21 March 2025

ਪੰਜ ਗੀਤ—ਗੁਰਦੀਪ ਦਾਨੀ ਪਿੰਡ ਫੁੱਲੋ ਮਿੱਠੀ

ਇੱਕ: ਪੂਣ-ਸਲਾਈ ਵਰਗੀਏ ਕੁੜੀਏ!

1. ਪੂਣ-ਸਲਾਈ ਵਰਗੀਏ ਕੁੜੀਏ,
ਪੂਣੀਆਂ ਕੱਤ ਵਿਖਾ।
ਡਾਹਕੇ ਜਿੰਦ ਦਾ ਰੰਗਲਾ ਚਰਖਾ,
ਤੰਦ ਲੰਮਾ ਕੋਈ ਪਾ।
ਪਰ ਕੱਚੀਆਂ ਨਾ ਕੱਤੀਂ ਪੂਣੀਆਂ…..
ਤੂੰ ਕੱਚੀਆਂ ਨਾ ਕੱਤੀਂ ਪੂਣੀਆਂ…..

2. ਵਿੱਚ ਤੱਕਲੇ ਦੇ ਵਲ ਨੇ ਵਾਧੂ,
ਤਾਹੀਂ ਜਿੰਦੜੀ ਡੋਲੇ।
ਤੂੰ ਕੀ ਜਾਣੇ ਗੁੱਝੀਆਂ ਰਮਜਾਂ,
ਗੁੱਝ ਚਰਖੇ ਦੀ ਬੋਲੇ।
ਪਰ ਤੈਥੋਂ ਕੋਈ ਗੱਲ ਨਾ ਗੁੱਝੀ-
ਗੁੱਝੀਆਂ ਰਮਜ਼ਾਂ ਗਾ।
ਪੂਣ-ਸਲਾਈ ਵਰਗੀਏ ਕੁੜੀਏ-
ਪੂਣੀਆਂ ਕੱਤ ਵਿਖਾ।
ਪਰ ਕੱਚੀਆਂ ਨਾ ਕੱਤੀਂ ਪੂਣੀਆਂ….
ਤੂੰ ਕੱਚੀਆਂ ਨਾ ਕੱਤੀਂ ਪੂਣੀਆਂ…..

3. ਢਿੱਲਮ-ਢਿੱਲੀ ਮਾਲ੍ਹ ਏਸ ਦੀ,
ਤਾਹੀਂ ਘੂਕ ਨਾ ਪੈਂਦੀ।
ਥੋੜੀ-ਮੋਟੀ ਮਾਲ੍ਹ ਤੂੰ ਕਸ ਲੈ,
ਕਸ ਲੈ ਉੱਠਦੀ ਬਹਿੰਦੀ।
ਜੋਗੀ ਉੱਤਰ ਪਹਾੜੋਂ ਆਵਣ-
ਐਸੀ ਘੂਕ ਸੁਣਾ।
ਪੂਣ-ਸਲਾਈ ਵਰਗੀਏ ਕੁੜੀਏ-
ਪੂਣੀਆਂ ਕੱਤ ਦਿਖਾ।
ਪਰ ਕੱਚੀਆਂ ਨਾ ਕੱਤੀਂ ਪੂਣੀਆਂ….
ਤੂੰ ਕੱਚੀਆਂ ਨਾ ਕੱਤੀਂ ਪੂਣੀਆਂ…..

4. ਕੰਮ ਤੋਂ ਤੈਨੂੰ ਚੰਮ ਪਿਆਰਾ,
ਤੈਨੂੰ ਚਰਮਖ ਕਹਿੰਦੀ।
ਕੰਮ ਨਾ ਆਉਣੀ ਗੋਰੀ ਚਮੜੀ,
ਕਦਰ ਕੰਮਾਂ ਦੀ ਪੈਂਦੀ।
ਜਿੰਦ ਦਾ ਨਰਮ ਗਲੋਟਾ ਐਵੇਂ-
ਬੈਠੀ ਨਾ ਉਲਝਾ।
ਪੂਣ-ਸਲਾਈ ਵਰਗੀਏ ਕੁੜੀਏ-
ਪੂਣੀਆਂ ਕੱਤ ਦਿਖਾ।
ਪਰ ਕੱਚੀਆਂ ਨਾ ਕੱਤੀਂ ਪੂਣੀਆਂ….
ਤੂੰ ਕੱਚੀਆਂ ਨਾ ਕੱਤੀਂ ਪੂਣੀਆਂ…..

5. ‘ਦਾਨੀ’ ਮੁੰਨੇ-ਗੁੱਡੀਆਂ ਕੋਲੋਂ,
ਸਿੱਖ ਲੈ ਗੱਲ ਨਿਰਾਲੀ।
ਖਾਲੀ ਆਇਆ ਖਾਲੀ ਤੁਰਨਾ,
ਛੱਡਕੇ ਚਰਖਾ ਖਾਲੀ।
‘ਫੁੱਲੋ ਮਿੱਠੀ’ ਜਿੰਦ ਦਾ ਚਰਖਾ-
ਹੋਣਾ ਅੰਤ ਸੁਆਹ।
ਪੂਣ-ਸਲਾਈ ਵਰਗੀਏ ਕੁੜੀਏ-
ਪੂਣੀਆਂ ਕੱਤ ਦਿਖਾ।
ਪਰ ਕੱਚੀਆਂ ਨਾ ਕੱਤੀਂ ਪੂਣੀਆਂ….
ਤੂੰ ਕੱਚੀਆਂ ਨਾ ਕੱਤੀਂ ਪੂਣੀਆਂ…..
***

ਦੋ: ਰਫਲਾਂ ਬੰਦੂਕਾਂ ਦੀਆਂ ਪਾਈ ਜਾਵੇਂ ਬੋਲੀਆਂ

1.ਰਫਲਾਂ ਬੰਦੂਕਾਂ ਦੀਆਂ ਪਾਈ ਜਾਵੇਂ ਬੋਲੀਆਂ,
ਬੋਲੀ ਕੋਈ ਚੱਜ ਦੀ ਸੁਣਾ।
ਜੀਹਦੇ ਵਿੱਚੋਂ ਸਾਨੂੰ ਸਾਡੀ ਧੀ-ਭੈਣ ਦਿੱਸ ਜਾਵੇ,
ਇਹੋ ਜਿਹੀ ਬੋਲੀ ਕੋਈ ਪਾ।
ਵੇ ਢੋਲੀਆ….…
ਢੋਲ ਉੱਤੇ ਡਗਾ ਐਸਾ ਲਾ।
ਵੇ ਢੋਲੀਆ…..
ਹੌਲੀ-ਹੌਲੀ ਢੋਲ ਵਜਾ।

2.ਇੱਕ ਵੀਰ ਦੇਈਂ ਰੱਬਾ ਭੈਣ ਅਰਜੋਈ ਕਰੇ,
ਮਾਪਿਆਂ ਦੀ ਮੰਗੀ ਹੋਵੇ ਖੈਰ।
ਮਾਵਾਂ ਅਤੇ ਧੀਆਂ ਦਾ ਵੈਰਾਗ ਬੋਲੀ ਵਿੱਚ ਹੋਵੇ,
ਹੋਵੇ ਨਾ ਕੋਈ ਦਿਲਾਂ ਵਿੱਚ ਵੈਰ।
ਤੋਕੜ, ਲਵੇਰੇ ਦੀ ਵੀ ਸੁੱਖ ਜੀਹਦੇ ਵਿੱਚ ਹੋਵੇ-
ਲਿਆ ਹੋਵੇ ਰੱਬ ਨੂੰ ਧਿਆ।
ਜੀਹਦੇ ਵਿੱਚੋਂ ਸਾਨੂੰ ਸਾਡੀ ਧੀ-ਭੈਣ ਦਿੱਸ ਜਾਵੇ,
ਇਹੋ ਜਿਹੀ ਬੋਲੀ ਕੋਈ ਪਾ।
ਵੇ ਢੋਲੀਆ…..
ਹੌਲੀ-ਹੌਲੀ ਢੋਲ ਵਜਾ।

3. ਗੱਲਾਂ ਗੋਲ, ਚੋਹਲ-ਮੋਹਲ ਹੋਣ ਭਰਜਾਈਆਂ ਵਾਲੇ,
ਦਿਓਰ ਦੀ ਵੀ ਹੋਵੇ ਵਿੱਚ ਗੱਲ।
ਸਕੀਰੀ ਨੂੰ ਵਧਾਉਣ ਵਾਲੀ ਗੱਲ ਜੀਹਦੇ ਵਿੱਚ ਹੋਵੇ,
ਭਾਬੀ ਪਵੇ ਪੇਕਿਆਂ ਨੂੰ ਚੱਲ।
ਜਾਂ ਫਿਰ ਦਿਓਰ ਭਾੜਾ ਦਿੰਦਾ ਹੋਵੇ ਪੇਕਿਆਂ ਦਾ-
ਰੁੱਸੀ ਹੋਈ ਭਾਬੋ ਨੂੰ ਮਨਾ।
ਜੀਹਦੇ ਵਿੱਚੋਂ ਸਾਨੂੰ ਸਾਡੀ ਧੀ-ਭੈਣ ਦਿੱਸ ਜਾਵੇ,
ਇਹੋ ਜਿਹੀ ਬੋਲੀ ਕੋਈ ਪਾ।
ਵੇ ਢੋਲੀਆ…..
ਹੌਲੀ-ਹੌਲੀ ਢੋਲ ਵਜਾ।

4. ਛੜਾ ਜੇਠ ਡਾਂਗ ਨਾਲ ਰੋਟੀ ਬਹਿਕੇ ਖਾਂਦਾ ਹੋਵੇ,
ਜਮੀਨ ‘ਚੋਂ ਵੰਡਾਵੇ ਨਿੱਤ ਅੱਧ।
ਲੰਡਰ ਜੀ ਕੁੱਤੀ ਵਾਂਗੂੰ ਕਤੂਰਿਆਂ ਦੀ ਰਾਖੀ ਕਰੇ,
ਕਰਾਂ ਕੀ ਬਿਆਨ ਏਦੂੰ ਵੱਧ।
ਮੇਥੇ ਦੀਆਂ ਪਿੰਨੀਆਂ ਤੇ ਦੁੱਧ ਦਾ ਗਲਾਸ ਮੰਗੇ-
ਜਾਂ ਫੇਰ ਬੈਠੇ ਡੇਰੇ ਜਾ।
ਜੀਹਦੇ ਵਿੱਚੋਂ ਸਾਨੂੰ ਸਾਡੀ ਧੀ-ਭੈਣ ਦਿੱਸ ਜਾਵੇ,
ਇਹੋ ਜਿਹੀ ਬੋਲੀ ਕੋਈ ਪਾ।
ਵੇ ਢੋਲੀਆ……
ਹੌਲੀ-ਹੌਲੀ ਢੋਲ ਵਜਾ।

5. ਜੀਜਾ ਅਤੇ ਸਾਲੀ ਵੀ ਜ਼ਰੂਰ ਬੋਲੀ ਵਿੱਚ ਹੋਣ,
ਦਿਲ ‘ਚ ਨਾ ਹੋਵੇ ਕੋਈ ਖੋਟ।
‘ਫੁੱਲੋ ਮਿੱਠੀ’ ਵਾਲੇ ਵਾਂਗੂ ਦਿਲ ਦਾ ਵੀ ‘ਦਾਨੀ’ ਹੋਵੇ,
ਵਾਰ-ਵਾਰ ਸੁੱਟੇ ਜਿਹੜਾ ਨੋਟ।
ਚਾਚੀਆਂ ਤੇ ਤਾਈਆਂ, ਵਿੱਚ ਭੂਆ ਤੇ ਭਤੀਜੀਆਂ ਵੀ-
ਨਾਨਕੇ ਵੀ ਵਿੱਚੇ ਹੀ ਮਿਲਾ।
ਜੀਹਦੇ ਵਿੱਚੋਂ ਸਾਨੂੰ ਸਾਡੀ ਧੀ-ਭੈਣ ਦਿੱਸ ਜਾਵੇ,
ਇਹੋ ਜਿਹੀ ਬੋਲੀ ਕੋਈ ਪਾ।
ਵੇ ਢੋਲੀਆ……
ਹੌਲੀ-ਹੌਲੀ ਢੋਲ ਵਜਾ।
**

ਤਿੰਨ: ਦਿਲਾਂ ਵਿੱਚ ਜ਼ਹਿਰ ਵਧੀ

1.ਦਿਲਾਂ ਵਿੱਚ ਜ਼ਹਿਰ ਵਧੀ, ਗੱਲ ਮੁੱਕੀ ਸੀਰ ਦੀ।
ਕਿਵੇਂ ਪਾਵਾਂ ਮਾਏ ਹੁਣ, ਕਿੱਕਲੀ ਕਲੀਰ ਦੀ…… ।
ਪੈਂਦੀ ਨਹੀਉਂ ਮਾਏ ਮੈਥੋਂ ਕਿੱਕਲੀ ਕਲੀਰ ਦੀ…….

2.ਭੈਣਾਂ ਨੇ ਦੁਪੱਟੇ ਲਾਹੇ, ਨਾ ਪੱਗ ਦਿੱਸੇ ਵੀਰ ਦੀ।
ਕਿਵੇਂ ਪਾਵਾਂ ਮਾਏ ਹੁਣ, ਕਿੱਕਲੀ ਕਲੀਰ ਦੀ…… ।
ਪੈਂਦੀ ਨਹੀਉਂ ਮਾਏ ਮੈਥੋਂ ਕਿੱਕਲੀ ਕਲੀਰ ਦੀ…….

3. ਰਾਂਝੇ ਦਾ ਪਿਆਰ ਝੂਠਾ, ਨੀਅਤ ਬੁਰੀ ਹੀਰ ਦੀ।
ਕਿਵੇਂ ਪਾਵਾਂ ਮਾਏ ਹੁਣ, ਕਿੱਕਲੀ ਕਲੀਰ ਦੀ।
ਪੈਂਦੀ ਨਹੀਉਂ ਮਾਏ ਮੈਥੋਂ ਕਿੱਕਲੀ ਕਲੀਰ ਦੀ…….

4. ਦਿਲ ਵਿੱਚ ਖਾਰਾਂ ਸਾਡੇ, ਗੱਲ ਕਰੇਂ ਖੀਰ ਦੀ।
ਕਿਵੇਂ ਪਾਵਾਂ ਮਾਏ ਹੁਣ, ਕਿੱਕਲੀ ਕਲੀਰ ਦੀ।
ਪੈਂਦੀ ਨਹੀਉਂ ਮਾਏ ਮੈਥੋਂ ਕਿੱਕਲੀ ਕਲੀਰ ਦੀ…….

5 .ਰੁੱਖੀ ਹੋਈ ਬੋਲੀ ਸਾਡੀ, ਕਾਲਜੇ ਨੂੰ ਚੀਰਦੀ।
ਕਿਵੇਂ ਪਾਵਾਂ ਮਾਏ ਹੁਣ, ਕਿੱਕਲੀ ਕਲੀਰ ਦੀ।
ਪੈਂਦੀ ਨਹੀਉਂ ਮਾਏ ਮੈਥੋਂ ਕਿੱਕਲੀ ਕਲੀਰ ਦੀ…….

6. ਅੱਖਾਂ ਵਿੱਚੋਂ ਨੀਰ ਚੋਵੇ, ਨਾ ਗੱਲ ਕਰੀਂ ਨੀਰ ਦੀ।
ਕਿਵੇਂ ਪਾਵਾਂ ਮਾਏ ਹੁਣ, ਕਿੱਕਲੀ ਕਲੀਰ ਦੀ ।
ਪੈਂਦੀ ਨਹੀਉਂ ਮਾਏ ਮੈਥੋਂ ਕਿੱਕਲੀ ਕਲੀਰ ਦੀ…….

7. ਘਟ ਜਾਣ ਪੀੜਾਂ ‘ਦਾਨੀ’ ਸੁੱਖ ਸੁੱਖਣਾ ਤੂੰ ਪੀਰ ਦੀ।
ਫੇਰ ਪਾਊਂ ਮਾਏ ਮੈਂ ਤਾਂ, ਕਿੱਕਲੀ ਕਲੀਰ ਦੀ ।
ਪੈਂਦੀ ਨਹੀਉਂ ਮਾਏ ਮੈਥੋਂ ਕਿੱਕਲੀ ਕਲੀਰ ਦੀ…….
**

ਚਾਰ: ਨਾ ਵਿੱਚ ਮਨਾਂ ਦੇ ਖੋਟ ਹੋਵੇ

1. ਨਾ ਵਿੱਚ ਮਨਾਂ ਦੇ ਖੋਟ ਹੋਵੇ-
ਨਾ ਸਬਰ ਸਿਦਕ ਦੀ ਤੋਟ ਹੋਵੇ-
ਜਿਹੜਾ ਲਿਖਿਆ ਵਾਂਗ ਪ੍ਰਨੋਟ ਹੋਵੇ-
ਜਿੰਦ ਲੱਭਦੀ ਐਸੇ ਸੱਜਣਾਂ ਨੂੰ,
ਕੋਈ ਮਿਲ ਜਾਵੇ ਤਾਂ ਦੱਸਿਓ ਜੀ…..

2. ਹੋਵੇ ਪੂਰਾ ਕੰਨੀਆਂ ਚਾਰਾਂ ਤੋਂ-
ਚਿਹਰੇ ਪੜ੍ਹਦਾ ਹੋਵੇ ਬਿਮਾਰਾਂ ਤੋਂ-
ਹੋਵੇ ਉੱਚਾ ਲੱਖ-ਹਜ਼ਾਰਾਂ ਤੋਂ-
ਜਿੰਦ ਲੱਭਦੀ ਐਸੇ ਸੱਜਣਾਂ ਨੂੰ,
ਕੋਈ ਮਿਲ ਜਾਵੇ ਤਾਂ ਦੱਸਿਓ ਜੀ।
ਕੋਈ ਲੱਭ ਜਾਵੇ ਤਾਂ ਦੱਸਿਓ ਜੀ…..

3. ਹੋਵੇ ਸੂਹੀ ਗੂੜ੍ਹੀ ਪੱਗ ਵਰਗਾ-
ਕਿਸੇ ਮੱਠੀ-ਮੱਠੀ ਅੱਗ ਵਰਗਾ-
ਜਾਂ ਕਿਸੇ ਸਮੁੰਦਰੀ ਝੱਗ ਵਰਗਾ-
ਜਿੰਦ ਲੱਭਦੀ ਐਸੇ ਸੱਜਣਾਂ ਨੂੰ,
ਕੋਈ ਮਿਲ ਜਾਵੇ ਤਾਂ ਦੱਸਿਓ ਜੀ।
ਕੋਈ ਲੱਭ ਜਾਵੇ ਤਾਂ ਦੱਸਿਓ ਜੀ…..

4. ਹੋਵੇ ਸੋਝੀ ਅੱਖਾਂ ਪਰਖਣ ਦੀ-
ਜਾਂ ਸੀਨੇ ਦੇ ਵਿੱਚ ਧੜਕਣ ਦੀ-
ਹੋਵੇ ਤਾਂਘ ਯਾਰ ਲਈ ਤੜਫ਼ਣ ਦੀ-
ਜਿੰਦ ਲੱਭਦੀ ਐਸੇ ਸੱਜਣਾਂ ਨੂੰ,
ਕੋਈ ਮਿਲ ਜਾਵੇ ਤਾਂ ਦੱਸਿਓ ਜੀ।
ਕੋਈ ਲੱਭ ਜਾਵੇ ਤਾਂ ਦੱਸਿਓ ਜੀ…..

5. ਜੀਹਦੇ ਪੱਲੇ ਹੱਕ ਤੇ ਸੱਚ ਹੋਵੇ-
ਹੋਵੇ ਪੱਕਾ ਨਾ ਕੋਈ ਕੱਚ ਹੋਵੇ-
ਜਿਹੜਾ ਵਾਂਗ ਪਤੰਗੇ ਮੱਚ ਹੋਵੇ-
ਜਿੰਦ ਲੱਭਦੀ ਐਸੇ ਸੱਜਣਾਂ ਨੂੰ,
ਕੋਈ ਮਿਲ ਜਾਵੇ ਤਾਂ ਦੱਸਿਓ ਜੀ।
ਕੋਈ ਲੱਭ ਜਾਵੇ ਤਾਂ ਦੱਸਿਓ ਜੀ…..

6. ਭਾਵੇਂ ਜਿੰਦ ਵੇਚਣੀ ਪੈ ਜਾਵੇ-
ਸਾਰੀ ਚਮੜੀ ਸਾਡੀ ਲੈ ਜਾਵੇ-
ਸਾਡੀ ਰੂਹ ਦਾ ਮੁੱਲ ਵੀ ਪੈ ਜਾਵੇ-
ਜਿੰਦ ਲੱਭਦੀ ਐਸੇ ਸੱਜਣਾਂ ਨੂੰ,
ਕੋਈ ਮਿਲ ਜਾਵੇ ਤਾਂ ਦੱਸਿਓ ਜੀ।
ਕੋਈ ਲੱਭ ਜਾਵੇ ਤਾਂ ਦੱਸਿਓ ਜੀ…..

7. ਨਾ ਵਿੱਚ ਦਿਲਾਂ ਦੇ ਚੋਰ ਹੋਵੇ-
ਪੱਲੇ ਇਸ਼ਕ ਹਕੀਕੀ ਲੋਰ ਹੋਵੇ-
ਨਾ ‘ਦਾਨੀ’ ਵਾਂਗ ਕਮਜ਼ੋਰ ਹੋਵੇ-
ਜਿੰਦ ਲੱਭਦੀ ਐਸੇ ਸੱਜਣਾਂ ਨੂੰ,
ਕੋਈ ਮਿਲ ਜਾਵੇ ਤਾਂ ਦੱਸਿਓ ਜੀ।
ਕੋਈ ਲੱਭ ਜਾਵੇ ਤਾਂ ਦੱਸਿਓ ਜੀ…..
***

ਪੰਜ: ਗਲ ਵਿੱਚੋਂ ਢੋਲ ਹੁਣ ਲਾਹ ਵੇ ਢੋਲਣਾ

1. ਗਲ ਵਿੱਚੋਂ ਢੋਲ ਹੁਣ ਲਾਹ ਵੇ ਢੋਲਣਾ।
ਸੁੱਖ ਦਾ ਵੀ ਲੈ ਕਦੇ ਸਾਹ ਵੇ ਢੋਲਣਾ…….।

2. ਗਲ ਪਿਆ ਢੋਲ ਤਾਂ ਵਜਾਉਣਾ ਪੈਂਦਾ ਹੈ-
ਬੜਾ ਲਿਆ ਦੋਵਾਂ ਨੇ ਵਜਾ ਵੇ ਢੋਲਣਾ।
ਗਲ ਵਿੱਚੋਂ ਢੋਲ ਹੁਣ ਲਾਹ ਵੇ ਢੋਲਣਾ।
ਸੁੱਖ ਦਾ ਵੀ ਲੈ ਕਦੇ ਸਾਹ ਵੇ ਢੋਲਣਾ……..।

3. ਢੋਲ ਵਾਲੀ ਤਾਣ ਉੱਤੇ ਬੜਾ ਨੱਚ ਲਏ-
ਹੋਏ ਪਏ ਸੱਚੀਂ ਸਾਹੋ-ਸਾਹ ਵੇ ਢੋਲਣਾ।
ਗਲ ਵਿੱਚੋਂ ਢੋਲ ਹੁਣ ਲਾਹ ਵੇ ਢੋਲਣਾ।
ਸੁੱਖ ਦਾ ਵੀ ਲੈ ਕਦੇ ਸਾਹ ਵੇ ਢੋਲਣਾ……..।

4.ਤੇਰੇ ਢੋਲ ਉੱਤੇ ਬੜਾ ਲੱਕ ਮੈਂ ਹਿਲਾਇਆ-
ਲੱਕ ਵੀ ਮਰੋੜਾ ਗਿਆ ਖਾ ਵੇ ਢੋਲਣਾ।
ਗਲ ਵਿੱਚੋਂ ਢੋਲ ਹੁਣ ਲਾਹ ਵੇ ਢੋਲਣਾ।
ਸੁੱਖ ਦਾ ਵੀ ਲੈ ਕਦੇ ਸਾਹ ਵੇ ਢੋਲਣਾ…….

5. ਹੁਣ ਤੇਰੇ ਢੋਲ ‘ਚੋ ਨਾ ਤਾਣ ਨਿੱਕਲੇ-
ਰਿਹਾ ਕਾਹਤੋਂ ਐਵੇਂ ਖੜਕਾ ਵੇ ਢੋਲਣਾ।
ਗਲ ਵਿੱਚੋਂ ਢੋਲ ਹੁਣ ਲਾਹ ਵੇ ਢੋਲਣਾ।
ਸੁੱਖ ਦਾ ਵੀ ਲੈ ਕਦੇ ਸਾਹ ਵੇ ਢੋਲਣਾ……..।

6 ਹੁਣ ਤੱਕ ਢੋਲ ‘ਤੇ ਧਮਾਲ ਪਾਈ ਤੂੰ-
ਦਿੱਤਾ ਬੋਲੀਆਂ ਨੇ ਬੋਲ ਬਿਠਾ ਵੇ ਢੋਲਣਾ।
ਗਲ ਵਿੱਚੋਂ ਢੋਲ ਹੁਣ ਲਾਹ ਵੇ ਢੋਲਣਾ।
ਸੁੱਖ ਦਾ ਵੀ ਲੈ ਕਦੇ ਸਾਹ ਵੇ ਢੋਲਣਾ……..।

7. ਢੋਲ ਵਾਂਗੂੰ ਗਲਾ ਸਾਡਾ ਪਾਟ ਚੱਲਿਆ-
ਰੱਖੇ ਹੁਣ ਖੈਰ ਖ਼ੁਦਾ ਵੇ ਢੋਲਣਾ।
ਗਲ ਵਿੱਚੋਂ ਢੋਲ ਹੁਣ ਲਾਹ ਵੇ ਢੋਲਣਾ।
ਸੁੱਖ ਦਾ ਵੀ ਲੈ ਕਦੇ ਸਾਹ ਵੇ ਢੋਲਣਾ……..।

8. ‘ਫੁੱਲੋ ਮਿੱਠੀ’ ਪਿੰਡ ਵਿੱਚ ਰਹਿਕੇ ਢੋਲ ਵੇ-
‘ਦਾਨੀ’ ਵਾਂਗੂ ਢੋਲੇ ਦੀਆਂ ਲਾ ਵੇ ਢੋਲਣਾ।
ਗਲ ਵਿੱਚੋਂ ਢੋਲ ਹੁਣ ਲਾਹ ਵੇ ਢੋਲਣਾ।
ਸੁੱਖ ਦਾ ਵੀ ਲੈ ਕਦੇ ਸਾਹ ਵੇ ਢੋਲਣਾ……..।
***
ਗੁਰਦੀਪ ਦਾਨੀ
ਰਿਟਾਇਰਡ ਸਹਾਇਕ ਥਾਣੇਦਾਰ,
ਪਿੰਡ ਫੁੱਲੋ ਮਿੱਠੀ।
94170-79316
88473-57895

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
***
1482
***

+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਗੁਰਦੀਪ ਦਾਨੀ ਪਿੰਡ ਫੁੱਲੋ ਮਿੱਠੀ
ਰਿਟਾਇਰਡ ਸਹਾਇਕ ਥਾਣੇਦਾਰ
+91 94170-79316
+91 88473-57895

ਮੇਰਾ ਜਨਮ ਪਿੰਡ ਫੁੱਲੋ ਮਿੱਠੀ ਜ਼ਿਲਾ ਬਠਿੰਡਾ ਵਿਖੇ ਹੋਇਆ।
ਰੇਤਲੇ ਟਿੱਬਿਆਂ ਤੋਂ ਉੱਠ ਮਹਿਕਮਾ ਪੰਜਾਬ ਪੁਲਿਸ ਵਿੱਚ ਸਿਪਾਹੀ ਰੈਂਕ ਤੋਂ ਸਫ਼ਰ ਸ਼ੁਰੂ ਕਰਕੇ ਸਹਾਇਕ ਥਾਣੇਦਾਰ ਤੱਕ ਸੇਵਾ ਕੀਤੀ ਅਤੇ ਫਿਰ ਸਾਲ 2022 ਵਿੱਚ ਰਿਟਾਇਰ ਹੋਇਆ ਹਾਂ।
ਮੇਰੇ ਲਿਖੇ ਗੀਤਾਂ ਨੂੰ ਹੁਣ ਤੱਕ ਨਰਿੰਦਰ ਬੀਬਾ ‘ਧੀਆਂ ਧੰਨ ਬੇਗਾਨਾ’ ਕੈਸਟ ਦੇ ਤੌਰ ਤੇ ਆਪਣੀ ਆਵਾਜ਼ ਵਿੱਚ ਸਿੰਗਾਰ ਚੁੱਕੇ ਹਨ। ਇਸ ਤੋਂ ਇਲਾਵਾ ਜਸਵਿੰਦਰ ਬਰਾੜ, ਰਾਜਾ ਸਿੱਧੂ, ਸ਼ਰਫੂ ਸਦੀਕ ਅਤੇ ਰਣਬੀਰ ਕੌਰ ਨੇ ਵੀ ਕਾਫੀ ਗੀਤ ਗਾਏ ਹਨ। ਅੱਜ ਕੱਲ ਗਾਇਕ ਹਰਿੰਦਰ ਸੰਧੂ ਵੱਲੋਂ ਵੀ ਜਲਦੀ ਹੀ ਗੀਤਾਂ ਦੀ ਰਿਕਾਰਡਿੰਗ ਕਰਵਾਈ ਜਾ ਰਹੀ ਹੈ।

ਰਚਨਾਵਾਂ ਲਿਖਣ ਦਾ ਸ਼ੌਂਕ ਮੈਨੂੰ ਸੰਨ 19 81 ਤੋਂ ਹੈ ਅਤੇ ਹੁਣ ਤੱਕ ਕਾਫੀ ਸਾਹਿਤ ਸਭਾਵਾਂ ਅਤੇ ਗਰੁੱਪਾਂ ਵੱਲੋਂ ਸਨਮਾਨਿਤ ਕੀਤਾ ਗਿਆ ਹੈ ਜਿਵੇਂ ਕਿ ਮੈਡਮ ਮਨਪ੍ਰੀਤ ਕੌਰ ਸੰਧੂ ਮੇਲਾ ਰੂਹਾਂ ਦਾ, ਸ਼ਬਦ ਕਾਫਲਾ, ਮਾਨ ਸਰੋਵਰ ਸਾਹਿਤ ਰਾਜਸਥਾਨ। ਇਸ ਤੋਂ ਇਲਾਵਾ ਰੇਡੀਓ ਆਕਾਸ਼ਵਾਣੀ ਬਠਿੰਡਾ ਨਾਲ ਵੀ ਜੁੜਿਆ ਹੋਇਆ ਹਾਂ।
ਸਭ ਤੋਂ ਵੱਡਾ ਸਨਮਾਨ ਇਨਸਾਨੀਅਤ ਦੀ ਕਦਰ ਕਰਨਾ ਅਤੇ ਉਹਨਾਂ ਵਿਚਲੀ ਸ਼ਖਸੀਅਤ ਨੂੰ ਪਰਖਣਾ ਮੰਨਦਾ ਹਾਂ, ਕਿਉਂਕਿ ਇਸ ਦੁਨੀਆ ਵਿੱਚ ਬਹੁਤ ਹੀ ਮਹਾਨ ਸ਼ਖਸ਼ੀਅਤਾਂ ਪੈਦਾ ਹੋਈਆਂ ਹਨ ਜਿੰਨਾਂ ਨੂੰ ਮੈਂ ਰੱਬ ਦਾ ਦਰਜਾ ਦਿੰਦਾ ਹਾਂ।

ਗੁਰਦੀਪ ਦਾਨੀ ਪਿੰਡ ਫੁੱਲੋ ਮਿੱਠੀ

ਗੁਰਦੀਪ ਦਾਨੀ ਪਿੰਡ ਫੁੱਲੋ ਮਿੱਠੀ ਰਿਟਾਇਰਡ ਸਹਾਇਕ ਥਾਣੇਦਾਰ +91 94170-79316 +91 88473-57895 ਮੇਰਾ ਜਨਮ ਪਿੰਡ ਫੁੱਲੋ ਮਿੱਠੀ ਜ਼ਿਲਾ ਬਠਿੰਡਾ ਵਿਖੇ ਹੋਇਆ। ਰੇਤਲੇ ਟਿੱਬਿਆਂ ਤੋਂ ਉੱਠ ਮਹਿਕਮਾ ਪੰਜਾਬ ਪੁਲਿਸ ਵਿੱਚ ਸਿਪਾਹੀ ਰੈਂਕ ਤੋਂ ਸਫ਼ਰ ਸ਼ੁਰੂ ਕਰਕੇ ਸਹਾਇਕ ਥਾਣੇਦਾਰ ਤੱਕ ਸੇਵਾ ਕੀਤੀ ਅਤੇ ਫਿਰ ਸਾਲ 2022 ਵਿੱਚ ਰਿਟਾਇਰ ਹੋਇਆ ਹਾਂ। ਮੇਰੇ ਲਿਖੇ ਗੀਤਾਂ ਨੂੰ ਹੁਣ ਤੱਕ ਨਰਿੰਦਰ ਬੀਬਾ ‘ਧੀਆਂ ਧੰਨ ਬੇਗਾਨਾ’ ਕੈਸਟ ਦੇ ਤੌਰ ਤੇ ਆਪਣੀ ਆਵਾਜ਼ ਵਿੱਚ ਸਿੰਗਾਰ ਚੁੱਕੇ ਹਨ। ਇਸ ਤੋਂ ਇਲਾਵਾ ਜਸਵਿੰਦਰ ਬਰਾੜ, ਰਾਜਾ ਸਿੱਧੂ, ਸ਼ਰਫੂ ਸਦੀਕ ਅਤੇ ਰਣਬੀਰ ਕੌਰ ਨੇ ਵੀ ਕਾਫੀ ਗੀਤ ਗਾਏ ਹਨ। ਅੱਜ ਕੱਲ ਗਾਇਕ ਹਰਿੰਦਰ ਸੰਧੂ ਵੱਲੋਂ ਵੀ ਜਲਦੀ ਹੀ ਗੀਤਾਂ ਦੀ ਰਿਕਾਰਡਿੰਗ ਕਰਵਾਈ ਜਾ ਰਹੀ ਹੈ। ਰਚਨਾਵਾਂ ਲਿਖਣ ਦਾ ਸ਼ੌਂਕ ਮੈਨੂੰ ਸੰਨ 19 81 ਤੋਂ ਹੈ ਅਤੇ ਹੁਣ ਤੱਕ ਕਾਫੀ ਸਾਹਿਤ ਸਭਾਵਾਂ ਅਤੇ ਗਰੁੱਪਾਂ ਵੱਲੋਂ ਸਨਮਾਨਿਤ ਕੀਤਾ ਗਿਆ ਹੈ ਜਿਵੇਂ ਕਿ ਮੈਡਮ ਮਨਪ੍ਰੀਤ ਕੌਰ ਸੰਧੂ ਮੇਲਾ ਰੂਹਾਂ ਦਾ, ਸ਼ਬਦ ਕਾਫਲਾ, ਮਾਨ ਸਰੋਵਰ ਸਾਹਿਤ ਰਾਜਸਥਾਨ। ਇਸ ਤੋਂ ਇਲਾਵਾ ਰੇਡੀਓ ਆਕਾਸ਼ਵਾਣੀ ਬਠਿੰਡਾ ਨਾਲ ਵੀ ਜੁੜਿਆ ਹੋਇਆ ਹਾਂ। ਸਭ ਤੋਂ ਵੱਡਾ ਸਨਮਾਨ ਇਨਸਾਨੀਅਤ ਦੀ ਕਦਰ ਕਰਨਾ ਅਤੇ ਉਹਨਾਂ ਵਿਚਲੀ ਸ਼ਖਸੀਅਤ ਨੂੰ ਪਰਖਣਾ ਮੰਨਦਾ ਹਾਂ, ਕਿਉਂਕਿ ਇਸ ਦੁਨੀਆ ਵਿੱਚ ਬਹੁਤ ਹੀ ਮਹਾਨ ਸ਼ਖਸ਼ੀਅਤਾਂ ਪੈਦਾ ਹੋਈਆਂ ਹਨ ਜਿੰਨਾਂ ਨੂੰ ਮੈਂ ਰੱਬ ਦਾ ਦਰਜਾ ਦਿੰਦਾ ਹਾਂ।

View all posts by ਗੁਰਦੀਪ ਦਾਨੀ ਪਿੰਡ ਫੁੱਲੋ ਮਿੱਠੀ →