9 December 2024

1. ਹਾਰਾ: ਪੁਰਾਤਨ ਰਸੋਈ ਦਾ ਇੱਕ ਅੰਗ/ 2….ਇੱਕ ਅੰਗ ਕਾੜ੍ਹਨੀ — ਸੰਜੀਵ ਝਾਂਜੀ, ਜਗਰਾਉਂ

ਹਾਰਾ: ਪੁਰਾਤਨ ਰਸੋਈ ਦਾ ਇੱਕ ਅੰਗ — ਸੰਜੀਵ ਝਾਂਜੀ, ਜਗਰਾਉਂ

ਘਰ ਦੇ ਵੱਡੇ ਬਜ਼ੁਰਗ ਅਕਸਰ ਗੱਲਾਂ ਕਰਿਆ ਕਰਦੇ ਸਨ ਕਿ ਹਾਰੇ ਵਿੱਚ ਕੜਿਆ ਦੁੱਧ ਪੀਣ ਦਾ ਤਾਂ ਸਵਾਦ ਹੀ ਵੱਖਰਾ ਹੁੰਦਾ ਸੀ। ਹਾਰਾ ਪੰਜਾਬੀ ਸੱਭਿਆਚਾਰ ਵਿੱਚ ਰਸੋਈ ਦਾ ਇੱਕ ਅਨਿਖੜਵਾਂ ਅੰਗ ਮੰਨਿਆ ਜਾਂਦਾ ਰਿਹਾ ਹੈ। ਅੱਜਕਲ੍ਹ ਚਾਹੇ ਇਹ ਲਗਭਗ ਲੋਪ ਹੋ ਚੁੱਕਾ ਹੈ ਪਰ ਕੁਝ ਪਾਰਖੂ ਅਤੇ ਸਿਹਤ ਨੂੰ ਨਰੋਆ ਰੱਖਣ ਦੇ ਚਾਹਵਾਨ ਅੱਜ ਵੀ ਆਪਣੇ ਘਰਾਂ ਵਿੱਚ ਇਸ ਨੂੰ ਰੱਖਦੇ, ਬਾਲਦੇ ਅਤੇ ਵਰਤਦੇ ਹਨ। ਆਖਰ ਇਹ ਹਾਰਾ ਹੁੰਦਾ ਕੀ ਹੈ?

ਹਾਰਾ ਅਸਲ ਵਿੱਚ ਮਿੱਟੀ ਦਾ ਬਣਿਆ ਹੋਇਆ ਭੜੋਲੀ ਵਰਗਾ ਇੱਕ ਭਾਂਡਾ ਹੁੰਦਾ ਹੈ, ਜਿਸ ਵਿੱਚ ਪਾਥੀਆਂ ਪਾ ਕੇ ਇਸ ਨੂੰ ਤੁਖਾਇਆ ਜਾਂਦਾ ਹੈ। ਨਿੰਮੀ ਨਿੰਮੀ ਅੱਗ ਤੇ ਇਸ ਉੱਤੇ ਕਾੜਨੀ ਰੱਖ ਕੇ ਦੁੱਧ, ਸਾਗ ਜਾਂ ਦਾਲ ਵਗੈਰਾ ਬਣਾਈ ਜਾਂਦੀ ਹੈ। ਕਹਿੰਦੇ ਹਨ ਕਿ ਇਸ ਵਿੱਚ ਕੜਿਆ ਦੁੱਧ ਤੇ ਬਣੀ ਦਾਲ-ਸਬਜੀ ਬਹੁਤ ਹੀ ਸਵਾਦ ਹੁੰਦੀ ਹੈ। ਦੱਸਣ ਵਾਲੇ ਦੱਸਦੇ ਹਨ ਕਿ ਇਸ ਦੇ ਸਵਾਦ ਹੋਣ ਦਾ ਕਾਰਨ ਇਸ ਦਾ ਮਧਮ ਅੱਗ ਅਤੇ ਮਿੱਟੀ ਦੇ ਭਾਂਡੇ ਵਿੱਚ ਪੱਕਣਾ ਹੈ ਕਿਉਂਕਿ ਮਧਮ ਅੱਗ ਵਿੱਚ ਇਸ ਦੁੱਧ ਦਾਲ ਸਬਜੀ ਦੇ ਸਾਰੇ ਗੁਣ ਲਗਭਗ ਉਸੇ ਤਰ੍ਹਾਂ ਮੌਜੂਦ ਰਹਿੰਦੇ ਹਨ। ਜਿਹੜੇ ਸਿਹਤ ਲਈ ਗੁਣਕਾਰੀ ਮੰਨੇ ਜਾਂਦੇ ਹਨ।

ਇਹ ਦੋ ਤਰ੍ਹਾਂ ਦੇ ਹੁੰਦੇ ਹਨ। ਇੱਕ ਤਾਂ ਜਿਹੜੇ ਪੱਕੇ ਜਮੀਨ ਵਿੱਚ ਬਣੇ ਹੁੰਦੇ ਹਨ ਅਤੇ ਦੂਜੇ ਤਰ੍ਹਾਂ ਦੇ ਹਾਰੇ ਨੂੰ ਚਕਮਾ ਹਾਰਾ ਕਿਹਾ ਜਾਂਦਾ ਹੈ। ਚਕਮਾ ਹਾਰਾ ਬਣਾਉਣ ਦੇ ਲਈ ਇੱਕ ਗੋਲ ਘੜੇ ਜਾਂ ਚਾਟੀ ਦਾ ਟੁੱਟਿਆ ਹੋਇਆ ਮੂੰਹ ਲਿਆ ਜਾਂਦਾ ਹੈ। ਉਸ ਨੂੰ ਪੁੱਠਾ ਕਰਕੇ ਉਸ ਉੱਤੇ ਲਗਭਗ ਡੇਢ ਕੁ ਫੁੱਟ ਦਾ ਆਧਾਰ ਬਣਾ ਕੇ ਉੱਤੇ ਡੇਢ ਦੋ ਫੁੱਟ ਦੀਆਂ ਕੰਧਾਂ ਚੀਕਣੀ ਮਿੱਟੀ ਨਾਲ ਉਸ ਵਿੱਚ ਤੂੜੀ ਰਲਾ ਕੇ ਬਣਾਈਆਂ ਜਾਂਦੀਆਂ ਹਨ ਅਤੇ ਫਿਰ ਚੀਕਣੀ ਮਿੱਟੀ ਦਾ ਹੀ ਇਸ ਉੱਤੇ ਪਰੋਲਾ ਫੇਰ ਕੇ ਦੇਖ ਨੂੰ ਸੋਹਣਾ ਕਰ ਦਿੱਤਾ ਜਾਂਦਾ ਹੈ। ਕਈ ਸੁਹਾਨੀਆਂ ਇਸ ਉੱਤੇ ਫੁੱਲ ਬੂਟਿਆਂ ਵੀ ਉਕੇਰ ਦਿੰਦੀਆਂ ਹਨ/ਸਨ । ਜੇਕਰ ਧਰਤੀ  ਵਿਚ ਗੱਡ ਕੇ ਰੱਖਣ ਵਾਲਾ ਹਾਰਾ ਬਣਾਉਣਾ ਹੁੰਦਾ ਤਾਂ ਉਸ ਦੇ ਹੇਠ ਘੜੇ ਚਾਟੀ ਦਾ ਟੁੱਟਿਆ ਗਲ ਨਹੀਂ ਲਗਾਇਆ ਜਾਂਦਾ ਸੀ। ਉਸਾਰੀ ਉਸ ਦੀ ਚਕਮੇ ਹਾਰੇ ਦੀ ਤਰ੍ਹਾਂ ਹੀ ਹੁੰਦੀ ਸੀ। ਇਸ ਉਸਾਰੇ ਹੋਏ ਹਾਰੇ ਨੂੰ ਫੇਰ ਕੰਧ ਕੋਲ ਧਰਤੀ ਵਿਚ ਗੱਡ ਦਿੱਤਾ ਜਾਂਦਾ ਸੀ।

ਅੱਜ ਚਾਹੇ ਹਾਰੇ ਲਗਭਗ ਲੋਪ ਹੋ ਗਏ ਹਨ ਪਰ ਫਿਰ ਵੀ ਸਾਡੇ ਕਈ ਘਰਾਂ ਵਿੱਚ ਇਹ ਅੱਜ ਵੀ ਹਾਜਰੀ ਲਵਾ ਰਹੇ ਹਨ। ਚਾਹਵਾਨਾਂ ਦੇ ਜੀਭ ਦੇ ਸ੍ਵਾਦ ਨੂੰ ਵੀ ਪੂਰਾ ਕਰ ਰਹੇ ਹਨ।
***

2. ਪੁਰਾਤਨ ਰਸੋਈ ਦਾ ਇੱਕ ਅੰਗ: ਕਾੜ੍ਹਨੀ—ਸੰਜੀਵ ਝਾਂਜੀ, ਜਗਰਾਉਂ

ਅੱਜ ਕੱਲ ਦਾ ਸਮਾਂ ਅਖੋਤੀ ਅਗਾਂਹਵਧੂ ਸਮਾਂ ਹੈ। ਪਹਿਲੇ ਸਮਿਆਂ ਵਿੱਚ ਜ਼ਿਆਦਾਤਰ ਭਾਂਡੇ ਮਿੱਟੀ ਦੇ ਹੀ ਹੁੰਦੇ ਸਨ। ਕੁਝ ਪਿੱਤਲ ਅਤੇ ਕਾਂਸੀ ਦੇ ਵੀ ਹੁੰਦੇ ਸਨ। ਮਿੱਟੀ ਦੇ ਭਾਂਡਿਆਂ ਨੂੰ ਹੀ ਲਗਭਗ ਸਾਰੇ ਕਾਰਜਾਂ ਲਈ ਵਰਤਿਆ ਜਾਂਦਾ ਸੀ। ਇਹਨਾਂ ਭਾਂਡਿਆਂ ਵਿੱਚੋਂ ਹੀ ਇੱਕ ਭਾਂਡਾ ਹੈ ਕਾੜ੍ਹਨੀ। ਕਾੜ੍ਹਨੀ ਅਸਲ ਵਿੱਚ ਉਸ ਭਾਂਡੇ ਨੂੰ ਕਿਹਾ ਜਾਂਦਾ ਹੈ ਜਿਸ ਵਿੱਚ ਦੁੱਧ ਨੂੰ ਉਬਾਲਿਆ ਜਾਂਦਾ ਹੈ। ਸਾਰਾ ਦਿਨ ਇਸ ਤੇ ਪਿਆ ਦੁੱਧ ਉਬਲਦਾ ਭਾਵ ਕੜ੍ਹਦਾ ਰਹਿੰਦਾ ਹੈ, ਇਸਲਈ ਇਸਨੂੰ ਕਾੜ੍ਹਨੀ ਕਿਹਾ ਜਾਂਦਾ ਹੈ। ਚੀਕਣੀ ਮਿੱਟੀ ਦੀ ਬਣੀ ਇਹ ਕਾੜ੍ਹਨੀ ਅਸਲ ਵਿੱਚ ਘੜੇ ਵਰਗਾ ਹੀ ਇੱਕ ਮੋਟੇ ਤਲੇ ਵਾਲਾ ਬਰਤਨ ਹੁੰਦਾ ਹੈ। ਕਾੜਨੀ ਦਾ ਮੂੰਹ ਚਾਟੀ ਦੇ ਮੂੰਹ ਨਾਲੋਂ ਥੋੜਾ ਜਿਹਾ ਛੋਟਾ ਹੁੰਦਾ ਹੈ। ਇਸ ਵਿੱਚ ਲਗਭਗ 10-12 ਕਿਲੋ (ਅਸਲ ‘ਚ ਲਿਟਰ) ਦੁੱਧ ਆ ਜਾਂਦਾ ਹੈ। ਪਹਿਲਾਂ ਇਹ ਲਗਭਗ ਹਰੇਕ ਘਰ ਵਿੱਚ ਹੀ ਹੁੰਦੀ ਸੀ। ਪਰ ਹਰੇਕ ਟੱਬਰ ਆਪਣੇ ਹਿਸਾਬ ਸਿਰ ਅਤੇ ਆਪਣੇ ਦੁੱਧ ਦੀ ਵਰਤੋਂ ਦੇ ਹਿਸਾਬ ਨਾਲ ਇਸ ਨੂੰ ਵੱਡਾ ਅਤੇ ਛੋਟਾ ਰੱਖਦਾ ਸੀ। ਭਾਵ ਕਈਆਂ ਕੋਲ ਕਾੜ੍ਹਨੀ ਛੋਟੀ ਅਤੇ ਕਈਆਂ ਕੋਲ ਜਿਆਦਾ ਵੱਡੀ ਵੀ ਹੁੰਦੀ ਸੀ। ਸਵੇਰੇ ਦੁੱਧ ਨੂੰ ਚੋ ਕੇ ਕਾੜਨੀ ਵਿੱਚ ਪਾ ਕੇ ਹਾਰੇ ਵਿੱਚ ਧਰ ਦਿੱਤਾ ਜਾਂਦਾ ਸੀ। ਹਾਰੇ ਦੇ ਨਿੰਮੇ-ਨਿੰਮੇ ਸੇਕ ‘ਤੇ ਇਹ ਦੁੱਧ ਹੌਲੀ-ਹੌਲੀ ਉਬਲਦਾ-ਕੜ੍ਹਦਾ ਰਹਿੰਦਾ ਹੈ। ਹੌਲੀ-ਮੰਦ ਗਤੀ ਨਾਲ ਗਰਮ ਹੋ ਕੇ ਉਬਲਣ ਕਾਰਨ ਦੁੱਧ ਦੇ ਪੋਸ਼ਕ ਤੱਤ ਉਸ ਵਿੱਚ ਪੂਰੀ ਤਰ੍ਹਾਂ ਮੌਜੂਦ ਰਹਿੰਦੇ ਹਨ ਅਤੇ ਜਿਆਦਾ ਕੜ੍ਹਨ ਨਾਲ ਇਹ ਦੁੱਧ ਕਾੜ੍ਹਨੀ ਦੇ ਰੰਗ ਵਰਗਾ ਥੋੜਾ ਜਿਹਾ ਲਾਲੀ ‘ਤੇ ਹੋ ਜਾਂਦਾ ਹੈ। ਜਿਹੜਾ ਪੀਣ ਲਈ ਬਹੁਤ ਸੁਆਦਲਾ ਲੱਗਦਾ ਹੈ। ਇਹ ਸਿਰਫ ਦੁੱਧ ਕਾੜਨ ਦੇ ਹੀ ਨਹੀਂ ਸਗੋਂ ਖੀਰ ਬਣਾਉਣ ਦੇ ਵੀ ਕੰਮ ਆਉਂਦੀ ਹੈ। ਪਰ ਅੱਜਕੱਲ ਇਹ ਕਾੜਨੀ ਸਾਡੇ ਤੋਂ ਲਗਭਗ ਖੁਸ ਚੁੱਕੀ ਹੈ। ਹਾਲਾਂਕਿ ਕੁਝ ਲੋਕ ਹਾਲੇ ਵੀ ਇਸ ਨੂੰ ਵਿਰਾਸਤ ਦੇ ਚਿੰਨ੍ਹ ਦੇ ਰੂਪ ਵਿੱਚ ਆਪਣੇ ਘਰਾਂ ਵਿੱਚ ਵਰਤਦੇ ਹਨ। ਪਰ ਇਹ ਲੋਕ ਥੋੜੇ ਹਨ।

ਪੰਜਾਬੀ ਸੱਭਿਆਚਾਰ ਨੂੰ ਦਰਸ਼ਾਉਂਦੀਆਂ ਬਹੁਤ ਸਾਰੀਆਂ ਅਜਿਹੀਆਂ ਵਪਾਰਕ ਥਾਵਾਂ ਬਣ ਚੁੱਕੀਆਂ ਹਨ ਜਿੰਨ੍ਹਾ ‘ਤੇ ਪੰਜਾਬੀ ਸੱਭਿਆਚਾਰ ਦੀਆਂ ਚੀਜ਼ਾਂ ਸਾਂਭ ਕੇ ਵਿਖਾਵੇ ਦੇ ਤੌਰ ‘ਤੇ ਰੱਖੀਆਂ ਜਾਂਦੀਆਂ ਹਨ। ਉਥੇ ਕਾੜ੍ਹਨੀ ਵੀ ਸਜਾ ਕੇ ਰੱਖੀ ਜਾਂਦੀ ਹੈ। ਜਿਸ ਨੂੰ ਦੇਖ ਕੇ ਲੋਕ ਜਾਂ ਇੰਞ ਕਹਿ ਲਓ ਅੱਜਕੱਲ ਦੇ ਬੱਚੇ ਇਸ ਨੂੰ ਘੜਾ ਕਹਿ ਕੇ ਹੀ ਸਾਰ ਦਿੰਦੇ ਹਨ। ਹਾਲਾਂਕਿ ਇਹ ਘੜੇ ਤੋਂ ਵੱਖਰੀ ਹੁੰਦੀ ਹੈ। ਇਸ ਦਾ ਤਲਾ ਮੋਟਾ ਹੁੰਦਾ ਹੈ ਕਿਉਂਕਿ ਤਲੇ ਨੇ ਹਮੇਸ਼ਾ ਸੇਕ ਸਹਿਣਾ ਹੁੰਦਾ ਹੈ।
***
ਸੰਜੀਵ ਝਾਂਜੀ, ਜਗਰਾਉਂ
SANJEEV JHANJI
M.Sc.B.Ed
Master of Mass Communication
Post grad.Dip. in Journalism & Mass Communication
PGDHRDਙ
MOB: +91 80049 10000

Facebook : https://www.facebook.com/virk.sanjeevjhanji.jagraon

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
***
1425
***

+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

SANJEEV JHANJI
(GOLD MEDALIST & VIDYA RATAN AWARDEE)
M.Sc.B.Ed
Master of Mass Communication
P.G.Dip. in Journalism & Mass Communication
P.G.Dip. in Human Resorce Development
Fellow Life Member : M.S.P.I. New Delhi
Asso.Member:MANAGEMENT STUDIES PROMOTION INSTITUTE N.DELHI
Mob.: +91 80049 10000

ਸੰਜੀਵ ਝਾਂਜੀ, ਜਗਰਾਉਂ     

SANJEEV JHANJI (GOLD MEDALIST & VIDYA RATAN AWARDEE) M.Sc.B.Ed Master of Mass Communication P.G.Dip. in Journalism & Mass Communication P.G.Dip. in Human Resorce Development Fellow Life Member : M.S.P.I. New Delhi Asso.Member:MANAGEMENT STUDIES PROMOTION INSTITUTE N.DELHI Mob.: +91 80049 10000

View all posts by ਸੰਜੀਵ ਝਾਂਜੀ, ਜਗਰਾਉਂ      →