11 November 2026

‘ਪਥਰੀਲਾ ਜੰਗਲ’ ਉਲਝੇ ਹੋਏ ਸਮਾਜ ਦਾ ਮਾਰਗ-ਦਰਸ਼ਨ ਕਰਨ ਕਰਦੀ ਸ਼ਾਇਰੀ—ਡਾ. ਕੁਲਵਿੰਦਰ ਸਿੰਘ ਬਾਠ

ਪੰਜਾਬੀ ਸਾਹਿਤ, ਕਲਾ ਅਤੇ ਸੱਭਿਆਚਾਰ ਦੀ ਹਰਫ਼ਨਮੌਲਾ ਸ਼ਖ਼ਸੀਅਤ ਜਗਦੀਸ਼ ਰਾਣਾ ਦੇ ਸੱਜਰੇ ਗ਼ਜ਼ਲ ਸੰਗ੍ਰਹਿ “ਪਥਰੀਲਾ ਜੰਗਲ” ਦੇ ਮੁੱਖ ਪੰਨੇ ਤੇ ਸਰਸਰੀ ਨਜ਼ਰ ਮਾਰਦਿਆਂ ਸੁਭਾਵਿਕ ਹੀ ਮੇਰੇ ਮਨ ਵਿੱਚ ਸਵਾਲ ਪੈਦਾ ਹੋਇਆ… ‘ਜੰਗਲ ਤਾਂ ਕੁਦਰਤ, ਬਨਸਪਤੀ, ਜੀਵ-ਜੰਤੂਆਂ ਵਗੈਰਾ ਦਾ ਜਿਉਂਦਾ-ਜਾਗਦਾ ਈਕੋਸਿਸਟਮ ਹੁੰਦਾ ਹੈ, ਫਿਰ ਇਹ ਖ਼ੂਬਸੂਰਤ ਸੰਗ੍ਰਹਿ ਪੱਥਰ ਵਰਗਾ ਬੇਜਾਨ ਅਤੇ ਸਖ਼ਤ-ਕਠੋਰ ਕਿਵੇਂ ਹੋ ਸਕਦਾ ਹੈ?’

ਪੁਸਤਕ ਨੂੰ ਪੜ੍ਹਦਿਆਂ, ਜਾਣਦਿਆਂ ਅਤੇ ਸਮਝਦਿਆਂ ਮੇਰੇ ਪਾਠਕ ਮਨ ਨੂੰ ਮਹਿਸੂਸ ਹੋਇਆ ਕਿ… ਜਦੋਂ ਘੁੱਪ ਹਨੇਰਾ ਰਿਸ਼ਮਾਂ ਅਤੇ ਚਾਨਣ ‘ਤੇ ਕਬਜ਼ਾ ਕਰ ਲਵੇ, ਜਦ ਬਿਰਖ ਉਦਾਸ ਹੋ ਜਾਵਣ, ਚੁਫੇ਼ਰੇ ਲੱਗੀਆਂ ਜਾਂ ਲਗਾਈਆਂ ਅੱਗਾਂ ਨਾਲ ਪੌਣ ਧੁਆਂਖੀ ਤੇ ਗਲ਼ਘੋਟੂ ਹੋ ਜਾਵੇ, ਪਸ਼ੂ-ਪੰਛੀ ਸਹਿਮ ਜਾਣ, ਰਮਣੀਕ ਰਾਹਾਂ ਸੁੰਨੀਆਂ ਹੋ ਜਾਵਣ, ਧਰਮੀ ਬੰਦੇ ਧਰਮ ਦੇ ਨਾਮ ‘ਤੇ ਦੰਗੇ-ਫ਼ਸਾਦ ਕਰਵਾਉਣ, ਰਾਜਸੀ ਨੇਤਾ ਤੇ ਹੁਕਮਰਾਨ ਲੋਕਾਈ ਨੂੰ ਲੁੱਟਣ ਅਤੇ ਕੁੱਟਣ ਲੱਗ ਪੈਣ, ਪੈਸਾ ਪੀਰ ਅਤੇ ਲੋਕ ਡਾਹਢੇ ਬਣ ਜਾਵਣ… ਤਾਂ ਅਜਿਹੇ ਵਰਤਾਰੇ ਸੱਚ-ਮੁਚ ਹੀ ਪਥਰੀਲੇ ਜੰਗਲ ਦੀ ਨਿਸ਼ਾਨਦੇਹੀ ਕਰਦੇ ਨੇ!
ਜਗਦੀਸ਼ ਰਾਣਾ ਤੇ ਉਸ ਦੀਆਂ ਸਮਾਜਿਕ, ਸੱਭਿਆਚਾਰਕ ਅਤੇ ਸਾਹਿਤਿਕ ਪੈੜਾਂ…
ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਦਾ ਮੀਤ ਪ੍ਰਧਾਨ ਅਤੇ ਦੋਆਬੇ ਦਾ ਜੰਮਪਲ ਜਗਦੀਸ਼ ਰਾਣਾ ਇੱਕ ਬਹੁਪੱਖੀ ਤੇ ਬਹੁਰੰਗੀ ਪ੍ਰਤਿਭਾ ਵਾਲਾ ਬਹੁ-ਵਿਧਾਵੀ ਲੇਖਕ ਹੈ। ਦਾਰਸ਼ਨਿਕ ਮਿਜ਼ਾਜ, ਪ੍ਰੇਰਨਾਦਾਇਕ ਤੇ ਅਗਾਂਹਵਧੂ ਵਿਚਾਰਾਂ ਵਾਲੇ ਇਸ ਸ਼ਖ਼ਸ ਨੇ 1 ਗੀਤ ਸੰਗ੍ਰਹਿ, 2 ਗ਼ਜ਼ਲ ਸੰਗ੍ਰਹਿ ਅਤੇ 8 ਸੰਪਾਦਿਤ ਪੁਸਤਕਾਂ ਨਾਲ ਨਿਵੇਕਲੀਆਂ ਪੈੜਾਂ ਪਾਈਆਂ ਹਨ। ਓਸ ਦੀਆਂ ਸੰਪਾਦਿਤ ਕੀਤੀਆਂ ਪੁਸਤਕਾਂ ਵਿੱਚ ਅਨੇਕਾਂ ਹੀ ਜਾਣੇ-ਪਛਾਣੇ ਅਤੇ ਅਣਗੌਲੇ ਸਾਹਿਤਕਾਰਾਂ ਦੇ ਜੀਵਨ ਅਤੇ ਸਾਹਿਤਿਕ ਸਰਗਰਮੀਆਂ / ਸਿਰਜਣਾਵਾਂ ਬਾਰੇ ਖੋਜ ਭਰਪੂਰ ਜਾਣਕਾਰੀ ਸ਼ਾਮਲ ਹੈ। ਮਾਣ-ਸਨਮਾਨਾਂ ਨਾਲ ਉਸ ਦੀ ਝੋਲੀ ਉੱਲਰੀ ਪਈ ਹੈ।
ਕਿਹਾ ਜਾਂਦਾ ਹੈ ਕਿ ਸ਼ਬਦਾਂ ਵਿਚ ਬੜੀ ਤਾਕਤ ਹੁੰਦੀ ਹੈ। ਸ਼ਬਦ ਜਦੋਂ ਸੁਰਾਂ ਦਾ ਰੂਪ ਧਾਰਨ ਕਰਕੇ ਸਾਡੀ ਰੋਜ਼ਮਰ੍ਹਾ ਦੇ ਜੀਵਨ ਦੀ ਧੜਕਣ ਬਣ ਜਾਣ ਤਾਂ ਇਨ੍ਹਾਂ ਰੰਗਾਂ-ਰਸਾਂ ਦਾ ਸੁਮੇਲ ਇੱਕ ਵਿਲੱਖਣ ਪੈੜਾਂ ਪਾਉਂਦਾ ਹੈ। ਜਗਦੀਸ਼ ਰਾਣੇ ਦੇ 50 ਕੁ ਦੇ ਕਰੀਬ ਗੀਤ ‘ਰਾਣਾ ਸੋਫ਼ੀ ਪਿੰਡੀਆ’ ਦੇ ਨਾਂ ਹੇਠ ਰਿਕਾਰਡ ਹੋਏ, ਜਿਨ੍ਹਾਂ ਨੂੰ ਚੰਗੇ ਗਾਇਕਾਂ ਨੇ ਆਪਣੀ ਆਵਾਜ਼ ਦਿੱਤੀ। ਇਸ ਤੋਂ ਇਲਾਵਾ 4 ਕੈਸਟਾਂ ਵੀ ਰਿਲੀਜ਼ ਵੀ ਹੋਈਆਂ।
ਲੋਕ ਮੁੱਦਿਆਂ ਲਈ ਲੜਨ ਵਾਲੇ ਲੇਖਕ ਜਗਦੀਸ਼ ਰਾਣੇ ਦੀ ਸਿਰਜਣਾ ਵਿੱਚ ਸਮਾਜਿਕ, ਆਰਥਿਕ, ਸਿਆਸੀ, ਸੱਭਿਆਚਾਰਕ ਚੇਤਨਾ ਅਤੇ ਸੋਝੀ ਦਾ ਪ੍ਰਗਟਾਵਾ ਹੈ। ਉਸ ਦੀ ਸ਼ਾਇਰੀ ਮਨ ਦੀਆਂ ਗੰਢਾਂ ਖੋਲ੍ਹਦੀ ਹੋਈ ਮਾਨਵਤਾ ਵਿਰੋਧੀ ਵਰਤਾਰਿਆਂ ਦੀ ਚਿੰਤਾ, ਚਿੰਤਨ ਅਤੇ ਚੇਤਨਾ ਦਾ ਸੰਵਾਦ ਵੀ ਛੇੜਦੀ ਹੈ। ਵੱਡੇ ਦਿਲ ਵਾਲਾ ਤੇ ਜ਼ਿੰਦਗੀ ਦਾ ਆਸ਼ਕ ‘ਲੋਕ-ਸ਼ਾਇਰ’ ਜਗਦੀਸ਼ ਰਾਣਾ ਲੱਗੀਆਂ ਨੂੰ ਨਿਭਾਉਂਦਾ ਹੈ, ਅੱਧ-ਵਿਚਕਾਰ ਨਹੀਂ ਛੱਡਦਾ। ਆਪਣਾ ਘਰ ਫ਼ੂਕ ਕੇ ਤਮਾਸ਼ਾ ਵੇਖਦਾ ਹੋਇਆ ਵੀ ਅਕਸਰ ਗੁਣਗੁਣਾਉਂਦਾ ਰਹਿੰਦਾ ਹੈ…
ਇਹ ਹੱਥੀਂ ਫ਼ੂਕ ਘਰ ਆਪਣਾ, ਤਮਾਸ਼ਾ ਵੇਖਦੇ ਆਪੇ,
ਖ਼ੁਦਾ ਨੇ ਕੇਹਾ ਦਿਲ ਦਿੱਤਾ ਹੈ ਸ਼ਾਇਰਾਂ, ਆਸ਼ਕਾਂ ਅੰਦਰ।
 
ਪਥਰੀਲਾ ਜੰਗਲ… ਸਮੇਂ ਦਾ ਸੱਚ ਤੇ ਸਮਾਜਿਕ ਜਾਗਰੂਕਤਾ ਭਰਪੂਰ ਸ਼ਾਇਰੀ
ਜਦ ਕਦੇ ਪੰਜਾਬੀ ਗ਼ਜ਼ਲ ਦੇ ਮੁੱਢ ਬਾਰੇ ਸੋਚਦੇ ਅਤੇ ਗੱਲ ਕਰਦੇ ਹਾਂ ਇਸ ਦੇ ਨਿਵੇਕਲੇ ਰੰਗ ਦੀਆਂ ਜੜ੍ਹਾਂ ਉਰਦੂ, ਫ਼ਾਰਸੀ ਅਤੇ ਅਰਬੀ ਭਾਸ਼ਾਵਾਂ ਨਾਲ ਜਾ ਜੁੜਦੀਆਂ ਹਨ। ਜਗਦੀਸ਼ ਰਾਣੇ ਦੀਆਂ ਗ਼ਜ਼ਲਾਂ ਅਤੇ ਗੀਤਾਂ ਵਿੱਚੋਂ ਪਿਆਰ ਮੁਹੱਬਤ ਦੇ ਰਵਾਇਤੀ ਰੰਗਾਂ-ਰਸਾਂ ਤੋਂ ਇਲਾਵਾ ਮਨੁੱਖ ਦੇ ਆਰਥਿਕ, ਸਮਾਜਿਕ, ਧਾਰਮਿਕ ਤੇ ਰਾਜਸੀ ਸਰੋਕਾਰਾਂ ਦੀ ਗੱਲ ਚੱਲਦੀ ਹੈ। ਸਾਡੇ ਸੱਭਿਆਚਾਰ, ਰਿਸ਼ਤਿਆਂ ਦੇ ਤਾਣੇ-ਬਾਣੇ, ਕੁਦਰਤ ਅਤੇ ਵਾਤਾਵਰਨ ਪ੍ਰਤੀ ਚਿੰਤਾ ਅਤੇ ਚੇਤਨਾ ਦਾ ਸੁਨੇਹਾ ਹੈ।
‘ਹੱਕਾਂ ਖ਼ਾਤਿਰ ਹਕੂਮਤ ਨਾਲ਼ ਆਹਡਾ ਲੈਣ ਵਾਲੇ ਲੋਕਾਂ’ ਨੂੰ ਸਮਰਪਿਤ 104 ਪੰਨਿਆਂ ਅਤੇ 79 ਗ਼ਜ਼ਲਾਂ ਦੇ ਇਸ ਸੰਗ੍ਰਹਿ ਨੂੰ ‘ਸਹਿਜ ਪਬਲੀਕੇਸ਼ਨ’ ਸਮਾਣਾ ਨੇ ਛਾਪ ਕੇ ਤਿਆਰ ਕੀਤਾ ਹੈ। ਜਗਦੀਸ਼ ਰਾਣੇ ਨੇ ਪਥਰੀਲੇ ਜੰਗਲ ਦੇ ਪੈਂਡਿਆਂ ਦੀ ਸ਼ੁਰੂਆਤ ਅਜੋਕੇ ਯੁੱਗ ਵਿੱਚਲੀ ਬੇਭਰੋਸਗੀ ਦੀਆਂ ਪੈੜਾਂ ਤੋਂ ਕੀਤੀ ਹੈ।
ਚੁਫ਼ੇਰੇ ‘ਵਾਜ਼ ਇਹ ਆਵੇ,
ਕਦੋਂ ਕੋਈ ਬਦਲ ਜਾਵੇ,
ਕਿਸੇ ਦਾ ਕੀ ਭਰੋਸਾ ਹੈ।
ਮੁਸ਼ਕਲਾਂ ਵਿੱਚ ਜੀ ਰਿਹੈ ਹਰ ਆਦਮੀ ਹੁਣ
ਇਸ ਨਗਰ ਵਿੱਚ ਜੀਣ ਵੀ ਹੈ ਮੌਤ ਵਰਗਾ,
ਇਸ ਅਜੋਕੇ ਯੁੱਗ ਵਿੱਚ ਹਰ ਇੱਕ ਦੀ ਹਾਲਤ
ਧੌਣ ‘ਤੇ ਤਲਵਾਰ ਵਰਗੀ ਹੋ ਗਈ ਹੈ।
ਲਾਲਚ, ਝੂਠ ਅਤੇ ਫ਼ਰੇਬ ਸਾਡੇ ਸਮਾਜ ਦੀਆਂ ਜੜ੍ਹਾਂ ਵਿੱਚ ਰਚ ਗਿਆ ਹੈ। ਸਵਾਰਥੀ ਅਤੇ ਪਦਾਰਥਵਾਦੀ ਸ਼ਖ਼ਸ ਨੂੰ ਜਦ ਵੀ ਮੌਕਾ ਮਿਲੇ ਉਹ ਕਿਸੇ ਦੀ ਪਰਵਾਹ ਨਾ ਕਰਦਿਆਂ ਅਤੇ ਕਾਨੂੰਨ ਦੀ ਧੱਜੀਆਂ ਉਡਾਉਂਦਾ ਹੋਇਆ ਆਪਣੇ ਡੂੰਘੇ ਖੀਸੇ ਭਰਦਾ ਹੈ।
ਜਿਨ੍ਹਾਂ ਦਾ ਮਹਿਲ ਵਰਗਾ ਘਰ ਤੇ ਖੜ੍ਹੀਆਂ ਗੱਡੀਆਂ ਦੋ ਦੋ, ਉਹ ਵੀ ਸੋਚਣ,
ਹਕੂਮਤ ਤੋਂ ਲਵੋ ਦਾਣੇ ਤੇ ਸੁੱਖ ਮਾਣੋ ਬੁਢਾਪਾ ਪੈਨਸ਼ਨਾਂ ਲੈ ਕੇ।
ਜਦੋਂ ਕਦੇ ਹਾਸੋਹੀਣੀਆਂ ਗੱਲਾਂ ਸੱਚ ਹੋਵਣ ਦਾ ਵਕਤ ਆ ਗਿਆ ਹੋਵੇ ਤਾਂ ਇੰਜ ਲੱਗਦਾ ਹੈ ਕਿ ਜ਼ਮਾਨਾ ਸੱਚ ਹੀ ਬਦਲ ਰਿਹਾ ਹੈ। ਅਜੋਕੇ ਸਮੇਂ ਦੀ ਸਾਹਿਤ ਸਿਰਜਣਾ ਵਿੱਚ ਵੀ ਕੁਝ ਅਜਿਹੇ ਰੰਗ-ਰੂਪ ਉੱਭਰ ਰਹੇ ਨੇ। ਹਾਲਾਂਕਿ, ਕੁਛ ਸਿਰਜਣ ਤੋਂ ਚਿਰ ਪਹਿਲਾਂ ਬਹੁਤ ਪੜ੍ਹਨਾ ਤੇ ਸਿੱਖਣਾ ਪੈਂਦਾ ਹੈ, ਪੜ੍ਹਨਾ-ਸਿੱਖਣਾ ਚਾਹੀਦਾ ਵੀ ਹੈ, ਪਰ ਬਦਕਿਸਮਤੀ ਨੂੰ ਹਰ ਕੋਈ ਸਿੱਧਾ ਲੇਖਕ ਬਣ ਕੇ ਕਿਤਾਬ ਪ੍ਰਕਾਸ਼ਿਤ ਕਰਾਉਣੀ ਚਾਹੁੰਦਾ ਹੈ। ਚੰਗਾ ਸਾਹਿਤ ਪੜ੍ਹਨ ਲਈ ਕਿਸੇ ਕੋਲ ਵਕਤ ਹੀ ਨਹੀਂ ਹੈ। ਸਾਹਿਤ ਸ਼ਰੇਆਮ ‘ਚੋਰੀ’ ਵੀ ਹੋ ਰਿਹਾ ਹੈ। ਜਗਦੀਸ਼ ਰਾਣੇ ਦੀ ਸ਼ਾਇਰੀ ਏਸ ਤ੍ਰਾਸਦੀ ਨੂੰ ਖ਼ੂਬਸੂਰਤੀ ਨਾਲ ਪੇਸ਼ ਕਰਦੀ ਹੈ।
ਲਿਖਦੇ ਨੂੰ ਹੋ ਗਏ ਨੇ, ਢਾਈ ਮਹੀਨੇ ਮੈਨੂੰ,
ਏਸੇ ਲਈ ਮੈਂ ਵੀ ਹੁਣ, ਪੁਸਤਕ ਛਪਾ ਰਿਹਾ ਹਾਂ।
ਜਿਹੜੇ ਨਾ ਗੀਤ ਗ਼ਜ਼ਲਾਂ, ਕਵਿਤਾ ‘ਚ ਫ਼ਰਕ ਜਾਣਨ
ਸਾਹਿਤ ਦੇ ਨਾਮ ‘ਤੇ ਉਹ, ਪਰਚੇ ਚਲਾ ਰਹੇ ਨੇ।
ਨਾ ਸ਼ਰਮ ਨਾ ਉਸ ਨੂੰ ਲੱਗੇ ਡਰ, ਮੇਰੀ ਹੀ ਰਚਨਾ ਚੋਰੀ ਕਰ,
ਮਹਿਫ਼ਲ ਵਿੱਚ ਬੈਠ ਸੁਣਾਉਂਦਾ ਹੈ ਤੇ ਆਪਣੀ ਧਾਂਕ ਜਮਾਉਂਦਾ ਹੈ।
ਜਗਦੀਸ਼ ਰਾਣਾ ਸੁੱਤੇ ਹੋਏ ਅਤੇ ਜ਼ਮੀਰ-ਮਰੇ ਲੋਕਾਂ ਨੂੰ ਹੁੱਝਾਂ ਮਾਰ ਮਾਰ ਕੇ ਜਗਾਉਂਦਾ ਹੈ… ਉਹਨਾਂ ਦੇ ਮਨ ਮਸਤਕ ਵਿੱਚ ਗਿਆਨ ਦੀ ਜੋਤ ਬਾਲਣ ਦੀ ਕੋਸ਼ਿਸ਼ ਕਰਦਿਆਂ ਜਾਗਰੂਕ ਕਰ ਰਿਹਾ ਹੈ। ਤਖ਼ਤਾਂ ਨੂੰ ਵੰਗਾਰਦਾ ਹੈ। ਲੋਕਾਂ ਨੂੰ ਉੱਠ ਕੇ ਅਤੇ ‘ਕੱਠੇ ਹੋ ਆਪਣੇ ਹੱਕਾਂ ਲਈ ਲੜਨ ਲਈ ਪ੍ਰੇਰਿਤ ਕਰਦਾ ਹੈ। ਹਕੂਮਤ ਨੂੰ ਝੁਕਾਉਣ ਲਈ ਦ੍ਰਿੜ ਇਰਾਦਿਆਂ ਦੇ ਅਹਿਸਾਸ ਨੂੰ ਜਗਾਉਣ ਦੀ ਕੋਸ਼ਿਸ਼ ਵੀ ਕਰਦਾ ਹੈ… ਮੰਜ਼ਿਲ ਪਾਉਣ ਤੱਕ ਸੰਘਰਸ਼ ਨੂੰ ਚੱਲਦੇ ਰਹਿਣ ਅਤੇ ਮਸ਼ਾਲਾਂ ਜਲ਼ਾਉਣ ਦਾ ਹੋਕਾ ਦਿੰਦਾ ਹੈ!
ਉੱਠੋ ਤੇ ਹੱਕ ਮੰਗੋ, ਹੱਕਾਂ ਲਈ ਲੜੋ ਹੁਣ,
ਸਦੀਆਂ ਦੇ ਸੁੱਤਿਆਂ ਨੂੰ, ‘ਰਾਣੇ’ ਉਠਾ ਰਿਹਾ ਹਾਂ।
ਹਕੂਮਤ ਨੂੰ ਝੁਕਾਵਾਂਗੇ, ਸਿਤਮ ਅੱਗੇ ਨਾ ਡੋਲਾਂਗੇ।
ਇਕੱਠ ਹੈ ਲੱਠ ਲੋਹੇ ਦੀ, ਅਸੀਂ ਹਾਕਮ ਨੂੰ ਦੱਸਾਂਗੇ।
ਉਸ ਦੀ ਕਹਿਣੀ ਤੇ ਕਰਨੀ ਇੱਕ ਨਹੀਂ
ਇਹ ਸਮਝ ਆਈ ਨਾ ਸਾਨੂੰ ਦੇਰ ਤੱਕ,
ਰੌਸ਼ਨੀ ਦੀ ਗੱਲ ਕਰਦਾ ਹੈ ਮਗਰ
ਉਂਜ ਇਹ ਦੀਵੇ ਬੁਝਾ ਚੱਲਦਾ ਰਿਹਾ।
ਤੁਹਾਡੇ ਹਿੱਸੇ ਦਾ ਚਾਨਣ ਚੁਰਾ ਕੇ ਲੈ ਗਏ ਜ਼ਾਲਿਮ,
ਹਨੇਰਾ ਢੋ ਰਹੇ ਲੋਕੋ ਮਸ਼ਾਲਾਂ ਕਦ ਜਲ਼ਾਵੋਗੇ।
ਥੱਕੇ ਟੁੱਟੇ ਹਾਰੇ ਲੋਕੋ, ਕੱਠੇ ਹੋਵੋ ਸਾਰੇ ਲੋਕੋ।
ਐ ਵਖ਼ਤਾਂ ਦੇ ਮਾਰੇ ਲੋਕੋ, ਬਦਲੋ ਵਕ਼ਤ ਬੇਚਾਰੇ ਲੋਕੋ।
ਗੀਤ, ਕਵਿਤਾ, ਗ਼ਜ਼ਲ ਜਾਂ ਫੇਰ ਕਿਸੀ ਵੀ ਸਿਰਜਣਾ ਦੇ ਸ਼ਬਦ ਜਦੋਂ ਖ਼ੁਦ-ਬ-ਖ਼ੁਦ ਬੋਲਦਿਆ ਹੁੰਗਾਰੇ ਭਰਨ ਅਤੇ ਪਾਠਕ ਨੂੰ ਆਪਣੇ ਨਾਲ ਤੋਰ ਵੀ ਲੈਣ ਤਾਂ ਅਜਿਹੀ ਸਿਰਜਣਾ ਖ਼ੁਦ-ਬ-ਖ਼ੁਦ ਕਬੂਲ ਹੋ ਜਾਂਦੀ ਹੈ। ਜਗਦੀਸ਼ ਰਾਣੇ ਦੀ ਸ਼ਾਇਰੀ ਦੀਆਂ ਅਜਿਹੀਆਂ ਹੀ ਕੁਝ ਵੰਨਗੀਆਂ ਸੁਹਿਰਦ ਪਾਠਕਾਂ ਨਾਲ ਸਾਂਝੀਆਂ ਕਰਦੇ ਹਾਂ…
ਵੱਡੇ ਜਿਗਰੇ, ਉੱਚ-ਇਰਾਦੇ, ਰਾਜ ਕਰੇਂਦੇ ਅੰਬਰ ‘ਤੇ,
ਬਾਜ਼ ਕਦੇ ਨਾ ਕੈਦੀ ਹੁੰਦੇ, ਬਾਜ਼ ਕਦੇ ਨਾ ਘਿਰਦੇ ਨੇ।
ਵੱਡੇ – ਵੱਡੇ ਵਾਅਦੇ ਕਰਕੇ ਮੁੱਕਰਦੇ ਜਦ ਵਾਅਦੇ ਤੋਂ,
‘ਰਾਣੇ’ ਦਿਲ ਦੇ ਨਜ਼ਦੀਕੀ ਫਿਰ ਨਜ਼ਰਾਂ ਵਿੱਚੋਂ ਗਿਰਦੇ ਨੇ।
ਕੌਣ ਹੈ ਜੋ ਬਸਤੀਆਂ ਵਿੱਚ ਨ੍ਹੇਰ ਪਾਈ ਜਾ ਰਿਹਾ ਹੈ।
ਦੀਵਿਆਂ ਨੂੰ ਤੋੜ ਕੇ ਸੂਰਜ ਵੀ ਖਾਈ ਜਾ ਰਿਹਾ ਹੈ।
ਗੰਧਲੇ ਕਰ ਪੌਣ-ਪਾਣੀ ਕਰਕੇ ਜੰਗਲ ਦੀ ਤਬਾਹੀ,
ਹੋਂਦ ਆਪਣੀ ਆਪ ਹੀ ਮਾਨਵ ਮਿਟਾਈ ਜਾ ਰਿਹਾ ਹੈ।
ਬੋਤਲਾਂ ਦਾ ਪੀਣ ਪਾਣੀ, ਇਹ ਭਲਾ ਜਾਨਣਗੇ ਕੀ?
ਕਿੰਝ ਵਪਾਰੀ ਸਾਡੀਆਂ ਨਦੀਆਂ ਚੁਰਾ ਕੇ ਲੈ ਗਿਆ।
ਜਗਦੀਸ਼ ਰਾਣਾ ਨੇ ਧਰਮ, ਧਰਮੀਆਂ, ਧਾਰਮਿਕ ਸਥਾਨਾਂ, ਭਗਤੀਆਂ, ਬੰਦਗੀਆਂ ਅਤੇ ਧਰਮ ਦੇ ਠੇਕੇਦਾਰਾਂ ਪ੍ਰਤੀ ਆਪਣੇ ਮਨ ਦੇ ਅਨੁਭਵਾਂ ਤੇ ਅਹਿਸਾਸਾਂ ਨੂੰ ਬਾਖ਼ੂਬੀ ਨਾਲ ਲਫਜ਼ਾਂ ਵਿੱਚ ਉਤਾਰਿਆ ਹੈ…
ਮੰਦਿਰਾਂ ਵਿੱਚ ਹੁੰਦੀਆਂ ਨਿੱਤ ਚੋਰੀਆਂ,
ਮਸਜਿਦਾਂ ਵਿੱਚ ਕੀ ਨਹੀਂ ਹੁਣ ਹੋ ਰਿਹਾ..?
ਕਿਸ ਜਗ੍ਹਾ ‘ਤੇ ਹੈ ਸਲਾਮਤ ਆਬਰੂ,
ਬੰਦਗੀ ਹੁਣ ਨਾ ਰਹੀ ਪਹਿਲਾਂ ਜਿਹੀ।
ਪੱਗਾਂ ਦੀ ਰਖਵਾਲੀ ਵਾਲੇ ਪੱਗਾਂ ਨਿੱਤ ਉਛਾਲਣ,
ਧਰਮ ਸਥਾਨੀ ਗੋਲਕ ਪਿੱਛੇ ਪੈਂਦੇ ਰੋਜ਼ ਸਿਆਪੇ।
ਧਾਰਮਿਕ ਥਾਵਾਂ ‘ਤੇ ਹੁਣ ਮੈਂ ਨਹੀਂ ਜਾਂਦਾ ਕਦੇ,
ਉਸ ਨੂੰ ਅੰਦਰ ਲੱਭਿਆਂ ਇੱਕ ਜ਼ਮਾਨਾ ਹੋ ਗਿਆ।
ਹਰ ਧਰਮ ਦੇ ਰਿਹਾ ਹੈ ਪੈਗ਼ਾਮ ਸ਼ਾਂਤੀ ਦਾ, ਤਾਂ?
ਧਰਮੀ ਹਰਿਕ ਜਗ੍ਹਾ ਕਿਉਂ, ਦੰਗੇ ਕਰਾ ਰਹੇ ਨੇ।
ਪਖੰਡੀ, ਸਾਧ, ਡੇਰੇਦਾਰ, ਬਾਬੇ ਪੈਸੇ ਦੇ ਲੋਭੀ,
ਬਿਨਾਂ ਪੈਸੇ ਨਹੀਂ ਦਿੰਦੇ ਦੁਆ ਰਾਜ਼ੀ ਖੁਸ਼ੀ ਰਹਿਣਾ।
ਅਗਰ ਕੁਛ ਸਿੱਖਣ ਦੀ ਤੀਬਰ ਇੱਛਾ ਹੋਵੇ ਅਤੇ ਮਨ ਨੀਵਾਂ ਹੋਵੇ ਤਾਂ ਇਨਸਾਨ ਕੁਦਰਤ ਅਤੇ ਪੰਛੀਆਂ ਤੋਂ ਵੀ ਬਹੁਤ ਕੁਛ ਸਿੱਖ ਸਕਦਾ ਹੈ। ਪਰ ਬਦਕਿਸਮਤੀ ਨਾਲ ਮਨੁੱਖ ਆਪਣੀ ਉੱਚੀ ਮੱਤ ਦੇ ਘਮੰਡ ਵਿੱਚ ਪੰਛੀਆਂ ਦੀ ਸੱਤ-ਅਸਮਾਨੀ ਪਰਵਾਜ਼ ਨੂੰ ਵੀ ਟਿੱਚ ਸਮਝਦਾ ਹੈ।
ਮੰਦਿਰ ਤੇ ਮਸਜਿਦ ਦੀ ਛੱਤ ਹੈ, ਇੱਕੋ ਜਿਹੀ ਇਹਨਾਂ ਨੂੰ,
ਮਜ਼੍ਹਬਾਂ ਕਰਕੇ ਸਾਡੇ ਵਾਂਗ ਨਾ ਲੜਦੇ-ਮਰਦੇ ਪੰਛੀ।
ਐ ਬੰਦੇ ! ਅੱਜ ਲੋੜ ਬੜੀ ਹੈ, ਸਿੱਖ ਤੂੰ ਇਹਨਾਂ ਕੋਲ਼ੋਂ,
ਲੋੜ ਤੋਂ ਵਾਧੂ ਕੁਝ ਵੀ ਤਾਂ ਨਾ ‘ਕੱਠਾ ਕਰਦੇ ਪੰਛੀ।
ਖ਼ੂਬਸੂਰਤ ਸ਼ਾਇਰੀ ਦੇ ਸ਼ੇਅਰਾਂ ਅੰਦਰ ਜਗਦੀਸ਼ ਰਾਣਾ ਸ਼ਾਤਰ ਦਿਮਾਗ਼ ਵਾਲੇ ਅਤੇ ਲੁਟੇਰੇ ਰਾਜਨੀਤੀਵਾਨਾਂ ਦਾ ਭਾਂਡਾ ਚੁਰਾਹੇ ‘ਚ ਭੰਨਦਿਆਂ ਅਵਾਮ ਨੂੰ ਸਿਆਸੀ ਤੌਰ ਉੱਤੇ ਜਾਗਰੂਕ ਕਰਨ ਦੀ ਕੋਸ਼ਿਸ਼ ਕਰਦਾ ਹੈ।
ਅਰਬਾਂ ਚੁਰਾਏ ਦੇਸ਼, ਉਹ ਨਾ ਚੋਰ,
ਜਿਸ ਰੋਟੀ ਚੁਰਾਈ, ਚੋਰ ਉਸ ਨੂੰ ਆਖਿਆ।
‘ਹਾਲਾਤ ਨਾਜ਼ੁਕ ਮੁਲਕ ਦੇ’ ਇਹ ਸੁਣਦਿਆਂ,
ਬੀਤੇ ਵਰ੍ਹੇ ਪੰਜਾਹ ਨਹੀਂ ਕੁਝ ਬਦਲਿਆ।
ਭੇਡਾਂ ਦੇ ਝੁੰਡ ਵਾਂਗੂੰ, ਸਾਨੂੰ ਸਮਝ ਰਹੇ ਉਹ,
ਏਧਰ ਘੁਮਾਈ ਜਾਵਣ, ਓਧਰ ਘੁਮਾਈ ਜਾਵਣ।
ਅੱਖਾਂ ਦੇ ਅੰਨ੍ਹਿਆਂ ਨੂੰ ਅਕਸਰ ਦਾਨ ਕਰਕੇ ਐਨਕਾਂ,
ਰਾਜਨੀਤੀਵਾਨ ਫ਼ਿਰ ਅੱਖਾਂ ਚੁਰਾ ਕੇ ਲੈ ਗਿਆ।
ਦੁਬਾਰਾ ਆ ਗਿਆ ਮੌਸਮ ਹੈ ਚੋਣਾਂ ਦਾ ਵਤਨ ਅੰਦਰ,
ਤੇ ਆਗੂ ਸੁਪਨੇ ਵੇਚਣਗੇ, ਗਰੀਬਾਂ ਗੁਰਬਿਆਂ ਨੂੰ ਹੁਣ।
ਜਗਦੀਸ਼ ਰਾਣੇ ਦੀ ਸਮਾਜਿਕ ਜਾਗਰੂਕਤਾ ਭਰਪੂਰ ਸ਼ਾਇਰੀ ਵਿੱਚੋਂ ਕਦੇ-ਕਦੇ ਦੁਆਬੇ ਦੇ ਪ੍ਰਸਿੱਧ ਇਨਕਲਾਬੀ ਤੇ ਲੋਕ ਕਵੀ ‘ਗੁਰਦਾਸ ਰਾਮ ਆਲਮ’ ਦੀ ਸ਼ਾਇਰੀ ਵਰਗੀ ਝਲਕ ਵੀ ਪੈਂਦੀ ਹੈ।
ਅਸਾਡੇ ਬੂਹਿਆਂ ਅੰਦਰ ਤਾਂ ਪਹੁੰਚੀ ਰੌਸ਼ਨੀ ਨਹੀਂ
ਤੇਰਾ ਹੀ ਘਰ ਹੈ ਰੌਸ਼ਨ ਤਾਂ, ਇਹ ਕੇਹਾ ਇਨਕਲਾਬ ਹੈ?
ਮਰਾਂ ਜਦ ਵੀ ਗ਼ਰੀਬਾਂ ਵਾਸਤੇ ਹੀ ਜੂਝਦਾ ਮਰਾਂ,
ਤਮੰਨਾ ਹੋਰ ਨਾ ਕੋਈ, ਮੇਰਾ ਏਨਾ ਕੁ ਖ਼ਾਬ ਹੈ।
ਕਲਮ ਗਹਿਣੇ ਜੇ ਨਾ ਪਾਉਂਦੇ, ਕਲਮਕਾਰੋ !
ਹਕੀਕਤ ਪੇਸ਼ ਕਰਦੇ ਜੇ ਸਮੇਂ ਦੀ ਤਾਂ,
ਡਰਾਉਂਦਾ ਨਾ, ਸਗੋਂ ਖ਼ੁਦ ਡਰ ਰਿਹਾ ਹੁੰਦਾ
ਜਿਵੇਂ ਹਾਕਮ ਉਹ ਡਰਦਾ ਸੀ ਕਿਸੇ ਵੇਲੇ।
ਗ਼ੁਲਾਮੀ ਤੋ ਆਜ਼ਾਦੀ ਤੱਕ ਬੜੀ ਕੀਮਤ ਜਿਨ੍ਹਾਂ ਤਾਰੀ
ਉਨ੍ਹਾਂ ਦੇ ਸੁਪਨਿਆਂ ‘ਤੇ ਚੱਲਦੀ ਹੈ ਰੋਜ਼ ਹੀ ਆਰੀ…
ਜਗਦੀਸ਼ ਰਾਣੇ ਦੀ ਗ਼ਜ਼ਲ ਦੇ… ‘ਗ਼ਜ਼ਲ ਦੀ ਪਰਿਭਾਸ਼ਾ’ ਵਰਗੇ ਕੁਛ ਮੁਹੱਬਤੀ ਰੰਗਾਂ ਨੂੰ ਵੀ ਪੜ੍ਹੋ, ਜਾਣੋ ਅਤੇ ਮਾਣੋ…
ਜਦ ਤੋਂ ਰੁੱਸਿਆ ਤੂੰ ਮੈਥੋਂ ਮੇਰੇ ਗੀਤ ਉਦਾਸੇ ਨੇ,
ਆਵੀਂ ! ਹੱਸ-ਹਸਾ ਜਾਵੀਂ ਜਦ ਵੀ ਤੇਰਾ ਜੀ ਕੀਤਾ।
ਤੇਰੇ ਆਉਣ ਦੇ ਵਾਅਦੇ ਤਾਂ ਲਾਰੇ ਹੋ-ਹੋ ਮੁੱਕ ਗਏ
ਅਪਣੇ ਬੋਲ ਪੁਗਾ ਜਾਵੀਂ ਜਦ ਵੀ ਤੇਰਾ ਜੀ ਕੀਤਾ।
ਡਰਾਉਣੀਆਂ ਜੰਗਾਂ-ਲੜਾਈਆਂ ਸੰਸਾਰ ਵਿੱਚ ਬੇਚੈਨੀਆਂ ਪੈਦਾ ਕਰਦੀਆਂ ਅਤੇ ਤਬਾਹੀਆਂ ਮਚਾਉਂਦੀਆਂ ਹਨ। ਮਨੁੱਖਤਾ ਦਾ ਘਾਣ ਕਰਦੀਆਂ ਹਨ ਅਤੇ ਮਾਨਵਤਾ ਹਰ ਹਾਲਾਤ ਵਿੱਚ ਹਾਰ ਜਾਂਦੀ ਹੈ। ਪਰ ਇਸ ਤ੍ਰਾਸਦੀ ਨੂੰ ਵੀ ਕਿਵੇਂ ਝੁਠਲਾਈਏ ਕਿ ਮਨੁੱਖ ਦੀ ਫ਼ਿਤਰਤ ਕਾਰਨ ਜੰਗਾਂ ਫਿਰ ਵੀ ਚੱਲਦੀਆਂ ਰਹਿੰਦੀਆਂ ਨੇ ਅਤੇ ਚੱਲਦੀਆਂ ਵੀ ਰਹਿਣੀਆਂ ਨੇ…
ਜੰਗ ਲੱਗੀ ਫਿਰ ਭਾਰੀ ਵੇਖਾਂ।
ਮਾਨਵਤਾ ਫਿਰ ਹਾਰੀ ਵੇਖਾਂ।
ਵੇਖਾਂ ਭੁੱਖੇ ਬਾਲ ਵਿਲਕਦੇ,
ਲੁੱਟ ਹੁੰਦੀ ਫ਼ਿਰ ਨਾਰੀ ਦੇਖਾਂ।
ਲੋਕ ਕਵੀ ਹਮੇਸ਼ਾ ਸਧਾਰਨ ਅਤੇ ਲਿਤਾੜੇ ਹੋਏ ਲੋਕਾਂ ਦੇ ਹਿਤਾਂ ਦੀ ਗੱਲ ਕਰਦਾ ਹੈ। ਕਿਸੇ ਵੀ ਕਿਸਮ ਦੀ ਨਾਬਰਾਬਰੀ ਅਤੇ ਸ਼ੋਸ਼ਣ ਵਿਰੁੱਧ ਆਵਾਜ਼ ਬੁਲੰਦ ਕਰਦਾ ਹੈ। ਪਲੀਤ ਹੋ ਰਹੇ ਪੌਣ-ਪਾਣੀ ਅਤੇ ਵਾਤਾਵਰਨ ਦੇ ਫ਼ਿਕਰ ਦੀ ਗੱਲ ਕਰਦਾ ਹੈ। ਉਹ ਹੁਕਮਰਾਨਾਂ, ਜ਼ਾਲਮਾਂ ਜਾਂ ਰੱਜਿਆਂ ਪੁੱਜਿਆਂ ਦੀਆਂ ਸਿਫ਼ਤਾਂ ਦੇ ਪੁਲ ਨਹੀਂ ਬੰਨ੍ਹਦਾ। ਰਾਣਾ ਵੀ ਅਜਿਹਾ ਕਰਦਿਆਂ ਲੋਕਾਈ ਨੂੰ ਸੁਚੇਤ ਕਰਦਾ ਆਪਣੀ ਨੈਤਿਕ ਜ਼ਿੰਮੇਵਾਰੀ ਨਿਭਾ ਰਿਹਾ ਹੈ…
ਗੱਲ ਕਰ ਇਹ ਲੋਕ ਕਿੱਦਾਂ ਜੂਝਦੇ ਰੋਟੀ ਲਈ,
ਰੱਜ ਕੇ ਤੂੰ ਖਾਂਦਿਆਂ ‘ਤੇ, ਹੋਰ ਗ਼ਜ਼ਲਾਂ ਨਾ ਹੀ ਕਹਿ।
ਮਾਰੂਥਲ ਹੈ ਬਣ ਰਿਹਾ, ਪੰਜਾਬ ਜਦ ਪਾਣੀ ਬਿਨਾ,
ਝੀਲਾਂ-ਨਦੀਆਂ-ਸਾਗਰਾਂ ‘ਤੇ, ਹੋਰ ਗਜ਼ਲਾਂ ਨਾ ਹੀ ਕਹਿ।
ਧਰਨਿਆਂ ‘ਤੇ ਕੁੱਟ ਖਾਂਦੇ ਟੀਚਰਾਂ ਦੀ ਬਾਤ ਪਾ,
ਐਸ਼ ਕਰਦੇ ਹਾਕਮਾਂ ‘ਤੇ, ਹੋਰ ਗ਼ਜ਼ਲਾਂ ਨਾ ਹੀ ਕਹਿ।
ਹਾਲਾਂਕਿ ਸਾਡੇ ਮੁਲਕ ਵਿੱਚ ਸੰਤਾਲੀ ਵਰਗੇ ਹਾਲਾਤ ਸੰਤਾਲੀ ਤੋਂ ਬਾਅਦ ਵੀ ਬਣੇ, ਪਰ ਇਸ ਅਭੁੱਲ ਵਰਤਾਰੇ ਬਾਰੇ ਜਾਣਦਿਆਂ ਅਤੇ ਸੋਚਦਿਆਂ ਮਨੁੱਖ ਦੇ ਮਨੁੱਖ ਹੋਵਣ ਤੇ ਸ਼ੰਕਾ ਹੁੰਦੀ ਹੈ। ਉਜਾੜੇ, ਮਨੁੱਖਤਾ ਦੇ ਘਾਣ ਅਤੇ ਹੈਵਾਨੀਅਤ ਦੇ ਇਸ ਕਾਰੇ ਨੇ ਪੰਜਾਬੀਆਂ ਦੇ ਮੱਥੇ ‘ਤੇ ਨਾ ਮਿਟਣ ਵਾਲਾ ਕਲੰਕ ਲਾਇਆ ਹੈ, ਜਿਸ ਦੇ ਨਿਸ਼ਾਨ ਮਿਟਣ ਵਾਲੇ ਨਹੀਂ। ਜਿਨ੍ਹਾਂ ਰੂਹਾਂ ਨੇ ਇਹ ਸੰਤਾਪ ਆਪਣੇ ਪਿੰਡਿਆਂ ‘ਤੇ ਹੰਢਾਇਆ ਉਨ੍ਹਾਂ ਨੂੰ ਸਲਾਮ ਕਰਨਾ ਵੀ ਬਣਦਾ ਹੈ। ਸੰਵੇਦਨਸ਼ੀਲ ਮਨਾਂ ਅਤੇ ਧੜਕਦੇ ਦਿਲਾਂ ਅੰਦਰ ਸੰਤਾਲੀ ਦੇ ਜੜ੍ਹਾਂ ਵਾਲੇ ਜ਼ਖ਼ਮ ਰਿਸਦੇ ਰਹਿਣਗੇ। ਜਗਦੀਸ਼ ਰਾਣਾ ਵੀ ਤਾਂ ਉਸੇ ਪੰਜਾਬ ਦੀ ਮਿੱਟੀ ਦਾ ਜਾਇਆ ਹੈ! ਇਸ ਲਈ ਓਸ ਦੀ ਸ਼ਾਇਰੀ ਵਿੱਚੋਂ ਇਹ ਦੁਖਾਂਤ ਗਾਇਬ ਕਿਵੇਂ ਹੋ ਸਕਦਾ ਹੈ?
ਘਰਾਂ ਨੂੰ ਮਾਰ ਕੇ ਜਿੰਦਰੇ ਘਰਾਂ ਨੂੰ ਅਲਵਿਦਾ ਜਦ ਆਖਿਆ ਸੀ।
ਕਦੇ ਫਿਰ ਮੁੜ ਨਹੀਂ ਹੋਣਾ, ਅਸੀਂ ਸੁਪਨੇ ‘ਚ ਵੀ ਨਾ ਸੋਚਿਆ ਸੀ।
ਸੰਤਾਲੀ ਵਿੱਚ ਲੋਕਾਈ ਦਾ ਕਤਲੇਆਮ ਹੋਇਆ, ਭੁੱਲਦਾ ਨਾ,
ਘਰਾਂ ਦੇ ਘਰ ਜਿਵੇਂ ਉੱਜੜੇ, ਇਵੇਂ ਕੋਈ ਨਾ ਉੱਜੜਿਆ ਸੀ।
ਤਮਾਸ਼ਾ ਵੇਖਦਾ ਸੀ ਸ਼ਾਇਦ ਰੱਬ ਖੜ੍ਹ ਕੇ ਮਨੁੱਖਤਾ ਮਰ ਰਹੀ ਦਾ,
ਮੇਰੇ ਬਾਪੂ ਨੇ ਜੋ ਮਹਿਸੂਸ ਕੀਤਾ ਉਹ ਅਸਾਨੂੰ ਦੱਸਿਆ ਸੀ।
ਅਜੋਕ ਸਮੇਂ ਦੇ ਝੂਠ, ਫ਼ਰੇਬ, ਪਖੰਡ, ਦਿਖਾਵੇ, ਉਹਲੇ, ਭਾਂਤ-ਭਾਂਤ ਦੇ ਮਖੌਟਿਆਂ ਪਿਛਲੇ ਚਿਹਰੇ ਅਤੇ ਅਜਿਹੇ ਅਨੇਕਾਂ ਹੀ ਭੰਬਲਭੂਸਿਆ ਅਤੇ ਬੰਦਿਆਂ ਦੀਆਂ ਭੀੜਾਂ ਵਿੱਚੋਂ ‘ਇਨਸਾਨ’ ਗਾਇਬ ਹੋ ਰਿਹਾ ਹੈ।
ਬਣਾ ਕੇ ਛਤਰ ਸੋਨੇ ਦਾ, ਤੂੰ ਦੇਵੀ ਦੇ ਚੜ੍ਹਾਂ ਆਇਓਂ,
ਮਗਰ ਜੇ ਬੇਘਰੇ ਨੂੰ ਘਰ ਬਣਾ ਦਿੰਦਾ ਤਾਂ ਬਿਹਤਰ ਸੀ।
ਸਦਾ ਰੱਜੇ ਰਜਾਏ ਤੂੰ ਗੁਰੂਆਂ ਦੇ ਨਾਮ ਦੇ ਉੱਤੇ,
ਜ਼ਰੂਰਤਮੰਦਾਂ ਭੁੱਖਿਆਂ ਨੂੰ ਖੁਆ ਦਿੰਦਾ ਤਾਂ ਬਿਹਤਰ ਸੀ।
ਰੰਗਾਂ, ਜਾਤਾਂ-ਪਾਤਾਂ, ਊਚ-ਨੀਚਾਂ ਅਤੇ ਮਜ਼੍ਹਬਾਂ ਵਿੱਚ ਗੁਆਚੇ ਬੰਦੇ ਕੋਲ ਖ਼ੁਦ ਦੇ ਅੰਦਰ ਝਾਕਣ ਦੀ ਵਿਹਲ ਹੀ ਨਹੀਂ ਹੈ! ਪਰ ‘ਰਾਣੇ ਭਾਈ’ ਦੇ ਇਹ ਸ਼ੇਅਰ ਖ਼ੁਦ-ਬ-ਖ਼ੁਦ ਬਹੁਤ ਕੁਝ ਕਹਿ ਰਹੇ ਨੇ…
ਨਾ ਮੈਂ ਹਿੰਦੂ ਨਾ ਮੈਂ ਬੋਧੀ, ਨਾ ਮੈਂ ਮੁਸਲਿਮ, ਸਿੱਖ, ਇਸਾਈ।
ਮੈਨੂ ਸਾਰੇ ਆਪਣੇ ਲੱਗਣ, ਮੈਂ ਹਾਂ ਸਭ ਦਾ ‘ਰਾਣਾ’ ਭਾਈ।
ਕਿਵੇਂ ਧਰਮਾਂ ਦੇ ਨਾਂ ਉੱਤੇ, ਅਡੰਬਰ ਨਿੱਤ ਰਚਾਉਂਦੇ ਹਾਂ।
ਪਿਲਾਉਣਾ ਦੁੱਧ ਜੋ ਬਾਲਾਂ ਨੂੰ, ਉਨੂੰ ਹੱਥੀਂ ਵਹਾਉਂਦੇ ਹਾਂ।
ਘਰੇ ਮਾਂ ਬਾਪ ਬੁੱਢੇ ਨੂੰ ਅਸੀਂ ਪਾਣੀ ਵੀ ਨਹੀਂ ਪੁੱਛਦੇ,
ਉਨ੍ਹਾਂ ਦੇ ਨਾਮ ‘ਤੇ ਮਗਰੋਂ ਛਬੀਲਾਂ ਪਰ ਲਗਾਉਂਦੇ ਹਾਂ।
ਪੁਸਤਕ ਦੇ ਸਿਰਲੇਖ ਵਾਲੀ ਗ਼ਜ਼ਲ ਦੇ ਸ਼ੇਅਰ ਪਾਠਕ ਨੂੰ ਅਜੋਕੇ ਸਮੇਂ ਦਾ ਸੱਚ ਦਿਖਾ ਰਹੇ ਹਨ…
ਪਥਰੀਲਾ ਜੰਗਲ ਉੱਗ ਆਇਐ, ਮੇਰੇ ਘਰ ਦੇ ਚਾਰ ਚੁ੍ਫ਼ੇਰੇ।
ਰਿਸ਼ਮਾਂ, ਚਾਨਣ ਕੈਦੀ ਹੋਏ ਕਾਬਿਜ਼ ਹੋਏ ਘੁੱਪ ਹਨੇਰੇ।
ਹਰ ਇੱਕ ਧਰਮ ਹੈ ਪਿਆਰ ਸਿਖਾਉਂਦਾ ਜਾਪੇ ਇਹ ਗੱਲ ਕੋਰੀ ਝੂਠੀ,
ਧਰਮ ਦੇ ਨਾਂ ‘ਤੇ ਲੜਦੇ ਵੇਖਾਂ ਲੋਕਾਂ ਨੂੰ ਜਦ ਸ਼ਾਮ ਸਵੇਰੇ।
ਪੰਜਾਬੀਆਂ ਦੀ ਮਾਂ-ਬੋਲੀ ਪੰਜਾਬੀ ਦਾ ਪੰਜਾਬੀਆਂ ਦੇ ਘਰਾਂ ‘ਚੋਂ, ਸਕੂਲਾਂ ਤੇ ਦਫ਼ਤਰਾਂ, ਗੱਲਾਂ-ਬਾਤਾਂ ਅਤੇ ਪੰਜਾਬੀਆਂ ਦੇ ਮਨਾਂ ਵਿੱਚੋਂ ਹੀ ਖ਼ਤਮ ਹੁੰਦੇ ਜਾਣਾ ਸਿਰਫ ਚਿੰਤਾ ਹੀ ਨਹੀਂ ਬਲਕਿ ਚਿੰਤਨ ਅਤੇ ਚੇਤਨਾ ਦਾ ਵਿਸ਼ਾ ਹੈ। ਪੰਜਾਬੀ ਖ਼ੁਦ ਹੀ ਆਪਣੀ ਮਾਂ ਦੀ ਬੋਲੀ ਤੋਂ ਕਿਨਾਰਾ ਕਰਨਗੇ ਤਾਂ ਕਿਸੇ ਹੋਰ ਤੋਂ ਆਸ ਕਿਉਂ ਅਤੇ ਕਿਵੇਂ ਰੱਖੀਏ?
ਕਿਵੇਂ ਪੰਜਾਬ ਦੀ ਧਰਤੀ ‘ਤੇ ਅੱਜ-ਕੱਲ੍ਹ,
ਪੰਜਾਬੀ ਹੀ ਵਿਸਾਰੀ ਜਾ ਰਹੀ ਹੈ,
ਸਕੂਲਾਂ ਵਿੱਚ ‘ਮੇਰੇ-ਤੇਰੇ’ ਦੀ ਥਾਂ ਵੇਖ ‘ਰਾਣੇ’,
‘ਹਮਾਰਾ’ ਜਾਂ ‘ਤੁਮਾਰਾ’ ਹੋ ਰਿਹਾ ਹੈ।
ਸਦੀਆਂ ਤੋਂ ਚੱਲਦਾ ਨਾਰੀ ਦਾ ਸ਼ੋਸ਼ਣ ਰੁਕਣ ਵਿੱਚ ਨਹੀਂ ਆ ਰਿਹਾ। ਕੁੜੀਆਂ ਨੂੰ ਅਜੇ ਵੀ ਚਿੜੀਆਂ ਹੀ ਸਮਝਿਆ ਜਾਂਦਾ ਹੈ ਅਤੇ ਨਾਰੀ ਨੂੰ ਅਬਲਾ, ਜੋ ਸੰਵੇਦਨਸ਼ੀਲ ਮਨ ਨੂੰ ਦੁਖੀ ਕਰ ਜਾਂਦਾ ਹੈ…
ਸ਼ਰੇਆਮ ਔਰਤ ਨੂੰ ਬੇਪੱਤ ਕਰਦੇ
ਹਕੂਮਤ ਹੈ ਸੁੱਤੀ, ਨਹੀਂ ਲੋਕ ਡਰਦੇ
ਦੁਖੀ ਇਸ ਕਦਰ ਹਾਂ ਮੈਂ ਕਿਉਂ ਨਾ ਕਹਾਂ ਇਹ,
ਜੇ ਕੋਈ ਖ਼ੁਦਾ ਹੈ ਤਾਂ ਦੱਸੋ ਕਿਧਰ ਹੈ ?
ਖ਼ੁਦ ਪੰਜਾਬੀ ਹੋਣ ਦਾ ਮਾਣ ਕਰਦਿਆਂ ਜਗਦੀਸ਼ ਰਾਣਾ ਪੰਜਾਬੀਆਂ ਦੀ ਇਨਕਲਾਬੀ ਸੋਚ ਅਤੇ ਵਿਲੱਖਣ ਪਛਾਣ ਨੂੰ ਬੇਬਾਕੀ ਨਾਲ ਹੁਕਮਰਾਨਾਂ ਅਤੇ ਜਾਬਰਾਂ ਦੇ ਰੂਬਰੂ ਕਰ ਰਿਹਾ ਹੈ…
ਡਰਾ ਰਿਹਾ ਜੋ ਅਸਾਨੂੰ, ਉਨੂੰ ਇਹ ਸਾਰ ਨਹੀਂ,
ਅਸੀਂ ਪੰਜਾਬ ਦੇ ਜਾਏ, ਅਸਾਥੋਂ ਮੌਤ ਡਰੇ।
ਦੋਸਤੋ, ਲੇਖਕ ਆਪਣੇ ਮਨ ਦੇ ਅਨੁਭਵਾਂ ਨੂੰ ਪਾਠਕਾਂ ਨਾਲ ਸਾਂਝੇ ਕਰਨ ਵਾਸਤੇ ਸਿਰਜਣਾ ਕਰਦਾ ਹੈ। ਪਾਠਕ ਓਸ ਲਿਖਤ ਨੂੰ ਪੜ੍ਹਦਾ, ਜਾਣਦਾ, ਮਾਣਦਾ, ਸਮਝਦਾ ਤੇ ਵਿਚਾਰਦਾ ਹੈ ਅਤੇ ਆਪਣੀ ਜਗਿਆਸਾ ਦੇ ਅਨੁਸਾਰ ਉਸ ਦੀ ਨਿਰਖ ਪਰਖ ਕਰਦਾ ਹੈ। ਇਸ ਮੁਲਾਂਕਣ ਦੌਰਾਨ ਸੁਹਿਰਦ ਪਾਠਕ ਕੁਝ ਨਾ ਕੁਝ ਸਿੱਖਦਾ ਜ਼ਰੂਰ ਹੈ। ਜਿਸ ਸਿਰਜਣਾ ਦੇ ਅੰਤਰੀਵ ‘ਚ ਲੇਖਕ ਦੀ ਦਾਨਿਸ਼ਵਰੀ, ਸੰਵੇਦਨਸ਼ੀਲਤਾ, ਮੁਹੱਬਤੀ ਰੂਹ, ਅਤੇ ਬੇਬਾਕ ਮਨ ਦੇ ਅੰਦਾਜ਼ ਦੀ ਝਲਕ ਪੈਂਦੀ ਹੋਵੇ ਤਾਂ ਉਹ ਸਿਰਜਣਾ ਚੰਗੇਰੀਆਂ ਪੈੜਾਂ ਪਾ ਜਾਂਦੀ ਹੈ। ਪਥਰੀਲੇ ਜੰਗਲ ਨੂੰ ਪੜਦਿਆਂ ਮੈਨੂੰ ਇਹ ਪੁਸਤਕ ਵਧੀਆ ਲੱਗੀ ਅਤੇ ਇਸ ਵਿੱਚੋਂ ਬੜਾ ਕੁੱਝ ਸਿੱਖਣ ਨੂੰ ਵੀ ਮਿਲਿਆ। ਪੁਸਤਕ ਚੇਤਨਾ ਜਗਾਉਂਦੀ ਹੈ ਅਤੇ ਉਲਝੇ ਹੋਏ ਸਮਾਜ ਦਾ ਮਾਰਗ-ਦਰਸ਼ਨ ਵੀ ਕਰਦੀ ਹੈ। ਸਾਹਿਤ ਪ੍ਰੇਮੀਆਂ ਨੂੰ ਇਹ ਪੁਸਤਕ ਪੜ੍ਹਨੀ ਚਾਹੀਦੀ ਹੈ। ਜਗਦੀਸ਼ ਰਾਣਾ ਏਸ ਖ਼ੂਬਸੂਰਤ ਸਿਰਜਣਾ ਲਈ ਵਧਾਈ ਦਾ ਹੱਕਦਾਰ ਹੈ!
ਜ਼ਿੰਦਗੀ ਜ਼ਿੰਦਾਬਾਦ।
***
ਡਾ. ਕੁਲਵਿੰਦਰ ਸਿੰਘ ਬਾਠ
ਕੈਲੀਫ਼ੋਰਨੀਆ, ਯੂ ਐਸ ਏ
+1 209 600 2897

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
**
1976
***

+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ
ਡਾ. ਕੁਲਵਿੰਦਰ ਸਿੰਘ ਬਾਠ
ਕੈਲੀਫ਼ੋਰਨੀਆ, ਯੂ ਐਸ ਏ
+1 209 600 2897

ਡਾ. ਕੁਲਵਿੰਦਰ ਸਿੰਘ ਬਾਠ

ਡਾ. ਕੁਲਵਿੰਦਰ ਸਿੰਘ ਬਾਠ
ਕੈਲੀਫ਼ੋਰਨੀਆ, ਯੂ ਐਸ ਏ
+1 209 600 2897

View all posts by ਡਾ. ਕੁਲਵਿੰਦਰ ਸਿੰਘ ਬਾਠ →