ਸਰਕਾਰੀ ਅੰਕੜਿਆਂ ਮੁਤਾਬਿਕ ਪਿਛਲੇ ਮਹੀਨੇ ਵਿੱਚ 200 ਕਿਲੋ ਤੋਂ ਵੱਧ ਹੀਰੋਇਨ ਫੜੀ ਗਈ ਹੈ। ਇਹ ਤਾਂ ਉਹ ਅੰਕੜੇ ਹਨ ਜਿਹੜੇ ਜੱਗ ਜਾਹਿਰ ਹੋਏ ਹਨ। ਜਿਹੜੀਆਂ ਖੇਪਾਂ ਅੰਦਰ ਖਾਤੇ ਚੋਰੀ ਛਪੀ ਲੰਘ ਗਈਆਂ ਹੋਣਗੀਆਂ, ਉਹਨਾਂ ਅੰਕੜਿਆਂ ਦਾ ਅੰਦਾਜ਼ਾ ਲਾਉਣਾ ਬਹੁਤ ਹੀ ਮੁਸ਼ਕਿਲ ਹੈ। ਸਿਆਣੇ ਕਹਿੰਦੇ ਹਨ ਕਿ ਤਾੜੀ ਇੱਕ ਹੱਥ ਨਾਲ ਨਹੀਂ ਵੱਜਦੀ ਹੈ ਉਹੀ ਗੱਲ ਇਥੇ ਢੁਕਦੀ ਹੈ। ਜਿਸ ਮੁਲਕ ਕੋਲ ਖਾਣ ਲਈ ਆਟਾ ਦਾਣਾ ਨਹੀਂ, ਉਹ ਫਿਰ ਕਿਵੇਂ ਅਰਬਾਂ ਖਰਬਾਂ ਦੀ ਹੀਰੋਇਨ ਸਾਡੇ ਵਾਲੇ ਪਾਸੇ ਭੇਜ ਰਿਹਾ ਹੈ। ਇਹ ਵੀ ਇੱਕ ਗੰਭੀਰ ਸੋਚਣ ਦਾ ਵਿਸ਼ਾ ਬਣ ਗਿਆ ਹੈ। ਸਾਡੇ ਪੰਜਾਬ ਵਿੱਚ ਅੱਜ ਵੀ ਸ਼ਰੇ-ਆਮ ਧੜਾਧੜ ਚਿੱਟਾ ਵਿਕ ਰਿਹਾ ਹੈ। ਪੀਣ ਵਾਲਿਆਂ ਨੂੰ ਕੋਈ ਨਾਂਹ ਨਹੀਂ, ਇੱਕ ਪਲਕ ਝਪਕਦੇ ਹੀ ਪੁੜੀਆਂ ਲੈ ਆਉਂਦੇ ਹਨ। ਸ਼ਰੇਆਮ ਟੀਕੇ ਲਾਉਣ ਦੀ ਕਵਾਇਦ ਨੂੰ ਜਾਰੀ ਰਖਿਆ ਹੋਇਆ ਹੈ। ਹੁਣ ਇਹ ਕਿਉਂ ਨਹੀਂ ਰੁੱਕ ਰਿਹਾ? ਜੇਕਰ ਇਸ ਦੀ ਗੱਲ ਕਰੀਏ ਕਿਉਂਕਿ ਪੀਣ ਵਾਲੇ ਬਹੁਤੇ ਤਾਂ ਮਾਪਿਆਂ ਦੀ ਇਕਲੌਤੀ ਉਲਾਦ ਹੀ ਹਨ ਜਿਸ ਕਰਕੇ ਉਹ ਮਾਪਿਆਂ ਦੀ ਭਲੇਮਾਨਸੀ ਦਾ ਫਾਇਦਾ ਉਠਾ ਰਹੇ ਹਨ। ਜੇ ਕਰ ਮਾਪੇ ਝਿੜਕਦੇ ਹਨ ਤੇ ਉਹ ਮੌਤ ਨੂੰ ਗਲੇ ਲਗਾਉਣ ਦੀ ਧਮਕੀ ਦੇ ਦਿੰਦੇ ਹਨ। ਜੇ ਨਹੀਂ ਝਿੜਕਦੇ ਫਿਰ ਉਹ ਘਰ ਨੂੰ ਬਰਬਾਦੀ ਦੀਆਂ ਬਰੂਹਾਂ ਤੇ ਲੈ ਕੇ ਆ ਰਹੇ ਹਨ। ਹੁਣ ਤਾਂ ਮੁਕਾਬਲਾ ਹੀ ਚਲ ਰਿਹਾ ਹੈ। ਕੁੜੀਆਂ ਵੀ ਇਸ ਦੌੜ ਵਿੱਚ ਮੁੰਡਿਅਾਂ ਤੋਂ ਅਗੇ ਲੰਘਦੀਆਂ ਜਾ ਰਹੀਅਾਂ ਹਨ। ਚਿੱਟੇ ਨੇ 15 ਸਾਲ ਤੋਂ ਲੈ ਕੇ 25-30 ਸਾਲ ਦੇ ਨੌਜਵਾਨਾਂ ਨੂੰ ਹੀ ਸ਼ਿਕਾਰ ਬਣਾਇਆ ਹੈ। ਨਾ ਤਾਂ ਨਿਆਣੇ ਇਸ ਦੇ ਘੇਰੇ ਵਿੱਚ ਆਏ ਹਨ ਤੇ ਨਾ ਹੀ ਸਿਆਣੇ ਹੀ। ਇਹੋ ਹੀ ਅੱਲੜ੍ਹ ਉਮਰ ਹੁੰਦੀ ਹੈ। ਮੈਨੂੰ ਅੱਜ ਵੀ ਮੁਹੰਮਦ ਸਦੀਕ ਦੇ ਗਾਣੇ ਦੇ ਬੋਲ ਕੰਨਾਂ ਵਿੱਚ ਗੋਲੀ ਵਾਂਗੂ ਵੱਜਦੇ ਸੁਣਦੇ ਹਨ “ਅਸੀਂ ਅੱਲੜ੍ਹ ਪੁਣੇ ਵਿੱਚ ਲੈ ਕੇ ਐਵੇ ਸਾਰੀ ਉਮਰ ਗੁਆ ਬੈਠੇ ।” ਇੱਕ ਗੱਲ ਤਾਂ ਜ਼ਰੂਰ ਇਹ ਹੈ ਕਿ ਜਿਹੜੇ ਤਾਂ ਚਿੱਟੇ ਦੇ ਆਦੀ ਹੋ ਗਏ ਹਨ, ਉਹਨਾਂ ਨੂੰ ਤਾਂ ਚਿੱਟੇ ਤੋਂ ਹਟਾਉਣਾ ਬਹੁਤ ਹੀ ਮੁਸ਼ਕਿਲ ਹੈ ਪਰ ਹੁਣ ਸਾਨੂੰ ਆਪਣੀ ਅਗਲੀ ਪੀੜ੍ਹੀ ਨੂੰ ਬਚਾਉਣ ਦੀ ਸਖਤ ਜ਼ਰੂਰਤ ਹੈ। ਆਪਣੇ ਬੱਚਿਆਂ ਦੇ ਦੋਸਤਾਂ ਉਤੇ ਨਿਗ੍ਹਾ ਤੇ ਨਿਗਰਾਨੀ ਰੱਖਣੀ ਸਾਡੀ ਮੁਖ ਲੋੜ ਹੈ। ਸਰਕਾਰਾਂ ਨੇ ਕੁਝ ਨਹੀਂ ਕਰਨਾ ਉਹ ਤਾਂ ਪੰਜ ਸਾਲ ਲਗਾਉਣ ਦੀਆਂ ਜੁਮੇਵਾਰ ਹੁੰਦੀਆਂ ਹਨ। ਫਿਰ ਅਗਲੇ ਸਮੇਂ ਅਗਲੀ ਸਰਕਾਰ ਆ ਕੇ ਵੇਖ ਲਵੇਗੀ। ਮੈ ਤਾਂ ਇਹੋ ਹੀ ਕਹਿੰਦਾ ਹਾਂ ਕਿ ਹੁਣ ਸਾਨੂੰ ਬਹੁਤੀ ਕਮਾਈ ਕਰਨ ਦੀ ਜ਼ਰੂਰਤ ਨਹੀਂ, ਜਿਹੜੀ ਕਮਾਈ ਕੀਤੀ ਹੈ ਉਸ ਨੂੰ ਸੰਭਾਲ ਲਈਏ ਇੰਨਾ ਹੀ ਬਥੇਰਾ ਹੈ। ਅੱਗਾ ਦੌੜ ਤੇ ਪਿੱਛਾ ਚੌੜ ਵਾਲੀ ਗੱਲ ਨਾ ਹੋਵੇ। ਤੁਸੀਂ ਆਪਣੇ ਹੀ ਸੱਜੇ ਖੱਬੇ ਨਜ਼ਰ ਮਾਰ ਕੇ ਵੇਖ ਲਓ ਜਿਹਨਾਂ ਘਰਾਂ ਪਰਿਵਾਰਾਂ ਉਤੇ ਚਿੱਟੇ ਦਾ ਕਾਲਾ ਪਰਛਾਵਾਂ ਪੈ ਗਿਆ ਹੈ ਉਹਨਾਂ ਘਰਾਂ ਪਰਿਵਾਰਾਂ ਦੀ ਕੀ ਹਾਲਤ ਹੋ ਗਈ ਹੈ। ਘਰ ਖੰਡਰ ਹੋ ਗਏ ਹਨ, ਜੀਅ ਨਾਲ ਜੀਅ ਨਹੀਂ ਰਿਹਾ, ਕਈ ਮੌਤ ਨੂੰ ਗਲੇ ਲਗਾ ਚੁਕੇ ਹਨ ਤੇ ਕਈ ਮੌਤ ਦੀ ਇੰਤਜ਼ਾਰ ਕਰ ਰਹੇ ਹਨ। ਸਰਿੰਜਾਂ ਲੈ ਕੇ ਤੁਰਦੀਆਂ ਫਿਰਦੀਆਂ ਲਾਸ਼ਾਂ ਆਮ ਹੀ ਨਜ਼ਰ ਆਉਂਦੀਆਂ ਹਨ। ਨਸ਼ੇ ਦੇ ਸੁਦਾਗਰਾਂ ਨੂੰ ਸਖਤ ਤੋਂ ਸਖਤ ਸਜਾਵਾਂ ਮਿਲਣੀਆਂ ਚਾਹੀਦੀਆਂ ਹਨ। ਉਸ ਦਿਨ ਦੀ ਉਡੀਕ ਕਰ ਰਹੀਆਂ ਮਾਵਾਂ ਆਪ ਸੰਸਾਰ ਨੂੰ ਅਲਵਿਦਾ ਕਹਿੰਦੀਆਂ ਜਾ ਰਹੀਆਂ ਹਨ। ਜਿਹੜੀਆਂ ਸੋਚਦੀਆਂ ਸਨ ਕਿ ਇਕ ਦਿਨ ਪੰਜਾਬ ਚਿੱਟਾ ਮੁਕਤ ਹੋ ਜਾਵੇਂਗਾ ਪਰ ਕਿਵੇਂ ਤੇ ਕਦੋਂ, ਉਸ ਦਿਨ ਦੀ ਇੰਤਜ਼ਾਰ ਕਰਦੇ ਹੋਏ ਸਮੈਕੀਆਂ ਦੇ ਮਾਪੇ ਮੂੰਹ ਚੁੱਕ ਚੁੱਕ ਵੇਖ ਰਹੇ ਹਨ ਕਿ ਸ਼ਾਇਦ ਕੋਈ ਚਮਤਕਾਰ ਹੋ ਹੀ ਜਾਵੇ। ਪਰ ਕੋਈ ਚਮਤਕਾਰ ਹੋ ਹੀ ਨਹੀਂ ਰਿਹਾ ਦੁਨੀਆਂ ਵਾਲਿਓ! |
*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ। |
ਸਵੈ-ਕਥਨ:
ਮੈਂ ਸੂਬੇਦਾਰ ਜਸਵਿੰਦਰ ਸਿੰਘ ਭੁਲੇਰੀਆ ਮੇਰਾ ਜਨਮ 24 ਅਗਸਤ 1965 ਨੂੰ ਪਿੰਡ ਮਮਦੋਟ ਜਿਲ੍ਹਾ ਫਿਰੋਜ਼ਪੁਰ ਵਿੱਚ ਹੋਇਆ| ਮੇਰੀ ਮਾਤਾ ਸੁਰਜੀਤ ਕੌਰ ਤੇ ਪਿਤਾ ਸ. ਬਘੇਲ ਸਿੰਘ ਦੇ ਘਰ ਚਾਰ ਪੁੱਤਰ ਹੋਏ ਮੈ ਸਾਰਿਆ ਤੋਂ ਛੋਟਾ ਹਾਂ।
ਮੈ ਦਸਵੀ ਜਮਾਤ ਤੱਕ ਪੜ੍ਹਾਈ [ਸ਼ਹੀਦ ਰਾਮ ਕਿਸ਼ਨ ਵਧਵਾ ਮਹਾਂਵੀਰ ਚੱਕਰ] ਸਰਕਾਰੀ ਹਾਈ ਸਕੂਲ ਮਮਦੋਟ ਵਿੱਚ ਕੀਤੀ| ਮੇਰਾ ਪਿੰਡ ਬਿਲਕੁਲ ਪਾਕਿਸਤਾਨ ਦੀ ਹੱਦ ਉਤੇ ਸਥਿਤ ਹੈ|
1988 ਤੋਂ ਪਹਿਲਾਂ ਜਦੋ ਸਰਹੱਦ ਉਤੇ ਤਾਰਬੰਦੀ ਨਹੀਂ ਕੀਤੀ ਸੀ ਉਸ ਵਕਤ ਲਹਿੰਦੇ ਪੰਜਾਬ ਤੇ ਸਾਡੇ ਚੜ੍ਹਦੇ ਪੰਜਾਬ ਦੇ ਲੋਕ ਭਾਵੇ ਇੱਕ ਦੂਜੇ ਨਾਲ ਨਹੀਂ ਸਨ, ਗਲਬਾਤ ਕਰ ਸਕਦੇ ਸਨ ਅਤੇ ਫਿਰ ਵੀ ਅਾਹਮੋ-ਸਾਹਮਣੇ ਕੰਮ ਕਰਦੇ ਨਜ਼ਰ ਆਉਂਦੇ ਰਹਿੰਦੇ ਸਨ| ਜਦੋਂ ਦੀ ਤਾਰਬੰਦੀ ਹੋ ਗਈ ਹੈ| ਉਸ ਸਮੇ ਤੋਂ ਲੋਕਾਂ ਦੀ ਆਪਸ ਵਿੱਚ ਦੂਰੀ ਹੋ ਗਈ ਹੈ|
ਮਮਦੋਟ ਕਿਸੇ ਸਮੇਂ ਵਿੱਚ ਇਕ ਰਿਆਸਤ ਵਜੋਂ ਜਾਣਿਆ ਜਾਂਦਾ ਸੀ| ਮਹਾਰਾਜਾ ਰਣਜੀਤ ਸਿੰਘ ਨੇ ਜਦੋਂ ਫਰਵਰੀ 1807 ਵਿੱਚ, ਕਸੂਰ ਉੱਤੇ ਚੜ੍ਹਾਈ ਕੀਤੀ ਅਤੇ ਕੁਤਬੁੱਦੀਨ ਨੂੰ ਸੱਤਾ ਤੋਂ ਹਟਾ ਦਿੱਤਾ, ਮਹਾਰਾਜਾ ਨੇ ਕੁਤਬੁੱਦੀਨ ਨੂੰ ਮਮਦੋਟ ਦੇ 84 ਪਿੰਡਾਂ ਦੀ ਜਾਗੀਰ ਦੇ ਕੇ ਇਥੋਂ ਦਾ ਨਵਾਬ ਬਣਾ ਦਿੱਤਾ ਸੀ। ਮਮਦੋਟ ਦੇ ਨਵਾਬ ਇਫਤਿਖਾਰ ਹੁਸੈਨ ਖਾਨ, ਵੰਡ ਤੋਂ ਬਾਅਦ ਵਿੱਚ ਪਾਕਿਸਤਾਨ ਦੇ ਲਹਿੰਦੇ ਪੰਜਾਬ ਦੇ ਪਹਿਲੇ ਮੁੱਖ ਮੰਤਰੀ ਬਣੇ ਸਨ| ਜਦੋਂ ਵੀ ਕਦੇ ਪਾਕਿਸਤਾਨ ਤੇ ਭਾਰਤ ਵਿਚ ਕੋਈ ਖਟਾਸ ਪੈਦਾ ਹੁੰਦੀ ਹੈ ਤੇ ਸਾਨੂੰ ਆਪਣਾ ਘਰ ਬਾਰ ਛੱਡਣਾ ਪੈਂਦਾ ਹੈ| ਭਾਵੇਂ ਜੰਗ 1965 ਦੀ ਹੋਵੇ ਭਾਵੇਂ 1971 ਦੀ ਤੇ ਭਾਵੇਂ ਕਾਰਗਿਲ ਦਾ ਯੁੱਧ| ਸਾਨੂੰ ਇਥੋਂ ਆਪਣਾ ਜੂਲੀ ਬਿਸਤਰਾ ਗੋਲ ਕਰਨਾ ਹੀ ਪੈਂਦਾ ਹੈ|
ਪਿੰਡ ਬਾਰਡਰ ਤੇ ਹੋਣ ਕਰਕੇ ਇੱਥੇ ਅੱਜ ਤਕ ਵੀ ਕਾਲਜ ਨਹੀਂ ਬਣਿਆ |ਸਾਨੂੰ ਉਦੋਂ ਵੀ ਤੇ ਹੁਣ ਵੀ ਅਗੇ ਪੜ੍ਹਨ ਲਈ ਫਿਰੋਜ਼ਪੁਰ ਜਾਣਾ ਪੈਂਦਾ ਹੈ| ਸਾਡੇ ਸਕੂਲ ਤੇ ਬੀ. ਐਸ. ਐਫ. ਦੀ ਗਰਾਉਂਡ ਨਾਲੋ ਨਾਲ ਹੋਣ ਕਰਕੇ ਸਾਨੂੰ ਵੀ ਫੌਜ਼ ਦੀ ਵਰਦੀ ਪਾਉਣ ਦਾ ਬਹੁਤ ਸੌਂਕ ਸੀ| ਮੈ ਫਿਰੋਜ਼ਪੁਰ ਆਰ ਐਸ ਡੀ ਕਾਲਜ਼ ਵਿੱਚ ਪੜ੍ਹਦਾ ਪੜ੍ਹਦਾ ਫੌਜ਼ ਵਿੱਚ ਭਰਤੀ ਹੋ ਗਿਆ| ਜੁਲਾਈ 1984 ਨੂੰ ਮੈ ਅਾਰਟੀਲੇਰੀ [ਤੋਪਖਾਨੇ] ਦੇ ਵਿੱਚ ਇੱਕ ਟੈਕਨੀਕਲ ਅਸਿਸਟੈਂਟ ਵਜੋਂ ਭਰਤੀ ਹੋ ਗਿਆ| ਆਂਧਰਾ ਪ੍ਰਦੇਸ਼ ਦੀ ਰਾਜਧਾਨੀ ਹੈਦਰਾਬਾਦ ਵਿੱਚ ਟ੍ਰੇਨਿੰਗ ਕਰਕੇ ਥਰੀ ਮੀਡੀਅਮ ਰੇਜਿਮੇੰਟ ਵਿੱਚ ਬਤੋਰ ਸਿਪਾਹੀ ਡਿਊਟੀ ਕਰਨ ਲਗ ਪਿਆ| ਮਿਹਨਤ ਤੇ ਲਗਨ ਕਰਕੇ ਮੈ ਬਹੁਤ ਜਲਦੀ ਤੋਪਾਂ ਦਾ ਇੰਸਟ੍ਰਕਟਰ ਬਣ ਗਿਆ ਤੇ ਮੇਰਾ ਪ੍ਰਮੋਸ਼ਨ ਵੀ ਹੋ ਗਿਆ ਯਾਨੀ ਕਿ ਮੈ ਸੂਬੇਦਾਰ ਬਣ ਗਿਆ| ਪੂਰੇ 28 ਸਾਲ ਦੇਸ਼ ਦੀ ਸੇਵਾ ਕੀਤੀ|
ਮੇਰਾ ਇਕ ਬੇਟਾ ਹੈ ਜੋ ਪਹਿਲਾਂ ਪੇਸ਼ੇ ਵਜੋਂ ਵਕੀਲ ਬਣਿਆ ਤੇ ਫਿਰ ਬਤੌਰ ਅਲਾਈਡ ਪੀ. ਸੀ. ਐਸ. ਆਫੀਸਰ ਵਜੋਂ ਨਵੇਂ ਸ਼ਹਿਰ ਵਿਖੇ ਲੇਬਰ ਇਨਫੋਰਸਮੈਂਟ ਆਫ਼ਿਸਰ ਦੀ ਡਿਊਟੀ ਕਰ ਰਿਹਾ ਹੈ| ਉਸ ਦੇ ਦੋ ਬੱਚੇ ਵੀ ਹਨ|
ਜੇ ਕਰ ਮੈ ਗੱਲ ਕਰਾਂ ਹੁਣ ਲਿਖਣ ਦੀ| ਮੇਰੀਆਂ ਲਿਖੀਆਂ ਚਾਰ ਕੈਸੇਟਾਂ ਟੀ ਸੀਰੀਜ਼ ਤੋਂ ਰਿਲੀਜ਼ ਹੋਈਆਂ ਹਨ| ਪਰ ਉਹ ਚਾਰੇ ਹੀ ਧਾਰਮਿਕ ਕੈਸੇਟਾਂ ਬਾਬਾ ਨਿਰਮਲ ਸਿੰਘ ਜੀ ਪੱਥਰ ਸਾਹਿਬ ਵਾਲਿਆਂ ਨੇ ਰਿਕਾਰਡ ਕਰਵਾਈਆਂ ਸਨ| ਜਿਹਨਾਂ ਨੂੰ ਦਰਸ਼ਨ ਕੁਮਾਰ ਜੀ ਨੇ ਰਿਲੀਜ਼ ਕੀਤਾ ਸੀ| ਫੌਜ਼ ਦੀ ਨੌਕਰੀ ਦੌਰਾਨ ਹੀ ਮੈਨੂੰ ਐਲ ਓ ਸੀ ਕਾਰਗਿਲ ਫਿਲਮ ਵਿੱਚ ਕਰੀਨਾ ਕਪੂਰ ਜੀ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਸੀ| ਜੇ ਪੀ ਦੱਤਾ ਜੀ ਨੇ ਮੈਨੂੰ ਇਹ ਅਵਸਰ ਦਿੱਤਾ ਸੀ| ਫੌਜ਼ ਵਿੱਚ ਰਹਿੰਦਿਆਂ ਮੈ ਬਹੁਤਾ ਕੁਝ ਹੋਰ ਨਹੀਂ ਸੀ ਲਿਖ ਸਕਿਆ ਕਿਉਂਕਿ ਪਬੰਦੀਆ ਬਹੁਤ ਹੁੰਦੀਆਂ ਹਨ| ਪਰ ਸ਼ੌਕ ਨੂੰ ਮੈ ਜਿਆਦਾ ਦੇਰ ਨਹੀਂ ਰੌਕ ਸਕਿਆ| ਰਿਟਾਇਰਮੈਂਟ ਹੁੰਦਿਆਂ ਹੀ ਮੈਂ ਕਲਮ ਚੁੱਕ ਲਈ| ਸਭ ਤੋਂ ਪਹਿਲਾਂ ਮੈ ਸਿਰਫ ਦੇਸ਼ ਸੇਵਕ ਦੇ ਮਿਡਲ ਕਾਲਮ ਲਈ ਲਿਖਦਾ ਸੀ| ਹੌਲੀ ਹੌਲੀ ਮੇਰੀਆਂ ਕਵਿਤਾਵਾਂ ਵੀ ਰਸਾਲਿਆਂ ਤੇ ਮੈਗਜ਼ੀਨਾਂ ਵਿੱਚ ਛਪਣੀਆਂ ਸ਼ੁਰੂ ਗਈਆਂ| ਫਿਰ ਮੈ ਨਿੱਕੀਆਂ ਕਹਾਣੀਆਂ ਤੇ ਵੱਡੀਆਂ ਕਹਾਣੀਆਂ ਵੀ ਲਿਖਣ ਲਗ ਪਿਆ|
ਹੁਣ ਤਕ ਮੇਰੇ ਅਜੀਤ, ਸਪੋਕਸਮੈਨ, ਰੋਜ਼ਾਨਾ ਪਹਿਰੇਦਾਰ, ਹਮਦਰਦ ਨਿਊਜ਼ ਪੇਪਰ, ਪੰਜਾਬੀ ਜਾਗਰਣ, ਅੱਜ ਦੀ ਆਵਾਜ਼, ਸੱਚ ਦੀ ਆਵਾਜ਼, ਆਸ਼ਿਆਨਾ, ਅਕਾਲੀਪਤ੍ਰਿਕਾ, ਚੜ੍ਹਦੀਕਲਾ, ਪੰਜਾਬੀ ਪੋਸਟ ਕਨੈਡਾ, ਪੰਜਾਬ ਪੋਸਟ ਕਨੈਡਾ, ਪ੍ਰੀਤਨਾਮਾਂ ਯੂ ਐਸ ਏ, ਦੇਸ਼ ਸੇਵਕ, ਪੰਜਾਬੀ ਟ੍ਰਿਬਿਊਨ, ਲੋਕ ਭਲਾਈ ਸੁਨੇਹਾ, ਸੱਚ ਕਹੁ , ਸੰਤ ਸਿਪਾਹੀ, ਕਲਾਕਾਰਾਂ ਨਾਲ ਰਾਬਤਾ, ਪੰਜ ਦਰਿਆ ਤੇ ਪਰਵਾਸੀ ਨਿਊਜ਼ ਪੇਪਰ, ਪੰਜਾਬ ਪੋਸਟ, ਸ਼ਬਦਾਂ ਦਾ ਕਾਫ਼ਲਾ| ਆਕਾਸ਼ਵਾਣੀ ਰੇਡੀਉ ਤੋਂ ਮਿੰਨੀ ਕਹਾਣੀਆਂ। ਓਨਏਅਰ, ਜੱਗਬਾਣੀ ਟੀਵੀ ਚੈਨਲ, ਸਪੋਕਸਮੈਨ ਟੀਵੀ ਚੈਨਲ, ਚੜ੍ਹਦੀ ਕਲਾ ਟੀਵੀ ਚੈਨਲ ਤੋਂ ਵੀ ਮੇਰੀਆਂ ਰਚਨਾਵਾਂ ਆਉਂਦੀਆਂ ਹੀ ਰਹਿੰਦੀਆਂ ਹਨ|
***
Subedar Jasvinder Singh Bhularia
e-mail:jaswinder.bhuleria.1@gmail.com
+91 75891 55501