਦਿਆਂ ਮੈ ਬਹੁਤਾ ਕੁਝ ਹੋਰ ਨਹੀਂ ਸੀ ਲਿਖ ਸਕਿਆ ਕਿਉਂਕਿ ਪਬੰਦੀਆ ਬਹੁਤ ਹੁੰਦੀਆਂ ਹਨ| ਪਰ ਸ਼ੌਕ ਨੂੰ ਮੈ ਜਿਆਦਾ ਦੇਰ ਨਹੀਂ ਰੌਕ ਸਕਿਆ| ਰਿਟਾਇਰਮੈਂਟ ਹੁੰਦਿਆਂ ਹੀ ਮੈਂ ਕਲਮ ਚੁੱਕ ਲਈ| ਸਭ ਤੋਂ ਪਹਿਲਾਂ ਮੈ ਸਿਰਫ ਦੇਸ਼ ਸੇਵਕ ਦੇ ਮਿਡਲ ਕਾਲਮ ਲਈ ਲਿਖਦਾ ਸੀ| ਹੌਲੀ ਹੌਲੀ ਮੇਰੀਆਂ ਕਵਿਤਾਵਾਂ ਵੀ ਰਸਾਲਿਆਂ ਤੇ ਮੈਗਜ਼ੀਨਾਂ ਵਿੱਚ ਛਪਣੀਆਂ ਸ਼ੁਰੂ ਗਈਆਂ| ਫਿਰ ਮੈ ਨਿੱਕੀਆਂ ਕਹਾਣੀਆਂ ਤੇ ਵੱਡੀਆਂ ਕਹਾਣੀਆਂ ਵੀ ਲਿਖਣ ਲਗ ਪਿਆ|
ਹੁਣ ਤਕ ਮੇਰੇ ਅਜੀਤ, ਸਪੋਕਸਮੈਨ, ਰੋਜ਼ਾਨਾ ਪਹਿਰੇਦਾਰ, ਹਮਦਰਦ ਨਿਊਜ਼ ਪੇਪਰ, ਪੰਜਾਬੀ ਜਾਗਰਣ, ਅੱਜ ਦੀ ਆਵਾਜ਼, ਸੱਚ ਦੀ ਆਵਾਜ਼, ਆਸ਼ਿਆਨਾ, ਅਕਾਲੀਪਤ੍ਰਿਕਾ, ਚੜ੍ਹਦੀਕਲਾ, ਪੰਜਾਬੀ ਪੋਸਟ ਕਨੈਡਾ, ਪੰਜਾਬ ਪੋਸਟ ਕਨੈਡਾ, ਪ੍ਰੀਤਨਾਮਾਂ ਯੂ ਐਸ ਏ, ਦੇਸ਼ ਸੇਵਕ, ਪੰਜਾਬੀ ਟ੍ਰਿਬਿਊਨ, ਲੋਕ ਭਲਾਈ ਸੁਨੇਹਾ, ਸੱਚ ਕਹੁ , ਸੰਤ ਸਿਪਾਹੀ, ਕਲਾਕਾਰਾਂ ਨਾਲ ਰਾਬਤਾ, ਪੰਜ ਦਰਿਆ ਤੇ ਪਰਵਾਸੀ ਨਿਊਜ਼ ਪੇਪਰ, ਪੰਜਾਬ ਪੋਸਟ, ਸ਼ਬਦਾਂ ਦਾ ਕਾਫ਼ਲਾ| ਆਕਾਸ਼ਵਾਣੀ ਰੇਡੀਉ ਤੋਂ ਮਿੰਨੀ ਕਹਾਣੀਆਂ। ਓਨਏਅਰ, ਜੱਗਬਾਣੀ ਟੀਵੀ ਚੈਨਲ, ਸਪੋਕਸਮੈਨ ਟੀਵੀ ਚੈਨਲ, ਚੜ੍ਹਦੀ ਕਲਾ ਟੀਵੀ ਚੈਨਲ ਤੋਂ ਵੀ ਮੇਰੀਆਂ ਰਚਨਾਵਾਂ ਆਉਂਦੀਆਂ ਹੀ ਰਹਿੰਦੀਆਂ ਹਨ|
***
Subedar Jasvinder Singh Bhularia
e-mail:jaswinder.bhuleria.1@gmail.com
+91 75891 55501