ਬਟਵਾਰਾ
ਕੱਲ ਸਨ ਵੱਸਦੇ ਵਾਂਗ ਭਰਾਵਾਂ,
ਅੱਜ ਕਿਉਂ ਡੌਲ਼ਿਉਂ ਟੁੱਟੀਆਂ ਬਾਹਾਂ,
ਦਿਲਾਂ ‘ਚ ਮਜ਼ੵਬੀ ਜ਼ਹਿਰ ਵਸਾਇਆ
ਕੁਦਰਤ ਉੱਤੇ ਕਾਹਦਾ ਰੋਸ।
ਹੋਸ਼ਾਂ ਨੂੰ ਜਦ ਹੋਸ਼ ਸੀ ਆਏ
ਤਦ ਹੋਸ਼ ਗੁਆ ਚੁੱਕੇ ਸਨ ਹੋਸ਼॥
ਸਾਡਾ ਘਰ ਸੀ ਸੁੱਖੀਂ ਲੱਦਿਆ
ਹੱਸਦੇ ਵੱਸਦੇ ਸੀ ਸੱਭ ਭਾਈ,
ਇੱਕ ਦੂਜੇ ਦੇ ਦੁੱਖ-ਸੁੱਖ ਸਾਂਝੇ
ਹਿੰਦੂ, ਮੁਸਲਮ, ਸਿੱਖ, ਇਸਾਈ,
ਲਹੂਆਂ ਦੇ ਦਰਿਆ ਵਗ ਨਿਕਲ਼ੇ
ਐਸੀ ਮਜ਼ੵਬੀ ਛੁਰੀ ਚਲਾਈ,
ਹਰ ਪਾਸੇ ਲਾਸ਼ਾਂ ਦੇ ਸੱਥਰ
ਖੂਨੀ ਕਹਿਰ ਦੀ ‘ਨ੍ਹੇਰੀ ਛਾਈ,
ਐਸਾ ਰੱਬੀ ਕਹਿਰ ਵਰਤਿਆ
ਜਾਂ ਕੁਦਰਤ ਦਾ ਕਹਿ ਲਉ ਦੋਸ਼।
ਹੋਸ਼ਾਂ ਨੂੰ ਜਦ ਹੋਸ਼ ਸੀ ਆਏ
ਤਦ ਹੋਸ਼ ਗੁਆ ਚੁੱਕੇ ਸਨ ਹੋਸ਼॥
ਤੱਕ ਬਟਵਾਰਾ ਨਿਰਦੋਸ਼ਾਂ ਦਾ
ਰੱਬ ਦੀ ਅੱਖ ਵੀ ਰੋਈ ਹੋਣੀ,
ਲੱਖਾਂ ਘਰਾਂ ‘ਚ ਵੈਣ ਪੈ ਗਏ
ਵਾਪਰੀ ਕਿਉਂ ਘਟਨਾ ਅਣਹੋਣੀ,
ਭਾਈਆਂ ਦੇ ਭਾਈ ਬਣ ਗਏ ਵੈਰੀ
ਐਸੀ ਵਗੀ ਕੋਈ ਹਵਾ ਡਰਾਉਣੀ,
ਗ਼ਮ ਤੇ ਡਰ ਦੇ ਬੱਦਲ਼ ਛਾਏ
ਹਰ ਘਰ ਆਈ ਮੌਤ ਪ੍ਰਾਹੁਣੀ,
ਕੌਣ, ਕਿਹਨੂੰ ਤੇ ਕਿਉਂ ਮਾਰਦਾ
ਐਨਾ ਕਿੱਥੇ ਕਿਸੇ ਨੂੰ ਹੋਸ਼।
ਹੋਸ਼ਾਂ ਨੂੰ ਜਦ ਹੋਸ਼ ਸੀ ਆਏ
ਤਦ ਹੋਸ਼ ਗੁਆ ਚੁੱਕੇ ਸਨ ਹੋਸ਼॥
ਧਰਤੀ ਵੰਡੀ, ਪਾਣੀ ਵੰਡ ਲਏ
ਸੋਹਣਾ ਦੇਸ਼ ਪੰਜਾਬ ਵੰਡ ਲਿਆ,
ਅਰਮਾਨਾਂ ਦੀ ਵੱਢ-ਟੁੱਕ ਕਰਕੇ
ਜੰਨਤ ਵਰਗਾ ਖ਼ਾਬ ਵੰਡ ਲਿਆ,
ਅਕਲਾਂ ਦੇ ਕੱਦ ਬੌਣੇ ਕਰਕੇ
ਰਾਵੀ-ਬਿਆਸ, ਚਨਾਬ ਵੰਡ ਲਿਆ,
ਲਾਜ ‘ਨਾ ਲੱਦੇ ਘੁੰਡ ਵੀ ਵੰਡੇ
ਹਯਾ ਭਰਿਆ ਨਕਾਬ ਵੰਡ ਲਿਆ,
ਅੱਗਾਂ ਲਾਈਆਂ, ਵੱਢ-ਵੱਢਾਂਗੇ
ਦਇਆ-ਰਹਿਮ ਹੋਏ ਰੂਹ-ਪੋਸ਼।
ਹੋਸ਼ਾਂ ਨੂੰ ਜਦ ਹੋਸ਼ ਸੀ ਆਏ
ਤਦ ਹੋਸ਼ ਗੁਆ ਚੁੱਕੇ ਸਨ ਹੋਸ਼॥
ਅਬਲਾਵਾਂ ਦੀ ਅਸਮਤ ਲੁੱਟੀ
ਕੋਈ ਨਾ ਸੁਣਦਾ ਕੂਕ-ਪੁਕਾਰ,
ਧੰਨ-ਮਾਲ, ਜਾਇਦਾਦਾਂ ਲੁੱਟੀਆਂ
ਹਰ ਪਾਸੇ ਮਚੀ ਹਾਹਾ-ਕਾਰ,
ਖੇਰੂੰ-ਖੇਰੂੰ ਅਮਨ ਹੋ ਗਿਆ
ਹਰ ਹੱਥ ਵਿੱਚ ਖੂਨੀ ਤਲਵਾਰ,
ਇਨਸਾਨ ਦਰਿੰਦੇ ਬਣ ਬੈਠੇ ਸਨ
ਭੁੱਲ ਚੁੱਕੇ ਸਭ ਤੇਹ-ਮੋਹ ਪਿਆਰ,
ਖੁਸ਼ੀਆਂ ਦੇ ਵਿੱਚ ਹੱਸਦੇ-ਵੱਸਦੇ
ਗਹਿਰੇ ਦੁਸ਼ਮਣ ਬਣ ਗਏ ਲੋਕ।
ਹੋਸ਼ਾਂ ਨੂੰ ਜਦ ਹੋਸ਼ ਸੀ ਆਏ
ਤਦ ਹੋਸ਼ ਗੁਆ ਚੁੱਕੇ ਸਨ ਹੋਸ਼॥
ਮੰਦਰ ਸਾੜੇ, ਮਸਜਦ ਢਾਹੀ
ਰੇਲ ਗੱਡੀਆਂ ਸਾੜੀਆਂ ਗਈਆਂ,
ਜਿਊਂਦਿਆਂ ਦੇ ਪਾ ਟਾਇਰ ਗਲ਼ਾਂ ਵਿਚ
ਅੱਜ ਵੀ ਅੱਗਾਂ ਲਾਈਆਂ ਗਈਆਂ,
ਸਿਰ ਦੇ ਕੇਸ ਦਾੜ੍ਹੀਆਂ ਮੁੰਨ ਕੇ
ਸਿਰ-ਦਸਤਾਰਾਂ ਲਾਹੀਆਂ ਗਈਆਂ,
‘ਵੱਡੇ ਰੁੱਖ ਦੇ ਡਿਗਣ-ਧਮਕ ‘ਨਾ
ਧਰਤੀਆਂ ਅੱਜ ਹਿਲਾਈਆਂ ਗਈਆਂ’,
ਸੁਰਤ ਸੰਭਾਲ਼ੋ ਤੇ ਵਕਤ ਵਿਚਾਰੋ
ਐਵੇਂ ਨਾ ਧਰੋ ਗ਼ੈਰ ‘ਤੇ ਦੋਸ਼।
‘ਭੋਗਲ’ ਜੇ ਅੱਜ ਹੋਸ਼ ਨਾ ਕੀਤੀ
ਹੋਸ਼ਾਂ ਨੂੰ ਨਹੀਂ ਆਉਣੇ ਹੋਸ਼।
ਹੋਸ਼ਾਂ ਨੂੰ ਜਦ ਹੋਸ਼ ਸੀ ਆਏ
ਤਦ ਹੋਸ਼ ਗੁਆ ਚੁੱਕੇ ਸਨ ਹੋਸ਼॥
***
ਨਛੱਤਰ ਸਿੰਘ ਭੋਗਲ
“ਭਾਖੜੀਆਣਾ” (U.K) |