ਕੱਚੀ ਪੱਕੀ ਦੀ ਪੜ੍ਹਾਈ ਦੇ ਦਿਨ ਬੇਫ਼ਿਕਰੀ ਤੇ ਮਸਤੀ ਵਾਲੇ ਸਨ। ਘਰੋਂ ਸਕੂਲ ਨੂੰ ਆਪੋ ਆਪਣੀ ਬੋਰੀ ਲੈ ਕੇ ਜਾਣਾ। ਮੋਢੇ ’ਤੇ ਮਾਂ ਦੇ ਹੱਥੀਂ ਬਣਾਏ ਝੋਲੇ ਵਿੱਚ ਕੈਦਾ, ਕਲਮ, ਸਿਆਹੀ, ਸਲੇਟੀ, ਸਲੇਟ ਅਤੇ ਹੱਥ ਵਿੱਚ ਫੜੀ ਫੱਟੀ। ਸਕੂਲ ਦਾ ਮਾਹੌਲ ਬਹੁਤ ਹੀ ਅਪਣੱਤ ਵਾਲਾ ਤੇ ਚੁਲਬੁਲਾ ਹੁੰਦਾ ਸੀ। ਅਧਿਆਪਕ ਹਰਦਮ ਆਹਰੇ ਲਾਈ ਰੱਖਦੇ ਸਨ। ਕਦੇ ਪੂਰਨਿਆਂ ’ਤੇ ਲਿਖਾਈ ਅਤੇ ਕਦੇ ਪਹਾੜੇ ਰਟਾਉਂਦੇ। ਹੇਕਾਂ ਲਾ ਕੇ ਪੜ੍ਹਦੇ ਜਵਾਕਾਂ ਦਾ ਜੋਸ਼ ਦੇਖਣ ਵਾਲਾ ਹੁੰਦਾ ਸੀ।
ਅੱਧੀ ਛੁੱਟੀ ਵੇਲੇ ਸਕੂਲ ਦੇ ਨੇੜੇ ਛੱਪੜ ਦੇ ਕੰਢੇ ’ਤੇ ਬਹਿ ਕੇ ਗਾਚਣੀ ਨਾਲ ਫੱਟੀਆਂ ਪੋਚਣੀਆਂ। ਪੋਟਿਆਂ ਨਾਲ ਫੱਟੀ ਦੇ ਆਲੇ-ਦੁਆਲੇ ਹਾਸ਼ੀਆ ਵਾਹੁਣਾ ਅਤੇ ਫਿਰ ਸੂਰਜ ਨੂੰ ਫੱਟੀ ਸੁਕਾਉਣ ਲਈ ਬੁਲਾਉਣਾ। ਮਾਸਟਰਾਂ ਨੇ ਕਾਨੇ ਦੀ ਕਲਮ ਘੜ ਕੇ ਦੇਣੀ, ਦਵਾਤ ਵਿੱਚ ਸਿਆਹੀ ਘੋਲਣੀ, ਕਦੇ ਕਦੇ ਮੰਗਵੇਂ ਡੁਬਕੇ ਲੈਣਾ, ਸਲੇਟ ’ਤੇ ਲਿਖਣ ਲਈ ਸਲੇਟੀ ਨੂੰ ਤੋੜ ਕੇ ਟੁਕੜੇ ਵੰਡ ਲੈਣਾ ਆਦਿ ਬਚਪਨੀ ਪੜ੍ਹਾਈ ਦੇ ਉਹ ਦਿਨ ਕਮਾਲ ਦੇ ਸਨ। ਸਾਰੀ ਛੁੱਟੀ ਹੋਣ ਤੋਂ ਪਹਿਲਾਂ ਦਾ ਸਮਾਂ ਹੋਣ ਕਾਰਨ ਛੁੱਟੀ ਹੋਣ ਦੇ ਚਾਅ ਵਿੱਚ ਉੱਚੀ ਉੱਚੀ ਹੇਕਾਂ ਲਾਉਂਦੇ। ਇਹ ਅਚੇਤ ਰੂਪ ਵਿੱਚ ਪਹਾੜੇ ਚੇਤੇ ਕਰਨ ਦਾ ਤਰੀਕਾ ਸੀ ਤਾਂ ਹੀ ਪਹਾੜੇ ਹੁਣ ਤੀਕ ਯਾਦ ਹਨ। ਸੁਪਨਿਆਂ ਨੂੰ ਮਨ ਦੀ ਜੂਹੇ ਬੀਜਣਾ ਅਤੇ ਇਸ ਨਾਲ ਭਵਿੱਖ ਨੂੰ ਰੁਸ਼ਨਾਉਣਾ, ਅਜਿਹਾ ਕਰਮ ਸੀ ਜੋ ਸਾਨੂੰ ਸੁੱਤੇ ਸਿੱਧ ਹੀ ਬਹੁਤ ਕੁਝ ਸਿਖਾ ਤੇ ਸਮਝਾਅ ਗਿਆ। ਮਾਸਟਰਾਂ ਵੱਲੋਂ ਪੂਰਨੇ ਪਾ ਕੇ ਦੇਣਾ ਹੀ ਬੱਚਿਆਂ ਦੀ ਅੱਖਰਕਾਰੀ ਵਿੱਚ ਨਿਖਾਰ ਲਿਆਉਂਦਾ ਸੀ। ਛੇਵੀਂ ਜਮਾਤ ਵਿੱਚ ਅੰਗਰੇਜ਼ੀ ਸ਼ੁਰੂ ਹੋਣ ’ਤੇ ‘ਜੀ’ ਦੀ ਨਿੱਬ ਵਾਲੇ ਡਰੰਕ ਨਾਲ ਹੀ ਅੰਗਰੇਜ਼ੀ ਲਿਖੀਦੀ ਸੀ। ਪੈੱਨ ਵਰਤਣ ਦੀ ਮਨਾਹੀ ਸੀ। ਤਾਂ ਹੀ ਉਸ ਪੀੜ੍ਹੀ ਦੀ ਲਿਖਾਈ ਮੋਤੀਆਂ ਵਰਗੀ ਹੁੰਦੀ ਸੀ। ਮਾਸਟਰ ਜਾਣਦੇ ਸਨ ਕਿ ਲਿਖਾਈ ਵਿੱਚੋਂ ਹੀ ਕਿਸੇ ਦੇ ਵਿਅਕਤੀਤਵ ਨੂੰ ਪੜ੍ਹਿਆ ਜਾ ਸਕਦਾ ਹੈ ਤਾਂ ਹੀ ਅਜੋਕੇ ਸਮੇਂ ਵਿੱਚ ਵੱਡੇ ਵੱਡੇ ਅਦਾਰੇ ਹੱਥ ਲਿਖਤ ਅਰਜ਼ੀ ਮੰਗਦੇ ਹਨ ਤਾਂ ਕਿ ਉਹ ਕਿਸੇ ਯੋਗ ਉਮੀਦਵਾਰ ਦੇ ਵਿਅਕਤੀਤਵ ਦੇ ਗੁਣਾਂ ਨੂੰ ਜਾਣ ਸਕਣ। ਮੈਂ ਜਦੋਂ ਵੀ ਆਪਣੇ ਜਮਾਤੀਆਂ ਨੂੰ ਯਾਦ ਕਰਦਾ ਹਾਂ ਤਾਂ ਲੱਗਦਾ ਹੈ ਕਿ ਉਸ ਸਮੇਂ ਦੀਆਂ ਮਾਸੂਮ ਭਰਾਤਰੀ ਸਾਝਾਂ ਦਾ ਰੰਗ ਬਹੁਤ ਮਜੀਠ ਸੀ। ਜਾਤਪਾਤ ਆਦਿ ਦਾ ਕੋਈ ਭਿੰਨ ਭਾਵ ਨਹੀਂ ਸੀ। ਦਰਅਸਲ, ਸਕੂਲੀ ਵਾਤਾਵਰਣ ਕੋਰੇ ਮਨਾਂ ’ਤੇ ਜੀਵਨ ਜਾਚ ਦੇ ਗੂੜ੍ਹੇ ਨਕਸ਼ ਅਛੋਪਲੇ ਹੀ ਉੱਕਰ ਗਿਆ। ਤਾਂ ਹੀ ਉਸ ਵਕਤ ਦੀਆਂ ਸਾਝਾਂ ਅਜੇ ਤੀਕ ਵੀ ਬਰਕਰਾਰ ਨੇ ਭਾਵੇਂ ਜਮਾਤੀਆਂ ਵਿੱਚੋਂ ਹਰੇਕ ਨੇ ਵੱਖੋ-ਵੱਖਰੀਆਂ ਰਾਹਾਂ ਮੱਲੀਆਂ, ਮੰਜ਼ਿਲਾਂ ਸਰ ਕੀਤੀਆਂ, ਸੁਪਨੇ ਪੂਰੇ ਕੀਤੇ ਅਤੇ ਆਪਣੀ ਜ਼ਿੰਦਗੀ ਨੂੰ ਆਪਣੇ ਰੰਗ-ਢੰਗ ਨਾਲ ਜੀਵਿਆ, ਪਰ ਕਈ ਵਾਰ ਇੰਝ ਵੀ ਲੱਗਦਾ ਹੈ ਕਿ ਕੁਝ ਬਹੁਤ ਹੀ ਹੁਸ਼ਿਆਰ ਜਮਾਤੀ ਸਨ ਜਿਹੜੇ ਆਰਥਿਕ ਮੰਦਹਾਲੀ, ਘਰ ਦੀਆਂ ਤੰਗੀਆਂ-ਤੁਰਸ਼ੀਆਂ ਅਤੇ ਅਣਸੁਖਾਵੇਂ ਹਾਲਤਾਂ ਕਾਰਨ ਉਹ ਕੁਝ ਨਾ ਪ੍ਰਾਪਤ ਕਰ ਸਕੇ ਜਿਹੜਾ ਉਹ ਕੁਝ ਕਰ ਸਕਦੇ ਸਨ। ਸਾਡੇ ਸਾਰਿਆਂ ਦੇ ਮਾਪੇ ਲਗਭਗ ਅਨਪੜ੍ਹ ਹੀ ਸਨ। ਇਹ ਤਾਂ ਅਧਿਆਪਕਾਂ ਦੀ ਪ੍ਰੇਰਨਾ, ਹੱਲਾਸ਼ੇਰੀ ਅਤੇ ਸਰਪ੍ਰਸਤੀ ਦਾ ਕਮਾਲ ਸੀ। ਉਹ ਹਰ ਇੱਕ ਨੂੰ ਸੇਧ ਦਿੰਦੇ, ਕੁਝ ਨਾ ਕੁਝ ਬਣਨ ਲਈ ਮਿਹਨਤ ਕਰਨ ਵੱਲ ਰੁਚਿਤ ਕਰਦੇ। ਇਹੀ ਪ੍ਰਤੀਬੱਧਤਾ ਕਾਰਨ ਹੀ ਕੁਝ ਕੁ ਵਿਦਿਆਰਥੀ ਜੇਕਰ ਮੱਲਾਂ ਮਾਰ ਸਕੇ ਤਾਂ ਅਧਿਆਪਕਾਂ ਦੀ ਦੇਣਦਾਰੀ ਨੂੰ ਸਲਾਮ ਕਰਨਾ ਬਣਦਾ ਹੈ। ਮੈਂ ਜਦੋਂ ਪਿਛਲਝਾਤੀ ਮਾਰਦਾ ਹਾਂ ਤਾਂ ਬੜਾ ਦੁੱਖ ਹੁੰਦਾ ਹੈ ਕਿ ਅੱਠਵੀਂ ਵਿੱਚ ਪਿੰਡ ਅਤੇ ਆਸ ਪਾਸ ਦੇ ਨੇੜਲੇ ਪਿੰਡਾਂ ਦੇ ਸਿਰਫ਼ 25 ਲੜਕੇ ਤੇ ਤਿੰਨ ਲੜਕੀਆਂ ਵਿੱਚੋਂ ਇਕ ਲੰਬੜਦਾਰਾਂ ਦੀ ਭਜਨੋ, ਦੂਸਰੀ ਕੋਠੀ ਵਾਲਿਆਂ ਦੀ ਦੀਪਾ ਅਤੇ ਤੀਸਰੀ ਹੱਟੀ ਵਾਲਿਆਂ ਦੀ ਭਜਨੋ ਸੀ, ਪਰ ਇਨ੍ਹਾਂ ਵਿੱਚੋਂ ਕਿੰਨਿਆਂ ਨੇ ਦਸਵੀਂ ਕੀਤੀ, ਕਿੰਨੇ ਕਾਲਜ ਦੀ ਪੜ੍ਹਾਈ ਪੂਰੇ ਕਰ ਸਕੇ ਅਤੇ ਕਿੰਨੇ ਪੋਸਟ ਗ੍ਰੈਜੂਏਸ਼ਨ ਕਰਨ ਲਈ ਯੂਨੀਵਰਸਿਟੀ ਗਏ ਤਾਂ ਪਤਾ ਲੱਗਦਾ ਹੈ ਕਿ ਸਾਡੀ ਅੱਠਵੀਂ ਜਮਾਤ ਵਿੱਚੋਂ ਸਿਰਫ਼ ਦੋ ਜਣੇ ਪੋਸਟ ਗ੍ਰੈਰਜੂਏਟ ਹੋਏ ਜਿਨ੍ਹਾਂ ਵਿੱਚੋਂ ਇੱਕ ਪੀਐੱਚਡੀ ਹੈ। ਸਵਾਲ ਹੈ ਕਿ ਅਜਿਹਾ ਕਿਉਂ? ਜਦ ਕਿ ਪਿੰਡਾਂ ਦੇ ਵਿਦਿਆਰਥੀ ਜ਼ਿਆਦਾ ਹੁਸ਼ਿਆਰ ਅਤੇ ਮਿਹਨਤੀ ਹੁੰਦੇ ਹਨ। ਪਿੰਡ ਦੇ ਜਵਾਕਾਂ ਵਿੱਚ ਉਚੇਰੀ ਪੜ੍ਹਾਈ ਪ੍ਰਤੀ ਜਾਗਰੂਕਤਾ ਦੀ ਘਾਟ, ਪੜ੍ਹਾਈ ਦੇ ਮੌਕਿਆਂ ਦਾ ਨਾ ਮਿਲਣਾ, ਆਰਥਿਕ ਸਾਧਨਾਂ ਦੀ ਕਮੀ, ਮਾਪਿਆਂ ਵਿੱਚ ਪੜ੍ਹਾਈ ਦੀ ਅਹਿਮੀਅਤ ਦਾ ਪਤਾ ਨਾ ਹੋਣਾ ਆਦਿ ਕਈ ਕਾਰਨ ਸਨ। ਇਸ ਕਰਕੇ ਹੀ ਪਿੰਡਾਂ ਵਾਲੇ ਪੱਛੜ ਜਾਂਦੇ ਰਹੇ। ਮੇਰੇ ਜਮਾਤੀਆਂ ਵਿੱਚੋਂ ਕੁਝ ਤਾਂ ਦਸਵੀਂ ਕਰਨ ਤੋਂ ਬਾਅਦ ਫੌਜ ਵਿੱਚ ਭਰਤੀ ਹੋ ਗਏ। ਕੁਝ ਵਾਹੀ ਕਰਨ ਲੱਗੇ ਅਤੇ ਕੁਝ ਆਪਣੇ ਪਿੱਤਰੀ ਕਿੱਤਿਆਂ ਵਿੱਚ ਰੁੱਝ ਗਏ। ਤਿੰਨਾਂ ਲੜਕੀਆਂ ਵਿੱਚੋਂ ਤਾਂ ਕੋਈ ਵੀ ਦਸਵੀਂ ਤੋਂ ਬਾਅਦ ਨਹੀਂ ਪੜ੍ਹੀ। ਲੜਕਿਆਂ ਦੇ ਮਾਪਿਆਂ ਵਿੱਚ ਆਪਣੀ ਔਲਾਦ ਨੂੰ ਵਿਦੇਸ਼ ਵਿੱਚ ਹਰ ਹਾਲਤ ਵਿੱਚ ਭੇਜਣ ਦੀ ਪ੍ਰਬਲ ਇੱਛਾ ਸੀ। ਪੜ੍ਹਾਈ ਨਾਲੋਂ ਵਿਦੇਸ਼ ਜਾਣ ਲਈ ਪੈਸਾ ਖ਼ਰਚਣ ਲੱਗਿਆਂ ਝੱਟ ਨਹੀਂ ਸੀ ਲਾਉਂਦੇ। ਇਹ ਵਰਤਾਰਾ ਅਜੋਕੇ ਸਮੇਂ ਵਿੱਚ ਵੀ ਬਾਦਸਤੂਰ ਜਾਰੀ ਹੈ। ਦਰਅਸਲ, ਦੁਆਬੇ ਵਿੱਚ ਸਾਡੇ ਸਮਿਆਂ ਵਿੱਚ ਸਭ ਤੋਂ ਵੱਡੀ ਦੌੜ ਸੀ ਕਿ ਕਿਸੇ ਨਾ ਕਿਸੇ ਤਰੀਕੇ ਇੰਗਲੈਂਡ ਵਗੈਰਾ ਬਾਹਰ ਜਾਇਆ ਜਾਵੇ। ਇਸ ਲਈ ਅਕਸਰ ਏਜੰਟਾਂ ਰਾਹੀਂ ਜਾਂ ਵਿਆਹ ਕਰਵਾ ਜਾਂ ਕੋਈ ਸਹੀ/ਗ਼ਲਤ ਤਰੀਕਾ/ਹਰਬਾ ਵਰਤਿਆ ਜਾਂਦਾ। ਮੇਰੇ ਜਮਾਤੀਆਂ ਵਿੱਚੋਂ ਬਲਵੰਤ ਸਿੰਘ ਐੱਮਏ ਦੀ ਪੜ੍ਹਾਈ ਵਿੱਚੇ ਛੱਡ ਕੇ ਜਰਮਨੀ ਚਲਾ ਗਿਆ, ਪਰ ਕੁਝ ਸਾਲ ਲਾ ਕੇ ਵਾਪਸ ਆਇਆ ਅਤੇ ਪੱਕੇ ਤੌਰ ’ਤੇ ਪਿੰਡ ਹੀ ਵੱਸ ਗਿਆ। ਉਸ ਦੇ ਦੋਵੇਂ ਬੇਟੇ ਅਮਰੀਕਾ ਅਤੇ ਆਸਟਰੇਲੀਆਂ ਵੱਸੇ ਹੋਏ ਹਨ। ਪਿੰਡ ਜਾਵਾਂ ਤਾਂ ਉਸ ਨਾਲ ਬੀਤੇ ਦੀਆਂ ਗੱਲਾਂ ਕਰਕੇ ਭਰਿਆ ਮਨ ਫਰੋਲਦਾ ਹਾਂ। ਮੇਰੇ ਜਮਾਤੀਆਂ ਵਿੱਚੋਂ ਸਿਰਫ਼ ਦੋ/ਤਿੰਨ ਹੀ ਪਿੰਡ ਰਹਿੰਦੇ ਹਨ, ਬਾਕੀ ਤਾਂ ਵੱਖ ਵੱਖ ਦੇਸ਼ਾਂ ਵਿੱਚ ਆਪੋ-ਆਪਣੇ ਆਲ੍ਹਣਿਆਂ ਦਾ ਨਿੱਘ ਮਾਣ ਰਹੇ ਹਨ। ਸ਼ਿਵਦੇਵ ਨੇ ਦਸਵੀਂ ਤੋਂ ਬਾਅਦ ਕੁਝ ਸਮਾਂ ਪੈਪਸੂ ਰੋਡ ਵਿੱਚ ਕੰਡਕਟਰੀ ਕੀਤੀ ਅਤੇ ਫਿਰ ਵਿਆਹ ਕਰਵਾ ਕੇ ਇੰਗਲੈਂਡ ਵੱਸ ਗਿਆ। ਰਣਜੀਤ ਕਾਲਜ ਦੀ ਪੜ੍ਹਾਈ ਵਿੱਚੇ ਛੱਡ ਕੇ ਏਜੰਟਾਂ ਰਾਹੀਂ ਇੰਗਲੈਂਡ ਆ ਗਿਆ। ਇੱਥੇ ਹੀ ਵਿਆਹ ਕਰਵਾ ਕੇ ਹੁਣ ਰਾਧਾ-ਸਵਾਮੀ ਬਣਿਆ ਰਿਟਾਇਰਡ ਜ਼ਿੰਦਗੀ ਦਾ ਰੰਗ ਮਾਣ ਰਿਹਾ ਹੈ। ਹੈਰਾਨੀ ਹੁੰਦੀ ਹੈ ਕਿ ਬੰਦਾ ਇੰਝ ਕਿਉਂ ਬਦਲ ਜਾਂਦਾ ਕਿਉਂਕਿ ਮੇਰੇ ਜਮਾਤੀਆਂ ਵਿੱਚੋਂ ਕੁਝ ਤਾਂ ਰਾਧਾ ਸਵਾਮੀ ਬਣ ਗਏ, ਕੁਝ ਅੰਮ੍ਰਿਤਧਾਰੀ ਹੋ ਗਏ, ਕੁਝ ਕਾਮਰੇਡ ਬਣ ਗਏ, ਪਰ ਉਨ੍ਹਾਂ ਅੰਦਰਲਾ ਬੰਦਾ ਕਿਧਰ ਗਿਆ? ਸ਼ਾਇਦ ਮਨੁੱਖਤਾ ਮਈ ਧਰਮ ਬਹੁਤ ਪਿਛਾਂਹ ਰਹਿ ਗਿਆ ਹੈ। ਊਧਮ ਐੱਮਏ ਕਰਕੇ ਵਿਆਹ ਕਰਵਾ ਅਮਰੀਕਾ ਉਡਾਰੀ ਮਾਰ ਗਿਆ। ਨਿੰਦਰ ਤਾਂ ਅੱਠਵੀ ਤੋਂ ਬਾਅਦ ਕਦੇ ਮਿਲਿਆ ਨਹੀਂ, ਪਰ ਪਤਾ ਹੈ ਕਿ ਉਹ ਵੀ ਕਿਸੇ ਤਰੀਕੇ ਆਸਟਰੇਲੀਆ ਪਹੁੰਚ ਗਿਆ ਸੀ ਅਤੇ ਹੁਣ ਉੱਥੇ ਹੀ ਰਹਿੰਦਾ ਹੈ। ਹੱਟੀ ਵਾਲਿਆਂ ਦਾ ਮੀਤਾ ਦੁੱਧ ਘਿਓ ਦੇ ਦੇਸ਼ ਡੈਨਮਾਰਕ ਵਿੱਚ ਰੰਗ ਭਾਗ ਲਾਈ ਬੈਠਾ ਹੈ ਜੋ ਆਪਣੀ ਹੱਟੀ ਤੋਂ ਕਦੇ ਕਦਾਈਂ ਫੁੱਲੀਆਂ ਜਾਂ ਪਤਾਸਿਆਂ ਨਾਲ ਸਾਡਾ ਮਿੱਠਾ ਮੂੰਹ ਕਰਵਾ ਦਿੰਦਾ ਸੀ। ਅਮਰੀਕ ਨੇ ਆਪਣੇ ਬਾਪ ਦਾ ਪਿਤਾ-ਪੁਰਖੀ ਕਿੱਤਾ ਸਾਂਭ ਕੇ ਟੈਂਪੂ ਚਲਾਉਣਾ ਸ਼ੁਰੂ ਕਰ ਦਿੱਤਾ ਸੀ। ਬਾਅਦ ਵਿੱਚ ਉਸ ਦੀ ਬੇਟੀ ਅਤੇ ਬੇਟਾ ਕੈਨੇਡਾ ਆ ਗਏ। ਕੈਨੇਡਾ ਰਹਿੰਦਿਆਂ ਕਦੇ ਕਦਾਈਂ ਮੈਨੂੰ ਮਿਲ ਪੈਂਦਾ ਸੀ। ਹੁਣ ਤਾਂ ਕਈ ਸਾਲ ਹੋ ਗਏ ਉਸ ਨੂੰ ਮਿਲਿਆਂ। ਕਾਲੀ ਕਿਆਂ ਦਾ ਜਗੀਰ ਫੌਜ ਵਿੱਚ ਚਲੇ ਗਿਆ, ਰਿਟਾਇਰ ਹੋ ਕੇ ਪਾਠੀ ਬਣਿਆ ਅਤੇ ਅੱਜਕੱਲ੍ਹ ਆਪਣੇ ਬੱਚਿਆਂ ਕੋਲ ਕੈਨੇਡਾ ਰਹਿੰਦਾ ਹੈ। ਗੁਲਜ਼ਾਰੀ ਅੱਜਕੱਲ੍ਹ ਇੰਗਲੈਂਡ ਵਿੱਚ ਆਪਣੇ ਬੇਟੇ ਕੋਲ ਰਹਿੰਦਾ ਹੈ ਜਿਸ ਨੇ ਗੋਰੀ ਨਾਲ ਵਿਆਹ ਕਰਵਾ ਕੇ ਪੱਕਾ ਹੋਣ ਦੀ ਜੁਗਤ ਬਣਾ ਲਈ। ਘੁੱਗ ਬੇਟ ਦਾ ਜੀਤਾ ਤਾਂ ਫੌਜ ਵਿੱਚ ਭਰਤੀ ਹੋ ਗਿਆ ਸੀ ਜਦ ਕਿ ਖੁੱਖਰੈਣ ਦਾ ਮੱਸਾ ਸਿੰਘ ਦੋ ਕੁ ਸਾਲ ਕਾਲਜ ਵਿੱਚ ਲਾ ਕੇ ਫਿਰ ਵਾਹੀ ਵਿੱਚ ਹੀ ਸਾਰੀ ਉਮਰ ਰੁੱਝਾ ਰਿਹਾ। ਨਰਕਟਾਂ ਦਾ ਜੋਗਿੰਦਰ ਪੰਜਾਬ ਬਿਜਲੀ ਬੋਤਡ ਵਿੱਚੋਂ ਰਿਟਾਇਰ ਹੋਇਆ ਹੈ ਅਤੇ ਸੁਰਿੰਦਰਪਾਲ ਪਹਿਲਾਂ ਤਾਂ ਦੁਬਈ ਚਲੇ ਗਿਆ ਅਤੇ ਬਾਅਦ ਵਿੱਚ ਵਾਪਸ ਆ ਕੇ ਮਕਾਨ ਉਸਾਰੀ ਦਾ ਮਿਸਤਰੀ ਬਣ ਗਿਆ। ਕੁਝ ਦਾ ਤਾਂ ਪਤਾ ਨਹੀਂ ਲੱਗ ਸਕਿਆ ਕਿ ਜੀਵਨ ਨੇ ਉਨ੍ਹਾਂ ਨੂੰ ਕਿਹੜੇ ਰਾਹਾਂ ਦਾ ਪਾਂਧੀ ਬਣਾਇਆ? ਗੋਮਾ ਤਾਂ ਆਪਣੀ ਵਾਹੀ ਵਿੱਚ ਹੀ ਇੰਨਾ ਰੁੱਝ ਗਿਆ ਕਿ ਉਸਨੇ ਹੋਰ ਪੜ੍ਹਾਈ ਦਾ ਵਿਚਾਰ ਹੀ ਤਿਆਗ ਦਿੱਤਾ। ਉਸ ਦਾ ਪੋਤਾ ਅੱਜਕੱਲ੍ਹ ਕੈਨੇਡਾ ਵਿੱਚ ਆ ਗਿਆ ਹੈ, ਪਰ ਪਤਾ ਨਹੀਂ ਕਿਉਂ ਉਹ ਅੱਜਕੱਲ੍ਹ ਜ਼ਿੰਦਗੀ ਤੋਂ ਉਚਾਟ ਹੋਇਆ ਮਾਨਸਿਕ ਰੋਗੀ ਬਣ ਗਿਆ ਹੈ। ’ਕੇਰਾਂ ਮੈਂ ਖ਼ਾਸ ਤੌਰ ’ਤੇ ਉਸ ਨੂੰ ਘਰ ਜਾ ਕੇ ਮਿਲਿਆ, ਪਰ ਚਾਹੁੰਦਿਆਂ ਹੋਇਆਂ ਵੀ ਮੈਂ ਉਸ ਨਾਲ ਬਚਪਨੀ ਦਿਨਾਂ ਦਾ ਰੰਗ ਨਾ ਮਾਣ ਸਕਿਆ। ਕਈ ਵਾਰ ਦਿਲਾਂ ਵਿੱਚ ਪਈ ਗੰਢ ਕਿਸੇ ਨੂੰ ਦਿਖਾਈ ਨਹੀਂ ਦਿੰਦੀ। ਕੌਣ ਜਾਣੇ ਦਿਲਾਂ ਦੇ ਮਾਮਲੇ ਕਿਉਂਕਿ ਦਿਲ ਦਰਿਆ ਸਮੁੰਦਰੋਂ ਡੂੰਘੇ ਕੌਣ ਦਿਲਾਂ ਦੀਆਂ ਜਾਣੇ। ਮੇਰੇ ਘਰਦਿਆਂ ਨੇ ਬੜਾ ਚਾਹਿਆ ਸੀ ਕਿ ਮੈਂ ਵੀ ਕਿਸੇ ਤਰੀਕੇ ਬਾਹਰ ਚਲਾ ਜਾਵਾਂ, ਪਰ ਕੁਦਰਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਆਖਰ ਨੂੰ ਮੈਂ ਵੀ ਪੰਜਾਹ ਸਾਲ ਦੀ ਉਮਰ ਵਿੱਚ ਪ੍ਰਦੇਸੀ ਹੋ ਗਿਆ। ਪਰਿਵਾਰ ਸਮੇਤ ਪਹਿਲਾਂ ਕੈਨੇਡਾ ਅਤੇ ਬਾਅਦ ਵਿੱਚ ਅਮਰੀਕਾ ਆ ਕੇ ਵੱਸ ਗਿਆ। ਦਰਅਸਲ, ਜੀਵਨ ਨੇ ਕਿਹੜੇ ਮੋੜ ’ਤੇ ਕਿਹੜਾ ਰਾਹ ਅਖ਼ਤਿਆਰ ਕਰਨਾ, ਕਿਸ ਤਰ੍ਹਾਂ ਦਾ ਫ਼ੈਸਲਾ ਤੁਹਾਨੂੰ ਲੈਣਾ ਪੈਣਾ ਅਤੇ ਕਿਹੜੀਆਂ ਪੈੜਾਂ ਨੇ ਤੁਹਾਡੇ ਸੁਪਨਿਆਂ ਦਾ ਸੱਚ ਬਣਨਾ, ਇਹ ਸਮੇਂ ਦੀ ਕੁੱਖ ਵਿੱਚ ਹੁੰਦਾ ਹੈ ਜਿਸ ਦਾ ਸਾਨੂੰ ਜ਼ਿਆਦਾਤਰ ਪਤਾ ਨਹੀਂ ਹੁੰਦਾ। ਕਦੇ ਕਹਿੰਦੇ ਸਨ ਕਿ ਕੁੜੀਆਂ ਤਾਂ ਚਿੜੀਆਂ ਹੁੰਦੀਆਂ ਹਨ ਜਿਨ੍ਹਾਂ ਨੇ ਉਡਾਰੀ ਮਾਰ ਜਾਣੀ ਹੈ, ਪਰ ਹੁਣ ਅਜਿਹਾ ਨਹੀਂ। ਹੁਣ ਤਾਂ ਮੁੰਡੇ ਅਤੇ ਕੁੜੀਆਂ ਦੋਵੇਂ ਹੀ ਉਡਾਰੀ ਮਾਰ ਜਾਂਦੇ ਹਨ। ਤਾਂ ਹੀ ਹੁਣ ਪਿੰਡ ਖਾਲੀ ਹਨ। ਸਿਰਫ਼ ਵੱਡੇ ਵੱਡੇ ਘਰਾਂ ਵਿੱਚ ਬਜ਼ੁਰਗਾਂ ਨੂੰ ਦੇਖਿਆ ਜਾ ਸਕਦਾ ਹੈ ਜਿਹੜੇ ਆਪਣੇ ਦਰਾਂ ’ਤੇ ਧੀਆਂ/ਪੁੱਤਾਂ ਦੀ ਦਸਤਕ ਉਡੀਕਦਿਆਂ ਬੁੱਢੇ ਹੋ ਰਹੇ ਹਨ। ਕਈ ਵਾਰ ਤਾਂ ਉਹ ਦਸਤਕ ਸੁੁਣੇ ਬਗੈਰ ਹੀ ਦੁਨੀਆ ਤੋਂ ਕੂਚ ਕਰ ਜਾਂਦੇ ਹਨ। ਮਨ ਬਹੁਤ ਮਸੋਸਿਆਂ ਜਾਂਦਾ ਸੀ ਜਦੋਂ ਮੈਂ ਕਪੂਰਥਲੇ ਰਣਧੀਰ ਕਾਲਜ ਵਿੱਚ ਪੜ੍ਹਾਉਂਦਿਆਂ ਕਈ ਵਾਰ ਆਪਣੇ ਕੱਚੀ ਪੱਕੀ ਦੇ ਆੜੀਆਂ ਨੂੰ ਮਿਲਦਾ ਜੋ ਜ਼ਿੰਦਗੀ ਦੀ ਦੌੜ ਵਿੱਚ ਬਹੁਤ ਪੱਛੜ ਗਏ। ਉਹ, ਉਹ ਕੁਝ ਨਾ ਕਰ ਸਕੇ ਜਿਹੜਾ ਉਹ ਕਰ ਸਕਦੇ ਸਨ। ਜਾਤੀਕਿਆਂ ਦਾ ਮਾਧੋ ਰੇਹੜਾ ਵਾਹੁਣ ਲੱਗ ਪਿਆ। ਜਦ ਕਦੇ ਸ਼ਹਿਰ ਵਿੱਚ ਟੱਕਰ ਪੈਣਾ ਤਾਂ ਮੈਨੂੰ ਦੇਖ ਕੇ ਉਸ ਦੇ ਮਨ ਵਿੱਚ ਉਤਰੀ ਉਦਾਸੀ ਮੈਨੂੰ ਬਹੁਤ ਦੁੱਖ ਦਿੰਦੀ ਸੀ ਭਾਵੇਂ ਕਿ ਮੈਂ ਉਸ ਨੂੰ ਸਹਿਜ ਕਰਨ ਲਈ ਉਚੇਚ ਕਰਦਾ, ਪਰ ਚੰਦਰਾ ਮਨ ਕਦੋਂ ਸਹਿਜ ਰਹਿੰਦਾ ਹੈ, ਜਦ ਉਹ ਆਪਣਾ ਅਤੇ ਆਪਣੇ ਜਮਾਤੀ ਵਿਚਲੇ ਅੰਤਰ ਨੂੰ ਕਿਆਸਣ ਲੱਗਦਾ। ਸਭ ਤੋਂ ਵੱਧ ਪੀੜਤ ਮੈਂ ਉਸ ਵਕਤ ਹੁੰਦਾ ਹਾਂ ਜਦੋਂ ਮੈਂ ਆਪਣੇ ਜਮਾਤੀ ਮਜ਼੍ਹਬੀ ਸਿੱਖ ਭਗਵਾਨ ਨੂੰ ਦਿਹਾੜੀ ਕਰਨ ਲਈ ਸ਼ਹਿਰ ਆਉਂਦੇ ਨੂੰ ਕਦੇ ਮਿਲ ਪੈਂਦਾ। ਪੜ੍ਹਾਈ ਵਿੱਚ ਬਹੁਤ ਹੁਸ਼ਿਆਰ ਅਤੇ ਸਰੀਰਕ ਪੱਖੋਂ ਚੁਸਤ ਫੁਰਤ, ਪਰ ਘਰ ਦੀ ਗ਼ਰੀਬੀ ਹੀ ਉਸ ਲਈ ਸਭ ਤੋਂ ਵੱਡੀ ਰੁਕਾਵਟ ਬਣ ਗਈ। ਉਹ ਦਸਵੀਂ ਤੋਂ ਬਾਅਦ ਪਰਿਵਾਰ ਨੂੰ ਮੰਦਹਾਲੀ ਵਿੱਚੋਂ ਕੱਢਣ ਲਈ ਦਿਹਾੜੀਆਂ ਕਰਨ ਲੱਗ ਪਿਆ। ਜੇਕਰ ਉਸਦੇ ਪਰਿਵਾਰ ਕੋਲ ਸਾਧਨ ਹੁੰਦੇ ਤਾਂ ਉਹ ਵੱਡੀਆਂ ਮੱਲਾਂ ਵੀ ਮਾਰ ਸਕਦਾ ਸੀ, ਪਰ ਜਲਦੀ ਵਿਆਹ ਹੋਣ ਤੋਂ ਬਾਅਦ ਤੇ ਪਰਿਵਾਰਕ ਜ਼ਿੰਮੇਵਾਰੀਆਂ ਨਿਭਾਉਂਦਿਆਂ ਉਹ ਕੁੱਬਾ ਹੋ ਗਿਆ। ਸਮਾਜਿਕ ਅਸਾਵਾਂਪਣ ਅਤੇ ਇਕਸਾਰ ਪੜ੍ਹਾਈ ਦੇ ਮੌਕਿਆਂ ਦੀ ਘਾਟ ਪੀੜ੍ਹੀ ਦਰ ਪੀੜ੍ਹੀ ਹੁਣ ਵੀ ਚੱਲ ਰਹੀ ਹੈ ਜਦੋਂ ਕਿ ਉਨ੍ਹਾਂ ਦੀ ਬਰਾਦਰੀ ਦੇ ਕੁਝ ਕੁ ਲੋਕ ਹੀ ਰਾਖਵੇਂਕਰਨ ਵਿੱਚੋਂ ਆਪਣੀਆਂ ਕਈ ਨਸਲਾਂ ਤਾਰ ਰਹੇ ਹਨ। ਪਿੰਡ ਜਾਵਾਂ ਤਾਂ ਬੋਰੀ ਵਾਲੇ ਸਕੂਲ ਦੇ ਜਮਾਤੀਆਂ ਨੂੰ ਮਿਲਣ ਲਈ ਤਾਂ ਬਹੁਤ ਮਨ ਕਰਦਾ ਹੈ, ਪਰ ਹੁਣ ਪਿੰਡ ਵਿੱਚ ਇੱਕ ਦੋ ਤੋਂ ਜ਼ਿਆਦਾ ਜਮਾਤੀ ਨਹੀਂ ਮਿਲਦੇ। ਪਿੰਡ ਖਾਲੀ ਹੋ ਗਏ ਹਨ। ਘਰਾਂ ਨੂੰ ਤਾਲੇ ਲੱਗ ਗਏ ਹਨ। ਕੋਈ ਜਵਾਨ ਤੁਹਾਨੂੰ ਪਿੰਡ ਦੀਆਂ ਗਲੀਆਂ ਵਿੱਚ ਨਹੀਂ ਦਿਸੇਗਾ ਜਿੱਥੇ ਕਦੇ ਰੌਣਕ ਹੋਇਆ ਕਰਦੀ ਸੀ। ਇਸ ਬੇਰੌਣਕੀ ਨੇ ਪਿੰਡਾਂ ਦੀ ਨੁਹਾਰ ਹੀ ਬਦਲ ਦਿੱਤੀ ਹੈ। ਜਿੱਥੇ ਕਦੇ ਰੱਬ ਵੱਸਦਾ ਸੀ, ਹੁਣ ਉੱਥੇ ਕਬਰਾਂ ਵਰਗੇ ਹੀ ਲੋਕ ਰਹਿ ਗਏ। ਨਸ਼ਿਆਂ ਵਿੱਚ ਗਰਕ ਹੋਈ ਜਵਾਨੀ ਅਤੇ ਵਿਦੇਸ਼ਾਂ ਵਿੱਚ ਵੱਸਣ ਦੀ ਹੋੜ ਨੇ ਪੇਂਡੂ ਵਿਰਾਸਤ ਦਾ ਮੁਹਾਂਦਰਾ ਹੀ ਬਦਲ ਦਿੱਤਾ ਹੈ। ਪਰਵਾਸ ਕਰਨਾ ਮਾੜਾ ਨਹੀਂ, ਪਰ ਪਰਵਾਸ ਦੇ ਨਾਮ ’ਤੇ ਆਪਣੇ ਪਿੰਡ ਤੋਂ ਟੁੱਟ ਜਾਣਾ, ਆਪਣੀ ਵਿਰਾਸਤ ਤੋਂ ਮੂੰਹ ਮੋੜ ਲੈਣਾ ਅਤੇ ਅਪਣੱਤ ਤੇ ਮੋਹ ਤੋਂ ਵਿਰਵੇ ਹੋ ਜਾਣਾ, ਪੰਜਾਬੀਅਤ ਦਾ ਸਭ ਤੋਂ ਵੱਡਾ ਘਾਣ ਕਰ ਰਿਹਾ ਹੈ। ਵੈਸੇ ਵੀ ਪੰਜਾਹ ਪਹਿਲਾਂ ਪਿੰਡ ਵਿੱਚੋਂ ਉਡਾਰੀ ਮਾਰ ਗਿਆਂ ਨੂੰ ਤਾਂ ਗਲੀਆਂ ਦੇ ਕੱਖ ਵੀ ਪਛਾਨਣ ਤੋਂ ਆਕੀ ਹੋ ਜਾਂਦੇ ਹਨ। ਬੋਰੀ ਵਾਲੇ ਸਕੂਲ ਦੀ ਇੱਕ ਅਹਿਮ ਪ੍ਰਾਪਤੀ ਸੀ ਹੈੱਡਮਾਸਟਰ ਹਰਭਜਨ ਸਿੰਘ ਹੁੰਦਲ ਹੁਰਾਂ ਦੀ ਸਰਪ੍ਰਸਤੀ ਮਿਲਣਾ। ਪੰਜਾਬੀ ਦੇ ਕਵੀ ਹੁੰਦਿਆਂ ਉਨ੍ਹਾਂ ਦਾ ਅੰਗਰੇਜ਼ੀ ਪੜ੍ਹਾਉਣ ਦਾ ਤਰੀਕਾ ਬਾਕਮਾਲ ਸੀ। ਉਨ੍ਹਾਂ ਦੀ ਮੌਤ ਤੀਕ ਪੰਜਾਬ ਜਾ ਕੇ ਉਨ੍ਹਾਂ ਨੂੰ ਮਿਲਣਾ ਇੱਕ ਤੀਰਥ ਯਾਤਰਾ ਵਰਗਾ ਅਹਿਸਾਸ ਮਨ ਵਿੱਚ ਪੈਦਾ ਕਰਦਾ ਜਦੋਂ ਮੈਂ, ਪ੍ਰੋ. ਔਜਲਾ, ਬਲਵੰਤ ਸਿੰਘ ਆਦਿ ਕੁਝ ਪੁਰਾਣੇ ਵਿਦਿਆਰਥੀ ਉਨ੍ਹਾਂ ਨੂੰ ਮਿਲਦੇ, ਉਨ੍ਹਾਂ ਦੀਆਂ ਸਮੁੱਤਾਂ ਦਾ ਲਾਹਾ ਲੈਂਦੇ। ਆਉਣ ਲੱਗਿਆਂ ਉਹ ਕੁਝ ਉੱਤਮ ਪੰਜਾਬੀ ਕਿਤਾਬਾਂ ਨਾਲ ਸਾਨੂੰ ਨਿਵਾਜਦੇ। ਮਨ ਨੂੰ ਬੀਤੇ ਨੂੰ ਅੱਖਰਾਂ ਵਿੱਚ ਉਲਥਾਉਂਦਿਆਂ, ਕਲਮ ਨੇ ਲਿਖਿਆ; ਵਿੱਚ ਪ੍ਰਦੇਸਾਂ ਬੈਠਾ ਥੋਡਾ ‘ਬਖ਼ਸ਼ੀ’ ਬੋਲਦਾ ਹਾਂ ਕੱਚੀ-ਪੱਕੀ ਪੜ੍ਹਦਿਆਂ ਜਿਹੜਾ ਸੁਪਨਾ ਲੈਂਦੇ ਸੀ ਮੰਡ ’ਚ ਪਸ਼ੂ ਚਾਰਦਿਆਂ ਜਿਹੜਾ ਜਹਾਜ਼ ਦੇਖਦੇ ਸੀ ਚੇਤੇ ਕਰਦਾਂ ਹੁਣ ਜਾ ਪਿੰਡ ’ਚ ਬੀਤੀ ਜ਼ਿੰਦਗੀ ਨੂੰ ਹਰ ਬਜ਼ੁਰਗ ਦੀ ਥਪਕੀ ਮੇਰਾ ਹਾਸਲ ਹੁੰਦੀ ਸੀ ਮੇਰੇ ਹੱਥ ਜੋ ਮਾਸਟਰਾਂ ਘੜ ਕੇ ਕਲਮ ਫੜਾਈ ਸੀ ਅੰਮ੍ਰਿਤ ਵੇਲੇ ਭਾਈ ਜੋ ਪਹਿਲਾ ਵਾਕ ਸੁਣਾਉਂਦਾ ਸੀ ਨੰਗ-ਮੁਨੰਗਾ ਬਚਪਨਾ ਚੇਤੇ ਕਰ ਕਰ ਕੇ ਕਦੇ ਕਦਾਈਂ ਘੜੀ ਕੁ ਵਿਹਲ ਜੇ ਮਿਲ ਜਾਵੇ ਮੈਂ ਤੇ ਮੇਰੇ ਬੋਲਾਂ ਇੱਕ ਦਿਨ ਤੁਰ ਜਾਣਾ ਹੁਣ ਮੈਂ ਵੀ ਜਦੋਂ ਆਪਣੇ ਪੁਰਾਣੇ ਜਮਾਤੀਆਂ ਨਾਲ ਫੋਨ ’ਤੇ ਗੱਲ ਕਰਾਂ ਤਾਂ ਸਮੇਂ ਦਾ ਪਤਾ ਹੀ ਨਹੀਂ ਲੱਗਦਾ। ਬਿਤਾਏ ਸਮਿਆਂ ਦੀਆਂ ਬਾਤਾਂ ਸਿਰਫ਼ ਉਨ੍ਹਾਂ ਸਮਿਆਂ ਦੇ ਬੇਲੀ ਹੀ ਸੁਣ ਸਕਦੇ ਜਿਨ੍ਹਾਂ ਨਾਲ ਤੁਸੀਂ ਅਣਮੋਲ ਅਤੇ ਬੇਫ਼ਿਖਰੇ ਪਲ ਮਾਣੇ ਹੁੰਦੇ, ਜਿਨ੍ਹਾਂ ਨਾਲ ਗੁੱਲੀ ਡੰਡਾ ਖੇਡਿਆ ਹੋਵੇ, ਫੱਟੀ ਪੋਚਣ ਜਾਂ ਡੁੱਬਕਾ ਲੈਣ ਤੋਂ ਫੱਟੀਆਂ ਨਾਲ ਲੜਾਈ ਹੋਈ ਹੋਵੇ। ਪਾਕੀਜ਼ ਮਨਾਂ ਦੀਆਂ ਪਲ ਪਲ ਬਦਲਦੀਆਂ ਦੁਸ਼ਮਣੀਆਂ ਅਤੇ ਦੋਸਤੀਆਂ ਦਰਅਸਲ ਬਚਪਨੇ ਦਾ ਉਹ ਰੰਗ ਸੀ ਜਿਹੜਾ ਜੀਵਨ ਵਿੱਚ ਕਦੇ ਨਹੀਂ ਮਿਲਦਾ। ਤਾਂ ਹੀ ਅਸੀਂ ਬੀਤੇ ਨੂੰ ਯਾਦ ਕਰਦੇ, ਬੀਤੇ ਵਕਤ ਨੂੰ ਬੇਅਰਥੀ ਹਾਕਾਂ ਮਾਰਦੇ ਹਾਂ, ਪਰ ਯਾਦਾਂ ਕਦੋਂ ਖਹਿੜਾ ਛੱਡਦੀਆਂ ਹਨ? ਉਨ੍ਹਾਂ ਦਿਨਾਂ ਨੂੰ ਯਾਦ ਕਰਕੇ ਬੰਦਾ ਬੀਤੇ ਵਿੱਚ ਪਰਤਦਾ ਹੈ। ਇੱਕ ਸਕੂਨ ਅਤੇ ਹੁਲਾਸ ਮਿਲਦਾ ਹੈ ਅਤੇ ਅਜੋਕੀ ਭੱਜਦੌੜ ਦੀ ਜ਼ਿੰਦਗੀ ਨੂੰ ਕੁਝ ਰਾਹਤ ਮਿਲਦੀ ਹੈ ਤਾਂ ਹੀ ਅੱਜ ਮੈਂ ਆਪਣੇ ਕੱਚੀ ਪੱਕੀ ਦੇ ਆੜੀਆਂ ਨੂੰ ਯਾਦ ਕਰਦਿਆਂ ਸ਼ਬਦਾਂ ਨੂੰ ਸਿੰਮਣ ਲਾ ਦਿੱਤਾ। |
|
*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ। |

by
ਕੱਚੀ