5 June 2026

ਡਾ. ਨਿਸ਼ਾਨ ਸਿੰਘ ਰਾਠੌਰ ਦੀ ‘ਕਾਫ਼ਲਿਆਂ ’ਚ ਗੁਆਚੇ ਲੋਕ’ ਪੰਜਾਬੀ ਪੁਸਤਕ ਲੋਕ ਅਰਪਣ

ਕੁਰੂਕਸ਼ੇਤਰ ਯੂਨੀਵਰਸਿਟੀ, ਕੁਰੂਕਸ਼ੇਤਰ ਦੇ ਪੰਜਾਬੀ ਵਿਭਾਗ ਵਿਖੇ ਡਾ. ਨਿਸ਼ਾਨ ਸਿੰਘ ਰਾਠੌਰ ਦੀ ਨਵ ਪ੍ਰਕਾਸ਼ਤ ਸੰਸਮਰਣ ਪੁਸਤਕ ‘ਕਾਫ਼ਲਿਆਂ ’ਚ ਗੁਆਚੇ ਲੋਕ’ ਨੂੰ ਇੱਕ ਭਰਵੇਂ ਸਮਾਗਮ ਵਿੱਚ ਲੋਕ ਅਰਪਣ ਕੀਤਾ ਗਿਆ। ਕਾਬਿਲੇਗੌਰ ਹੈ ਕਿ ਡਾ. ਨਿਸ਼ਾਨ ਸਿੰਘ ਰਾਠੌਰ ਭਾਰਤੀ ਫ਼ੌਜ ਵਿੱਚ ਸੇਵਾਵਾਂ ਨਿਭਾ ਰਹੇ ਹਨ ਅਤੇ ਇਹ ਉਨ੍ਹਾਂ ਦੀ ਛੇਵੀਂ ਪੁਸਤਕ ਹੈ ਜਿਹੜੀ ਕਿ ਪੰਜਾਬੀ ਪਾਠਕਾਂ ਨੂੰ ਸਮਰਪਤ ਕੀਤੀ ਗਈ।

ਇਸ ਮੌਕੇ ਕੁਰੂਕਸ਼ੇਤਰ ਯੂਨੀਵਰਸਿਟੀ ਪੰਜਾਬੀ ਵਿਭਾਗ ਦੇ ਮੁਖੀ ਡਾ. ਕੁਲਦੀਪ ਸਿੰਘ, ਹਰਿਆਣਾ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਡਾ. ਸੁਦਰਸ਼ਨ ਗਾਸੋ, ਹਰਿਆਣਾ ਪੰਜਾਬੀ ਸਾਹਿਤ ਅਕੈਡਮੀ ਦੇ ਸਾਬਕਾ ਡਿਪਟੀ ਚੇਅਰਮੈਨ ਡਾ. ਨਰਿੰਦਰ ਸਿੰਘ ਵਿਰਕ, ਪੰਜਾਬੀ ਵਿਭਾਗ ਵਿਖੇ ਸਹਾਇਕ ਪ੍ਰੋਫ਼ੈਸਰ ਡਾ. ਗੁਰਪ੍ਰੀਤ ਸਿੰਘ ਸਾਹੂਵਾਲਾ, ਚੌਧਰੀ ਦੇਵੀਲਾਲ ਯੂਨੀਵਰਸਿਟੀ ਵਿਖੇ ਸਹਾਇਕ ਪ੍ਰੋਫ਼ੈਸਰ ਡਾ. ਗੁਰਸਾਹਿਬ ਸਿੰਘ, ਸਹਾਇਕ ਪ੍ਰੋਫ਼ੈਸਰ ਡਾ. ਬੀਰਬਲ ਸਿੰਘ, ਡਾ. ਬਲਵਾਨ ਸਿੰਘ ਔਜਲਾ, ਡਾ. ਸਿਮਰਜੀਤ ਕੌਰ, ਗੁਰਚਰਨ ਸਿੰਘ ਜੋਗੀ, ਤਰਲੋਚਨ ਮੀਰ ਆਦਿਕ ਵਿਦਵਾਨ ਮੌਜੂਦ ਸਨ।

ਜ਼ਿਕਰਯੋਗ ਹੈ ਕਿ ‘ਕਾਫ਼ਲਿਆਂ ’ਚ ਗੁਆਚੇ ਲੋਕ’ ਡਾ. ਨਿਸ਼ਾਨ ਸਿੰਘ ਰਾਠੌਰ ਦੀ ਸੱਜਰੀ ਸੰਸਮਰਣ ਪੁਸਤਕ ਹੈ ਜਿਸ ਵਿੱਚ ਉਹਨਾਂ ਨੇ ਫ਼ੌਜੀ ਜੀਵਨ ਦੀਆਂ ਘਟਨਾਵਾਂ ਨੂੰ ਕਲਮਬੱਧ ਕੀਤਾ ਗਿਆ ਹੈ। ਇਸ ਪੁਸਤਕ ਵਿੱਚ ਹਿੰਦੋਸਤਾਨ ਦੇ ਵੱਖ-ਵੱਖ ਸੂਬਿਆਂ ਦੇ ‘ਲੋਕ ਜੀਵਨ’ ਨੂੰ ਵਧੀਆ ਢੰਗ ਨਾਲ ਪੇਸ਼ ਕੀਤਾ ਗਿਆ ਹੈ। ਇਸ ਤੋਂ ਇਲਾਵਾ 1947 ਦੀ ਵੰਡ ਦੇ ਦਰਦਨਾਕ ਵਾਕੇ ਨੂੰ ਭਾਵਪੂਰਨ ਢੰਗ ਨਾਲ ਸਿਰਜਿਆ ਗਿਆ ਹੈ, ਜਿਸਨੂੰ ਪੜ੍ਹਦਿਆਂ ਪਾਠਕ ਕਈ ਵਾਰ ਭਾਵੁਕ ਵੀ ਹੋ ਜਾਂਦਾ ਹੈ।

ਖ਼ਾਸ ਗੱਲ ਇਹ ਹੈ ਕਿ ਲੇਖਕ ਕੋਲ਼ ਲੰਮੇ ਫ਼ੌਜੀ ਜੀਵਨ ਦਾ ਅਨੁਭਵ ਹੈ ਜਿਸ ਨਾਲ ਉਸਦੀ ਲੇਖਣੀ ਵਿੱਚ ਸੰਜੀਦਗੀ ਅਤੇ ਗੰਭੀਰਤਾ ਪੜ੍ਹਣ ਨੂੰ ਮਿਲਦੀ ਹੈ। ਡਾ. ਰਾਠੌਰ ਨੇ ਜਿੱਥੇ ਪੰਜਾਬੀ ਲੋਕ ਜੀਵਨ ਨਾਲ ਸਬੰਧਤ ਬਿਰਤਾਂਤ ਸਿਰਜੇ ਹਨ ਉੱਥੇ ਹੀ ਹੋਰ ਸੂਬਿਆਂ ਦੇ ਜੀਵਨ ਨੂੰ ਵੀ ਬਾਖ਼ੂਬੀ ਚਿੱਤਰਣ ਕੀਤਾ ਹੈ। ਹਰਿਆਣੇ ਦੇ ਪੰਜਾਬੀ ਸਾਹਿਤ ਵਿਚ ਇਸ ਤਰ੍ਹਾਂ ਦੀ ਸਿਰਜਣਾ ਨਾਲ ਨਵਾਂ ਪ੍ਰਯੋਗ ਕੀਤਾ ਗਿਆ ਹੈ।

ਖ਼ਾਸ ਗੱਲ ਇਹ ਹੈ ਕਿ ਮੁੱਖਧਾਰਾ ਦੇ ਪੰਜਾਬੀ ਸਾਹਿਤ ਜਗਤ ਵਿੱਚ ਇਸ ਤਰ੍ਹਾਂ ਦੀਆਂ ਪੁਸਤਕਾਂ ਦੀ ਘਾਟ ਹੈ ਜਿਸ ਵਿੱਚ ਹੋਰ ਸੂਬਿਆਂ ਦੇ ਲੋਕ ਜੀਵਨ ਨੂੰ ਪੇਸ਼ ਕੀਤਾ ਗਿਆ ਹੋਵੇ। ਆਖ਼ਰ ਵਿੱਚ ਲੇਖਕਾਂ, ਆਲੋਚਕਾਂ ਅਤੇ ਵਿਦਿਆਰਾਥੀਆਂ ਨੇ ਲੇਖਕ ਡਾ. ਨਿਸ਼ਾਨ ਸਿੰਘ ਰਾਠੌਰ ਨੂੰ ਮੁਬਾਰਕਬਾਦ ਦਿੱਤੀ।

ਇਸ ਮੌਕੇ ਡਾ. ਹਰਵਿੰਦਰ ਸਿੰਘ ਸਿਰਸਾ, ਮਲੂਕ ਸਿੰਘ ਵਿਰਕ, ਦਰਸ਼ਨ ਸਿੰਘ ਸ਼ਾਹਬਾਦ, ਚਰਨ ਪੁਆਧੀ, ਅਨਿਲ ਖ਼ਿਆਲ ਸਮੇਤ ਪੰਜਾਬੀ ਵਿਭਾਗ ਦੇ ਖੋਜਾਰਥੀ ਅਤੇ ਵਿਦਿਆਥੀ ਮੌਜੂਦ ਸਨ।

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
**
1844
***

+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ