21 April 2024

ਰਾਮ ਸਰੂਪ ਅਣਖੀ ਨੂੰ ਉਹਨਾਂ ਦੇ ਜਨਮ ਦਿਨ ‘ਤੇ ਚੇਤੇ ਕਰਦਿਆਂ: ਇੱਕ ਮਹਾਂ ਬਿਰਤਾਂਤ -ਰਾਮ ਸਰੂਪ ਅਣਖੀ ਦਾ ਨਾਵਲ ‘ਦੁੱਲੇ ਦੀ ਢਾਬ’ – ਹਰਬਖਸ਼ ਮਕਸੂਦਪੁਰੀ

ਨੋਟ: ਹਰਬਖਸ਼ ਸਿੰਘ ਮਕਸੂਦਪੁਰੀ ਦੀ ਇਹ ਪੁਸਤਕ ਸਮੀਖਿਆ: ਇੱਕ ਮਹਾਂ ਬਿਰਤਾਂਤ -ਰਾਮ ਸਰੂਪ ਅਣਖੀ ਦਾ ਨਾਵਲ ‘ਦੁੱਲੇ ਦੀ ਢਾਬ’ ਪਹਿਲੀ ਵਾਰ 21 ਅਪਰੈਲ 2010 ਨੂੰ ਲਿਖਾਰੀ ਵੈਬਸਾਈਟ ਉਪਰ ਛਪੀ ਸੀ। ਅੱਜ ਪ੍ਰਸਿੱਧ ਲੇਖਕ ਰਾਮ ਸਰੂਪ ਅਣਖੀ ਨੂੰ ਉਹਨਾਂ ਦੇ ਜਨਮ ਦਿਨ ‘ਤੇ ਚੇਤੇ ਕਰਦਿਆਂ ‘ਲਿਖਾਰੀ’ ਦੇ ਸਹਿਯੋਗੀ ਕੰਵਰ ਬਰਾੜ ਦੇ ਉੱਦਮ ਸਦਕਾ ਪੁਰਾਣੀਆ ਂ ਫਾਈਲਾਂ ਤੋਂ ਚੁੱਕ ਕੇ ਲੋੜੀਂਦੀ ਤਬਦੀਲੀ ਕਰਨ ਉਪਰੰਤ ’ਲਿਖਾਰੀ.ਨੈੱਟ ‘ਤੇ ਲਗਾਉਣ ਦੀ ਖੁਸ਼ੀ ਲੈ ਰਹੇ ਹਾਂ।—ਲਿਖਾਰੀ

ਇੱਕ ਮਹਾਂ ਬਿਰਤਾਂਤ -ਰਾਮ ਸਰੂਪ ਅਣਖੀ ਦਾ ਨਾਵਲ ‘ਦੁੱਲੇ ਦੀ ਢਾਬ’ – ਹਰਬਖਸ਼ ਮਕਸੂਦਪੁਰੀ

ਰਾਮ ਸਰੂਪ ਅਣਖੀ ਦਾ ਨਾਵਲ ‘ਦੁੱਲੇ ਦੀ ਢਾਬ’ ਵੱਡ-ਆਕਾਰੀ ਨਾਵਲ ਹੈ, ਜਿਸਨੂੰ ਸਹੀ ਅਰਥਾਂ ਵਿਚ ਮਹਾ-ਕਾਵਿ ਵਰਗੀ ਪਲਾਟ ਬਣਤਰ ਵਾਲਾ ਨਾਵਲ ਕਿਹਾ ਜਾ ਸਕਦਾ ਹੈ। ਮਹਾ-ਕਾਵਿ ਵਾਂਗ ਹੀ ਇਸਦੀ ਮੁੱਖ ਕਹਾਣੀ ਵਿਚ ਕਈ ਕਹਾਣੀਆਂ ਆ ਕੇ ਮਿਲਦੀਆਂ ਹਨ, ਜਿਨ੍ਹਾਂ ਦੀ ਹਰ ਤਰ੍ਹਾਂ ਨਾਲ ਵਖਰੀ ਤੇ ਅਜ਼ਾਦ ਹਸਤੀ ਹੈ। ਇਹ ਕਹਾਣੀਆਂ ਆਪਣੇ ਆਪ ਵਿਚ ਸੰਪੂਰਨ ਨਾਵਲਾਂ ਦਾ ਅਕਾਰ ਰਖਦੀਆਂ ਹਨ। ਪਰ ਮਹਾ-ਕਾਵਿ ਵਾਂਗ ਹੀ ਇਨ੍ਹਾਂ ਸੁਤੰਤਰ ਕਹਾਣੀਆਂ ਦੀਆਂ ਤੰਦਾਂ ਮੁੱਖ ਕਹਾਣੀ ਨਾਲ ਜੁੜੀਆਂ ਹੋਈਆਂ ਹਨ ਤੇ ਸਾਰੀਆਂ ਕਹਾਣੀਆਂ ਰਲ ਕੇ ਸੰਪੂਰਨ ਬਹੁ-ਪਰਤੀ ਨਾਵਲ ਦਾ ਰੂਪ ਧਾਰਣ ਕਰ ਲੈਂਦੀਆਂ ਹਨ।

ਇਸ ਨਾਵਲ ਦਾ ਪਹਿਲਾ ਭਾਗ ਦੁੱਲੇ-ਸਰਦਾਰੋ ਦੀ ਕਹਾਣੀ ਨਾਲ ਅਰੰਭ ਹੁੰਦਾ ਹੈ। ਸਰਦਾਰੋ ਦੁੱਲੇ ਦੀ ਤੀਜੀ ਪਤਨੀ ਹੈ, ਜਿਸ ਨਾਲ ਉਸਨੇ ਪੰਜਾਹ ਕੁ ਸਾਲ ਦੀ ਉਮਰ ਵਿਚ ਵਿਆਹ ਕਰਾਇਆ ਸੀ। ਉਸਦੀ ਪਹਿਲੀ ਪਤਨੀ ਬੇਔਲਾਦੀ ਮਰ ਗਈ ਸੀ ਤੇ ਦੂਜੀ ਦੇ ਚਾਰ ਮੁੰਡੇ ਤੇ ਇੱਕ ਕੁੜੀ ਸੀ। ਸਰਦਾਰੋ ਨਾਲ ਵਿਆਹ ਸਮੇਂ ਉਸਦੇ ਦੋ ਬੜੇ ਮੁੰਡਿਆਂ ਤੇ ਕੁੜੀ ਦਾ ਵਿਆਹ ਹੋ ਚੁੱਕਾ ਸੀ। ਦੁੱਲੇ ਨੇ ਇਸ ਲਈ ਵਿਆਹ ਕਰਾਇਆ ਸੀ ਕਿ ਉਸਦੇ ਮੁੰਡੇ ਤੇ ਨੋਹਾਂ ਉਸ ਨਾਲ ਠੀਕ ਵਰਤਾਉ ਨਹੀਂ ਕਰਦੇ ਸਨ। ਸਰਦਾਰੋ ਨਾਲ ਵਿਆਹ ਕਰਾਉਣ ਤੋਂ ਪਿੱਛੋਂ ਉਹ ਦੋਹਾਂ ਬੜੇ ਮੁੰਡਿਆਂ ਨੂੰ ਦੋ ਦੋ ਊਠ ਦੇ ਕੇ ਘਰੋਂ ਤੋਰ ਦਿੰਦਾ ਹੈ। ਉਸ ਨਾਲ ਛੋਟੇ ਦੋਵੇਂ ਮੁੰਡੇ ਰਹਿ ਜਾਂਦੇ ਹਨ। ਸਰਦਾਰੋ ਪਹਿਲਾਂ ਆਪਣੇ ਮਤ੍ਰਏ ਪੁੱਤ ਖੱਡੂ ਨਾਲ ਲੁਕਵੇਂ ਕਾਮ-ਸੰਬੰਧ ਜੋੜੀ ਰਖਦੀ। ਫੇਰ ਜਦੋਂ ਉਹ ਘਰੋਂ ਚਲਿਆ ਜਾਂਦਾ ਹੈ ਤਾਂ ਉਹ ਮੈਂਗਲ ਨਾਲ ਜੋੜ ਬਣਾ ਲੈਂਦੀ ਤੇ ਅੰਤ ਉਸ ਨਾਲ ਉੱਧਲ ਜਾਂਦੀ ਹੈ। ਸਰਦਾਰੋ ਦੇ ਮੈਂਗਲ ਨਾਲ ਉੱਧਲ ਜਾਣ ਪਿਛੋਂ ਵੀ ਦੁੱਲਾ ਉਸਨੂੰ ਦਿਲੋਂ ਨਹੀਂ ਕਢਦਾ ਤੇ ਉਸਦੇ ਵਿਯੋਗ ਵਿਚ ਆਪਣਾ ਵਿਸ਼ਾਦ ਢੋਲ ਵਜਾ ਕੇ ਕਢਦਾ ਹੈ ਤੇ ਅੰਤ ਸਭ ਕੁਝ ਤਿਆਗ ਕੇ ਉਸੇ ਢਾਬ ਤੇ ਰਹਿਣ ਲਗ ਪੈਂਦਾ ਹੈ ਜਿਹੜੀ ਉਸਦੇ ਇੱਥੇ ਢੋਲ ਵਜਾਉਂਦਿਆਂ ਹੀ ਪੁਟੀ ਗਈ ਸੀ ਤੇ ਖਵਾਜਾ ਪੀਰ ਦੀ ਜਗ੍ਹਾ ਦੇ ਤੌਰ ਤੇ ਜਿਸਦੀ ਮਾਨਤਾ ਹੋਣ ਲੱਗ ਪਈ ਸੀ ਤੇ ਜਿਸਨੇ ਹੌਲੀ ਹੌਲੀ ਇੱਕ ਡੇਰੇ ਦੀ ਸ਼ਕਲ ਧਾਰਨ ਕਰ ਲਈ ਲਈ ਸੀ। ਦੁੱਲੇ ਦੇ ਅੰਤ ਤੋਂ ਪਹਿਲਾਂ ਉੱਥੇ ਉਸ ਪਾਸ ਰਾਮ ਦਾਸ ਨਾਉਂ ਦਾ ਨੌਜਵਾਨ ਸਾਧ ਆ ਕੇ ਰਹਿਣ ਲੱਗ ਪੈਂਦਾ ਹੈ, ਜਿਹੜਾ ਉਸਦੀ ਮੌਤ ਪਿਛੋਂ ਡੇਰੇ ਦਾ ਕਰਤਾ ਧਰਤਾ ਬਣ ਜਾਂਦਾ ਹੈ। ਮੈਂਗਲ ਸਰਦਾਰੋ ਨੂੰ ਲੈ ਕੇ ਬਾਂਗਰ ਦੇ ਇਲਾਕੇ ਦੇ ਪਿੰਡ ਲੇਹਲ ਖੁਰਦ ਜਾ ਕੇ ਰਹਿਣ ਲੱਗ ਪੈਂਦਾ ਹੈ। ਉਹ ਇਸ ਪਿੰਡ ਵਿਚ ਪੰਦਰਾਂ ਕੁ ਸਾਲ ਰਹਿੰਦਾ ਹੈ। ਇਸ ਸਮੇਂ ਵਿਚ ਹੀ ਸਰਦਾਰੋ ਪੁਤਰ ਜਸਵੰਤ ਨੂੰ ਜਨਮ ਦਿੰਦੀ ਹੈ। ਜਸਵੰਤ ਦੇ ਜਨਮ ਤੋਂ ਛੇ ਕੁ ਸਾਲ ਪਿਛੋਂ ਸਰਦਾਰੋ ਸੱਪ ਲੜ ਕੇ ਮਰ ਜਾਂਦੀ ਹੈ। ਜਦੋਂ ਜਸਵੰਤ ਚੌਦਾਂ ਕੁ ਸਾਲ ਦਾ ਹੁੰਦਾ ਹੈ ਤਾਂ ਮੈਂਗਲ ਉਸਨੂੰ ਆਪਣੇ ਪਿੰਡ ਥੱਮਣਵਾਲੇ ਲੈ ਆਉਂਦਾ ਹੈ ਪਰ ਉਹ ਇੱਥੇ ਰਹਿੰਦਾ ਨਹੀਂ ਤੇ ਲੇਹਲ ਖੁਰਦ ਨੂੰ ਵਾਪਸ ਚਲਾ ਜਾਂਦਾ ਹੈ। ਇਸ ਦੇ ਨਾਲ ਹੀ ਨਾਵਲ ਦੇ ਪਹਿਲੇ ਭਾਗ ਦਾ ਦਾ ਅੰਤ ਹੋ ਜਾਂਦਾ ਹੈ।

ਨਾਵਲ ਦੇ ਦੂਜੇ ਭਾਗ ਵਿਚ ਰਾਮ ਦਾਸ ਦਾ ਪਿਛੋਕੜ ਦਿਤਾ ਗਿਆ ਹੈ। ਇਸ ਭਾਗ ਵਿਚ ਉਸਦੇ ਦੇ ਮਾਪਿਆਂ, ਘਰ ਘਾਟ, ਚਾਚੇ ਚਾਚੀ ਤੇ ਉਸਦੇ ਭਰਾ ਬਾਰੇ ਜਾਣਕਾਰੀ ਮਿਲਦੀ ਹੈ। ਇਸ ਭਾਗ ਵਿਚੋਂ ਇਹ ਵੀ ਪਤਾ ਲਗਦਾ ਹੈ ਕਿ ਰਾਮ ਦਾਸ ਸਾਧ ਕਿਉਂ ਹੋਇਆ ਸੀ। ਇਸਤੋਂ ਅੱਗੇ ਕਹਾਣੀ ਨਾਵਲ ਦੇ ਪਹਿਲੇ ਹਿੱਸੇ ਨਾਲ ਜਾ ਮਿਲਦੀ ਹੈ, ਜਦੋਂ ਰਾਮ ਦੁੱਲੇ ਦੀ ਢਾਬ ਤੇ ਜਾ ਕੇ ਰਹਿਣ ਲਗ ਪੈਂਦਾ ਹੈ ਤੇ ਦੁੱਲੇ ਦੀ ਮੌਤ ਪਿਛੋਂ ਡੇਰੇ ਦਾ ਰੰਗ ਰੂਪ ਆਪਣੇ ਉਦਮ ਨਾਲ ਬਿਲਕੁਲ ਬਦਲ ਦਿੰਦਾ ਹੈ। ਇਸ ਡੇਰੇ ਵਿੱਚ ਪੜ੍ਹਨ ਆਉਂਦੀ ਕੁੜੀ ਮੱਘੋ (ਮਨਜੀਤ) ਉੱਥੇ ਹੀ ਟਿਕੇ ਹੋਏ ਇਕ ਮੁੰਡੇ ਸੁੱਖੂ ਤੋਂ ਗਰਭਵਤੀ ਹੋ ਜਾਂਦੀ ਹੈ, ਜਿਹੜਾ ਇਸ ਕਾਰੇ ਪਿਛੋਂ ਚੁਪ ਕੀਤਾ ਹੀ ਅਲੋਪ ਹੋ ਜਾਂਦਾ ਹੈ। ਰਾਮ ਦਾਸ ਇਸ ਸਮੱਸਿਆ ਦਾ ਹੱਲ ਮੱਘੋ ਦਾ ਵਿਆਹ ਆਪਣੇ ਪੈੱਨਸ਼ਨੀਏ ਫੌਜੀ ਭਰਾ ਸ਼ਿਆਮ ਨਾਲ ਕਰਾ ਕੇ ਕਢਦਾ ਹੈ। ਇਸਤਰ੍ਹਾਂ ਉਹ ਆਪਣੇ ਭਰਾ ਦਾ ਘਰ ਵੀ ਵਸਾ ਦਿੰਦਾ ਹੈ ਤੇ ਮੱਘੋ ਦੇ ਮਾਪਿਆਂ ਦੀ ਵਾਹਵਾਹ ਵੀ ਖਟ ਲੈਂਦਾ ਹੈ। ਮੱਘੋ ਆਪਣੇ ਯਾਰ ਸੁੱਖੂ ਨੂੰ ਵੀ ਯਾਦ ਰੱਖਦੀ ਹੈ ਤੇ ਉਸਦੇ ਨਾਉਂ ‘ਤੇ ਆਪਣੇ ਮੁੰਡੇ ਦਾ ਨਾਉਂ ਸੁਖਦਿਆਲ ਰੱਖਦੀ ਹੈ। ਉਹ ਆਪਣੇ ਪਤੀ ਸ਼ਿਆਮ ਤੋਂ ਸੰਤੁਸ਼ਟ ਨਹੀਂ। ਇਸ ਲਈ ਉਹ ਕਿਰਪਾਲ ਨਾਲ ਸੰਬੰਧ ਬਣਾ ਲੈਂਦੀ ਹੈ।

ਬਰਮਿੰਘਮ ਦੀ ਆਰਟ ਗੈਲਰੀ ਦੀ ਫੇਰੀ ਸਮੇਂ: ਰਾਮ ਸਰੂਪ ਅਣਖੀ ਤੇ ਗੁਰਦਿਆਲ ਸਿੰਘ ਰਾਏ

ਨਾਵਲ ਦੇ ਤੀਜੇ ਭਾਗ ਦਾ ਅਰੰਭ ਸਰਦਾਰੋ-ਮੈਂਗਲ ਦੇ ਪੁੱਤ ਜਸਵੰਤ ਤੇ ਨੋਂਹ ਕਰਤਾਰੋ ਦੇ ਥੱਮਣਵਾਲੇ ਆਉਣ ਨਾਲ ਹੁੰਦਾ ਹੈ। ਜਸਵੰਤ ਪਹਿਲਾਂ ਆਪਣੇ ਪਿਉ ਨਾਲ ਹਾਲ਼ੇ ਤੇ ਜ਼ਮੀਨ ਲੈ ਕੇ ਖੇਤੀ ਕਰਦਾ ਹੈ। ਪਰ ਛੇਤੀ ਹੀ ਉਸਨੂੰ ਚਾਨਣ ਹੋ ਜਾਂਦਾ ਹੈ ਕਿ ਗ਼ਰੀਬ ਬੇਜ਼ਮੀਨੇ ਜੱਟ ਦਾ ਪੁੱਤ, ਜਿਸਦੇ ਨਾਉਂ ਨਾਲ ਬਾਜ਼ੀਗਰਨੀ ਦੀ ਔਲਾਦ ਹੋਣ ਦਾ ਲੇਬਲ ਵੀ ਲਗਿਆ ਹੋਵੇ, ਉਹ ਹਾਲ਼ੇ ਤੇ ਲਈ ਜ਼ਮੀਨ ਨਾਲ ਤੇ ਈਮਾਨਦਾਰੀ ਦੀ ਕਮਾਈ ਨਾਲ ਇਜ਼ਤਦਾਰ ਜੱਟ ਨਹੀਂ ਬਣ ਸਕਦਾ। ਇਸ ਲਈ ਉਹ, ਉਹ ਸਾਰੇ ਕੰਮ ਕਰਦਾ ਹੈ ਜਿਨ੍ਹਾਂ ਨਾਲ ਉਹ ਆਪਣੇ ਭਾਈਚਾਰੇ ਵਿਚ ਇਜ਼ਤਦਾਰ ਬਣ ਸਕੇ। ਉਹ ਸਾਰੇ ਕੰਮ ਜ਼ਾਹਰ ਹੈ ਕਿ ਦੁਰਾਚਾਰੀ ਤੇ ਭ੍ਰਿਸ਼ਟਾਚਾਰੀ ਹੀ ਹੋ ਸਕਦੇ ਸਨ। ਫੀਮ ਅਤੇ ਭੁੱਕੀ ਦੇ ਵਪਾਰ ਨਾਲ ਉਹ ਆਪਣੇ ਭਾਈਚਾਰੇ ਵਿਚ ਬੜਾ ਬਣ ਜਾਂਦਾ ਹੈ ਤੇ ਫੇਰ ਉਹ ਇਸ ਬੜੇਪਨ ਨੂੰ ਕਾਇਮ ਰੱਖਣ ਤੇ ਅੱਗੇ ਵਧਾਉਣ ਲਈ ਪਿੰਡਾਂ ਵਿਚ ਪੈਦਾ ਹੋਈ ਨਵੀਂ ਸ਼੍ਰੇਣੀ ਨਵਦੌਲਤੀਆਂ ਧਨੀ ਕਿਸਾਨਾਂ ਵਾਲੇ ਸਾਰੇ ਹਰਬੇ ਵਰਤਦਾ ਹੈ। ਉਹ ਜ਼ਮੀਨ ਹਥਿਆਉਣ ਲਈ ਸਾਜ਼ਸ਼ਾਂ ਕਰ ਕੇ ਕਤਲ ਵੀ ਕਰਵਾਉਂਦਾ ਹੈ ਤੇ ਸਰਕਾਰੇ ਦਰਬਾਰੇ ਰਸੂਖ ਵੀ ਬਣਾਈ ਰੱਖਦਾ ਹੈ। ਇਸੇ ਤਰ੍ਹਾਂ ਉਹ ਪਿੰਡ ਦਾ ਸਰਪੰਚ ਬਣਦਾ ਹੈ। ਹੇਰਾ ਫੇਰੀ ਤੇ ਭ੍ਰਿਸ਼ਟ ਤਰੀਕਿਆਂ ਨਾਲ ਕਮਾਏ ਪੈਸੇ ਨੂੰ ਵਿਆਜ ‘ਤੇ ਦੇ ਕੇ ਹੋਰ ਅਮੀਰ ਬਣਨ ਦਾ ਯਤਨ ਕਰਦਾ ਹੈ ਤੇ ਇਸ ਦੇ ਨਾਲ ਹੀ ਆਪਣੇ ਬੜੇਪਨ ਤੇ ਅਮੀਰੀ ਦੇ ਦਿਖਾਵੇ ਲਈ ਦੁੱਲੇ ਦੀ ਢਾਬ ਦੇ ਡੇਰੇ ਵਿਚ ਕਮਰਾ ਬਣਾਉਂਦਾ ਹੈ ਤੇ ਆਪਣੇ ਨਾਉਂ ਦੀ ਪਲੇਟ ਲੁਆਉਂਦਾ ਹੈ:-‘ਜਸਵੰਤ ਸਿੰਘ ਔਲਖ ਸਪੁਤਰ ਸਰਦਾਰ ਮੈਂਗਲ ਸਿੰਘ ਔਲ਼ਖ’। ਉਹ ਜਿਸ ਘੋਗੇ ਦੀ ਜ਼ਮੀਨ ਠੇਕੇ ਤੇ ਵਾਹੁੰਦਾ ਹੈ ਤੇ ਜਿਸ ਨਾਲ ਦੋਸਤੀ ਦਾ ਦਮ ਵੀ ਭਰਦਾ ਹੈ, ਉਸਦੀ ਜ਼ਮੀਨ ਵੀ ਗਹਿਣੇ ਲਈ ਜਾਂਦਾ ਹੈ ਤੇ ਇਸਦੇ ਨਾਲ ਹੀ ਉਸ ਦੀ ਤੀਵੀਂ ਰੂਪੋ ਨੂੰ ਫਸਾ ਲੈਂਦਾ ਹੈ, ਜਿਹੜੀ ਪਹਿਲਾਂ ਹੀ ਸਰਵਣ ਨਾਲ ਤੇ ਫੇਰ ਚੰਦ ਲੁੱਧੜ ਨਾਲ ਫਸੀ ਰਹੀ ਹੈ। ਜਸਵੰਤ ਦਾ ਮੁੰਡਾ ਅਲਬੇਲ ਵੀ ਉਸ ਵਰਗਾ ਹੀ ਨਿਕਲਦਾ ਹੈ ਤੇ ਜਸਵੰਤ ਨੂੰ ਇਸਦਾ ਦੁਖ ਵੀ ਕੋਈ ਨਹੀਂ। ਅਲਬੇਲ ਰੂਪੋ ਰਾਹੀਂ ਜੈਬੇ ਨਾਈ ਦੀ ਕੁੜੀ ਨੂੰ ਆਪਣੇ ਚੁੰਗਲ ਵਿਚ ਫਸਾ ਲੈਂਦਾ ਹੈ ਤੇ ਉਸਨੂੰ ਗਰਭਵਤੀ ਕਰ ਦਿੰਦਾ ਹੈ। ਰਾਮਦਾਸ ਜਸਵੰਤ ਵਰਗੇ ਖਰਾਂਟ ਬੰਦੇ ਨਾਲ ਸੰਬੰਧ ਬਣਾਉਣ ਲਈ, ਉਸਦੀ ਕੁੜੀ ਸੁਰਜੀਤ ਦਾ ਰਿਸ਼ਤਾ ਆਪਣੇ ਭਰਾ ਦੇ ਮੁੰਡੇ ਆਪਣੇ ਅਖਾਉਤੀ ਭਤੀਜੇ ਸੁਖਦਿਆਲ ਨਾਲ ਕਰਵਾ ਦਿੰਦਾ ਹੈ, ਜਿਸਨੂੰ ਉਸਨੇ ਡੇਰੇ ਦੀ ਅੰਨ੍ਹੀ ਲੁਟ ਨਾਲ 18 ਕਿੱਲੇ ਜ਼ਮੀਨ ਦਾ ਮਾਲਕ ਬਣਾ ਦਿਤਾ ਸੀ। ਕੁਝ ਸਾਲਾਂ ਪਿਛੋਂ ਜੱਸਾ ਫੇਰ ਸਰਪੰਚ ਬਣਦਾ ਹੈ, ਪਰ ਬਣਦਾ ਹੈ ਭ੍ਰਿਸ਼ਟਾਚਾਰ ਰਾਹੀਂ ਪੈਸੇ ਤੇ ਪ੍ਰੀਜ਼ਾਈਡਿੰਗ ਅਫਸਰ ਦੀ ਦੁਰਵਰਤੋਂ ਕਰ ਕੇ।

ਪੁਰਾਣੀ ਯਾਦ: ਰਾਮ ਸਰੂਪ ਜੀ ਅਣਖੀ, ਗਸ ਰਾਏ ਅਤੇ ਸੁਰਜੀਤ ਕਲਪਨਾ

ਨਾਵਲ ਦਾ ਚੌਥਾ ਭਾਗ ਅਤਿਵਾਦ ਦੇ ਦੌਰ ਨਾਲ ਸ਼ੁਰੂ ਹੁੰਦਾ ਹੈ। ਥੱਮਣਵਾਲ਼ਾ ਜਿਹੜਾ ਕਿ ਨਰ ਪਿੰਡ ਸੀ ਤੇ ਜਿਸਦਾ ਇਤਿਹਾਸ ਲੁਟੇਰਿਆਂ ਦਾ ਮੁਕਾਬਲਾ ਕਰਨਾ ਤੇ ਡਾਕੂਆਂ ਨੂੰ ਮਾਰ ਮੁਕਾਉਣਾ ਸੀ, ਹੁਣ ਗੋਹਾ ਬਣ ਗਿਆ ਸੀ। ਇਸ ਪਿੰਡ ਵਿਚ ਇੱਕੋ ਰਾਤ ਨੂੰ ਚਾਰ ਕਤਲ ਹੁੰਦੇ ਹਨ ਪਰ ਕੋਈ ਵੀ ਕੁਸਕਦਾ ਨਹੀਂ। ਜੋ ਕੁਝ ਇਨ੍ਹਾਂ ਦਿਨਾਂ ਵਿਚ ਸਾਰੇ ਪੰਜਾਬ ਦੇ ਪਿੰਡਾਂ ਵਿਚ ਵਾਪਰ ਰਿਹਾ ਸੀ, ਉਹੀ ਕੁਝ ਥਮਣਵਾਲੇ ਵਿਚ ਵੀ ਹੋ ਰਿਹਾ ਸੀ। ਜਸਵੰਤ ਦੇ ਕਿਰਦਾਰ ਰਾਹੀਂ ਇਹ ਵੀ ਦਰਸਾਇਆ ਗਿਆ ਹੈ ਕਿ ਕਿਵੇਂ ਸਰਕਾਰੇ ਦਰਬਾਰੇ ਰਸੂਖ ਰੱਖਣ ਵਾਲੇ ਲੋਕ ਅਤਿਵਾਦੀਆਂ ਨੂੰ ਪਾਲਦੇ ਸਾਂਭਦੇ ਸਨ ਤੇ ਆਪਣੀ ਖੁਦਗ਼ਰਜ਼ੀ ਲਈ ਉਨ੍ਹਾਂ ਨੂੰ ਵਰਤਦੇ ਵੀ ਸਨ। ਇਸ ਭਾਗ ਵਿਚ ਹੀ ਸਰਬਣ ਦਾ ਪੁੱਤ ਅੱਛਰਾ ਦਾਂਦੂ, ਆਪਣੇ ਪਿੰਡ ਥਮਣਵਾਲੇ ਆ ਜਾਂਦਾ ਹੈ। ਉਹ ਸਰਬਣ ਦੀ ਉਮਰ-ਕੈਦ ਦੇ ਸਮੇਂ ਆਪਣੇ ਮਤ੍ਰਏ ਪਿਉ ਕੋਲ ਪਲਿਆ ਸੀ। ਸਰਬਣ ਦੀ ਜ਼ਮੀਨ ਹਥਿਆਉਣ ਲਈ ਜੱਸੇ ਨੇ ਉਸਨੂੰ ਡਾਕਟਰ ਨਾਲ ਮਿਲ ਕੇ ਮਰਵਾ ਦਿੰਦਾ ਸੀ। ਅਛਰਾ ਦਾਂਦੂ ਪਹਿਲਾਂ ਗੁਰਦੁਆਰੇ ਟਿਕਦਾ ਹੈ, ਪਾਠ ਕਰਦਾ ਹੈ ਤੇ ਆਪਣੇ ਨੇਕ ਕਿਰਦਾਰ ਰਾਹੀਂ ਲੋਕਾਂ ਵਿਚ ਰਸੂਖ ਬਣਾ ਲੈਂਦਾ ਹੈ। ਅਤਿਵਾਦ ਦੇ ਦਿਨਾਂ ਵਿਚ ਉਹ ਆਪਣੇ ਪਿੰਡ ਵਿਚ ਫਿਰਕੂ ਅਮਨ ਕਾਇਮ ਰੱਖਣ ਲਈ ਪੂਰੀ ਵਾਹ ਲਾਉਂਦਾ ਹੈ। ਉਹ ਪਿੰਡੋਂ ਚਲੇ ਗਏ ਹਟਬਾਣੀਆਂ ਨੂੰ ਵਾਪਸ ਪਿੰਡ ਮੋੜ ਲਿਆਉਂਦਾ ਹੈ। ਉਹ ਗੁਰਦੁਆਰੇ ਆ ਕੇ ਰੋਟੀ ਖਾਣ ਵਾਲੇ ਕੁਝ ਅਤਿਵਾਦੀਆਂ ਨਾਲ ਚੰਗਾ ਵਰਤਾਉ ਕਰ ਕੇ, ਉਨ੍ਹਾਂ ਨਾਲ ਰਸੂਖ ਬਣਾ ਲੈਂਦਾ ਹੈ। ਇਸ ਰਸੂਖ ਨੂੰ ਵਰਤ ਕੇ ਉਹ ਤਿਆਗੀਆਂ ਹੋਈਆਂ ਨੋਹਾਂ ਧੀਆਂ ਨੂੰ ਘਰੀਂ ਵਸਾਉਣ ਦਾ ਕੰਮ ਕਰਦਾ ਹੈ, ਜਿਸ ਨਾਲ ਲੋਕਾਂ ਵਿਚ ਉਸਦੀ ਹੋਰ ਵੀ ਭੱਲ ਬਣ ਜਾਂਦੀ ਹੈ। ਇਸੇ ਭੱਲ ਤੇ ਅਤਿਵਾਦੀਆਂ ਨਾਲ ਮੇਲ ਦੇ ਸਦਕੇ ਉਹ ਆਪਣੇ ਬਾਪ ਵਾਲਾ ਘਰ ਖਾਲੀ ਕਰਵਾ ਲੈਂਦਾ ਹੈ ਤੇ ਉਥੇ ਰਹਿਣ ਲਗਦਾ ਹੈ। ਜੱਸਾ ਪਹਿਲਾਂ ਸਰਕਾਰੇ ਦਰਬਾਰੇ ਆਪਣਾ ਰਸੂਖ ਵਰਤ ਕੇ ਅੱਛਰੇ ਨੂੰ ਪੁਲੀਸ ਤੋਂ ਚਕਵਾ ਕੇ ਮਰਵਾਉਣ ਦੀ ਸਾਜ਼ਸ਼ ਰਚਦਾ ਹੈ। ਇਸ ਸਾਜ਼ਸ਼ ਵਿਚੋਂ ਜਦੋਂ ਉਹ ਜੀਉਂਦਾ ਬਚ ਜਾਂਦਾ ਹੈ ਤਾਂ ਫੇਰ ਉਹ ਉਸਨੂੰ ਅਤਿਵਾਦੀ ਮੀਤੇ ਤੋਂ ਮਰਵਾ ਦਿੰਦਾ ਹੈ। ਇਸੇ ਤਰ੍ਹਾਂ ਉਹ ਮੀਤੇ ਤੋਂ ਕਾਮਰੇਡ ਤਰਸੇਮ ਸਿੰਘ ਨੂੰ ਤੇ ਰੂਪੋ ਨੂੰ ਮਰਵਾਉਂਦਾ ਹੈ। ਉਸੇ ਦਿਨ ਚੌਥਾ ਕਤਲ ਅਤਿਵਾਦੀ ਬਿਨਾ ਕਿਸੇ ਕਾਰਨ ਕਰਨੈਲ ਦਾ ਕਰ ਦਿੰਦੇ ਹਨ, ਜਿਹੜਾ ਉਨ੍ਹਾਂ ਨੂੰ ਆਪਣੇ ਟਰੈਕਟਰ ਤੇ ਛਡਣ ਗਿਆ ਸੀ। ਉਸਦਾ ਕਸੂਰ ਕੇਵਲ ਇੰਨਾ ਸੀ ਕਿ ਉਸਦੇ ਪਿਉ ਨੇ ਉਨ੍ਹਾਂ ਨਾਲ ਕਰਨੈਲ ਨੂੰ ਤੋਰਨ ਵਿਚ ਝਿਜਕ ਪਰਗਟ ਕੀਤੀ ਸੀ। ਇਹੋ ਜੇਹੇ ਭੈੜੇ ਕੰਮਾਂ ਕਰ ਕੇ ਹੀ ਅਤਿਵਾਦੀਆਂ ਦਾ ਅੰਤ ਨੇੜੇ ਆ ਜਾਂਦਾ ਹੈ। ਬਹੁਤੇ ਅਤਿਵਾਦੀ ਮਾਰੇ ਜਾਂਦੇ ਹਨ ਤੇ ਜਿਹੜੇ ਸਰਕਾਰੇ ਦਰਬਾਰੇ ਰਸੂਖ ਰਖਣ ਵਾਲੇ ਜੱਸੇ ਵਰਗੇ ਲੋਕਾਂ ਕੋਲ ਟਿਕੇ ਰਹਿ ਜਾਂਦੇ ਹਨ, ਉਨ੍ਹਾਂ ਨੂੰ ਉਹ ਹੁਣ ਚਲੇ ਹੋਏ ਕਾਰਤੂਸ ਸਮਝ ਕੇ ਪੁਲੀਸ ਰਾਹੀਂ ਮਰਵਾ ਦਿੰਦੇ ਹਨ ਤੇ ਉਨ੍ਹਾਂ ਦਾ ਮਾਲ ਖੁਦ ਹਜ਼ਮ ਕਰ ਜਾਂਦੇ ਹਨ। ਜੱਸਾ ਸਰਪੰਚ ਇਸੇ ਤਰ੍ਹਾਂ ਆਪਣੇ ਕੋਲ ਰੱਖੇ ਅਤਿਵਾਦੀ ਮੀਤੇ ਨੂੰ ਠਾਣੇਦਾਰ ਜਗੀਰ ਸਿੰਘ ਕੋਲੋਂ ਮਰਵਾਉਂਦਾ ਹੈ ਤੇ ਉਸਦਾ ਮਾਲ ਹਜ਼ਮ ਕਰ ਲੈਂਦਾ ਹੈ। ਜਦੋਂ ਨਵੀਆਂ ਹਵਾਵਾਂ ਚਲਦੀਆਂ ਹਨ ਤੇ ਪੰਜਾਬ ਵਿਚ ਚੋਣਾਂ ਦਾ ਐਲਾਨ ਹੁੰਦਾ ਹੈ ਤਾਂ ਜੱਸੀ ਇਸ ਮੌਕੇ ਨੂੰ ਵੀ ਆਪਣੀ ਖੁਦਗਰਜ਼ੀ ਲਈ ਵਰਤਦਾ ਹੈ। ਜੱਸੀ ਦੀ ਮਦਦ ਨਾਲ ਨਛੱਤਰ ਸਿੰਘ ਐਮ. ਐਲ. ਏ. ਬਣਦਾ ਹੈ ਤੇ ਫੇਰ ਜੱਸੀ ਦੇ ਮੁੰਡੇ ਹਰਵੇਲ ਦਾ ਰਿਸ਼ਤਾ ਨਛੱਤਰ ਸਿੰਘ ਦੀ ਧੀ ਨਾਲ ਹੋ ਜਾਂਦਾ ਹੈ। ਇਸ ਨਾਲ ਜੱਸੀ ਦੀ ਹੋਰ ਵੀ ਚੜ੍ਹਤਲ ਹੋ ਜਾਂਦੀ ਹੈ। ਹਰਵੇਲ ਆੜ੍ਹਤੀਆ ਬਣ ਜਾਂਦਾ ਹੈ। ਵੀਹਵੀਂ ਸਦੀ ਦੇ ਅੰਤ ਦੇ ਨੇੜੇ ਆ ਕੇ ਪਿੰਡਾਂ ਦੇ ਨਵੇਂ ਪੜ੍ਹੇ ਲਿਖੇ ਮੁੰਡਿਆਂ ਵਿਚ ਜਾਗ੍ਰਿਤ ਆਉਂਦੀ ਹੈ ਤੇ ਪਿੰਡਾਂ ਵਿਚ ਨੌਜਵਾਨ ਸਭਾਵਾਂ ਬਣਦੀਆਂ ਹਨ। ਇਸੇਤਰ੍ਹਾਂ ਥਮਣਵਾਲ ਵਿਚ ਵੀ ਨੌਜਵਾਨ ਸਭਾ ਬਣਦੀ ਹੈ ਤੇ ਪ੍ਰਧਾਨ ਕਾਮਰੇਡ ਤਰਸੇਮ ਦਾ ਮੁੰਡਾ ਨਵਚੇਤਨ ਸਿੰਘ ਬਣਦਾ ਹੈ।

ਪੰਜਵੇਂ ਭਾਗ ਵਿਚ ਪਿੰਡ ਦੇ ਕਿਸਾਨਾਂ ਦੀ ਅਮੀਰ ਤੇ ਗ਼ਰੀਬ ਵਿਚ ਹੋਈ ਵੰਡ ਨੂੰ ਦਰਸਾਇਆ ਗਿਆ ਹੈ। ਸੰਤਾ ਤੇ ਜੋਰਾ ਦੋ ਸਕੇ ਭਰਾ ਹਨ। ਸੰਤਾ ਸਿਧਾ ਸਾਦਾ ਕਿਸਾਨ ਹੋਣ ਕਰ ਕੇ ਗ਼ਰੀਬੀ ਤੇ ਤੰਗਦਸਤੀ ਦੀ ਜਿਲ੍ਹਣ ਵਿਚ ਫਸਿਆ ਹੋਇਆ ਹੈ ਤੇ ਉਸਦਾ ਭਰਾ ਜੋਰਾ ਜੱਸੇ ਨਾਲ ਰਲ ਕੇ ਫੀਮ ਤੇ ਭੁੱਕੀ ਦੇ ਕਾਰੋਬਾਰ ਰਾਹੀਂ ਅਮੀਰ ਬਣ ਜਾਂਦਾ ਹੈ। ਜੋਰੇ ਦਾ ਮੁੰਡਾ ਗੁਰਜੰਟ ਇੱਕ ਲੱਖ ਦੀ ਰਿਸ਼ਵਤ ਤੇ ਸਿਫਾਰਸ਼ ਦੇ ਜ਼ੋਰ ਨਾਲ ਸ਼ਹਿਰ ਦੇ ਬੈਂਕ ਵਿਚ ਲਗ ਜਾਂਦਾ ਹੈ। ਇਸ ਤਰ੍ਹਾਂ ਜੋਰੇ ਦੀ ਅਮੀਰੀ ਵਿਚ ਵਾਧੇ ਲਈ ਹੋਰ ਵੀ ਸੁਖਾਵੀਂ ਹਾਲਤ ਬਣ ਜਾਂਦੀ ਹੈ। ਉਹ ਕੋਠੀਆਂ ਦਾ ਮਾਲਕ ਬਣ ਜਾਂਦਾ ਹੈ, ਪਰ ਉਸਦਾ ਸਕਾ ਭਰਾ ਕੁਦਰਤ ਦੀ ਕਰੋਪੀ ਤੇ ਵਾਧੂ ਦੇ ਖਰਚਾਂ ਦਾ ਭੰਨਿਆ, ਗ਼ਰੀਬੀ ਦੀ ਜਿਲ੍ਹਣ ਵਿਚ ਹੋਰ ਵੀ ਧਸਦਾ ਜਾਂਦਾ ਹੈ। ਹਾਲਤ ਹੋਰ ਬਦਲਦੇ ਹਨ। ਪਿੰਡ ਦੀ ਨੌਜਵਾਨ ਸਭਾ ਦਾ ਪ੍ਰਧਾਨ ਨਵਚੇਤਨ ਸਿੰਘ ਥੱਮਣਵਾਲੇ ਦਾ ਸਰਪੰਚ ਬਣਦਾ ਹੈ। ਰਾਮਦਾਸ ਪੂਰੀ ਉਮਰ ਭੋਗ ਕੇ ਮਰ ਜਾਂਦਾ ਹੈ ਤੇ ਉਸਦੀ ਸਮਾਧ ਵੀ ਦੁੱਲੇ ਦੀ ਸਮਾਧ ਦੇ ਨਾਲ ਹੀ ਬਣਾਈ ਜਾਂਦੀ ਹੈ ਤੇ ਉਸਦਾ ਚੇਲਾ ਬਚਿਤਰ ਦਾਸ ਉਸਦਾ ਗੱਦੀਦਾਰ ਬਣਦਾ ਹੈ। ਰਾਮਦਾਸ ਦੀ ਸ਼ਹਿਰ ਵਾਲੀ ਕੋਠੀ ਤੇ ਜੋਰਾ ਕਬਜ਼ਾ ਕਰ ਲੈਂਦਾ ਹੈ। ਇੱਥੇੋਂ ਤਕ ਪੁਜ ਕੇ ਨੌਜਵਾਨ ਸਭਾ ਆਪਣੇ ਕੰਮ ਨੂੰ ਹੋਰ ਵੀ ਵਧਾ ਲੈਂਦੀ ਹੈ। ਨੌਜਵਾਨ ਸਭਾ ਦਾ ਕੰਮ ਹੀ ਹੈ, ਜਿਸ ਤੋਂ ਕੋਈ ਚਾਨਣ ਦੀ ਕਿਰਨ ਦਿਸਦੀ ਹੈ। ਕਰਜ਼ੇ ਹੇਠ ਦੱਬੇ ਸੰਤੇ ਦੀ ਧੀ ਗੇਲੋ ਸਤਾਈ ਸਾਲ ਦੀ ਉਮਰ ਤੱਕ ਅਣਵਿਆਹੀ ਹੀ ਰਹਿੰਦੀ ਹੈ। ਉਹ ਪਿੰਡ ਦੇ ਛੀਂਬਿਆਂ ਦੇ ਮੁੰਡੇ ਤਰਲੋਚਨ ਨਾਲ ਕਾਮ-ਸੰਬੰਧ ਬਣਾ ਲੈਂਦੀ ਸੀ। ਪਤਾ ਲਗਣ ਤੇ ਵੀ ਗ਼ਰੀਬ ਜੱਟ ਕੀ ਕਰ ਸਕਦਾ ਸੀ, ਜਿੰਨੀ ਛੇਤੀ ਹੋ ਸਕੇ ਧੀ ਦਾ ਵਿਆਹ ਕਰਨ ਤੋਂ ਬਿਨਾ। ਮਜਬੂਰੀ ਬਸ ਉਹ ਗੇਲੋ ਦਾ ਵਿਆਹ ਕਰਨ ਲਈ ਟੇਢੇ ਢੰਗ ਨਾਲ, ਟਰੈਕਟਰ ਖਰੀਦਣ ਦੇ ਬਹਾਨੇ ਨਾਲ ਕਰਜ਼ਾ ਚੁਕਦਾ ਹੈ। ਵਿਆਹ ਤਾਂ ਹੋ ਜਾਂਦਾ ਹੈ ਪਰ ਕਰਜ਼ੇ ਦੀਆਂ ਕਿਸ਼ਤਾਂ ਨਹੀਂ ਦਿਤੀਆਂ ਜਾਂਦੀਆਂ। ਬੈਂਕ ਦਾ ਮੈਨੇਜਰ ਉਸਦੇ ਪਿੰਡ ਆ ਕੇ ਪਿੰਡ ਦੇ ਲੋਕਾਂ ਸਾਹਮਣੇ ਉਸਨੂੰ ਗਾਹਲਾਂ ਕਢਦਾ ਹੈ। ਸੰਤੇ ਨੂੰ ਇਸ ਘੁੰਣਮਘੇਰੀ ਵਿਚੋਂ ਨਿਕਲਣ ਲਈ ਕੋਈ ਰਾਹ ਨਹੀਂ ਰਹਿ ਜਾਂਦਾ ਤੇ ਉਹ ਸਲਫਾਸ ਖਾ ਕੇ ਆਤਮ ਹੱਤਿਆ ਕਰ ਲੈਂਦਾ ਹੈ। ਇਸਦੇ ਨਾਲ ਹੀ ਇਸ ਪੰਜਾਂ ਭਾਗਾਂ ਵਿਚ ਵੰਡੇ ਲੰਮੇ ਨਾਵਲ ਦਾ ਅੰਤ ਹੋ ਜਾਂਦਾ ਹੈ।ਇਹ ਤਾਂ ਹੈ ਇਸ ਨਾਵਲ ਦੀ ਕਹਾਣੀ।

ਹੁਣ ਅਸੀਂ ਦੇਖਣਾ ਹੈ ਕਿ ਅਣਖੀ ਨੇ ਇਸ ਨਾਵਲ ਵਿਚ ਕੀ ਕਹਿਣਾ ਚਾਹਿਆ ਹੈ? ਜੇ ਅਸੀਂ ਨਾਵਲ ਦੇ ਅੰਤ ਨੂੰ ਦ੍ਰਿਸ਼ਟੀ ਵਿਚ ਰਖ ਕੇ ਸੋਚੀਏ, ਤਾਂ ਅਸੀਂ ਕਿਸ ਸਿਟੇ ਤੇ ਪਹੁੰਚਦੇ ਹਾਂ? ਪਹਿਲੀ ਗੱਲ ਤਾਂ ਇਹ ਹੈ ਕਿ ਨਾਵਲ ਦੇ ਅੰਤ ਨਾਲ ਜੱਸੀ ਤੇ ਜੋਰੇ ਵਰਗੇ ਭ੍ਰਿਸ਼ਟ ਬੰਦਿਆਂ ਦਾ ਅੰਤ ਨਹੀਂ ਹੁੰਦਾ, ਸਗੋਂ ਉਹ ਹੋਰ ਵੀ ਸ਼ਕਤੀਸ਼ਾਲੀ ਹੋ ਜਾਂਦੇ ਹਨ ਤੇ ਉਨ੍ਹਾਂ ਦੀ ਭ੍ਰਿਸ਼ਟ ਕਮਾਈ ਵਿਚ ਉਨ੍ਹਾਂ ਦੇ ਮੁੰਡਿਆਂ ਅਲਬੇਲ ਤੇ ਗੁਰਜੰਟ ਦੇ ਰਲਣ ਨਾਲ ਹੋਰ ਵੀ ਵਾਧਾ ਹੋ ਜਾਂਦਾ ਹੈ ਤੇ ਉਨ੍ਹਾਂ ਦੇ ਅਜੇਹੇ ਕੰਮਾਂ ਲਈ ਹੋਰ ਵੀ ਰਾਹ ਖੁਲ੍ਹ ਜਾਂਦੇ ਹਨ, ਜੱਸੀ ਦੇ ਮੁੰਡੇ ਦਾ ਐਮ. ਐਲ. ਏ. ਨਛੱਤਰ ਸਿੰਘ ਦੀ ਕੁੜੀ ਨਾਲ ਵਿਆਹ ਹੋ ਜਾਣ ਨਾਲ ਤੇ ਜੋਰੇ ਦੇ ਮੁੰਡੇ ਗੁਰਜੰਟ ਦੇ ਸ਼ਹਿਰ ਦੇ ਬੜੇ ਬੈਂਕ ਵਿਚ ਕੰਮ ਤੇ ਲਗ ਜਾਣ ਨਾਲ। ਆੜ੍ਹਤ ਦੇ ਕੰਮ ਵਿਚ ਪੈਣ ਨਾਲ ਉਹ ਸ਼ਹਿਰੀ ਮਧ-ਸ਼੍ਰੇਣੀ ਦਾ ਵੀ ਅੰਗ ਬਣ ਜਾਂਦੇ ਹਨ। ਪਰ ਪਿੰਡਾਂ ਦੇ ਆਮ ਗ਼ਰੀਬ ਕਿਸਾਨਾਂ ਦਾ ਹਾਲ ਹੋਰ ਵੀ ਮੰਦਾ ਹੋ ਗਿਆ ਹੈ। ਕੁਦਰਤ ਦੀ ਕਰੋਪੀ ਇੱਕ ਪਾਸੇ ਤੇ ਦੂਜੇ ਪਾਸੇ ਨਿਤ ਦੇ ਵਧ ਰਹੇ ਖਰਚ, ਆੜ੍ਹਤੀਆਂ ਹੱਥੋਂ ਲੁਟ, ਹਰ ਪਾਸੇ ਫੈਲੇ ਭ੍ਰਿਸ਼ਟਾਚਾਰ ਦੀ ਮਾਰ, ਫਸਲ ਦਾ ਯੋਗ ਮੁੱਲ ਨਾ ਮਿਲਣਾ ਉਨ੍ਹਾਂ ਦਾ ਕਚੂਮਰ ਕਢ ਰਿਹਾ ਹੈ। ਕਰਜ਼ਿਆਂ ਵਿਚ ਫਸਣ ਤੇ ਜ਼ਮੀਨਾਂ ਗਹਿਣੇ ਰੱਖਣ ਤੋਂ ਬਿਨਾ ਉਨ੍ਹਾਂ ਕੋਲ ਹੋਰ ਰਾਹ ਹੀ ਕੋਈ ਨਹੀਂ ਰਹਿ ਜਾਂਦਾ। ਇਸ ਚਕਰਵੀਊ ਵਿਚੋਂ ਨਿਕਲਣ ਦੇ ਜਦੋਂ ਸਾਰੇ ਰਾਹ ਬੰਦ ਹੋ ਜਾਂਦੇ ਹਨ ਤਾਂ ਕੇਵਲ ਆਤਮਘਾਤ ਹੀ ਛੁਟਕਾਰੇ ਦਾ ਰਾਹ ਰਹਿ ਜਾਂਦਾ ਹੈ। ਗ਼ਰੀਬ ਕਿਸਾਨ ਸੰਤੇ ਨਾਲ ਐਨ ਇਸੇਤਰ੍ਹਾਂ ਹੁੰਦਾ ਹੈ।

ਜਿਹੜੀ ਨਿਰਾਸ਼ਾਜਨਕ ਹਾਲਤ ਇਸ ਵੇਲੇ ਪੰਜਾਬ ਵਿਚ ਹੈ, ਕੀ ਇਸ ਤੋਂ ਛੁਟਕਾਰੇ ਦਾ ਕੋਈ ਰਾਹ ਵੀ ਹੈ? ਅਣਖੀ ਨੇ ਨਾਵਲ ਦੇ ਅੰਤ ਤਕ ਪੁਜਦਿਆਂ ਆਸ਼ਾ ਦੀ ਇੱਕ ਕਿਰਨ ਜ਼ਰੂਰ ਦਿਖਾਈ ਹੈ। ਇਹ ਕਿਰਨ ਹੈ, ਪਿੰਡਾਂ ਵਿਚ ਬਣ ਰਹੀਆਂ ਨੌਜਵਾਨ ਸਭਾਵਾਂ। ਇਨ੍ਹਾਂ ਸਭਾਵਾਂ ਵਿਚ ਉਹ ਨਵੇਂ ਪੜ੍ਹੇ ਲਿਖੇ ਜਾਗਰਤ ਮੁੰਡੇ ਇਕੱਠੇ ਹੋ ਰਹੇ ਹਨ, ਜਿਹੜੇ ਗ਼ਰੀਬ ਘਰਾਂ ਵਿਚ ਜੰਮੇ ਪਲੇ ਹਨ ਤੇ ਜਿਨ੍ਹਾਂ ਨੂੰ ਇਸ ਸਮੇਂ ਦੇ ਭ੍ਰਿਸ਼ਟ ਵਾਤਾਵਰਨ ਵਿਚ ਆਪਣਾ ਭਵਿਖ ਧੁੰਦਲਾ ਨਜ਼ਰ ਆਉਂਦਾ ਹੈ। ਉਹ ਹਰ ਤਰ੍ਹਾਂ ਦੇ ਭ੍ਰਿਸ਼ਟਾਚਾਰ ਦੇ ਵਿਰੁਧ ਇਕੱਠੇ ਹੋ ਰਹੇ ਹਨ। ਇਸ ਨਾਵਲ ਦੇ ਥਮਣਵਾਲਾ ਪਿੰਡ ਦੇ ਨੌਜਵਾਨ ਜਾਤਾਂ ਦੇ ਭਿੰਨ ਭੇਦ ਤੋਂ ਉਪਰ ਉਠ ਕੇ ਇਸੇ ਤਰ੍ਹਾਂ ਨੌਜਵਾਨ ਸਭਾ ਬਣਾਉਂਦੇ ਹਨ। ਕਾਮਰੇਡ ਤਰਸੇਮ ਸਿੰਘ ਦੇ ਪੁਤ ਨਵਚੇਤਨ ਸਿੰਘ ਨੂੰ ਇਸਦਾ ਪ੍ਰਧਾਨ ਬਣਉਂਦੇ ਹਨ, ਗੁਰੂ ਨਾਨਕ ਦੇ ਨਾਉਂ ਤੇ ਹਰ ਸਾਲ ਟੂਰਨਾਮੈਂਟ ਕਰਵਾਉਣ ਦਾ ਰਵਾਜ ਪਾਉਂਦੇ ਹਨ, ਪਿੰਡ ਵਿਚ ਸ਼ਹੀਦ ਭਗਤ ਸਿੰਘ ਦੇ ਨਾਉਂ ਤੇ ਲਾਇਬ੍ਰੇਰੀ ਬਣਾਉਂਦੇ ਹਨ, ਦੁੱਲੇ ਦੀ ਢਾਬ ਦੇ ਡੇਰੇ ਦਾ ਪ੍ਰਬੰਧ ਆਪਣੇ ਹੱਥਾਂ ਵਿਚ ਲੈ ਲੈਂਦੇ ਹਨ ਤੇ ਅੱਛਰੇ ਦਾਂਦੂ ਦਾ ਬੁਤ ਲਾਉਂਦੇ ਹਨ, ਜਿਹੜਾ ਕਿ ਉਨ੍ਹਾਂ ਲਈ ਫਿਰਕੂ ਏਕਤਾ ਤੇ ਨੇਕੀ ਦਾ ਪ੍ਰਤੀਕ ਹੈ। ਗੁਰੂ ਨਾਨਕ ਦਾ ਜਨਮ ਦਿਨ ਇਨ੍ਹਾਂ ਨੌਜਵਾਨਾਂ ਵਲੋਂ ਉਤਸ਼ਾਹ ਨਾਲ ਮਨਾਉਣਾ ਤੇ ਸ਼ਹੀਦ ਭਗਤ ਸਿੰਘ ਨੂੰ ਆਪਣਾ ਆਦਰਸ਼ ਮੰਨ ਕੇ ਤੁਰਨਾ ਕੀ ਜ਼ਾਹਰ ਕਰਦਾ ਹੈ? ਇਹ ਜ਼ਾਹਰ ਕਰਦਾ ਹੈ ਕਿ ਅਜ ਦੇ ਜਾਗਰਤ ਨੌਜਵਾਨਾਂ ਨੂੰ ਅਹਿਸਾਸ ਹੋ ਗਿਆ ਹੈ ਕਿ ਆਪਣੇ ਅਤੀਤ ਵਿਚੋਂ ਮਿਲਦੇ ਚੰਗੇ ਕੁੱਝ ਨਾਲ ਜੁੜੇ ਬਿਨਾਂ ਗੱਲ ਨਹੀਂ ਬਣਨੀ ਤੇ ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ ਤੇ ਕੁਰਬਾਨੀ ਦੇ ਰਾਹ ਨੂੰ ਅਪਣਾਏ ਬਿਨਾਂ ਕੁਝ ਪ੍ਰਾਪਤ ਵੀ ਨਹੀਂ ਹੋਣਾ। ਉਹ ਭ੍ਰਿਸ਼ਟਾਚਾਰ ਦੇ ਪ੍ਰਤੀਕ ਜੱਸੇ ਦੀ ਥਾਂ ਨੌਜਵਾਨ ਸਭਾ ਦੇ ਪ੍ਰਧਾਨ ਨਵਚੇਤਨ ਸਿੰਘ ਨੂੰ ਪਿੰਡ ਦਾ ਸਰਪੰਚ ਬਣਾਉਂਦੇ ਹਨ। ਸਿੱਟਾ ਇਹੀ ਨਿਕਲਦਾ ਹੈ ਕਿ ਭਾਵੇਂ ਪਿੰਡਾਂ ਦੇ ਨਵਦੌਲਤੀਏ ਅਮੀਰਾਂ ਦਾ ਭ੍ਰਿਸ਼ਟਾਚਾਰ ਹੋਰ ਵਧਦਾ ਜਾ ਰਿਹਾ ਹੈ ਤੇ ਉਹ ਹੋਰ ਵੀ ਅਮੀਰ ਤੇ ਭ੍ਰਿਸ਼ਟ ਹੋ ਰਹੇ ਹਨ, ਗ਼ਰੀਬ ਕਿਸਾਨਾਂ ਦੀ ਹਾਲਤ ਦਿਨ ਪੁਰ ਦਿਨ ਹੋਰ ਵੀ ਨਿਘਰਦੀ ਜਾ ਰਹੀ ਹੈ ਤੇ ਆਤਮ-ਘਾਤ ਤੋਂ ਬਿਨਾ ਉਨ੍ਹਾਂ ਨੂੰ ਹੋਰ ਕੋਈ ਛੁਟਕਾਰੇ ਦਾ ਰਾਹ ਨਹੀਂ ਦਿਸਦਾ। ਫੇਰ ਵੀ ਇਸ ਨਿਰਾਸ਼ਾਜਨਕ ਹਾਲਤ ਵਿਚੋਂ ਛੁਟਕਾਰੇ ਦਾ ਰਾਹ ਨਵੀਂ ਪੀੜ੍ਹੀ ਦੀ ਜਾਗ੍ਰਤੀ ਵਿਚੋਂ ਲਭਦਾ ਹੈ।

ਇਸ ਨਾਵਲ ਦੀ ਸਮੁੱਚੀ ਪੜ੍ਹਤ ਵਿਚੋਂ ਇਸ ਮੁੱਖ ਗੱਲ ਤੋਂ ਬਿਨਾਂ ਹੋਰ ਵੀ ਕਈ ਗੱਲਾਂ ਉਘੜ ਕੇ ਸਾਹਮਣੇ ਆਉਂਦੀਆਂ ਹਨ। ਪਿਛਲੇ ਸੱਠ ਕੁ ਸਾਲਾਂ ਵਿਚ ਪਿੰਡਾਂ ਵਿਚ ਹੋਏ ਮਸ਼ੀਨੀਕਰਨ ਦੇ ਸਿੱਟੇ ਵਜੋਂ ਆਏ ਪ੍ਰੀਵਰਤਨ ਨਾਲ ਅਨੇਕਾਂ ਪੁਰਾਣੇ ਕਿੱਤੇ ਖਤਮ ਹੋ ਗਏ ਹਨ। ਦਰਜੀ, ਮੋਚੀ, ਤਰਖਾਣ, ਲੁਹਾਰ, ਘੁਮਾਰ ਤੇ ਸੁਨਿਆਰ ਆਦਿ ਤਾਂ ਆਪਣੇ ਹੁਨਰ ਦੇ ਸਦਕੇ ਰੋਜ਼ਗਾਰ ਲਈ ਸ਼ਹਿਰਾਂ ਵਲ ਵਹੀਰਾਂ ਘਤ ਗਏ ਹਨ ਤੇ ਅਜੇਹਾ ਕੁਝ ਇਸ ਨਾਵਲ ਦੇ ਪਿੰਡ ਥੱਮਣਵਾਲੇ ਵਿਚ ਵੀ ਹੁੰਦਾ ਹੈ, ਪਰ ਉਹ ਕਿਥੇ ਜਾਣ ਜਿਨ੍ਹਾਂ ਕੋਲ ਕੋਈ ਹੁਨਰ ਨਹੀਂ। ਇਸ ਨਾਵਲ ਵਿਚ ਬਾਜ਼ੀਗਰਾਂ ਨੂੰ ਅਜੇਹੀ ਹੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ। ਦੁੱਲਾ ਬਾਜ਼ੀਗਰ ਆਪਣਾ ਬਾਜ਼ੀਗਰੀ ਦਾ ਕਿੱਤਾ ਛੱਡ ਕੇ ਊਠਾਂ ਦਾ ਵਪਾਰੀ ਬਣਦਾ ਹੈ। ਉਸਨੂੰ ਇਸ ਗੱਲ ਦਾ ਪਤਾ ਨਹੀਂ, ਕਿ ਇਹ ਕੰਮ ਵੀ ਆ ਰਹੇ ਪ੍ਰੀਵਰਤਨ ਦੇ ਸਾਹਮਣੇ ਬਹੁਤਾ ਚਿਰ ਚਲ ਨਹੀਂ ਸਕਦਾ। ਜਦੋਂ ਖੇਤੀਬਾੜੀ ਦਾ ਮਸ਼ੀਨੀਕਰਨ ਹੁੰਦਾ ਹੈ ਤਾਂ ਖੇਤੀ ਵਿਚ ਵਰਤੇ ਜਾਂਦੇ ਪਸੂਆਂ ਦਾ ਵਪਾਰ ਵੀ ਪਸੂਆਂ ਦੀ ਲੋੜ ਦੇ ਨਾਲ ਹੀ ਖਤਮ ਹੋ ਜਾਂਦਾ ਹੈ। ਇਸ ਲਈ ਦੁੱਲੇ ਦਾ ਪਤਨ ਤਾਂ ਇਸ ਆ ਰਹੇ ਪ੍ਰੀਵਰਤਨ ਨੇ ਪਹਿਲਾਂ ਹੀ ਨਿਸਚਿਤ ਕਰ ਦਿਤਾ ਸੀ, ਸਰਦਾਰੋ ਦੇ ਕਿਰਦਾਰ ਨੇ ਤਾਂ ਇਸ ਪਤਨ ਲਈ ਇੱਕ ਬਹਾਨਾ ਹੀ ਪੈਦਾ ਕੀਤਾ ਸੀ। ਜੇ ਸਰਦਾਰੋ ਇਸਤਰ੍ਹਾਂ ਨਾ ਵੀ ਕਰਦੀ, ਤਾਂ ਵੀ ਦੁੱਲੇ ਨਾਲ ਇਹੀ ਕੁੱਝ ਵਾਪਰਨਾ ਸੀ। ਉਂਝ ਪਤਨ ਵਲ ਜਾ ਰਹੇ ਲੋਕਾਂ ਦੇ ਸਦਾਚਾਰਕ ਮਿਆਰਾਂ ਦਾ ਪਤਨ ਵੀ ਲਾਜ਼ਮੀ ਹੁੰਦਾ ਹੈ। ਦੁੱਲੇ ਦਾ ਢਾਬ ਤੇ ਜਾ ਕੇ ਰਹਿਣ ਲੱਗ ਪੈਣਾ ਵੀ ਪੰਜਾਬ ਦੀ ਅੱਜ ਦੀ ਹਾਲਤ ਵਿਚ ਕੋਈ ਅਨੋਖੀ ਗੱਲ ਨਹੀਂ। ਪੰਜਾਬ ਵਿਚ ਤਾਂ ਹੁਣ ਪਿੰਡ ਪਿੰਡ ਅਜੇਹੇ ਡੇਰੇ ਬਣ ਗਏ ਹਨ। ਮੁਸਲਮਾਨਾਂ ਦੀਆਂ ਕਬਰਾਂ ਤੇ ਮੇਲੇ ਲੱਗਣ ਲੱਗ ਪਏ ਹਨ ਤੇ ਇਨ੍ਹਾਂ ਡੇਰਿਆਂ ਦੇ ਮੁਜਾਵਰ ਬਹੁਤੇ ਉਨ੍ਹਾਂ ਦਲਿਤ ਲੋਕਾਂ ਵਿਚੋਂ ਹੀ ਹਨ, ਜਿਨ੍ਹਾਂ ਪਾਸ ਕੋਈ ਹੁਨਰ ਨਹੀਂ, ਜਿਸਨੂੰ ਵਰਤ ਕੇ ਉਹ ਸ਼ਹਿਰਾਂ ਵਿਚ ਜਾ ਕੇ ਰੁਜ਼ਗਾਰ ਲਭ ਸਕਣ। ਜਾਂ ਫੇਰ ਰਾਮ ਵਰਗੇ ਬੰਦੇ, ਜਿਨ੍ਹਾਂ ਦੀ ਪੜ੍ਹਾਈ ਵਿਚੇ ਰਹਿ ਜਾਂਦੀ ਹੈ ਤੇ ਕਿਸੇ ਸਰੀਰਕ ਨੁਕਸ ਦੇ ਪੈ ਜਾਣ ਨਾਲ ਉਨ੍ਹਾ ਦਾ ਵਿਆਹ ਹੋਣ ਦੀ ਆਸ ਵੀ ਨਹੀਂ ਰਹਿੰਦੀ ਤੇ ਖੇਤੀ ਵਿਚੋਂ ਉਨ੍ਹਾਂ ਨੂੰ ਕੁਝ ਬਣਦਾ ਦਿਸਦਾ ਨਹੀਂ, ਉਹ ਵੀ ਅਜੇਹੇ ਡੇਰਿਆਂ ਦਾ ਲਾਭ ਪ੍ਰਾਪਤ ਕਰਨ ਲਈ ਆ ਟਿਕਦੇ ਹਨ।

ਜਗੀਰਦਾਰੀ ਕਿਵੇਂ ਪੈਦਾ ਹੁੰਦੀ ਹੈ? ਮੱਧਵਰਗ ਦੀ ਸੱਤਾ ਪ੍ਰਾਪਤੀ ਨਾਲ ਉਸਦਾ ਅੰਤ ਕਿਵੇਂ ਹੁੰਦਾ ਹੈ ਤੇ ਉਸਦੀ ਰਹਿੰਦ ਖੂੰਹਦ ਆਪਣੇ ਪਤਨ ਦੇ ਦੌਰ ਵਿਚ ਕਿਸਤਰ੍ਹਾਂ ਨਵੇਂ ਵਾਤਾਵਰਣ ਵਿਚ ਵਿਚਰਦੀ ਹੈ? ਇਸ ਨਾਵਲ ਵਿਚ ਇਸ ਬਾਰੇ ਵੀ ਚੋਖਾ ਕੁਝ ਮਿਲ ਜਾਂਦਾ ਹੈ। ਜੇ ਅਣਖੀ ਨਾਵਲ ਦੀ ਕਹਾਣੀ ਤੋਂ ਬਾਹਰ ਜਾ ਕੇ ਆਪ ਜਾਂ ਆਪਣੇ ਪਾਤਰਾਂ ਮੂਹੋਂ ਇਹ ਸਭ ਕੁਝ ਦਸਦਾ ਤਾਂ ਇਹ ਨਾਵਲ ਦੀ ਕਹਾਣੀ ਵਿਚ ਫਾਲਤੂ ਠੋਸਿਆ ਗਿਆ ਲੱਗਣਾ ਸੀ। ਅਣਖੀ ਦੀ ਕਲਾ ਇਸ ਵਿਚ ਹੀ ਹੈ ਕਿ ਉਸਨੇ ਅਜੇਹਾ ਨਹੀਂ ਕੀਤਾ। ਉਸਨੇ ਨਾਵਲ ਦੀ ਅਸਲ ਕਹਾਣੀ ਵਿਚ ਹੀ ਇਹ ਘਾੜਤ ਘੜੀ ਹੈ ਕਿ ਦੁੱਲਾ ਜਿਸ ਹਵੇਲੀ ਵਿਚ ਰਹਿੰਦਾ ਸੀ, ਉਸ ਹਵੇਲੀ ਦਾ ਮਾਲਕ ਕੋਈ ਮਕੰਦ ਸਿੰਘ ਨਾਉਂ ਦਾ ਜਗੀਰਦਾਰ ਸੀ, ਜਿਸ ਨੇ ਆਪਣੀ ਧੀ ਰਾਜੇ ਦੀ ਰਖੇਲ ਬਣਾ ਕੇ ਜਗੀਰ ਲਈ ਸੀ। ਜਗੀਰਦਾਰੀ ਦੇ ਖਤਮ ਹੋਣ ਨਾਲ, ਉਹ ਜਗੀਰਦਾਰ ਜਿਹੜੇ ਆਪਣੀ ਸ਼੍ਰੇਣੀ ਦੀ ਖਸਲਤ ਤਿਆਗ ਕੇ ਮਧਵਰਗ ਦਾ ਅੰਗ ਬਣ ਜਾਂਦੇ ਹਨ ਉਹ ਤਾਂ ਨਵੇਂ ਵਾਤਾਵਰਨ ਵਿਚ ਫਿੱਟ ਹੋ ਜਾਂਦੇ ਹਨ, ਜਿਹੜੇ ਮਧਵਰਗ ਦਾ ਅੰਗ ਬਣ ਨਹੀਂ ਸਕਦੇ ਤੇ ਆਪਣੀ ਖਸਲਤ ਨਹੀਂ ਤਿਆਗਦੇ ਉਨ੍ਹਾਂ ਦਾ ਹਸ਼ਰ ਮੁਕੰਦ ਸਿੰਘ ਦੇ ਪੁੱਤ ਰਾਜਿੰਦਰ ਤੇ ਉਸਦੇ ਪੋਤੇ ਮਨਜਿੰਦਰ ਵਾਲਾ ਹੁੰਦਾ ਹੈ। ਅਜੇਹੇ ਕਿਰਦਾਰ ਸ਼ਰਾਬੀ ਕਬਾਬੀ ਹੀ ਹੋ ਸਕਦੇ ਹਨ ਤੇ ਅੰਤ ਸਭ ਦਾ ਮਾੜਾ ਹੀ ਹੁੰਦਾ ਹੈ। ਇਹ ਆਪ ਤਾਂ ਰਹਿੰਦੇ ਨਹੀਂ। ਫੇਰ ਇਨ੍ਹਾਂ ਵਰਗੇ ਇਨ੍ਹਾਂ ਦੇ ਰਿਸ਼ਤੇਦਾਰ ਫੁਕਰੇ ਜਗੀਰਦਾਰ ਕਿੱਥੋਂ ਤੱਕ ਪੁਜ ਜਾਂਦੇ ਹਨ? ਮੁਕੰਦ ਸਿੰਘ ਦੇ ਮੁੰਡੇ ਤੇ ਪੋਤੇ ਦੇ ਰਿਸ਼ਤੇਦਾਰ ਮਨੋਹਰ ਸਿੰਘ ਤੇ ਦਲਭੰਜਨ ਦੁੱਲੇ ਵਾਲੀ ਹਵੇਲੀ ਵੇਚਣ ਲਈ ਥਮਣਵਾਲ਼ੇ ਆਉਂਦੇ ਹਨ। ਹਵੇਲੀ ਆ ਕੇ ਮੁਫਤ ਦੀਆਂ ਰੋਟੀਆ ਭੰਨਣ ਲਈ ਦੁੱਲੇ ਦੇ ਮੁੰਡੇ ਕੋਲ ਹੀ ਟਿਕ ਜਾਂਦੇ ਹਨ ਤੇ ਇਥੇ ਹੀ ਅਫੀਮ ਖਰੀਦਣ ਵੇਚਣ ਦਾ ਕੰਮ ਕਰਨ ਲਗ ਪੈਂਦੇ ਹਨ। ਇਖਲਾਕੀ ਗਿਰਾਵਟ ਇਨ੍ਹਾਂ ਫੁਕਰੇ ਸਰਦਾਰਾਂ ਦੀ ਇੱਥੋਂ ਤੱਕ ਪੁਜ ਜਾਂਦੀ ਹੈ ਕਿ ਦਲਭੰਜਨ ਦੁੱਲੇ ਦੀ ਨੋਂਹ ਚੰਨੂੰ ਦੀ ਵਹੁਟੀ ਨੂੰ ਹੱਥ ਪਾ ਕੇ ਉਸਤੋਂ ਮੱਥਾ ਪੜਵਾ ਲੈਂਦਾ ਹੈ। ਜਦੋਂ ਲੰਬੜਦਾਰ ਦੇ ਕਹਿਣ ਤੇ ਚੰਨੂੰ ਹੋਰੀਂ ਹਵੇਲੀ ਖਾਲੀ ਕਰ ਕੇ ਉੱਥੋਂ ਚਲੇ ਜਾਂਦੇ ਹਨ ਤਾਂ ਉਹ ਇਹ ਕੋਠੀ ਬਾਣੀਣੇ ਦੇ ਮੁੰਡੇ ਵਿਜੇ ਕੁਮਾਰ ਨੂੰ ਵੇਚ ਕੇ ਪੈਸਾ ਖਰਾ ਕਰ ਕੇ, ਇਸ ਪੈਸੇ ਨਾਲ ਚਾਰ ਦਿਨ ਗੁਲਸ਼ਰੇ ਉਡਾਉਣ ਦਾ ਪ੍ਰਬੰਧ ਬਣਾ ਕੇ ਇਥੋਂ ਤੁਰ ਜਾਂਦੇ ਹਨ। ਮਧਵਰਗੀ ਸੋਚ ਵਾਲੇ ਬਾਣੀਏ ਦੇ ਪੁਤ ਦਾ ਇਹ ਹਵੇਲੀ ਖਰੀਦ ਲੈਣਾ ਇਸ ਗਲ ਦਾ ਪ੍ਰਤੀਕ ਹੈ ਕਿ ਜਗੀਰਦਾਰੀ ਦੀ ਕਬਰ ਤੇ ਹੀ ਮੱਧਵਰਗ ਦੀ ਉਸਾਰੀ ਹੁੰਦੀ ਹੈ।

ਇੱਕ ਹੋਰ ਤੱਥ ਜਿਹੜਾ ਕਿ ਇਸ ਨਾਵਲ ਦੇ ਕਥਾਨਕ ਵਿਚੋਂ ਉਘੜ ਕੇ ਸਾਹਮਣੇ ਆਉਂਦਾ ਹੈ, ਉਹ ਹੈ ਧਰਮ ਅਰਥ ਤੇ ਕਾਮ ਦਾ ਅੰਤਰ-ਸੰਬੰਧ। ਧਰਮ ਅਤੇ ਕਾਮ ਦੇ ਭਾਵੇਂ ਕਿਸੇ ਤਰ੍ਹਾਂ ਦੇ ਮਿਆਰ ਵੀ ਬਾਹਰੀ ਤੌਰ ਤੇ ਪ੍ਰਚਲਤ ਹੋਣ, ਲੋਕੀਂ ਕਰਦੇ ਉਹੀ ਹਨ ਜੋ ਕੁਝ ਉਨ੍ਹਾਂ ਨੂੰ ਪ੍ਰਾਪਤ ਸਮੇਂ ਤੇ ਸਥਾਨ ਵਿਚ ਉਨ੍ਹਾਂ ਦੀਆਂ ਲੋੜਾਂ ਤੇ ਥੁੜਾਂ ਲਈ ਰਾਸ ਆਉਂਦਾ ਹੋਵੇ। ਲੋੜਾਂ ਤੇ ਥੁੜਾਂ ਦਾ ਦਬਾਅ ਉਨ੍ਹਾਂ ਤੋਂ ਉਹ ਕੁਝ ਵੀ ਕਰਵਾ ਜਾਂਦਾ ਹੈ, ਜੋ ਉਹ ਸੁਖਾਵੀਂ ਹਾਲਤ ਵਿਚ ਕਰਦੇ ਨਹੀਂ ਜਾਂ ਧਰਮ ਅਤੇ ਸਦਾਚਾਰ ਦੇ ਮਾਪਦੰਡਾਂ ਅਨੁਸਾਰ ਜਿਸਨੂੰ ਉਹ ਬਾਹਰੀ ਤੌਰ ਤੇ ਚੰਗਾ ਨਹੀਂ ਸਮਝਦੇ। ਇਸਦੇ ਨਾਲ ਨਾਲ ਹੀ ਮਾਨਸਕ ਤੇ ਕਾਮ-ਭੁੱਖ ਦੀ ਤ੍ਰਿਪਤੀ ਲਈ ਮੌਕਿਆਂ ਦੀ ਘਾਟ ਵੀ ਧਰਮ ਅਤੇ ਕਾਮ ਦੇ ਅੰਤਰ-ਸੰਬੰਧਾਂ ਨੂੰ ਪ੍ਰਭਾਵਤ ਕਰਦੀ ਹੈ। ਦੁੱਲੇ ਦੀ ਪਤਨੀ ਦੇ ਆਪਣੇ ਮਤ੍ਰਏ ਪੁੱਤ ਨਾਲ ਕਾਮ-ਸੰਬੰਧ ਜੋੜਨ ਦਾ ਮੁੱਖ ਕਾਰਣ ਭਾਵੇਂ ਦੁੱਲੇ ਦੀ ਉਮਰ ਤੇ ਸਰਦਾਰੋ ਦੀ ਉਮਰ ਦਾ ਲੱਗ ਪੱਗ ਤੀਹ ਸਾਲਾਂ ਦਾ ਫਰਕ ਹੋਣਾ ਹੈ ਤੇ ਦੁੱਲੇ ਦੇ ਮੁੰਡੇ ਖੱਡੂ ਦਾ ਲੱਗਪੱਗ ਸਰਦਾਰੋ ਦਾ ਹਾਣੀ ਹੋਣਾ ਤੇ ਦੁੱਲੇ ਦਾ ਕਾਮ-ਕਾਰਜ ਵਿਚ ਸਰਦਾਰੋ ਦੇ ਮੇਚ ਦਾ ਨਾ ਹੋਣਾ ਹੈ, ਪਰ ਮੈਂਗਲ ਨਾਲ ਉੱਧਲ ਜਾਣ ਪਿਛੇ ਅਵੱਸ਼ ਉਸਦੀ ਬਾਜ਼ੀਗਰਨੀ ਤੋਂ ਜੱਟੀ ਬਣਨ ਦੀ ਅਭਿਲਾਸ਼ਾ ਵੀ ਕੰਮ ਕਰਦੀ ਹੈ। ਭਾਵੇਂ ਮੈਂਗਲ ਵੀ ਬੇਜ਼ਮੀਨਾ ਜਟ ਸੀ, ਫੇਰ ਵੀ ਸਰਦਾਰੋ ਜਿਸ ਹਾਲਤ ਵਿਚ ਰਹਿ ਰਹੀ ਸੀ, ਉਸ ਨਾਲੋਂ ਤਾਂ ਸੁਖਾਵੀਂ ਹਾਲਤ ਦੀ ਹੀ ਉਹ ਚੋਣ ਕਰਦੀ ਹੈ। ਦੁੱਲਾ ਸਰਦਾਰੋ ਦੀ ਉਸਦੇ ਆਪਣੇ ਹੀ ਪੁੱਤ ਨਾਲ ਕਾਮਕ ਖੁਲ੍ਹ ਨੂੰ ਖਿਝਣ ਖਪਣ ਪਿੱਛੋਂ ਚੁਪ ਕੀਤਾ ਹੀ ਸਹਿ ਜਾਂਦਾ ਹੈ। ਉਹ ਆਪਣੇ ਮੁੰਡੇ ਦਾ ਵਿਆਹ ਕਰ ਕੇ ਉਸਨੂੰ ਤਾਂ ਘਰੋਂ ਤੋਰ ਦਿੰਦਾ ਹੈ, ਪਰ ਸਰਦਾਰੋ ਦੀ ਇਸ ਅਵੱਗਿਆ ਨੂੰ ਬੱਸ ਪਚਾ ਹੀ ਜਾਂਦਾ ਹੈ ਤੇ ਉਸਨੂੰ ਉਸੇ ਤਰ੍ਹਾਂ ਦਿੱਲ ਵਿਚ ਰਖਦਾ ਹੈ। ਫੇਰ ਜਦੋਂ ਉਹ ਮੈਂਗਲ ਨਾਲ ਉੱਧਲ ਵੀ ਜਾਂਦੀ ਹੈ, ਤਾਂ ਵੀ ਉਹ ਉਸਨੂੰ ਦਿਲੋਂ ਨਹੀਂ ਕਢਦਾ ਤੇ ਉਸਦੇ ਵਿਛੋੜੇ ਦੇ ਵਿਸ਼ਾਦ ਨੂੰ ਢੋਲ ਵਜਾ ਕੇ ਕਢਦਾ ਰਹਿੰਦਾ ਹੈ ਤੇ ਢੋਲ ਵਜਾਉਂਦੇ ਸਮੇਂ ਸਰਦਾਰੋ ਨੂੰ ਉਹ ਅੱਖਾਂ ਮੀਟ ਕੇ ਸਾਖਸ਼ਾਤ ਦੇਖਦਾ ਹੈ। ਆਖਰ ਉਸਦੇ ਵਿਯੋਗ ਵਿਚ ਹੀ ਉਹ ਤਿਆਗੀ ਬਣ ਜਾਂਦਾ ਹੈ। ਦੁੱਲੇ ਦੇ ਇਸ ਰਵਈਏ ਦਾ ਕਾਰਣ ਕੀ ਸੀ? ਕੀ ਜੇ ਉਹ ਜਵਾਨ ਹੁੰਦਾ ਤੇ ਉਹ ਹੋਰ ਵਿਆਹ ਕਰਾ ਸਕਣ ਦੇ ਯੋਗ ਹੁੰਦਾ ਤਾਂ ਫੇਰ ਵੀ ਉਹ ਇਸੇਤਰ੍ਹਾਂ ਸਰਦਾਰੋ ਦੇ ਕਰਦਾਰ ਨੂੰ ਸਹਿ ਲੈਂਦਾ ਤੇ ਉਧਲ ਗਈ ਦਾ ਵਿਯੋਗ ਵੀ ਮਹਿਸੂਸ ਕਰਦਾ? ਕੀ ਇਸਤੋਂ ਇਹ ਸਿਟਾ ਨਹੀਂ ਨਿਕਲਦਾ ਕਿ ਧਰਮ, ਸਦਾਚਾਰ ਤੇ ਪਿਆਰ ਦੇ ਮਿਆਰ ਨੂੰ ਮਨੁੱਖ ਦੀਆਂ ਲੋੜਾਂ ਥੁੜਾਂ ਦੇ ਦਬਾਅ ਹੀ ਨਿਰਧਾਰਤ ਕਰਦੇ ਹਨ?

ਦੁੱਲਾ ਵਿਚਾਰਾ ਤਾਂ ਸੀ ਹੀ ਬੇਜ਼ਮੀਨਾ, ਬੇਹੁਨਰ ਤੇ ਬੇਸਹਾਰਾ। ਪਰ ਜਿਹੜੇ ਲੋਕ ਜ਼ਮੀਨਾਂ ਦੇ ਮਾਲਕ ਵੀ ਹਨ, ਲੋੜਾਂ, ਥੁੜਾਂ ਤੇ ਆਰਥਕ ਹਿੱਤ ਉਨ੍ਹਾਂ ਲੋਕਾਂ ਦੇ ਘਰਾਂ ਵਿਚ ਵੀ ਧਰਮ ਅਰਥ ਤੇ ਕਾਮ ਦੇ ਅੰਤਰ-ਸੰਬੰਧਾਂ ਨੂੰ ਕਿਸ ਤਰ੍ਹਾਂ ਪ੍ਰਭਾਵਤ ਕਰਦੇ ਹਨ, ਇਹ ਵੀ ਦੇਖਣ ਵਾਲੀ ਗੱਲ ਹੈ। ਇਸ ਨਾਵਲ ਦੇ ਦੂਜੇ ਹਿੱਸੇ ਵਿਚ ਰਾਮਦਾਸ ਦਾ ਪਿਛੋਕੜ ਦਿੱਤਾ ਗਿਆ ਹੈ। ਰਾਮ ਤੇ ਸ਼ਿਆਮ ਦੀ ਮਾਂ ਮਰ ਚੁੱਕੀ ਹੈ। ਉਹ ਆਪਣੇ ਪਿਉ ਭਜਨੇ ਸਮੇਤ ਆਪਣੇ ਚਾਚੇ ਚਾਚੀ ਗੁਰਮੇਲ ਤੇ ਜਲ ਕੌਰ ਨਾਲ ਇੱਕੋ ਘਰ ਵਿਚ ਇੱਕੋ ਟਬਰ ਵਾਂਗ ਰਹਿੰਦੇ ਹਨ। ਭਜਨੇ ਤੇ ਗੁਰਮੇਲ ਦੀ ਦਸ ਕਿੱਲੇ ਜ਼ਮੀਨ ਵਿਚ ਗੁਰਮੇਲ ਖੇਤੀ ਕਰਦਾ ਹੈ। ਜਲ ਕੌਰ ਦੀ ਸੋਚ ਹੈ ਕਿ ਜੇ ਉਸਦਾ ਜੇਠ ਹੋਰ ਵਿਆਹ ਕਰਵਾ ਲੈਂਦਾ ਹੈ ਤਾਂ ਉਸਦੀ ਜਠਾਣੀ ਉਸਨੂੰ ਵੱਖ ਵੀ ਕਰ ਸਕਦੀ ਹੈ ਤੇ ਇਸਤਰ੍ਹਾਂ ਜ਼ਮੀਨ ਉਨ੍ਹਾਂ ਕੋਲ ਕੇਵਲ ਪੰਜ ਕਿੱਲੇ ਰਹਿ ਜਾਵੇਗੀ। ਇਸ ਲਈ ਉਸਨੇ ਜੇਠ ਨਾਲ ਫਸ ਕੇ ਉਸਨੂੰ ਆਪਣੇ ਕਾਬੂ ਵਿਚ ਕੀਤਾ ਹੋਇਆ ਹੈ। ਪਰ ਇੱਥੇ ਵੀ ਉਸਦੇ ਹਿੱਤ ਕੇਵਲ ਆਰਥਕ ਨਹੀਂ। ਉਸਦੀ ਆਪਣੀ ਕੋਈ ਔਲਾਦ ਨਹੀਂ। ਭਜਨੇ ਦੀ ਮੌਤ ਪਿਛੋਂ ਉਹ ਆਪਣੇ ਸੀਰੀ ਚਮਾਰ ਸੰਤੋਖ ਨਾਲ ਫਸ ਜਾਂਦੀ ਹੈ। ਇਸਤੋਂ ਤਾਂ ਇਹ ਹੀ ਜਾਪਦਾ ਹੈ ਕਿ ਉਸਦਾ ਆਪਣਾ ਪਤੀ ਗੁਰਮੇਲ ਉਸਦੀ ਕਾਮ-ਭੁਖ ਪੂਰੀ ਕਰਨ ਦੇ ਯੋਗ ਨਹੀਂ ਸੀ। ਪਰ ਰਾਮ ਅਤੇ ਸ਼ਿਆਮ ਦੇ ਮਾਮੇ ਦੀ ਨੋਂਹ ਤੇਜੋ ਦੇ ਤਾਂ ਨਿਆਣੇ ਨਿੱਕੇ ਵੀ ਸਨ। ਉਹ ਤਿੰਨਾਂ ਭਰਾਵਾਂ ਦੀ ਸਾਂਝੀ ਤੀਵੀਂ ਬਣ ਕੇ ਰਹਿੰਦੀ ਹੈ। ਇੱਥੇ ਸਾਫ ਤੌਰ ਤੇ ਆਰਥਕ ਹਿੱਤ ਧਰਮ ਤੇ ਕਾਮ ਦੋਹਾਂ ਉਤੇ ਭਾਰੂ ਹੋ ਗਏ ਹਨ। ਤਿੰਨਾਂ ਭਰਾਵਾਂ ਵਿੱਚੋਂ ਦੋ ਛੜੇ ਹਨ। ਜ਼ਮੀਨ ਦੀ ਹੋਰ ਵੰਡ ਨੂੰ ਰੋਕਣ ਦਾ ਪੁਰਾਣਾ ਤੇ ਅਜ਼ਮਾਇਆ ਹੋਇਆ ਢੰਗ! ਉਹ ਹੋਰ ਵਿਆਹ ਕਰਵਾਉਣ ਦੀ ਥਾਂ ਇੱਕੋ ਤੀਵੀਂ ਨਾਲ ਬੁੱਤਾ ਸਾਰ ਲੈਂਦੇ ਹਨ। ਫੇਰ ਉਨ੍ਹਾਂ ਨੂੰ ਵਿਆਹ ਕਰਾ ਕੇ ਜ਼ਮੀਨ ਵੰਡਣ ਦੀ ਕੀ ਲੋੜ ਰਹਿ ਗਈ ਸੀ, ਜਦੋਂ ਤੇਜੋ ਵੀ ਤੇ ਉਸ ਦੇ ਬੱਚੇ ਵੀ ਤਿੰਨਾਂ ਦੇ ਸਾਂਝੇ ਸਨ। ਤੇਜੋ ਵੀ ਇਸ ਮਾਮਲੇ ਵਿਚ ਬੜੀ ਤੇਜ਼ ਹੈ। ਉਹ ਤਾਂ ਛੁਟੀ ਆਏ ਆਪਣੇ ਬੰਦਿਆਂ ਦੀ ਭੂਆ ਦੇ ਪੁੱਤ ਸ਼ਿਆਮ ਨੂੰ ਵੀ ਫਾਹ ਲੈਂਦੀ ਹੈ। ਸੋਚਦੀ ਹੋਵੇਗੀ, ਛੜਾ ਫੌਜੀ ਜਦੋਂ ਛੁਟੀ ਆਵੇਗਾ ਕੁਝ ਲਿਆਵੇਗਾ ਹੀ। ਇਥੇ ਤੇਜੋ ਤੇ ਉਸਦੇ ਬੰਦਿਆਂ ਦੀ ਸੋਚ ਉੱਤੇ ਸਾਫ ਤੌਰ ਤੇ ਉਨ੍ਹਾਂ ਦੀਆਂ ਲੋੜਾਂ ਅਤੇ ਥੁੜਾਂ ਭਾਰੂ ਹਨ। ਕਾਮ ਦਾ ਬੁੱਤਾ ਤਾਂ ਉਨ੍ਹਾਂ ਦਾ ਤੇਜੋ ਹੀ ਸਾਰ ਦਿੰਦੀ ਹੈ ਤੇ ਧਰਮ ਦੇ ਉਹਲੇ ਲਈ ਉਹ ਇਕ ਦੀ ਪਤਨੀ ਹੀ ਜਾਣੀ ਜਾਦੀਂ ਹੈ। ਧਰਮ ਅਰਥ ਤੇ ਕਾਮ ਦੇ ਸਾਰੇ ਮਸਲੇ ਹਲ! ਫੇਰ ਹੋਰ ਕੀ ਚਾਹੀਦਾ ਸੀ? ਸ਼ਿਆਮ ਦੇ ਪਿਆਰ ਦਾ ਮਿਆਰ ਦੇਖੋ। ਉਹ ਉਸ ਤੇਜੋ ਦੇ ਸੁਪਨੇ ਲੈਂਦਾ ਨਹੀਂ ਥੱਕਦਾ, ਜਿਹੜੀ ਪਹਿਲਾਂ ਹੀ ਤਿੰਨਾਂ ਬੰਦਿਆਂ ਸੀ ਸਾਂਝੀ ਪਤਨੀ ਹੈ। ਉਸਨੂੰ ਗੱਡੀ ਦੇ ਸਫਰ ਦੌਰਾਨ ਨਠੇ ਜਾਂਦੇ ਦਿਸਦੇ ਦਰਖਤਾਂ ਵਿਚ ਵੀ ਤੇਜੋ ਹੀ ਦਿਸਦੀ ਹੈ। ਸਾਫ ਹੈ ਕਿ ਪਿਆਰ ਵਿਚ ਚੋਣ ਦੇ ਮਿਆਰ ਤੇ ਵੀ ਥੁੜੋਂ ਤੇ ਲੋੜ ਦਾ ਅਸਰ ਅਵਸ਼ ਹੁੰਦਾ ਹੈ। ਸ਼ਿਆਮ ਅਧਖੜ ਉਮਰ ਦਾ ਫੌਜੀ ਤੇ ਛੜਾ, ਜਿਸਨੂੰ ਵਿਆਹ ਦੀ ਆਸ ਹੀ ਮੁਕ ਗਈ ਸੀ, ਦੀ ਚੋਣ ਅਜੇਹੀ ਹੀ ਹੋ ਸਕਦੀ ਸੀ।

ਰਾਮ ਤੇ ਸ਼ਿਆਮ ਨੂੰ ਆਪਣੇ ਪਿਉ ਨਾਲ ਚਾਚੀ ਜਲਕੁਰ ਦੇ ਕਾਮ-ਸੰਬੰਧਾਂ ਦਾ ਵੀ ਪਤਾ ਸੀ। ਇਹ ਵੀ ਪਤਾ ਸੀ ਕਿ ਉਨ੍ਹਾਂ ਦੇ ਪਿਉ ਭਜਨੇ ਦੇ ਉਨ੍ਹਾਂ ਦੀ ਚਾਚੀ ਨਾਲ ਸੰਬੰਧ ਉਸ ਵੇਲੇ ਵੀ ਸਨ, ਜਦੋਂ ਉਨ੍ਹਾਂ ਦੀ ਮਾਂ ਹਾਲੀਂ ਜੀਉਂਦੀ ਸੀ। ਫੇਰ ਵੀ ਆਰਥਕ ਹਿੱਤਾਂ ਦੇ ਬੱਝੇ ਉਹ ਇਸ ਗਲ ਨੂੰ ਗੌਲਦੇ ਨਹੀਂ, ਕਿਉਂਕਿ ਬੇਔਲਾਦੇ ਚਾਚੇ ਦੀ ਪੰਜ ਕਿੱਲੇ ਜ਼ਮੀਨ ਇਸਤਰ੍ਹਾਂ ਹੀ ਉਨ੍ਹਾਂ ਦੇ ਕਾਬੂ ਆ ਸਕਦੀ ਸੀ। ਸ਼ਿਆਮੇ ਨੂੰ ਚਾਚੀ ਦੇ ਸੰਤੋਖੇ ਨਾਲ ਸੰਬੰਧਾਂ ਦਾ ਵੀ ਪਤਾ ਸੀ। ਉਹ ਤਾਂ ਆਰਥਕ ਹਿੱਤਾਂ ਲਈ ਸਮਾਜਕ ਤੇ ਸਦਾਚਾਰਕ ਗਿਰਾਵਟ ਦੀ ਆਖਰੀ ਹੱਦ ਤਕ ਪੁਜ ਜਾਂਦਾ ਹੈ, ਜਦੋਂ ਆਪਣੇ ਚਾਚੇ ਗੁਰਮੇਲ ਦੀ ਮੌਤ ਪਿਛੋਂ ਉਹ ਆਪਣੇ ਮਾਮੇ ਦੇ ਪੁੱਤ ਫਤਹ ਸਿੰਘ ਨੂੰ ਆਪਣੀ ਚਾਚੀ ਜਲਕੁਰ ਨੂੰ ਕਾਬੂ ਵਿਚ ਰਖਣ ਲਈ ਪਿੰਡ ਰਹਿਣ ਲਈ ਛੱਡ ਜਾਂਦਾ ਹੈ ਤਾਂਕਿ ਉਹ ਜ਼ਮੀਨ ਦਾ ਕੋਈ ਹੋਰ ਵਾਰਸ ਨਾ ਬਣਾ ਲਵੇ। ਉਸਦਾ ਭਰਾ ਰਾਮ ਵੀ ਉਸ ਨਾਲੋਂ ਘਟ ਨਹੀਂ। ਉਹ ਸਾਧ ਬਣਿਆ ਵੀ ਘਰ ਦੇ ਹਿੱਤਾਂ ਦਾ ਪੂਰਾ ਖਿਆਲ ਰਖਦਾ ਹੈ। ਉਹ ਰੀਟਾਇਰ ਹੋ ਚੁਕੇ ਆਪਣੇ ਛੜੇ ਭਰਾ ਸ਼ਿਆਮ ਦਾ ਰਿਸ਼ਤਾ ਉਸ ਕੁੜੀ ਮੱਘੋ ਨਾਲ ਕਰਵਾ ਦਿੰਦਾ ਹੈ ਜਿਹੜੀ ਕਿ ਉਸਦੇ ਡੇਰੇ ਵਿਚ ਰਹਿੰਦੇ ਇੱਕ ਮੁੰਡੇ ਸੁੱਖੂ ਤੋਂ ਗਰਭਵਤੀ ਹੋ ਚੁਕੀ ਹੈ, ਤੇ ਦਸਦਾ ਆਪਣੀ ਚਾਚੀ ਤੇ ਭਰਾ ਨੂੰ ਇਹ ਹੈ ਕਿ ਮੱਘੋ ਦੇ ਪੇਟ ਵਿਚਲਾ ਬੱਚਾ ਉਸਦਾ ਆਪਣਾ ਹੈ। ਮਚਲੇ ਤੇ ਮਤਲਬੀ ਜੱਟ ਥੁੜੋਂ ਤੇ ਲੋੜ ਦੇ ਬੱਝੇ ਕੌੜਾ ਫਿੱਕਾ ਸਭ ਕੁਝ ਹਜਮ ਕਰ ਜਾਂਦੇ ਹਨ। ਮੱਘੋ ਵੀ ਕਮਾਲ ਦੀ ਕੁੜੀ ਹੈ ਉਹ ਵਿਆਹ ਪਿਛੋਂ ਵੀ ਆਪਣੇ ਯਾਰ ਸੁੱਖੂ ਨੂੰ ਯਾਦ ਰੱਖਦੀ ਹੈ। ਆਪਣੇ ਮੁੰਡੇ ਦਾ ਨਾਉਂ ਉਸਦੇ ਨਾਉਂ ਤੇ ਸੁਖਦਿਆਲ ਰਖਦੀ ਹੈ। ਪਰ ਜਦੋਂ ਉਹ ਉਸਦੇ ਘਰ ਉਸਨੂੰ ਮਿਲਣ ਆਉਂਦਾ ਹੈ ਤਾਂ ਉਸਨੂੰ ਮੂੰਹ ਨਹੀਂ ਲਾਉਂਦੀ। ਇੱਥੇ ਪਿਆਰ ਉਤੇ ਨਿੱਜੀ ਹਿੱਤ ਭਾਰੂ ਹੋ ਜਾਂਦੇ ਹਨ। ਆਪਣੇ ਪਤੀ ਨਾਲ ਵਫਾ ਜ਼ਾਹਰ ਕਰਦੀ ਹੋਈ ਵੀ ਉਹ ਆਪਣੀ ਜ਼ਮੀਨ ਵਾਹੁਣ ਵਾਲੇ ਕਿਰਪਾਲ ਨਾਲ ਕਾਮ-ਤ੍ਰਿਪਤੀ ਲਈ ਸੰਬੰਧ ਬਣਾ ਲੈਂਦੀ ਹੈ। ਇੱਥੇ ਜਾਪਦਾ ਇਹੀ ਹੈ ਕਿ ਉਸਦਾ ਪਤੀ ਸ਼ਿਆਮ ਉਸਦੀ ਕਾਮ-ਭੁਖ ਪੂਰੀ ਕਰਨ ਦੇ ਯੋਗ ਨਹੀਂ ਸੀ। ਇਹ ਭੁਖ ਉਹ ਕਿਰਪਾਲ ਤੋਂ ਪੂਰੀ ਕਰ ਲੈਂਦੀ ਆਰਥਕ ਹਿੱਤ ਲਈ ਉਹ ਸ਼ਿਆਮ ਦੀ ਪਤਨੀ ਹੀ ਰਹਿੰਦੀ ਹੈ ਤੇ ਧਰਮ ਦੀ ਨਿਗਾਹ ਵਿਚ ਸ਼ਿਆਮ ਦੀ ਧਰਮ-ਪਤਨੀ।

ਇੱਕ ਹੋਰ ਇਸਤ੍ਰੀ ਪਾਤਰ ਹੈ, ਘੁੱਗੇ ਦੀ ਪਤਨੀ ਰੂਪੋ। ਉਹ ਵਿਆਹ ਤੋਂ ਪਹਿਲਾਂ ਹੀ ਕਿਸੇ ਬੱਗੂ ਸੁਨਿਆਰੇ ਨਾਲ ਫਸ ਜਾਂਦੀ ਹੈ ਤੇ ਫੇਰ ਗਰਭਪਾਤ ਕਰਵਾਉਂਦੀ ਹੈ। ਵਿਆਹ ਹੋ ਜਾਣ ਪਿੱਛੋਂ ਵੀ ਉਹ ਬੱਗੂ ਨੂੰ ਭੁਲਦੀ ਨਹੀਂ ਤੇ ਉਹ ਸਰਵਣ ਨੂੰ ਬੱਗੂ ਦੇ ਬਦਲ ਦੇ ਤੌਰ ਤੇ ਵਰਤਦੀ ਹੈ। ਇਥੋਂ ਤਕ ਇਹ ਨਹੀਂ ਪਤਾ ਲਗਦਾ ਕਿ ਉਹ ਆਪਣੇ ਪਤੀ ਤੋਂ ਅਸੰਤੁਸ਼ਟ ਹੈ ਜਾਂ ਆਪਣੇ ਯਾਰ ਦੀ ਮਾਨਸਕ ਲੋੜ ਸਰਵਣ ਰਾਹੀਂ ਪੂਰੀ ਕਰਦੀ ਹੈ। ਉਂਝ ਇਨ੍ਹਾਂ ਦੋਹਾਂ ਵਿਚੋਂ ਕੋਈ ਵੀ ਕਾਰਣ ਹੋ ਸਕਦਾ ਸੀ। ਪਰ ਇਸ ਤੋਂ ਪਿਛੋਂ ਜਿਸਤਰ੍ਹਾਂ ਉਹ ਪਹਿਲਾਂ ਚੰਦ ਲੁੱਧੜ ਨਾਲ ਤੇ ਫੇਰ ਜੱਸੇ ਨਾਲ ਫਸੀ ਰਹਿੰਦੀ ਹੈ, ਉਸ ਤੋਂ ਤਾਂ ਉਸਦੇ ਪਤੀ ਦੀ ਆਰਥਕ ਦੇ ਨਾਲ ਨਾਲ ਕਾਮਕ ਕਮਜ਼ੋਰੀ ਵੀ ਦਿਸਦੀ ਹੈ। ਜਿਹੜਾ ਬੰਦਾ ਆਰਥਕ ਤੌਰ ਤੇ ਤੀਵੀਂ ਨੂੰ ਜਿਤ ਸਕਣ ਦੇ ਯੋਗ ਨਹੀਂ ਹੁੰਦਾ, ਉਹ ਭਾਵੇਂ ਕਿੰਨਾ ਵੀ ਮਰਦ ਕਿਉਂ ਨਾ ਹੋਵੇ ਕਾਮਕ ਰਿਸ਼ਤੇ ਵਿਚ ਵੀ ਹਾਰ ਖਾਂਦਾ ਹੈ। ਇਸਦਾ ਕਾਰਨ ਸਰੀਰਕ ਨਾਲੋਂ ਵੱਧ ਮਾਨਸਕ ਵੀ ਹੁੰਦਾ ਹੈ। ਮਾਲ ਪੈਸੇ ਤੋਂ ਥੁੜੇ ਹੋਏ ਬੰਦੇ ਦੀ ਮਾਨਸਕਤਾ ਕਿੰਨਾ ਕੁ ਚਿਰ ਸਮ੍ਰੱਥ ਬੰਦੇ ਦੇ ਮੁਕਾਬਲੇ ਤੇ ਟਿਕ ਸਕਦੀ ਹੈ? ਆਖਰ ਸ਼ਰਾਬ ਤੇ ਫੀਮ ਦੀ ਚਾਟ ਜਿਹੜੀ ਘੁੱਗਾ ਪਾਰੋ ਨੂੰ ਲਾਉਂਦਾ ਹੈ, ਉਸ ਚਾਟ ਨੂੰ ਉਸ ਨਾਲੋਂ ਵਧੇਰੇ ਸਮ੍ਰੱਥ ਲੋਕ ਵਧੇਰੇ ਚੰਗੀ ਤਰ੍ਹਾਂ ਪੂਰੀ ਕਰ ਸਕਦੇ ਸਨ।

ਸਰਵਣ ਦੀ ਪਤਨੀ ਬੰਤੋ ਲਈ ਉਸ ਵੇਲੇ ਕੋਈ ਹੋਰ ਸਹਾਰਾ ਨਹੀਂ ਰਹਿ ਜਾਂਦਾ ਜਦੋਂ ਸਰਵਣ ਨੂੰ ਉਮਰ ਕੈਦ ਹੋ ਜਾਂਦੀ ਹੈ। ਫੇਰ ਉਹ ਕੀ ਖਾਵੇ ਤੇ ਕਿਥੋਂ ਖਾਵੇ? ਜ਼ਮੀਨ ਜਿਹੜੀ ਸਰਵਣ ਦੀ ਸੀ, ਉਹ ਤਾਂ ਪਹਿਲਾ ਹੀ ਜੱਸੇ ਕੋਲ ਗਹਿਣੇ ਸੀ। ਬੇਸਹਾਰਾ ਤੇ ਬੇਰੋਜ਼ਗਾਰ ਤੀਵੀਂ ਦਾ ਧਰਮ ਕੀ ਤੇ ਸਦਾਚਾਰ ਕੀ? ਉਹ ਉਸ ਨਾਲੋਂ ਵੀ ਵੱਧ ਗਿਰੇ ਹੋਏ ਸਦਾਚਾਰ ਵਾਲੇ ਆਪਣੇ ਹੀ ਭਰਾ ਹੱਥੀਂ ਰੀਟਾਇਰਡ ਫੋਜੀ ਗੰਡਾ ਸਿੰਘ ਕੋਲ ਵੇਚ ਦਿਤੀ ਜਾਂਦੀ ਹੈ। ਉਹ ਚੁਪ ਚੁਪੀਤੀ ਫੌਜੀ ਦੇ ਘਰ ਵਸ ਜਾਂਦੀ ਹੈ। ਧਰਮ ਕੀ ਕਹਿੰਦਾ ਹੈ ਸਦਾਚਾਰ ਕੀ? ਉਸਨੂੰ ਉਸ ਸਮੇਂ ਕਿਵੇਂ ਇਨ੍ਹਾਂ ਗੱਲਾਂ ਦਾ ਖਿਆਲ ਵੀ ਆ ਸਕਦਾ ਸੀ? ਉਸਨੂੰ ਤਾਂ ਸਿਰ ਲੁਕਾਉਣ ਲਈ ਛੱਤ ਤੇ ਖਾਣ ਲਈ ਰੋਟੀ ਦੀ ਲੋੜ ਸੀ। ਨਾ ਧਰਮ ਤੇ ਨਾ ਸਦਾਚਾਰ ਉਸਨੂੰ ਇਹ ਕੁਝ ਦੇ ਸਕਦਾ ਸੀ।

ਇਸੇ ਤਰ੍ਹਾਂ ਸੰਤੇ ਦੀ ਤੀਵੀਂ ਦਿਆਲੋ ਨੇ ਆਪਣੇ ਕੁਆਰੇ ਦੇਵਰ ਜੋਰੇ ਨਾਲ ਕਾਮ-ਸੰਬੰਧ ਬਣਾਏ ਹੋਏ ਸਨ। ਦਿਆਲੋ ਤਾਂ ਬਾਲ ਬੱਚੇਦਾਰ ਸੀ। ਇੱਥੇ ਸੰਤੇ ਵਿਚ ਕਾਮਕ ਕਮਜ਼ੋਰੀ ਵਰਗਾ ਕੋਈ ਕਾਰਣ ਵੀ ਨਹੀਂ ਦਿਸਦਾ। ਜੇ ਉਹ ਫੇਰ ਵੀ ਦੇਵਰ ਨਾਲ ਸੰਬੰਧ ਬਣਾਉਂਦੀ ਹੈ ਤਾਂ ਸਪਸ਼ਟ ਤੌਰ ਤੇ ਕਾਰਣ ਲੋੜਾਂ ਤੇ ਥੁੜਾਂ ਹੀ ਸਨ। ਬਸ ਦੇਵਰ ਵਿਆਹ ਨਾ ਕਰਵਾਏ ਤੇ ਉਸਦੇ ਹਿੱਸੇ ਦੀ ਜ਼ਮੀਨ ਦੇ ਮਾਲਕ ਉਹਦੇ ਨਿਆਣੇ ਬਣਨ। ਜਦੋਂ ਜੋਰਾ ਵਿਆਹ ਵੀ ਕਰਵਾ ਲੈਂਦਾ ਹੈ, ਫੇਰ ਵੀ ਉਹ ਉਸਨੂੰ ਕਾਬੂ ਕਰ ਲੈਂਦੀ ਹੈ ਤੇ ਦੇਰਾਣੀ ਨੂੰ ਪੇਕੇ ਜਾ ਕੇ ਬੈਠਣ ਲਈ ਮਜ਼ਬੂਰ ਕਰ ਦਿੰਦੀ ਹੈ। ਇਹ ਤਾਂ ਬਾਅਦ ਦੀ ਗਲ ਹੈ ਕਿ ਅੱਛਰਾ ਦਾਂਦੂ ਜੋਰੇ ਨੂੰ ਆਪਣੀ ਪਤਨੀ ਨੂੰ ਵਾਪਸ ਲਿਆਉਣ ਲਈ ਮਜ਼ਬੂਰ ਕਰ ਦਿੰਦਾ ਹੈ।

ਗ਼ਰੀਬ ਜੱਟ ਸੰਤਾ ਆਪਣੀ ਕੁੜੀ ਦਾ ਸਮੇਂ ਸਿਰ ਵਿਆਹ ਕਰਨ ਦੇ ਯੋਗ ਨਹੀਂ ਹੈ। ਉਹ ਕੁਆਰੀ ਹੀ ਸਤਾਈ ਸਾਲ ਦੀ ਹੋ ਜਾਂਦੀ ਹੈ। ਉਹ ਛੀਂਬਿਆ ਦੇ ਮੁੰਡੇ ਤਰਲੋਚਨ ਨਾਲ ਕਾਮਪੂਰਤੀ ਕਰਦੀ ਹੈ। ਇੱਥੇ ਕਾਮ-ਭੁਖ ਧਰਮ ਕਰਮ ਤੇ ਸਮਾਜਕ ਦਰਜੇ ਤੇ ਭਾਰੂ ਹੋ ਜਾਂਦੀ ਹੈ। ਸੰਤਾ ਕਿਉਂਕਿ ਗ਼ਰੀਬ ਜੱਟ ਹੈ ਤੇ ਉਹ ਤਰਲੋਚਨ ਦੇ ਪਿਉ ਦੀ ਜ਼ਮੀਨ ਵੀ ਵਾਹੁੰਦਾ ਹੈ। ਇਸ ਲਈ ਉਹ ਪਤਾ ਲਗਣ ਤੇ ਵਿਸ ਤਾਂ ਵਥੇਰੀ ਘੋਲਦਾ ਹੈ ਪਰ ਕਰਦਾ ਕੁਝ ਨਹੀਂ। ਇੱਥੇ ਲੋੜਾਂ ਅਤੇ ਥੁੜਾਂ ਇਜ਼ਤ ਅਣਖ ਸਭ ਕੁਝ ਤੇ ਭਾਰੂ ਹੋ ਜਾਂਦੀਆਂ ਹਨ।

ਜੈਬੇ ਨਾਈ ਦੀ ਕੁੜੀ ਜੱਸੇ ਦੇ ਪੁਤ ਅਲਬੇਲ ਤੋਂ ਗਰਭਵਤੀ ਹੋ ਜਾਂਦੀ ਹੈ। ਉਹ ਵਿਚਾਰਾ ਗ਼ਰੀਬ ਕੀ ਕਰਦਾ, ਆਰਥਕ ਤੌਰ ਤੇ ਸਮ੍ਰੱਥ ਲੋਕਾਂ ਦੇ ਸਾਹਮਣੇ? ਬਸ ਚੁਪ ਚੁਪੀਤਾ ਆਪਣੀ ਧੀ ਨੂੰ ਬੜੀ ਕੁੜੀ ਦੇ ਅਧਖੜ ਪਤੀ ਨਾਲ ਜਿਸਦੇ ਕੋਈ ਔਲਾਦ ਨਹੀਂ ਸੀ, ਵਿਆਹ ਦਿੰਦਾ ਹੈ ਤੇ ਮਗਰੋਂ ਆਪਣਾ ਗ਼ੁੱਸਾ ਸ਼ਰਾਬ ਪੀ ਕੇ ਖਾਲੀ ਬੋਤਲ ‘ਤੇ ਗੰਡਾਸੇ ਮਾਰ ਕੇ ਕਢਦਾ ਹੈ। ਜੇ ਸਮ੍ਰੱਥ ਲੋਕਾਂ ਦੇ ਗੰਡਾਸੇ ਮਾਰਨ ਦੀ ਹਿੰਮਤ ਨਹੀਂ ਤਾਂ ਅੰਦਰ ਦੀ ਭੜਾਸ ਤਾਂ ਕਿਸੇ ਤਰ੍ਹਾਂ ਕਢਣੀ ਹੋਈ।

ਇਹ ਸਭ ਕੁਝ ਹੈ ਜੋ ਅਣਖੀ ਨੇ ਇਸ ਨਾਵਲ ਦੇ ਕਥਾਨਕ ਰਾਹੀਂ ਕਹਿਣ ਦਾ ਯਤਨ ਕੀਤਾ ਹੈ।

ਇਹ ਨਾਵਲ ਪੂਰਨ ਤੌਰ ਤੇ ਯਥਾਰਥਵਾਦੀ ਨਾਵਲ ਹੈ। ਇਸਦੇ ਪਾਤਰ ਐਨ ਓਹੋ ਜੇਹੇ ਹਨ ਜੇਹੋ ਜੇਹੇ ਲੋਕ ਪੰਜਾਬ ਦੇ ਪਿੰਡਾਂ, ਖਾਸ ਤੌਰ ਤੇ ਮਾਲਵੇ ਦੇ ਪਿੰਡਾਂ ਵਿਚ ਮਿਲਦੇ ਹਨ। ਉਨ੍ਹਾਂ ਦਾ ਰੰਗ ਰੂਪ ਚਾਲ ਢਾਲ, ਬੋਲ ਚਾਲ, ਖਾਣਾ ਪੀਣਾ ਤੇ ਪਹਿਨਣ ਪੋਸਣ, ਸ਼ਭ ਕੁਝ ਮਾਲਵੇ ਦੇ ਆਮ ਲੋਕਾਂ ਵਰਗਾ ਹੈ। ਕਿਤੇ ਵੀ ਉਨ੍ਹਾਂ ਨੂੰ ਆਦਰਸ਼ ਜਾਂ ਰੁਮਾਂਸ ਦੀ ਪੁਠ ਨਹੀਂ ਚਾੜ੍ਹੀ ਗਈ। ਉਹ ਸੋਚਦੇ, ਕਹਿੰਦੇ ਤੇ ਕਰਦੇ ਸਭ ਕੁਝ ਉਸੇ ਤਰ੍ਹਾਂ ਹੀ ਹਨ, ਜਿਸਤਰ੍ਹਾਂ ਮਾਲਵੇ ਦੇ ਪਿੰਡਾਂ ਦੇ ਲੋਕ ਕਹਿੰਦੇ ਕਰਦੇ ਤੇ ਸੋਚਦੇ ਹਨ। ਇਥੋਂ ਤੱਕ ਕਿ ਉਹ ਥਾਂ ਪੁਰ ਥਾਂ ਗਾਹਲਾਂ ਵੀ ਉਸੇ ਤਰ੍ਹਾਂ ਕਢਦੇ ਹਨ, ਜਿਸਤਰ੍ਹਾਂ ਮਾਲਵੇ ਦੇ ਪਿੰਡਾਂ ਦੇ ਲੋਕ। ਗਾਹਲਾਂ ਦੀ ਤਾਂ ਇਸ ਨਾਵਲ ਵਿਚ ਵਧੇਰੇ ਹੀ ਭਰਮਾਰ ਹੈ। ਪਰ ਇਹ ਭਰਮਾਰ ਆਮ ਜੀਵਨ ਨਾਲੋਂ ਫੇਰ ਵੀ ਘਟ ਹੀ ਹੈ। ਨਾਵਲਕਾਰ ਵੀ ਕੀ ਕਰੇ? ਜੇ ਉਸਨੇ ਲੋਕਾਂ ਦੇ ਜੀਵਨ ਦੀ ਯਥਾਰਥਕ ਤਸਵੀਰ ਖਿਚਣੀ ਹੈ ਤਾਂ ਉਹ ਉਨ੍ਹਾਂ ਦੀ ਯਥਾਰਥਕ ਬੋਲ ਚਾਲ ਨੂੰ ਇਸ ਵਿਚੋਂ ਕਿਵੇਂ ਖਾਰਜ ਕਰੇ? ਸਵਾਲ ਪੈਦਾ ਹੁੰਦਾ ਹੈ ਕਿ ਇਸ ਤਰ੍ਹਾਂ ਦੇ ਯਥਾਰਥਕ ਨਾਵਲ ਤੇ ਬਹਿਸ ਕਰਦੇ ਸਮੇਂ ਸ਼ਲੀਲਤਾ ਅਸ਼ਲੀਲਤਾ ਦੇ ਮਸਲੇ ਨੂੰ ਕਿਵੇਂ ਲਿਆ ਜਾਵੇ? ਪੰਜਾਬੀਆਂ ਦੀਆਂ ਗਾਹਲਾਂ ਸਾਫ ਤੌਰ ਤੇ ਉਨ੍ਹਾਂ ਦੇ ਇਸਤ੍ਰੀ ਵਲ ਰਵਈਏ ਨੂੰ ਵੀ ਪਰਗਟ ਕਰਦੀਆ ਹਨ ਤੇ ਉਨ੍ਹਾਂ ਦੀ ਬੀਮਾਰ ਮਾਨਸਕਤਾ ਨੂੰ ਵੀ। ਇਸ ਬੀਮਾਰ ਮਾਨਸਕਤਾ ਦਾ ਕਾਰਨ ਹਰ ਤਰ੍ਹਾਂ ਦੀ ਭੁਖ ਦੇ ਨਾਲ ਨਾਲ ਕਾਮਿਕ ਭੁਖ ਵੀ ਹੈ। ਜਦੋਂ ਜੀਵਨ ਦੀਆਂ ਲੋੜਾਂ ਸਣੇ ਕਾਮਕ ਲੋੜ ਦੇ ਯੋਗ ਢੰਗ ਨਾਲ ਪੂਰੀਆਂ ਨਾ ਹੁੰਦੀਆ ਹੋਣ ਤਾਂ ਉਹ ਅਯੋਗ ਢੰਗਾਂ ਨਾਲ ਅਵਸ਼ ਨਿਕਲਦੀਆਂ ਹਨ। ਚੋਰੀ ਠਗੀ ਕਤਲ ਤੇ ਉਧਾਲੇ ਸਭ ਦਾ ਕਾਰਣ ਇਹ ਦਬਾਈਆਂ ਹੋਈਆਂ ਲੋੜਾਂ ਤੇ ਖਾਹਸ਼ਾਂ ਹੀ ਹੁੰਦੀਆਂ ਹਨ। ਗਾਹਲਾਂ ਤਾਂ ਚੋਰੀ ਠਗੀ ਕਤਲ ਤੇ ਉਧਾਲੇ ਦਾ ਗਰੀਬ ਬੰਦੇ ਦਾ ਨਰਮ ਬਦਲ ਹੀ ਹੁੰਦੀਆਂ ਹਨ। ਸਮ੍ਰੱਥ ਲੋਕ ਤਾਂ ਵਾਸਤਵ ਵਿਚ ਉਹ ਸਭ ਕੁਝ ਕਰ ਲੈਂਦੇ ਹਨ ਜਿਹੜਾ ਗਰੀਬ ਲੋਕ ਗਾਹਲਾਂ ਰਾਹੀਂ ਕੱਢਦੇ ਹਨ। ਜਿਨ੍ਹਾਂ ਲੋਕਾਂ ਨੂੰ ਇਹ ਸਭ ਕੁਝ ਮਨਜੂਰ ਨਹੀਂ ਉਹ ਅਸਲ ਜੀਵਨ ਵਿਚੋਂ ਅਸਾਵੇਂਪਨ ਨੂੰ ਦੂਰ ਕਰ ਕੇ ਜੀਵਨ ਨੂੰ ਸਾਵਾਂ ਪਧਰਾ ਬਣਾਉਣ ਦਾ ਯਤਨ ਕਰਨ। ਜੇ ਗਾਹਲਾਂ ਦੇ ਕਾਰਣ ਖਤਮ ਹੋ ਜਾਣਗੇ ਤਾਂ ਗਾਹਲਾਂ ਵੀ ਆਪਣੇ ਆਪ ਹੀ ਖਤਮ ਹੋ ਜਾਣਗੀਆਂ। ਗੰਦ ਨੂੰ ਲੁਕਾ ਕੇ ਰੱਖਣ ਨਾਲ ਗੰਦਗੀ ਵਧਦੀ ਹੈ, ਘਟਦੀ ਨਹੀਂ।

ਜਿਸਤਰ੍ਹਾਂ ਦੀ ਮਾਲਵੇ ਦੇ ਸਮੁੱਚੇ ਜੀਵਨ ਦੀ ਸਰਬ-ਪੱਖੀ ਚਿਤਰਕਾਰੀ ਅਣਖੀ ਨੇ ਇਸ ਨਾਵਲ ਵਿਚ ਕੀਤੀ ਹੈ, ਜਿਸਤਰ੍ਹਾਂ ਦੀ ਵੰਨ ਸੁਵੰਨੀ ਪਾਤਰ-ਉਸਾਰੀ ਕੀਤੀ ਹੈ ਤੇ ਜਿਸਤਰ੍ਹਾਂ ਛੋਟੇ ਤੋਂ ਛੋਟੇ ਪਾਤਰਾਂ ਦੇ ਵੀ ਨੈਣ ਨਕਸ਼ ਉਘਾੜੇ ਹਨ, ਜਿਸਤਰ੍ਹਾਂ ਵਖਰੋ ਵਖਰੇ ਸਥਾਨਾਂ ਤੇ ਵਾਤਾਵਰਣਾਂ ਨੂੰ ਖੂਬਸੂਰਤੀ ਨਾਲ ਚਿਤ੍ਰਿਆ ਹੈ, ਜਿਸਤਰ੍ਹਾਂ ਭਾਂਤ ਸੁਭਾਂਤੇ ਲੋਕਾਂ ਦੀ ਬੋਲੀ ਤੇ ਪਹਿਰਾਵੇ ਨੂੰ ਪ੍ਰਦਰਸ਼ਤ ਕੀਤਾ ਹੈ, ਉਸ ਸਭ ਕੁਝ ਨੂੰ ਦੇਖ ਕੇ ਅਣਖੀ ਨੂੰ ਇੱਕ ਮਹਾਨ ਨਾਵਲਕਾਰ ਕਹਿਣਾ ਅਤਿ-ਕਥਨੀ ਨਹੀਂ ਹੈ।

***
296
***
ਦੂਜੀ ਵਾਰ 28 ਅਗਸਤ 2021
ਪਹਿਲੀ ਵਾਰ 21 ਅਪਰੈਲ 2010

About the author

ਹਰਬਖ਼ਸ਼ ਸਿੰਘ ਮਕਸੂਦਪੁਰੀ
ਹਰਬਖ਼ਸ਼ ਸਿੰਘ ਮਕਸੂਦਪੁਰੀ
+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਹਰਬਖ਼ਸ਼ ਸਿੰਘ ਮਕਸੂਦਪੁਰੀ

View all posts by ਹਰਬਖ਼ਸ਼ ਸਿੰਘ ਮਕਸੂਦਪੁਰੀ →