|
ਕੁਰੂਕਸ਼ੇਤਰ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਵਿਖੇ ‘ਹਰਿਆਣੇ ਦਾ ਪੰਜਾਬੀ ਸਾਹਿਤ :
ਸਮਾਗਮ ਦੇ ਪਹਿਲੇ ਪੜਾਅ ਯਾਨੀ ਉਦਘਾਟਨੀ ਸੈਸ਼ਨ ਦੀ ਰਸਮੀ ਸ਼ੁਰੂਆਤ ਮੁੱਖ ਮਹਿਮਾਨਾਂ ਅਤੇ ਵਿਦਵਾਨਾਂ ਵੱਲੋਂ ਸ਼ਮ੍ਹਾਂ ਰੌਸ਼ਨ ਕਰਕੇ ਕੀਤੀ ਗਈ, ਜਿਸ ਤੋਂ ਬਾਅਦ ਵਿਦਿਆਰਥੀਆਂ ਵੱਲੋਂ ਸਰਸਵਤੀ ਵੰਦਨਾ ਪੇਸ਼ ਕੀਤੀ ਗਈ। ਪੰਜਾਬੀ ਵਿਭਾਗ ਦੇ ਸਹਾਇਕ ਪ੍ਰੋਫੈਸਰ ਡਾ. ਗੁਰਪ੍ਰੀਤ ਸਿੰਘ ਸਾਹੂਵਾਲਾ ਨੇ ਸੈਮੀਨਾਰ ਦੀ ਭੂਮਿਕਾ ਬੰਨ੍ਹਦਿਆਂ ਸਾਰੇ ਆਏ ਹੋਏ ਅਕਾਦਮਿਕ ਸੱਜਣਾਂ ਦਾ ਸ਼ਬਦੀ ਸਵਾਗਤ ਕੀਤਾ। ਉਨ੍ਹਾਂ ਆਪਣੇ ਸੰਬੋਧਨ ਵਿੱਚ ਕਿਹਾ ਕਿ ਅਜਿਹੇ ਰਾਸ਼ਟਰੀ ਪੱਧਰ ਦੇ ਸੈਮੀਨਾਰ ਵਿਦਿਆਰਥੀਆਂ ਨੂੰ ਸਮਕਾਲੀ ਸਾਹਿਤਕ ਹਲਚਲ ਨਾਲ ਜੋੜਨ ਲਈ ਬਹੁਤ ਜ਼ਰੂਰੀ ਹਨ। ਸੈਮੀਨਾਰ ਵਿੱਚ ਮੁੱਖ ਸੁਰ ਭਾਸ਼ਣ ਪੇਸ਼ ਕਰਦਿਆਂ ਪੰਜਾਬੀ ਵਿਭਾਗ ਦੇ ਮੁਖੀ ਅਤੇ ਹਰਿਆਣਾ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਜਨਰਲ ਸਕੱਤਰ ਡਾ. ਕੁਲਦੀਪ ਸਿੰਘ ਨੇ ਹਰਿਆਣੇ ਵਿੱਚ ਰਚੇ ਜਾ ਰਹੇ ਪੰਜਾਬੀ ਸਾਹਿਤ ਦੇ ਨਵੇਂ ਰੁਝਾਨਾਂ ਅਤੇ ਵਿਸ਼ੇਗਤ ਵਿਭਿੰਨਤਾ ’ਤੇ ਇੱਕ ਬਹੁਤ ਹੀ ਖੋਜ ਭਰਪੂਰ ਅਤੇ ਵਿਸਥਾਰਤ ਭਾਸ਼ਣ ਪੇਸ਼ ਕੀਤਾ। ਉਨ੍ਹਾਂ ਤੱਥਾਂ ਸਹਿਤ ਸਾਬਤ ਕੀਤਾ ਕਿ ਹਰਿਆਣੇ ਦਾ ਪੰਜਾਬੀ ਸਾਹਿਤ ਹੁਣ ਮੁਖ ਧਾਰਾ ਦੇ ਸਾਹਿਤ ਦਾ ਪਰਛਾਵਾਂ ਨਹੀਂ ਰਿਹਾ, ਬਲਕਿ ਇਸ ਨੇ ਇੱਥੋਂ ਦੇ ਸਥਾਨਕ ਲੋਕ-ਰੰਗ, ਸਮਾਜਿਕ ਤਾਣੇ-ਬਾਣੇ, ਵੰਡ ਦੇ ਦਰਦ ਅਤੇ ਕਿਸਾਨੀ ਜੀਵਨ ਦੇ ਸਰੋਕਾਰਾਂ ਨੂੰ ਸਮੇਟ ਕੇ ਆਪਣੀ ਇੱਕ ਨਿਵੇਕਲੀ ਅਤੇ ਮੌਲਿਕ ਪਛਾਣ ਸਥਾਪਿਤ ਕਰ ਲਈ ਹੈ। ਉਨ੍ਹਾਂ ਵੱਖ-ਵੱਖ ਸਾਹਿਤਕ ਵਿਧਾਵਾਂ ਦਾ ਜਿ਼ਕਰ ਕਰਦਿਆਂ ਕਿਹਾ ਕਿ ਹਰਿਆਣੇ ਦੇ ਲੇਖਕ ਵਿਸ਼ਵ ਪੱਧਰੀ ਚੇਤਨਾ ਨਾਲ ਜੁੜ ਰਹੇ ਹਨ। ਇਸਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਅਸੀਂ ਯੂਨੀਵਰਸਿਟੀ ਦੇ ਮਾਣਯੋਗ ਵਾਈਸ-ਚਾਂਸਲਰ ਸਾਹਿਬ ਦੇ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ, ਜਿਨ੍ਹਾਂ ਦੇ ਨਿਰੰਤਰ ਸਹਿਯੋਗ, ਹੌਸਲਾ-ਅਫ਼ਜ਼ਾਈ ਅਤੇ ਯੋਗ ਸਰਪ੍ਰਸਤੀ ਸਦਕਾ ਹੀ ਪੰਜਾਬੀ ਵਿਭਾਗ ਲਗਾਤਾਰ ਅਜਿਹੇ ਉੱਚ-ਪੱਧਰੀ ਅਕਾਦਮਿਕ ਅਤੇ ਸਾਹਿਤਕ ਪ੍ਰੋਗਰਾਮ ਕਰਵਾਉਣ ਵਿੱਚ ਕਾਮਯਾਬ ਹੋ ਰਿਹਾ ਹੈ। ਉਦਘਾਟਨੀ ਸੈਸ਼ਨ ਦੀ ਪ੍ਰਧਾਨਗੀ ਕਰਦਿਆਂ ਪ੍ਰਸਿੱਧ ਪੰਜਾਬੀ ਲੇਖਕ ਅਤੇ ਸਭਾ ਦੇ ਪ੍ਰਧਾਨ ਪ੍ਰੋ. ਸੁਦਰਸ਼ਨ ਗਾਸੋ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਕਿਹਾ ਕਿ ਸਾਹਿਤ ਸਮਾਜ ਦਾ ਸ਼ੀਸ਼ਾ ਹੁੰਦਾ ਹੈ ਅਤੇ ਮੌਜੂਦਾ ਦੌਰ ਵਿੱਚ ਜਦੋਂ ਮਨੁੱਖੀ ਕਦਰਾਂ-ਕੀਮਤਾਂ ਵਿੱਚ ਤਬਦੀਲੀ ਆ ਰਹੀ ਹੈ, ਉਦੋਂ ਹਰਿਆਣੇ ਦੇ ਪੰਜਾਬੀ ਲੇਖਕ ਬਹੁਤ ਹੀ ਜਿ਼ੰਮੇਵਾਰੀ ਨਾਲ ਆਪਣੀ ਕਲਮ ਚਲਾ ਰਹੇ ਹਨ। ਉਨ੍ਹਾਂ ਅਕਾਦਮਿਕ ਸੰਸਥਾਵਾਂ ਅਤੇ ਸਾਹਿਤਕ ਸਭਾਵਾਂ ਦੇ ਸਾਂਝੇ ਯਤਨਾਂ ਦੀ ਸ਼ਲਾਘਾ ਕੀਤੀ। ਇਸ ਪੂਰੇ ਸੈਸ਼ਨ ਦਾ ਮੰਚ ਸੰਚਾਲਨ ਡਾ. ਗੁਰਪ੍ਰੀਤ ਸਿੰਘ ਸਾਹੂਵਾਲਾ ਨੇ ਆਪਣੀ ਵਿਲੱਖਣ ਸ਼ੈਲੀ ਅਤੇ ਸਾਹਿਤਕ ਟਿੱਪਣੀਆਂ ਨਾਲ ਬਹੁਤ ਹੀ ਸੁਚੱਜੇ ਢੰਗ ਨਾਲ ਨਿਭਾਇਆ। ਇਸ ਸਮਾਗਮ ਦਾ ਇੱਕ ਸਭ ਤੋਂ ਖ਼ਾਸ ਅਤੇ ਯਾਦਗਾਰੀ ਪਲ ਉਹ ਸੀ, ਜਦੋਂ ਮੰਚ ’ਤੇ ਮੌਜੂਦ ਪ੍ਰਮੁੱਖ ਵਿਦਵਾਨਾਂ ਅਤੇ ਪ੍ਰਧਾਨਗੀ ਮੰਡਲ ਵੱਲੋਂ ਹਰਿਆਣਾ ਦੇ ਸਾਹਿਤ ਜਗਤ ਨੂੰ ਅਮੀਰ ਕਰਦੀਆਂ ਤਿੰਨ ਅਹਿਮ ਪੁਸਤਕਾਂ ਰਸਮੀ ਤੌਰ ’ਤੇ ਲੋਕ-ਅਰਪਣ ਕੀਤੀਆਂ ਗਈਆਂ। ਇਹਨਾਂ ਪੁਸਤਕਾਂ ਵਿੱਚ ਤਰਲੋਚਨ ਸਿੰਘ ਮੀਰ ਦੀ ਪੁਸਤਕ ‘ਅਸ਼ਵਮੇਧ’, ਨਿਸ਼ਾਨ ਸਿੰਘ ਰਾਠੌਰ ਦੀ ਪੁਸਤਕ ‘ਕਾਫ਼ਲਿਆਂ ’ਚ ਗੁਆਚੇ ਲੋਕ’ ਅਤੇ ਡਾ. ਬਲਵਾਨ ਸਿੰਘ ਔਜਲਾ ਦੀ ਪੁਸਤਕ ‘ਅਹਿਦਨਾਮਾ ਪੁਆਧ’ ਸ਼ਾਮਲ ਸਨ। ਹਾਜ਼ਰ ਵਿਦਵਾਨਾਂ ਨੇ ਇਹਨਾਂ ਰਚਨਾਵਾਂ ਦੀ ਸ਼ਲਾਘਾ ਕਰਦਿਆਂ ਇਹਨਾਂ ਨੂੰ ਹਰਿਆਣਾ ਦੇ ਪੰਜਾਬੀ ਸਾਹਿਤ ਵਿੱਚ ਇੱਕ ਵਡਮੁੱਲਾ ਵਾਧਾ ਦੱਸਿਆ।
ਸੈਮੀਨਾਰ ਦਾ ਆਖਰੀ ਅਤੇ ਸਭ ਤੋਂ ਆਕਰਸ਼ਕ ਪੜਾਅ ਕਵੀ ਦਰਬਾਰ ਦੇ ਰੂਪ ਵਿੱਚ ਸਾਹਮਣੇ ਆਇਆ, ਜਿਸ ਨੇ ਪੂਰੇ ਹਾਲ ਨੂੰ ਸਾਹਿਤਕ ਰੰਗ ਵਿੱਚ ਰੰਗ ਦਿੱਤਾ। ਇਸ ਸਾਹਿਤਕ ਮਹਿਫਿ਼ਲ ਦੀ ਪ੍ਰਧਾਨਗੀ ਅੰਬਾਲਾ ਦੇ ਪ੍ਰਸਿੱਧ ਅਤੇ ਸਿਰਮੌਰ ਪੰਜਾਬੀ ਸ਼ਾਇਰ ਗੁਰਚਰਨ ਸਿੰਘ ‘ਜੋਗੀ’ ਨੇ ਕੀਤੀ। ਕਵੀ ਦਰਬਾਰ ਦੌਰਾਨ ਹਰਿਆਣਾ ਦੇ ਵੱਖ-ਵੱਖ ਜਿ਼ਲ੍ਹਿਆਂ ਤੋਂ ਆਏ ਨਾਮਵਰ ਕਵੀਆਂ ਨੇ ਆਪਣੀਆਂ ਤਾਜ਼ਾ ਨਜ਼ਮਾਂ, ਗ਼ਜ਼ਲਾਂ, ਗੀਤਾਂ ਅਤੇ ਰੁਬਾਈਆਂ ਰਾਹੀਂ ਮੌਜੂਦਾ ਦੌਰ ਦੀਆਂ ਸਮਾਜਿਕ ਕੁਰੀਤੀਆਂ, ਮਨੁੱਖੀ ਰਿਸ਼ਤਿਆਂ ਵਿੱਚ ਆ ਰਹੀ ਗਿਰਾਵਟ, ਦੇਸ਼ ਦੇ ਹਾਲਾਤ ਅਤੇ ਪਿਆਰ ਦੇ ਕੋਮਲ ਅਹਿਸਾਸਾਂ ਨੂੰ ਬਹੁਤ ਹੀ ਖੂਬਸੂਰਤੀ ਨਾਲ ਪੇਸ਼ ਕੀਤਾ। ਕਵੀਆਂ ਦੇ ਤਿੱਖੇ ਵਿਅੰਗ ਅਤੇ ਸੰਵੇਦਨਸ਼ੀਲ ਰਚਨਾਵਾਂ ਨੇ ਹਾਲ ਵਿੱਚ ਬੈਠੇ ਸਰੋਤਿਆਂ ਨੂੰ ਦੇਰ ਤੱਕ ਕੀਲੀ ਰੱਖਿਆ ਅਤੇ ਪੂਰਾ ਹਾਲ ਤਾੜੀਆਂ ਦੀ ਗੂੰਜ ਨਾਲ ਗੂੰਜਦਾ ਰਿਹਾ। ਇਸ ਕਵੀ ਦਰਬਾਰ ਵਿੱਚ ਪੁਆਧੀ ਕਵੀ ਚਰਨ ਪੁਆਧੀ, ਸਤੀਸ਼ ਵਿਦਰੋਹੀ, ਸੁਦਰਸ਼ਨ ਗਾਸੋ,ਡਾ. ਹਰਵਿੰਦਰ ਸਿੰਘ ਸਿਰਸਾ,ਮਲੂਕ ਸਿੰਘ ਵਿਰਕ, ਤਰਲੋਚਨ ਮੀਰ, ਬਲਵਾਨ ਔਜਲਾ, ਨਿਸ਼ਾਨ ਸਿੰਘ ਰਾਠੌਰ, ਗੁਰਦੀਪ ਸੈਣੀ, ਦੀਪ ਜਗਤਪੁਰੀ ਬੰਗਾ, ਦਰਸ਼ਨ ਸਿੰਘ ਸ਼ਾਹਬਾਦ ਮਾਰਕੰਡਾ, ਅੰਮ੍ਰਿਤ ਪਾਲ ਬਰਾੜ, ਰਾਜਬੀਰ ਮੱਲ੍ਹੀ,ਅਨਿਲ ਖ਼ਿਆਲ, ਗੋਪਾਲ ਸ਼ਰਮਾ, ਬਲਵੰਤ ਪ੍ਰੀਤ ਅਤੇ ਗੁਰਚਰਨ ਸਿੰਘ ‘ਜੋਗੀ’ ਨੇ ਸਾਹਿਤਿਕ ਰੰਗ ਵਿੱਚ ਸਭ ਨੂੰ ਰੰਗਿਆ। ਇਸ ਇੱਕ-ਰੋਜ਼ਾ ਸਮਾਗਮ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਇਹ ਰਹੀ ਕਿ ਸਵੇਰੇ 9:30 ਵਜੇ ਤੋਂ ਸ਼ੁਰੂ ਹੋ ਕੇ ਦੇਰ ਸ਼ਾਮ ਤੱਕ ਚੱਲੇ ਇਸ ਪ੍ਰੋਗਰਾਮ ਵਿੱਚ ਵਿਦਿਆਰਥੀਆਂ, ਖੋਜਾਰਥੀਆਂ ਅਤੇ ਸਾਹਿਤ ਪ੍ਰੇਮੀਆਂ ਦੀ ਹਾਜ਼ਰੀ ਬਰਕਰਾਰ ਰਹੀ। ਸਮਾਗਮ ਦੇ ਅਖੀਰ ਵਿੱਚ ਪੰਜਾਬੀ ਵਿਭਾਗ ਅਤੇ ਲੇਖਕ ਸਭਾ ਵੱਲੋਂ ਸਾਂਝੇ ਤੌਰ ’ਤੇ ਇਸ ਸੈਮੀਨਾਰ ਦੀ ਇਤਿਹਾਸਕ ਸਫਲਤਾ ’ਤੇ ਡੂੰਘੀ ਸੰਤੁਸ਼ਟੀ ਦਾ ਪ੍ਰਗਟਾਵਾ ਕੀਤਾ ਗਿਆ। ਪੰਜਾਬੀ ਵਿਭਾਗ ਵੱਲੋਂ ਪ੍ਰਧਾਨਗੀ ਮੰਡਲ ਦੀਆਂ ਸ਼ਖ਼ਸੀਅਤਾਂ ਅਤੇ ਮੁੱਖ ਸੁਰ ਭਾਸ਼ਣਕਾਰ, ਪੁਸਤਕਾਂ ਦੇ ਸਾਰੇ ਮਾਣਯੋਗ ਲੇਖਕਾਂ, ਪਰਚਾ-ਨਵੀਸਾਂ, ਕਵੀ ਦਰਬਾਰ ਦੀ ਸ਼ਾਨ ਵਧਾਉਣ ਵਾਲੇ ਸਮੂਹ ਸ਼ਾਇਰਾਂ ਅਤੇ ਪ੍ਰੋਗਰਾਮ ਦੀ ਰੂਹ ਸਾਰੇ ਪਿਆਰੇ ਵਿਦਿਆਰਥੀਆਂ ਤੇ ਖੋਜਾਰਥੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ, ਜਿਨ੍ਹਾਂ ਦੇ ਅਣਥੱਕ ਸਹਿਯੋਗ ਅਤੇ ਉਤਸ਼ਾਹ ਸਦਕਾ ਇਹ ਰਾਸ਼ਟਰੀ ਸੈਮੀਨਾਰ ਪੰਜਾਬੀ ਮਾਂ-ਬੋਲੀ ਦੀ ਸੇਵਾ ਵਿੱਚ ਇੱਕ ਮੀਲ ਪੱਥਰ ਸਾਬਤ ਹੋਇਆ। |
| *’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ। *** 1838 *** |

by
ਕੁਰੂਕਸ਼ੇਤਰ, 16 ਮਈ: ਕੁਰੂਕਸ਼ੇਤਰ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਅਤੇ ਹਰਿਆਣਾ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਾਂਝੇ ਸਹਿਯੋਗ ਨਾਲ ਅੱਜ ਇੱਥੇ ਯੂਨੀਵਰਸਿਟੀ ਦੇ ਵੱਕਾਰੀ ‘ਗਣਪਤੀ ਚੰਦਰ ਗੁਪਤ ਸੈਮੀਨਾਰ ਹਾਲ’ (ਆਰਟਸ ਫੈਕਲਟੀ) ਵਿਖੇ ‘ਹਰਿਆਣੇ ਦਾ ਪੰਜਾਬੀ ਸਾਹਿਤ : ਨਵੇਂ ਰੁਝਾਨ’ ਵਿਸ਼ੇ ‘ਤੇ ਇੱਕ-ਰੋਜ਼ਾ ਰਾਸ਼ਟਰੀ ਸੈਮੀਨਾਰ ਅਤੇ ਕਵੀ ਦਰਬਾਰ ਦਾ ਬਹੁਤ ਹੀ ਪ੍ਰਭਾਵਸ਼ਾਲੀ ਅਤੇ ਸਫਲ ਆਯੋਜਨ ਕੀਤਾ ਗਿਆ। ਇਸ ਸਮਾਗਮ ਵਿੱਚ ਹਰਿਆਣਾ ਦੇ ਕੋਨੇ-ਕੋਨੇ ਤੋਂ ਪਹੁੰਚੇ ਨਾਮਵਰ ਵਿਦਵਾਨਾਂ, ਆਲੋਚਕਾਂ, ਲੇਖਕਾਂ, ਕਵੀਆਂ ਅਤੇ ਵੱਡੀ ਗਿਣਤੀ ਵਿੱਚ ਖੋਜਾਰਥੀਆਂ ਨੇ ਸ਼ਿਰਕਤ ਕਰਕੇ ਹਰਿਆਣਾ ਦੇ ਪੰਜਾਬੀ ਸਾਹਿਤ ਦੇ ਮੌਜੂਦਾ ਦੌਰ, ਵੱਖ-ਵੱਖ ਵਿਧਾਵਾਂ, ਬਦਲਦੇ ਸਰੂਪ ਅਤੇ ਭਵਿੱਖ ਦੀਆਂ ਸੰਭਾਵਨਾਵਾਂ ’ਤੇ ਬਹੁਤ ਹੀ ਬਾਰੀਕੀ ਅਤੇ ਗੰਭੀਰਤਾ ਨਾਲ ਵਿਚਾਰ-ਵਟਾਂਦਰਾ ਕੀਤਾ।
