22 November 2026

ਗੁਰੂ ਨਾਨਕ ਦੇਹ ਦਾ ਸਾਖੀ ਨੇਮ — ਡਾ. ਅਮਰਜੀਤ ਸਿੰਘ, ਮੁਖੀ, ਪੰਜਾਬੀ ਵਿਭਾਗ ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ, ਪਟਿਆਲਾ

ਗੁਰੂ ਨਾਨਕ ਦੇਹ ਦਾ ਸਾਖੀ ਨੇਮ ਪਾਰਦਰਸ਼ੀ ਬਿਬੇਕ ਦਾ ਧਾਰਨੀ ਹੈ।ਇਸ ਪਰਿਪੇਖ ਵਿਚ ਕਾਲ ਅਤੇ ਅਕਾਲ ਦੀ ਗਤੀਸ਼ੀਲਤਾ ਪਾਰਦਰਸ਼ੀ ਬਿਬੇਕ ਵਿਚ ਸ਼ਾਮਿਲ ਹਨ । ਵਿਸ਼ਵ ਦੇ ਸਮੁੱਚੇ ਸੰਵਾਦ ਇਸ ਸਮੇਂ ਨਿਵੇਕਲੇ ਗਿਆਨ ਸ਼ਾਸਤਰ ਦੀ ਤਲਾਸ਼ ਵਿਚ ਹਨ। ਇਹ ਗਿਆਨ ਸ਼ਾਸਤਰ ਪਰੰਪਰਾ ਅਤੇ ਆਧੁਨਿਕ ਅਭਿਆਸ ਵਿਚੋਂ ਘੜਿਆ ਜਾ ਰਿਹਾ ਹੈ, ਜਿਸ ਅੰਦਰ ਸਮੁੱਚੇ ਗਿਆਨ ਅਨੁਸ਼ਾਸਨਾਂ ਦੀ ਸ਼ਮੂਲੀਅਤ ਲਈ ਜਾ ਰਹੀ ਹੈ। ਇਹਨਾਂ ਵਿਚੋਂ ਬਣ ਰਹੀਆਂ ਸੰਵਾਦੀ ਜੁਗਤਾਂ ਦੀ ਨਿਵੇਕਲੀ ਸੰਰਚਨਾ ਕਿਸੇ ਵੀ ਖੇਤਰ ਦੇ ਸੱਭਿਆਚਾਰ ਦੀ ਨੁਹਾਰ ਨੂੰ ਉਦਾਤਮਈ ਸੁਹਜ ਪ੍ਰਦਾਨ ਕਰ ਰਹੀ ਹੈ।

ਇਕੀਵੀਂ ਸਦੀ ਦਾ ਤੀਸਰਾ ਦਹਾਕਾ ਸੰਵਾਦੀ ਸੰਰਚਨਾਵਾਂ ਦੇ ਪੁਨਰ ਪ੍ਰਭਾਸ਼ਿਤ ਸਰੂਪ ਦੀਆਂ ਨਿਵੇਕਲੀਆਂ ਵਿਆਖਿਆਵਾਂ ਤਲਾਸ਼ ਰਿਹਾ ਹੈ, ਜਿਸ ਵਿਚ ਜ਼ਿੰਦਗੀ ਦੇ ਕੁੱਲ ਵਰਤਾਰੇ ਸਾਹਿਤ, ਧਰਮ-ਸ਼ਾਸਤਰ, ਵਿਗਿਆਨ ਆਧਾਰਿਤ ਤਕਨਾਲੋਜੀ, ਕੋਮਲ-ਕਲਾਵਾਂ, ਇਤਿਹਾਸ, ਮਿੱਥ, ਲੋਕ-ਧਾਰਾਈ ਵਰਤਾਰੇ ਅਤੇ ਭਾਸ਼ਾਈ ਪ੍ਰਬੰਧ ਚਿੰਤਨ ਦੇ ਵਿਸ਼ਵ ਵਿਆਪੀ ਘੇਰੇ ਅੰਦਰ ਆਪਣੀਆਂ ਦਿਸ਼ਾਵਾਂ ਨਿਰਧਾਰਿਤ ਕਰ ਰਹੇ ਹਨ। ਇਹਨਾਂ ਦਿਸ਼ਾਵਾਂ ਰਾਹੀਂ ਚਿੰਤਨ ਆਪਣੇ ਪੂਰਵ ਨਿਸ਼ਚਿਤ ਸਰੂਪ ਅਤੇ ਧਾਰਨਾਵਾਂ ਦੀਆ ਸੀਮਾਵਾਂ ਅਤੇ ਸਮਰੱਥਾਵਾਂ ਨੂੰ ਪਛਾਣ ਰਿਹਾ ਹੈ। ਇਸ ਪਛਾਣ ਵਿਚੋਂ ਨਵੀਂ ਤਾਲੀਮ ਅਤੇ ਤਕਨਾਲੋਜੀ ਦੀ ਵਿਕਸਿਤ ਚੇਤਨਾ ਕਿਸੇ ਵੀ ਵਰਤਾਰੇ ਦੀਆਂ ਸਮੁੱਚੀਆਂ ਦਿਸ਼ਾਵਾਂ ਦੀ ਗੰਭੀਰ ਖੋਜ ਕਰ ਰਹੀ ਹੈ। ਇਸ ਤਹਿਤ ਹੀ ਗੁਰੂ ਨਾਨਕ ਦੇਹ ਦੇ ਸਾਖੀ ਨੇਮ ਦੀ ਸੰਵਾਦੀ ਜੁਗਤ ਵੀ ਖ਼ਾਸ ਮਹੱਤਤਾ ਦੀ ਲਖਾਇਕ ਹੈ। ਇਸ ਸੰਵਾਦੀ ਜੁਗਤ ਨੂੰ ਬੁਨਿਆਦੀ ਰੂਪ ਵਿਚ ਹੇਠ ਲਿਖੇ ਨੁਕਤਿਆਂ ਤੇ ਕੇਂਦਰਿਤ ਕਰ ਸਮਝਣਾ ਜ਼ਰੂਰੀ ਹੈ:-

ਗੁਰੂ ਨਾਨਕ ਦੇਹ ਸਾਖੀ ਨੇਮ ਦਾ ਹਿੱਸਾ ਹੈ। ਸਾਖੀ ਨੇਮ ਗਿਆਨ-ਸ਼ਾਸਤਰੀ ਪਹੁੰਚ ਦ੍ਰਿਸ਼ਟੀ ਅੰਦਰ ਅਜਿਹਾ ਵਰਤਾਰਾ ਹੈ, ਜਿਸ ਅੰਦਰ ਧਰਤੀ ਤੇ ਅਵਤਰਿਤ ਸਮੁੱਚੀਆਂ ਦੈਵੀ ਪਾਰਦਰਸ਼ਤਾਵਾਂ ਆਪਸ ਵਿਚ ਸਰਗੁਣ ਅਤੇ ਨਿਰਗੁਣ ਰੂਪ ਅੰਦਰ ਇਕਸੁਰ ਹੁੰਦੀਆਂ ਹਨ। ਇਸ ਇਕਸੁਰਤਾ ਅੰਦਰ ਸਮੇਂ ਅਤੇ ਸਥਾਨ ਦੀ ਕੋਈ ਨਿਸ਼ਚਿਤ ਸੀਮਾ ਕਾਰਜਸ਼ੀਲ ਨਹੀਂ ਰਹਿੰਦੀ। ਗੁਰੂ ਦੇਹ ਧਰਤੀ ਦੇ ਸਮੁੱਚੇ ਅਧਿਆਤਮਕ ਅਨੁਭਵ ਨੂੰ ਆਪਣੇ ਅੰਦਰ ਥਾਂ ਦਿੰਦੀ ਹੋਈ, ਉਸ ਅਨੁਭਵ ਦੀ ਸੰਪੂਰਨਤਾ ਨੂੰ ਪ੍ਰਗਟ ਕਰਦੀ ਹੈ। ਸਾਖੀ ਨੇਮ ਪਾਰਦਰਸ਼ੀ ਗਿਆਨ-ਸ਼ਾਸਤਰੀ ਦ੍ਰਿਸ਼ਟੀ ਦੀ ਮੰਗ ਕਰਦਾ ਹੈ ਕਿਉਂਕੀ ਇਸ ਦਾ ਵਿਰਾਟ ਰੂਪ ਪਾਰਦਰਸ਼ੀ ਗਿਆਨ ਅਤੇ ਨਾਦ ਅਧਾਰਿਤ ਸੰਰਚਨਾਵਾਂ ਹਨ।ਇਸ ਲੇਖ ਵਿੱਚ ਗੁਰੂ ਨਾਨਕ ਦੇਹ ਦੀ ਲੀਲ੍ਹਾ ਨੂੰ ਸਾਖੀ ਨੇਮ ਰਾਹੀਂ ਸਿਰਜਿਆ ਗਿਆ ਹੈ।

ਗੁਰੂ ਦੀ ਦੇਹ ਸਾਖੀ ਵਿੱਚ ਮੌਉਲਦੀ ਹੈ। ਪਾਰਦਰਸ਼ਤਾਵਾਂ ਦੀ ਪੈਗੰਬਰੀ ਦਰਸ਼ਨਾਂ ਸੰਗ ਅਭੇਦ ਹੋ ਗੁਰੂ ਦੇਹ ਵਿੱਚ ਸਗਲ ਧਰਤ ਦੀ ਪਾਤਸ਼ਾਹੀ ਆਣ ਬਿਰਾਜਦੀ ਹੈ।ਗੁਰੂ ਦੇਹ ਵਿੱਚ ਧਰਤ ਦੀ ਕੁਲ ਬੰਦਗੀ, ਧਰਤੀ ਤੇ ਜੋਤ ਦੀ ਸਦਾ ਵਿਗਾਸੀ ਛੋਹ ਦੈਵੀ ਬ੍ਰਹਿਮੰਡ ਸਾਜਦੀ ਹੈ।ਗੁਰੂ ਦੇਹ ਸੰਗਤ ਦੀ ਪਰਿਕਰਮਾ ਕਰ ਸ਼ਬਦ ਗੁਰੂ ਵਿੱਚ ਨਿਵਾਸ ਕਰਦੀ ਹੈ।

ਮਨੁੱਖੀ ਦੇਹ ‘ਕਰਤਾ ਪੁਰਖ’ ਦਾ ਕਰਾਤਾਰੀ ਨਿਯਮ ਹੈ।ਜੇਕਰ ਇਸ ਵਿਚ ਨਿਰਮਲਤਾ ਦਾ ਭਾਵ ਹੈ ਤਾਂ ਇਹ ਦੇਹ ਕੁੰਦਨ ਹੈ। ਧੁਰਤੀ ਤੇ ਮਨੁੱਖਾ ਜਨਮ ਦੇਹ ਰੂਪ ਵਿਚ ਆਕਾਰ ਦਾ ਸਰਵ-ਸ਼ਰੇਠ ਰੂਪ ਹੈ। ਇਸ ਲਈ ਮਨੁੱਖੀ ਜੂਨੀ ਨੂੰ ਸਰਵ-ਜੂਨੀਆਂ ਤੋਂ ਉੱਚਤਮ ਦਰਜਾ ਹਾਸਿਲ ਹੈ। ਮਨੁੱਖੀ ਆਕਾਰ ਦੀ ਗਤੀਸ਼ੀਲਤਾ ਵਿਚ ਪ੍ਰਗਟ ਹੁੰਦਾ ਕਾਲ ਦਾ ਇਕ ਦ੍ਰਿਸ਼ ਵਸਤੂਗਤ ਧਰਾਤਲ ਦੀ ਨਿਸ਼ਾਨਦੇਹੀ ਕਰਦਾ ਹੈ ਅਤੇ ਕਾਲ ਦਾ ਦੂਸਰਾ ਪ੍ਰਤੀਬਿੰਬ ਅਕਾਲ ਦੀਆਂ ਦੈਵੀ ਰਮਝਾਂ ਨੂੰ ਆਕਾਰ ਦੀ ਸੰਦੀਵਤਾ ਵਿਚ ਪ੍ਰਗਟ ਕਰਦਾ ਹੈ।ਆਕਾਰ ਦੀ ਇਹ ਦੋਹਰੀ ਬਣਤਰ ਜੀਵਨ ਗਤੀ ਨੂੰ ਬਣਾਉਂਦੀ ਅਤੇ ਵੱਖੋਂ-ਵੱਖਰੇ ਅਨੁਸ਼ਾਸਨਾਂ ਵਿਚ ਇਸ ਦੇ ਪ੍ਰਭਾਵਾਂ ਨੂੰ ਸਵੀਕਾਰ ਕਰਦੀ ਹੈ। ਜਨਮ ਨਾਲ ਹੀ ਮਨੁੱਖੀ ਹੋਂਦ ਦੇ ਸੰਬੰਧ ਪ੍ਰਗਟ ਹੁੰਦੇ ਹਨ। ਇਹਨਾਂ ਸੰਬੰਧਾਂ ਵਿਚ ਕੁਝ ਸੰਬੰਧ ਬਾਹਰੀ ਅਤੇ ਕੁਝ ਸੰਬੰਧ ਅੰਦਰੂਨੀ ਬਣਤਰ ਨੂੰ ਪ੍ਰਗਟ ਕਰਦੇ ਹਨ। ਬਾਹਰੀ ਸੰਬੰਧਾਂ ਵਿਚ ਪਹਿਲਾਂ ਤੋਂ ਚੱਲੇ ਆ ਰਹੇ ਸੰਸਕਾਰਾਂ ਦੀਆਂ ਮਾਨਤਾਵਾਂ, ਉਸਦੇ ਜਨਮ ਨੂੰ ਹੋਂਦ ਦਾ ਪ੍ਰਥਮ ਅਹਿਸਾਸ ਦਿੰਦੀਆਂ ਹਨ।ਇਹਨਾਂ ਸੰਸਕਾਰਾਂ ਵਿਚ ਹੋਂਦ ਦੇ ਫੈਲਾਅ ਇਕ ਅੰਸ਼ ਤੋਂ ਦੂਸਰੇ ਅੰਸ਼ ਤੱਕ ਨਿਰਤਰ ਵਿਕਸਿਤ ਹੁੰਦੇ ਹਨ। ਇਹਨਾਂ ਸੰਬੰਧਾਂ ਦੀ ਚੋਣ ਪੂਰਵ ਪ੍ਰਮਾਣਿਕ ਹੈ। ਕਿਸੇ ਵੀ ਸਮਾਜ ਵਿਚ ਵਿਅਕਤੀ ਦਾ ਜਨਮ ਸਮਾਜ ਦੀਆਂ ਸਮੁੱਚੀਆਂ ਮਾਨਤਾਵਾਂ ਦੇ ਪ੍ਰਭਾਵ ਨੂੰ ਆਪਣੀ ਦੇਹ ਅਤੇ ਵਿਚਾਰ ਰਾਹੀਂ ਧਾਰਨ ਕਰਦਾ ਹੈ। ਸਮੁੱਚੀਆਂ ਮਾਨਤਾਵਾਂ ਦੇ ਪ੍ਰਭਾਵ ਨੂੰ ਆਪਣੀ ਹੋਂਦ ਦੀ ਸਮੁੱਚਤਾ ਵਿਚ ਦੇਹ ਅਤੇ ਵਿਚਾਰ ਆਤਮਿਕ ਸਾਥ ਵਿਚ ਆਖ਼ੀਰੀ ਘਰ ਦੀ ਨਦਰਿ ਪ੍ਰਾਪਤੀ ਲਈ ਮਿਹਰ ਦੀ ਤਲਾਸ਼ ਵਿਚ ਰਹਿੰਦੇ ਹਨ। ਕਰਤਾ ਪੁਰਖ ਦੀ ਮਿਹਰ ਮਾਨਵੀਂ ਦੇਹ ਅਤੇ ਵਿਚਾਰ ਦੀ ਅਸਲ ਪ੍ਰਾਪਤੀ ਹੈ।ਇਸ ਪ੍ਰਾਪਤੀ ਲਈ ਬੰਦਗੀ ਅਤੇ ਅਰਦਾਸ ਦੀ ਲਗਾਤਾਰਤਾ ਵਿਚ ਪਲਦੀ ਦੇਹ ਅਤੇ ਵਿਚਾਰ ਦੀ ਸੰਘਰਸ਼ਸ਼ੀਲਤਾ ਹੀ ਸਮੇਂ ਅਤੇ ਸਥਾਨ ਦੀ ਜਟਿਲਤਾ ਵਿਚ ਸਮਾਜਿਕ ਪ੍ਰਬੰਧ ਦੀ ਪੁਨਰ ਸਿਰਜਣਾ ਕਰ ਸਕਦੀ ਹੈ। ਇਸ ਸਮਾਜਿਕ ਪ੍ਰਬੰਧ ਦੀ ਪੁਨਰ ਸਿਰਜਣਾ ਲਈ ਜੇਕਰ ਸਮੂਹਿਕ ਚੇਤਨਾ ਗੁਰੂ ਨਾਨਕ ਦੀ ਗਵਾਹੀ ਵਿਚ ਖੜੀ ਚੇਤਨਾ ਸੰਗ ਇਕਸੁਰ ਹੋ ਪ੍ਰਵਾਜ਼ ਭਰਦੀ ਹੈ ਤਾਂ ਉਹ ਅਜਿਹੀ ਸੰਗਤ ਸੰਗ ਗੁਰਮੁਖ ਤੱਤ ਨੂੰ ਪਾ ਸਕਦੀ ਹੈ ।

ਸਾਖੀ ਪਰੰਪਰਾ ਵਿਚ ਗੁਰੂ ਨਾਨਕ ਦਾ ਦੈਵੀ ਪ੍ਰਗਾਸ ਹੈ। ਸਾਖੀ ਧਰਤੀ ਦੇ ਸਮੁੱਚੇ ਵਰਤਾਰੇ ਦੀ ਨਵਾਜਿਸ਼ ਦਾ ਰਾਹ ਹੈ।ਇਸ ਰਸਤੇ ਹੀ ਮਾਨਵਤਾ ਦੀ ਸਵੱਛ ਕਮਾਈ ਪੂਰਨਤਾ ਦੇ ਹਵਾਲੇ ਹੁੰਦੀ ਹੈ। ਮਨੁੱਖੀ ਗਿਆਨ ਅਤੇ ਅਨੁਭਵ ਇਸੇ ਪੂਰਨਤਾ ਦੇ ਸਾਥ ਵਿਚ ਆਪਣੀ ਹੋਂਦ ਦੇ ਅਸਲ ਗਵਾਹ ਬਣ ਸਕਦੇ ਹਨ।ਇਸੇ ਗਵਾਹੀ ਵਿਚ ਜੀਵਨ ਦੁਪੱਖਤਾ ਦੀ ਅਸੀਮਤਾ ਸਮਾਅ ਸਕਦੀ ਹੈ।ਜੀਵਨ ਦੁਪੱਖਤਾ ਦੀ ਅਸੀਮਤਾ ਮਨੁੱਖੀ ਦੇਹ ਨੂੰ ਸਮਾਜਕ ਦਰਦ ਦੀ ਕਸ਼ਮਕਸ਼ ਵਿਚ ਰੱਖਦੀ ਹੈ।ਮਾਨਵੀਂ ਦੇਹ ਇਸ ਕਸ਼ਮਕਸ਼ ਵਿਚ ਕਰਮ ਦੇ ਦੈਵੀ ਇਸ਼ਾਰਿਆ ਨੂੰ ਆਪਣੀ ਮਾਸੂਮੀਅਤ ਵਿਚੋਂ ਬਾਹਰ ਕਰ ਲੈਂਦੀ ਹੈ।ਜਿਸ ਸਦਕਾ ਸਮਾਜਕ ਅਸਾਵਾਂਪਨ ਪ੍ਰਭਾਵੀ ਨਾਇਕਤਵ ਨੂੰ ਉਹਲੇ ਕਰ,ਜੀਵਨ ਆਦਰਸ਼ਤਾ ਲਈ ਪ੍ਰਚਿੱਲਤ ਨਾਇਕਤਵ ਦਾ ਅਹਿਸਾਸ ਦੇ ਦਿੰਦਾ ਹੈ।ਇਸ ਸਮੇਂ ਦੇਹੀ ਚੰਚਲਤਾ ਦੀ ਪਰਵਾਜ਼ ਕੁਦਰਤੀ ਚਿਹਨਾਂ ਦੇ ਵਿਗਾਸ ਅੰਦਰ ਨਹੀਂ ਪੈਂਦੀ ਸਗੋਂ ਗਿਣਤੀ ਦੇ ਅਹਿਸਾਸ ਦੀ ਮੁਹਧਾਜ ਬਣ ਜਾਂਦੀ ਹੈ।ਗਿਣਤੀ ਦੇ ਅਹਿਸਾਸ ਦੀ ਵੱਧਦੀ ਪ੍ਰਮਾਣਿਕਤਾ ਉਸਦੇ ਮਾਨਸਿਕ ਧਰਾਤਲ ਨੂੰ ਉੱਚੇ ਆਦਰਸ਼ ਤੋਂ ਮੋੜ ਨਿਵਾਣ ਵੱਲ ਲੈ ਤੁਰਦੀ ਹੈ।ਮਨੁੱਖੀ ਅਨੁਭਵ ਦਾ ਇਸ ਨਿਵਾਣ ਵੱਲ ਵੱਧਦਾ ਅਸਿਤਤਵ ਪ੍ਰਚਲਿਤ ਅਹਿਸਾਸ ਦਾ ਆਪਹੁਦਰਾ ਸਵੈਮਾਣ ਸਵੀਕਾਰ ਕਰ ਲੈਂਦਾ ਹੈ।ਇਸ ਸਵੈਮਾਣ ਦੀ ਰਹੱਸਮਈ ਪਰਵਾਜ਼ ਗਿਆਨ ਦੇ ਮਹੀਨ ਪਾਰਦਰਸ਼ੀ ਬਿਬੇਕ ਅੰਦਰੋਂ ਨਹੀਂ ਗੁੰਜਰਦੀ,ਜਿਸ ਕਰਕੇ ਸਮਾਜਕ ਦਰਦ ਅਤੇ ਤਣਾਅ ਵਿਚ ਹੀ ਅੰਤਮ ਰੂਪ ਨੂੰ ਸਵੀਕਾਰ ਕਰ ਲਿਆ ਜਾਦਾ ਹੈ।

ਗੁਰੂ ਨਾਨਕ ਦੇਹ ਦਾ ਪ੍ਰਗਟਾਅ ਰੂਪ ਸਾਖੀ ਪਰੰਪਰਾ ਵਿਚ ਨਿਹਿਤ ਹੈ। ਕਾਲ ਦਾ ਅਧੂਰਾਪਨ ਮਨੁੱਖੀ ਦੇਹ ਦੀ ਸੀਮਤ ਸਮਰੱਥਾ ਨੂੰ ਜਗਾਉਂਦਾ ਹੈ।ਇਸ ਅਧੂਰੇਪਨ ਦੀ ਖੇਡ ਵਿਚ ਦੇਹ ਜਦੋਂ ਤੱਕ ਦੈਵੀ ਰਸਿਕਤਾ ਦੇ ਹਵਾਲੇ ਨਹੀਂ ਹੁੰਦੀ ਅਤੇ ਉਸ ਰਸਿਕਤਾ ਨੂੰ ਵੈਰਾਗ ਦਾ ਫਲ ਨਹੀਂ ਲੱਗਦਾ,ਉਸ ਸਮੇਂ ਤੱਕ ਅਧੂਰੇਪਨ ਦੀ ਕਸ਼ਮਕਸ਼ ਸਹਿੰਦਾ ਆਪਾ ਦੰਵੰਧਮਈ ਅਰਾਜਕਤਾ ਦੇ ਕਾਲ-ਚੱਕਰ ਵਿਚ ਯਾਤਰਾ ਕਰਦਾ ਹੈ। ਗੁਰੂ ਨਾਨਕ ਦੇਹ ਦਾ ਅਕਾਲੀ ਸਰੂਪ ਪਾਰਦਰਸ਼ੀ ਰਮਝ ਰਾਹੀਂ ਕਾਲ ਦੇ ਹਰ ਇੱਕ ਵਰਤਾਰੇ ਵਿਚ ਵਾਪਰਦਾ ਹੈ। ਕਾਲ ਦੇ ਸਮੁੱਚੇ ਵਰਤਾਰੇ ਇਸ ਝਲਕਾਰੇ ਦੀ ਅਨੰਤਤਾ ਸੰਗ ਪ੍ਰਗਟ ਹੁੰਦੇ ਹਨ ਅਤੇ ਆਪਣੇ ਸਰੂਪ ਨੂੰ ਬਣਾਉਂਦੇ ਹਨ। ਮਨੁੱਖੀ ਚੇਤਨਾ ਦੀ ਗਵਾਹ ਸ਼ਕਤੀ ਵਾਰ-ਵਾਰ ਇਸ ਦੈਵੀ ਪਾਰਦਰਸ਼ਤਾ ਤੇ ਆਪਣੇ ਹੰਕਾਰ ਦਾ ਭਾਰ ਸੁੱਟਦੀ ਰਹਿੰਦੀ ਹੈ ਅਤੇ ਇਸ ਨੂੰ ਕਾਲ ਦੀ ਅਧੀਨਤਾ ਵਿਚ ਪ੍ਰਗਟ ਕਰਨਾ ਚਾਹੁੰਦੀ ਹੈ।ਇਹ ਅਧੀਨਤਾ ਕਾਲ ਦੀ ਸਮੁੱਚੀ ਗਤੀਸ਼ੀਲਤਾ ਨੂੰ ਆਪਣੀ ਮੁਹਾਰਤ ਅਨੁਸਾਰ ਘੜਦੀ ਹੈ। ਗੁਰੂ ਨਾਨਕ ਦੇਹ ਨੂੰ ਇਤਿਹਾਸ ਦਾ ਇਕ ਜ਼ੁਜ ਬਣਾ ਕੇ ਇਸ ਗਤੀਸ਼ੀਲਤਾ ਨੂੰ ਮਨੁੱਖੀ ਹੰਕਾਰ ਦੀ ਗਤੀਸ਼ੀਲ ਉਤੇਜਨਾ ਅਤੇ ਪ੍ਰਗਟਾ ਬਿੰਬਾ ਵਿਚ ਢਾਲ ਲਿਆ ਜਾਂਦਾ ਹੈ,ਜਿੱਥੇ ਇਤਿਹਾਸ ਦੀ ਲਕੀਰੀ ਵਿਖਾਖਿਆ,ਨੈਤਿਕ ਆਚਾਰ ਅਤੇ ਰਾਜਨੀਤੀ ਦੇ ਅਧੂਰੇ ਸਮੀਕਰਣ ਅਤੇ ਸਮਾਜ-ਸਭਿਆਚਾਰ ਦੇ ਪ੍ਰਚਿੱਲਤ ਪ੍ਰਤੀਕਰਮ ਹੀ ਗੁਰੂ ਉੱਪਰ ਲਗਾ ਦਿੱਤੇ ਜਾਂਦੇ ਹਨ।ਇਸ ਸਵੈ ਸਿਰਜਤ ਕ੍ਰਾਂਤੀ ਤਹਿਤ ਗੁਰੂ ਨਾਨਕ ਦੇਹ ਦਾ ਪ੍ਰਗਟ ਸਰੂਪ ਮਨਫ਼ੀ ਕਰ ਜਿੱਤ ਦਾ ਪ੍ਰਭਾਵ ਸਿਰਜ ਲਿਆ ਜਾਂਦਾ ਹੈ।ਗੁਰੂ ਨਾਨਕ ਦੇਹ ਦਾ ਤ੍ਰੈ-ਕਾਲੀ ਪ੍ਰਗਟ ਸਰੂਪ ਇਸ ਗਵਾਹੀ ਵਿਚ ਨਹੀਂ ਸਮਾਉਂਦਾ। ਇਸ ਲਈ ਗੁਰੂ ਨਾਨਕ ਦੇਹ ਦੇ ਤ੍ਰੈ ਕਾਲੀ ਸਰੂਪ ਨੂੰ ਸਾਖੀ ਨੇਮ ਦੀ ਗਵਾਹੀ ਵਿੱਚ ਹੀ ਅਧਿਅਨ ਕਰਨਾ ਚਾਹੀਦਾ ਹੈ।
***
ਡਾ. ਅਮਰਜੀਤ ਸਿੰਘ
ਮੁਖੀ, ਪੰਜਾਬੀ ਵਿਭਾਗ
ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ, ਪਟਿਆਲਾ
+91 9815604864

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
**
1985
***

+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਡਾ. ਅਮਰਜੀਤ ਸਿੰਘ
Dr. Amarjit Singh
Head, Dept. of Punjabi
JGND PSOU, Patiala
amarjit.singh@psou.ac.in
+91 9815604864

ਡਾ. ਅਮਰਜੀਤ ਸਿੰਘ

ਡਾ. ਅਮਰਜੀਤ ਸਿੰਘ Dr. Amarjit Singh Head, Dept. of Punjabi JGND PSOU, Patiala amarjit.singh@psou.ac.in +91 9815604864

View all posts by ਡਾ. ਅਮਰਜੀਤ ਸਿੰਘ →