24 January 2026

ਗੁਰਬਾਣੀ ਦੀ ਸਖ਼ਤ (ਵਿਲੱਖਣ) ਸ਼ਬਦਾਵਲੀ — ਜਸਵਿੰਦਰ ਸਿੰਘ ਰੂਪਾਲ, ਕੈਲਗਰੀ

ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਵਿੱਚ ਸੰਕਲਿਤ ਗੁਰੁ ਸਾਹਿਬਾਨਾਂ, ਭਗਤਾਂ, ਭੱਟਾਂ ਅਤੇ ਗੁਰਸਿੱਖਾਂ ਦੀ ਰਚਨਾ ਨੂੰ ਅਸੀਂ ਸਮੁੱਚੇ ਰੂਪ ਵਿੱਚ ਗੁਰਬਾਣੀ ਆਖ ਕੇ ਸਤਿਕਾਰਦੇ ਹਾਂ ਅਤੇ ਸੀਸ ਨਿਵਾਂਦੇ ਹਾਂ। ਇਸ ਬਾਣੀ ਵਿੱਚ ਤਪਦੇ ਹਿਰਦਿਆਂ ਨੂੰ ਠਾਰਨ, ਮਾਨਸ ਤੋਂ ਦੇਵਤੇ ਕਰਨ ਦੀ ਤਾਕਤ ਅਤੇ ਸਮਰੱਥਾ ਹੈ। ਪਰ ਇਹ ਅਸਰ ਸਿਰਫ ਕੋਮਲ ਮਨਾਂ ਤੇ ਹੀ ਕਰਦੀ ਹੈ-ਉਹ ਮਨ ਜਿਹੜੇ ਨਿਮਰਤਾ ਵਿੱਚ ਹੋਣ, ਜਿਹੜੇ ਆਪਣੇ ਆਪ ਨੂੰ ਸਿਖਾਂਦਰੂ ਸਮਝਣ। ਜਿਵੇਂ ਬੱਚੇ ਦਾ ਕੋਰਾ ਮਨ … …

ਮਨੁੱਖੀ ਮਨ ਨੂੰ ਮੋੜਨਾ ਇੰਨਾ ਸੌਖਾ ਨਹੀਂ ਹੈ। ਇਹ ਦੁਨਿਆਵੀ ਅਤੇ ਮਾਇਆਵੀ ਜਕੜਾਂ ਵਿੱਚ ਇਸ ਕਦਰ ਜਕੜਿਆ ਹੋਇਆ ਹੈ ਕਿ ਇਸ ਨੂੰ ਮੰਮਾ-ਮਾਲਕ ਅਤੇ ਮੰਮਾ-ਮੌਤ ਭੁੱਲ ਚੁੱਕੇ ਹਨ। ਮਨ ਨੂੰ ਸਮਝਾਉਣ ਲਈ ਗੁਰੁ ਸਾਹਿਬ ਅਤੇ ਹੋਰ ਬਾਣੀਕਾਰ ਬਹੁਤ ਸਾਰੇ ਢੰਗ ਤਰੀਕੇ ਵਰਤਦੇ ਹਨ।

ਪਹਿਲਾ ਤਰੀਕਾ ਹੈ-ਹਾਂ ਵਾਚਕ ਜਿਸ ਪਾਸੇ ਤੋਰਨਾ ਹੈ, ਉਸ ਦੀਆਂ ਸਿਫ਼ਤਾਂ ਕਰਨੀਆਂ। ਇਸ ਪਾਸੇ ਤੁਰਨ ਦੇ ਫ਼ਾਇਦੇ ਕੀ ਹਨ? ਇਸ ਰਸਤੇ ਤੇ ਜਾਣ ਵਾਲਿਆਂ ਦੀ ਦਸ਼ਾ ਕਿਹੋ ਜਿਹੀ ਹੁੰਦੀ ਹੈ? -ਉਸ ਦੀ ਵਿਸਥਾਰ ਨਾਲ ਵਿਆਖਿਆ ਕੀਤੀ ਗਈ ਹੈ ਤਾਂ ਕਿ ਮਨੁੱਖੀ ਮਨ ਪ੍ਰੇਰਨਾ ਲਵੇ। ਆਪਣਾ ‘ਰੋਲ ਮਾਡਲ’ ਚੁਣੇ ਅਤੇ ‘ਜੈਸਾ ਸੇਵੇ ਤੈਸਾ ਹੋਇ’ ਅਨੁਸਾਰ ਅੱਛੇ ਦੀ ਪ੍ਰਸੰਸਾ ਕਰਦਾ ਕਰਦਾ ਖੁਦ ਅੱਛਾ ਬਣ ਜਾਵੇ।

ਇਸੇ ਲਈ ਬਾਣੀ ਵਿੱਚ ਜਿੱਥੇ ਪ੍ਰਮਾਤਮਾ ਦੇ ਗੁਣ ਬਿਆਨ ਕੀਤੇ ਹਨ, ਉਥੇ ਉਸ ਦੇ ਨਾਮ, ਹੁਕਮ ਅਤੇ ਰਜ਼ਾ ਦੀ ਵਿਆਖਿਆ ਅਤੇ ਇਸ ਰਜ਼ਾ ਵਿੱਚ ਰਹਿਣ ਵਾਲੇ ਪ੍ਰੇਮੀਆਂ ਦਾ ਪ੍ਰੇਮ, ਉਨ੍ਹਾਂ ਦੇ ਆਨੰਦ-ਝਲਕਾਰੇ, ਵਿਸਮਾਦੀ ਦਸ਼ਾ, ਨਿਰਭਉ ਅਤੇ ਨਿਰਵੈਰ ਹੋਣ ਦਾ ਗੁਣ ਆਦਿ ਬਹੁਤ ਸਾਰੀਆਂ ਗੱਲਾਂ ਬਹੁਤ ਹੀ ਸਹਿਜ ਵਿੱਚ ਅਤੇ ਵਿਸਥਾਰ ਵਿੱਚ ਬਿਆਨੀਆਂ ਗਈਆਂ ਹਨ। ਮਨ ਨੂੰ ਸਮਝਾਉਣ ਦਾ ਦੂਜਾ ਤਰੀਕਾ ਹੈ ‘ਡਾਂਟ ਦਾ’। ਜਿਵੇਂ ਛੋਟੇ ਬੱਚੇ ਨੂੰ ਅਸੀਂ ਪਿਆਰ ਨਾਲ ਡਾਂਟ ਵੀ ਦਿੰਦੇ ਹਾਂ ਤਾਂ ਕਿ ਉਹ ਗਲਤ ਪਾਸੇ ਜਾਣਾ ਰੁਕ ਪਵੇ ਅਤੇ ਠੀਕ ਰਸਤਾ ਅਪਣਾਵੇ। ਇਸ ਦੀ ਖਾਤਰ ਕਦੇ ਕਦੇ ਝਿੜਕਣਾ ਵੀ ਪੈਂਦਾ ਹੈ। ਇਹ ਝਿੜਕ ਬੱਚੇ ਦੀ ਭਲਾਈ ਲਈ ਹੀ ਹੁੰਦੀ ਹੈ।

ਮਾਂ ਆਪਣੇ ਬੱਚੇ ਨੂੰ “ਮਰ ਜਾਣਾ” ਵੀ ਆਖ ਦਿੰਦੀ ਹੈ, ਪਰ ਉਸ ਦੀ ਭਾਵਨਾ ਹਮੇਸ਼ਾ “ਸਦਾ ਜੀਂਦਾ ਰਵੇਂ” ਵਾਲੀ ਹੁੰਦੀ ਹੈ। ਇੱਕ ਪ੍ਰੇਮਿਕਾ ਵੀ ਆਪਣੇ ਪ੍ਰੇਮੀ ਨੂੰ ਪਿਆਰ ਵਿੱਚ, ਨਿਹੋਰੇ ਵਿੱਚ ਜਾਲਮਾਂ, ਭੈੜਿਆ ਆਦਿ ਸ਼ਬਦ ਵਰਤ ਲੈਂਦੀ ਹੈ। ਇੱਕ ਚਾਕੂ ਜੇ ਲੁਟੇਰੇ ਦੇ ਹੱਥ ਵਿੱਚ ਹੋਵੇ ਤਾਂ ਉਹ ਇਸ ਨੂੰ ਕਿਸੇ ਦੇ ਪ੍ਰਾਣ ਲੈਣ ਲਈ ਵਰਤਦਾ ਹੈ। ਪਰ ਇਹੀ ਚਾਕੂ ਕਿਸੇ ਕਾਬਲ ਡਾਕਟਰ ਦੇ ਹੱਥ ਵਿੱਚ ਹੋਵੇ, ਤਾਂ ਉਹ ਮਰੀਜ਼ ਦੇ ਪ੍ਰਾਣ ਬਚਾਉਣ ਲਈ ਇਸ ਦੀ ਵਰਤੋਂ ਕਰਦਾ ਹੈ। ਸੰਖੀਆ ਜਾਂ ਜਹਿਰ ਵੀ ਮਾਹਰ ਵੈਦ ਦੇ ਹੱਥਾਂ ਚ’ ਅਉਖਧ ਬਣ ਜਾਂਦੀ ਹੈ। ਇਸ ਲਈ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਗੁਰੁ ਸਾਹਿਬਾਨ, ਭਗਤਾਂ ਦੀਆਂ ਝਿੜਕਾਂ ਮਨੁੱਖੀ ਮਨ ਰੂਪੀ ਚੰਚਲ ਬੱਚੇ ਨੂੰ ਮੋੜਨ ਲਈ ਹੁੰਦੀਆਂ ਹਨ। ਗੁਰਵਾਕ ਵੀ ਹੈ,

“ਜੇ ਗੁਰੁ ਝਿੜਕੇ ਤ ਮੀਠਾ ਲਾਗੈ, ਜੇ ਬਖਸੇ ਤ ਗੁਰ ਵਡਿਆਈ।” (ਅੰਕ 758)

ਤਾਂ ਤੇ ਗੁਰਬਾਣੀ ਵਿੱਚ ਆਈਆਂ ਮਿੱਠੀਆਂ ਝਿੜਕਾਂ ਨੂੰ ਅਸੀਂ ਪਛਾਣੀਏ ਵੀ ਅਤੇ ਉਨ੍ਹਾਂ ਨੂੰ ਦਿਲ ਤੇ ਲਗਾ ਕੇ ਆਪਣਾ ਸੁਧਾਰ ਵੀ ਕਰ ਲਈਏ। ਇਹੀ ਸਾਡਾ ਫ਼ਰਜ਼ ਹੈ।

ਮੁੱਖ ਰੂਪ ਵਿੱਚ ਤਾਂ ਗੁਰੂ ਪਾਤਸ਼ਾਹ ਅਤੇ ਹੋਰ ਬਾਣੀਕਾਰਾਂ ਨੇ ਪ੍ਰਭੂ ਦਾ ਦਰ, ਉਸ ਦੀ ਉਚਿਆਈ, ਉਸ ਦੀ ਵਡਿਆਈ, ਉਸ ਨਾਲ ਪ੍ਰੇਮ, ਨੇਮ, ਉਸ ਦਾ ਨਾਮ, ਨਾਮ ਜਪਣ ਦੀਆਂ ਬਰਕਤਾਂ, ਨਾਮੀ ਪੁਰਸ਼ ਦੇ ਲੱਛਣ ਅਤੇ ਸੁਭਾਅ, ਉਸ ਦੀ ਵਿਕਾਰਾਂ ਤੇ ਜਿੱਤ, ਮਨ ਨੂੰ ਜਿੱਤਣ ਨਾਲ ਜੱਗ ਦਾ ਜਿੱਤਣਾ, ਸਤ, ਸੰਤੋਖ, ਦਇਆ, ਧਰਮ, ਨਿਮਰਤਾ, ਆਦਿ ਦੇ ਗੁਣਾਂ ਦਾ ਧਾਰਨੀ ਹੋਣਾ, ਆਦਿ ਬਹੁਤ ਕੁੱਝ ਬਿਆਨ ਕਰਕੇ ਇੱਕ ਹੀ ਸੂਤ ਵਿੱਚ ਪਰੋਣ ਦਾ ਯਤਨ ਕੀਤਾ ਹੈ ਅਤੇ ਗਰੁਮੁਖਾਂ ਦੀ ਵਡਿਆਈ ਕੀਤੀ ਹੈ।

ਪਰ ਨਾਲ ਹੀ ਮਾਇਆ ਵਿੱਚ ਫਸਿਆ ਮਨੁੱਖ, ਜੋ ਵਿਕਾਰਾਂ ਵਿੱਚ ਗਲ਼ ਗਲ਼ ਡੁੱਬਿਆ ਪਿਆ ਹੈ, ਉਸ ਨੂੰ ਸਮਝਾਵਣ ਹਿਤ ਸਖ਼ਤ ਤੋ ਸਖ਼ਤ ਸ਼ਬਦਾਵਲੀ ਵਰਤਣ ਤੋਂ ਵੀ ਗੁਰੇਜ਼ ਨਹੀਂ ਕੀਤਾ ਗਿਆ। ਆਪਣੇ ਆਪ ਲਈ ਵੀ ਨੀਚ, ਮੂਰਖ, ਕਿਰਮਜੰਤ, ਨਿਰਗੁਣੀਆਰਾ, ਅਗਿਆਨੀ, ਅੰਧਲਾ ਆਦਿ ਸ਼ਬਦ ਵਰਤੇ ਗਏ ਹਨ ਜਿਹੜੇਂ ਇਨ੍ਹਾਂ ਬਾਣੀਕਾਰਾਂ ਦੀ ਨਿਮਰਤਾ ਦਾ ਲਖਾਇਕ ਹੈ। ਇਸ ਲੇਖ ਵਿੱਚ ਅਸੀਂ ਉਨ੍ਹਾਂ ਫ਼ੁਰਮਾਨਾਂ ਵੱਲ ਕੇਂਦਰਤ ਹੋਵਾਂਗੇ ਜਿਨ੍ਹਾਂ ਰਾਹੀਂ ਇਨ੍ਹਾਂ ਬਾਣੀਕਾਰਾਂ ਨੇ ਘੂਰ ਕੇ, ਤਾੜ ਕੇ ਇਸ ਮਨ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ। ਆਓ ਦੇਖੀਏ ਕੁੱਝ ਝਲਕਾਂ ਪਵਿੱਤਰ ਗੁਰਬਾਣੀ ਵਿੱਚੋਂ:-

ਆਰੰਭ ਵਿੱਚ ਹੀ ਜਪੁਜੀ ਸਾਹਿਬ ਵਿੱਚ, ਜੋ ਗੁਰੁ ਗ੍ਰੰਥ ਸਾਹਿਬ ਜੀ ਦਾ ਸਾਰ ਮੰਨਿਆ ਜਾਂਦਾ ਹੈ, ਗੁਰੂ ਨਾਨਕ ਸਾਹਿਬ ਜੀ ਦੇ ਬੋਲ ਦੇਖੋ –

“ਕੇਤੇ ਲੈ ਲੈ ਮੁਕਰੁ ਪਾਹਿ।। ਕੇਤੇ ਮੂਰਖ ਖਾਹੀ ਖਾਹਿ।।” (ਅੰਕ5)

“ਜੇ ਕੋ ਆਖੈ ਬੋਲੁਵਿਗਾੜੁ।। ਤਾ ਲਿਖੀਐ ਸਿਰਿ ਗਾਵਾਰਾ ਗਾਵਾਰੁ।।” (ਅੰਕ 6)

ਇਸੇ ਤਰਾਂ “ਅਸੰਖ ਮੂਰਖ ਅੰਧ ਘੋਰ” ਵਾਲੀ ਪਉੜੀ।

ਉਪਰੰਤ ਹੋਰ ਫੁਰਮਾਨ ਦੇਖੀਏ:-
“ਖਸਮੁ ਵਿਸਾਰਹਿ ਤੇ ਕਮਜਾਤਿ।। ਨਾਨਕ ਨਾਵੈ ਬਾਝੁ ਸਨਾਤਿ।।” (ਅੰਕ 10)

“ਜਿਨ ਹਰਿ ਹਰਿ ਹਰਿ ਰਸੁ ਨਾਮੁ ਨ ਪਾਇਆ ਤੇ ਭਾਗਹੀਣ ਜਮ ਪਾਸਿ।।
ਜੋ ਸਤਿਗੁਰ ਸ਼ਰਣਿ ਸੰਗਤ ਨਹੀਂ ਆਏ ਧ੍ਰਿਗੁ ਜੀਵੇ ਧ੍ਰਿਗੁ ਜੀਵਾਸਿ।।” (ਅੰਕ 10)

“ਨਾਮ ਬਿਨਾ ਜੋ ਪਹਿਰੈ ਖਾਇ।।
ਜਿਉ ਕੂਕਰੁ ਜੂਠਨ ਮਹਿ ਪਾਇ।।
ਨਾਮ ਬਿਨਾ ਜੇਤਾ ਬਿਉਹਾਰੁ।।
ਜਿਉ ਮਿਰਤਕ ਮਿਥਿਆ ਸੀਗਾਰੁ।।” (ਅੰਕ 240)

“ਨਾਮ ਸੰਗਿ ਮਨਿ ਪ੍ਰੀਤਿ ਨ ਲਾਵੈ।।
ਕੋਟਿ ਕਰਮ ਕਰਤੋ ਨਰਕਿ ਜਾਵੈ।।” (ਅੰਕ 240)

“ਅਤਿ ਸੁੰਦਰ ਕੁਲੀਨ ਚਤੁਰ ਮੁਖਿ ਙਿਆਨੀ ਧਨਵੰਤ।।
ਮਿਰਤਕ ਕਹੀਅਹਿ ਨਾਨਕਾ ਜਿਹ ਪ੍ਰੀਤਿ ਨਹੀਂ ਭਗਵੰਤ।।” (ਅੰਕ 253)

“ਬਿਰਥਾ ਨਾਮ ਬਿਨਾ ਤਨੁ ਅੰਧ।।
ਮੁਖਿ ਆਵਤ ਤਾਕੈ ਦੁਰਗੰਧ।।” (ਅੰਕ 269)

“ਹਰਿ ਕੇ ਨਾਮ ਬਿਨਾ ਸੁੰਦਰਿ ਹੈ ਨਕਟੀ।।
ਜਿਉ ਬੇਸੁਆ ਕੇ ਘਰਿ ਪੂਤੁ ਜਮਤੁ ਹੈ, ਤਿਸੁ ਨਾਮ ਪਰਿਓ ਹੈ ਧ੍ਰਕਟੀ।।” (ਅੰਕ528)

“ਸੁਆਨ ਪੂਛ ਜਿਉ ਹੋਇ ਨ ਸੂਧੋ, ਕਹਿਓ ਨ ਕਾਨ ਧਰੈ।।
ਕਹੁ ਨਾਨਕ ਭਜੁ ਰਾਮ ਨਾਮ ਨਿਤ ਜਾ ਤੇ ਕਾਜੁ ਸਰੈ।।” (ਅੰਕ 536)

“ਸੁਣਿ ਮਨ ਅੰਧੇ ਕੁਤੇ ਕੂੜਿਆਰ।।
ਬਿਨੁ ਬੋਲੇ ਬੂਝੀਐ ਸਚਿਆਰ।।” (ਅੰਕ 662)

“ਫਿਟੁ ਇਵੇਹਾ ਜੀਵਿਆ ਜਿਤੁ ਖਾਇ ਵਧਾਇਆ ਪੇਟੁ।।
ਨਾਨਕ ਸਚੇ ਨਾਮ ਵਿਣੁ ਸਭੋ ਦੁਸ਼ਮਨੁ ਹੇਤੁ।। (ਅੰਕ 790)

“ਮਨ ਖੁਟਹਰ ਤੇਰਾ ਨਹੀਂ ਬਿਸਾਸੁ, ਤੂ ਮਹਾ ਉਦਮਾਦਾ।।
ਖਰ ਕਾ ਪੈਖਰੁ ਤਉ ਛੁਟੈ ਜਉ ਊਪਰਿ ਲਾਦਾ।।” (ਅੰਕ 815)

“ਗੁਰ ਮੰਤ੍ਰ ਹੀਣਸ੍ਹ ਜੁ ਪ੍ਰਾਣੀ ਧ੍ਰਿਗੰਤ ਜਨਮ ਭ੍ਰਿਸ਼ਟਣਹ।।
ਕੂਕਰਹ ਸੂਕਰਹ ਗਰਧਬਹ ਕਾਕਹ ਸਰਪਨਹ ਤੁਲਿ ਖਲਹ।।” (ਅੰਕ 1356)

“ਫਰੀਦਾ ਬੇਨਿਵਾਜਾ ਕੁਤਿਆ ਏਹ ਨ ਭਲੀ ਰੀਤਿ।।
ਕਬਹੀ ਚਲਿ ਨ ਆਇਆ ਪੰਜੇ ਵਖਤ ਮਸੀਤ।।” (ਅੰਕ 1381)

“ਫਰੀਦਾ ਤਿਨਾ ਮੁਖ ਡਰਾਵਣੇ ਜਿਨਾ ਵਿਸਾਰਿਓਨੁ ਨਾਉ।।
ਐਥੈ ਦੁਖ ਘਣੇਰਿਆ ਅਗੈ ਠਉਰ ਨ ਠਾਉ।।” (ਅੰਕ 1383)

“ਸਤਿਗੁਰੂ ਨ ਸੇਵਿਓ ਸ਼ਬਦੁ ਨ ਰਖਿਓ ਉਰਧਾਰਿ।।
ਧਿਗ ਤਿਨਾ ਕਾ ਜੀਵਿਆ ਕਿਤੁ ਆਏ ਸੰਸਾਰ।।” (ਅੰਕ 1414)

“ਏਕ ਭਗਤਿ ਭਗਵਾਨ ਜਿਹ ਪ੍ਰਾਨੀ ਕੈ ਨਾਹਿ ਮਨਿ।।
ਜੈਸੇ ਸੂਕਰ ਸੁਆਨ ਨਾਨਕ ਮਾਨੋ ਤਾਹਿ ਤਨੁ।।” (ਅੰਕ 1428)

… …. ਅਤੇ ਹੋਰ ਸੈਂਕੜੇ ਉਦਾਹਰਣਾਂ ਦਿੱਤੀਆਂ ਜਾ ਸਕਦੀਆਂ ਹਨ ਜਿਨ੍ਹਾਂ ਰਾਹੀਂ ਇਨ੍ਹਾਂ ਬਾਣੀਕਾਰਾਂ ਨੇ ਮਨੁੱਖ ਨੂੰ ਠੀਕ ਰਾਹ ਵੱਲ ਚਲਣ ਦੀ ਪ੍ਰੇਰਨਾ ਕੀਤੀ ਹੈ ਅਤੇ ਉਸ ਪਾਸੇ ਨਾ ਤੁਰਨ ਵਾਲੇ ਲਈ ਗਰਮ ਅਤੇ ਸਖ਼ਤ ਸ਼ਬਦ ਵਰਤੇ ਹਨ। ਜਿਵੇਂ ਅਸੀਂ ਦੇਖਿਆ ਹੈ ਮੂਰਖਾ ਸਿਰ ਮੂਰਖ, ਅੰਨਾ, ਦੁਸ਼ਟ, ਹਰਾਮਖੋਰ, ਨੀਵੀਂ ਜਾਤ ਵਾਲਾ {ਗੁਰੁ ਸਾਹਿਬ ਵੇਲੇ ਛੋਟੀ ਜਾਤ ਵਾਲਾ ਕਹਿਣਾ ਗਾਲ਼ ਕੱਢਣ ਦੇ ਬਰਾਬਰ ਸੀ। ਉਨ੍ਹਾਂ ਨੇ ਖਸਮ ਨੂੰ ਵਿਸਾਰ ਦੇਣ ਵਾਲੇ ਨੂੰ ਕਮਜਾਤ ਕਿਹਾ ਹੈ।}, ਕੁੱਤਾ, ਗਧਾ, ਸੂਅਰ, ਖੋਤਾ, ਵੇਸਵਾ ਦੇ ਘਰ ਜੰਮਿਆ ਪੁੱਤ –ਜਿਸ ਦੇ ਪਿਤਾ ਦਾ ਨਾਮ ਪਤਾ ਨਹੀਂ, ਮ੍ਰਿਤਕ-ਜਿਵੇਂ ਅਸੀਂ ਆਖ ਦਿੰਦੇ ਹਾਂ ਕਿ ਤੂੰ ਜੰਮਦਿਆਂ ਹੀ ਮੋਇਆਂ ਸਮਾਨ ਹੈ-ਜੀਵਦੜੋ ਮੁਇਓਹਿ, ਭਾਗਹੀਣ, ਧ੍ਰਿਗ-ਜਿਸ ਨੂੰ ਲੱਖ ਲਾਹਣਤਾਂ ਪਾਣੀਆਂ ਹੋਣ, ਉਸ ਨੂੰ ਧ੍ਰਿਗ ਆਖੀਦਾ ਹੈ। ਨਾਮ ਨਾ ਜਪਣ ਵਾਲੇ ਧ੍ਰਿਗ ਹਨ, ਉਨ੍ਹਾਂ ਦੇ ਮੂੰਹ ਚੋਂ ਦੁਰਗੰਧ ਆਉਂਦੀ ਹੈ ਅਤੇ ਉਨ੍ਹਾਂ ਦੇ ਮੁਖ ਡਰਾਵਣੇ ਹਨ।

ਅਤੇ ਇਸੇ ਤਰਾਂ ਇਸਤਰੀ (ਆਤਮਾ ਜਾਂ ਜੀਵ-ਇਸਤਰੀ) ਦੀ ਗੱਲ ਕਰਦੇ ਵੀ ਉਸ ਸਮੇਂ ਦੇ ਪ੍ਰਚਲਤ ਸ਼ਬਦ ਵਰਤੇ ਹਨ। ਦੁਹਾਗਣ, ਵਿਧਵਾ, ਰੰਡੀ, ਛੁੱਟੜ, ਕਾਮ ਪਰੁੱਤੀ, ਆਦਿ ਸ਼ਬਦ ਆਪਣੇ ਖਸਮ ਪ੍ਰਭੂ ਨੂੰ ਭੁੱਲ ਚੁੱਕੀਆਂ ਜੀਵ ਆਤਮਾਵਾਂ ਲਈ ਵਰਤਿਆ ਹੈ। ਫਿਰ ਧਰਮਰਾਜ, ਯਮਰਾਜ, ਚਿਤਰਗੁਪਤ, ਨਰਕ ਆਦਿ ਦਾ ਜਿਕਰ ਵੀ ਕੀਤਾ ਹੈ ਤਾਂਕਿ ਮਨ ਕੁੱਝ ਸੁਚੇਤ ਹੋਵੇ ਅਤੇ ਆਪਣੇ ਵਰਤਮਾਨ ਨੂੰ ਸੰਭਾਲੇ। ਵਿਕਾਰੀ ਮਨੁੱਖ ਨੂੰ ਇੱਕ ਜੂਆਰੀ ਦਾ ਦਰਜ਼ਾ ਦਿੱਤਾ ਹੈ, ਜਿਸ ਨੇ ਆਪਣਾ ਅਨਮੋਲ ਜੀਵਨ ਧਨ ਨਸ਼ਟ ਕਰ ਦਿੱਤਾ ਹੈ। ਭਗਤ ਤ੍ਰਿਲੋਚਨ ਜੀ ਨੇ ਕਿਸ ਤਰਾਂ ਦੀ ਬਿਰਤੀ ਕਿਸ ਤਰਾਂ ਦੇ ਜੀਵਨ ਦਾ ਕਾਰਨ ਬਣਦੀ ਹੈ-ਸ਼ਬਦ “ਐਸੀ ਚਿੰਤਾ ਮਹਿ ਜੋ ਮਰੈ” ਵਿੱਚ ਬਿਆਨ ਕਰ ਦਿੱਤਾ ਹੈ।

ਉਪਰੋਕਤ ਸੰਬੋਧਨ ਸਿਰਫ਼ ਜਨਸਾਧਾਰਨ ਲਈ ਜਾਂ ਬਹੁ ਗਿਣਤੀ ਲਈ ਹਨ। ਵਿਸ਼ੇਸ਼ ਵਰਗਾਂ ਲਈ ਧਾਰਮਿਕ, ਰਾਜਨੀਤਕ ਆਗੂਆਂ ਲਈ ਡਾਢੀ ਸਖ਼ਤ ਸ਼ਬਦਾਵਲੀ ਵਰਤੀ ਗਈ ਹੈ ਕਿਉਂਕਿ ਇਨ੍ਹਾਂ ਦੇ ਸਿਰ ਵੱਡੀ ਜਿੰਮੇਵਾਰੀ ਸੀ ਜਨਤਾ ਨੂੰ ਠੀਕ ਸੇਧ ਦੇਣ ਦੀ। ਕੁੱਝ ਝਲਕਾਂ ਗੁਰਬਾਣੀ ਵਿੱਚੋਂ:-

ਕਹੁ ਰੇ ਪੰਡਿਤ ਬਾਮਨ ਕਬ ਕੇ ਹੋਏ।।
ਬਾਮਨ ਕਹਿ ਕਹਿ ਜਨਮੁ ਮਤ ਖੋਏ।। ਰਹਾਉ।।
ਜੌ ਤੂੰ ਬ੍ਰਾਹਮਣੁ ਬ੍ਰਹਮਣੀ ਜਾਇਆ।।
ਤਉ ਆਨ ਬਾਟ ਕਾਹੇ ਨਹੀ ਆਇਆ।।” (ਅੰਕ 324)

“ਗਲੀ ਜਿਨਾੑ ਜਪਮਾਲੀਆ ਲੋਟੇ ਹਥਿ ਨਿਬਗ।।
ਓਇ ਹਰਿ ਕੇ ਸੰਤ ਨ ਆਖੀਅਹਿ ਬਾਨਾਰਸਿ ਕੇ ਠਗ।।” (ਅੰਕ 476)
“ਕਾਦੀ ਕੂੜੁ ਬੋਲਿ ਮਲੁ ਖਾਇ।। ਬ੍ਰਾਹਮਣੁ ਨਾਵੈ ਜੀਆ ਘਾਇ।।
ਜੋਗੀ ਜੁਗਤਿ ਨ ਜਾਣੈ ਅੰਧੁ।। ਤੀਨੇ ਓਜਾੜੇ ਕਾ ਬੰਧੁ।।” (ਅੰਕ 662)

“ਕਲ ਮਹਿ ਰਾਮ ਨਾਮੁ ਸਾਰੁ।।
ਅੱਖੀ ਤ ਮੀਟਹਿ ਨਾਕ ਪਕੜਹਿ ਠਗਣੁ ਕਉ ਸੰਸਾਰੁ।।” (ਅੰਕ 662)

“ਰਾਜੇ ਸੀਹ ਮੁਕਦਮ ਕੁਤੇ।।
ਜਾਇ ਜਗਾਇਨਿੑ ਬੈਠੇ ਸੁਤੇ।।” (ਅੰਕ 1288)

… … … … ਗੁਰਬਾਣੀ ਅਥਾਹ ਸਾਗਰ ਹੈ। ਪੂਰੇ ਗੁਰੁ ਗ੍ਰੰਥ ਸਾਹਿਬ ਜੀ ਵਿੱਚੋਂ ਹੋਰ ਬਹੁਤ ਸਾਰੇ ਹਵਾਲੇ ਅਤੇ ਫੁਰਮਾਨ ਪਾਠਕ ਅਤੇ ਵਿਦਵਾਨ ਲੱਭ ਸਕਦੇ ਹਨ।

ਅਸੀਂ ਦੇਖਿਆ ਹੈ ਕਿ ਜਿੱਥੇ ਬਾਣੀਕਾਰਾਂ ਨੇ ਪਿਆਰ ਨਾਲ, ਪ੍ਰੇਰਨਾ ਨਾਲ ‘ਮਨ’ ਨੂੰ ਸਮਝਾਇਆ ਹੈ, ਉਥੇ ਝਿੜਕਣ ਤੋਂ ਵੀ ਪਰਹੇਜ ਨਹੀਂ ਕੀਤਾ। “ਹਿਚਹਿ ਤ ਪ੍ਰੇਮ ਕੇ ਚਾਬੁਕ ਮਾਰਉ।।” ਇਹ ਚਾਬਕ, ਇਹ ਅਣੀਆਲੇ ਤੀਰ ਸਾਡੇ ਵਿਕਾਰੀ ਮਨ ਨੂੰ ਮੋੜਨ, ਸਮਝਾਉਣ ਅਤੇ ਪ੍ਰੇਮ-ਮਾਰਗ ਵੱਲ ਤੋਰਨ ਲਈ ਹੀ ਹਨ। ਇਨ੍ਹਾਂ ਸ਼ਬਦਾਂ ਦਾ ਵੀ ਉਦੇਸ਼ ਓਹੀ ਹੈ, ਜੋ ਪੂਰੁ ਪਿਆਰ ਨਾਲ ਵਰਤੇ ਗਏ ਸ਼ਬਦਾਂ ਦਾ ਹੈ। ਮਕਸਦ ਇੱਕੋ ਕਿ ਮਨ ਨੂੰ ਨਾਮ ਵੱਲ, ਕਿਰਤ ਵੱਲ, ਪ੍ਰਭੂ ਪ੍ਰੇਮ ਵੱਲ ਮੋੜਿਆ ਜਾਵੇ ਅਤੇ ਵਹਿਮਾਂ, ਭਰਮਾਂ ਅਤੇ ਕਰਮ ਕਾਂਡਾਂ ਨੂੰ ਛੱਡ ਕੇ ‘ਇਨਸਾਨ’ ਬਣਨ ਦਾ ਚਾਅ ਪੈਦਾ ਹੋਵੇ। ਲੋੜ ਹੈ ਇਨ੍ਹਾਂ ਅਣੀਆਲੇ ਤੀਰਾਂ ਨੂੰ ਆਪਣੇ ਹਿਰਦੇ ਨੂੰ ਵਿੰਨਣ ਦੇਈਏ, ਇਸ ਤੇਜ ਨੂੰ ਝੱਲੀਏ, ਮਨ ਨੂੰ ਇਨਾਂ ਹੁਕਮਾਂ ਦੇ ਆਖੇ ਲੱਗਣ ਦੇਈਏ ਅਤੇ ਪਰਮ ਮਨੁੱਖ ਵੱਲ ਜਾਣ ਦੀ ਕੋਸ਼ਿਸ਼ ਕਰਦੇ ਰਹੀਏ। . . ਲੇਖ ਵਿੱਚ ਹੋਈਆਂ ਗਲਤੀਆਂ ਲਈ ਖਿਮਾ ਦਾ ਜਾਚਕ ਹਾਂ, ਅਤੇ ਬੇਨਤੀ ਕਰਦਾ ਹਾਂ ਕਿ ਗਲਤੀਆਂ ਜਰੂਰ ਦੱਸੀਆਂ ਜਾਣ।।

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
**
1662
***

+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਜਸਵਿੰਦਰ ਸਿੰਘ 'ਰੁਪਾਲ'
ਐਮ.ਏ.(ਪੰਜਾਬੀ, ਅੰਗਰੇਜ਼ੀ, ਇਕਨਾਮਿਕਸ, ਜਰਨੇਲਿਜਮ, ਮਨੋਵਿਗਿਆਨ )

ਰਿਟਾਅਰਡ ਲੈਕਚਰਾਰ, ਅਰਥ-ਸ਼ਾਸ਼ਤਰ,
ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ,
ਕਟਾਣੀ ਕਲਾਂ( ਲੁਧਿਆਣਾ)-141113
+91 9814715796

* 162,ਗਲੀ ਨੰਬਰ 3, ਸ਼ਹੀਦ ਜਸਦੇਵ ਸਿੰਘ ਨਗਰ
ਡਾਕ : ਗੁਰੂ ਨਾਨਕ ਇੰਜੀ.ਕਾਲਜ, ਲੁਧਿਆਣਾ-141006
ਵਟਸਐਪ ਨੰਬਰ .: 09814715796

 

ਜਸਵਿੰਦਰ ਸਿੰਘ ਰੁਪਾਲ

ਜਸਵਿੰਦਰ ਸਿੰਘ 'ਰੁਪਾਲ' ਐਮ.ਏ.(ਪੰਜਾਬੀ, ਅੰਗਰੇਜ਼ੀ, ਇਕਨਾਮਿਕਸ, ਜਰਨੇਲਿਜਮ, ਮਨੋਵਿਗਿਆਨ ) ਰਿਟਾਅਰਡ ਲੈਕਚਰਾਰ, ਅਰਥ-ਸ਼ਾਸ਼ਤਰ, ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ, ਕਟਾਣੀ ਕਲਾਂ( ਲੁਧਿਆਣਾ)-141113 +91 9814715796 * 162,ਗਲੀ ਨੰਬਰ 3, ਸ਼ਹੀਦ ਜਸਦੇਵ ਸਿੰਘ ਨਗਰ ਡਾਕ : ਗੁਰੂ ਨਾਨਕ ਇੰਜੀ.ਕਾਲਜ, ਲੁਧਿਆਣਾ-141006 ਵਟਸਐਪ ਨੰਬਰ .: 09814715796  

View all posts by ਜਸਵਿੰਦਰ ਸਿੰਘ ਰੁਪਾਲ →