9 June 2026

‘ਬਿਸਾਤ’…ਅਰਤਿੰਦਰ ਸੰਧੂ ਦੀਆਂ ਸੂਖ਼ਮ ਭਾਵਨਾਵਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ਼ ਪੇਸ਼ ਕਰਦੀ ਸਿਰਜਣਾ ! — ਡਾ. ਕੁਲਵਿੰਦਰ ਸਿੰਘ ਬਾਠ

                         ਅਰਤਿੰਦਰ ਸੰਧੂ

ਕੁਝ ਸਮਾਂ ਪਹਿਲਾਂ ਅਰਤਿੰਦਰ ਸੰਧੂ ਨੇ ਮੇਰੀ ਪਾਠਕ ਰੁਚੀ ਨੂੰ ਜਾਣਦਿਆਂ ਅਤੇ ਪਛਾਣਦਿਆਂ “ਬਿਸਾਤ” ਕਾਵਿ ਸੰਗ੍ਰਹਿ ਪੁਸਤਕ ਨੂੰ ‘ਪੜ੍ਹਨ ਦੀ ਤਾਕੀਦ’ ਨਾਲ਼ ਭੇਜਿਆ। ਬਿਸਾਤ ਨਾਮ ਪੜ੍ਹਦਿਆਂ ਸਾਰ ਹੀ ਦੋ-ਅੱਖਾਂ ਅਤੇ ਇਕਹਿਰੇ ਮਗ਼ਜ਼ ਨਾਲ਼ ਸੋਚਦਿਆਂ ਮਨ ਦੀ ਸੂਈ ਸ਼ਤਰੰਜ ਦੀ ਖੁਸ਼ਕ ਅਤੇ ਸੁਸਤ ਜਿਹੀ ਖੇਡ ਵਾਲੀ ਬਿਸਾਤ ਵੱਲ ਘੁੰਮਦੀ ਹੋਈ ਹਾਰ-ਜਿੱਤ ਦੀਆਂ ਘੁੰਮਣ-ਘੇਰੀਆਂ ਦੇ ਸੰਗ ਘੁੰਮਣ ਲੱਗੀ।

ਖ਼ਿਆਲਾਂ ਅਤੇ ਅਹਿਸਾਸਾਂ ਦੀ ਉੱਚੀ ਤੇ ਲੰਮੀ ਪਰਵਾਜ਼ ਭਰਨ ਵਾਲੀ ਸੰਵੇਦਨਸ਼ੀਲ ਲੇਖਿਕਾ ਅਰਤਿੰਦਰ ਸੰਧੂ ਦੇ ‘ਤੀਸਰੇ ਨੇਤਰ’ ਦੇ ਕਮਾਲ ਅਤੇ ਪੁਸਤਕ ਨੂੰ ਨੀਝ ਨਾਲ਼ ਪੜ੍ਹਦਿਆਂ ਬਿਸਾਤ ਦੀਆ ਬਹੁ-ਪਰਤਾਂ ਬਹੁ-ਦਿਸ਼ਾਵਾਂ ਵੱਲ ਖੁੱਲ੍ਹਣੀਆਂ ਅਤੇ ਵਿਛਣੀਆਂ ਸ਼ੁਰੂ ਹੋ ਗਈਆਂ। ਪਲ਼-ਪਲ਼ ਬਦਲਦੀ ਬਿਸਾਤ ਜੋ ਪਲ਼-ਪਲ਼ ਬਦਲਦੇ ਵਕਤ ਵਿੱਚੋਂ ਉਪਜਦਿਆਂ ਮਨੁੱਖ ਨੂੰ ਵੰਗਾਰਦੀ ਹੈ। ਇਸ ਬਦਲਾਓ ਨਾਲ਼ ਨਜਿੱਠਣ ਲਈ ਵਿਗਸਦੇ-ਵਿਗਸਦੇ ਅਤੇ ਪਰਤ-ਦਰ-ਪਰਤ ਮਨੁੱਖ ਵਿਕਸਿਤ ਹੁੰਦਾ ਆਇਆ ਹੈ।

ਦੋਸਤੋ, ਸਮਾਜਿਕ, ਧਾਰਮਿਕ ਅਤੇ ਰਾਜਸੀ ਖਿਡਾਰੀਆਂ ਵੱਲੋਂ ਵੀ ਵਿਛਾਈ ਬਿਸਾਤ ਅਤੇ ਸ਼ਤਰੰਜ ਨੂੰ ਜਿੱਤਦੇ ਵੀ ਉਹੀ ਹਨ, ਕਿਉਂਕਿ, ਉਨਾਂ ਆਪਣੀ ਚਾਲ ਪਹਿਲਾਂ ਹੀ ਤਿਆਰ ਕੀਤੀ ਹੁੰਦੀ ਹੈ। ਸੱਤਾਧਾਰੀ ਹਮੇਸ਼ਾ ਜਿੱਤਣ ਵਾਲੀ ਬਿਸਾਤ ਵਿਛਾਉਂਦੇ ਹਨ, ਮਨਮਰਜ਼ੀ ਦੇ ਮੋਹਰੇ ਟਿਕਾਉਂਦੇ ਹਨ ਅਤੇ ਆਮ ਇਨਸਾਨ ਦੀ ਨਫ਼ੇ-ਨੁਕਸਾਨ ਦੀ ਉਨ੍ਹਾਂ ਨੂੰ ਬਹੁਤੀ ਪ੍ਰਵਾਹ ਨਹੀਂ ਹੁੰਦੀ। ਸਾਰੇ ਵਜ਼ੀਰ, ਹਾਥੀ, ਊਠ, ਘੋੜੇ ਤਾਂ ਉਨ੍ਹਾਂ ਦੇ ਹੀ ਹੁੰਦੇ ਹਨ। ਪਿਆਦੇ ਖ਼ੁਦ-ਬ-ਖ਼ੁਦ ਉਨ੍ਹਾਂ ਦੇ ਵਾ-ਵਰੋਲਿਆਂ ਦੀਆਂ ਘੁੰਮਣ ਘੇਰੀਆਂ ਵਿੱਚ ਫਸਦਿਆਂ ਵਰਤ ਹੁੰਦੇ ਰਹਿੰਦੇ ਹਨ। ਹਰ ਇਨਸਾਨ ਦੇ ਪਾਸ ਸੋਚ-ਵਿਚਾਰ ਦੇ ਆਪਣੇ ਮੋਹਰੇ ਹਨ, ਪਰ ਵਰਤਣੇ ਤਾਂ ਉਸ ਨੇ ਖ਼ੁਦ ਹੀ ਹੁੰਦੇ ਨੇ! ਬਦਲਦੇ ਸਮਿਆਂ ਨਾਲ਼ ਭਾਵੇਂ ਆਮ ਇਨਸਾਨ ਬਦਲਦਾ ਹੈ, ਪਰ ਸੱਤਾਧਾਰੀਆਂ ਦਾ ਪਰੰਪਰਕ ਰੂਪ ਨਹੀਂ ਬਦਲਦਾ। ਇਸ ਕਾਰਨ ਸਧਾਰਨ ਬੰਦੇ ਦੇ ਮਨ ਵਿੱਚ ਸਹਿਮ ਅਤੇ ਬੇਚੈਨੀ ਪੈਦਾ ਹੁੰਦੀ ਹੈ। ਅਰਤਿੰਦਰ ਸੰਧੂ ਦੀਆਂ ਕਵਿਤਾਵਾਂ ਜਿੱਥੇ ਅਜਿਹੇ ਮਨਾਂ ਦੀਆਂ ਬੇਚੈਨੀਆਂ ਨੂੰ ‘ਸ਼ਬਦ ਅਤੇ ਆਵਾਜ਼’ ਦਿੰਦੀਆਂ ਹਨ, ਉੱਥੇ ਹੀ ਮਾਨਵਤਾ ਵਿਰੋਧੀ ਵਰਤਾਰਿਆਂ ਦੀ ਚਿੰਤਾ, ਚਿੰਤਨ ਅਤੇ ਚੇਤਨਾ ਪ੍ਰਤੀ ਸੰਵਾਦ ਛੇੜਦੀਆਂ ਹਨ!

 ਪੰਜਾਬੀ ਸਾਹਿਤ ਸੰਸਾਰ ਦੀ ਚਰਚਿਤ ਹਸਤਾਖ਼ਰਅਰਤਿੰਦਰ ਸੰਧੂ

ਪੰਜਾਬੀ ਕਾਵਿ ਸੰਸਾਰ ਦੀ ਚਰਚਿਤ ਹਸਤਾਖ਼ਰ ਅਤੇ ਖ਼ੂਬਸੂਰਤ ਪੰਜਾਬੀ ਮੈਗਜ਼ੀਨ ‘ਏਕਮ’ ਦੀ ਕਰਤਾ-ਧਰਤਾ, ਬਹੁ-ਵਿਧਾਵੀ ਲੇਖਿਕਾ ਅਰਤਿੰਦਰ ਕੌਰ ਸੰਧੂ ਨੇ 14 ਕਾਵਿ ਸੰਗ੍ਰਹਿ, 1 ਵਾਰਤਕ, 4 ਅਨੁਵਾਦ, 3 ਸੰਪਾਦਨ , 6 ਅਨੁਵਾਦ / ਖੋਜ ਅਤੇ ਅਲੋਚਨਾਤਮਕ ਰਚਨਾਵਾਂ ਦੀ ਨਿਰੰਤਰ ਸਿਰਜਣਾ ਨਾਲ਼ ਪੰਜਾਬੀ ਸਾਹਿਤ ਵਿੱਚ ਨਿੱਗਰ ਅਤੇ ਅਨਮੋਲ ਯੋਗਦਾਨ ਪਾਇਆ ਹੈ।

ਬਿਸਾਤ”… ਸੂਖ਼ਮ ਭਾਵਨਾਵਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕਰਦੀ ਸਿਰਜਣਾ !

ਸਮੇਂ ਦੀ ਬਹੁ-ਪਰਤੀ ਬਿਸਾਤ ਵਾਂਗਰ ਹੀ ਅਰਤਿੰਦਰ ਸੰਧੂ ਦੀਆਂ ਵਿਭਿੰਨ ਵਿਸ਼ਿਆਂ ਅਤੇ ਵਿਭਿੰਨ ਰੰਗਾਂ-ਰਸਾਂ ਨਾਲ਼ ਭਰਪੂਰ ਕਵਿਤਾਵਾਂ ਵੀ ਬਹੁ-ਪਰਤੀ ਹੀ ਹਨ। ‘ਕਵਿਤਾ ਦੇ ਪਾਠਕਾਂ’ ਨੂੰ ਸਮਰਪਿਤ 96 ਪੰਨਿਆਂ ਦੀ ਮਾਰਮਿਕ ਪੁਸਤਕ ‘ਬਿਸਾਤ’ ਵਿੱਚ 44 ਚੋਣਵੀਆਂ ਕਵਿਤਾਵਾਂ ਸ਼ਾਮਲ ਕੀਤੀਆਂ ਗਈਆਂ ਹਨ। ਵਿਭਿੰਨ ਵਿਸ਼ਿਆਂ ਅਤੇ ਵਿਭਿੰਨ ਰੰਗ-ਰਸਾਂ ਨਾਲ ਲਬਰੇਜ਼ ਰਚਨਾਵਾਂ ਬਹੁ-ਪਰਤੀ ਬਿਸਾਤ ਵਿਛਾਉਂਦੀਆਂ ਅਤੇ ਪਾਠਕ ਨਾਲ਼ ਸੰਵਾਦਮਈ ਮਾਹੌਲ ਸਿਰਜਦੀਆਂ ਹੋਈਆਂ ਅਰਤਿੰਦਰ ਸੰਧੂ ਦੇ ਰੂਹ ਦੇ ਸੁਨੇਹੇ ਦਿੰਦੀਆਂ ਜਾਂਦੀਆਂ ਹਨ। ਰਚਨਾਵਾਂ ਲੈਅ-ਬੱਧਤਾ ਨਾਲ਼ ਲੇਖਕ ਦੇ ਮਨ ਦੀਆਂ ਭਾਵਨਾਵਾਂ ਤੇ ਕਲਪਨਾਵਾਂ ਨੂੰ ਪ੍ਰਸਤੁਤ ਕਰੀ ਜਾਂਦੀਆਂ ਹਨ। ਕਵਿਤਾਵਾਂ ਦੇ ਸ਼ਬਦ ਸਾਰਥਿਕ ਅਤੇ ਸਪੱਸ਼ਟ ਸੁਨੇਹੇ ਦੇ ਰਹੇ ਹਨ।

ਦੋਸਤੋ, ਪਰਵਾਸ ਕੋਈ ਨਵੀਂ ਪ੍ਰਕਿਰਿਆ ਨਹੀਂ ਹੈ। ਪਰ ਫਿਰ ਵੀ, ਅਜੋਕੇ ਸਮੇਂ ਦੇ ਦੌਰਾਨ ਪੰਜਾਬ ਤੋਂ ਸੱਤ ਸਮੁੰਦਰ ਪਾਰ ਪ੍ਰਵਾਸ ਦਾ ਹੜ੍ਹ ਪਰਿਵਾਰਕ ਰਿਸ਼ਤਿਆਂ ਵਿੱਚ ਫ਼ਾਸਲਿਆਂ ਦੇ ਦਰਿਆ ਪੈਦਾ ਕਰ ਗਿਆ ਹੈ। ਬਿਸਾਤ ਪੁਸਤਕ ਦੀ ਪਹਿਲੀ ਕਵਿਤਾ “ਪੁਲ਼” ‘ਪਰਵਾਸ ਦੇ ਦਰਿਆ’ ਦੇ ਪੰਜਾਬ ਵੱਲ ਦੇ ਪਾਸੇ ਦੀ ਚੀਸ ਅਤੇ ਪੁਕਾਰ ਹੈ। ਪਰਵਾਸੀ ਦਾ ਸਫ਼ਰ ਬਦਲਦੇ ਸਮੇਂ ਅਤੇ ਬਦਲੇ ਮਾਹੌਲ ਨਾਲ਼ ਬਦਲਦਾ ਹੈ। ਇਹ ਬਦਲਾਓ ਭਾਵੇਂ ਉਸ ਦੀ ਰੂਹ ਵਿੱਚੋਂ ਆਪਣੀ ਮਾਂ ਭੂਮੀ ਦੇ ਪਿਆਰ ਨੂੰ ਪੂਰੀ ਤਰਾਂ ਤਾਂ ‘ਕਸ਼ੀਦ’ ਨਾ ਕਰ ਸਕਿਆ, ਪਰ ਫਿਰ ਵੀ ਟੁੱਟਦੇ-ਤਿੜਕਦੇ ਰਿਸ਼ਤਿਆਂ ਦਾ ਪਛਤਾਵਾ, ਦੁੱਖ ਅਤੇ ਬੇਚੈਨੀ ਮਹਿਸੂਸ ਹੁੰਦੀ ਹੈ, ਪਰਵਾਸੀ ਨੂੰ ਅਤੇ ਉਸ ਦੇ ਪਿੱਛੇ ਰਹਿ ਗਏ ਪਿਆਰਿਆਂ ਨੂੰ ਵੀ…

ਮਨ ਦੀ ਮਿੱਟੀ ‘ਤੇ ਵਗਦੇ
ਫ਼ਾਸਲਿਆਂ ਦੇ ਦਰਿਆਵਾਂ ‘ਤੇ
ਬਹਾਨਿਆਂ ਦੇ ਸਰੀਏ
ਮੋਹ ਦਾ ਸੀਮੈਂਟ
ਤੇ ਸੋਚਾਂ ਦਾ ਜਾਲ਼ ਬੰਨ੍ਹ ਕੇ
ਪੁਲ਼ ਉਸਾਰਦੇ ਹਾਂ ਕੈਸੇ ਕੈਸੇ!

ਸ਼ਬਦ ਸਿਰਫ਼ ਚੰਦ ਅੱਖਰਾਂ ਦਾ ਜੋੜ ਹੀ ਨਹੀਂ ਹੁੰਦੇ! ਸ਼ਬਦਾਂ ਦੀ ਗਹਿਰਾਈ ਨੂੰ ਜਾਨਣ ਵਾਲੇ ਸ਼ਬਦਾਂ ਦੀ ਅਹਿਮੀਅਤ ਅਤੇ ਤਾਕਤ ਨੂੰ ਜਾਣਦੇ ਹਨ। “ਡੈੱਡ ਲੈਟਰਜ਼ ਆਫ਼ਿਸ” ਇੱਕ ਡੂੰਘੀ ਕਵਿਤਾ ਹੈ ਜਿਸ ਵਿੱਚ ਅਰਤਿੰਦਰ ਸੰਧੂ ਬਦਲਦੇ ਸਮੇਂ ਦੇ ਨਾਲ਼ ਨਾਲ਼ ਸਰਕਾਰਾਂ ਵੱਲੋਂ ‘ਡੈੱਡ ਲੈਟਰਜ ਆਫਿਸ’ (ਜਿੱਥੇ ਕਿਸੇ ਕਾਰਨ ਕਰਕੇ ਨਾ ਪਹੁੰਚਣ ਵਾਲੀਆਂ ਚਿੱਠੀਆਂ ਨੂੰ ਰੱਖਿਆ ਜਾਂਦਾ ਸੀ) ਦੇ ਖ਼ਾਤਮੇ ਦੀ ਗੱਲ ਕਰਦੀ ਹੈ। ਉਨ੍ਹਾਂ ਚਿੱਠੀਆਂ ਦੇ ਸ਼ਬਦਾਂ ਦੀ ਰੂਹ ਵਿੱਚ ਮਨੁੱਖੀ ਮਨ ਦੇ ਵਲਵਲਿਆਂ, ਅਹਿਸਾਸਾਂ, ਅਨੁਭਵਾਂ, ਦੁੱਖਾਂ, ਸੁੱਖਾਂ ਦੀ ਗੱਲ ਕਰਦੀ ਹੈ ਜੋ ਚਿੱਠੀਆਂ ਦੇ ਖ਼ਤਮ ਹੋਣ ਨਾਲ਼ ਹੀ ਖ਼ਤਮ ਹੋ ਗਈ। ਇੰਨਫਰਮੇਸ਼ਨ ਟੈਕਨੌਲੋਜੀ ਦੇ ਯੁੱਗ ਨੇ ਚਿੱਠੀਆਂ ਖਾ ਲਈਆਂ ਹਨ। ਹਜਾਰਾਂ ‘ਈ-ਮੇਲਾਂ’ ਦੇ ਬਾਵਜੂਦ ਵੀ ਕਦੇ ਡਾਕੀਏ ਹੱਥੀਂ ਆਉਂਦੀਆਂ ਪੀਲ਼ੀਆਂ, ਨੀਲੀਆਂ ਜਾਂ ਫਿਰ ਬੇਰੰਗ ਚਿੱਠੀਆਂ ਦਾ ਚੇਤਾ ਨਹੀਂ ਭੁੱਲਦਾ…

ਮਰਦੀਆਂ ਨਹੀਂ ਚਿੱਠੀਆਂ ਕਦੇ ਵੀ
ਮਰਨ ਵੀ ਕਿਸ ਤਰ੍ਹਾਂ
ਇਨ੍ਹਾਂ ਵਿੱਚ ਤਾਂ ਹੁੰਦੇ ਨੇ
ਜਿਉਂਦੇ ਜੀਆਂ ਦੇ ਅਹਿਸਾਸ
ਦੁੱਖ ਸੁਆਲ ਤੇ ਕਹਾਣੀਆਂ…

“ਪਸ਼ਮੀਨਾ” ਇੱਕ ਦਿਲ ਕੰਬਾਊ ਅਤੇ ਰੂਹ ਨੂੰ ਧੂੰਹਦੀ ਕਵਿਤਾ ਹੈ ਜਿਸ ਵਿੱਚ ਮਨੁੱਖ ਦੀ ‘ਪਦਾਰਥੀ ਅਮੀਰੀ’ ਦੇ ਖੋਲ ਹੇਠ ਉਸ ਦੀ ਹੈਵਾਨੀਅਤ ਅਤੇ ਇਨਸਾਨੀਅਤ ਦੀ ਕੰਗਾਲੀ ਨੂੰ ਪਾਠਕਾਂ ਨਾਲ ਸਾਂਝਿਆਂ ਕੀਤਾ ਹੈ। ਕਿੰਝ ਆਜੜੀਆਂ ਦੇ ਜਾਨਵਰਾਂ ਪ੍ਰਤੀ ਜ਼ਾਲਮ ਵਤੀਰੇ ਦਾ ਕਹਿਰ ਤਾਕਤਵਰ ਰਾਜਸੀ ਰੂਪ ਵਿੱਚ ਤਬਦੀਲ ਹੁੰਦਿਆਂ ਬੰਦੇ ਦੀ ਖੱਲ ਉਤਾਰਨ ਤੱਕ ਪਹੁੰਚ ਜਾਂਦਾ ਹੈ। ਆਮ ਬੰਦਾ ਰਾਜਸੀ ਤਾਕਤਾਂ ਨੂੰ ਪਸ਼ਮੀਨਾ ਬੱਕਰੀਆਂ ਅਤੇ ਭੇਡਾਂ ਜਿਹਾ ਹੀ ਜਾਪਦਾ ਹੈ। ਇਹ ਪ੍ਰਕਿਰਿਆ ਰੁਕਦੀ ਨਹੀਂ, ਨਿਰੰਤਰ ਚਲਦੀ ਰਹਿੰਦੀ ਹੈ। ਬਿਸਾਤ ਸਮੇਂ ਦੇ ਨਾਲ਼ ਰੰਗ-ਰੂਪ-ਸ਼ਕਲ ਤੇ ਤਰੀਕਾਕਾਰ ਬਦਲ ਲੈਂਦੀ ਹੈ…

ਉਹ ਬਦਲ ਲੈਂਦੀ ਏ ਰੂਪ
ਤੇ ਉਸ ਨੇ ਬਦਲ ਲਿਆ
ਰੂਪ, ਰੰਗ ਤੇ ਤਰੀਕਾਕਾਰ..

ਤਿਆਰ ਹੋ ਰਿਹਾ ਵਿਵਸਥਾ ਦਾ
ਵਿਵਸਥਾ ਰਾਹੀਂ
ਵਿਵਸਥਾ ਵਾਸਤੇ
ਰਾਜਸੀ ਪਸ਼ਮੀਨਾ
… ਨਿਰੰਤਰ…!

ਸਮੇਂ ਨੇ ਬਦਲਣਾ ਹੀ ਹੈ। ਇਸ ਬਦਲਾਓ ਨੂੰ ਕੋਈ ਰੋਕ ਨਹੀਂ ਸਕਦਾ। ਪੀੜ੍ਹੀ ਦਰ ਪੀੜ੍ਹੀ ਜਾਂ ਫਿਰ ਇਸ ਤੋਂ ਵੀ ਤੇਜ਼ ਆ ਰਿਹਾ ਬਦਲਾਅ ਮਨੁੱਖ ਦੇ ਅੱਗੇ ਬਦਲੀ ਹੋਈ ਬਿਸਾਤ ਵਿਛਾ ਰਿਹਾ ਹੈ। ਆਪਣੀ ਸਮਝ, ਸੋਚ, ਵਰਤਾਰੇ ਦੇ ‘ਮੋਹਰੇ’ ਹੁੰਦਿਆਂ ਵੀ ਬਿਸਾਤ ਦੀਆਂ ਇਨ੍ਹਾਂ ਪਰਤਾਂ ਨੂੰ ਸਮਝਣ ਵਿੱਚ ਬੰਦਾ ਹੈਰਾਨ ਹੋ ਰਿਹਾ ਹੈ ਅਤੇ ਸ਼ਾਇਦ ਨਾਕਾਮ ਵੀ!

“ਵੈਸਲੀਨ” ਅਤੇ “ਨਹੁੰ” ਕਵਿਤਾਵਾਂ ‘ਓਪਰੀ ਪਰਤੇ’ ਭਾਵੇਂ ਸਧਾਰਨ ਲਗਦੀਆਂ ਹੋਵਣ, ਪਰ ਡੁੰਘਾਈ ਵਿੱਚ ਜਾਂਦਿਆਂ ਪਾਠਕ ਦੇ ਮਨ ‘ਤੇ ਪ੍ਰਭਾਵਸ਼ਾਲੀ ਅਤੇ ਚਿਰਜੀਵੀ ਛੱਡ ਜਾਂਦੀਆਂ ਹਨ।

ਮਨੁੱਖ ਇੱਕ ਸਮਾਜਿਕ ਜੀਵ ਹੀ ਹੈ ਜੋ ਦੂਸਰੇ ਮਨੁੱਖਾਂ ਨਾਲ਼ ਤਾਅੁਲਕ / ਤਾਲ-ਮੇਲ ਰੱਖਣਾ ਚਾਹੁੰਦਾ ਹੈ। ਕੁਝ ਸੁਣਨਾ ਚਾਹੁੰਦਾ ਹੈ ਅਤੇ ਕੁਛ ਸੁਣਾਉਣਾ ਵੀ ਚਾਹੁੰਦਾ ਹੈ। ਅਜੋਕੇ ਸਮੇਂ ਵਿੱਚ ਇਸ ਚੀਜ਼ ਦੀ ਘਾਟ ਆ ਰਹੀ ਹੈ। ਤਾਅੁਲਕ ਤਾਂ ਬਿਰਖ-ਬੂਟੇ ਅਤੇ ਪਸ਼ੂ-ਪੰਛੀ ਵੀ ਰੱਖਦੇ ਹਨ। “ਜ਼ਿੰਦਗੀ ਦਾ ਰਾਬਤਾ” ਕਵਿਤਾ ਦੀਆਂ ਸਤਰਾਂ ਖ਼ੁਦ-ਬ-ਖੁਦ ਬਹੁਤ ਕੁਛ ਬੋਲ ਗਈਆਂ ਹਨ। ਦੋਸਤੋ, ਕਦੇ ਬਿਰਖ ਬੂਟਿਆਂ ਨੂੰ ਹਵਾ ਦੇ ਸੰਗ ਝੂਲਦੇ ਤੇ ਕਿੱਕਲੀ ਪਾਉਂਦਿਆਂ ਜ਼ਰੂਰ ਦੇਖਿਆ ਹੋਵੇਗਾ। ਜ਼ਰਾ ਕੁ ਆਪਣੀ ਤੀਸਰੀ ਨਜ਼ਰ ਖੋਲ੍ਹਿਓ… ਉਹ ਤੁਹਾਨੂੰ ਦੁੱਖ-ਸੁੱਖ ਸਾਂਝਾ ਕਰਦੇ ਸੁਣਨਗੇ ਤੇ ਜ਼ਿੰਦਗੀ ਦਾ ਰਾਬਤਾ ਕਰਦੇ ਦਿਸਣਗੇ। ਕੁਝ ਸਿੱਖਿਆ ਜਾ ਸਕਦਾ ਹੈ ਇਸ ਪ੍ਰਕਿਰਿਆ ਤੋਂ…

ਇੱਕ ਰਾਬਤਾ ਹੁੰਦਾ ਇਹ
ਜੋ ਜ਼ਰੂਰੀ ਹੁੰਦਾ
ਸਾਰੇ ਧਰਤ ਨਾਲ਼ ਜੁੜਿਆਂ ਵਾਸਤੇ
ਬਿਰਖ ਬੂਟੇ ਹੋਣ ਤੇ ਭਾਵੇਂ ਮਨੁੱਖ…

ਨਿਰਸੰਦੇਹ ਹੀ ਸ਼ਬਦਾਂ ਵਿੱਚ ਬੜੀ ਤਾਕਤ ਹੁੰਦੀ ਹੈ। ਜਿਸ ਦੇ ਡਰੋਂ ਸਮੇਂ ਦੀਆਂ ਸਰਕਾਰਾਂ ਅਕਸਰ ਹੀ ਸ਼ਬਦਾਂ ‘ਤੇ ਪਾਬੰਦੀ ਹੀ ਲੱਗਾ ਦਿੰਦੀਆਂ ਹਨ। ਸੋਚਵਾਨ ਅਤੇ ਸੰਵੇਦਨਸ਼ੀਲ ਮਨੁੱਖ ਸ਼ਬਦਾਂ ਨੂੰ ਬੇਇਨਸਾਫ਼ੀਆਂ ਦੇ ਖਿਲਾਫ਼ ਆਵਾਜ਼ ਬਣਾਉਂਦਾ ਰਹਿੰਦਾ ਹੈ। ਕਮਜ਼ੋਰ ਤੇ ਲਿਤਾੜਿਆਂ ਦੀ ਧਿਰ ਨਾਲ਼ ਖੜ੍ਹਦਾ ਹੈ। ”ਸ਼ਬਦ ਖੁਸ਼ ਹਨ” ਰਚਨਾ ਵਿੱਚ ਸ਼ਬਦਾਂ ਦੀ ਤਾਕਤ ਨੂੰ ਲੇਖਿਕਾ ਨੇ ਬਾਖੂਬੀ ਨਾਲ਼ ਪਾਠਕਾਂ ਸਨਮੁੱਖ ਕੀਤਾ ਹੈ…

ਸ਼ਬਦ ਖੁਸ਼ ਹਨ
ਮਹਿਸੂਸ ਕਰ ਰਹੇ ਖ਼ੁਦ ਨੂੰ ਮਾਣਮੱਤਾ
ਨਜ਼ਰ ਆਈ ਹੈ ਸ਼ਬਦਾਂ ਨੂੰ ਤਾਕਤ ਆਪਣੀ
ਹੋਰ ਤਕੜੇ ਹੋਣਗੇ ਉਹ ਹੁਣ…

“ਕੰਡੇ ਤਪੱਸਵੀ ਹੁੰਦੇ” ਕਵਿਤਾ ਵਿੱਚ ਅਰਤਿੰਦਰ ਸੰਧੂ ਨੇ ਸਿੱਕੇ ਦੇ ਦੂਸਰੇ ਪਾਸੇ ਦੀ ਗੱਲ ਕੀਤੀ ਹੈ। ਹਰ ਕੋਈ ਫੁੱਲਾਂ ਨਾਲ ਪਿਆਰ ਕਰਦਾ ਹੈ। ਪਰ ਕੰਡਿਆਂ ਤੋਂ ਵਗੈਰ ਫੁੱਲ ਦਾ ਵਜੂਦ ਸ਼ਾਇਦ ਫੁੱਲ ਨੂੰ ਵੀ ਨਾ ਮਹਿਸੂਸ ਹੁੰਦਾ ਹੋਵੇ! ਕੰਡੇ ਫੁੱਲਾਂ ਦੇ ਰਾਖੇ, ਬੇਗਰਜ਼, ਪਹਿਰੇਦਾਰ, ਤਿਆਗੀ… ਤੇ ਤਪੱਸਵੀ ਵੀ…

ਇੱਕੋ ਟਾਹਣੀ ’ਤੇ ਪੁੰਗਰਨਾ
ਫੁੱਲਾਂ ਦੇ ਜੌੜੇ ਭਰਾ ਹੁੰਦਿਆਂ
ਤੇ ਨਫ਼ਰਤ ਜੀਣੀ ਤਾ-ਉਮਰ
ਕੰਡੇ ਹੋਣਾ… ਕੋਈ ਤਪੱਸਵੀ ਹੋਣਾ ਹੁੰਦਾ

“ਸਮਿਆਂ ਦੀ ਬਿਸਾਤ” ਅਤੇ “ਸ਼ਤਾਬਦੀਆਂ ਮਨਾਉਂਦਿਆਂ” ਸਿੱਖ ਇਤਿਹਾਸ ਨੂੰ ਸਮਰਪਿਤ ਸੰਵੇਦਨਸ਼ੀਲ ਅਤੇ ਭਾਵਪੂਰਤ ਰਚਨਾਵਾਂ ਹਨ। ਸਾਹਿਬਜ਼ਾਦਿਆਂ ਅਤੇ ਸਰਬੰਸ ਦਾਨੀ ਦੀ ਲਾਸਾਨੀ ਕੁਰਬਾਨੀ ਨੂੰ ਭਲਾ ਕੌਣ ਭੁਲਾ ਸਕਦਾ ਹੈ?

ਦੋਸਤੋ, ਆਲੀਸ਼ਾਨ ਬਿਲਡਿੰਗਾਂ ਵੀ ਖੜ੍ਹੀਆਂ ਨਹੀਂ ਰਹਿੰਦੀਆਂ ਮਜ਼ਬੂਤ ਨੀਂਹਾਂ ਤੋਂ ਬਗੈਰ। “ਪੈਰ” ਇੱਕ ਲਾਜਵਾਬ ਰਚਨਾ ਹੈ ਜਿਸ ਵਿੱਚ ਅਰਤਿੰਦਰ ਸੰਧੂ ਨੇ ਮਨੁੱਖ ਦੇ ਪੈਰਾਂ ਦੀ ਅਤੇ ਪੈਰਾਂ ਵਰਗੇ (ਛੋਟੇ) ਗਿਣੇ ਅਤੇ ਸਮਝੇ ਜਾਂਦੇ ਲੋਕਾਂ ਦੀ ਅਸਲੀ ਮਹੱਤਤਾ ਨੂੰ ਉਭਾਰਿਆ ਹੈ। ਪੈਰਾਂ ਤੋਂ ਵਗੈਰ ਮਨੁੱਖ ਦਾ ਸਰੀਰ ਬਹੁਤ ਅਧੂਰਾ ਹੈ। ਸਮਾਜਿਕ ਵਿਵਸਥਾ ਦਾ ਕਾਮਿਆਂ, ਮਜ਼ਦੂਰਾਂ ਤੇ ਔਰਤਾਂ ਦੇ ਬਗੈਰ ਕੋਈ ਵਜੂਦ ਨਹੀਂ ਹੈ…

ਢਹਿ ਢੇਰੀ ਹੋ ਜਾਵੇ
ਸਮਾਜਕ ਵਿਵਸਥਾ
ਜੇ ਨਾਂਹ ਕਰ ਦੇਣ ਕੰਮ ਕਰਨੋਂ
ਕਾਮੇ, ਮਜ਼ਦੂਰ ਤੇ ਔਰਤ
ਪੈਰਾਂ ਵਰਗੇ ਸਾਰੇ ਲੋਕ… ਜਾਂ ਖ਼ੁਦ ਪੈਰ

ਮਰਦ ਪ੍ਰਧਾਨ ਸਮਾਜ ਵਿੱਚ ਨਾਰੀ ਨਾਲ਼ ਵਿਤਕਰਾ ਉਸ ਦੇ ਜੰਮਣ ਤੋਂ ਵੀ ਪਹਿਲਾਂ ਸ਼ੁਰੂ ਹੋ ਜਾਂਦਾ ਹੈ ਅਤੇ ਉਸ ਦੀ ਅਰਥੀ ਤੱਕ ਸਾਥ ਹੀ ਚਲਦਾ ਹੈ। ਮੁੰਡਿਆਂ ਨਾਲੋਂ ਕੁੜੀਆਂ ਭਾਵੇਂ ਜਿਤਨੀਆਂ ਮਰਜ਼ੀ ਸੂਝਵਾਨ ਅਤੇ ਕਾਬਲੀਅਤ ਰੱਖਦੀਆਂ ਹੋਵਣ, ਪਰ ਉਨ੍ਹਾਂ ਨੂੰ ਪਲ਼-ਪਲ਼ ‘ਤੇ ਵਿਤਕਰਿਆਂ ਨਾਲ਼ ਜੂਝਣਾ ਅਤੇ ਹਾਰਨਾ ਪੈਂਦਾ ਹੈ। ਮਾਪਿਆਂ ਅਤੇ ਘਰ ਪਰਿਵਾਰ ਦੀ ਖੁਸ਼ੀ ਵਾਸਤੇ ਆਪਣੀ ਰੂਹ ਦੀਆਂ ਇੱਛਾਵਾਂ ਦਾ ਬਲੀਦਾਨ ਦਿੰਦੀਆਂ ਕੁੜੀਆਂ ਸਾਰੀ ਉਮਰ ਘੁੱਟ-ਘੁੱਟ ਕੇ ਜੂਨ ਕੱਟ ਜਾਂਦੀਆਂ ਹਨ। ਆਸਾਂ, ਉਮੀਦਾਂ ਅਤੇ ਅਸੀਸਾਂ ਦੀ ਮਨੁੱਖ ਦੇ ਜੀਵਨ ਵਿੱਚ ਬਹੁਤ ਅਹਿਮੀਅਤ ਹੈ। ਜਦ ਵੱਡਿਆਂ ਤੋਂ ਮਿਲੀਆਂ ਅਸੀਸਾਂ ਵਿੱਚ ਮੁੰਡੇ ਅਤੇ ਕੁੜੀ ਵਿੱਚ ਹੋ ਰਿਹਾ ਵਿਤਕਰਾ ਰੰਗ ਵਿਖਾਉਂਦਾ ਹੈ ਤਾਂ ਸੰਵੇਦਨਸ਼ੀਲ ਮਨ ਕੁਰਲਾ ਉੱਠਦਾ ਹੈ। ਅਰਤਿੰਦਰ ਸੰਧੂ ਦੀ ਬਾਕਮਾਲ ਰਚਨਾ “ਅਸੀਸਾਂ” ਦੇ ਲਫ਼ਜ਼ ਪਾਠਕ ਦੇ ਮਨ ਨੂੰ ਹਲੂਣਾ ਦਿੰਦੇ ਨੇ…

ਮੁੰਡੇ ਅਸੀਸਾਂ ਤੇ ਸਮਝੌਤਿਆਂ ਦੇ
ਬੋਲ ਪੁਗਾਉਂਦੇ ਜਾਂ ਨਾ
ਕੁੜੀਆਂ ਮਾਪਿਆਂ ਦੇ ਮੂੰਹ ਦੀ
ਕਲਪਿਤ ਕਾਲ਼ਖ ਉਹਲੇ
ਬੈਠੀਆਂ ਅਸੀਸਾਂ ਨਿਭਾਉਂਦੀਆਂ
ਨਿਭ ਜਾਂਦੀਆਂ ਰਹੀਆਂ

“ਵਾਪਸੀ” ਸਰਹੱਦਾਂ ਉੱਪਰ ਲੜਦਿਆਂ, ਦੇਸ਼ ਦੀ ਰਾਖੀ ਕਰਦਿਆਂ ਅਤੇ ਸ਼ਹੀਦ ਹੁੰਦੇ ਜਵਾਨਾਂ ਦੀ ਦਿਲ ਨੂੰ ਹਲੂਣਦੀ ਰਚਨਾ ਜਿਸ ਦੇ ਲਫ਼ਜ਼ ਖ਼ੁਦ-ਬ-ਖ਼ੁਦ ਕੁਛ ਪੁਕਾਰ ਰਹੇ ਹਨ…

ਪੂਰੇ ਕੌਮੀ ਸਨਮਾਨ ਨਾਲ
ਹੋਈਆਂ ਨੇ ਉਨ੍ਹਾਂ ਦੀਆਂ ਅੰਤਿਮ ਰਸਮਾ
ਜੋ ਤੁਰੇ ਸਨ ਘਰਾਂ ਤੋਂ
ਪਰਿਵਾਰ ਲਈ ਰੋਟੀ ਕਮਾ ਕੇ
ਸਨਮਾਨ ਦੀਆਂ ਜ਼ਿੰਦਗੀਆਂ ਜੀਣ ਲਈ

ਧਰਮ ਜੋ ਬੰਦੇ ਨੂੰ ਗ਼ਲਤ ਕੰਮਾਂ ਤੋਂ ਵਰਜਦਾ ਹੈ, ਬੰਦੇ ਦੇ ਹੀ ਕੱਟੜਪੁਣੇ ਕਾਰਨ ‘ਡਰ’ ਬਣ ਗਿਆ ਅਤੇ ਡਰ ਧਰਮ ਬਣ ਗਿਆ। ਮਨੁੱਖ ਦੀ ਪਛਾਣ ‘ਮਾਨਸ’ ਕਰਕੇ ਹੋਣੀ ਚਾਹੀਦੀ ਸੀ, ਪਰ ਹੋ ਰਹੀ ਹੈ ਉਸ ਦੇ ‘ਧਰਮ’ ਕਰਕੇ…। ਧਰਮ ਤੇ ਡਰ ਦੇ ਭੰਬਲਭੂਸੇ ਵਿੱਚ ਮਾਨਸ ਕਿਧਰੇ ਗੁਆਚ ਗਿਆ ਹੈ ਤੇ ਉਸ ਦੀ ਪਛਾਣ ਸਿਰਫ ਧਰਮ ਦਾ ਠੱਪਾ ਬਣ ਕੇ ਰਹਿ ਗਈ ਹੈ। ਧਰਮਾਂ ਦੇ ਨਾਮ ਉਪਰ ਹੁੰਦੇ ਦੰਗੇ, ਘੱਲੂਘਾਰੇ, ਕਤਲ, ਮਾਰ-ਧਾੜ ਅਤੇ ਹੈਵਾਨੀਅਤ ਦੇ ਨੰਗੇ ਨਾਚ ਕਾਰਨ ‘ਮਾਨਵ ਦੇ ਡਰ ਅਤੇ ਸਹਿਮ’ ਨੂੰ “ਡਰ” ਕਵਿਤਾ ਵਿੱਚ ਲੇਖਿਕਾ ਨੇ ਖ਼ੂਬਸੂਰਤ ਤਰੀਕੇ ਨਾਲ਼ ਬਿਆਨ ਕੀਤਾ ਹੈ…

ਧਰਮ ਤੇ ਮਾਨਸ ਦੀ ਦੌੜ ਵਿੱਚ
ਪਿੱਛੇ ਛੁੱਟ ਚੁੱਕਾ ਹੈ ਮਾਨਸ
ਤੇ ਹੁਣ ਉਸ ਦੀ ਪਹਿਚਾਣ ਹੈ
ਧਰਮ ਦਾ ਠੱਪਾ ਹੀ ਬੱਸ…!

ਮਾਂ ਬੋਲੀ ਦੀ ਸੇਵਾ ਦਾ ਰੌਲਾ ਜਾਂ ਫਿਰ ਕਾਵਾਂ-ਰੌਲ਼ੀ ਅਕਸਰ ਕੰਨੀਂ ਪੈਂਦੀ ਰਹਿੰਦੀ ਹੈ। ਬੇ-ਸ਼ੁਕਰੇ ਲੋਕ ਜੋ ਖੱਟਦੇ ਨੇ ਕਮਾਈਆਂ, ਇੱਜ਼ਤਾਂ, ਸੇਕਦੇ ਨੇ ਰੋਟੀਆਂ ਬੋਲੀ ਦੀ ਬਦੌਲਤ ਤੇ ਕਹਾਉਣ ਖ਼ੁਦ ਨੂੰ ਮਾਂ-ਬੋਲੀ ਦੇ ਸੇਵਕ! ਕੈਸੀ ਸੇਵਾ ਕਰ ਰਹੇ ਨੇ ਇਹ ਮਾਂ ਬੋਲੀ ਦੇ ਸਪੂਤ…?

ਖਾਵੇ ਕੋਈ ਮਾਂ ਕੋਲੋਂ
ਡਿੱਗੇ ਨੂੰ ਚੁੱਕੇ ਮਾਂ
ਰੁੱਸੇ ਨੂੰ ਵਰਾਵੇ
ਕਈ ਲਾਰੇ ਲਾਵੇ
ਸੁਪਨੇ ਵਿਖਾਵੇ
ਤੇ ਮਾਣ ਨਾਲ ਕਹੇ
“ਕਿੰਨੀ ਸੇਵਾ ਕਰ ਰਿਹਾ ਹਾਂ”
ਮਾਂ ਦੀ ਮੈਂ
ਮਾਂ ਦੇ ਕੁੱਛੜ ਬੈਠਾ ਬਾਲ

ਮਹਿਜ਼ ਦੋ ਅੱਖਰਾਂ ਦੇ ਸ਼ਬਦ ‘ਜੰਗ’ ਦੇ ਜ਼ੁਲਮ, ਕਹਿਰ, ਤਬਾਹੀ ਅਤੇ ਸਹਿਮ ਨੂੰ ਉਹੀ ਜਾਣ ਸਕਦੇ ਹਨ ਜਿਨ੍ਹਾਂ ਨੇ ਜੰਗ ਨੂੰ ਆਪਣੇ ਪਿੰਡਿਆਂ ‘ਤੇ ਹੰਢਾਇਆ ਹੋਵੇ। ਦੂਸਰਿਆਂ ਨੂੰ ਜੰਗਾਂ ਦੀ ਬੰਬਾਰੀ ਸ਼ਾਇਦ ਦਿਵਾਲੀ ਹੀ ਜਾਪਦੀ ਹੋਵੇ। ਕਾਰਨ ਕੋਈ ਵੀ ਹੋਵੇ ਅਤੇ ਜੰਗ ਵਿੱਚ ਕੋਈ ਵੀ ਜਿੱਤੇ ਜਾਂ ਹਾਰੇ ਪਰ ਇਨਸਾਨੀਅਤ ਦੀ ਹਮੇਸ਼ਾ ਹਾਰ ਹੁੰਦੀ ਹੈ। ਬੇਕਸੂਰ ਜਾਨਾਂ ਜਾਂਦੀਆਂ ਹਨ, ਬੱਚੇ ਮਰਦੇ ਹਨ, ਯਤੀਮ ਹੁੰਦੇ ਤੇ ਔਰਤਾਂ ਵਿਧਵਾ…

ਤਬਾਹ ਹੁੰਦੇ ਪਰਿਵਾਰ
ਮਰਦੇ ਰਹਿੰਦੇ ਬਾਲ
ਕੋਈ ਵਾਸਤਾ ਨਹੀਂ
ਦੰਗ ਨਾਲ ਜਿਨ੍ਹਾਂ ਦਾ…

ਅਰਤਿੰਦਰ ਸੰਧੂ ਦੀ ਕਵਿਤਾ ਵਿੱਚ ਸਾਰਥਕ ਸੁਨੇਹਿਆਂ ਦੇ ਨਾਲ਼ ਹੀ ਦੋ ਬਿੰਦੂਆਂ ਨੂੰ ਆਪਸ ਵਿੱਚ ਜੋੜਨ ਦੀ ਵਿਲੱਖਣ ਜੁਗਤ ਉੱਭਰਦੀ ਹੈ… ਹੋਰਨਾਂ ਕਵਿਤਾਵਾਂ ਤੋਂ ਇਲਾਵਾ “ਜਾਮਨੂੰ” ਨੂੰ ਪੜਦਿਆਂ ਪਾਠਕ ਇਸ ਜੁਗਤ ਦਾ ਕਾਇਲ ਹੋ ਜਾਂਦਾ ਹੈ। ਇਸ ਕਵਿਤਾ ਵਿੱਚ ‘ਜਾਮਨੂੰਆਂ ਨੂੰ ਬੰਦੇ ਨਾਲ਼, ਲੋਹੇ ਦੇ ਡੱਬੇ ਨੂੰ ਸਿਆਸਤ ਅਤੇ ਲੂਣ ਨੂੰ ਸਿਆਸਤ ਦੇ ਹੁਕਮ’ ਦੇ ਤਾਣੇ-ਬਾਣੇ ਨਾਲ਼ ਬੁਣ ਕੇ ਉਹ ਇੱਕ ਵਿਲੱਖਣ ਨਜ਼ਰੀਆ ਪੇਸ਼ ਕਰਦੀ ਹੈ!

“ਚੁੰਨੀ ਦੀ ਨੁੱਕਰੇ ਬੱਝੀ ਗੰਢ” ਬਾਕਮਾਲ ਤੇ ਵਿਲੱਖਣ ਕਵਿਤਾ ਹੈ ਜਿਸ ਵਿੱਚ ਬਦਲਦੇ ਸਮੇਂ ਦੀ ਵਿਛਾਈ ਬਿਸਾਤ ਦੇ ਰੰਗਾਂ-ਰੂਪਾਂ ਦਾ ਤੁਲਨਾਤਮਿਕ ਪੱਖ ਪੇਸ਼ ਕੀਤਾ ਹੈ। ਚੁੰਨੀ ਦੀ ਗੰਢ ਕਦੇ ਭੁੱਲੀ ਵਿੱਸਰੀ ਗੱਲ ਨੂੰ ਚੇਤੇ ਕਰਾਉਂਦੀ ਹੁੰਦੀ ਸੀ। ਅਜੋਕੇ ਇੰਟਰਨੈਟ ਅਤੇ ਮੋਬਾਇਲ ਫ਼ੋਨ ਵਿੱਚ ਬੰਦ ਦੁਨੀਆ ਅਤੇ ਬ੍ਰਹਿਮੰਡ ਦੇ ਭੀੜ-ਭੜੱਕੇ ਵਿੱਚ ਬੰਦਾ ਖ਼ੁਦ ਬੌਂਦਲ ਗਿਆ ਹੈ ਅਤੇ ਗੁਆਚ ਵੀ ਰਿਹਾ ਹੈ। ਚੁੰਨੀਆਂ ਗਾਇਬ ਹੋ ਗਈਆਂ ਨੇ…

ਏੈਨੀ ਭੀੜ ਵਿੱਚ ਗੁਆਚਣ ਲੱਗ ਪਏ
ਚੇਤੇ ਤੇ ਫ਼ਿਰ ਚੁੰਨੀਆਂ ਤੱਕ ਗਾਇਬ ਹੋ ਗਈਆਂ

ਇਸ ਪੁਸਤਕ ਦੀ ਆਖਰੀ ਕਵਿਤਾ “ਜਾਪਦਾ ਰਹਿੰਦਾ” ਦੀਆਂ ਖ਼ੂਬਸੂਰਤ ਲਾਈਨਾਂ ਖ਼ੂਬਸੂਰਤੀ ਨਾਲ਼ ਅਰਤਿੰਦਰ ਸੰਧੂ ਦੇ ਕਾਵਿ ਮਨ ਦੇ ਅਨੁਭਵਾਂ, ਅਹਿਸਾਸਾਂ ਨੂੰ ਪਾਠਕਾਂ ਦੇ ਸਨਮੁੱਖ ਕਰਦੀ ਹੈ…

ਜਾਪਦਾ ਰਹਿੰਦਾ ਮੈਨੂੰ
ਕਿ ਸ਼ਬਦ ਵੀ ਹੁੰਦੇ ਨੇ
ਬੰਦਿਆਂ ਵਰਗੇ ਹੀ
ਬਾਹਰੋਂ ਕੁਝ… ਕੁਝ ਹੋਰ ਅੰਦਰੋਂ

ਪੁਸਤਕ ਵਿਚ ਸ਼ਾਮਲ ‘ਜ਼ਿੰਦਗੀ ਦਾ ਨਾਦ’, ‘ਬਦਲਾਅ’, ‘ਅਕੱਥ ਕਥਾ’, ‘ਕਰਮ ਵਿਕਾਸ ਤੋਂ ਪਿੱਛੋਂ’, ਲਾਲ ਰੰਗ’, ‘ਅਸੀਂ ਘਾਹ ਹੁੰਦੇ ਹਾਂ’, ‘ਨੀਂਦ ਦੇ ਕਤਰੇ’, ‘ਸਥਾਨ’, ‘ਚਿੜੀਆ ਘਰ’, ‘ਪਰੀ ਕਹਾਣੀਆਂ ਪੜ੍ਹਦਿਆਂ’, ‘ਚੇਤੇ ਨਹੀਂ ਰਹਿੰਦੀ ਕਵਿਤਾ ਹੁਣ’, ‘ਅਸੀਂ ਆਮ ਲੋਕ’, ‘ਲਾਲ ਦੁਪੱਟਾ ਮਲਮਲ ਦਾ’, ‘ਨਵਾਂ ਦੇਵਤਾ’, ‘ਸਮੇਂ ਦੀ ਜੂਨ’, ‘ਹੁਕਮਰਾਨ’ ਅਤੇ ‘ਇਕੱਠਿਆਂ ਤੁਰਨਾ’ ਆਦਿ ਕਵਿਤਾਵਾਂ ਵੀ ਪੜ੍ਹਨਯੋਗ ਹਨ ਜੋ ਪਾਠਕ ਨੂੰ ਨਾਲ਼ ਤੋਰਦੀਆਂ ਹਨ।

ਬਿਸਾਤ ਸੰਗ੍ਰਹਿ ਦੀਆਂ ਕਵਿਤਾਵਾਂ ਦੇ ਵਿਸ਼ਿਆਂ ਵਿੱਚ ਵੰਨ-ਸੁਵੰਨਤਾ ਹੈ। ਪਾਠਕ ਦੀ ਅਰੰਭ ਤੋਂ ਅੰਤ ਤੱਕ ਉਤਸੁਕਤਾ ਬਣੀ ਰਹਿੰਦੀ ਹੈ।

ਬਿਸਾਤ ਕਾਵਿ ਸੰਗ੍ਰਹਿ ਪੁਸਤਕ ਨੂੰ ਸਮੁੱਚੇ ਰੂਪ ਅਤੇ ਖੁੱਲ੍ਹੇ ਮਨ ਨਾਲ ਪੜ੍ਹਦਿਆਂ, ਜਾਣਦਿਆਂ ਅਤੇ ਮਾਣਦਿਆਂ ਮੈਨੂੰ ਬਹੁਤ ਹੀ ਖ਼ੂਬਸੂਰਤ ਸਿਰਜਣਾ ਲੱਗੀ ਜੋ ਲੇਖਕ ਦੇ ਮਨ ਦਾ ਸੁਨੇਹਾ ਪਾਠਕਾਂ ਦੀ ਰੂਹ ਤੱਕ ਪਹੁੰਚਾਉਂਦੀ ਹੈ। ਆਸ ਹੈ ਕਿ ਅਰਤਿੰਦਰ ਜੀ ਆਪਣੇ ਅਗਲੇ ਸਾਹਿਤਕ ਪੈਂਡਿਆਂ ‘ਤੇ ਚਲਦਿਆਂ ਨਿਵੇਕਲੀਆਂ ਪੈੜਾਂ ਪਾਉਂਦੀ ਰਹੇਗੀ !!
***
ਡਾ. ਕੁਲਵਿੰਦਰ ਸਿੰਘ ਬਾਠ
ਕੈਲੀਫ਼ੋਰਨੀਆ, ਯੂ ਐਸ ਏ

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
**
1849
***

+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ
ਡਾ. ਕੁਲਵਿੰਦਰ ਸਿੰਘ ਬਾਠ
ਕੈਲੀਫ਼ੋਰਨੀਆ, ਯੂ ਐਸ ਏ
+1 209 600 2897

ਡਾ. ਕੁਲਵਿੰਦਰ ਸਿੰਘ ਬਾਠ

ਡਾ. ਕੁਲਵਿੰਦਰ ਸਿੰਘ ਬਾਠ
ਕੈਲੀਫ਼ੋਰਨੀਆ, ਯੂ ਐਸ ਏ
+1 209 600 2897

View all posts by ਡਾ. ਕੁਲਵਿੰਦਰ ਸਿੰਘ ਬਾਠ →