|
ਹਰ ਸਾਲ ਸੰਸਾਰ ਭਰ ਵਿੱਚਅੰਤਰਰਾਸ਼ਟਰੀ ਮਹਿਲਾ ਦਿਵਸ ਦਿਵਸ 8 ਮਾਰਚ ਨੂੰ ਮਨਾਇਆ ਜਾਂਦਾ ਹੈ। ਵੀਂਹਵੀ ਸਦੀ ਦੇ ਸ਼ੁਰੂ ਵਿੱਚ ਸਮਾਜਵਾਦੀ ਅੰਦੋਲਨਾਂ ਤੋਂ ਇਸ ਦਾ ਉਭਾਰ ਹੋਇਆ ਜਦੋਂ ਔਰਤਾਂ ਨੇ ਵੋਟ ਦਾ ਅਧਿਕਾਰ ਅਤੇ ਚੰਗੀਆਂ ਕੰਮਕਾਜੀ ਹਾਲਾਤਾਂ ਲਈ ਸੰਘਰਸ਼ ਕੀਤਾ। ਅੱਜ ਇਹ ਔਰਤਾਂ ਦੀਆਂ ਪ੍ਰਾਪਤੀਆਂ ਤੇ ਮਾਣ ਕੀਤਾ ਜਾ ਸਕਦਾ ਹੈ ਪਰ ਔਰਤ ਦੀਆਂ ਅਸਮਾਨਤਾਵਾਂ ਦੂਰ ਕਰਨ ਲਈ ਲੜਾਈ ਅਤੇ ਸੰਘਰਸ਼ ਅੱਜ ਤੱਕ ਜਾਰੀ ਹੈ। ਇਸ ਦੀ ਸ਼ੁਰੂਆਤ 28 ਫਰਬਰੀ 1909 ਨੂੰ ਨਿਊਯਾਰਕ ਵਿੱਚ ਨੈਸ਼ਨਲ ਵੂਮੈਨਜ਼ ਡੇ ਵਜੋਂ ਹੋਈ ਜੋ ਗਾਰਮੈਂਟ ਵਰਕਰਾਂ ਵੱਲੋਂ ਕੀਤੇ ਗਏ ਵਿਰੋਧ ਅਤੇ ਸੰਘਰਸ਼ ਤੋਂ ਪ੍ਰੇਰਿਤ ਸੀ। ਇਸਨੂੰ ਪ੍ਰਸਿੱਧ ਸਮਾਜ ਸੇਵੀ ਥੇਰੇਸਾ ਮਾਲਕੀਲ ਨੇ ਪ੍ਰਸਤਾਵਿਤ ਕੀਤਾ ਸੀ। 1910 ਵਿਚ ਕਲਾਰਾ ਜੈਟਕਿਨ ਨੇ ਕਾਪਨਹੇਗਨ ਵਿਚ ਅੰਤਰਰਾਸ਼ਟਰੀ ਸੋਸ਼ਲਿਸਟ ਕਾਨਫਰੰਸ ਵਿੱਚ ਇਸਨੂੰ ਅਪਣਾਇਆ ਗਿਆ ਜਿਸ ਨਾਲ 19 ਮਾਰਚ 2011 ਵਿਚ ਯੂਰਪੀ ਰਾਸ਼ਟਰਾਂ ਵਿਚ ਲੱਖਾਂ ਲੋਕਾਂ ਨੇ ਵੋਟ ਅਧਿਕਾਰ ਅਤੇ ਕੰਮਕਾਜ ਵਿੱਚ ਵਿਤਕਰੇ ਦੀ ਮੰਗ ਕੀਤੀ ।ਮੁੱਖ ਘਟਨਾਵਾਂ ਵਿੱਚ 8 ਮਾਰਚ 1917 ਨੂੰ ਰੂਸੀ ਔਰਤਾਂ ਦੀ ਹੜਤਾਲ ਸ਼ਾਮਿਲ ਹੈ ਜਿਸ ਨੇ ਕ੍ਰਾਂਤੀ ਦਾ ਰੂਪ ਲਿਆ ਅਤੇ ਉਹਨਾਂ ਨੂੰ ਵੋਟ ਦਾ ਅਧਿਕਾਰ ਮਿਲਿਆ। 1975 ਵਿਚ ਯੂ ਐਨ ਨੇ ਇਸਨੂੰ ਅੰਤਰਰਾਸ਼ਟਰੀ ਮਹਿਲਾ ਵਰ੍ਹੇ ਵਜੋਂ ਮਾਨਤਾ ਦਿੱਤੀ ਅਤੇ 1977 ਵਿਚ ਅਧਿਕਾਰਾਂ ਲਈ ਅਧਿਕਾਰਿਤ ਦਿਵਸ ਬਣਾਇਆ ਗਿਆ। ਮਹੱਤਵ :– ਇੰਟਰਨੈਸ਼ਨਲ ਵੂਮੈਨਜ਼ ਡੇ ਔਰਤਾਂ ਦੇ ਸਮਾਜਿਕ,ਆਰਥਿਕ, ਰਾਜਨੀਤਕ ਅਤੇ ਸਭਿਆਚਾਰਕ ਯੋਗਦਾਨ ਨੂੰ ਸਨਮਾਨਿਤ ਕਰਦਾ ਹੈ। ਇਹ ਲਿੰਗ- ਸਮਾਨਤਾ ਦੀ ਪੈਰਵੀ ਕਰਦਾ ਹੈ। ਤਨਖਾਹ ਬਰਾਬਰੀ, ਸਿੱਖਿਆ, ਸਿਹਤ ਅਤੇ ਹਿੰਸਾ ਰੋਕਣ ਵਿਚ ਨੀਤੀਗਤ ਸੁਧਾਰ ਲਿਆਂਉਂਦਾ ਹੈ। ਅੰਤਰਰਾਸ਼ਟਰੀ ਏਕਤਾ ਨਾਲ ਸਮਾਵੇਸੀ ਤਰੱਕੀ ਨੂੰ ਪ੍ਰੇਰਿਤ ਕਰਦਾ ਹੈ। ਔਰਤਾਂ ਦੇ ਸ਼ਕਤੀਕਰਨ ਨਾਲ ਪਰਿਵਾਰ ਆਰਥਿਕਤਾ ਅਤੇ ਸਮਾਜ ਮਜਬੂਤ ਹੁੰਦੇ ਹਨ। ਜੋ SDG5 ਵਰਗੇ ਟਿਕਾਊ ਵਿਕਾਸ ਟੀਚਿਆ ਨੂੰ ਤੇਜ਼ ਕਰਦਾ ਹੈ। (SDG5 sustainable development Goals,) ਇਹ 2030 ਤੱਕ ਲਿੰਗ ਸਮਾਨਤਾ ਲਿਆਉਣ ਅਤੇ ਔਰਤਾਂ ਅਤੇ ਲੜਕੀਆਂ ਦੇ ਸ਼ਕਤੀਕਰਨ ਪ੍ਰਾਪਤ ਕਰਨ ਦਾ ਉਦੇਸ਼ ਰੱਖਦਾ ਹੈ ਜਿਹੜਾ ਇੱਕ ਸ਼ਾਂਤ ਅਤੇ ਖੁਸ਼ਹਾਲ ਸੰਸਾਰ ਅਤੇ ਮੁੱਢਲੇ ਮਨੁੱਖੀ ਅਧਿਕਾਰਾਂ ਲਈ ਕੰਮ ਕਰੇਗਾ। ਇਹ ਵਿਤਕਰੇ ਦੀਆਂ ਸਾਰੀਆਂ ਕਿਸਮਾਂ, ਹਿੰਸਾ, ਬਾਲ ਵਿਆਹ ਵਰਗੀਆਂ ਗਲਤ ਪਰੰਪਰਾਵਾਂ ਨੂੰ ਦੂਰ ਕਰਨ ਅਤੇ ਲੀਡਰਸ਼ਿਪ ਆਰਥਿਕਤਾ ਅਤੇ ਤਕਨਾਲੋਜੀ ਦੇ ਖੇਤਰਾਂ ਵਿੱਚ ਬਰਾਬਰ ਦੀ ਹਿੱਸੇਦਾਰੀ ਨੂੰ ਯਕੀਨੀ ਬਣਾਉਣ ਤੇ ਕੇਂਦਰਿਤ ਹੈ। ਸੰਖੇਪ ਵਿੱਚ SDG5 ਦੇ ਨੁਕਤੇ ਹੇਠ ਲਿਖੇ ਹਨ: SDG1 :- ਔਰਤਾਂ ਅਤੇ ਲੜਕੀਆਂ ਵਿਰੁੱਧ ਹਰ ਤਰਾਂ ਦੇ ਵਿਤਕਰੇ ਦੂਰ ਕਰਨਾ। SDG2:- ਸਰਕਾਰੀ ਅਤੇ ਨਿੱਜੀ ਖੇਤਰਾਂ ਵਿੱਚ ਔਰਤਾਂ ਅਤੇ ਲੜਕੀਆਂ ਵਿਰੁੱਧ ਹਰ ਤਰਾਂ ਦੀ ਹਿੰਸਾ ਅਤੇ ਲੁੱਟ ਖਤਮ ਕਰਨਾ। SDG 3:- ਬਾਲ ਵਿਆਹ, ਜ਼ੋਰੀਂ ਵਿਆਹ ਅਤੇ ਬੱਚੀ ਭਰੂਣ ਹੱਤਿਆ ਵਰਗੀਆਂ ਘਟਨਾਵਾਂ ਨੂੰ ਪੂਰਨ ਤੌਰ ਤੇ ਬੰਦ ਕਰਨਾ। SDG4 :- ਮਜ਼ਦੂਰੀ-ਰਹਿਤ ਕੰਮ ਅਤੇ ਸੇਵਾ ਸੰਭਾਲ ਦਾ ਸਰਕਾਰੀ ਸੇਵਾਵਾਂ ਅਤੇ ਬੁਨਿਆਦੀ ਢਾਂਚੇ ਰਾਹੀਂ ਮੁੱਲ ਪਾਉਣਾ। SDG 5 :- ਫੈਸਲੇ ਲੈਣ ਦੇ ਹਰ ਖੇਤਰ ਵਿੱਚ ਅਤੇ ਹਰ ਪੱਧਰ ਤੇ ਔਰਤਾਂ ਦੀ ਪੂਰਨ ਅਤੇ ਅਸਰਦਾਰ ਸ਼ਮੂਲੀਅਤ ਅਤੇ ਅਗਵਾਈ ਦੇ ਬਰਾਬਰ ਮੌਕਿਆਂ ਨੂੰ ਯਕੀਨੀ ਬਣਾਉਣਾ । 2026 ਦਾ ਥੀਮ ਅਤੇ ਵਰਤਮਾਨ ਮੁੱਦੇ :– ਯੂ ਐਨ ਓ ਨੇ 2026 ਲਈ ਇਸ ਦਿਨ ਦਾ ਥੀਮ ਦਿੱਤਾ ਹੈ – Rights. Justice. Action .For All Women and Girls ਔਰਤਾਂ ਨੂੰ ਮਰਦਾਂ ਦੇ ਮੁਕਾਬਲੇ 64 % ਕਾਨੂੰਨੀ ਅਧਿਕਾਰ ਹੀ ਮਿਲਦੇ ਹਨ ਜਿੱਥੇ ਕੰਮ ਪਰਿਵਾਰ ਸੁਰੱਖਿਆ ਅਤੇ ਸੰਕਟ ਵਿੱਚ ਵਿਤਕਰੇ ਵਾਲੇ ਕਾਨੂੰਨ ਅਤੇ ਯੁੱਧਾਂ ਕਾਰਨ ਨਿਆਂ ਪ੍ਰਣਾਲੀਆਂ ਕਮਜ਼ੋਰ ਹਨ। ਲਗਾਤਾਰ ਰੁਕਾਵਟਾਂ ਵਿੱਚ ਲਿੰਗ-ਆਧਾਰਿਤ ਹਿੰਸਾ ਹਰੇਕ 3 ਵਿਚੋਂ 1 ਔਰਤ ਨੂੰ ਪ੍ਰਭਾਵਿਤ ਕਰਦੀ ਹੈ। ਇਸ ਤੋਂ ਬਿਨਾਂ ਅਸਮਾਨ ਤਨਖਾਹ (ਕੁਝ ਖੇਤਰਾਂ ਵਿੱਚ), ਸਿੱਖਿਆ ਅਤੇ ਰੁਜ਼ਗਾਰ ਤੱਕ ਪਹੁੰਚ ਦੀ ਘਾਟ , ਬਾਲ ਵਿਆਹ , ਨਿਆਂ ਵਿੱਚ ਪੱਖਪਾਤ ਅਤੇ ਹੌਲੀ ਕਾਨੂੰਨੀ ਸੁਧਾਰ ਸ਼ਾਮਿਲ ਹਨ। ਜਿਸ ਰਫਤਾਰ ਨਾਲ ਇਹ ਸਭ ਕੁਝ ਹੋ ਰਿਹਾ ਹੈ ਉਸ ਅਨੁਸਾਰ ਇਸ ਸਭ ਨੂੰ ਪੂਰਨ ਠੀਕ ਕਰਨ ਲਈ ਇਕ ਅੰਦਾਜੇ ਅਨੁਸਾਰ 286 ਸਾਲ ਲੱਗਣਗੇ । ਗਲਤ ਨਿਯਮ ਅਤੇ ਸਜਾ ਨਾ ਦੇਣਾ, ਸਿਹਤ ਤੇ ਅਸਰ ਪਾਉਂਦੇ ਹੈ, ਜਿੱਥੇ 40 % ਤੋਂ ਘੱਟ ਦੇਸ਼ਾਂ ਵਿਚ ਬਲਾਤਕਾਰ ਉਪਰੰਤ ਪੂਰਨ ਸੰਭਾਲ ਮੌਜੂਦ ਹੈ । ਉਪਾਅ ਅਤੇ ਕਾਰਵਾਈਆਂ :- ਸੰਸਾਰ ਭਰ ਦੇ ਨੁਮਾਇੰਦੇ ਨਿਊ ਯਾਰਕ ਦੇ ਮੁੱਖ ਦਫਤਰ ਵਿੱਚ, ਲਿੰਗ ਸਮਾਨਤਾ ਅਤੇ ਔਰਤ ਅਧਿਕਾਰਾਂ ਲਈ ਯੂ ਐਨ ਦਾ ਸਭ ਤੋਂ ਵੱਡਾ ਫ਼ੋਰਮ – ਔਰਤਾਂ ਦੀ ਦਸ਼ਾ ਤੇ ਕਮਿਸ਼ਨ ਦੇ 70ਵਾਂ ਸੈਸ਼ਨ (CSW 70) ਵਿੱਚ 9-19 ਮਾਰਚ 2026 ਨੂੰ ਇਕੱਤਰ ਹੋਣਗੇ। ਇੱਥੇ ਹੋਣ ਵਾਲੇ ਫੈਸਲੇ ਸਾਰੇ ਦੇਸ਼ਾਂ ਅਤੇ ਭਵਿੱਖੀ ਪੀੜ੍ਹੀਆਂ ਉੱਤੇ ਕਾਨੂੰਨ, ਆਰਥਿਕਤਾ ਅਤੇ ਜਿੰਮੇਦਾਰੀ ਨਿਸ਼ਚਿਤ ਕਰਨ ਬਾਰੇ ਪ੍ਰਭਾਵ ਪਾਉਣਗੇ। ਇਹ ਕਮਿਸ਼ਨ ਨਿਆਂ ਤੱਕ ਪਹੁੰਚ ਮਜਬੂਤ ਕਰਨ ਵਿਤਕਰੇ ਵਾਲੇ ਕਾਨੂੰਨ ਨੂੰ ਖਤਮ ਕਰਨ ਅਤੇ ਪੱਖਪਾਤ ਜਾਂ ਮਹਿੰਗੀ ਕਾਨੂੰਨੀ ਮੱਦਦ ਵਰਗੀਆਂ ਰੁਕਾਵਟਾਂ ਨੂੰ ਹਟਾਉਣ ਬਾਰੇ ਚਰਚਾ ਕਰੇਗਾ ।ਮੁੱਖ ਕਾਰਵਾਈਆਂ ਵਿੱਚ ਪਰਿਵਾਰ, ਮਜਦੂਰ, ਸਿਹਤ ਕਾਨੂੰਨਾਂ ਨੂੰ ਬਿਨ-ਵਿਤਕਰੇ ਲਾਗੂ ਕਰਨਾ, ਨੁਕਸਾਨ ਹੋਣ ਵਾਲਿਆਂ ਲਈ ਨਿਆਂ ਪ੍ਰਣਾਲੀਆਂ ਨਾਲ ਸਿਫ਼ਰ ਸ਼ਹਿਣਸ਼ੀਲਤਾ, ਸਸਤੀ ਕਾਨੂੰਨੀ ਮੱਦਦ ਬਾਲ ਵਿਆਹ ਖਤਮ ਕਰਨਾ ਅਤੇ ਕੰਮ ਦੇ ਅਧਿਕਾਰਾਂ ਦੀ ਰੱਖਿਆ ਸ਼ਾਮਲ ਹੈ। ਵਿਅਕਤੀ ਅਤੇ ਸੰਸਥਾਵਾਂ ਨੂੰ #For All Women and Girls ਨਾਲ ਰੈਲੀ ਕਰਨ, ਨਿਆਂ ਪਹਿਲਕਾਰੀਆਂ ਨੂੰ ਆਰਥਿਕ ਸਹਾਇਤਾ ਦੇਣ , ਹੱਡ ਬੀਤੀਆਂ ਸਾਂਝੀਆਂ ਕਰਨ ਅਤੇ UN Women ਜਾਂ ਸਰਕਾਰਾਂ ਨਾਲ ਸਾਂਝਦਾਰੀ ਕਰਨ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਸਵੈ ਪਹਿਚਾਣ ਬਣਾਈ ਰੱਖਣ ਲਈ ਔਰਤਾਂ ਦੇ ਆਪਣੇ ਕਰਨ ਵਾਲੇ ਕੰਮ (ਖਾਸ ਕਰਕੇ ਭਾਰਤ ਵਿੱਚ) :- ਅੰਤਰਰਾਸ਼ਟਰੀ ਔਰਤ ਦਿਵਸ ਤੇ ਹਰ ਵਿਅਕਤੀ, ਹਰ ਸੰਸਥਾ, ਸਰਕਾਰਾਂ ਅਤੇ ਔਰਤਾਂ ਲਈ ਕੰਮ ਕਰ ਰਹੀਆਂ ਜਥੇਬੰਦੀਆਂ ਔਰਤ ਦੀ ਅਜੋਕੀ ਦਸ਼ਾ ਅਤੇ ਦਿਸ਼ਾ ਤੇ ਵਿਚਾਰ ਕਰਦੀਆਂ ਹਨ, ਉਸਦੇ ਅਧਿਕਾਰਾਂ ਦੀ ਗੱਲ ਹੁੰਦੀ ਹੈ, ਸੁਰੱਖਿਆ ਦੀ ਗੱਲ ਹੁੰਦੀ ਹੈ, ਸਤਿਕਾਰ ਦੀ ਗੱਲ ਤੁਰਦੀ ਹੈ, ਆਰਥਿਕ ਬਰਾਬਰੀ ਦੀ ਰੁਜ਼ਗਾਰ ਦੀ ਗੱਲ ਤੁਰਦੀ ਹੈ। ਇਹ ਸਭ ਬਾਹਰੋਂ ਕੀਤੇ ਜਾਣ ਵਾਲੇ ਕੰਮ ਹਨ । ਇਹਨਾਂ ਸਭਨਾਂ ਦੀ ਲੋੜ ਹੈ, ਇਸ ਵਿਚ ਕੋਈ ਸ਼ੱਕ ਨਹੀਂ ਕਿ ਸਰਕਾਰ ਨੂੰ ਅਤੇ ਸਮਾਜ ਨੂੰ ਔਰਤ ਨੂੰ ਆਰਥਿਕ ਬਰਾਬਰੀ ਅਤੇ ਸਮਾਜਿਕ ਬਰਾਬਰੀ ਦੇਣ ਲਈ ਹਰ ਸੰਭਵ ਯਤਨ ਕਰਨੇ ਚਾਹੀਦੇ ਹਨ ਅਤੇ ਇਹ ਯਤਨ ਸਿਰਫ ਗੱਲੀਂ ਬਾਤੀਂ ਨਹੀਂ, ਸਗੋਂ ਮਨ, ਬਚਨ ਅਤੇ ਕਰਮ ਰਾਹੀਂ ਅਸਲ ਅਰਥਾਂ ਵਿਚ ਲਾਗੂ ਕਰਨੇ ਚਾਹੀਦੇ ਹਨ। ਅਸੀਂ ਅੱਜ ਔਰਤ ਨੂੰ ਕੇਂਦਰ ਵਿਚ ਰੱਖ ਕੇ ਸਿਰਫ ਉਹਨਾਂ ਨੁਕਤਿਆਂ ਤੇ ਵਿਚਾਰ ਕਰਾਂਗੇ ਜਿਹੜੇ ਉਸ ਦੇ ਖੁਦ ਦੇ ਕਰਨ ਵਾਲੇ ਹੋਣ। ਜਿਹਨਾਂ ਲਈ ਜਿਆਦਾ ਕਰਕੇ ਉਹ ਆਪ ਜਿੰਮੇਵਾਰ ਹੋਵੇ। ਬਿਨਾਂ ਕੋਈ ਲੰਮੀ ਬਹਿਸ ਵਿਚ ਪੈਂਦਿਆ ਸਾਨੂੰ ਇਹ ਮੰਨਣ ਵਿਚ ਕੋਈ ਇਤਰਾਜ ਨਹੀਂ ਕਿ ਸਾਡੇ ਦੇਸ਼ ਵਿਚ ਅਜੇ ਮਰਦ-ਪ੍ਰਧਾਨ ਬਿਰਤੀ ਜੜ੍ਹੋਂ ਨਹੀਂ ਗਈ। ਸਰਕਾਰਾਂ ਦੇ, ਔਰਤ ਜਥੇਬੰਦੀਆਂ ਦੇ, ਵਿਦਵਾਨਾਂ ਦੇ ਯਤਨਾਂ ਨਾਲ ਇਸ ਬਿਰਤੀ ਨੂੰ ਕੁਝ ਠੱਲ੍ਹ ਜਰੂਰ ਪਈ ਹੈ,ਪਰ ਹਰ ਵਿਅਕਤੀ ਅਜੇ ਧੁਰ ਅੰਦਰੋਂ ਸਮਾਨਤਾ ਦਾ ਅਧਿਕਾਰ ਦੇਣ ਲਈ ਪੂਰਾ ਤਿਆਰ ਨਹੀਂ ਹੋਇਆ। ਔਰਤ ਤੇ ਹੋ ਰਹੇ ਜ਼ੁਲਮ, ਧੱਕੇ, ਵਧੀਕੀਆਂ ਵੀ ਕੁਝ ਹੱਦ ਤੱਕ ਅਜੇ ਵੀ ਜਾਰੀ ਹਨ। ਭਾਵੇਂ ਹਰ ਇਕ ਥਾਂ ਮਰਦ ਹੀ ਜਿੰਮੇਵਾਰ ਨਹੀਂ ਹੁੰਦਾ, ਪਰ ਫੇਰ ਵੀ ਉਸ ਨੂੰ ਪੂਰਾ ਬੇਕਸੂਰ ਵੀ ਨਹੀਂ ਕਿਹਾ ਜਾ ਸਕਦਾ। ਜੋ ਕੰਮ ਸਰਕਾਰਾਂ ਦੇ ਕਰਨ ਵਾਲੇ ਹਨ , ਸਮਾਜ ਦੇ ਜਾਂ ਮਰਦਾਂ ਦੇ ਕਰਨ ਵਾਲੇ ਹਨ, ਉਹਨਾਂ ਨੂੰ ਇੱਕ ਪਾਸੇ ਰੱਖ ਕੇ ਅਸੀਂ ਅੱਜ ਸਿਰਫ ਔਰਤ ਤੇ ਕੇਂਦਰਿਤ ਹੋ ਰਹੇ ਹਾਂ, ਅਤੇ ਉਹਨਾਂ ਨੁਕਤਿਆਂ ਵੱਲ ਧਿਆਨ ਦਿਵਾਉਣ ਦਾ ਯਤਨ ਕਰਦੇ ਹਾਂ, ਜਿਹੜੇ ਉਹ ਥੋੜ੍ਹੇ ਬਹੁਤ ਯਤਨਾਂ ਨਾਲ ਆਪ ਕਰ ਸਕਦੀ ਹੈ। ਜੋ ਕੰਮ ਉਸ ਨੂੰ ਆਪਣਾ ਸਵੈਮਾਣ ਬਣਾਉਣ ਲਈ ਖੁਦ ਕਰਨ ਲਈ ਉੱਦਮ ਕਰਦੇ ਰਹਿਣਾ ਚਾਹੀਦਾ ਹੈ। ਸਭ ਤੋਂ ਪਹਿਲਾਂ ਗੱਲ ਸਿੱਖਿਆ ਦੀ । ਇਹ ਤਸੱਲੀ ਵਾਲੀ ਗੱਲ ਹੈ ਕਿ ਪਹਿਲਾਂ ਦੇ ਮੁਕਾਬਲੇ ਲੜਕੀਆਂ ਦੀ ਸਿੱਖਿਆ ਵਿੱਚ ਕਾਫੀ ਸੁਧਾਰ ਆਇਆ ਹੈ। ਜਿੰਨੀ ਕੁ ਕਸਰ ਹੈ ,ਉਸ ਨੂੰ ਪੂਰਾ ਕਰਨ ਲਈ ਲੜਕੀਆਂ ਨੂੰ ਪੱਤਰ-ਵਿਹਾਰ ਸਿੱਖਿਆ, ਆਨਲਾਈਨ ਸਿੱਖਿਆ ਆਦਿ ਵਰਗੇ ਤਰੀਕੀਆ ਰਾਹੀਂ ਹੋਰ ਪੜ੍ਹਨ ਲਈ ਮਾਪਿਆਂ ਤੇ ਜੋਰ ਪਾਉਣਾ ਚਾਹੀਦਾ ਹੈ ਤਾਂ ਕਿ ਜਿਹੜੇ ਮਾਪੇ ਆਰਥਿਕ ਜਾਂ ਸਮਾਜਿਕ ਕਾਰਨਾਂ ਕਰਕੇ ਲੜਕੀ ਨੂੰ ਰੈਗੂਲਰ ਸਿੱਖਿਆ ਲੈਣ ਲਈ ਸ਼ਹਿਰ ਜਾਂ ਦੂਰ ਭੇਜਣ ਵਿਚ ਸਹਿਮਤ ਨਹੀਂ, ਉਹ ਵੀ ਘਰ ਬੈਠਿਆਂ ਪੜ੍ਹਾਉਣ ਲਈ ਸਹਿਮਤ ਹੋ ਸਕਦੇ ਹਨ। ਸਰਕਾਰਾਂ ਅਤੇ ਸਮਾਜ ਸੇਵੀ ਸੰਸਥਾਵਾਂ ਨੂੰ ਇਸ ਸਿੱਖਿਆ ਲਈ ਵੱਧ ਤੋਂ ਵੱਧ ਉਤਸ਼ਾਹਿਤ ਕਰਨਾ ਚਾਹੀਦਾ ਹੈ। ਪਰ ਜੇ ਸਿੱਖਿਆ ਕਿਸੇ ਕਾਰਨ ਨਹੀਂ ਪ੍ਰਾਪਤ ਕਰ ਸਕੇ, ਨਿਰਾਸ਼ ਹੋਣ ਦੀ ਲੋੜ ਨਹੀਂ । ਬਹੁਤ ਕੁਝ ਅਜਿਹਾ ਹੈ ਜਿਸ ਲ਼ਿ ਰਸਮੀ ਸਿੱਖਿਆ ਦੀ ਲੋੜ ਨਹੀਂ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਰੁਜ਼ਗਾਰ ਪ੍ਰਾਪਤ ਕਰਨਾ ਬਹੁਤ ਵੱਡਾ ਅਤੇ ਮਹੱਤਵਪੂਰਨ ਪੱਖ ਹੈ । ਔਰਤ ਦੀ ਆਰਥਿਕ ਅਜਾਦੀ ਦਾ ਆਧਾਰ ਹੈ ਜਿਸ ਨੇ ਉਸ ਵਿਚ ਵਿਸ਼ਵਾਸ਼ ਵੀ ਭਰਨਾ ਹੈ ਅਤੇ ਆਪਣੇ ਹੱਕ ਲੈਣ ਲਈ ਉਸਨੂੰ ਜਾਗ੍ਰਤ ਵੀ ਕਰਨਾ ਹੈ। ਪਰ ਨੌਕਰੀ ਜਾਂ ਰੁਜ਼ਗਾਰ ਪ੍ਰਾਪਤੀ ਉਸ ਦੇ ਆਪਣੇ ਹੱਥ ਵਿਚ ਨਹੀਂ। ਉਸਨੂੰ ਚਾਹੀਦਾ ਹੈ ਕਿ ਉਹ ਸਿਰਫ ਨੌਕਰੀ ਤੱਕ ਹੀ ਆਪਣੇ ਆਪ ਨੂੰ ਸੀਮਿਤ ਨਾ ਕਰੇ। ਸਵੈ ਰੁਜ਼ਗਾਰ ਦੇ ਬੇਅੰਤ ਮੌਕੇ ਹਨ। ਹੋਰ ਕਿੰਨੇ ਹੀ ਖੇਤਰ ਹਨ, ਜਿਹਨਾਂ ਰਾਹੀਂ ਉਹ ਸਿਰਫ ਆਪਣੇ ਦਿਮਾਗ ਦੀ ਸੁਚੱਜੀ ਵਰਤੋਂ ਕਰਕੇ ਹੋਰ ਧਨ ਕਮਾਉਣ ਦੇ ਤਰੀਕੇ ਲੱਭ ਸਕਦੀ ਹੈ। ਆਪਣੇ ਵਰਗੀਆਂ ਹੋਰ ਔਰਤਾਂ ਨੂੰ ਜੋੜ ਕੇ ਆਪ ਕੋਈ ਛੋਟੀ ਮੋਟੀ ਸੰਸਥਾ/ਕੰਪਨੀ ਖੋਲ ਕੇ ਕੰਮ ਕਰ ਸਕਦੀ ਹੈ। ਲੋੜ ਸਿਰਫ ਕੁਝ ਕਰਨ ਦੀ, ਕਰ ਦਿਖਾਉਣ ਦੀ ਲਗਨ ਦੀ ਹੈ। ਹੁਣ ਤੱਕ ਔਰਤ, ਖਾਸ ਕਰਕੇ, ਭਾਰਤੀ ਔਰਤ ਨੇ ਆਪਣੇ ਸਮੇਂ ਦਾ ਜ਼ਿਆਦਾ ਹਿੱਸਾ ਰਸੋਈ ਵਿਚ, ਘਰੇਲੂ ਕੰਮਾਂ ਵਿਚ ਅਤੇ ਬੱਚਿਆਂ ਤੇ ਪਰਿਵਾਰ ਦੇ ਹੋਰ ਮੈਂਬਰਾਂ ਦੀ ਸਾਂਭ ਸੰਭਾਲ ਵਿੱਚ ਹੀ ਲਗਾਇਆ ਹੈ। (ਕੰਮ ਕਰਨ ਵਾਲੀਆਂ ਔਰਤਾਂ ਤੋਂ ਬਿਨਾਂ), ਪਰ ਇਸ ਸਭ ਵਿਚ ਉਸ ਨੂੰ ਕਿੰਨਾ ਕੁ ਮਾਣ ਸਨਮਾਨ ਅਤੇ ਪਹਿਚਾਣ ਮਿਲੀ ਹੈ। ਪਰਿਵਾਰ ਦੇ ਬਾਕੀ ਸਾਰੇ ਮੈਂਬਰ ਸਮਝਦੇ ਹਨ ਕਿ ਇਹ ਤਾਂ ਉਸਦਾ ਫਰਜ ਹੈ। ਇਸ ਫਰਜ ਪੂਰਤੀ ਲਈ ਉਸ ਨੂੰ ਬਾਕੀ ਸਮਾਜ ਤਾਂ ਕੀ, ਉਸ ਤੋਂ ਇਹ ਸੇਵਾਵਾਂ ਪ੍ਰਾਪਤ ਕਰਨ ਵਾਲੇ ਪਰਿਵਾਰ ਦੇ ਮੈਂਬਰ ਵੀ ਉਸਦੀ ਪ੍ਰਸੰਸਾ ਨਹੀਂ ਕਰਦੇ। ਸਗੋਂ ਕਿਤੇ ਮਾੜੀ ਮੋਟੀ ਹੋਈ ਗਲਤੀ ਨੂੰ ਚਿਤਾਰਨਾ ਕਦੇ ਨਹੀਂ ਭੁੱਲਦੇ। ਇਸ ਸਭ ਦਾ ਅਸਰ ਇਹ ਹੁੰਦਾ ਹੈ ਕਿ ਔਰਤ ਖੁਦ ਵੀ ਆਪਣੀ ਪਹਿਚਾਣ ਭੁੱਲ ਜਾਂਦੀ ਹੈ। ਉਹ ਕਿਸੇ ਦੀ ਪਤਨੀ ਹੈ, ਕਿਸੇ ਦੀ ਨੂੰਹ ,ਧੀ ,ਭੈਣ ,ਮਾਂ ਹੈ, ਪਰ ਆਪ ਉਹ ਕੀ ਹੈ ?? ਕਿੱਥੇ ਹੈ ਉਸਦਾ ਆਪਣਾ ਨਿੱਜ ???? 99% ਔਰਤਾਂ ਨੇ ਆਪਣੇ ਆਪ ਨੂੰ ਸੋਹਣਾ ਅਤੇ ਜਵਾਨ ਲੱਗਣ ਲਈ ਜਰੂਰ ਕੋਸ਼ਿਸ਼ ਕੀਤੀ ਹੈ ਅਤੇ ਕਰਦੀਆਂ ਵੀ ਰਹਿੰਦੀਆਂ ਹਨ। ਪਰ ਅਸਿੱਧੇ ਤੌਰ ਤੇ ਇਹ ਵੀ ਉਸਦੇ ਆਪਣੇ ਲਈ ਨਹੀਂ ਹੈ। ਮਰਦ ਨੇ ਇੱਕ ਇਸੇ ਦੀ ਹੀ ਪ੍ਰਸੰਸਾ ਕੀਤੀ ਹੋਣ ਕਰਕੇ ਔਰਤ ਨੇ ਆਪਣੇ ਆਪ ਨੂੰ ਇਸ ਇੱਕ ਬਿਰਤੀ ਵਿਚ ਪੂਰਾ ਜਜ਼ਬ ਕਰ ਦਿੱਤਾ ਹੈ ਅਤੇ ਆਪਣੀ ਸਾਰੀ ਊਰਜਾ ਆਪਣੇ ਆਪ ਨੂੰ ਹੋਰ ਸੋਹਣਾ ਦਿਖਾਉਣ ਵਿਚ ਲਗਾ ਦਿੱਤਾ ਹੈ। ਇਸੇ ਲਈ ਅੱਜ ਬਿਊਟੀ ਪਾਰਲਰ ਹਰ ਛੋਟੇ ਤੋਂ ਛੋਟੇ ਪਿੰਡ ਵਿਚ ਵੀ ਖੁੱਲ੍ਹ ਗਏ ਹਨ। ਕਾਸਮੈਟਿਕਸ ਇੰਡਸਟਰੀ ਦਾ ਅਰਬਾਂ ਖਰਬਾਂ ਦਾ ਵਪਾਰ ਇਸ ਸੋਹਣੇ ਲੱਗਣ ਦੀ ਦੌੜ ਚੋਂ ਨਿਕਲਿਆ ਹੈ। ਪਰ ਕੀ ਇਸ ਨਾਲ ਉਹ ਆਪਣੀ ਪਹਿਚਾਣ ਬਣਾ ਸਕੀ ਹੈ ??? ਕੀ ਉਸ ਦੇ ਸਵੈ ਮਾਣ ਵਿਚ ਵਾਧਾ ਹੋਇਆ ਹੈ ???? ਲੋੜ ਹੈ ਉਸ ਨੂੰ ਆਪਣੀਆਂ ਅੰਦਰੂਨੀ ਸ਼ਕਤੀਆਂ ਅਤੇ ਸਮਰੱਥਾਵਾਂ ਨੂੰ ਪਹਿਚਾਨਣ ਅਤੇ ਉਨ੍ਹਾਂ ਦਾ ਵਿਕਾਸ ਕਰਨ ਦੀ। ਕਿਉਂਕਿ ਸੁਹੱਪਣ ਅਤੇ ਜਵਾਨੀ ਹਮੇਸ਼ਾ ਕਾਇਮ ਨਹੀਂ ਰੱਖੀਆਂ ਜਾ ਸਕਦੀਆਂ। ਸਮੇਂ ਦੀ ਤਬਦੀਲੀ ਨਾਲ ਇਸ ਗ੍ਰਾਫ ਦਾ ਹੇਠਾਂ ਨੂੰ ਜਾਣਾ ਯਕੀਨੀ ਹੈ। ਪਰ ਜੇ ਉਹਨਾਂ ਆਪਣੀ ਅੰਦਰੂਨੀ ਸੁੰਦਰਤਾ ਅਤੇ ਹੁਨਰ ਨੂੰ ਪਹਿਚਾਣ ਕੇ ਉਸਨੂੰ ਵਿਕਸਿਤ ਕੀਤਾ, ਤਾਂ ਇਹ ਸਦਾ ਰਹਿਣ ਵਾਲਾ ਗਹਿਣਾ ਹੈ। ਜਰਾ ਨਜਰ ਮਾਰ ਕੇ ਵੇਖਣਾ ਕਿੰਨੀਆਂ ਕੁ ਔਰਤਾਂ ਹਨ ਜਿਹੜੀਆਂ ਕਿਸੇ ਕਲਾ ਨੂੰ ਸ਼ੌਕ ਨਾਲ ਨਿਭਾਉਂਦੀਆਂ ਹਨ। ਕਿੰਨੀਆਂ ਨੇ ਜੋ ਕਲਾਕਾਰ ਹਨ, ਲੇਖਕ ਹਨ, ਸੰਗੀਤਕਾਰ ਹਨ, ??? ਭਾਵੇਂ ਸ਼ੌਕ ਨੂੰ ਕਿੱਤਾ ਵੀ ਬਣਾਇਆ ਜਾ ਸਕਦਾ ਹੈ, ਪਰ ਸਿਰਜਣਾਤਮਕਤਾ ਅਤੇ ਸੁਹਜ ਤਾਂ ਪਹਿਲਾਂ ਸ਼ੌਕ ਅਤੇ ਲਗਨ ਵਿਚੋਂ ਹੀ ਨਿਕਲਣੀ ਹੈ। ਨੱਚਣਾ ਅਤੇ ਗਾਉਣਾ ਖਾਸ ਕਰਕੇ ਔਰਤਾਂ ਦਾ ਖੇਤਰ ਰਿਹਾ ਹੈ, ਪਰ ਅੱਜ ਦੇਖੋ ਤਾਂ ਕਿੰਨੀਆਂ ਔਰਤਾਂ ਨੂੰ ਕਿੰਨੇ ਗੀਤ ਯਾਦ ਹਨ ??? ਕਿਸੇ ਵਿਆਹ ਸ਼ਾਦੀ ਤੇ ਉਹ ਖੁਦ ਬੋਲੀਆਂ ਪਾ ਕੇ ਨੱਚ ਵੀ ਨਹੀਂ ਸਕਦੀਆਂ। ਗੀਤ ਡੀ. ਜੇ. ਵਿਚ ਚੱਲੇਗਾ ਤੇ ਉਹ ਆਪਣੇ ਕੱਪੜਿਆਂ ਅਤੇ ਗਹਿਣਿਆਂ ਰਾਹੀਂ ਸਿਰਫ ਆਪਣੇ ਸਰੀਰ ਦੀ ਨੁਮਾਇਸ਼ ਕਰਨ ਲਈ ਨੱਚਣ ਦੀ ਕੋਸ਼ਿਸ਼ ਕਰ ਰਹੀਆਂ ਹੁੰਦੀਆਂ ਹਨ। ਮੈਂ ਮੁਆਫੀ ਚਾਹਾਂਗਾ, ਜੇ ਮੇਰੇ ਸ਼ਬਦਾਂ ਵਿਚ ਕਿਸੇ ਨੂੰ ਜ਼ਰਾ ਰੁੱਖਾਪਣ ਨਜਰ ਆਇਆ ਹੋਵੇ, ਪਰ ਮੇਰੀ ਭਾਵਨਾ ਨੂੰ ਸਮਝਣ ਦਾ ਯਤਨ ਕਰਨਾ। ਕਿੰਨੀਆਂ ਹੀ ਕਲਾਵਾਂ ਅਤੇ ਹੁਨਰ ਹੋ ਸਕਦੇ ਹਨ ਜਿਨ੍ਹਾਂ ਵਿਚ ਔਰਤ ਮਾਹਰ ਹੋ ਸਕਦੀ ਹੈ। ਪੁਰਾਣੇ ਸਮੇਂ ਵਿਚ ਖਾਣਾ ਬਣਾਉਣ ਅਤੇ ਸਿਊਣ ਸਿਲਾਈ ਆਦਿ ਵਰਗੇ ਕੰਮ ਹੀ ਮੁੱਖ ਸਨ। ਕੰਮ ਕੋਈ ਵੀ ਛੋਟਾ ਜਾਂ ਵੱਡਾ ਨਹੀਂ, ਗੱਲ ਤਾਂ ਉਸ ਵਿੱਚ ਮਾਹਰ ਹੋਣ ਦੀ, ਉਸ ਨੂੰ ਇੱਕ ਵੱਖਰੇ ਕਲਾਤਮਕ ਢੰਗ ਨਾਲ ਕਰਨ ਦੀ ਅਤੇ ਉਸ ਵਿਚੋਂ ਆਪਣੀ ਪਹਿਚਾਣ ਬਣਾ ਲੈਣ ਦੀ ਹੁੰਦੀ ਹੈ। ਕੁਝ ਸਾਲ ਪਿੱਛੇ ਚੱਲੀਏ ਤਾਂ ਲੜਕੀਆਂ ਅਤੇ ਔਰਤਾਂ ਕਢਾਈ ਕਰਨ ਵਿੱਚ, ਬੁਣ ਬੁਣਾਈ ਕਰਨ ਵਿੱਚ, ਦਰੀਆਂ ਬੁਣਨ ਵਿਚ ਮਾਹਰ ਹੁੰਦੀਆਂ ਸਨ ਅਤੇ ਇਨ੍ਹਾਂ ਰਾਹੀਂ ਆਪਣੀ ਅੰਦਰਲੀ ਪ੍ਰਤਿਭਾ ਨੂੰ ਬਾਹਰ ਕੱਢਦੀਆਂ ਸਨ। ਅੱਜ ਕੰਮ ਮਸ਼ੀਨਾਂ ਨੇ ਸੰਭਾਲ ਲਏ ਹਨ। ਹੱਥੀਂ ਕੀਤੇ ਕੰਮ ਨੂੰ ਅੱਜ ਵੀ ਸਵੀਕ੍ਰਿਤੀ ਅਤੇ ਪ੍ਰਸੰਸਾ ਮਿਲਦੀ ਹੈ। ਸੋਹਣੀ ਲਿਖਾਈ ਚ ਲਿਖੇ ਅੱਖਰ ਕਿਸ ਨੂੰ ਨਹੀਂ ਮੋਂਹਦੇ ??? ਦਿਲਕਸ਼ ਆਵਾਜ ਵਿੱਚ ਕੋਈ ਗਾਵੇ ਤਾਂ ਬਿਨਾਂ ਸਾਜਾਂ ਤੋਂ ਵੀ ਸਰੋਤੇ ਨੂੰ ਕੀਲਣ ਦੀ ਤਾਕਤ ਰੱਖਦਾ ਹੈ। ਖਾਸ ਮਿੱਠੇ ਅੰਦਾਜ ਵਿਚ ਬੋਲਣਾ, ਦੂਸਰੇ ਦਾ ਸਵਾਗਤ ਕਰਨਾ, ਖੂਬਸੂਰਤ ਮੁਸਕਰਾਹਟ ਵੀ ਇੱਕ ਵੱਖਰੀ ਪਹਿਚਾਣ ਬਣ ਸਕਦੀ ਹੈ। ਕਿਸੇ ਵੀ ਸ਼ੌਕ ਨੂੰ, ਕਿੱਤੇ ਨੂੰ ਇੱਕ ਵੱਖਰੇ ਅਤੇ ਖੂਬਸੂਰਤ ਅੰਦਾਜ਼ ਵਿੱਚ ਕੀਤੇ ਜਾਣ ਨਾਲ ਉਸ ਵਿੱਚ ਮੁਹਾਰਤ ਬਣੇਗੀ ਅਤੇ ਉਹ ਉਸ ਦੀ ਮਾਲਕਣ ਦੇ ਨਾਮ ਨਾਲ ਜੁੜ ਜਾਏਗੀ। ਇਹ ਮੁਹਾਰਤ ਇਹ ਕਲਾ ਹੀ ਔਰਤ ਨੂੰ ਆਪਣੇ ਪਰਿਵਾਰ ਵਿੱਚ, ਆਪਣੇ ਮੁਹੱਲੇ ਵਿੱਚ, ਪਿੰਡ ਵਿੱਚ ਅਤੇ ਸਮੂਹ ਸਮਾਜ ਵਿੱਚ ਮਾਣ ਸਨਮਾਨ ਦਾ ਕਾਰਨ ਬਣੇਗੀ। ਬਾਹਰੋਂ ਮਿਲਦੀ ਪ੍ਰਸੰਸਾ ਅਤੇ ਮਾਣ ਨਾਲ ਪਰਿਵਾਰ ਦੇ ਮੈਂਬਰ ਵੀ ਖੁਸ਼ੀ ਅਤੇ ਚਾਅ ਨਾਲ ਭਰ ਜਾਣਗੇ ਅਤੇ ਔਰਤ ਨੂੰ ਉਸ ਕਲਾ ਲਈ ਵੱਧ ਸਮਾਂ ਦੇਣਗੇ ਅਤੇ ਲੋੜ ਪਈ ਤਾਂ ਖਰਚ ਵੀ ਕਰਨਗੇ। ਉਹ ਇਸ ਸ਼ੌਕ ਨੂੰ ਕਿੱਤਾ ਵੀ ਬਣਾ ਸਕਦੀ ਹੈ ਅਤੇ ਹੋਰਾਂ ਨੂੰ ਸਿਖਾ ਵੀ ਸਕਦੀ ਹੈ। ਹੋਰ ਵੱਡੇ ਪੱਧਰ ਤੇ ਇਹ ਇੱਕ ਉੱਦਮ ਦਾ ਰੂਪ ਵੀ ਧਾਰਨ ਕਰ ਸਕਦਾ ਹੈ। ਆਰਥਿਕ ਲਾਭ ਨੂੰ ਇੱਕ ਪਾਸੇ ਰੱਖੀਏ, ਔਰਤ ਦੀ ਆਪਣੀ ਹੋਂਦ ਅਤੇ ਪਹਿਚਾਣ ਲਈ ਇਹ ਬਹੁਤ ਮੱਦਦਗਾਰ ਹੋਏਗਾ। ਇਸ ਨਾਲ ਸਮਾਜਿਕ ਸੰਬੰਧ ਵੀ ਸੁਧਰਨਗੇ, ਅਤੇ ਬੱਚਿਆਂ ਤੇ ਵੀ ਬਹੁਤ ਵਧੀਆ ਪ੍ਰਭਾਵ ਪਵੇਗਾ। ਖਾਸ ਗੱਲ ਕਿ ਸਮੇਂ ਦੇ ਬੀਤਣ ਨਾਲ ਇਸ ਵਿੱਚ ਵਿਕਾਸ ਹੀ ਹੋਏਗਾ। ਵਧਦੀ ਉਮਰ, ਘਟਦੇ ਰੁਝੇਵੇਂ, ਢਿੱਲੀ ਸਿਹਤ, ਇੱਕਲਾਪਣ ਕੋਈ ਵੀ ਅਜਿਹੀ ਅਲਾਮਤ ਉਸ ਦੇ ਮਨ ਦੀ ਚੜ੍ਹਦੀ ਕਲਾ ਨੂੰ ਨਹੀਂ ਡੇਗ ਸਕੇਗੀ। ਕਿਉਂਕਿ ਹੁਣ ਉਹ ਖੁਦ ਸਿਰਜਣਹਾਰ ਹੋ ਗਈ ਹੈ। ਉਹ ਸਿਰਫ ਹੱਡ ਮਾਸ ਦੀ ਪੁਤਲੀ ਹੀ ਨਹੀਂ ਰਹੀ, ਉਸਦੀ ਕਲਾ ਨੇ ਉਸਨੂੰ ਇੱਕ ਸਦੀਵੀ ਜਿੰਦਗੀ ਬਖਸ਼ ਦਿੱਤੀ ਹੈ। ਤਾਂ ਤੇ ਅੱਜ ਤੋਂ ਹੀ ਕਾਇਮ ਹੋਵੋ। ਆਪਣੀ ਸਮਰੱਥਾ ਨੂੰ ਪਹਿਚਾਣੋ। ਲੱਭੋ ਤੁਹਾਡੇ ਅੰਦਰ, ਧੁਰ ਅੰਦਰ ਕੌਣ ਛੁਪ ਕੇ ਬੈਠਾ ਹੈ ??? ਇੱਕ ਕਲਾਕਾਰ, ਇੱਕ ਗਾਇਕ, ਇੱਕ ਚਿੱਤਰਕਾਰ, ਇੱਕ ਸੰਗੀਤਕਾਰ, ਇੱਕ ਲੇਖਕ, ਇੱਕ ਬੁਲਾਰਾ, ਇੱਕ ਸਮਾਜ ਸੇਵੀ, ਇੱਕ ਕੌਂਸਲਰ, ਇੱਕ ਸੇਵਕ, ?????? ਉਸ ਨੂੰ ਬਾਹਰ ਕੱਢੋ, ਵਿਕਸਿਤ ਹੋਣ ਦਿਓ, ਬਾਹਰਲੇ ਮੇਕ ਅੱਪ ਫਿੱਕੇ ਪੈ ਜਾਣਗੇ। ਹੁਨਰ ਅਤੇ ਕਿਰਤ ਦਾ ਮਜੀਠਾ ਰੰਗ ਆਪਣੀ ਆਭਾ ਖਿਲਾਰੇਗਾ ਅਤੇ ਆਪਣੇ ਚੁਫੇਰੇ ਨੂੰ ਮਹਿਕਾ ਦੇਵੇਗਾ । ਮੈਂ ਸਮੂਹ ਔਰਤਾਂ ਨੂੰ ਬੇਨਤੀ ਕਰਦਾ ਹਾਂ ਕਿ ਉਹ ਆਪਣੀ ਆਪਣੀ ਕਸਤੂਰੀ ਨੂੰ ਪਹਿਚਾਨਣ। ਮੇਰਾ ਵਿਸ਼ਵਾਸ਼ ਹੈ ਕਿ ਇਸ ਮਹਿਕ ਰੱਤੀ ਔਰਤ ਨੂੰ ਕਦੇ ਵੀ ਕਿਸੇ ਵਿਤਕਰੇ ਦੀ ਸ਼ਿਕਾਰ ਨਹੀਂ ਹੋਣਾ ਪਵੇਗਾ। ਉਸ ਨੂੰ ਔਰਤ ਹੋਣ ਤੇ ਝੂਰਨਾ ਨਹੀਂ ਪਏਗਾ, ਸਗੋਂ ਉਹ ਆਪਣੇ ਨਾਰੀਤਵ ਤੇ ਮਾਣ ਮਹਿਸੂਸ ਕਰੇਗੀ ਕਿਉਂਕਿ ਹੁਣ ਫੇਰ ਉਸਨੇ ਕੁਝ ਸਿਰਜਿਆ ਹੈ, ਜੋ ਨਿਰੋਲ ਉਸਦਾ ਆਪਣਾ ਹੈ। ਅਤੇ ਉਸਦੇ ਅੰਦਰ ਜਿਊਂਦਾ ਹੈ। ਇਹ ਉਸਦੇ ਸਾਹਾਂ ਵਿਚ ਧੜਕਦਾ ਹੋਇਆ ਉਸਨੂੰ ਇੱਕ ਨਵਾਂ ਜੀਵਨ ਪ੍ਰਦਾਨ ਕਰੇਗਾ। |
|
*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ। |
ਜਸਵਿੰਦਰ ਸਿੰਘ 'ਰੁਪਾਲ'
ਐਮ.ਏ.(ਪੰਜਾਬੀ, ਅੰਗਰੇਜ਼ੀ, ਇਕਨਾਮਿਕਸ,
ਰਿਟਾਅਰਡ ਲੈਕਚਰਾਰ, ਅਰਥ-ਸ਼ਾਸ਼ਤਰ,
ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ,
ਕਟਾਣੀ ਕਲਾਂ( ਲੁਧਿਆਣਾ)-141113
+91 9814715796
* 162,ਗਲੀ ਨੰਬਰ 3, ਸ਼ਹੀਦ ਜਸਦੇਵ ਸਿੰਘ ਨਗਰ
ਡਾਕ : ਗੁਰੂ ਨਾਨਕ ਇੰਜੀ.ਕਾਲਜ, ਲੁਧਿਆਣਾ-141006
ਵਟਸਐਪ ਨੰਬਰ .: 09814715796

by 