ਦੋ ਸ਼ਬਦ: ਜੋਗਿੰਦਰ ਸਿੰਘ ਨਿਰਾਲਾ ਨੂੰ ਮੈਂ ਸ਼ਾਇਦ 1960-61 ਵਿਚ ਉਦੋਂ ਮਿਲਿਆ ਸੀ ਜਦ ਮੈਂ ‘ਅਕਾਲੀ ਪਤ੍ਰਿਕਾ’ ਵਿਚ ਸਹਿ ਸੰਪਾਦਕ ਸਾਂ। ਲੇਖਕ (ਗਸਰਾਏ) ਦੀਆਂ ਕਹਾਣੀਆਂ/ਰਚਨਾਵਾਂ ਭਾਵੇਂ 1960ਵਿਆਂ ਤੱਕ ਵੱਖ ਵੱਖ ਅਖਬਾਰਾਂ/ਪੰਜਾਬੀ ਪਰਚਿਆਂ ਵਿਚ ਛੱਪ ਰਹੀਆਂ ਸਨ ਪਰ ਪੁਸਤਕ ਰੂਪ ਵਿਚ ਕੋਈ ਕਹਾਣੀ ਨਹੀਂ ਸੀ ਆਈ। ਫਿਰ ਇਹ ਮੌਕਾ ਵੀ ’ਨਿਰਾਲਾ’ ਵਲੋਂ ਮਿਲਿਆ। ਉਸ ਸਮੇਂ ਉਹ 17 ਕੁ ਸਾਲਾਂ ਦਾ ਨੌਜਵਾਨ ਸੀ। ਉਹ ‘ਕਾਕੜੇ ਬੇਰ’ ਨਾਂ ਦਾ ਕਹਾਣੀ ਸੰਗ੍ਰਹਿ ਛਾਪ ਰਿਹਾ ਸੀ। ਮੇਰੀ ਇੱਕ ਕਹਾਣੀ ਵੀ ਉਸ ਨੇ ਸੰਪਾਦਨਾ ਲਈ ਚੁਣੀ। 1962 ਵਿਚ ‘ਕਾਕੜੇ ਬੇਰ’ ਦੀ ਪ੍ਰਕਾਸ਼ਨਾ ਹੋਈ। ਜਦੋਂ ਪੁਸਤਕ ਮਿਲੀ ਤਾਂ ਵੇਖਿਆ ਕਿ ਇਸ ਸੰਗ੍ਰਹਿ ਵਿਚ ਪਹਿਲਾ ਕਹਾਣੀਕਾਰ ਅਜੀਤ ਸੈਣੀ, ਦੂਜਾ ਗੁਰਦਿਆਲ ਸਿੰਘ ਅਤੇ ਤੀਜਾ ਗੁਰਦਿਆਲ ਸਿੰਘ ਰਾਏ ਅਤੇ ਇੰਝ ਹੀ ਬਾਕੀ ਹੋਰ ਅਤੇ ‘ਨਿਰਾਲਾ’ ਦੀ ਆਪਣੀ ਕਹਾਣੀ ‘ਕਾਕੜੇ ਬੇਰ’ ਵੀ ਸ਼ਾਮਲ ਕੀਤੀ ਗਈ ਜਿਸ ਦੇ ਨਾਂ ਤੇ ਪੁਸਤਕ ਦਾ ਨਾਮ ਰੱਖਿਆ ਗਿਆ ਸੀ। ਕੰਵਰਜੀਤ ਭੱਠਲ, ਸੰਪਾਦਕ ‘ਕਲਾਕਾਰ ਸਾਹਿਤਕ’ (ਅਪਰੈਲ-ਜੂਨ 2014) ਦੇ ‘ਸਰਬਾਂਗੀ ਸਾਹਿਤਕਾਰ ਡਾ. ਜੋਗਿੰਦਰ ਸਿੰਘ ਨਿਰਾਲਾ ਵਿਸ਼ੇਸ਼ ਅੰਕ’ ਦੇ ਸੰਪਾਦਕੀ ਵਿਚ ‘ਨਿਰਾਲਾ’ ਦੀ ‘ਕਾਕੜੇ ਬੇਰ’ ਦੀ ਸੰਪਾਦਨ ਕਲਾ/ਕਿਤਾਬ ਸਬੰਧੀ ਲਿਖਦੇ ਹਨ: ‘ਕਿਤਾਬ ਦੀ ਵਿਸ਼ੇਸ਼ਤਾ ਇਹ ਵੀ ਸੀ ਕਿ ਪੁਸਤਕ ਵਿਚ ਨਿਰਾਲਾ ਵੱਲੋਂ ਲਿਖੇ ਲੇਖਕਾਂ ਦੇ ਸੰਖੇਪ ਰੇਖਾ-ਚਿਤਰ ਵੀ ਸਨ।’ ਮੈਨੂੰ ਮਾਣ ਹੈ ਕਿ ‘ਨਿਰਾਲਾ’(ਡਾ.) ਹੁਰਾਂ ਨੇ ਕਹਾਣੀ ‘ਤੇ ਰੇਖਾ-ਚਿੱਤਰ ਦੇਂਦਿਆਂ ਟਿੱਪਣੀ ਲਿਖੀ: ‘ਗੁਰਦਿਆਲ ਸਿੰਘ ਰਾਏ ਦੀਆਂ ਕਹਾਣੀਆਂ ਵਿਚ ਇੱਕ ਪੈਗਾਮ ਹੁੰਦਾ ਹੈ, ਦਰਦ ਹੁੰਦਾ ਹੈ ਤੇ ਇੱਕ ਖਾਸ ਉਦੇਸ਼ ਹੁੰਦਾ ਹੈ।’ ਸੱਚ ਜਾਨਣਾ, 59 ਸਾਲ ਪਹਿਲਾਂ ‘ਨਿਰਾਲਾ’ ਵੱਲੋਂ ਲਿਖੀ ਗਈ ਇਸ ਸੰਖੇਪ ‘ਟਿੱਪਣੀ’ ਨੇ ਉਦੋਂ ਮਨ ਨੂੰ ਬੜਾ ਟੁੰਬਿਆ ਅਤੇ ਪ੍ਰੇਰਨਾ ਦਾਇਕ ਹੁਲਾਰਾ ਜਿਹਾ ਵੀ ਦਿੱਤਾ। ਇਹ ਟਿੱਪਣੀ ਅਤੇ ਕਹਾਣੀ ਦੀ ਪ੍ਰਕਾਸ਼ਨਾ ਅੱਜ ਵੀ ਮਨ ਨੂੰ ਖੀਵਾ ਜਿਹਾ ਕਰ ਜਾਂਦੀ ਹੈ। ‘ਕਾਕੜੇ ਬੇਰ’ ਕਹਾਣੀ ਸੰਗ੍ਰਹਿ ਦੀ ਪ੍ਰਕਾਸ਼ਨਾ ਉਪਰੰਤ ‘ਨਿਰਾਲਾ’ ਨੇ ਪਿਛਾਂਹ ਮੁੜ ਕੇ ਨਹੀਂ ਵੇਖਿਆ। ਜਿਸਦਾ ਲੇਖਕ ਨੂੰ ਮਾਣ ਰਹੇਗਾ। ਸ਼ਕਤੀਸ਼ਾਲੀ ਲੇਖਕ ਡਾ. ਜੁਗਿੰਦਰ ਸਿੰਘ ਨਿਰਾਲਾ ਜੀ ਦੀ ਕਹਾਣੀ: ਜ਼ਿੰਦਗੀ ਦਾ ਦਰਿਆ ‘ਲਿਖਾਰੀ’ ਦੇ ਪਾਠਕਾਂ ਗੋਚਰੇ ਕਰਦਿਅਾਂ ਅਥਾਹ ਪਰਸੰਨਤਾ ਦਾ ਅਨੁਭਵ ਕਰ ਰਿਹਾ ਹਾਂ। ——ਲਿਖਾਰੀ |
ਜ਼ਿੰਦਗੀ ਦਾ ਦਰਿਆ—ਡਾ. ਜੋਗਿੰਦਰ ਸਿੰਘ ਨਿਰਾਲਾਮੈਂ ਨਹੀਂ ਜਾਣਦਾ ਪਈ ਆਦਮੀ ਬੁੱਢਾ ਕਿਉਂ ਹੋ ਜਾਂਦਾ ਹੈ ਪਰ ਪਿਛਲੇ ਸਮਿਆਂ ਤੋਂ ਮੈਂ ਇਹ ਜ਼ਰੂਰ ਮਹਿਸੂਸ ਕਰ ਰਿਹਾ ਸਾਂ ਕਿ ਜ਼ਿੰਦਗੀ ਦੇ ਕਾਰਜ ਖੇਤਰ ਵਿਚ ਮੇਰੀ ਸ਼ਮੂਲੀਅਤ ਪਹਿਲਾਂ ਜਿੰਨੀ ਭਰਵੀਂ ਨਹੀਂ ਰਹੀ, ਘਟਦੀ ਜਾ ਰਹੀ ਹੈ। ਦਫ਼ਤਰ ਵਿਚ ਅਜੇ ਉਸ ਦਿਨ ਤਾਂ ਦਫ਼ਤਰ ਵਿਚ ਨਵੇਂ-ਨਵੇਂ ਆਏ ਉਪ-ਮੰਡਲ ਅਫ਼ਸਰ ਨੇ ਮੇਰੇ ਤਿਆਰ ਕੀਤੇ ਕਾਗਜ਼ਾਂ ਉੱਪਰ ਦਸਤਖਤ ਕਰਨ ਤੋਂ ਨਾਂਹ ਕਰਦਿਆਂ ਕਿਹਾ ਸੀ, ‘‘ਸ਼ਰਮਾ ਜੀ! ਤੁਸੀਂ ਨਵੀਆਂ ਤਕਨੀਕਾਂ ਤੋਂ ਵਾਕਫ਼ ਨਹੀਂ ਹੋ, ਇਹ ਪ੍ਰਾਜੈਕਟ ਏਦਾਂ ਪਾਸ ਨਹੀਂ ਹੋਣਾ।’’ ਤਾਂ ਮੈਨੂੰ ਜਾਪਿਆ ਸੀ ਪਈ ਉਹ ਕਹਿ ਰਿਹਾ ਹੋਵੇ, ‘‘ਸ਼ਰਮਾ ਜੀ! ਹੁਣ ਤੁਸੀਂ ਬਹੁਤ ਸਰਵਿਸ ਕਰ ਲਈ ਹੈ, ਪਰੀ-ਮੈਚਿਊਰ ਰਿਟਾਇਰਮੈਂਟ ਲੈ ਲਵੋ ਤਾਂ ਚੰਗਾ ਹੈ, ਕਿਸੇ ਹੋਰ ਨੂੰ ਮੌਕਾ ਮਿਲੇਗਾ।’’ ਉਸਦੀ ਗੱਲ ਠੀਕ ਵੀ ਹੋ ਸਕਦੀ ਹੈ, ਕਿਉਂਕਿ ਉਹ ਅਫ਼ਸਰ ਹੈ। ਦਫ਼ਤਰੀ ਸਭਿਆਚਾਰ ਵੀ ਇਹੋ ਕਹਿੰਦਾ ਹੈ ਕਿ ਜੋ ਅਫ਼ਸਰ ਕਹਿੰਦਾ ਹੈ, ਉਹ ਸਦਾ ਠੀਕ ਈ ਹੁੰਦੈ ਪਰ ਏਨੀ ਦੇਰ ਤੋਂ ਤਾਂ ਮੈਨੂੰ ਕਦੇ ਕਿਸੇ ਨਾ ਅਜਿਹੇ ਸ਼ਬਦ ਨਹੀਂ ਸਨ ਕਹੇ। ਪਿਛਲੇ ਸਾਲ ਹੀ ਤਾਂ ਰਿਟਾਇਰ ਹੋਏ ਅਫ਼ਸਰ ਨੇ ਆਪਣੀ ਸੇਵਾ-ਮੁਕਤੀ ਪਾਰਟੀ ਸਮੇਂ ਮੇਰੀ ਭਰਪੂਰ ਪ੍ਰਸ਼ੰਸਾ ਕੀਤੀ ਸੀ, ‘‘ਮੇਰੀ ਸਾਰੀ ਸਰਵਿਸ ਦੌਰਾਨ ਮੈਂ ਸ਼ਰਮਾ ਜੀ ਵਰਗਾ ਮਿਹਨਤੀ ਤੇ ਇਮਾਨਦਾਰ ਹੈਡ-ਕਲਰਕ ਨਹੀਂ ਵੇਖਿਆ। ਇਹਨਾਂ ਦਾ ਬਣਾਇਆ ਹੋਇਆ ਕੋਈ ਵੀ ਪ੍ਰਾਜੈਕਟ ਕਦੇ ਵੀ ਰੱਦ ਹੋ ਕੇ ਵਾਪਿਸ ਨਹੀਂ ਆਇਆ…. ਮੈਂ ਤਾਂ ਸਗੋਂ ਕਹਾਂਗਾ ਕਿ ਆਦਮੀ ਆਪਣੀ ਉਮਰ ਦੇ ਤਜ਼ਰਬੇ ਨਾਲ ਬਹੁਤ ਕੁਝ ਸਿੱਖਦਾ ਹੈ। ਨਵੇਂ ਭਰਤੀ ਹੋਏ ਮੁੰਡਿਆਂ ਨੂੰ ਸ਼ਰਮਾ ਜੀ ਬਹੁਤ ਕੁਝ ਸਿਖਾ ਸਕਦੇ ਨੇ।’’ ਇਹ ਗੱਲਾਂ ਉਸਨੇ ਐਵੇਂ ਹੀ ਨਹੀਂ ਸਨ ਕਹੀਆਂ, ਉਸਨੇ ਪੂਰੇ ਪੰਦਰਾਂ ਸਾਲ ਮੇਰੇ ਕੰਮ ਨੂੰ ਵੇਖਿਆ ਸੀ। ਇਸੇ ਲਈ ਤਾਂ ਸਟਾਫ਼ ਮੀਟਿੰਗ ਵਿਚ ਖੁੱਲ੍ਹੇ ਤੌਰ ’ਤੇ ਆਖਣ ਲੱਗਿਆ, ‘‘ਅੱਜਕੱਲ੍ਹ ਕੰਪਿਊਟਰ ਦਾ ਜੁੱਗ ਐ। ਅਸੀਂ ਇੱਕੀਵੀਂ ਸਦੀ ਵੱਲ ਵਧ ਰਹੇ ਹਾਂ। ਸਾਡੇ ਸਾਹਮਣੇ ਨਵੀਆਂ ਚੁਣੌਤੀਆਂ ਹਨ ਜਿਹਨਾਂ ਨੂੰ ਨਵੀਂ ਤੇ ਵੈੱਲ ਟਰੇਂਡ ਮੈਨ ਪਾਵਰ ਹੀ ਸਵੀਕਾਰ ਕਰ ਸਕਦੀ ਐ। ਮੇਰੇ ਵਿਚਾਰ ਅਨੁਸਾਰ ਸਰਕਾਰ ਨੂੰ ਰਿਟਾਇਰਮੈਂਟ ਦੀ ਉਮਰ ਘਟਾ ਕੇ ਪੰਜਾਹ ਸਾਲ ਕਰ ਦੇਣੀ ਚਾਹੀਦੀ ਐ….।’’ ਤੇ ਇੰਨਾ ਆਖਦਿਆਂ ਉਸਨੇ ਮੇਰੇ ਵੱਲ ਟੇਢੀਆਂ ਨਜ਼ਰਾਂ ਨਾਲ ਵੇਖਿਆ ਜਿਵੇਂ ਉਹ ਸਾਰਾ ਕੁਝ ਮੈਨੂੰ ਸੁਣਾਉਣ ਲਈ ਹੀ ਕਹਿ ਰਿਹਾ ਹੋਵੇ। ਇਹ ਤਾਂ ਨਹੀਂ ਸੀ ਪਈ ਅਮਰ ਸਿੰਘ ਜੁਆਨ ਮੁੰਡਾ ਖੁੰਡਾ ਸੀ ਪਰ ਫੇਰ ਵੀ ਉਹ ਮੇਰੇ ਨਾਲੋਂ ਪੰਦਰਾਂ ਵਰੵੇ ਛੋਟਾ ਸੀ। ਉਂਜ ਉਹ ਪਛੜੀਆਂ ਸ਼੍ਰੇਣੀਆਂ ਵਿਚੋਂ ਹੋਣ ਦੇ ਬਾਵਜੂਦ ਵੀ ਬਰਾੜ ਸਾਹਿਬ ਦੀ ਸ਼੍ਰੇਣੀ ਨਾਲ ਆਪਣੇ ਆਪ ਨੂੰ ਜੁੜਿਆ ਵੇਖਣਾ ਨਹੀਂ ਸੀ ਚਾਹੁੰਦਾ। ਇਸੇ ਲਈ ਤਾਂ ਕਦੇ-ਕਦੇ ਕਹਿ ਦਿੰਦਾ, ‘‘ਇਹ ਸਾਲੀ ਸਰਕਾਰ ਹੀ ਏਨਾ ਨੂੰ ਚੰਭਲਾ ਰਹੀ ਹੈ। ….ਸਾਨੂੰ ਤਾਂ ਜਾਤੀ ਦੇ ਨਾਲ-ਨਾਲ ਇਨਕਮ ਦਾ ਸਰਟੀਫਿਕੇਟ ਵੀ ਦੇਣਾ ਪੈਂਦੈ….।’’ ਮੈਂ ਹੁਣ ਦਫ਼ਤਰ ਵਿਚ ਆਮ ਤੌਰ ’ਤੇ ਵਿਹਲਾ ਬੈਠਾ ਰਹਿੰਦਾ। ਘਰ ਵਿਚ ਘਰ ਵਿਚ ਅਜੀਬ ਤਰ੍ਹਾਂ ਦਾ ਮਾਹੌਲ ਸਿਰਜਿਆ ਜਾ ਰਿਹਾ ਸੀ। ਮੈਂ ਕੀ ਕਰਦਾ? ਮੈਂ ਚੁੱਪ ਕਰ ਰਹਿੰਦਾ। ਉਸਦੇ ਹੀਰੋ ਹਾਂਡਾ ਕੋਲ ਖੜ੍ਹੀ ਮੇਰੀ ਪੁਰਾਣੀ ਹਾਰਕੁਲੀਸ ਸਾਈਕਲ ਵੀ ਉਸਨੂੰ ਬੁਰੀ ਲੱਗਣ ਲੱਗ ਪਈ ਹੈ। ਭਾਵੇਂ ਉਹ ਮੈਨੂੰ ਸਿੱਧਿਆਂ ਤਾਂ ਕੁਝ ਨਹੀਂ ਸੀ ਕਹਿੰਦਾ ਪਰ ਕਦੇ ਕਦੇ ਆਪਣੀ ਮਾਂ ਨੂੰ ਜ਼ਰੂਰ ਆਖ ਦਿੰਦਾ, ‘‘ਮੰਮੀ ਪਾਪਾ ਨੂੰ ਕਹੋ, ਏਹ ਅਠਾਰੵਵੀਂ ਸਦੀ ਦੀ ਸਾਈਕਲ ਕਿਤੇ ਸੁੱਟ ਆਉਣ, ਏਸ ਨਾਲ ਸਟੇਟਸ ਨਹੀਂ ਬਣਦਾ! ਲੋਕ ਰਾਕਟਾਂ ਉੱਪਰ ਉੱਡੇ ਫਿਰਦੇ ਨੇ ਤੇ ਪਾਪਾ ਅਜੇ ਵੀ ਉਹ ਪੁਰਾਣੀ ਸਾਈਕਲ….।’’ ਪਤਨੀ ਜੋ ਖੁਦ ਮੇਰੀ ਜਿੰਨੀ ਹੀ ਜਾਂ ਸ਼ਾਇਦ ਸਾਲ ਦੋ ਸਾਲ ਘੱਟ ਪੁਰਾਣੀ ਸੀ, ਵੀ ਪੁੱਤਰ ਦੀ ਤਰਫ਼ਦਾਰੀ ਕਰਦੀ, ‘‘ਠੀਕ ਤਾਂ ਕਹਿੰਦਾ, ਮੇਰਾ ਪੁੱਤਰ। ਤੁਸੀਂ ਸਾਰੀ ਉਮਰ ਕਲਰਕੀ ਕੀਤੀ ਅਤੇ ਦਲਿੱਦਰੀ ਹੰਢਾਈ, ਅੱਜਕੱਲ੍ਹ, ਪੋਚਾ ਪਾਚੀ ਦਾ ਜ਼ਮਾਨੈ, ਜ਼ਮਾਨੇ ਨਾਲ ਬਦਲਣਾ ਸਿੱਖੋ…. ਨਾਲੇ ਕੱਲ੍ਹ ਨੂੰ ਆਪਾਂ ਸਵਦੇਸ਼ ਦਾ ਵਿਆਹ ਵੀ ਕਰਨੈਂ….।’’ ਮੇਰੇ ਕੰਨਾਂ ਵਿਚ ਸਾਂ ਸਾਂ ਹੋਣ ਲੱਗ ਪੈਂਦੀ। ਏਨਾ ਪੈਸਾ ਲੋਕਾਂ ਕੋਲ ਕਿੱਥੋਂ ਆ ਜਾਂਦਾ ਹੈ? ਇਸ ’ਤੇ ਉਹ ਆਪਣੇ ਮੰਜੇ ਉੱਪਰ ਉੱਠ ਕੇ ਬੈਠ ਜਾਂਦਾ। ਉਸਦੀਆਂ ਅੱਖਾਂ ਵਿਚ ਇੱਕ ਅਜੀਬ ਤਰ੍ਹਾਂ ਦੀ ਲਿਸ਼ਕ ਜਿਹੀ ਆ ਜਾਂਦੀ ਅਤੇ ਉਹ ਮੇਰੇ ਮੋਢੇ ਉੱਪਰ ਹੱਥ ਰੱਖਦਿਆਂ ਬੋਲਦਾ, ‘‘ਨਹੀਂ ਪੁੱਤ ਏਸ ਤਰ੍ਹਾਂ ਨਾ ਕਹਿ। ਉੱਥੇ ਸਿਵਿਆਂ ’ਚ ਤੇਰੀ ਬੇਬੇ ਐ, ਮੇਰੇ ਬਾਈ ਜੀ ਤੇ ਮੇਰੀ ਮਾਤਾ। ਸਾਡੇ ਸਾਰੇ ਬਜ਼ੁਰਗ ਪਿੰਡ ਦੀਆਂ ਮੜ੍ਹੀਆਂ ’ਚ ਈ ਪਏ ਨੇ। ਜਿਉਂਦੇ ਨੂੰ ਨਾ ਸਹੀ, ਮਰੇ ਨੂੰ ਤੂੰ ਪਿੰਡ ਦੀਆਂ ਮੜ੍ਹੀਆਂ ’ਚ ਈ ਫੂਕੀਂ। ਮੇਰਾ ਸਸਕਾਰ ਉੱਥੇ ਈ ਕਰੀਂ। ਮੇਰੇ ਸਰਵਣ ਪੁੱਤਰ….।’’ ਸੜਕ ’ਤੇ ਸ਼ਾਮ ਜਦੋਂ ਦਫ਼ਤਰ ’ਚੋਂ ਛੁੱਟੀ ਕਰਕੇ ਵਾਪਸ ਆ ਰਿਹਾ ਸਾਂ ਤਾਂ ਮੈਂ ਵੇਖਿਆ ਸੜਕ ਉੱਪਰ ਜਿਵੇਂ ਲੋਕਾਂ ਦਾ ਦਰਿਆ ਵਹਿ ਰਿਹਾ ਹੋਵੇ। *** |
ਜੀਵਨ ਬਿਓਰਾ:
ਜੋਗਿੰਦਰ ਸਿੰਘ ਨਿਰਾਲਾ
ਜਨਮ: 10 ਅਕਤੂਬਰ, 1945
ਮਾਤਾ: ਸ੍ਰੀ ਮਤੀ ਸੰਤ ਕੌਰ
ਪਿਤਾ: ਸ੍ਰ. ਲਾਲ ਸਿੰਘ ਰੁਪਾਲ
ਵਿਦਿੱਆ: ਐਮ.ਏ. (ਅੰਗਰੇਜ਼ੀ, ਪੰਜਾਬੀ), ਪੀ.ਐਚਡੀ
ਪੱਕਾ ਪਤਾ: ਬੀ-793 ਸਾਹਿਤ ਮਾਰਗ, ਬਰਨਾਲਾ
ਫੋਨ: 01679 225364
ਮੋਬਾਈਲ: +91 98721 61644
ਕਿੱਤਾ: ਸੇਵਾਮੁਕਤ/ਪ੍ਰੋਫੈਸਰ ਭਾਸ਼ਾਵਾਂ, ਪੰਜਾਬ ਐਗਰੀਕਲਚਰਲ ਯੂਨੀ. ਲੁਧਿਆਣਾ
ਈ-ਮੇਲ: drnirala@gmail.com
ਛਪੀਅਾਂ ਪੁਸਤਕਾਂ/ਰਚਨਾਵਾਂ:
ਕਹਾਣੀ ਸੰਗ੍ਰਹਿ:
ਪਰਿਸਥਿਤੀਅਾਂ (1968), ਨਾਇਕ ਦੀ ਖੋਜ (1973), ਸੰਤਾਪ (1981), ਰੱਜੇ ਪੁੱਜੇ ਲੋਕ (1985), ਸ਼ੁਤਰਮੁਰਗ (1988), ਉਤਰ ਕਥਾ (1999), ਸ਼ੁਤਰ ਮੁਰਗ ਦੀ ਵਾਪਸੀ (2002), ਚੋਣਵੀਅਾਂ ਕਹਾਣੀਅਾਂ (2002),ਜ਼ਿੰਦਗੀ ਦਾ ਦਰਿਆ (2014
ਸੰਪਾਦਿਤ ਕਹਾਣੀ ਸੰਗ੍ਰਹਿ:
ਕਾਕੜੇ ਬੇਰ(1962-ਕਹਾਣੀਅਾਂ), ਨਾਰਦ ਡਉਰੂ ਵਜਾਇਆ(1988), ਦਾਇਰੇ (1990-ਮਿੰਨੀ ਕਹਾਣੀਅਾਂ), ਕਥਨ (1991-ਕਹਾਣੀਅਾਂ)
ਆਲੋਚਨਾ:
ਪੰਜਾਬੀ ਕਹਾਣੀ ਵਿਚ ਤਣਾਓ (1990), ਕਹਾਣੀ ਦੀ ਰੂਪ ਰੇਖਾ (2008), ਨੌਵੇਂ ਦਹਾਕੇ ਤੋਂ ਬਾਅਦ ਦੀ ਕਹਾਣੀ (2010)
ਲੇਖਕ ਬਾਰੇ:
ਉੱਤਰ ਆਧੁਨਿਕਤਾ ਦਾ ਕਹਾਣੀਕਾਰ—ਜੋਗਿੰਦਰ ਸਿੰਘ ਨਿਰਾਲਾ (1990) ਸੰਪਾਦਕ: ਅਮਰ ਕੋਮਲ
ਹਿੰਦੀ:
‘ਬਿਖਰ ਰਹਾ ਮਾਨਵ’-1991, ਜਨਮਾਂਤਰ (2007)
ਸਾਹਿਤਕ ਆਹੁਦੇ:
* ਸਾਹਿਤ ਅਕਾਡਮੀ, ਲੁਧਿਆਣਾ ਦਾ ਪਿਛਲੇ 6 ਸਾਲ ਤੋਂ ਮੀਤ ਪ੍ਰਧਾਨ
* ਸਾਹਿਤ ਅਕਾਡਮੀ, ਲੁਧਿਆਣਾ ਦਾ ਅੱਠ ਵੇਰਾਂ ਨਿਮੰਤ੍ਰਿਤ ਮੈਂਬਰ
* ਕਲਾਕਾਰ ਸੰਗਮ ਪੰਜਾਬ ਦਾ ਇਕ ਦਹਾਕੇ ਤੋਂ ਪ੍ਰਧਾਨ
* ਕੇਂਦਰੀ ਲੇਖਕ ਸਭਾ (ਸੇਖੋਂ) ਦਾ ਮੀਤ ਪ੍ਰਧਾਨ
* ‘ਮੁਹਾਂਦਰਾ’ ਤ੍ਰੈ-ਮਾਸਕ ਮੈਗਜ਼ੀਨ ਦਾ ਮੁੱਖ ਸੰਪਾਦਕ
ਸਾਹਿਤਕ ਖੋਜ ਕਾਰਜ:
* ਅਨੇਕਾਂ ਖੋਜ ਪੱਤਰ, ਭਾਸ਼ਾ ਵਿਬਾਗ, ਪੰਜਾਬ ਅਤੇ ਅਨੇਕਾਂ ਅਕਾਦਮੀਅਾਂ ਵਿਚ ਪੜ੍ਹੇ ਤੇ ਵਿਚਾਰੇ ਗਏ।
* ਅਨੇਕਾਂ ਪੁਸਤਕਾਂ ਦੇ ਰੀਵੀਊ ਅਤੇ ਮੁੱਖ ਬੰਧ ਲਿਖੇ।
* ਨਿਰਾਲਾ ਦੀਅਾਂ ਕਹਾਣੀਅਾਂ ‘ਤੇ ਦੋ ਖੋਜਾਰਥੀਅਾਂ ਨੇ ਐਮ.ਫ਼ਿਲ ਕੀਤੀ।
ਮਾਨ ਸਨਮਾਨ:
* ਬਲਰਾਜ ਸਾਹਨੀ ਯਾਦਗਾਰੀ ਸਨਮਾਨ ਵੱਲੋਂ ਸਾਹਿਤ ਠਰੱਸਟ, ਢੁੱਡੀ ਕੇ।
* ਸਾਹਿਤਯ ਅਚਾਰੀਆ ਸਨਮਾਨ ਵੱਲੋਂ ਸਾਹਿਤ ਸਭਾ, ਧੂਰੀ।
* ਪ੍ਰਿੰ. ਸੰਤ ਸਿੰਘ ਸੇਖੋਂ ਯਾਦਗਾਰੀ ਐਵਾਰਡ ਵੱਲੋਂ ਪੰਜਾਬ ਰਾਜ ਬਿਜਲੀ ਬੋਰਡ ਸਾਹਿਤ ਸਭਾ, ਪੰਜਾਬ।
* ਹੋਰ ਵੀ ਕਈ ਸਾਹਿਤਕ ਅਦਾਰਿਆ ਵੱਲੋਂ ਮਾਨ-ਸਨਮਾਨ ਮਿਲੇ।