ਹਰਮੀਤ ਸਿੰਘ ਅਟਵਾਲ ਪੰਜਾਬੀ ਸਾਹਿਤ ਤੇ ਆਲੋਚਨਾ ’ਚ ਵੱਡਾ ਨਾਂ ਹੈ। ਉਸ ਦੀ ਨਵੀਂ ਕਿਤਾਬ ‘ਅਦਬੀ ਗੱਲਾਂ’ ਬੜੀ ਰੋਚਕਤਾ ਭਰਪੂਰ ਹੈ। ਕਿਤਾਬ ਦੇ ਸਿਰਲੇਖ ਤੋਂ ਇੰਝ ਜਾਪਦਾ ਹੈ ਕਿ ਇਸ ਵਿਚ ਸਿਰਫ਼ ਸਾਹਿਤ ਨਾਲ ਸਬੰਧਤ ਗੱਲਾਂ ਸ਼ਾਮਲ ਹਨ ਪਰ ਇਸ ਵਿਚ ਸਮਾਜ ਦੇ ਹਰ ਪੱਖ ਨਾਲ ਜੁੜੀਆਂ ਹੋਈਆਂ ਰਚਨਾਵਾਂ ਸ਼ਾਮਲ ਹਨ। ਜ਼ਿਆਦਾਤਰ ਰਚਨਾਵਾਂ ਛੋਟੀਆਂ ਹੋਣ ਦੇ ਬਾਵਜੂਦ ਵੱਡੀ ਗੱਲ ਕਹਿ ਜਾਂਦੀਆਂ ਹਨ। ਲੇਖਕ ਨੇ ਗਾਗਰ ’ਚ ਸਾਗਰ ਭਰਨ ਦਾ ਕੰਮ ਬਾਖ਼ੂਬੀ ਕੀਤਾ ਹੈ। ਰਚਨਾਵਾਂ ਨਾਟਕੀਅਤਾ ਤੇ ਵਿਅੰਗ ਨਾਲ ਭਰਪੂਰ ਹਨ। ਪੰਜਾਬੀ ਸੱਭਿਆਚਾਰ ਦੇ ਵਿਭਿੰਨ ਪੱਖ ਇਨ੍ਹਾਂ ਰਚਨਾਵਾਂ ’ਚ ਦ੍ਰਿਸ਼ਟੀਗੋਚਰ ਹੁੰਦੇ ਹਨ। ਇਸ ਕਿਤਾਬ ’ਚ ਪੰਚਤੰਤਰ ਦੀ ਤਰ੍ਹਾਂ ਪਸ਼ੂ-ਪੰਛੀਆਂ ਨਾਲ ਸਬੰਧਿਤ ਕਹਾਣੀਆਂ ਵੀ ਹਨ, ਬਜ਼ੁਰਗਾਂ ਤੋਂ ਸੁਣੀਆਂ ਸੁਣਾਈਆਂ ਗੱਲਾਂ ਵੀ ਹਨ ਤੇ ਕੁਝ ਹੱਡੀਂ ਹੰਢਾਏ ਤਜਰਬੇ ਵੀ। ਨੈਤਿਕਤਾ ਦਾ ਪਾਠ ਪੜ੍ਹਾਉਂਦੀਆਂ ਕਈ ਰਚਨਾਵਾਂ ਸੋਨੇ ’ਤੇ ਸੁਹਾਗੇ ਦਾ ਕੰਮ ਕਰਦੀਆਂ ਹਨ। ਰਚਨਾਵਾਂ ਸੁਹਜ ਸੁਆਦ ਦੀ ਤ੍ਰਿਪਤੀ ਦੇ ਨਾਲ-ਨਾਲ ਜ਼ਿੰਦਗੀ ਜਿਉਣ ਦਾ ਵੱਲ ਵੀ ਸਿਖਾਉਂਦੀਆਂ ਹਨ। ਹਰ ਰਚਨਾ ’ਚ ਕੋਈ ਨਾ ਕੋਈ ਸੰਦੇਸ਼ ਜ਼ਰੂਰ ਹੈ। ਸਿਰਲੇਖ ਪੂਰਾ ਲੇਖ ਪੜ੍ਹਨ ਲਈ ਉਤਸੁਕਤਾ ਵਧਾਉਣ ਵਾਲੇ ਹਨ। ਸਾਹਿਤਕਾਰਾਂ ਨਾਲ ਸਬੰਧਿਤ ਲਤੀਫ਼ੇ ਇਸ ਕਿਤਾਬ ’ਚ ਖਿੱਚ ਦਾ ਖ਼ਾਸ ਕੇਂਦਰ ਹਨ। ਸਾਹਿਤਕ ਸਮਾਗਮਾਂ ਦਾ ਅੱਖੀਂ ਡਿੱਠਾ ਹਾਲ ਵੀ ਦਿਲਚਸਪੀ ਜਗਾਉਂਦਾ ਹੈ। ਸਾਹਿਤ ਦੇ ਨਾਂ ’ਤੇ ਖਾਨਾਪੂਰਤੀ ਕਰ ਰਹੇ ਕੁਝ ਅਖੌਤੀ ਲੇਖਕਾਂ ਨੂੰ ਵੀ ਚੰਗੀ ਟਕੋਰ ਕੀਤੀ ਗਈ ਹੈ। ਸਮਾਜ ਦੇ ਕੁਝ ਸੰਜੀਦਾ ਮਸਲਿਆਂ ਨੂੰ ਵਿਅੰਗਾਤਮਿਕ ਅੰਦਾਜ਼ ’ਚ ਚੁੱਕਿਆ ਗਿਆ ਹੈ। ਪੰਜਾਬ ਦੇ ਸੱਭਿਆਚਾਰ ਨੂੰ ਪ੍ਰਤੀਬਿੰਬਤ ਕਰਦੀਆਂ ਰਚਨਾਵਾਂ ਵੀ ਦਿਲਚਸਪੀ ਨਾਲ ਭਰਪੂਰ ਹਨ। ਕਈ ਰਚਨਾਵਾਂ ਕੁਤਕੁਤਾੜੀਆਂ ਵੀ ਕਰਦੀਆਂ ਹਨ ਤੇ ਕਈ ਸੰਜੀਦਾ ਹੋ ਕੇ ਸੋਚਣ ਲਈ ਵੀ ਮਜਬੂਰ ਕਰਦੀਆਂ ਹਨ। ਕਈ ਸਮਾਜਿਕ ਮਸਲਿਆਂ ’ਤੇ ਵੀ ਚਰਚਾ ਕੀਤੀ ਗਈ ਹੈ। ਮਜ਼ਮੂਨ ਏਨੇ ਦਿਲਚਸਪ ਹਨ ਕਿ ਸ਼ੁਰੂ ਤੋਂ ਲੈ ਕੇ ਅੰਤ ਤਕ ਪਾਠਕ ਕੀਲਿਆ ਰਹਿੰਦਾ ਹੈ। ਕੁੱਲ ਮਿਲਾ ਕੇ ਇਹ ਕਿਤਾਬ ਹਰ ਉਮਰ ਵਰਗ ਲਈ ਪੜ੍ਹਨਯੋਗ ਹੈ। ਐਵਿਸ ਪਬਲੀਕੇਸ਼ਨਜ਼, ਦਿੱਲੀ ਵੱਲੋਂ ਪ੍ਰਕਾਸ਼ਿਤ 128 ਸਫ਼ਿਆਂ ਦੀ ਇਸ ਕਿਤਾਬ ਦੀ ਕੀਮਤ 250 ਰੁਪਏ ਹੈ। |