27 July 2024

ਤਿੰਨ ਕਵਿਤਾਵਾਂ: 1. ਸ਼ਹੀਦ ਊਧਮ ਸਿੰਘ ਜੀ, 2. ਕਲਮਾਂ ਨੂੰ ਤਾਹਨਾਂ, ਅਤੇ 3. ਸ਼ੇਰ-ਏ-ਪੰਜਾਬ — ਨਛੱਤਰ ਸਿੰਘ ਭੋਗਲ, “ਭਾਖੜੀਆਣਾ” (U.K.)

1. ਸ਼ਹੀਦ ਊਧਮ ਸਿੰਘ ਜੀ

ਊਧਮ ਸਿੰਘ ਦਲੇਰ ਨੂੰ, ਜਦ ਵੀ ਬਾਗ਼ ਦਾ ਚੇਤਾ ਆਉਂਦਾ।
ਗ਼ੁੱਸੇ ਵਾਲੀ ਅੱਗ ਦਾ ਭਾਂਬੜ, ਦਿਲ ਨੂੰ ਲਾਂਬੂ ਲਾਉਂਦਾ॥

ਟਹਿਲ ਸਿੰਘ ਦੀ ਅੱਖ ਦਾ ਤਾਰਾ, ਉੱਤਮ ਪੁੱਤ ਬਲਕਾਰ,
ਨਰਾਇਣ ਕੌਰ ਨੇ ਕੁੱਖੋਂ ਜਾਇਆ, ਸੋਹਣਾ ਬਰਖੁਰਦਾਰ,
ਸੁਨਾਮ ਸ਼ਹਿਰ ਵਿੱਚ ਜੰਮਿਆ ਸੂਰਾ, ਯੋਧਾ ਪੁੱਤ ਕਹਾਉਂਦਾ।
ਊਧਮ ਸਿੰਘ ਦਲੇਰ ਨੂੰ, ਜਦ ਵੀ ਬਾਗ਼ ਦਾ ਚੇਤਾ ਆਉਂਦਾ।
ਗ਼ੁੱਸੇ ਵਾਲੀ ਅੱਗ ਦਾ ਭਾਂਬੜ, ਦਿਲ ਨੂੰ ਲਾਂਬੂ ਲਾਉਂਦਾ॥

ਬਚਪਨ ਉਮਰੇ ਸਿਰ ਤੋਂ ਉੱਠਿਆ, ਮਾਪਿਆਂ ਵਾਲਾ ਸਾਇਆ,
ਯਤੀਮਖ਼ਾਨੇ ਦੇ ਵਿਹੜੇ ਅੰਦਰ, ਕੁੱਝ ਚਿਰ ਸਮਾਂ ਬਿਤਾਇਆ ,
ਬਿਖੜੇ ਪੈਂਡਿਆਂ ਵਿੱਚੋਂ ਲੰਘਕੇ, ਜੀਵਨ ਪੰਧ ਬਣਾਉਂਦਾ।
ਊਧਮ ਸਿੰਘ ਦਲੇਰ ਨੂੰ, ਜਦ ਵੀ ਬਾਗ਼ ਦਾ ਚੇਤਾ ਆਉਂਦਾ।
ਗ਼ੁੱਸੇ ਵਾਲੀ ਅੱਗ ਦਾ ਭਾਂਬੜ, ਦਿਲ ਨੂੰ ਲਾਂਬੂ ਲਾਉਂਦਾ॥

ਗੋਲ਼ੀਆਂ ਦੀ ਸੁਣ ਤੜ-ਤੜ ਸੂਰਾ, ਸਹਿਮਿਆ ਤੇ ਸੀ ਡਰਿਆ,
ਲਹੂ ‘ਚ ਲੱਥ-ਪੱਥ ਲੋਥਾਂ ਡਿਠੀਆਂ, ਖੂਹ ਲਾਸ਼ਾਂ ਨਾਲ ਭਰਿਆ,
ਉਸੇ ਦਿਨ ਤੋਂ ਬਦਲਾ ਲੈਣ ਦੀ, ਰਹਿੰਦਾ ਵਿਉਂਤ ਬਣਾਉਂਦਾ।
ਊਧਮ ਸਿੰਘ ਦਲੇਰ ਨੂੰ, ਜਦ ਵੀ ਬਾਗ਼ ਦਾ ਚੇਤਾ ਆਉਂਦਾ।
ਗ਼ੁੱਸੇ ਵਾਲੀ ਅੱਗ ਦਾ ਭਾਂਬੜ, ਦਿਲ ਨੂੰ ਲਾਂਬੂ ਲਾਉਂਦਾ॥

ਦਿਲ ਵਿੱਚ ਪੱਕੀ ਧਾਰ ਲਈ, ਮੈ ਦੇਸ਼ ਅਜ਼ਾਦ ਕਰਾਉਣਾ,
ਉਸ ਜਾਲਮ ਓਡਵਾਇਰ ਨੂੰ, ਆਪਣੇ ਹੱਥੀਂ ਮਾਰ ਮੁਕਾਉਣਾ,
ਨਿੱਤ ਕਚੀਚੀਆਂ ਵੱਟਦਾ ਰਹਿੰਦਾ, ਦਿਲ ਨੂੰ ਹਰਖ ਸਤਾਉਂਦਾ।
ਊਧਮ ਸਿੰਘ ਦਲੇਰ ਨੂੰ, ਜਦ ਵੀ ਬਾਗ਼ ਦਾ ਚੇਤਾ ਆਉਂਦਾ।
ਗ਼ੁੱਸੇ ਵਾਲੀ ਅੱਗ ਦਾ ਭਾਂਬੜ, ਦਿਲ ਨੂੰ ਲਾਂਬੂ ਲਾਉਂਦਾ॥

ਉਹ ਸੂਰਾ, ਉਹ ਸ਼ੇਰ ਬਹਾਦਰ, ਸ਼ੀਂਹਣੀ ਮਾਂ ਦਾ ਜਾਇਆ,
ਕੱਢ ਕਿਤਾਬ ‘ਚੋਂ ਪਿਸਟਲ ਆਪਣਾ, ਜਾਲਮ ਮਾਰ ਮੁਕਾਇਆ,
ਆਪ ਨੂੰ ਪੁਲਿਸ ਹਵਾਲੇ ਕਰਕੇ, ਹੱਥੀਂ ਕੜੀ ਲਵਾਉਂਦਾ।
ਊਧਮ ਸਿੰਘ ਦਲੇਰ ਨੂੰ, ਜਦ ਵੀ ਬਾਗ਼ ਦਾ ਚੇਤਾ ਆਉਂਦਾ।
ਗ਼ੁੱਸੇ ਵਾਲੀ ਅੱਗ ਦਾ ਭਾਂਬੜ, ਦਿਲ ਨੂੰ ਲਾਂਬੂ ਲਾਉਂਦਾ॥

ਇਸ਼ਕ ਹਕੀਕੀ ਕਰਨੇ ਵਾਲ਼ੇ, ਕਰਨ ਨਾ ਇਸ਼ਕ ਮਿਜ਼ਾਜੀ,
ਮੰਜ਼ਲ ਨੂੰ ਸਰ ਕਰਕੇ ਹੁੰਦਾ, ਇਸ਼ਟ ਉਹਨਾਂ ਦਾ ਰਾਜ਼ੀ,
ਭੋਗਲ ਤੱਕ ਕੁਰਬਾਨੀ ਉਹਦੀ, ਗੀਤ ਉਹਦੇ ਰਹੂ ਗਾਉਂਦਾ।
ਊਧਮ ਸਿੰਘ ਦਲੇਰ ਨੂੰ, ਜਦ ਵੀ ਬਾਗ਼ ਦਾ ਚੇਤਾ ਆਉਂਦਾ।
ਗ਼ੁੱਸੇ ਵਾਲੀ ਅੱਗ ਦਾ ਭਾਂਬੜ, ਦਿਲ ਨੂੰ ਲਾਂਬੂ ਲਾਉਂਦਾ॥
***

2. ਕਲਮਾਂ ਨੂੰ ਤਾਹਨਾਂ
(ਮਨੀਪੁਰ ਕਾਂਡ ਨੂੰ ਮੁੱਖ ਰੱਖਕੇ ਲਿਖੀ ਕਵਿਤਾ)

ਸੁੱਤੀਏ ਕਲਮੇਂ ਜਾਗ ਪੈ,
ਤੈਨੂੰ ਅਣਖ ਰਹੀ ਲਲਕਾਰ।
ਹੈ ਛਲਣੀਂ ਹੋਈ ਆਬਰੂ,
ਰੋਂਦੀ ਇੱਜ਼ਤ ਭੁੱਬਾਂ ਮਾਰ॥ 

ਨਿਰਬਸਤਰ ਤੱਕ ਬਿਚਾਰੀਆਂ,
ਸ਼ਰਮ ‘ਚ ਡੁੱਬਿਆ ਜੱਗ।
ਦਰਿੰਦਿਆਂ ਮੂਹਰੇ ਲਾ ਲਈਆਂ,
ਜਿਓਂ ਗਊਆਂ ਦਾ ਵੱਗ।।

ਜੋ ਰਾਜੇ ਰਾਣੇ ਜਨਮ ਦੀ,
ਉਹਨੂੰ ਨਾਨਕ ਦਿੱਤਾ ਮਾਣ।
ਤੁਸੀਂ ਕਰ ਅਬਲਾਵਾਂ ਨੰਗੀਆਂ,
ਕੀਤਾ ਰਹਿਬਰ ਦਾ ਅਪਮਾਨ॥

ਦੇਵਤਿਆਂ ਦੀ ਧਰਤ ‘ਤੇ,
ਹੈ ਜਮਦੂਤਾਂ ਦਾ ਰਾਜ।
ਬੇਪਤੀਆਂ ਹੋਵਣ ਦਿਨ ਖੜ੍ਹੇ,
ਇੱਜ਼ਤਾਂ ਦੇ ਉੱਡਣ ਪਾਜ॥

ਉੱਠ ਲੈ ਅੰਗੜਾਈ ਲਿਖਣ ਦੀ,
ਚੁੱਪ ਰਹਿਣ ਦੀ ਨੀਂਦ ਤਿਆਗ।
ਸੱਚ ਉਗਲ਼ਦੇ ਆਪਣੀ ਨਿੱਬ “ਚੋਂ,
ਪੜ੍ਹ, ਲੋਕ ਪੈਣਗੇ ਜਾਗ॥

ਧਰਮ ਦੇ ਨਾਂ ਤੇ ਵੇਖ ਲੈ,
ਰਹੇ ਆਪਣਾ ਸੌਦਾ ਵੇਚ।
ਜੱਗੋਂ ਬਾਹਰੀਆਂ ਹੋ ਰਹੀਆਂ,
ਤੈਨੂੰ ਰਤਾ ਨਾਂ ਲੱਗਾ ਸੇਕ॥

ਬਘਿਆੜਾਂ ਦੇ ਝੁੰਡ ਵੇਖ ਲੈ,
ਰਹੇ ਹਿਰਨੀਆਂ ਨੂੰ ਪੁਚਕਾਰ। 
ਮਨ ਆਈ ਜਿਹੜੀ ਅੱਖ ਥੱਲੇ,
ਇਹ ਉਹਦਾ ਕਰਨ ਸ਼ਿਕਾਰ॥

ਸ਼ਰਮਾਂ ਨੇ ਘੁੰਡ ਕੱਢ ਲਏ,
ਸਾਡਾ ਵਿਰਸਾ ਚੁੱਕਾ ਖੋ।
ਹੋਈ ਦਾਗੀ ਚਿੱਟੀ ਪੱਗ ਹੈ,
ਰਹੀ ਅੱਗ ਦੇ ਅੱਥਰੂ ਰੋ॥

ਹੱਥ ਜੋੜੇ ਅੱਖਾਂ ਮੀਟੀਆਂ,
ਬੈਠੇ ਗਲ਼ਾਂ “ਚ ਪਰਨੇ ਪਾ।
ਬਣ ਕੇ ਬਗਲੇ ਭਗਤ ਇਹ,
ਕਈ ਡੱਡਾਂ ਜਾਣ ਪਚਾ॥

ਦੇ ਲਾਲਚ ਅਤੇ ਤਰੱਕੀਆਂ,
ਲੈਂਦੇ ਚੁੰਗਲ ਵਿਚ ਫ਼ਸਾ।
ਇਨਸਾਨੀਅਤ ਛਿੱਕੇ ਟੰਗ ਕੇ,
ਅੱਗ ਹਵਸ ਦੀ ਰਹੇ ਬੁਝਾ॥

ਦੇਵੀ ਪੂਜਾ ਕਰਨ ਲਈ,
ਮੂਰਤੀ ਤਾਂਈਂ ਸਜਾਇਆ ਜਾਂਦਾ।
ਅਸਲ ਔਰਤ ਨੂੰ ਕਰਕੇ ਨੰਗੀ,
ਗਲ਼ੀਆਂ ਵਿੱਚ ਘੁਮਾਇਆ ਜਾਂਦਾ॥

ਲੰਮੀਆਂ ਤਾਣ ਕੇ ਸੌਂ ਰਹੀ,
ਤੇਰੀ ਕਦੋਂ ਖੁੱਲ੍ਹੇਗੀ ਅੱਖ।
ਕਈ “ਭੋਗਲ” ਤੇਰੀ ਹੋਂਦ ਨੂੰ,
ਅੱਜ ਤਾਹਨੇ ਰਹੇ ਨੇ ਕੱਸ॥
***
3. ਸ਼ੇਰ-ਏ-ਪੰਜਾਬ

ਮਹਾਂਬਲੀ ਨੇ ਧਾਂਕ ਜਮਾਈ ਐਸੀ
ਰੁਤਬਾ ਤਾਂਹੀ ਉਹਦਾ ਖਾਸ ਜਨਾਬ ਹੋਇਆ।
ਰਾਜੇ ਆਏ ਕਈ ਤੁਰ ਗਏ ਰਾਜ ਕਰਕੇ
ਰਣਜੀਤ ਸਿੰਘ ਹੀ ਸ਼ੇਰ-ਏ-ਪੰਜਾਬ ਹੋਇਆ॥

ਸਾਂਵਲਾ ਰੰਗ ਦਰਮਿਆਨਾ ਸੀ ਕੱਦ ਉਹਦਾ
ਪਿੱਠ ਤੇ ਢਾਲ਼, ਤੇ ਹੱਥ ਤਲਵਾਰ ਹੁੰਦੀ,
ਅਸਵਾਰ ਘੋੜੇ ਹੋ, ਅੱਡੀ ਮਾਰਦਾ ਜਦ
ਜਿਵੇਂ ਬੱਦਲ਼ਾਂ ਵਿੱਚ ਬਿਜਲੀ ਦੀ ਤਾਰ ਹੁੰਦੀ,
ਟਾਪਾਂ ਘੋੜੇ ਦੀਆਂ ਨਾਲ਼ ਪਹਾੜ ਗੂੰਜਣ
ਦਰੇ ਖ਼ੈਬਰ ਵਿੱਚ ਜਦੋਂ “ਸਰਕਾਰ” ਹੁੰਦੀ,
ਦੁਸ਼ਮਣ ਉੱਤੇ ਉਹ ਰੱਖਦਾ ਅੱਖ ਗਹਿਰੀ
ਅੰਬਰੀਂ ਉੱਡਦਾ ਜਿਵੇਂ ਉਕਾਬ ਹੋਇਆ।
ਰਾਜੇ ਆਏ ਕਈ ਤੁਰ ਗਏ ਰਾਜ ਕਰਕੇ
ਰਣਜੀਤ ਸਿੰਘ ਹੀ ਸ਼ੇਰ-ਏ-ਪੰਜਾਬ ਹੋਇਆ॥

ਤਾਕਤ ਬਾਂਹਾਂ ਦੀ ਨਾਲ ਸੀ ਕਾਇਮ ਕੀਤਾ
ਡੇਢ ਲੱਖ ਮੁਰੱਬੇ ਤੇ ਰਾਜ ਸੋਹਣਾ,
ਕੋਹੇਨੂਰ ਉਹਦੇ ਡੌਲ਼ੇ ਤੇ ਫੱਬਦਾ ਸੀ
ਹੀਰੇ ਮੋਤੀਆਂ ਨਾਲ ਜੜਿਆ ਸੀ ਤਾਜ ਸੋਹਣਾ,
ਚੰਦਰੀ ਚੇਚਕ ਨੇ ਖੋਹੀ ਇਕ ਅੱਖ ਉਹਦੀ
ਜਲੋਅ ਮੁੱਖ ਤੇ, ਸ਼ਾਹੀ ਸੀ ਨਾਜ਼ ਸੋਹਣਾ,
ਲੱਖਾਂ ਟਹਿਕਦੇ ਫੁੱਲ ਬਗੀਚਿਆਂ ਵਿੱਚ
ਵੱਖ ਫੁੱਲਾਂ ‘ਚੋਂ ਫੁੱਲ ਗੁਲਾਬ ਹੋਇਆ।
ਰਾਜੇ ਆਏ ਕਈ ਤੁਰ ਗਏ ਰਾਜ ਕਰਕ…
***
ਨਛੱਤਰ ਸਿੰਘ ਭੋਗਲ, “ਭਾਖੜੀਆਣਾ

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
***
1145
***

Nachhatar Singh Bhopal

ਨਛੱਤਰ ਸਿੰਘ ਭੋਗਲ, ਭਾਖੜੀਆਣਾ

View all posts by ਨਛੱਤਰ ਸਿੰਘ ਭੋਗਲ, ਭਾਖੜੀਆਣਾ →