|
ਸਾਹਿਤਯਸ਼ਿਲਾ ਪ੍ਰਕਾਸ਼ਨ ਦਿੱਲੀ ਨੇ ਇਸੇ ਵਰ੍ਹੇ ਡਾ. ਬਿੰਦਰਾ ਦੀ ਸਾਹਿਤਕ ਮੁਲਾਕਾਤਾਂ ਦੀ ਪੁਸਤਕ ‘ਕਿਛੁ ਸੁਣੀਐ ਕਿਛੁ ਕਹੀਐ’ (ਪੰਨੇ 199, ਮੁੱਲ 300/- ਰੁਪਏ) ਪ੍ਰਕਾਸ਼ਿਤ ਕੀਤੀ ਹੈ, ਜਿਸ ਵਿੱਚ 11 ਲੇਖਕਾਂ ਨਾਲ ਸਵਾਲ-ਜਵਾਬ ਹਨ, 12ਵੇਂ ਲੇਖਕ ਵਜੋਂ ਬਿੰਦਰਾ ਆਪ ਸ਼ਾਮਲ ਹੈ, ਜਿਸ ਨਾਲ ਕਹਾਣੀਕਾਰ ਜਿੰਦਰ ਨੇ ਮੁਲਾਕਾਤ ਕੀਤੀ ਹੈ। ਪੁਸਤਕ ਵਿੱਚ ਹਰ ਵਿਧਾ ਦੇ ਲੇਖਕ ਹਨ : 2 ਨਾਵਲਕਾਰ (ਰਾਮ ਸਰੂਪ ਅਣਖੀ, ਦਰਸ਼ਨ ਸਿੰਘ), 6 ਕਹਾਣੀਕਾਰ (ਸੁਖਵੰਤ ਕੌਰ ਮਾਨ, ਨਿਰਮਲ ਜਸਵਾਲ, ਜਿੰਦਰ, ਸੁਰਿੰਦਰ ਸਿੰਘ ਓਬਰਾਏ, ਜਰਨੈਲ ਸਿੰਘ, ਜਤਿੰਦਰ ਸਿੰਘ ਹਾਂਸ), 2 ਕਵੀ (ਮੋਹਨਜੀਤ, ਅਮੀਆ ਕੁੰਵਰ), 1 ਨਾਟਕਕਾਰ (ਸਵਰਾਜਬੀਰ), 1 ਆਲੋਚਕ (ਡਾ. ਬਿੰਦਰਾ)। ਡਾ. ਬਿੰਦਰਾ ਨੇ ਲੇਖਕਾਂ ਨੂੰ ਉਨ੍ਹਾਂ ਦੀਆਂ ਲਿਖਤਾਂ, ਲਿਖਣ ਵੇਲਾ, ਸਮਾਜਕ ਚੌਗਿਰਦਾ, ਪਾਤਰਾਂ, ਘਟਨਾਵਾਂ, ਪੇਸ਼ਕਾਰੀ ਆਦਿ ਬਾਰੇ ਬਹੁਤ ਢੁਕਵੇਂ ਸੁਆਲ ਪੁੱਛੇ ਹਨ। ਇਨ੍ਹਾਂ ਸੁਆਲਾਂ ਤੋਂ ਇੱਕ ਗੱਲ ਪ੍ਰਤੱਖ ਹੈ ਕਿ ਬਿੰਦਰਾ ਨੇ ਸੰਬੰਧਿਤ ਲੇਖਕਾਂ ਦੀਆਂ ਸਾਰੀਆਂ ਕਿਤਾਬਾਂ ਬੜੇ ਗਹੁ ਨਾਲ ਪੜ੍ਹੀਆਂ ਹਨ ਤੇ ਉਨ੍ਹਾਂ ਵਿੱਚੋਂ ਉਭਰਦੇ ਪ੍ਰਸ਼ਨ ਹੀ ਲੇਖਕ ਨੂੰ ਕੀਤੇ ਹਨ। ਵੱਖ ਵੱਖ ਸਮੇਂ ਕੀਤੀਆਂ/ਛਪੀਆਂ ਮੁਲਾਕਾਤਾਂ ਨੂੰ ਡਾ. ਬਿੰਦਰਾ ਨੇ ਇਸ ਪੁਸਤਕ ਵਿੱਚ ਸੰਭਾਲ ਲਿਆ ਹੈ, ਜਿਸ ਤੋਂ ਨਵੀਂ ਪੀੜ੍ਹੀ ਦੇ ਲੇਖਕਾਂ/ਪਾਠਕਾਂ ਨੂੰ ਭਰਪੂਰ ਮਦਦ/ਪ੍ਰੇਰਨਾ ਮਿਲ ਸਕੇਗੀ। ਰਾਮ ਸਰੂਪ ਅਣਖੀ ਨੇ ਦੱਸਿਆ ਹੈ ਕਿ ਉਹ ਵੱਡੇ ਸ਼ਹਿਰਾਂ ਦੀ ਧੜੇਬੰਦੀ ਤੋਂ ਬਚਿਆ ਹੋਇਆ ਹੈ, ਕਿਉਂਕਿ ਉਹ ਆਪਣੇ ਪਿੰਡ ਧੌਲੇ ਜਾਂ ਬਰਨਾਲੇ ਨਾਲ ਹੀ ਜੁੜਿਆ ਰਿਹਾ। ਉਹਦੀਆਂ ਲਿਖਤਾਂ ਬਠਿੰਡਾ-ਮਾਲਵੇ ਦੇ ਪਿੰਡਾਂ ਨਾਲ ਸੰਬੰਧਿਤ ਹਨ। ਕਣਕਾਂ ਦਾ ਕਤਲਾਮ, ਬਾਰਾਂਤਾਲੀ, ਗੇਲੋ, ਦੁੱਲੇ ਦੀ ਢਾਬ, ਕੋਠੇ ਖੜਕ ਸਿੰਘ, ਪਰਤਾਪੀ, ਮਲ੍ਹੇ ਝਾੜੀਆਂ, ਆਪਣੀ ਮਿੱਟੀ ਦੇ ਰੁੱਖ, ਕੱਤਣੀ ਮਾਰੇ ਫੁੰਕਾਰੇ ਆਦਿ ਲਿਖਤਾਂ ਦਾ ਰਚੈਤਾ ਮਰਹੂਮ ਅਣਖੀ ਗਰਮੀਆਂ ਵਿੱਚ ਸਵੇਰੇ ਚਾਰ ਵਜੇ ਅਤੇ ਸਰਦੀਆਂ ਵਿੱਚ ਪੰਜ ਵਜੇ ਉਠਦਾ ਸੀ। ਜਵਾਨੀ ਵਿੱਚ ਉਹ 4-5 ਘੰਟੇ ਲਗਾਤਾਰ ਲਿਖ ਲੈਂਦਾ ਸੀ। ਉਹ ਅਜਿਹਾ ਲੇਖਕ ਸੀ, ਜਿਸਨੂੰ ਉਹਦੀਆਂ ਕਿਤਾਬਾਂ ਲਈ ਪ੍ਰਕਾਸ਼ਕ ਤੋਂ ਰਾਇਲਟੀ ਮਿਲਦੀ ਰਹੀ। ਵਡੇਰੀ ਉਮਰੇ ਉਹ ਘੱਟ ਲਿਖਣ ਲੱਗ ਪਿਆ ਸੀ। ਉਹਦੇ ਨਾਲ ਇਹ ਗੱਲ ਵਾਪਰੀ ਕਿ ਜਦੋਂ ਦੰਦ ਸਨ, ਉਦੋਂ ਬਦਾਮ ਨਹੀਂ ਸਨ ਤੇ ਜਦੋਂ ਬਦਾਮ ਮਿਲਣ ਲੱਗੇ, ਉਦੋਂ ਦੰਦ ਨਾ ਰਹੇ। ਸੁਖਵੰਤ ਕੌਰ ਮਾਨ ਆਪਣੀ ਕਿਸੇ ਰਚਨਾ ਤੋਂ ਸੰਤੁਸ਼ਟ ਨਹੀਂ ਹੁੰਦੀ। ਇਕੱਲੀ, ਬੀਮਾਰ ਤੇ ਬੇਰੁਜ਼ਗਾਰ ਔਰਤ ਹੋਣ ਕਰਕੇ ਉਹਨੂੰ ਕਈ ਤਰ੍ਹਾਂ ਦੀਆਂ ਮਜਬੂਰੀਆਂ ਸਹਿਣੀਆਂ ਪਈਆਂ। ਉਹਨੇ ਕਹਾਣੀਆਂ ਦੇ ਨਾਲ ਨਾਲ ਨਾਵਲ ਅਤੇ ਬਾਲ ਸਾਹਿਤ ਦੀ ਰਚਨਾ ਵੀ ਕੀਤੀ। ਉਹ ਦੱਸਦੀ ਹੈ ਕਿ ਦਾਲ-ਸਬਜ਼ੀ ਤਾਂ ਉਹਦੀ ਘੱਟ ਹੀ ਸੁਆਦ ਬਣਦੀ ਹੈ ਪਰ ਰਚਨਾ ਪ੍ਰਕਿਰਿਆ ਸਮੇਂ ਉਹ ਆਪਣੀ ਸੰਪੂਰਨਤਾ ਵਿੱਚ ਹੁੰਦੀ ਹੈ। ਨਾਵਲਕਾਰ ਦਰਸ਼ਨ ਸਿੰਘ ਨੇ ਲੰਮਾ ਸਮਾਂ ਅਨੁਵਾਦ ਕਾਰਜ ਤੇ ਪੱਤਰਕਾਰੀ ਕੀਤੀ ਤੇ ਬੜੀ ਦੇਰ ਬਾਦ ਸਾਹਿਤ ਸਿਰਜਣਾ ਸ਼ੁਰੂ ਕੀਤੀ। ਉਹਦੇ ਪਾਤਰ ਸ਼ਹਿਰੀ ਹਨ, ਕਿਉਂਕਿ ਉਹਨੂੰ ਪੇਂਡੂ ਜ਼ਿੰਦਗੀ ਦਾ ਅਨੁਭਵ ਨਹੀਂ ਹੈ। ਉਹ ਸਿੱਟੇ ਕੱਢਣ ਲਈ ਨਹੀਂ ਲਿਖਦਾ। 1970 ਤੋਂ ਪਿੱਛੋਂ ਉਹਨੇ ਅਨੁਵਾਦ ਦਾ ਕੰਮ ਇਸਲਈ ਬੰਦ ਕਰ ਦਿੱਤਾ ਕਿਉਂਕਿ ਉਹਨੂੰ ਜਾਪਿਆ ਕਿ ਪੰਜਾਬੀ ਅਨੁਵਾਦ ਵਿੱਚ ਗਧਾ-ਘੋੜਾ ਸਭ ਇੱਕ ਬਰਾਬਰ ਹਨ। ਉਹ ਆਪਣੀ ਖੁਸ਼ੀ ਲਈ ਪਰ ਨੇਮ ਨਾਲ ਲਿਖਦਾ ਹੈ। ਉਹ ਵਧੀਆ ਪੰਜਾਬੀ ਦਾ ਕਦਰਦਾਨ ਹੈ ਕਿਉਂਕਿ ਉਹਨੇ ਆਪਣੀ ਮਾਂ ਅਤੇ ਵੱਡੀ ਭੈਣ ਤੋਂ ਬਹੁਤ ਚੰਗੀ ਪੰਜਾਬੀ ਸੁਣੀ ਹੈ। ਮੋਹਨਜੀਤ ਦਾ ਜਨਮ ਅੰਮ੍ਰਿਤਸਰ ਵਿੱਚ ਹੋਇਆ ਪਰ ਉਹਦੀ ਨੌਕਰੀ ਤੇ ਘਰ-ਬਾਰ ਦਿੱਲੀ ਵਿੱਚ ਸਨ। ਉਹਨੇ ਕਵਿਤਾ ਤੇ ਕਾਵਿਕ ਰੇਖਾ ਚਿੱਤਰ ਲਿਖੇ। ਪਰ ਪੜ੍ਹਨ ਪੱਖੋਂ ਉਹ ਵਧੇਰੇ ਗਲਪ ਪੜ੍ਹਦਾ ਸੀ। ਉਹਨੂੰ ਸੇਖੋਂ, ਅਤਰ ਸਿੰਘ, ਹਰਿਭਜਨ ਸਿੰਘ ਆਦਿ ਆਲੋਚਕਾਂ ਵਿੱਚ ਗੁੱਟ-ਰਾਜਨੀਤੀ ਦੀ ਬੋਅ ਆਉਂਦੀ ਸੀ। ਜਿੰਦਰ ਨੇ ਦੂਜੀਆਂ ਭਾਸ਼ਾਵਾਂ ਦਾ ਬਹੁਤ ਸਾਰਾ ਸਾਹਿਤ ਪੜ੍ਹਿਆ ਹੈ। ਹਿੰਦੀ ਤੋਂ ਬਿਨਾਂ ਉਹਨੇ ਅੰਗਰੇਜ਼ੀ ਲੇਖਕਾਂ ਦੀਆਂ ਰਚਨਾਵਾਂ ਦਾ ਨਿੱਠ ਕੇ ਅਧਿਐਨ ਕੀਤਾ ਹੈ। ਉਹਨੇ ਆਪਣੀ ਮੁਲਾਕਾਤ ਵਿੱਚ ਹਿੰਦੀ, ਪੰਜਾਬੀ, ਅੰਗਰੇਜ਼ੀ ਲੇਖਕਾਂ ਨੂੰ ਆਪਣੇ ਵਿਚਾਰਾਂ ਦੀ ਪੁਸ਼ਟੀ ਲਈ ਵਰਤਿਆ ਹੈ। ਕਿਸੇ ਵੀ ਰਚਨਾ ਨੂੰ ਲਿਖਣ ਲਈ ਉਹ ਪਹਿਲਾਂ ਡੂੰਘੀ ਜਾਣਕਾਰੀ ਪ੍ਰਾਪਤ ਕਰਦਾ ਹੈ। ਉਹ ਸਿਰਫ ਸਾਹਿਤਕ ਰਚਨਾਵਾਂ ਹੀ ਨਹੀਂ ਪੜ੍ਹਦਾ, ਸਗੋਂ ਦਰਸ਼ਨ-ਸ਼ਾਸਤਰ ਅਤੇ ਮਨੋਵਿਗਿਆਨ ਵਿੱਚ ਵੀ ਰੁਚੀ ਲੈਂਦਾ ਹੈ। ਉਹ ਇਸ ਵਿਚਾਰ ਦਾ ਹਮਾਇਤੀ ਹੈ ਕਿ ਸਮੇਂ ਨਾਲ ਖੁਦ ਨੂੰ ਬਦਲਣਾ ਬੜਾ ਜ਼ਰੂਰੀ ਹੈ। ਸੁਰਜੀਤ ਓਬਰਾਏ (ਜਨਮ 1936) ਨੇ ਸਾਇੰਸ ਦਾ ਵਿਦਿਆਰਥੀ ਹੋਣ ਦੇ ਬਾਵਜੂਦ ਪੰਜਾਬੀ ਵਿੱਚ ਤਿੰਨ ਕਹਾਣੀ ਸੰਗ੍ਰਹਿ ਤੇ ਹਾਸ ਵਿਅੰਗ ਦੀ ਪੁਸਤਕ ਲਿਖੀ ਹੈ। ਉਹਨੇ ‘ਮਾਯਾ ਮਨੋਹਰ ਕਹਾਨੀਆਂ’ ਨੂੰ ਪੜ੍ਹ ਕੇ 1958 ਵਿੱਚ ਲਿਖਣਾ ਸ਼ੁਰੂ ਕੀਤਾ ਸੀ। ਉਹਨੇ ਲਿਖਣ ਲਈ ਇੱਕ ਦਿਨ ਤੋਂ ਲੈ ਕੇ 40-45 ਸਾਲ ਤੱਕ ਦਾ ਸਮਾਂ ਲਿਆ ਹੈ। ਉਹ ਹੱਡਬੀਤੀ/ਤਜਰਬੇ ਨਾਲੋਂ ਕਲਪਨਾਤਮਕ ਰਚਨਾਵਾਂ ਨੂੰ ਮਹੱਤਵਪੂਰਣ ਮੰਨਦਾ ਹੈ। ਉਹ ਪੰਜਾਬੀ ਦੀ ਕਹਾਣੀ ਨੂੰ ਵਿਸ਼ਵ-ਕਹਾਣੀ ਤੋਂ ਕਿਸੇ ਤਰ੍ਹਾਂ ਵੀ ਘੱਟ ਨਹੀਂ ਸਮਝਦਾ। ਨਵੀਂ ਪੀੜ੍ਹੀ ਦੇ ਲੇਖਕ ਵਜੋਂ ਜਤਿੰਦਰ ਹਾਂਸ ਨੂੰ 2018 ਵਿੱਚ ਉਹਦੇ ਕਹਾਣੀ ਸੰਗ੍ਰਹਿ ‘ਜਿਉਣਾ ਸੱਚ ਬਾਕੀ ਝੂਠ’ ਲਈ ਢਾਹਾਂ ਪੁਰਸਕਾਰ ਮਿਲਿਆ ਹੈ। ਉਹਦੀਆਂ ਕਈ ਕਹਾਣੀਆਂ ਹਿੰਦੀ ਵਿੱਚ ਅਨੁਵਾਦ ਹੋਈਆਂ ਹਨ ਤੇ ਕਈਆਂ ਉੱਤੇ ਫਿਲਮਾਂ ਬਣ ਚੁੱਕੀਆਂ ਹਨ। ਕੁਝ ਫਿਲਮਾਂ ਵਿੱਚ ਉਹਨੇ ਅਦਾਕਾਰੀ ਵੀ ਕੀਤੀ ਹੈ। ਉਹ ਮੰਨਦਾ ਹੈ ਕਿ ਸਾਹਿਤ ਦਾ ਅਜਨਬੀਕਰਣ ਹੁੰਦਾ ਹੈ। ਉਹਨੂੰ ਸਾਹਿਤ ਪੜ੍ਹਨਾ ਤੇ ਲਿਖਣਾ ਦੁਨੀਆਂ ਦਾ ਸਭ ਤੋਂ ਖੂਬਸੂਰਤ ਕੰਮ ਲੱਗਦਾ ਹੈ। ਪੁਸਤਕ ਵਿਚਲੇ ਬਾਕੀ ਸਾਰੇ ਰਚਨਾਕਾਰਾਂ ਨਾਲ ਮੁਲਾਕਾਤਾਂ ਵੀ ਬਹੁਤ ਦਿਲਚਸਪ ਅਤੇ ਜਾਣਕਾਰੀ ਭਰਪੂਰ ਹਨ। ਇਨ੍ਹਾਂ ਦੀ ਦੇਣ/ਸਾਹਿਤਕ ਕੱਦ ਕਿਸੇ ਪੱਖੋਂ ਵੀ ਘੱਟ ਨਹੀਂ ਹੈ। ਮੇਰਾ ਵਿਚਾਰ ਹੈ ਕਿ ਟਾਈਟਲ ਤੇ ਜਾਂ ਅੰਦਰਵਾਰ ਜੇ ਲੇਖਕਾਂ ਦੀਆਂ ਤਸਵੀਰਾਂ ਵੀ ਛਪ ਜਾਂਦੀਆਂ ਤਾਂ ਹੋਰ ਵੀ ਪ੍ਰਭਾਵਸ਼ਾਲੀ ਹੋਣਾ ਸੀ। ਬਹਿਰਹਾਲ, ਡਾ. ਬਿੰਦਰਾ ਦੇ ਪ੍ਰਸ਼ਨ ਬਹੁਤ ਗੰਭੀਰ ਕਿਸਮ ਦੇ ਹਨ ਤੇ ਸੰਬੰਧਿਤ ਲੇਖਕਾਂ ਨੇ ਵੀ ਉਨੇ ਹੀ ਡੂੰਘੇ ਤੇ ਸਟੀਕ ਜਵਾਬ ਦਿੱਤੇ ਹਨ। ਇਹ ਪੁਸਤਕ ਹਰ ਲੇਖਕ/ਪਾਠਕ ਨੂੰ ਪੜ੍ਹਨੀ ਚਾਹੀਦੀ ਹੈ, ਖਾਸ ਤੌਰ ਤੇ ਖੋਜਾਰਥੀਆਂ ਲਈ ਇਹ ਕਿਤਾਬ ਕਾਫੀ ਲਾਹੇਵੰਦ ਹੈ। |
|
*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ। |
ਪ੍ਰੋ. ਨਵ ਸੰਗੀਤ ਸਿੰਘ
1, ਲਤਾ ਇਨਕਲੇਵ,
ਪਟਿਆਲਾ-147002
ਪੰਜਾਬ, ਭਾਰਤ
ਫੋਨ:+91 9417692015

by
ਡਾ. ਜਸਵਿੰਦਰ ਕੌਰ ਬਿੰਦਰਾ ਨੇ ਐਮਏ (ਪੋਲ. ਸਾਇੰਸ ਅਤੇ ਪੰਜਾਬੀ) ਅਤੇ ਪੀਐਚਡੀ ਕਰਕੇ ਕੁਝ ਸਮਾਂ ਦਿੱਲੀ ਯੂਨੀਵਰਸਿਟੀ ਅਤੇ ਗੁਰੂ ਨਾਨਕ ਖਾਲਸਾ ਕਾਲਜ ਵਿੱਚ ਨੌਕਰੀ ਕੀਤੀ। ਉਹਨੇ ਆਲੋਚਨਾ ਦੇ ਖੇਤਰ ਵਿੱਚ ਵਧੀਆ ਕੰਮ ਕੀਤਾ ਹੈ, ਜਿਸ ਵਿੱਚ ਉਹਦੀਆਂ 6 ਕਿਤਾਬਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਪੰਜਾਬੀ ਤੋਂ ਹਿੰਦੀ ਅਤੇ ਹਿੰਦੀ ਤੋਂ ਪੰਜਾਬੀ ਵਿੱਚ ਅਨੁਵਾਦ ਦੀਆਂ 6 ਪੁਸਤਕਾਂ ਛਪ ਚੁੱਕੀਆਂ ਹਨ। ਪ੍ਰੋ. ਪੂਰਨ ਸਿੰਘ, ਪੀਲੂ ਅਤੇ ਕੁਝ ਹੋਰ ਕਿਤਾਬਾਂ ਦੀ ਉਹਨੇ ਸੰਪਾਦਨਾ ਕੀਤੀ ਹੈ।