|
ਜਿਨ੍ਹਾਂ ਵਿਸ਼ਿਆਂ ਨੂੰ ਵਿਅੰਗ ਦੀ ਚਾਸ਼ਣੀ ਵਿੱਚ ਡੁਬੋਇਆ ਗਿਆ ਹੈ, ਉਨ੍ਹਾਂ ਵਿੱਚ ਗੱਲਾਂ, ਜ਼ਬਾਨ, ਮੋਟਾਪਾ, ਬੂਬਨੇ, ਸੇਵਾਮੁਕਤੀ, ਤਣਾਓ, ਪਤਨੀ, ਦਲ-ਬਦਲੂ, ਸੇਲ, ਸੰਸਕਾਰ, ਪਟਵਾਰੀ ਜਿਹੇ ਆਮ ਤੇ ਜਾਣੇ-ਪਛਾਣੇ ਮਜ਼ਮੂਨ ਉੱਭਰ ਕੇ ਸਾਹਮਣੇ ਆਏ ਹਨ। ਪਹਿਲਾ ਸਿਰਲੇਖ ਹੈ- ‘ਗੱਲਾਂ ਦਾ ਕੜਾਹ’, ਜਿਸ ਵਿੱਚ ਲੇਖਕ ਨੇ ਗੱਲਾਂ ਰਾਹੀਂ ਹੀ ਆਪਣੀ ਪੈਂਠ ਜਮਾਉਣ ਵਾਲੇ ਲੋਕਾਂ ਦਾ ਚੀਰ-ਹਰਣ ਕੀਤਾ ਹੈ। ਇਸ ਵਿੱਚ ਪੰਜਾਬ ਦੇ ਇੱਕ ਮੰਤਰੀ, ਲੇਖਕ ਦਵਿੰਦਰ ਦੀਦਾਰ, ਸ਼ੇਖ ਸਾਅਦੀ ਨੂੰ ਉਭਰਵੇਂ ਰੂਪ ਵਿੱਚ ‘ਕੋਟ’ ਕੀਤਾ ਗਿਆ ਹੈ। ‘ਉੱਸਲਬੱਟੇ ਲੈਂਦੀ ਜ਼ਬਾਨ’ ਵਿੱਚ ਚੁੱਪ ਅਤੇ ਬੋਲ ਦੀ ਮਹੱਤਾ/ਫ਼ਰਕ ਨੂੰ ਸਮਝਾਇਆ ਗਿਆ ਹੈ। ਲੇਖਕ ਨੇ ਇਸ ਗੱਲ ਤੇ ਜ਼ੋਰ ਦਿੱਤਾ ਹੈ ਕਿ “ਕਮਾਨੋਂ ਨਿਕਲਿਆ ਤੀਰ ਅਤੇ ਜ਼ਬਾਨੋਂ ਨਿਕਲੇ ਬੋਲ ਕਦੇ ਵਾਪਸ ਨਹੀਂ ਮੁੜਦੇ”। ਇਸ ਲੇਖ ਵਿੱਚ ਲੇਖਕ ਨੇ ਬਸ਼ੀਰ ਬਦ੍ਰ ਦੇ ਇੱਕ ਸ਼ੇਅਰ ਨੂੰ ਖਾਸ ਤੌਰ ਤੇ ਉਧ੍ਰਿਤ ਕੀਤਾ ਹੈ। ‘ਢਿੱਡ ਘਟਾਓ ਪਰਮੋਸ਼ਨ ਪਾਓ’ ਵਿੱਚ ਮੋਟੀ ਗੋਗੜ ਵਾਲਿਆਂ ਦੀਆਂ ਪ੍ਰੇਸ਼ਾਨੀਆਂ ਤੇ ਹੱਲ ਨੂੰ ਲੈ ਕੇ ਢਿੱਡੀਂ ਪੀੜਾਂ ਪਾਈਆਂ ਗਈਆਂ ਹਨ। ਲੇਖਕ ਦੀ ਕਲਮ ਲਾਲਾ ਰਾਮਦੇਵ ਅਤੇ ਮਹਿਕਮਾ ਪੁਲੀਸ ਨੂੰ ਆੜੇ ਹੱਥੀਂ ਲੈਂਦੀ ਹੈ। ‘ਮਿੱਠੀਆਂ ਨਮੋਲੀਆਂ’ ਵਿੱਚ ਓਸ਼ੋ ਰਜਨੀਸ਼, ਭਾਰਤ-ਜਪਾਨ, ਛੜਿਆਂ ਦੀ ਕਾਰਗੁਜ਼ਾਰੀ ਦਾ ਲੇਖਾ-ਜੋਖਾ ਮਿਲਦਾ ਹੈ। ਸੰਗ੍ਰਹਿ ਦਾ ਸ਼ੀਰਸ਼ਕ ਲੇਖ ਬੜੀ ਮਿਹਨਤ ਨਾਲ ਲਿਖਿਆ ਗਿਆ ਹੈ। ਇਸ ਵਿੱਚ ਖੁੰਬਾਂ ਵਾਂਗ ਉੱਗੇ ਬਾਬਿਆਂ ਦੀ ਚੰਗੀ ਤੌਣੀ ਲਾਹੀ ਗਈ ਹੈ। ਪ੍ਰਸਿੱਧ ਦਾਰਸ਼ਨਿਕ ਜੌਸਫ਼, ਅਹੱਲਿਆ ਦੇ ਪੱਥਰ ਹੋਣ ਦੀ ਮਿੱਥ ਕਥਾ, ਹਰਭਜਨ ਸਿੰਘ ਯੋਗੀ ਆਦਿ ਪ੍ਰਸੰਗਾਂ ਨੂੰ ਵਿਚਾਰਾਂ ਦੀ ਪ੍ਰੋੜਤਾ ਲਈ ਢੁਕਵੀਂ ਥਾਂ ਵਰਤਿਆ ਹੈ। ‘ਸੱਤਵੀਂ ਰੁੱਤ ਦੇ ਸ਼ਾਹ ਸਵਾਰ’ ਵਿੱਚ ਦਲ-ਬਦਲੂਆਂ ਦੀ ਖੂਬ ਖੁੰਬ ਠੱਪੀ ਹੈ। ਸ਼ਾਇਰ ਪ੍ਰਮੋਦ ਕਾਫ਼ਿਰ, ਅਮਰੀਕਾ ਦਾ ਚਿੜੀਆ ਘਰ, ਭਾਰਤੀ ਚੋਣ ਦ੍ਰਿਸ਼ ਨੇ ਇਸ ਮਜ਼ਮੂਨ ਵਿੱਚ ਖਾਸ ਥਾਂ ਬਣਾਈ ਹੈ। ‘ਤੂੰ ਕਾਹਦਾ ਪਟਵਾਰੀ’ ਵਿੱਚ ਲੇਖਕ ਨੇ ਆਪਣੀ ਹੱਡਬੀਤੀ ਦਾ ਕਿੱਸਾ ਤਾਂ ਸ਼ਾਮਲ ਕੀਤਾ ਹੀ ਹੈ, ਨਾਲ ਨਾਲ ਅਮਰੀਕੀ ਰਾਸ਼ਟਰਪਤੀਆਂ ਤੇ ਉਨ੍ਹਾਂ ਦੀਆਂ ਪਤਨੀਆਂ ਦੀ ਰੋਜ਼ਮੱਰਾ ਜ਼ਿੰਦਗੀ ਨੂੰ ਵੀ ਪੇਸ਼ ਕੀਤਾ ਹੈ। ‘ਕਿੱਧਰ ਗਏ ਉਹ ਲੋਕ ਤੇ ਸਭਿਆਚਾਰ’ ਵਿੱਚ ਲੇਖਕ ਨੇ ਪੰਜਾਬੀ ਵਿਰਸੇ ਤੇ ਵਰਤਮਾਨ ਦੇ ਰੂਬਰੂ ਹੋ ਕੇ ਅਖੌਤੀ ਆਧੁਨਿਕਤਾ ਦੇ ਬਖ਼ੀਏ ਉਧੇੜੇ ਹਨ। ਫੋਕੀ ਟੌਅਰ, ਵਿਖਾਵਾ ਤੇ ਫ਼ੂੰ-ਫ਼ਾਂ ਤਾਂ ਇਉਂ ਹੈ, ਜਿਵੇਂ ਅੱਡੀਆਂ ਚੁੱਕ ਕੇ ਫਾਹਾ ਲਿਆ ਜਾਵੇ। ‘ਰੀਟਾਇਰ ਬੰਦੇ ਵੀ ਬੜੇ ਕੰਮ ਦੇ ਹੁੰਦੇ ਨੇ ਜੇ ਕਿਤੇ…’ ਵਿੱਚ ਸੇਵਾਮੁਕਤ ਲੋਕਾਂ ਦੀਆਂ ਪੱਕ ਚੁੱਕੀਆਂ ਮਾੜੀਆਂ ਆਦਤਾਂ ਨੂੰ ਸਮੇਂ ਦੇ ਹਿਸਾਬ ਨਾਲ ਬਦਲਣ ਬਾਰੇ ਸੰਕੇਤ ਹੈ ਤੇ ਸੇਵਾਮੁਕਤੀ ਤੋਂ ਬਾਦ ਚੰਗਾ, ਸੁੱਚਾ ਜੀਵਨ ਜੀਣ ਦੇ ਅਮਲ ਦੀ ਲੋੜ ਨੂੰ ਉਭਾਰਿਆ ਹੈ। ‘ਇਮਿਉਨਿਟੀ ਵਧਾਓ-ਟੈਂਸ਼ਨ ਘਟਾਓ’ ਵਿੱਚ ਤਣਾਓ ਰਹਿਤ ਅਤੇ ਚੰਗੀ ਜ਼ਿੰਦਗੀ ਜੀਣ ਲਈ ਖੁਸ਼ ਰਹਿਣ ਦੀ ਗੱਲ ਕੀਤੀ ਗਈ ਹੈ। ਲੇਖਕ ਵੱਡਿਆਂ ਤੋਂ ਕੁੱਟ ਖਾਣ, ਝਿੜਕਾਂ ਖਾਣ, ਪਤਨੀ ਦੇ ਸ਼ਾਂਤ ਰਹਿਣ, ਇੱਕ-ਅੱਧ ਪੈਗ ਪੀਣ ਆਦਿ ਨੂੰ ਇਮਿਉਨਿਟੀ ਵਿੱਚ ਵਾਧੇ ਦੀ ਚੰਗੀ ਖੁਰਾਕ ਦੱਸਦਾ ਹੈ। ‘ਇਹ ਬਜ਼ੁਰਗੀ ਮੇਰੇ ਸਿਰ ਨਾ ਮੜ੍ਹੋ’ ਵਿੱਚ ਅੰਗਰੇਜ਼ੀ ਲੇਖਕ ਡੀ. ਮੈਥਾਰਟਨ ਦੇ ਹਵਾਲੇ ਨਾਲ ਦੱਸਿਆ ਹੈ ਕਿ ਬੰਦਾ ਬੁੱਢਾ ਉਦੋਂ ਹੁੰਦਾ ਹੈ ਜਦੋਂ ਉਹਦੀ ਇੱਛਾ ਸ਼ਕਤੀ ਤੇ ਸੋਚ ਨਾਕਾਰਾਤਮਕ ਹੋ ਜਾਂਦੀ ਹੈ। ਇਸੇ ਰਚਨਾ ਵਿੱਚ ਸਪਸ਼ਟ ਕੀਤਾ ਹੈ ਕਿ ਕਿਤੇ ਘੁੰਮਣ-ਫਿਰਨ ਨੂੰ ਜੀਅ ਨਾ ਕਰਨਾ, ਨਵੇਂ ਕੱਪੜੇ ਨਾ ਖਰੀਦਣਾ, ਨੌਜਵਾਨਾਂ ਦੇ ਫੈਸ਼ਨਾਂ ਤੇ ਟਿੱਪਣੀਆਂ ਕਰਨਾ, ਆਧੁਨਿਕ ਗੀਤ-ਸੰਗੀਤ ਤੇ ਤਨਜ਼ ਕਸਣਾ- ਸਭ ਬੁੱਢੇ ਹੋਣ ਦੀਆਂ ਨਿਸ਼ਾਨੀਆਂ ਹਨ। ‘ਨਵੇਂ ਲੇਖਕਾਂ ਲਈ ਸਾਹਿਤਕ ਸੁਵਿਧਾ ਕੇਂਦਰ’ ਵਿੱਚ ਨਵੇਂ ਲੇਖਕਾਂ ਲਈ ਅਜਿਹੀ ਸੰਸਥਾ ਦੀ ਵਕਾਲਤ ਕੀਤੀ ਗਈ ਹੈ, ਜਿਸ ਵਿੱਚ ਕਿਸੇ ਲੇਖਕ ਦੀ ਪੁਸਤਕ ਦੀ ਛਪਾਈ ਤੋਂ ਲੈ ਕੇ ਪ੍ਰਚਾਰ-ਪ੍ਰਸਾਰ ਤੱਕ ਹਰ ਤਰ੍ਹਾਂ ਦਾ ਪ੍ਰਬੰਧ ਹੋਵੇ। ‘ਘਰ ਗ੍ਰਹਿਸਥੀ ਵਿੱਚ ਪਤਨੀਆਂ ਦਾ ਯੋਗਦਾਨ’ ਵਿੱਚ ਪਤਨੀਆਂ ਵੱਲੋਂ ਘਰ ਬੈਠ ਕੇ ਕੀਤੇ ਜਾਣ ਵਾਲੇ ਵੰਨ-ਸੁਵੰਨੇ ਕੰਮਾਂ ਦੀ ਸੂਚੀ ਉਲੀਕੀ ਗਈ ਹੈ, ਜਿਸ ਵਿੱਚ ਵਿਹਲੇ ਪਤੀ ਨੂੰ ਚਾਹ ਬਣਾਉਣ ਦੀ ਟ੍ਰੇਨਿੰਗ, ਸਫ਼ਾਈ, ਝਾੜੂ-ਪੋਚਾ, ਸਿਲਾਈ, ਟਿਫ਼ਿਨ ਸਰਵਿਸ ਆਦਿ ਸ਼ਾਮਲ ਹੈ। ‘ਪਾ ਕੇ ਲੌਂਗ ਬਿਗਾਨਾ’ ਵਿੱਚ ਸੁਚੱਜੇ ਤੇ ਕੁਚੱਜੇ ਸਲਾਹਕਾਰਾਂ ਦਾ ਵੇਰਵਾ ਹੈ ਤੇ ਦੱਸਿਆ ਹੈ ਕਿ ਬਿਗਾਨੀ ਘਟੀਆ ਚੀਜ਼ ਨਾਲ ਆਪਣੀ ਮਹਿੰਗੀ ਚੀਜ਼ ਵਟਾਉਣੀ ਕਿੱਥੋਂ ਦੀ ਸਿਆਣਪ ਹੈ! ‘ਜੋ ਲੈ ਗਿਆ ਸੋ ਲੈ ਗਿਆ’ ਵਿੱਚ ਦੁਕਾਨਦਾਰਾਂ ਵੱਲੋਂ ਬਜ਼ਾਰਾਂ ਵਿੱਚ ਐਤਵਾਰ ਨੂੰ ਲਾਉਣ ਵਾਲੀਆਂ ਸੇਲਾਂ ਦਾ ਜ਼ਿਕਰ ਹੈ। ਮੁਫ਼ਤ ਜਾਂ ਸਸਤੀਆਂ ਮਿਲਣ ਵਾਲੀਆਂ ਚੀਜ਼ਾਂ ਥੁੜਚਿਰੀ ਖੁਸ਼ੀ ਦਿੰਦੀਆਂ ਹਨ, ਬਾਦ ਵਿੱਚ ਲੰਮਾ ਸਮਾਂ ਪਛਤਾਵਾ ਕਰਨਾ ਪੈਂਦਾ ਹੈ।
ਪੁਸਤਕ ਵਿੱਚ ਕੁਝ ਪ੍ਰਸੰਗ ਬੇਹੱਦ ਸੁਆਦਲੇ, ਗ੍ਰਹਿਣਯੋਗ ਅਤੇ ਸਾਂਭਣਯੋਗ ਹਨ, ਜਿਨ੍ਹਾਂ ਨੂੰ ਪੜ੍ਹਨਾ ਦਿਲਚਸਪੀ ਤੋਂ ਕੋਰਾ ਨਹੀਂ ਹੋਵੇਗਾ :
ਮੈਨੂੰ ਪੂਰਾ ਵਿਸ਼ਵਾਸ ਹੈ ਕਿ ਤ੍ਰਿਲੋਕ ਢਿੱਲੋਂ ਦੀ ਇਹ ਕਿਤਾਬ ਵੀ ਉਹਦੀ ਪਿਛਲੀ ਕਿਤਾਬ ਵਾਂਗ ਹਾਸ-ਵਿਅੰਗ ਵਿੱਚ ਝੰਡੇ ਗੱਡੇਗੀ! ਮੌਜੂਦਾ ਜੀਵਨ ਦੀਆਂ ਵਿਸੰਗਤੀਆਂ, ਸਮੱਸਿਆਵਾਂ, ਥੁੜਾਂ ਤੇ ਔਕੜਾਂ ਵਾਲੇ ਮਾਹੌਲ ਵਿੱਚ ਇਹ ਲੇਖ ਹਾਸ-ਵਿਅੰਗ ਦਾ ਛੱਟਾ ਦੇ ਕੇ ਜੀਵਨ ਨੂੰ ਖੁਸ਼ਗਵਾਰ ਬਣਾਉਣ ਵਿੱਚ ਭਰਪੂਰ ਸਹਾਈ ਹੋਣਗੇ! |
|
*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ। |
ਪ੍ਰੋ. ਨਵ ਸੰਗੀਤ ਸਿੰਘ
1, ਲਤਾ ਇਨਕਲੇਵ,
ਪਟਿਆਲਾ-147002
ਪੰਜਾਬ, ਭਾਰਤ
ਫੋਨ:+91 9417692015

by
ਤ੍ਰਿਲੋਕ ਢਿੱਲੋਂ
ਇਨ੍ਹਾਂ ਸਾਰੇ ਲੇਖਾਂ ਵਿੱਚ ਲੇਖਕ ‘ਚਾਚਾ ਘੁਣਤਰੀ’ ਵਜੋਂ ਸ਼ਾਮਲ ਹੈ ਤੇ ਉਹਨੇ ਥਾਂ-ਥਾਂ ਆਪਣੇ ਨਿੱਜੀ ਤਜਰਬੇ ਵੀ ਸਾਂਝੇ ਕੀਤੇ ਹਨ। ਤ੍ਰਿਲੋਕ ਢਿੱਲੋਂ ਦੇ ਇਹ ਲੇਖ ਫੋਕੇ ਜਾਂ ਨੀਰਸ ਤਾਂ ਬਿਲਕੁਲ ਵੀ ਨਹੀਂ ਹਨ। ਇਹ ਹਾਸਰਸ ਨਾਲ ਭਰਪੂਰ ਹਨ ਤੇ ਤਿੱਖਾ ਕਟਾਖ ਵੀ ਕਰਦੇ ਹਨ। ਇਹ ਸਮਾਜਕ, ਰਾਜਨੀਤਕ, ਧਾਰਮਕ, ਸਭਿਆਚਾਰਕ, ਇਤਿਹਾਸਕ, ਮਿਥਿਹਾਸਕ ਢਾਂਚੇ ਉੱਤੇ ਵਾਰ ਕਰਨੋਂ ਵੀ ਗੁਰੇਜ਼ ਨਹੀਂ ਕਰਦੇ। ਲੇਖਕ ਨੇ ਪੁਸਤਕ ਵਿੱਚ ਹੋਰਨਾਂ ਕਿਤਾਬਾਂ ਅਤੇ ਲੇਖਕਾਂ ਦੇ ਹਵਾਲਿਆਂ ਨਾਲ ਥਾਂ ਪੁਰ ਥਾਂ ਆਪਣੇ ਮਤਿ ਦਾ ਜ਼ੋਰਦਾਰ ਪ੍ਰਗਟਾਵਾ ਕੀਤਾ ਹੈ।