25 April 2024

ਕਿਸਾਨਾਂ ਦੀ ਹਮਾਇਤ ਵਿੱਚ 15 ਤੋਂ 22 ਤੱਕ ਪੰਜਾਬ ‘ਚ ਕਾਨਫਰੰਸਾਂ: ‘ਫਾਸ਼ੀ ਹਮਲਿਆਂ ਵਿਰੋਧੀ ਫਰੰਟ’

‘ਫਾਸ਼ੀ ਹਮਲਿਆਂ ਵਿਰੋਧੀ ਫਰੰਟ’

ਪ੍ਰੈੱਸ ਨੋਟ (ਜਲੰਧਰ)

ਪੰਜਾਬ ਦੀਆਂ ਖੱਬੀਆਂ ਪਾਰਟੀਆਂ ਵੱਲੋਂ ਬਣਾਏ “ਫਾਸ਼ੀ ਹਮਲਿਆਂ ਵਿਰੋਧੀ ਫਰੰਟ” ਦੀ ਮੀਟਿੰਗ ਸੀਪੀਆਈ (ਅੈਮ ਅੈਲ) ਲਿਬਰੇਸ਼ਨ ਦੇ ਆਗੂ ਗੁਰਮੀਤ ਸਿੰਘ ਬਖਤੂਪੁਰ ਦੀ ਪ੍ਰਧਾਨਗੀ ਹੇਠ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਹੋਈ। ਮੀਟਿੰਗ ਵਿੱਚ ਆਰ ਅੈੱਮ ਪੀ ਆਈ ਦੇ ਮੰਗਤ ਰਾਮ ਪਾਸਲਾ, ਸੀਪੀਆਈ ਦੇ ਪ੍ਰਿਥੀਪਾਲ ਸਿੰਘ ਮਾੜੀਮੇਘਾ, ਸੀਪੀਆਈ (ਐਮ ਐਲ) ਨਿਊ ਡੈਮੋਕਰੇਸੀ ਦੇ ਅਜਮੇਰ ਸਿੰਘ ਸਮਰਾ, ਇਨਕਲਾਬੀ ਕੇਂਦਰ ਪੰਜਾਬ ਦੇ ਕੰਵਲਜੀਤ ਖੰਨਾ ਅਤੇ ਇਨਕਲਾਬੀ ਜਮਹੂਰੀ ਮੋਰਚਾ ਦੇ ਸਵਰਨਜੀਤ ਸਿੰਘ ਸ਼ਾਮਲ ਹੋਏ। ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਸੰਯੁਕਤ ਕਿਸਾਨ ਮੋਰਚੇ ਵੱਲੋਂ 6 ਫਰਵਰੀ ਨੂੰ ‘ਰਸਤਾ ਰੋਕੋ’ ਪ੍ਰਗਰਾਮ ਨੂੰ ਸਫਲ ਬਨਾਉਣ ਤੋਂ ਬਾਅਦ ਦਿੱਲੀ ਦੀਆਂ ਬਰੂਹਾਂ ਤੇ ਚੱਲ ਰਹੇ ਕਿਸਾਨ ਮੋਰਚੇ ਦੀ ਹਮਾਇਤ ਵਿੱਚ ਅਤੇ ਮੋਦੀ ਦੇ ਕਿਸਾਨਾਂ ਪ੍ਰਤੀ ਫਾਸ਼ੀਵਾਦੀ ਵਤੀਰੇ ਵਿਰੁੱਧ 7 ਤੋਂ 10 ਫਰਵਰੀ ਤਕ ਪੰਜਾਬ ਭਰ ‘ਚ ਜ਼ਿਲ੍ਹਿਆਂ ਦੀਆਂ ਸਾਂਝੀਆਂ ਮੀਟਿੰਗਾਂ ਕਰਨ ਉਪਰੰਤ 15 ਤੋਂ 22 ਫਰਵਰੀ ਤੱਕ ਸਾਰੇ ਜ਼ਿਲ੍ਹਿਆਂ ਵਿੱਚ ਜਿਲ੍ਹਾ ਪੱਧਰ ਦੀਆਂ ਕਾਨਫ਼ਰੰਸਾਂ ਅਤੇ ਮੁਜ਼ਾਹਰੇ ਕੀਤੇ ਜਾਣਗੇ। ਆਗੂਆਂ ਨੇ ਕਿਹਾ ਕਿ ਕਿਸਾਨ ਮੋਰਚੇ ਵਿਚ ਹੁਣ ਤੱਕ ਦੋ ਸੌ ਦੇ ਕਰੀਬ ਕਿਸਾਨ ਸ਼ਹੀਦੀਆਂ ਪਾ ਚੁੱਕੇ ਹਨ ਪਰ ਮੋਦੀ ਦੀ ਸਰਕਾਰ ਬਜਿਦ ਹੈ ਕਿ ਕਿਸਾਨ ਵਿਰੋਧੀ ਕਾਨੂੰਨ ਰੱਦ ਨਹੀਂ ਕਰਨੇ। ਕਿਸਾਨਾਂ ਦਾ ਫੈਸਲਾ ਹੈ ਕਿ ਜਿੰਨਾ ਚਿਰ ਤੱਕ ਸਰਕਾਰ ਕਾਨੂੰਨ ਰੱਦ ਨਹੀਂ ਕਰਦੀ ਉੱਨਾ ਚਿਰ ਤੱਕ ਉਹ ਵਾਪਸ ਨਹੀਂ ਮੁੜਣਗੇ। ਮੋਦੀ  ਸਰਕਾਰ ਕਿਸਾਨਾਂ ਦੇ ਸੰਘਰਸ਼ ਨੂੰ ਜ਼ਬਰਨ ਕੁਚਲਣ ਦੇ ਹੱਥਕੰਡੇ ਵਰਤ ਰਹੀ ਹੈ। ਪਹਿਲਾਂ ਇਤਿਹਾਸਕ  ਟਰੈਕਟਰ ਪਰੇਡ ਦੇ ਮੌਕੇ ਤੇ ਮੋਦੀ ਦੀ ਸਰਕਾਰ ਦੇ ਹੱਥ ਠੋਕਿਆਂ ਨੇ ਕੋਝੀਅਾਂ ਹਰਕਤਾਂ ਕਰਕੇ ਕਿਸਾਨਾਂ ਦੇ ਸੰਘਰਸ਼ ਵਿੱਚ ਪਾੜਾ ਪਾਉਣ ਦੀ ਕੋਸ਼ਿਸ਼ ਕੀਤੀ ਪਰ ਸੰਯੁਕਤ ਮੋਰਚੇ ਦੇ ਸੁਚੇਤ ਆਗੂਆਂ ਨੇ ਮੋਦੀ ਦੀਆਂ ਸਾਰੀਆਂ ਕੁਚਾਲਾਂ ਪਛਾੜ ਦਿੱਤੀਆਂ ਅਤੇ ਸ਼ਾਨਦਾਰ ਟਰੈਕਟਰ ਪਰੇਡ ਕੀਤੀ।  ਉਸ ਤੋਂ ਬਾਅਦ ਮੋਦੀ ਨੇ ਗਾਜ਼ੀਪੁਰ ਵਿਖੇ ਕਿਸਾਨਾਂ ਦੇ ਧਰਨੇ ਨੂੰ ਜ਼ਬਰਦਸਤੀ ਉਠਾਉਣ ਵਾਸਤੇ ਕੋਝੀ ਨੀਤੀ ਅਖਤਿਆਰ ਕੀਤੀ ਪਰ ਕਿਸਾਨ ਮੋਦੀ ਦੇ ਇਸ ਘਨਿਆਉਣੇ ਕਾਰੇ ਵਿਰੁੱਧ ਡਟ ਗਏ। ਅਖ਼ੀਰ ਮੋਦੀ ਨੂੰ ਪਿੱਛੇ ਹਟਣਾ ਪਿਆ।ਇਸੇ ਤਰ੍ਹਾਂ ਸਿੰਘੂ ਅਤੇ ਟਿਕਰੀ ਬਾਰਡਰ ਉੱਤੇ ਵੀ ਮੋਦੀ ਦੀ ਫਾਸ਼ੀਵਾਦੀ ਨੀਤੀ ਕਿਸਾਨਾਂ ਦੀ ਘੇਰਾਬੰਦੀ ਕਰ ਰਹੀ ਹੈ ਕਿਸਾਨਾਂ ਦੇ ਆ ਰਹੇ ਹੜ੍ਹ ਨੂੰ ਰੋਕਣ ਵਾਸਤੇ ਸੜਕਾਂ ਦੇ ਵਿਚ ਕਿੱਲ ਗੱਡੇ ਗਏ ਹਨ। ਬੈਰੀਅਰ ਲਾ ਦਿੱਤੇ ਹਨ। ਇਸ ਤੋਂ ਇਲਾਵਾ ਅਣਮਨੁੱਖੀ ਵਿਵਹਾਰ ਕਰਦਿਆਂ ਹੋਇਆਂ ਮੋਰਚੇ ਤੇ ਬੈਠੇ ਕਿਸਾਨਾਂ ਨੂੰ ਪਾਣੀ ਬੰਦ ਕਰ ਦਿੱਤਾ ਗਿਆ ਹੈ। ਬਿਜਲੀ ਵੀ ਬੰਦ ਕਰ ਦਿੱਤੀ ਗਈ ਹੈ। ਇਥੋਂ ਤਕ ਘਿਨਾਉਣੀਆਂ ਕਾਰਵਾਈਆਂ ਕੀਤੀਆਂ ਗਈਆਂ ਹਨ ਕਿ ਬਾਰਡਰ ਦੇ ਕਿਸਾਨ ਮੋਰਚਿਆਂ ਦੇ ਲਾਗਲੇ  ਪਿੰਡਾਂ ਵਿਚ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਕਿਸਾਨਾਂ ਉਪਰ ਹਮਲੇ ਕੀਤੇ ਜਾਣ। ਦੂਜੇ ਪਾਸੇ ਇਹ ਜੱਗ ਜ਼ਾਹਰ ਹੋ ਗਿਆ ਹੈ ਕਿ ਹਮਲੇ ਕਰਨ ਵਾਲੇ ਪਿੰਡਾਂ ਦੇ ਲੋਕ ਨਹੀਂ ਹਨ ਉਹ ਆਰਐੱਸਐੱਸ ਦੇ ਗੁੰਡੇ ਹਨ। ਮੋਰਚਿਆਂ ਤੇ ਤਾਇਨਾਤ ਸਚੇਤ ਵਲੰਟੀਅਰਾਂ ਨੇ ਮੋਦੀ ਦੀ ਇਸ ਨੀਤੀ ਨੂੰ ਵੀ ਪਛਾੜ ਦਿੱਤਾ। ਜਿਉਂ ਜਿਉਂ ਮੋਦੀ ਦੀ ਸਰਕਾਰ ਸਖ਼ਤੀ ਕਰ ਰਹੀ ਹੈ ਤਿਉਂ ਤਿਉਂ ਕਿਸਾਨ ਵਹੀਰਾਂ ਘੱਤ ਕੇ ਮੋਰਚੇ ਵਿੱਚ ਪੁੱਜਦੇ ਜਾ ਰਹੇ ਹਨ। ਆਗੂਆਂ ਨੇ ਕਿਹਾ ਕਿ ਇਹ ਕਿਸਾਨ ਵਿਰੋਧੀ ਬਿਲ ਇਕੱਲੇ ਕਿਸਾਨਾਂ ਦਾ ਉਜਾੜਾ ਹੀ ਨਹੀਂ ਕਰਨਗੇ ਇਹ ਦੇਸ਼ ਦੀ ਸਮੁੱਚੀ ਵਸੋਂ ਨੂੰ ਬਰਬਾਦ ਕਰ ਦੇਣਗੇ। ਦੇਸ਼ ਵਿੱਚ ਗ਼ਰੀਬੀ, ਭੁੱਖਮਰੀ  ਤੇ ਬੇਕਾਰੀ ਦਾ ਬੇਸ਼ੁਮਾਰ ਵਾਧਾ ਹੋ ਜਾਏਗਾ।  ਕਾਰਪੋਰੇਟ ਘਰਾਣੇ ਜ਼ਮੀਨਾਂ ਨੂੰ ਹੜੱਪ ਕੇ ਵੱਡੇ ਵੱਡੇ ਫਾਰਮ ਬਣਾ ਕੇ ਆਪਣੇ ਢੰਗ ਨਾਲ ਖੇਤੀਬਾੜੀ ਕਰਨਗੇ। ਮੰਡੀ ਦਾ ਸਿਸਟਮ ਤਬਾਹ ਹੋ ਜਾਏਗਾ। ਜਿਣਸਾਂ ਦੇ ਭਾਅ ਬਹੁਤ ਵਧ ਜਾਣਗੇ ਅਤੇ ਗ਼ਰੀਬ ਲੋਕ ਆਟਾ ਦਾਲਾਂ ਆਦਿ ਖਰੀਦ ਹੀ ਨਹੀਂ ਸਕਣਗੇ। ਲੋਕਾਂ ਦੀ ਖਰੀਦ ਸ਼ਕਤੀ ਖਤਮ ਹੋਣ ਨਾਲ ਸਾਡਾ ਸਾਰਾ ਕਾਰੋਬਾਰ ਖ਼ਤਮ ਹੋ ਜਾਏਗਾ। ਕਿਸਾਨ ਲੋਕਾਈ ਦੀ ਜਿੰਦਗੀ ਬਚਾਉਣ ਵਾਸਤੇ ਜ਼ਿੰਦਗੀ ਮੌਤ ਦੀ ਲੜਾਈ ਲੜ ਰਹੇ ਹਨ। ਕਿਸਾਨਾਂ ਦੀ ਬਿਲਕੁਲ ਜਾਇਜ਼ ਮੰਗ ਹੈ ਕਿ ਤਿੰਨੇ ਕਿਸਾਨ ਵਿਰੋਧੀ ਬਿੱਲ ਮੂਲੋਂ ਰੱਦ ਕੀਤੇ ਜਾਣ। ਮੀਟਿੰਗ ਵਿੱਚ ਮਤੇ ਪਾਸ ਕੀਤੇ ਗਏ ਕਿ ਸੁਪਰੀਮ ਕੋਰਟ ਦੇ ਰਿਟਾਇਰਡ ਜੱਜਾਂ ਦਾ ਇਕ ਪੈਨਲ ਬਣਾ ਕੇ 26 ਦੀ ਟਰੈਕਟਰ ਪਰੇਡ ਦੌਰਾਨ ਜੋ ਮਨੁੱਖਤਾ ਵਿਰੋਧੀ ਘਟਨਾਵਾਂ ਵਾਪਰੀਆਂ ਹਨ ਉਨ੍ਹਾਂ ਦੀ ਪੜਤਾਲ ਹੋਵੇ ਅਤੇ ਇਨ੍ਹਾਂ ਮਗਰ ਕੌਣ ਤਾਕਤਾਂ ਹਨ ਉਹ ਸਭ ਕੁਝ ਲੋਕਾਂ ਦੇ ਸਾਹਮਣੇ ਨੰਗਾ ਕੀਤਾ ਜਾਵੇ। ਇਸ ਦੇ ਨਾਲ ਕਿਸਾਨਾਂ ਤੇ ਦਰਜ ਕੀਤੇ ਕੇਸ ਰੱਦ ਕੀਤੇ ਜਾਣ। ਕੇਂਦਰ ਦੀ ਏਜੰਸੀ ਵੱਲੋਂ ਆੜਤੀਆਂ ਤੇ ਕਿਸਾਨਾਂ ਦੇ ਘਰਾਂ ਤੇ ਕੀਤੇ ਜਾ ਰਹੇ ਰੇਡ ਬੰਦ ਕੀਤੇ ਜਾਣ। ਪਾਣੀ ਦੇਣਾ ਸਰਕਾਰ ਦਾ ਫਰਜ਼ ਹੈ ਇਸ ਲਈ ਧਰਨੇ ਤੇ ਬੈਠੇ ਕਿਸਾਨਾਂ ਦੀ ਪਾਣੀ ਦੀ ਸਪਲਾਈ ਬਹਾਲ ਕੀਤੀ  ਜਾਵੇ। ਸਰਕਾਰ ਵੱਲੋਂ ਕਿਸਾਨਾਂ ਦੇ ਮੋਰਚਿਆਂ ਦੀ ਜੋ ਘੇਰਾਬੰਦੀ ਕੀਤੀ ਜਾ ਰਹੀ ਹੈ ਉਹ ਫੌਰੀ ਬੰਦ ਕੀਤੀ ਜਾਵੇ। ਕਿਸਾਨ ਮੋਰਚਿਆਂ ਦੇ ਇਰਦ ਗਿਰਦ ਸਰਕਾਰ ਨੇ ਇੰਟਰਨੈੱਟ ਅਤੇ ਟਵਿੱਟਰ ਸੇਵਾਵਾਂ ਬੰਦ ਕੀਤੀਆਂ ਹਨ ਉਹ ਫੌਰੀ ਚਾਲੂ ਕੀਤੀਆਂ ਜਾਣ। ਲੋਕਾਂ ਨੂੰ ਅਪੀਲ ਕੀਤੀ ਗਈ ਕਿ ਉਹ ਸੰਘਰਸ਼ ਦਾ ਵੱਧ ਤੋਂ ਵੱਧ ਸਾਥ ਦੇਣ ਅਤੇ ਜਥਿਆਂ ਦੇ ਜਥੇ ਦਿੱਲੀ ਨੂੰ ਭੇਜਣ। ਮੀਟਿੰਗ ਵਿਚ ਕੁਲਵਿੰਦਰ ਸਿੰਘ ਵੜੈਚ, ਸੁਖਦੇਵ ਸਿੰਘ ਅਤੇ ਨਰਿੰਦਰ  ਸਿੰਘ ਨਿੰਦੀ ਵੀ ਹਾਜ਼ਰ ਸਨ।

ਪ੍ਰਿਥੀਪਾਲ ਸਿੰਘ ਮਾੜੀਮੇਘਾ
ਫੋਨ -9876078731
**

(52)

‘ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ।
ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗI

About the author

Website | + ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ