24 May 2024

ਪੰਜਾਬ ਸਿੰਹਾਂ ਹੁਣ ਕੀ ਬਣੂਗਾ ਤੇਰਾ!/ਵਿਆਹ ਸ਼ਾਦੀਆਂ  ਤੇ ਮਰਨੇ ਪਰਨੇ ਵਿੱਚ ਹੁੰਦੀ ਫਜ਼ੂਲ ਖਰਚੀ ਤੇ ਕਦੋਂ ਲਗੇਗੀ ਰੋਕ?—ਸੂਬੇਦਾਰ ਜਸਵਿੰਦਰ ਸਿੰਘ ਭੁਲੇਰੀਆ

1.ਪੰਜਾਬ ਸਿੰਹਾਂ ਹੁਣ ਕੀ ਬਣੂਗਾ ਤੇਰਾ? ਤੇਰੇ ਪੁੱਤਰਾਂ ਦੇ ਹੱਕਾਂ ਤੇ ਪਾ ਲਿਆ ਬਾਹਰਲੇ ਸੂਬਿਆਂ ਨੇ ਘੇਰਾ।

ਪੰਜਾਬ ਵਿੱਚ ਆਮ ਆਦਮੀ ਪਾਰਟੀ ਬੜੇ ਵੱਡੇ ਵੱਡੇ ਉੱਚੇ ਲੰਮੇ ਦਾਅਵੇ ਕਰਕੇ ਲੋਕਾਂ ਤੋਂ ਫਤਵਾ ਹਾਸਿਲ ਕਰਕੇ ਸਰਕਾਰ ਬਣਾਉਣ ਵਿੱਚ ਸਫਲ ਹੋ ਗਈ। ਘਰ ਘਰ ਰੋਜ਼ਗਾਰ ਦੇਣ ਦੀ ਗੱਲ ਵੀ ਕਹੀ ਗਈ, ਅਡੰਬਰ ਵੀ ਰਚੇ ਗਏ, ਸਾਡਾ ਕੰਮ ਬੋਲਦਾ ਹੈ! ਪੂਰੇ ਪੰਜਾਬ ਵਿੱਚ ਦੁਨੀਆਂ ਭਰ ਦੇ ਫਲੇਗ ਲਾ ਕੇ ਲੋਕਾਂ ਨੂੰ ਗੁਮਰਾਹ ਕਰਨ ਵਿੱਚ ਕੋਈ ਬਾਕੀ ਕਸਰ ਨਹੀਂ ਛਡੀ ਗਈ ਪਰ ਅਸਲ ਉਦੋਂ ਸਾਹਮਣੇ ਆਇਆ ਜਦੋ ਪੰਜਾਬ ਦੀਆਂ ਸਰਕਾਰੀ ਨੌਕਰੀਆਂ ‘ਤੇ ਬਾਹਰੀ ਰਾਜਾਂ ਖਾਸ ਕਰ ਕੇ ਹਰਿਆਣਾ ਦੇ ਨੌਜਵਾਨਾਂ ਨੇ ਕਬਜ਼ਾ ਕਰ ਲਿਆ ਹੈ।

ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਵਲੋਂ ਸਹਾਇਕ ਲਾਇਨਮੈਨਾਂ ਦੀ ਕੀਤੀ ਜਾ ਰਹੀ ਭਰਤੀ ਵਿਚ ਹੋਰਨਾਂ ਸੂਬਿਆਂ ਦੇ ਸੈਂਕੜੇ ਨੌਜਵਾਨਾਂ ਨੇ ਮੈਰਿਟ ਸੂਚੀ ਵਿਚ ਪੰਜਾਬੀਆਂ ਨੂੰ ਪਛਾੜਦਿਆਂ ਨਿਯੁਕਤੀ ਲਈ ਰਾਹ ਪੱਧਰਾ ਕਰ ਲਿਆ ਹੈ। ਇਨ੍ਹਾਂ ਕਾਰਨਾਂ ਦੇ ਚੱਲਦਿਆਂ ਮਾਨ ਸਰਕਾਰ ਦੇ ਉਸ ਦਾਅਵੇ ਦੀ ਵੀ ਫੂਕ ਨਿਕਲ ਗਈ ਹੈ ਕਿ ਪੰਜਾਬ ਦੀ ਧਰਤੀ ‘ਤੇ ਤਾਂ ਹੁਣ ਗੋਰੇ ਆ ਕੇ ਵੀ ਸਰਕਾਰੀ ਨੌਕਰੀਆਂ ਕਰਿਆ ਕਰਨਗੇ। ਉਨ੍ਹਾਂ ਇਹ ਦਾਅਵਾ ਵਿਦੇਸ਼ਾਂ ਨੂੰ ਭੱਜ ਰਹੇ ਨੌਜਵਾਨਾਂ ਨੂੰ ਪੰਜਾਬ ਵਿਚ ਰੁਜ਼ਗਾਰ ਦੇ ਕੇ ਰੰਗਲਾ ਪੰਜਾਬ ਬਣਾਉਣ ਦੀ ਵਕਾਲਤ ਕਰਦਿਆਂ ਕੀਤਾ ਸੀ। ਜਿਹੜੇ ਅੰਕੜੇ ਸਾਹਮਣੇ ਆਏ ਹਨ ਕਿ ਪੰਜਾਬ ਦੇ 55 ਲੱਖ ਪਰਿਵਾਰਾਂ ਦੇ 30 ਲੱਖ ਨੌਜਵਾਨ ਬੇਰੁਜ਼ਗਾਰੀ ਦੇ ਆਲਮ ਵਿਚ ਹਨ। ਜੋ ਹੁਣੇ ਹੁਣੇ ਖਬਰ ਸਾਹਮਣੇ ਆਈ ਹੈ ਕਿ ਪਾਵਰਕਾਮ ਵਲੋਂ ਸਹਾਇਕ ਲਾਇਨਮੈਨਾਂ ਦੀਆਂ 2100 ਅਸਾਮੀਆਂ ਲਈ 2 ਨਵੰਬਰ ਨੂੰ ਆਨਲਾਈਨ ਪ੍ਰੀਖਿਆ ਲਈ ਗਈ ਸੀ ਜਿਸ ਵਿਚ 3791 ਉਮੀਦਵਾਰਾਂ ਨੇ ਆਪਣੀ ਕਿਸਮਤ ਅਜ਼ਮਾਈ ਸੀ। ਪਾਵਰਕਾਮ ਵਲੋਂ ਐਲਾਨੇ ਗਏ ਨਤੀਜੇ ਵਿਚ 3762 ਉਮੀਦਵਾਰ ਪ੍ਰੀਖਿਆ ਨੂੰ ਪਾਸ ਕਰਨ ਵਿਚ ਸਫ਼ਲ ਹੋ ਗਏ ਸਨ। ਪਾਵਰਕਾਮ ਦੇ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਉਕਤ ਅਸਾਮੀਆਂ ਦੀ ਮੈਰਿਟ ਸੂਚੀ ‘ਚ ਹਰਿਆਣਾ ਰਾਜ ਦੇ 535 ਉਮੀਦਵਾਰਾਂ ਨੇ ਮੈਰਿਟ ਸੂਚੀ ਵਿਚ ਥਾਂ ਮੱਲ ਲਿਆ ਹੈ।

ਇਸੇ ਤਰ੍ਹਾਂ ਰਾਜਸਥਾਨ ਦੇ 94 ਉਮੀਦਵਾਰਾਂ ਨੇ ਪੰਜਾਬੀਆਂ ਨੂੰ ਪਛਾੜਦਿਆਂ ਝੰਡੇ ਗੱਡੇ ਹਨ। ਮੈਰਿਟ ਸੂਚੀ ਵਿਚ ਚੰਡੀਗੜ੍ਹ, ਦਿੱਲੀ, ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼ ਅਤੇ ਉਤਰਾਖੰਡ ਦੇ ਉਮੀਦਵਾਰਾਂ ਨੇ ਵੀ ਦਸਤਕ ਦਿੱਤੀ ਹੈ। ਇਸ ਤੋਂ ਪਹਿਲਾਂ ਵੀ ਪਾਵਰਕਾਮ ਵਲੋਂ ਸੀ. ਆਰ. ਏ. 293, 294/19 ਰਾਹੀਂ ਜੂਨੀਅਰ ਇੰਜੀਨੀਅਰ ਇਲੈਕਟ੍ਰੀਕਲ ਦੀਆਂ 500 ਅਸਾਮੀਆਂ ਦੀ ਮੈਰਿਟ ਸੂਚੀ ‘ਤੇ ਵੀ 100 ਦੇ ਕਰੀਬ ਯੂ. ਪੀ., ਬਿਹਾਰ, ਹਰਿਆਣਾ, ਚੰਡੀਗੜ੍ਹ ਅਤੇ ਰਾਜਸਥਾਨ ਦੇ ਨੌਜਵਾਨਾਂ ਨੇ ਪੰਜਾਬੀਆਂ ਨੂੰ ਪਛਾੜਿਆ ਸੀ। ਸਹਾਇਕ ਸਬ-ਸਟੇਸ਼ਨ ਅਟੈਂਡੈਟ ਦੀਆਂ 290 ਅਸਾਮੀਆਂ ‘ਚ ਵੀ ਬਾਹਰੀ ਉਮੀਦਵਾਰ ਕਬਜ਼ਾ ਜਮਾ ਗਏ ਸਨ। ਇਹ ਵੀ ਕਿ ਪੁਲਿਸ, ਸਿੰਚਾਈ, ਖੇਤੀਬਾੜੀ ਅਤੇ ਹੋਰਨਾਂ ਵਿਭਾਗਾਂ ਵਿਚ ਵੀ ਬਾਹਰੀ ਰਾਜਾਂ ਦੇ ਉਮੀਦਵਾਰ ਵੱਡੀ ਪੱਧਰ ‘ਤੇ ਨਿਯੁਕਤ ਹੋ ਚੁੱਕੇ ਹਨ ਅਤੇ ਇਸ ਮਾਮਲੇ ਵਿਚ ਤਤਕਾਲੀ ਅਤੇ ਮੌਜੂਦਾ ਸਰਕਾਰ ਨੌਜਵਾਨਾਂ ਦਾ ਭਵਿੱਖ ਸੁਰੱਖਿਅਤ ਕਰਨ ਵਿਚ ਅਸਫ਼ਲ ਰਹੀ ਹੈ। ਹਾਲਾਂਕਿ ਮੱਧ ਪ੍ਰਦੇਸ਼ ਅਤੇ ਹਰਿਆਣਾ ਸਰਕਾਰ ਆਪਣੇ ਮੂਲ ਬਾਸ਼ਿੰਦਿਆਂ ਨੂੰ ਨੌਕਰੀ ਦੇਣ ਦੇ ਮਾਮਲੇ ਵਿਚ ਠੋਸ ਨੀਤੀ ਬਣਾ ਚੁੱਕੀ ਹੈ ਪਰ ਪੰਜਾਬ ਸਰਕਾਰ ਨੇ ਕਾਨੂੰਨੀ ਅੜਚਨਾਂ ਦਾ ਦਾਅਵਾ ਕਰਦਿਆਂ ਅਜੇ ਤੱਕ ਸੂਬੇ ਅੰਦਰ ਸਰਕਾਰੀ ਨੌਕਰੀਆਂ ਲਈ ਡੋਮੀਸਾਈਲ ਅਤੇ ਬੋਨਾਫਾਈਡ (ਮੂਲ ਬਾਸ਼ਿੰਦੇ) ਸਰਟੀਫ਼ਿਕੇਟ ਨੂੰ ਜ਼ਰੂਰੀ ਕਰਾਰ ਨਹੀਂ ਦਿੱਤਾ ਗਿਆ, ਜਿਸ ਦਾ ਫ਼ਾਇਦਾ ਬਾਹਰੀ ਰਾਜਾਂ ਦੇ ਉਮੀਦਵਾਰ ਚੁੱਕ ਰਹੇ ਹਨ।

ਪੰਜਾਬ ਸਰਕਾਰ ਵਲੋਂ ਬੀਤੇ ਸਮੇਂ ਪੰਜਾਬ ਦੀਆਂ ਨੌਕਰੀਆਂ ਲਈ ਹੋਣ ਵਾਲੇ ਇਮਤਿਹਾਨ ਦੇ ਨਾਲ-ਨਾਲ ਪੰਜਾਬੀ ਦਾ ਇਮਤਿਹਾਨ ਪਾਸ ਕਰਨ ਦੀ ਸ਼ਰਤ ਲਗਾ ਦਿੱਤੀ ਹੈ। ਇਹ ਵੀ ਕਿ ਇਹ ਸ਼ਰਤ ਪੰਜਾਬੀ ਪਾਹੜਿਆਂ ਦੇ ਸਿਰ ‘ਤੇ ਵੀ ਥੋਪ ਦਿੱਤੀ ਗਈ ਹੈ, ਜਦਕਿ ਬਾਹਰੀ ਰਾਜਾਂ ਦੇ ਉਮੀਦਵਾਰ ਜੇਕਰ ਦੂਜੇ ਇਮਤਿਹਾਨ ਆਸਾਨੀ ਨਾਲ ਪਾਸ ਕਰ ਜਾਂਦੇ ਹਨ ਤਾਂ ਉਨ੍ਹਾਂ ਨੂੰ ਪੰਜਾਬੀ ਦਾ ਪੇਪਰ ਪਾਸ ਕਰਨਾ ਵੀ ਬਹੁਤਾ ਔਖਾ ਨਹੀਂ ਹੋਵੇਗਾ। ਇਹ ਵੀ ਕਿ ਆਈ. ਏ. ਐਸ., ਆਈ.ਪੀ.ਐਸ., ਬੈਂਕਾਂ ਅਤੇ ਕੇਂਦਰੀ ਅਦਾਰਿਆਂ ਵਿਚ ਪੰਜਾਬੀਆਂ ਦੀ ਗਿਣਤੀ ਪਹਿਲਾਂ ਹੀ ਮਨਫ਼ੀ ਹੋ ਰਹੀ ਹੈ। ਪੰਜਾਬ ਅੰਦਰ ਨੌਕਰੀਆਂ ਪ੍ਰਾਪਤ ਕਰਨ ਲਈ10ਵੀਂ ਜਮਾਤ ਪੰਜਾਬੀ ਨਾਲ ਪਾਸ ਕੀਤਾ ਹੋਣਾ ਲਾਜ਼ਮੀ ਕੀਤਾ ਹੋਇਆ ਹੈ। ਕਈ ਵਿਭਾਗਾਂ ਨੇ ਤਾਂ ਨੌਕਰੀਆਂ ਦੇ ਗੱਫੇ ਬਾਹਰੀ ਉਮੀਦਵਾਰਾਂ ਨੂੰ ਦੇਣ ਲਈ ਪੰਜਾਬੀ ਪਾਸ ਕਰਨ ਦੀ 2 ਸਾਲ ਤੱਕ ਦੀ ਛੋਟ ਦੇਣ ਦੇ ਮਾਮਲੇ ਵੀ ਸਾਹਮਣੇ ਆਏ ਹਨ। ਇਹ ਵੀ ਕਿ ਪੰਜਾਬ ਵਿਚ ਪੰਜਾਬੀ ਭਾਸ਼ਾ ਐਕਟ ਬਣਿਆ ਹੋਇਆ ਹੈ ਅਤੇ ਸਰਕਾਰ ਦਫ਼ਤਰਾਂ ਅਤੇ ਅਦਾਲਤਾਂ ਵਿਚ ਸਾਰਾ ਕੰਮ ਪੰਜਾਬੀ ਵਿਚ ਲਾਜ਼ਮੀ ਕਰਨ ਦੇ ਨਿਰਦੇਸ਼ ਸੂਬਾ ਸਰਕਾਰ ਵਲੋਂ ਜਾਰੀ ਕੀਤੇ ਹੋਏ ਹਨ।

ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਬਾਹਰੀ ਰਾਜਾਂ ਦੇ ਉਮੀਦਵਾਰ, ਜਨਰਲ ਸ਼੍ਰੇਣੀ ਦੇ ਵਿਰੁੱਧ, ਪੰਜਾਬ ਅੰਦਰ ਨੌਕਰੀ ਲਈ ਅਪਲਾਈ ਕਰ ਸਕਦੇ ਹਨ, ਜਦਕਿ ਪੰਜਾਬ ਵਿਚ ਜਨਰਲ ਸ਼੍ਰੇਣੀਆਂ ਲਈ ਪਹਿਲਾਂ ਹੀ 49 ਫੀਸਦੀ ਕੋਟਾ ਬਚਦਾ ਹੈ ਜਿਸ ‘ਚੋਂ 10 ਫੀਸਦੀ ਆਰਥਿਕ ਤੌਰ ‘ਤੇ ਪਛੜੇ ਵਰਗਾਂ ਲਈ ਵਿਚਾਰੇ ਜਾਣ ਤੇ ਆਮ ਸ਼੍ਰੇਣੀਆਂ ਦੇ ਉਮੀਦਵਾਰਾਂ ਦੇ ਹਿੱਸੇ ਸਿਰਫ਼ 39 ਫੀਸਦੀ ਕੋਟਾ ਹੀ ਰਹਿ ਜਾਂਦਾ ਹੈ। ਅਜਿਹੇ ਹਾਲਾਤ ‘ਚ ਜਦੋਂ ਬਾਹਰੀ ਰਾਜਾਂ ਦੇ 40 ਫ਼ੀਸਦੀ ਤੋਂ ਵੱਧ ਉਮੀਦਵਾਰ ਮੈਰਿਟ ਸੂਚੀ ‘ਚ ਮੂਹਰਲੀਆਂ ਥਾਵਾਂ ਮੱਲ ਲੈਂਦੇ ਹਨ ਤਾਂ ਯਕੀਨਨ ਪੰਜਾਬੀਆਂ ਦਾ ਪਛੜਣਾ ਤੈਅ ਹੈ।

ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਪੰਜਾਬ ਦੇ ਗੁਆਂਢੀ ਸੂਬਿਆਂ ਵਲੋਂ ਪੰਜਾਬ ਦੇ ਮੁਕਾਬਲੇ ਘੱਟ ਹੀ ਨੌਕਰੀਆਂ ਕੱਢੀਆਂ ਜਾਂਦੀਆਂ ਹਨ। ਪੰਜਾਬ ਦੇ ਲੱਖਾਂ ਉਮੀਦਵਾਰ ਬਾਹਰਲੇ ਮੁਲਕਾਂ ਨੂੰ ਜਾ ਰਹੇ ਹਨ, ਜਦਕਿ ਗੁਆਂਢੀ ਸੂਬਿਆਂ ਦੇ ਲੋਕ ਪੰਜਾਬ ਵਿਚ ਪੈਰ ਜਮਾਂ ਰਹੇ ਹਨ। ਇਸਦੇ ਨਾਲ ਹੀ ਸਰਕਾਰਾਂ ਵਿਦਿਆਰਥੀਆਂ ਦੀ ਪ੍ਰਤਿਭਾ ਨਿਖਾਰਨ ਸਮੇਤ ਗੁਣਾਤਮਕ ਸਿੱਖਿਆ ਦੇਣ ਵਿਚ ਨਾਕਾਮ ਸਾਬਿਤ ਰਹੀਆਂ ਹਨ। ਇੱਥੇ ਇਹ ਦੱਸਣਾ ਵੀ ਕੁਥਾਂਹ ਨਹੀਂ ਹੋਵੇਗਾ ਕਿ ਸੋਨੇ ਦੀ ਚਿੜੀ ਪੰਜਾਬ ਵਿਚ ਬਾਹਰੀ ਸੂਬਿਆਂ ਦੇ ਲੋਕ ਰੁਜ਼ਗਾਰ ਲਈ ਆਉਂਦੇ ਸਨ ਪਰ ਸਿੱਖਿਆ ਨੀਤੀਆਂ ਅਤੇ ਡੰਮੀ ਯੂਨੀਵਰਸਿਟੀਆਂ ਅਤੇ ਕਾਲਜਾਂ ਨੇ ਘਰ ਬੈਠੇ ਵਿਦਿਆਰਥੀਆਂ ਨੂੰ ਡਿਗਰੀਆਂ ਦੇ ਕੇ ਨਿਕੰਮੇ ਬਣਾ ਦਿੱਤਾ ਜਿਸ ਕਾਰਨ ਪੰਜਾਬ ਵਿਚ ਚਪੜਾਸੀ ਦੀ ਨੌਕਰੀ ਲਈ ਪੀ. ਐਚ. ਡੀ. ਪੱਧਰ ਦੇ ਹਜ਼ਾਰਾਂ ਨੌਜਵਾਨ ਕੰਮ ਕਰਨ ਨੂੰ ਤਿਆਰ ਹਨ। ਓਧਰ ਪੰਜਾਬ ਦੇ ਮੁੱਖ ਮੰਤਰੀ ਦਾਅਵਾ ਕਰ ਚੁੱਕੇ ਹਨ ਕਿ ਪਿਛਲੇ 9 ਮਹੀਨਿਆਂ ਅੰਦਰ 25 ਹਜ਼ਾਰ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ‘ਤੇ ਲਾਇਆ ਗਿਆ ਹੈ। 23 ਹਜ਼ਾਰ ਕੱਚੇ ਕਾਮੇ ਜਲਦ ਪੱਕੇ ਕੀਤੇ ਜਾ ਰਹੇ ਹਨ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ 1 ਅਪ੍ਰੈਲ 2016 ਤੋਂ 31 ਮਾਰਚ 2021 ਤੱਕ 42,600 ਮੁਲਾਜ਼ਮ ਸੇਵਾ ਮੁਕਤ ਹੋਣ ਉਪਰੰਤ ਅਸਾਮੀਆਂ ਖਾਲੀ ਹੋ ਗਈਆਂ ਸਨ। ਇਸ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਵਿਚ ਹਜ਼ਾਰਾਂ ਅਸਾਮੀਆਂ ਉਮੀਦਵਾਰਾਂ ਦੀ ਨਿਯੁਕਤੀ ਨੂੰ ਉਡੀਕ ਰਹੀਆਂ ਹਨ। ਭਗਵੰਤ ਮਾਨ ਪੰਜਾਬ ਨੂੰ ਕਦੇ ਦਿੱਲੀ ਮਾਡਲ ਬਣਾਉਣ ਦੀ ਗੱਲ ਕਰਦੇ ਹਨ ਤੇ ਕਦੇ ਕੈਲੇਫ਼ੋਰਨੀਆ ਦਾ। ਵਾਸਤਾ ਜੇ ਰੱਬ ਦਾ ਪੰਜਾਬ ਨੂੰ ਪੰਜਾਬ ਹੀ ਰਹਿਣ ਦਿਉ ਭਇਆਵਾਦ ਬਣਾਉਣ ਦੀ ਕੋਸ਼ਿਸ ਨਾ ਕਰੋ। ਬਸ ਪੰਜਾਬ ਵਿੱਚ ਪੰਜਾਬੀਆਂ ਨੂੰ ਹੀ ਨੌਕਰੀਆਂ ਦੇ ਦੇਵੋ ਉਹ ਹੀ ਤੁਹਾਡੇ ਵਾਸਤੇ ਚੰਗੀ ਗੱਲ ਹੋਵੇਗੀ।
***
ਸੂਬੇਦਾਰ ਜਸਵਿੰਦਰ ਸਿੰਘ ਭੁਲੇਰੀਆ
ਮਮਦੋਟ
ਫਿਰੋਜ਼ਪੁਰ
+91 7589155501
**

 

2. ਵਿਆਹ ਸ਼ਾਦੀਆਂ  ਤੇ ਮਰਨੇ ਪਰਨੇ ਵਿੱਚ ਹੁੰਦੀ ਫਜ਼ੂਲ ਖਰਚੀ ਤੇ ਕਦੋਂ ਲਗੇਗੀ ਰੋਕ?
-ਸੂਬੇਦਾਰ ਜਸਵਿੰਦਰ ਸਿੰਘ ਭੁਲੇਰੀਆ-

ਅੱਜ ਦੇ ਸਮੇ ਵਿੱਚ ਮਹਿੰਗਾਈ ਸਿੱਖਰਾਂ ਨੂੰ ਛੂਹ ਰਹੀ ਹੈ। ਬਹੁਤਿਆਂ ਲੋਕਾਂ ਨੂੰ ਆਪਣੇ ਖਾਣ ਦੇ ਲਾਲੇ ਪਏ ਹੋਏ ਨੇ। ਗਰੀਬ ਲੋਕ ਅੱਜ ਵੀ ਖੁਲੇ ਅਸਮਾਨ ਥੱਲੇ ਸੌਣ ਲਈ ਮਜ਼ਬੂਰ ਹਨ। ਲੋੜ ਅਨੁਸਾਰ ਦਿਹਾੜੀ ਵੀ ਨਹੀਂ ਮਿਲਦੀ। ਤਕਰੀਬਨ ਅੱਜਕਲ ਹਰ ਇੱਕ ਆਦਮੀ ਰੋਗੀ ਹੋ ਚੁਕਾ ਹੈ। ਭਾਵੇਂ ਉਹ ਖਰਾਬ ਵਾਤਾਵਰਨ ਦੀ ਵਜ਼ਾ ਕਰਕੇ ਬਿਮਾਰ ਹੋਇਆ ਹੋਵੇ ਤੇ  ਭਾਵੇਂ ਖਰਾਬ ਪਾਣੀ ਪੀਣ ਕਰਕੇ। ਇਹ ਗੱਲ ਵੱਖਰੀ ਹੈ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਅੱਜ ਤੋਂ ਪੰਜ ਸੌ ਸਾਲ ਪਹਿਲਾਂ ਹੀ ਗੁਰਬਾਣੀ ਵਿੱਚ ਇਹ ਕਹਿ ਦਿੱਤਾ ਸੀ ਕਿ “ਜੋ ਜੋ ਦੀਸੈ ਸੋ ਸੋ ਰੋਗੀ।” ਇਸ ਗੱਲ ਦਾ ਸਾਨੂੰ ਭਲੀ ਭਾਂਤ ਪਤਾ ਹੈ ਕਿ ਜਿਹੜਾ ਆਦਮੀ ਇੱਕ ਵਾਰ ਬਿਮਾਰ ਹੋ ਕੇ ਹਸਪਤਾਲ ਵਿੱਚ ਪਹੁੰਚ ਗਿਆ ਉਹ ਸਰੀਰਕ ਤੌਰ ਤੇ ਬੇਸ਼ਕ ਤੰਦਰੁਸਤ ਹੋ ਜਾਵੇ ਪਰ ਆਰਥਿਕ ਤੌਰ ਤੇ ਉਹ ਜ਼ਰੂਰ ਕਮਜ਼ੋਰ ਹੋ ਜਾਂਦਾ ਹੈ।

ਹਸਪਤਾਲਾਂ ਦੇ ਖਰਚੇ ਇੰਨੇ ਕੁ ਵੱਧ ਚੁਕੇ ਹਨ ਕਿ ਆਮ ਆਦਮੀ ਦੀ ਪਹੁੰਚ ਤੋਂ ਬਾਹਰ ਹੋ ਗਏ ਹਨ। ਇਹ ਸਾਰਾ ਕੁਝ ਪਤਾ ਹੁੰਦਿਆਂ ਹੋਇਆਂ ਵੀ ਲੋਕ ਅੱਜਕਲ ਪਤਾ ਨਹੀਂ ਕਿਹੜੇ ਨੱਕ ਲਾਉਣ ਦੀ ਗੱਲ ਕਰ ਰਹੇ ਹਨ। ਇਸ ਗੱਲ ਦੀ ਸਮਝ ਨਹੀਂ ਆ ਰਹੀ। ਪਹਿਲਾਂ ਗੱਲ ਕਰੀਏ ਕਿ ਵਿਆਹ ਪਹਿਲਾਂ ਵੀ ਹੁੰਦੇ ਸਨ। ਬਰਾਤਾਂ ਅੱਜ ਤੋਂ ਚਾਲੀ ਪੰਜਾਹ ਸਾਲ ਪਹਿਲਾਂ ਕਈ ਕਈ ਰਾਤਾਂ ਠਹਿਰਦੀਆਂ ਹੁੰਦੀਆਂ ਸਨ। ਪਿੰਡ ਵਾਲੇ ਇਕੱਠੇ ਹੋ ਕੇ ਬਰਾਤਾਂ ਨੂੰ ਧਰਮਸ਼ਾਲਾ ਜਾਂ ਜੰਝ ਘਰਾਂ ਵਿੱਚ ਰੁਕਵਾਉਂਦੇ ਹੁੰਦੇ ਸਨ। ਪਿੰਡ ਦਿਆਂ ਮੁੰਡਿਆਂ ਨੇ ਰਲ ਕਿ ਬਰਾਤ ਦੀ ਖੂਬ ਸੇਵਾ ਕਰਨੀ। ਸਾਦੇ ਖਾਣੇ ਖੁਆ ਕੇ ਵੀ ਬਰਾਤੀਆਂ ਨੂੰ ਖ਼ੁਸ਼ ਕਰਕੇ  ਭੇਜਣਾ। ਬਰਾਤ ਦੀ ਸੇਵਾ ਕਰਨੀ ਲੋਕ ਆਪਣੇ ਪਿੰਡ ਦੀ ਇੱਜਤ ਸਮਝਦੇ ਸਨ। ਹੁੰਦੇ ਉਹ ਵੀ ਵਿਆਹ ਸੀ ਤੇ ਹੁੰਦੇ ਅੱਜਕਲ ਵੀ ਵਿਆਹ ਨੇ। ਪਰ ਉਹਨਾਂ ਵਿਆਹਾਂ ਤੇ ਅੱਜਕਲ ਦੇ ਵਿਆਹਾਂ ਵਿੱਚ ਜ਼ਮੀਨ ਅਸਮਾਨ ਦਾ ਫਰਕ ਪੈ ਚੁੱਕਾ ਹੈ।

ਅੱਜ ਅਸੀਂ ਸਾਰੇ ਅੱਡੀਆਂ ਚੁੱਕ ਕੇ ਫਾਹਾ ਲੈਣ ਵਿੱਚ ਕੋਈ ਕਸਰ ਨਹੀਂ ਛੱਡ ਰਹੇ। ਕਰਜ਼ਾ ਚੁੱਕ ਕੇ ਮੈਰਿਜ਼ ਪੈਲਿਸਾਂ ਵਿੱਚ ਵਿਆਹ ਕਰਨਾ ਆਪਣਾ ਇੱਕ ਟੌਹਰ ਸਮਝਣ ਲਗ ਪਏ ਹਾਂ। ਜਿੱਥੇ ਦੋ ਚਾਰ ਘੰਟਿਆਂ ਵਿੱਚ ਹੀ, ਜਿਹੜਾ ਸਵੇਰੇ ਫੁੱਲਾਂ ਨਾਲ ਸਜਾਇਆ ਹੋਇਆ ਪੈਲੇਸ ਸ਼ਾਮ ਨੂੰ ‘ਹੱਡਾ ਰੋੜੀ’ ਬਣ ਜਾਂਦਾ ਹੈ ਉਥੇ ਨਾਲ ਹੀ ਖਰਚੇ ਦੀ ਇੰਨੀ ਕੁ ਪੰਡ ਭਾਰੀ ਹੋ ਜਾਂਦੀ ਹੈ ਕਿ ਜਿਹੜੀ ਇਨਸਾਨ ਦੇ ਜਿਉਂਦਿਆਂ ਜੀਅ ਸਿਰ ਤੋਂ ਉਤਰਦੀ ਨਹੀਂ। ਜਿੱਥੇ ਮਾਂ ਪਿਉ ਨੇ ਕੁੱਝ ਬਚਾ ਕੇ ਅਪਣੇ ਬੱਚਿਆਂ ਨੂੰ ਦੇਣਾ ਹੁੰਦਾ ਸੀ ਉਥੇ ਹੁਣ ਕਰਜ਼ਾ ਦਿੱਤਾ ਜਾਂਦਾ ਹੈ। ਬਹੁਤੇ ਘਰਾਂ ਵਿੱਚ ਇਸ ਗੱਲ ਦਾ ਹੀ ਕਲੇਸ਼ ਮੌਤ ਦੇ ਦਰਵਾਜ਼ੇ ਤੱਕ ਪੁਚਾ ਰਿਹਾ ਹੈ ਆਮ ਲੋਕਾਂ ਨੂੰ। ਚਲੋ ਮੰਨ ਵੀ ਲਈਏ ਕਿ ਖੁਸ਼ੀ ਹੁੰਦੀ ਹੈ ਖੁਸ਼ੀ ਕਰਨੀ ਵੀ ਚਾਹੀਦੀ ਹੈ ਪਰ ਆਪਣੇ ਦਾਇਰੇ ਵਿੱਚ ਰਹਿ ਕਿ ਕਰਨੀ ਚਾਹੀਦੀ ਹੈ। ਕਈਆਂ ਲੋਕਾਂ ਦੇ ਮੂੰਹ ਵਿੱਚੋ ਇਹ ਸੁਣਨ ਨੂੰ ਵੀ ਮਿਲ ਜਾਂਦਾ ਹੈ ਕਿ ਵਿਆਹ ਕਿਹੜੇ ਰੋਜ਼ ਰੋਜ਼ ਕਰਨੇ ਹੁੰਦੇ ਨੇ। ਹੁਣ ਤਾਂ ਉਹ ਵੀ ਗੱਲ ਨਹੀਂ ਰਹੀ ਹੁਣ ਤਾਂ ਕਈ ਵਿਆਹ ਦਿਨਾਂ ਵਿੱਚ ਹੀ ਤਲਾਕਾਂ ਤੱਕ ਪਹੁੰਚ ਜਾਂਦੇ ਹਨ। ਖੈਰ ਮੇਰਾ ਵਿਸ਼ਾ ਇਹ ਨਹੀਂ ਇਸ ਕਰਕੇ ਮੈ ਆਪਣੇ ਵਿਸ਼ੇ ਤੇ ਫਿਰ ਆਵਾਂ। ਚਲੋ ਵਿਆਹ ਤਾਂ ਖੁਸ਼ੀ ਦਾ ਪ੍ਰਤੀਕ ਹੈ ਫਿਰ ਮਰਨਾ ਕਿਹੜੀ ਖੁਸ਼ੀ ਹੋਈ?

ਹੁਣ ਲੋਕ ਭਾਵੇਂ ਬਜ਼ੁਰਗ ਮਰੇ ਤੇ ਭਾਵੇਂ ਕਿਸੇ ਵੀ ਉਮਰ ਵਿੱਚ ਮਰੇ। ਮਰੇ ਦਾ ਸਮਾਗਮ ਕਰਨਾ ਨਹੀਂ ਭੁੱਲਦੇ ਵੱਡੇ ਵੱਡੇ ਟੈਂਟ ਤੇ ਛੱਤੀ ਪ੍ਰਕਾਰ ਦੇ ਭੋਜਨ ਪਰੋਸਣ ਲਗ ਪਏ ਹਨ। ਫਿਰ ਸ਼ਰਧਾਂਜਲੀਆਂ ਦੀ ਵਰਖਾ ਹਰ ਇਕ ਮਰਨ ਵਾਲੇ ਪ੍ਰਾਣੀ ਦੇ ਸਿਫਤਾਂ ਦੇ ਪੁਲ ਬੰਨੀ ਜਾਂਦੇ ਹਨ। ਮੈਨੂੰ ਇਸ ਗੱਲ ਦੀ ਸਮਝ ਨਹੀਂ ਆਉਂਦੀ ਕਿ ਮਰਨ ਵਾਲੇ ਪ੍ਰਾਣੀ ਨੂੰ ਖੁਸ਼ ਕੀਤਾ ਜਾਂਦਾ ਹੈ ਜਾਂ ਫਿਰ ਲੋਕਾਂ ਵਿੱਚ ਆਪਣਾ ਵੱਡਪਣ ਵਿਖਾਉਣ ਦੀ ਕੋਸ਼ਿਸ ਕੀਤੀ ਜਾਂਦੀ ਹੈ? ਅਮੀਰ ਲੋਕਾਂ ਦੀ ਰੀਸ ਕਰਦੇ ਗਰੀਬ ਵੀ ਰਗੜੇ ਜਾ ਰਹੇ ਨੇ। ਰਿਵਾਜ਼ਾਂ ਦੇ ਨਾਂਅ ਤੇ ਰਚੇ ਜਾ ਰਹੇ ਅਡੰਬਰਾਂ ਤੇ ਰੋਕ ਲੱਗਣੀ ਚਾਹੀਦੀ ਹੈ। ਇਹ ਅਡੰਬਰ ਕਿਸੇ ਇੱਕ ਧਰਮ ਜਾਂ ਕਿਸੇ ਇੱਕ ਜਾਤੀ ਦੇ ਲੋਕਾਂ ਵਲੋਂ ਨਹੀਂ ਕੀਤਾ ਜਾ ਰਿਹਾ ਸਗੋਂ ਹਰੇਕ ਵਰਗ ਦੇ ਲੋਕ ਇਸ ਵਿੱਚ ਫਸਦੇ ਜਾ ਰਹੇ ਹਨ। ਸਮਾਜ ਸੇਵੀ ਸੰਸਥਾਵਾਂ ਨੂੰ ਫਜ਼ੂਲ ਖਰਚੀ ਰੋਕਣ ਵਾਸਤੇ ਅਗੇ ਆਉਣ ਦੀ ਜ਼ਰੂਰਤ ਹੈ। ਅਤਿ ਦੀ ਮਹਿੰਗਾਈ ਵਿੱਚ ਫੈਸ਼ਨ ਤੇ ਫ਼ੋਕੀ ਟੌਹਰ ਸਮਾਜ਼ ਤੇ ਕਲੰਕ ਬਣ ਕੇ  ਚਿੰਬੜ ਚੁੱਕੀ ਹੈ। ਸਿਲਸਿਲਾ ਇਸੇ ਤਰਾਂ ਚਲਦਾ ਰਿਹਾ ਤਾਂ ਇਸ ਦੇ ਸਿੱਟੇ ਬਹੁਤ ਭਿਆਨਕ ਨਿੱਕਲਣਗੇ। ਦਾਜ਼ ਵਾਂਗ ਇਹ ਵੀ ਸਮੁਚੇ ਸਮਾਜ ਤੇ ਇੱਕ ਲਾਹਨਤ ਹੈ।
***
ਸੂਬੇਦਾਰ ਜਸਵਿੰਦਰ ਸਿੰਘ ਭੁਲੇਰੀਆ
ਮਮਦੋਟ
ਫਿਰੋਜ਼ਪੁਰ
7589155501

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।*
***
989
***

About the author

ਸੂਬੇਦਾਰ ਜਸਵਿੰਦਰ ਸਿੰਘ ਭੁਲੇਰੀਆ
+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਸਵੈ-ਕਥਨ:

ਮੈਂ ਸੂਬੇਦਾਰ ਜਸਵਿੰਦਰ ਸਿੰਘ ਭੁਲੇਰੀਆ ਮੇਰਾ ਜਨਮ 24 ਅਗਸਤ 1965 ਨੂੰ ਪਿੰਡ ਮਮਦੋਟ ਜਿਲ੍ਹਾ ਫਿਰੋਜ਼ਪੁਰ ਵਿੱਚ ਹੋਇਆ| ਮੇਰੀ ਮਾਤਾ ਸੁਰਜੀਤ ਕੌਰ ਤੇ ਪਿਤਾ ਸ. ਬਘੇਲ ਸਿੰਘ ਦੇ ਘਰ ਚਾਰ ਪੁੱਤਰ ਹੋਏ ਮੈ ਸਾਰਿਆ ਤੋਂ ਛੋਟਾ ਹਾਂ।

ਮੈ ਦਸਵੀ ਜਮਾਤ ਤੱਕ ਪੜ੍ਹਾਈ [ਸ਼ਹੀਦ ਰਾਮ ਕਿਸ਼ਨ ਵਧਵਾ ਮਹਾਂਵੀਰ ਚੱਕਰ] ਸਰਕਾਰੀ ਹਾਈ ਸਕੂਲ ਮਮਦੋਟ ਵਿੱਚ ਕੀਤੀ| ਮੇਰਾ ਪਿੰਡ ਬਿਲਕੁਲ ਪਾਕਿਸਤਾਨ ਦੀ ਹੱਦ ਉਤੇ ਸਥਿਤ ਹੈ|

1988 ਤੋਂ ਪਹਿਲਾਂ ਜਦੋ ਸਰਹੱਦ ਉਤੇ ਤਾਰਬੰਦੀ ਨਹੀਂ ਕੀਤੀ ਸੀ ਉਸ ਵਕਤ ਲਹਿੰਦੇ ਪੰਜਾਬ ਤੇ ਸਾਡੇ ਚੜ੍ਹਦੇ ਪੰਜਾਬ ਦੇ ਲੋਕ ਭਾਵੇ ਇੱਕ ਦੂਜੇ ਨਾਲ ਨਹੀਂ ਸਨ, ਗਲਬਾਤ ਕਰ ਸਕਦੇ ਸਨ ਅਤੇ ਫਿਰ ਵੀ ਅਾਹਮੋ-ਸਾਹਮਣੇ ਕੰਮ ਕਰਦੇ ਨਜ਼ਰ ਆਉਂਦੇ ਰਹਿੰਦੇ ਸਨ| ਜਦੋਂ ਦੀ ਤਾਰਬੰਦੀ ਹੋ ਗਈ ਹੈ| ਉਸ ਸਮੇ ਤੋਂ ਲੋਕਾਂ ਦੀ ਆਪਸ ਵਿੱਚ ਦੂਰੀ ਹੋ ਗਈ ਹੈ|

ਮਮਦੋਟ ਕਿਸੇ ਸਮੇਂ ਵਿੱਚ ਇਕ ਰਿਆਸਤ ਵਜੋਂ ਜਾਣਿਆ ਜਾਂਦਾ ਸੀ| ਮਹਾਰਾਜਾ ਰਣਜੀਤ ਸਿੰਘ ਨੇ ਜਦੋਂ ਫਰਵਰੀ 1807 ਵਿੱਚ, ਕਸੂਰ ਉੱਤੇ ਚੜ੍ਹਾਈ ਕੀਤੀ ਅਤੇ ਕੁਤਬੁੱਦੀਨ ਨੂੰ ਸੱਤਾ ਤੋਂ ਹਟਾ ਦਿੱਤਾ, ਮਹਾਰਾਜਾ ਨੇ ਕੁਤਬੁੱਦੀਨ ਨੂੰ ਮਮਦੋਟ ਦੇ 84 ਪਿੰਡਾਂ ਦੀ ਜਾਗੀਰ ਦੇ ਕੇ ਇਥੋਂ ਦਾ ਨਵਾਬ ਬਣਾ ਦਿੱਤਾ ਸੀ। ਮਮਦੋਟ ਦੇ ਨਵਾਬ ਇਫਤਿਖਾਰ ਹੁਸੈਨ ਖਾਨ, ਵੰਡ ਤੋਂ ਬਾਅਦ ਵਿੱਚ ਪਾਕਿਸਤਾਨ ਦੇ ਲਹਿੰਦੇ ਪੰਜਾਬ ਦੇ ਪਹਿਲੇ ਮੁੱਖ ਮੰਤਰੀ ਬਣੇ ਸਨ| ਜਦੋਂ ਵੀ ਕਦੇ ਪਾਕਿਸਤਾਨ ਤੇ ਭਾਰਤ ਵਿਚ ਕੋਈ ਖਟਾਸ ਪੈਦਾ ਹੁੰਦੀ ਹੈ ਤੇ ਸਾਨੂੰ ਆਪਣਾ ਘਰ ਬਾਰ ਛੱਡਣਾ ਪੈਂਦਾ ਹੈ| ਭਾਵੇਂ ਜੰਗ 1965 ਦੀ ਹੋਵੇ ਭਾਵੇਂ 1971 ਦੀ ਤੇ ਭਾਵੇਂ ਕਾਰਗਿਲ ਦਾ ਯੁੱਧ| ਸਾਨੂੰ ਇਥੋਂ ਆਪਣਾ ਜੂਲੀ ਬਿਸਤਰਾ ਗੋਲ ਕਰਨਾ ਹੀ ਪੈਂਦਾ ਹੈ|

ਪਿੰਡ ਬਾਰਡਰ ਤੇ ਹੋਣ ਕਰਕੇ ਇੱਥੇ ਅੱਜ ਤਕ ਵੀ ਕਾਲਜ ਨਹੀਂ ਬਣਿਆ |ਸਾਨੂੰ ਉਦੋਂ ਵੀ ਤੇ ਹੁਣ ਵੀ ਅਗੇ ਪੜ੍ਹਨ ਲਈ ਫਿਰੋਜ਼ਪੁਰ ਜਾਣਾ ਪੈਂਦਾ ਹੈ| ਸਾਡੇ ਸਕੂਲ ਤੇ ਬੀ. ਐਸ. ਐਫ. ਦੀ ਗਰਾਉਂਡ ਨਾਲੋ ਨਾਲ ਹੋਣ ਕਰਕੇ ਸਾਨੂੰ ਵੀ ਫੌਜ਼ ਦੀ ਵਰਦੀ ਪਾਉਣ ਦਾ ਬਹੁਤ ਸੌਂਕ ਸੀ| ਮੈ ਫਿਰੋਜ਼ਪੁਰ ਆਰ ਐਸ ਡੀ ਕਾਲਜ਼ ਵਿੱਚ ਪੜ੍ਹਦਾ ਪੜ੍ਹਦਾ ਫੌਜ਼ ਵਿੱਚ ਭਰਤੀ ਹੋ ਗਿਆ| ਜੁਲਾਈ 1984 ਨੂੰ ਮੈ ਅਾਰਟੀਲੇਰੀ [ਤੋਪਖਾਨੇ] ਦੇ ਵਿੱਚ ਇੱਕ ਟੈਕਨੀਕਲ ਅਸਿਸਟੈਂਟ ਵਜੋਂ ਭਰਤੀ ਹੋ ਗਿਆ| ਆਂਧਰਾ ਪ੍ਰਦੇਸ਼ ਦੀ ਰਾਜਧਾਨੀ ਹੈਦਰਾਬਾਦ ਵਿੱਚ ਟ੍ਰੇਨਿੰਗ ਕਰਕੇ ਥਰੀ ਮੀਡੀਅਮ ਰੇਜਿਮੇੰਟ ਵਿੱਚ ਬਤੋਰ ਸਿਪਾਹੀ ਡਿਊਟੀ ਕਰਨ ਲਗ ਪਿਆ| ਮਿਹਨਤ ਤੇ ਲਗਨ ਕਰਕੇ ਮੈ ਬਹੁਤ ਜਲਦੀ ਤੋਪਾਂ ਦਾ ਇੰਸਟ੍ਰਕਟਰ ਬਣ ਗਿਆ ਤੇ ਮੇਰਾ ਪ੍ਰਮੋਸ਼ਨ ਵੀ ਹੋ ਗਿਆ ਯਾਨੀ ਕਿ ਮੈ ਸੂਬੇਦਾਰ ਬਣ ਗਿਆ| ਪੂਰੇ 28 ਸਾਲ ਦੇਸ਼ ਦੀ ਸੇਵਾ ਕੀਤੀ|

ਮੇਰਾ ਇਕ ਬੇਟਾ ਹੈ ਜੋ ਪਹਿਲਾਂ ਪੇਸ਼ੇ ਵਜੋਂ ਵਕੀਲ ਬਣਿਆ ਤੇ ਫਿਰ ਬਤੌਰ ਅਲਾਈਡ ਪੀ. ਸੀ. ਐਸ. ਆਫੀਸਰ ਵਜੋਂ ਨਵੇਂ ਸ਼ਹਿਰ ਵਿਖੇ ਲੇਬਰ ਇਨਫੋਰਸਮੈਂਟ ਆਫ਼ਿਸਰ ਦੀ ਡਿਊਟੀ ਕਰ ਰਿਹਾ ਹੈ| ਉਸ ਦੇ ਦੋ ਬੱਚੇ ਵੀ ਹਨ|

ਜੇ ਕਰ ਮੈ ਗੱਲ ਕਰਾਂ ਹੁਣ ਲਿਖਣ ਦੀ| ਮੇਰੀਆਂ ਲਿਖੀਆਂ ਚਾਰ ਕੈਸੇਟਾਂ ਟੀ ਸੀਰੀਜ਼ ਤੋਂ ਰਿਲੀਜ਼ ਹੋਈਆਂ ਹਨ| ਪਰ ਉਹ ਚਾਰੇ ਹੀ ਧਾਰਮਿਕ ਕੈਸੇਟਾਂ ਬਾਬਾ ਨਿਰਮਲ ਸਿੰਘ ਜੀ ਪੱਥਰ ਸਾਹਿਬ ਵਾਲਿਆਂ ਨੇ ਰਿਕਾਰਡ ਕਰਵਾਈਆਂ ਸਨ| ਜਿਹਨਾਂ ਨੂੰ ਦਰਸ਼ਨ ਕੁਮਾਰ ਜੀ ਨੇ ਰਿਲੀਜ਼ ਕੀਤਾ ਸੀ| ਫੌਜ਼ ਦੀ ਨੌਕਰੀ ਦੌਰਾਨ ਹੀ ਮੈਨੂੰ ਐਲ ਓ ਸੀ ਕਾਰਗਿਲ ਫਿਲਮ ਵਿੱਚ ਕਰੀਨਾ ਕਪੂਰ ਜੀ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਸੀ| ਜੇ ਪੀ ਦੱਤਾ ਜੀ ਨੇ ਮੈਨੂੰ ਇਹ ਅਵਸਰ ਦਿੱਤਾ ਸੀ| ਫੌਜ਼ ਵਿੱਚ ਰਹਿੰਦਿਆਂ ਮੈ ਬਹੁਤਾ ਕੁਝ ਹੋਰ ਨਹੀਂ ਸੀ ਲਿਖ ਸਕਿਆ ਕਿਉਂਕਿ ਪਬੰਦੀਆ ਬਹੁਤ ਹੁੰਦੀਆਂ ਹਨ| ਪਰ ਸ਼ੌਕ ਨੂੰ ਮੈ ਜਿਆਦਾ ਦੇਰ ਨਹੀਂ ਰੌਕ ਸਕਿਆ| ਰਿਟਾਇਰਮੈਂਟ ਹੁੰਦਿਆਂ ਹੀ ਮੈਂ ਕਲਮ ਚੁੱਕ ਲਈ| ਸਭ ਤੋਂ ਪਹਿਲਾਂ ਮੈ ਸਿਰਫ ਦੇਸ਼ ਸੇਵਕ ਦੇ ਮਿਡਲ ਕਾਲਮ ਲਈ ਲਿਖਦਾ ਸੀ| ਹੌਲੀ ਹੌਲੀ ਮੇਰੀਆਂ ਕਵਿਤਾਵਾਂ ਵੀ ਰਸਾਲਿਆਂ ਤੇ ਮੈਗਜ਼ੀਨਾਂ ਵਿੱਚ ਛਪਣੀਆਂ ਸ਼ੁਰੂ ਗਈਆਂ| ਫਿਰ ਮੈ ਨਿੱਕੀਆਂ ਕਹਾਣੀਆਂ ਤੇ ਵੱਡੀਆਂ ਕਹਾਣੀਆਂ ਵੀ ਲਿਖਣ ਲਗ ਪਿਆ|

ਹੁਣ ਤਕ ਮੇਰੇ ਅਜੀਤ, ਸਪੋਕਸਮੈਨ, ਰੋਜ਼ਾਨਾ ਪਹਿਰੇਦਾਰ, ਹਮਦਰਦ ਨਿਊਜ਼ ਪੇਪਰ, ਪੰਜਾਬੀ ਜਾਗਰਣ, ਅੱਜ ਦੀ ਆਵਾਜ਼, ਸੱਚ ਦੀ ਆਵਾਜ਼, ਆਸ਼ਿਆਨਾ, ਅਕਾਲੀਪਤ੍ਰਿਕਾ, ਚੜ੍ਹਦੀਕਲਾ, ਪੰਜਾਬੀ ਪੋਸਟ ਕਨੈਡਾ, ਪੰਜਾਬ ਪੋਸਟ ਕਨੈਡਾ, ਪ੍ਰੀਤਨਾਮਾਂ ਯੂ ਐਸ ਏ, ਦੇਸ਼ ਸੇਵਕ, ਪੰਜਾਬੀ ਟ੍ਰਿਬਿਊਨ, ਲੋਕ ਭਲਾਈ ਸੁਨੇਹਾ, ਸੱਚ ਕਹੁ , ਸੰਤ ਸਿਪਾਹੀ, ਕਲਾਕਾਰਾਂ ਨਾਲ ਰਾਬਤਾ, ਪੰਜ ਦਰਿਆ ਤੇ ਪਰਵਾਸੀ ਨਿਊਜ਼ ਪੇਪਰ, ਪੰਜਾਬ ਪੋਸਟ, ਸ਼ਬਦਾਂ ਦਾ ਕਾਫ਼ਲਾ| ਆਕਾਸ਼ਵਾਣੀ ਰੇਡੀਉ ਤੋਂ ਮਿੰਨੀ ਕਹਾਣੀਆਂ। ਓਨਏਅਰ, ਜੱਗਬਾਣੀ ਟੀਵੀ ਚੈਨਲ, ਸਪੋਕਸਮੈਨ ਟੀਵੀ ਚੈਨਲ, ਚੜ੍ਹਦੀ ਕਲਾ ਟੀਵੀ ਚੈਨਲ ਤੋਂ ਵੀ ਮੇਰੀਆਂ ਰਚਨਾਵਾਂ ਆਉਂਦੀਆਂ ਹੀ ਰਹਿੰਦੀਆਂ ਹਨ|
***
Subedar Jasvinder Singh Bhularia
e-mail:jaswinder.bhuleria.1@gmail.com

+91 75891 55501

ਸੂਬੇਦਾਰ ਜਸਵਿੰਦਰ ਸਿੰਘ ਭੁਲੇਰੀਆ

ਸਵੈ-ਕਥਨ: ਮੈਂ ਸੂਬੇਦਾਰ ਜਸਵਿੰਦਰ ਸਿੰਘ ਭੁਲੇਰੀਆ ਮੇਰਾ ਜਨਮ 24 ਅਗਸਤ 1965 ਨੂੰ ਪਿੰਡ ਮਮਦੋਟ ਜਿਲ੍ਹਾ ਫਿਰੋਜ਼ਪੁਰ ਵਿੱਚ ਹੋਇਆ| ਮੇਰੀ ਮਾਤਾ ਸੁਰਜੀਤ ਕੌਰ ਤੇ ਪਿਤਾ ਸ. ਬਘੇਲ ਸਿੰਘ ਦੇ ਘਰ ਚਾਰ ਪੁੱਤਰ ਹੋਏ ਮੈ ਸਾਰਿਆ ਤੋਂ ਛੋਟਾ ਹਾਂ। ਮੈ ਦਸਵੀ ਜਮਾਤ ਤੱਕ ਪੜ੍ਹਾਈ [ਸ਼ਹੀਦ ਰਾਮ ਕਿਸ਼ਨ ਵਧਵਾ ਮਹਾਂਵੀਰ ਚੱਕਰ] ਸਰਕਾਰੀ ਹਾਈ ਸਕੂਲ ਮਮਦੋਟ ਵਿੱਚ ਕੀਤੀ| ਮੇਰਾ ਪਿੰਡ ਬਿਲਕੁਲ ਪਾਕਿਸਤਾਨ ਦੀ ਹੱਦ ਉਤੇ ਸਥਿਤ ਹੈ| 1988 ਤੋਂ ਪਹਿਲਾਂ ਜਦੋ ਸਰਹੱਦ ਉਤੇ ਤਾਰਬੰਦੀ ਨਹੀਂ ਕੀਤੀ ਸੀ ਉਸ ਵਕਤ ਲਹਿੰਦੇ ਪੰਜਾਬ ਤੇ ਸਾਡੇ ਚੜ੍ਹਦੇ ਪੰਜਾਬ ਦੇ ਲੋਕ ਭਾਵੇ ਇੱਕ ਦੂਜੇ ਨਾਲ ਨਹੀਂ ਸਨ, ਗਲਬਾਤ ਕਰ ਸਕਦੇ ਸਨ ਅਤੇ ਫਿਰ ਵੀ ਅਾਹਮੋ-ਸਾਹਮਣੇ ਕੰਮ ਕਰਦੇ ਨਜ਼ਰ ਆਉਂਦੇ ਰਹਿੰਦੇ ਸਨ| ਜਦੋਂ ਦੀ ਤਾਰਬੰਦੀ ਹੋ ਗਈ ਹੈ| ਉਸ ਸਮੇ ਤੋਂ ਲੋਕਾਂ ਦੀ ਆਪਸ ਵਿੱਚ ਦੂਰੀ ਹੋ ਗਈ ਹੈ| ਮਮਦੋਟ ਕਿਸੇ ਸਮੇਂ ਵਿੱਚ ਇਕ ਰਿਆਸਤ ਵਜੋਂ ਜਾਣਿਆ ਜਾਂਦਾ ਸੀ| ਮਹਾਰਾਜਾ ਰਣਜੀਤ ਸਿੰਘ ਨੇ ਜਦੋਂ ਫਰਵਰੀ 1807 ਵਿੱਚ, ਕਸੂਰ ਉੱਤੇ ਚੜ੍ਹਾਈ ਕੀਤੀ ਅਤੇ ਕੁਤਬੁੱਦੀਨ ਨੂੰ ਸੱਤਾ ਤੋਂ ਹਟਾ ਦਿੱਤਾ, ਮਹਾਰਾਜਾ ਨੇ ਕੁਤਬੁੱਦੀਨ ਨੂੰ ਮਮਦੋਟ ਦੇ 84 ਪਿੰਡਾਂ ਦੀ ਜਾਗੀਰ ਦੇ ਕੇ ਇਥੋਂ ਦਾ ਨਵਾਬ ਬਣਾ ਦਿੱਤਾ ਸੀ। ਮਮਦੋਟ ਦੇ ਨਵਾਬ ਇਫਤਿਖਾਰ ਹੁਸੈਨ ਖਾਨ, ਵੰਡ ਤੋਂ ਬਾਅਦ ਵਿੱਚ ਪਾਕਿਸਤਾਨ ਦੇ ਲਹਿੰਦੇ ਪੰਜਾਬ ਦੇ ਪਹਿਲੇ ਮੁੱਖ ਮੰਤਰੀ ਬਣੇ ਸਨ| ਜਦੋਂ ਵੀ ਕਦੇ ਪਾਕਿਸਤਾਨ ਤੇ ਭਾਰਤ ਵਿਚ ਕੋਈ ਖਟਾਸ ਪੈਦਾ ਹੁੰਦੀ ਹੈ ਤੇ ਸਾਨੂੰ ਆਪਣਾ ਘਰ ਬਾਰ ਛੱਡਣਾ ਪੈਂਦਾ ਹੈ| ਭਾਵੇਂ ਜੰਗ 1965 ਦੀ ਹੋਵੇ ਭਾਵੇਂ 1971 ਦੀ ਤੇ ਭਾਵੇਂ ਕਾਰਗਿਲ ਦਾ ਯੁੱਧ| ਸਾਨੂੰ ਇਥੋਂ ਆਪਣਾ ਜੂਲੀ ਬਿਸਤਰਾ ਗੋਲ ਕਰਨਾ ਹੀ ਪੈਂਦਾ ਹੈ| ਪਿੰਡ ਬਾਰਡਰ ਤੇ ਹੋਣ ਕਰਕੇ ਇੱਥੇ ਅੱਜ ਤਕ ਵੀ ਕਾਲਜ ਨਹੀਂ ਬਣਿਆ |ਸਾਨੂੰ ਉਦੋਂ ਵੀ ਤੇ ਹੁਣ ਵੀ ਅਗੇ ਪੜ੍ਹਨ ਲਈ ਫਿਰੋਜ਼ਪੁਰ ਜਾਣਾ ਪੈਂਦਾ ਹੈ| ਸਾਡੇ ਸਕੂਲ ਤੇ ਬੀ. ਐਸ. ਐਫ. ਦੀ ਗਰਾਉਂਡ ਨਾਲੋ ਨਾਲ ਹੋਣ ਕਰਕੇ ਸਾਨੂੰ ਵੀ ਫੌਜ਼ ਦੀ ਵਰਦੀ ਪਾਉਣ ਦਾ ਬਹੁਤ ਸੌਂਕ ਸੀ| ਮੈ ਫਿਰੋਜ਼ਪੁਰ ਆਰ ਐਸ ਡੀ ਕਾਲਜ਼ ਵਿੱਚ ਪੜ੍ਹਦਾ ਪੜ੍ਹਦਾ ਫੌਜ਼ ਵਿੱਚ ਭਰਤੀ ਹੋ ਗਿਆ| ਜੁਲਾਈ 1984 ਨੂੰ ਮੈ ਅਾਰਟੀਲੇਰੀ [ਤੋਪਖਾਨੇ] ਦੇ ਵਿੱਚ ਇੱਕ ਟੈਕਨੀਕਲ ਅਸਿਸਟੈਂਟ ਵਜੋਂ ਭਰਤੀ ਹੋ ਗਿਆ| ਆਂਧਰਾ ਪ੍ਰਦੇਸ਼ ਦੀ ਰਾਜਧਾਨੀ ਹੈਦਰਾਬਾਦ ਵਿੱਚ ਟ੍ਰੇਨਿੰਗ ਕਰਕੇ ਥਰੀ ਮੀਡੀਅਮ ਰੇਜਿਮੇੰਟ ਵਿੱਚ ਬਤੋਰ ਸਿਪਾਹੀ ਡਿਊਟੀ ਕਰਨ ਲਗ ਪਿਆ| ਮਿਹਨਤ ਤੇ ਲਗਨ ਕਰਕੇ ਮੈ ਬਹੁਤ ਜਲਦੀ ਤੋਪਾਂ ਦਾ ਇੰਸਟ੍ਰਕਟਰ ਬਣ ਗਿਆ ਤੇ ਮੇਰਾ ਪ੍ਰਮੋਸ਼ਨ ਵੀ ਹੋ ਗਿਆ ਯਾਨੀ ਕਿ ਮੈ ਸੂਬੇਦਾਰ ਬਣ ਗਿਆ| ਪੂਰੇ 28 ਸਾਲ ਦੇਸ਼ ਦੀ ਸੇਵਾ ਕੀਤੀ| ਮੇਰਾ ਇਕ ਬੇਟਾ ਹੈ ਜੋ ਪਹਿਲਾਂ ਪੇਸ਼ੇ ਵਜੋਂ ਵਕੀਲ ਬਣਿਆ ਤੇ ਫਿਰ ਬਤੌਰ ਅਲਾਈਡ ਪੀ. ਸੀ. ਐਸ. ਆਫੀਸਰ ਵਜੋਂ ਨਵੇਂ ਸ਼ਹਿਰ ਵਿਖੇ ਲੇਬਰ ਇਨਫੋਰਸਮੈਂਟ ਆਫ਼ਿਸਰ ਦੀ ਡਿਊਟੀ ਕਰ ਰਿਹਾ ਹੈ| ਉਸ ਦੇ ਦੋ ਬੱਚੇ ਵੀ ਹਨ| ਜੇ ਕਰ ਮੈ ਗੱਲ ਕਰਾਂ ਹੁਣ ਲਿਖਣ ਦੀ| ਮੇਰੀਆਂ ਲਿਖੀਆਂ ਚਾਰ ਕੈਸੇਟਾਂ ਟੀ ਸੀਰੀਜ਼ ਤੋਂ ਰਿਲੀਜ਼ ਹੋਈਆਂ ਹਨ| ਪਰ ਉਹ ਚਾਰੇ ਹੀ ਧਾਰਮਿਕ ਕੈਸੇਟਾਂ ਬਾਬਾ ਨਿਰਮਲ ਸਿੰਘ ਜੀ ਪੱਥਰ ਸਾਹਿਬ ਵਾਲਿਆਂ ਨੇ ਰਿਕਾਰਡ ਕਰਵਾਈਆਂ ਸਨ| ਜਿਹਨਾਂ ਨੂੰ ਦਰਸ਼ਨ ਕੁਮਾਰ ਜੀ ਨੇ ਰਿਲੀਜ਼ ਕੀਤਾ ਸੀ| ਫੌਜ਼ ਦੀ ਨੌਕਰੀ ਦੌਰਾਨ ਹੀ ਮੈਨੂੰ ਐਲ ਓ ਸੀ ਕਾਰਗਿਲ ਫਿਲਮ ਵਿੱਚ ਕਰੀਨਾ ਕਪੂਰ ਜੀ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਸੀ| ਜੇ ਪੀ ਦੱਤਾ ਜੀ ਨੇ ਮੈਨੂੰ ਇਹ ਅਵਸਰ ਦਿੱਤਾ ਸੀ| ਫੌਜ਼ ਵਿੱਚ ਰਹਿੰਦਿਆਂ ਮੈ ਬਹੁਤਾ ਕੁਝ ਹੋਰ ਨਹੀਂ ਸੀ ਲਿਖ ਸਕਿਆ ਕਿਉਂਕਿ ਪਬੰਦੀਆ ਬਹੁਤ ਹੁੰਦੀਆਂ ਹਨ| ਪਰ ਸ਼ੌਕ ਨੂੰ ਮੈ ਜਿਆਦਾ ਦੇਰ ਨਹੀਂ ਰੌਕ ਸਕਿਆ| ਰਿਟਾਇਰਮੈਂਟ ਹੁੰਦਿਆਂ ਹੀ ਮੈਂ ਕਲਮ ਚੁੱਕ ਲਈ| ਸਭ ਤੋਂ ਪਹਿਲਾਂ ਮੈ ਸਿਰਫ ਦੇਸ਼ ਸੇਵਕ ਦੇ ਮਿਡਲ ਕਾਲਮ ਲਈ ਲਿਖਦਾ ਸੀ| ਹੌਲੀ ਹੌਲੀ ਮੇਰੀਆਂ ਕਵਿਤਾਵਾਂ ਵੀ ਰਸਾਲਿਆਂ ਤੇ ਮੈਗਜ਼ੀਨਾਂ ਵਿੱਚ ਛਪਣੀਆਂ ਸ਼ੁਰੂ ਗਈਆਂ| ਫਿਰ ਮੈ ਨਿੱਕੀਆਂ ਕਹਾਣੀਆਂ ਤੇ ਵੱਡੀਆਂ ਕਹਾਣੀਆਂ ਵੀ ਲਿਖਣ ਲਗ ਪਿਆ| ਹੁਣ ਤਕ ਮੇਰੇ ਅਜੀਤ, ਸਪੋਕਸਮੈਨ, ਰੋਜ਼ਾਨਾ ਪਹਿਰੇਦਾਰ, ਹਮਦਰਦ ਨਿਊਜ਼ ਪੇਪਰ, ਪੰਜਾਬੀ ਜਾਗਰਣ, ਅੱਜ ਦੀ ਆਵਾਜ਼, ਸੱਚ ਦੀ ਆਵਾਜ਼, ਆਸ਼ਿਆਨਾ, ਅਕਾਲੀਪਤ੍ਰਿਕਾ, ਚੜ੍ਹਦੀਕਲਾ, ਪੰਜਾਬੀ ਪੋਸਟ ਕਨੈਡਾ, ਪੰਜਾਬ ਪੋਸਟ ਕਨੈਡਾ, ਪ੍ਰੀਤਨਾਮਾਂ ਯੂ ਐਸ ਏ, ਦੇਸ਼ ਸੇਵਕ, ਪੰਜਾਬੀ ਟ੍ਰਿਬਿਊਨ, ਲੋਕ ਭਲਾਈ ਸੁਨੇਹਾ, ਸੱਚ ਕਹੁ , ਸੰਤ ਸਿਪਾਹੀ, ਕਲਾਕਾਰਾਂ ਨਾਲ ਰਾਬਤਾ, ਪੰਜ ਦਰਿਆ ਤੇ ਪਰਵਾਸੀ ਨਿਊਜ਼ ਪੇਪਰ, ਪੰਜਾਬ ਪੋਸਟ, ਸ਼ਬਦਾਂ ਦਾ ਕਾਫ਼ਲਾ| ਆਕਾਸ਼ਵਾਣੀ ਰੇਡੀਉ ਤੋਂ ਮਿੰਨੀ ਕਹਾਣੀਆਂ। ਓਨਏਅਰ, ਜੱਗਬਾਣੀ ਟੀਵੀ ਚੈਨਲ, ਸਪੋਕਸਮੈਨ ਟੀਵੀ ਚੈਨਲ, ਚੜ੍ਹਦੀ ਕਲਾ ਟੀਵੀ ਚੈਨਲ ਤੋਂ ਵੀ ਮੇਰੀਆਂ ਰਚਨਾਵਾਂ ਆਉਂਦੀਆਂ ਹੀ ਰਹਿੰਦੀਆਂ ਹਨ| *** Subedar Jasvinder Singh Bhularia e-mail:jaswinder.bhuleria.1@gmail.com +91 75891 55501

View all posts by ਸੂਬੇਦਾਰ ਜਸਵਿੰਦਰ ਸਿੰਘ ਭੁਲੇਰੀਆ →