|
ਅੱਜ ਪੰਜਾਬ ਬਹੁਤ ਸਮੱਸਿਆਵਾਂ ਵਿਚ ਘਿਰਿਆ ਪਿਆ ਹੈ ਜਿਹਨਾਂ ਦੇ ਹੱਲ ਲਈ ਲੋਕ ਤਰਸ ਰਹੇ ਹਨ। ਕੁਝ ਕੁ ਇਹੋ ਜਿਹੀਆਂ ਸੱਮਿਸਿਆਵਾਂ ਹਨ ਜਿਹਨਾਂ ਦਾ ਹਲ ਤੁਰੰਤ ਹੀ ਲੱਭਣ ਦੀ ਸਖਤ ਜ਼ਰੂਰਤ ਹੈ। ਮੈ ਅੱਜ ਸਰਕਾਰ ਦੇ ਧਿਆਨ ਵਿੱਚ ਦਿਵਾਉਣਾ ਚਾਹੁੰਦਾ ਹਾਂ ਪਸ਼ੂਆਂ ਸੰਬੰਧੀ। ਗੱਲ ਕਰੀਏ ਤਾਂ ਕੋਈ ਇਹੋ ਜਿਹਾ ਦਿਨ ਹੀ ਹੋਵੇਗਾ ਜਿਸ ਦਿਨ, ਕਿਸੇ ਅਵਾਰਾ ਪਸ਼ੂ ਨੇ, ਕਿਸੇ ਰਾਹਗੀਰ ਦੀ ਜਾਨ ਨਾ ਲਈ ਹੋਵੇਗੀ। ਭਾਵੇਂ ਬੰਦਾ ਸੜਕ ਉਤੇ ਜਾ ਰਿਹਾ ਹੋਵੇ, ਭਾਵੇ ਉਹ ਬਜ਼ਾਰ ਜਾਂ ਹੋਰ ਕਿਸੇ ਥਾਂ ਉਤੇ ਲੰਘ ਟੱਪ ਰਿਹਾ ਹੋਵੇ ਹਾਦਸੇ ਦਾ ਸ਼ਿਕਾਰ ਹੁੰਦਾ ਹੀ ਹੈ। ਇਸ ਤੋਂ ਇਲਾਵਾ ਅਵਾਰਾਂ ਪਸ਼ੂਆਂ ਦਾ ਅੱਤਵਾਦ ਫਸਲਾਂ ਨੂੰ ਵੀ ਬਹੁਤ ਨੁਕਸਾਨ ਪਹੁੰਚਾ ਰਿਹਾ ਹੈ। ਲੋਕ ਦੁਖੀ ਹੋਏ ਬੈਠੇ ਹਨ। ਬੇਸ਼ਕ ਗਊਸ਼ਾਲਾਵਾਂ ਦੇ ਨਾਵਾਂ ਹੇਠ ਬਹੁਤ ਸਾਰੇ ਗਉ ਸੈਂਸ ਟੈਕਸ ਲਏ ਜਾਂਦੇ ਹਨ, ਪਤਾ ਨਹੀਂ ਉਹ ਕਿੱਧਰ ਜਾ ਰਹੇ ਹਨ। ਅਵਾਰਾ ਗਾਵਾਂ ਤੇ ਬਲਦ ਉਵੇਂ ਹੀ ਸੜਕਾਂ ਉਤੇ ਭਿੜਦੇ ਫਿਰਦੇ ਹਨ। ਸਗੋਂ ਇਹਨਾਂ ਦਾ ਦਿਨ ਬ ਦਿਨ ਵਾਧਾ ਹੀ ਹੋ ਰਿਹਾ ਹੈ। ਜੇ ਕਰ ਹੁਣ ਗੱਲ ਕਰੀਏ ਅਵਾਰਾ ਕੁੱਤਿਆਂ ਦੀ ਉਹ ਵੀ ਕਿਸੇ ਪਾਸਿਉ ਘੱਟ ਨਹੀਂ ਹਨ। ਬੱਚਿਆਂ ਨੂੰ ਨੋਚ ਨਾਚ ਕੇ ਖਾ ਜਾਂਦੇ ਹਨ। ਕੋਈ ਇਕੱਲਾ ਰਾਹਗੀਰ ਮਿਲ ਜਾਵੇ ਉਸ ਨੂੰ ਵੱਢ ਕੇ ਖਾ ਜਾਂਦੇ ਹਨ। ਬੇ ਹਿਸਾਬ ਲੋਕਾਂ ਦੀਆਂ ਮੌਤਾਂ ਕੁੱਤਿਆਂ ਦੇ ਵੱਢਣ ਕਰਕੇ ਹੋਈਆਂ ‘ਤੇ ਹੋ ਰਹੀਆਂ ਹਨ। ਇਸ ਦਾ ਤੁਸੀਂ ਆਪ ਹੀ ਅੰਦਾਜ਼ਾ ਲਾ ਸਕਦੇ ਹੋ ਪਰ ਇਸ ਦਾ ਹੱਲ ਅਜੇ ਤੱਕ ਕੋਈ ਨਿਕਲਕੇ ਸਾਹਮਣੇ ਨਹੀਂ ਆਇਆ। ਲੋਕ ਬਹੁਤ ਪ੍ਰੇਸ਼ਾਨ ਚਲੇ ਆ ਰਹੇ ਹਨ ਇਹਨਾਂ ਖੂੰਖਾਰ ਕੁੱਤਿਆਂ ਤੋਂ। ਇਹ ਤਾਂ ਉਹ ਜਾਨਵਰ ਨੇ ਜੋ ਲੋਕਾਂ ਦੇ ਸਾਹਮਣੇ ਘੁੰਮਦੇ ਫਿਰਦੇ ਨਜ਼ਰ ਆ ਰਹੇ ਹਨ। ਜਿਹਨਾਂ ਨੂੰ ਫੜਨਾ ਕੋਈ ਔਖਾ ਨਹੀਂ। ਜੇ ਇਸ ਤੋਂ ਅਗਲੀ ਗੱਲ ਕਰੀਏ ਤਾਂ ਉਹ ਹੈ ਚਿੱਟੇ ਦੀ। ਆਪਾਂ ਸਾਰੇ ਹੀ ਜਾਣਦੇ ਹਾਂ ਕਿ ਚਿੱਟਾ ਪੰਜਾਬ ਦੀ ਨੌਜਵਾਨੀ ਨੂੰ ਘੁਣ ਵਾਂਗੂੰ ਲੱਗ ਕੇ ਖਾਈ ਜਾ ਰਿਹਾ ਹੈ। ਹਰ ਰੋਜ਼ ਅਖਬਾਰਾਂ ਦੀਆਂ ਸੁਰਖੀਆਂ ਵਿੱਚ ਕਿੱਧਰੇ ਨਾ ਕਿੱਧਰੇ ਚਿੱਟੇ ਦੇ ਟੀਕੇ ਲਾਉਣ ਨਾਲ ਮੌਤ ਦੀ ਖਬਰ ਛਪੀ ਹੁੰਦੀ ਹੈ। ਭਾਵੇ ਵੱਡੇ ਵੱਡੇ ਵਾਅਦੇ ਕੀਤੇ ਜਾ ਰਹੇ ਨੇ ਕਿ ਚਿੱਟਾ ਬੰਦ ਕਰਕੇ ਵਿਖਾਵਾਂਗੇ ਪਰ ਅਜੇ ਤਕ ਕੋਈ ਠੋਸ ਹੱਲ ਨਹੀਂ ਲੱਭਿਆ। ਮੌਤਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਚਿੱਟੇ ਦੀ ਥਾਂ ‘ਚਿੱਟਾ ਛੁਡਾਊ ਸੈਂਟਰਾਂ ਰਾਹੀਂ ‘ਗੋਲੀਆਂ’ ਵੀ ਚਲਾਈਆਂ ਗਈਆਂ ਪਰ ਉਹ ਫਾਰਮੂਲਾ ਵੀ ਫੇਲ ਹੀ ਸਾਬਿਤ ਹੋਇਆ ਹੈ। ਚਿੱਟੇ ਦੇ ਸਿੱਟੇ ਭਿਆਨਕ ਨਿਕਲ ਰਹੇ ਹਨ। ਕਦੋਂ ਉਹ ਦਿਨ ਆਵੇਗਾ ਜਦੋਂ ਪੰਜਾਬ ਵਿੱਚੋਂ ਚਿੱਟਾ ਖ਼ਤਮ ਹੋਵੇਗਾ। ਇਸ ਤੋਂ ਇਲਾਵਾ ਇਕ ਹੋਰ ਨਵਾਂ ਹੀ ਰੋਗ ਗੈਂਗੱਸਟਰ-ਵਾਦ ਦਾ ਪੰਜਾਬ ਨੂੰ ਲੱਗ ਗਿਆ ਹੈ। ਨਜ਼ਾਇਜ਼ ਹੀ ਲੋਕਾਂ ਨੂੰ ਮਾਰੀ ਜਾ ਰਹੇ ਹਨ। ਕੋਈ ਗੈਂਗਵਾਰ ਵਿੱਚ ਮਾਰਿਆ ਜਾ ਰਿਹਾ ਹੈ, ਕੋਈ ਗੈਂਗ ਵਲੋਂ ਮਾਰਿਆ ਜਾ ਰਿਹਾ ਹੈ। ਕੋਈ ਸਮਝ ਹੀ ਨਹੀਂ ਆ ਰਹੀ ਕਿ ਇਹ ਕੀ ਹੋ ਰਿਹਾ ਹੈ? ਇਹਨ੍ਹਾਂ ਕੋਲ ਅਸਲਾ ਕਿਥੋਂ ਰਿਹਾ ਹੈ? ਆਮ ਲੋਕਾਂ ਨੂੰ ਤਾਂ ਰੋਟੀ ਦੇ ਲਾਲੇ ਪਏ ਹੋਏ ਨੇ। ਜਿਹੜੇ ਕੋਈ ਸੁੱਖ ਦੀ ਰੋਟੀ ਖਾਂਦੇ ਪਏ ਨੇ ਉਹਨਾਂ ਲੋਕਾਂ ਦੀ ਨੀਂਦ ਹਰਾਮ ਹੋਈ ਪਈ ਹੈ। ਪਤਾ ਨਹੀਂ ਕਿਹੜੇ ਵੇਲੇ ਕੋਈ ਫਿਰੌਤੀ ਮੰਗ ਲਵੇ ਜਾਂ ਫਿਰ ਗੋਲੀ ਹੀ ਨਾ ਮਾਰ ਦੇਵੇ। ਇਹਨਾਂ ਬਿਮਾਰੀਆਂ ਦਾ ਕੀ ਹੱਲ ਨਿਕਲੇਗਾ, ਇਹ ਹੁਣ ਹਰ ਇੱਕ ਪੰਜਾਬੀ ਦੇ ਵਾਸਤੇ ਸੋਚਣ ਦਾ ਵਿਸ਼ਾ ਬਣਿਆ ਪਿਆ ਹੈ। ਆਮ ਬੰਦੇ ਦੀ ਜਿੰਦਗੀ ਨਾਲ ਕਿਉਂ ਖਿਲਵਾੜ ਹੋ ਰਿਹਾ ਹੈ? ਇਸ ਨੂੰ ਤੁਰੰਤ ਰੋਕਣ ਦੀ ਜ਼ਰੂਰਤ ਹੈ। ਅਵਾਰਾ ਪਸ਼ੂ, ਅਵਾਰਾਂ ਕੁੱਤੇ, ਚਿੱਟਾ ਤੇ ਗੈਂਗਸ੍ਟਰ-ਵਾਦ ਨੂੰ ਨੱਥ ਪਾਉਣੀ ਨਿਹਾਇਤ ਹੀ ਜ਼ਰੂਰੀ ਹੈ। ਪੰਜਾਬ ਨੂੰ ਪੰਜਾਬ ਹੀ ਰਹਿਣ ਦਿੱਤਾ ਜਾਵੇ ਤਾਂ ਚੰਗਾ ਹੈ। |
|
*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ। |
ਸਵੈ-ਕਥਨ:
ਮੈਂ ਸੂਬੇਦਾਰ ਜਸਵਿੰਦਰ ਸਿੰਘ ਭੁਲੇਰੀਆ ਮੇਰਾ ਜਨਮ 24 ਅਗਸਤ 1965 ਨੂੰ ਪਿੰਡ ਮਮਦੋਟ ਜਿਲ੍ਹਾ ਫਿਰੋਜ਼ਪੁਰ ਵਿੱਚ ਹੋਇਆ| ਮੇਰੀ ਮਾਤਾ ਸੁਰਜੀਤ ਕੌਰ ਤੇ ਪਿਤਾ ਸ. ਬਘੇਲ ਸਿੰਘ ਦੇ ਘਰ ਚਾਰ ਪੁੱਤਰ ਹੋਏ ਮੈ ਸਾਰਿਆ ਤੋਂ ਛੋਟਾ ਹਾਂ।
ਮੈ ਦਸਵੀ ਜਮਾਤ ਤੱਕ ਪੜ੍ਹਾਈ [ਸ਼ਹੀਦ ਰਾਮ ਕਿਸ਼ਨ ਵਧਵਾ ਮਹਾਂਵੀਰ ਚੱਕਰ] ਸਰਕਾਰੀ ਹਾਈ ਸਕੂਲ ਮਮਦੋਟ ਵਿੱਚ ਕੀਤੀ| ਮੇਰਾ ਪਿੰਡ ਬਿਲਕੁਲ ਪਾਕਿਸਤਾਨ ਦੀ ਹੱਦ ਉਤੇ ਸਥਿਤ ਹੈ|
1988 ਤੋਂ ਪਹਿਲਾਂ ਜਦੋ ਸਰਹੱਦ ਉਤੇ ਤਾਰਬੰਦੀ ਨਹੀਂ ਕੀਤੀ ਸੀ ਉਸ ਵਕਤ ਲਹਿੰਦੇ ਪੰਜਾਬ ਤੇ ਸਾਡੇ ਚੜ੍ਹਦੇ ਪੰਜਾਬ ਦੇ ਲੋਕ ਭਾਵੇ ਇੱਕ ਦੂਜੇ ਨਾਲ ਨਹੀਂ ਸਨ, ਗਲਬਾਤ ਕਰ ਸਕਦੇ ਸਨ ਅਤੇ ਫਿਰ ਵੀ ਅਾਹਮੋ-ਸਾਹਮਣੇ ਕੰਮ ਕਰਦੇ ਨਜ਼ਰ ਆਉਂਦੇ ਰਹਿੰਦੇ ਸਨ| ਜਦੋਂ ਦੀ ਤਾਰਬੰਦੀ ਹੋ ਗਈ ਹੈ| ਉਸ ਸਮੇ ਤੋਂ ਲੋਕਾਂ ਦੀ ਆਪਸ ਵਿੱਚ ਦੂਰੀ ਹੋ ਗਈ ਹੈ|
ਮਮਦੋਟ ਕਿਸੇ ਸਮੇਂ ਵਿੱਚ ਇਕ ਰਿਆਸਤ ਵਜੋਂ ਜਾਣਿਆ ਜਾਂਦਾ ਸੀ| ਮਹਾਰਾਜਾ ਰਣਜੀਤ ਸਿੰਘ ਨੇ ਜਦੋਂ ਫਰਵਰੀ 1807 ਵਿੱਚ, ਕਸੂਰ ਉੱਤੇ ਚੜ੍ਹਾਈ ਕੀਤੀ ਅਤੇ ਕੁਤਬੁੱਦੀਨ ਨੂੰ ਸੱਤਾ ਤੋਂ ਹਟਾ ਦਿੱਤਾ, ਮਹਾਰਾਜਾ ਨੇ ਕੁਤਬੁੱਦੀਨ ਨੂੰ ਮਮਦੋਟ ਦੇ 84 ਪਿੰਡਾਂ ਦੀ ਜਾਗੀਰ ਦੇ ਕੇ ਇਥੋਂ ਦਾ ਨਵਾਬ ਬਣਾ ਦਿੱਤਾ ਸੀ। ਮਮਦੋਟ ਦੇ ਨਵਾਬ ਇਫਤਿਖਾਰ ਹੁਸੈਨ ਖਾਨ, ਵੰਡ ਤੋਂ ਬਾਅਦ ਵਿੱਚ ਪਾਕਿਸਤਾਨ ਦੇ ਲਹਿੰਦੇ ਪੰਜਾਬ ਦੇ ਪਹਿਲੇ ਮੁੱਖ ਮੰਤਰੀ ਬਣੇ ਸਨ| ਜਦੋਂ ਵੀ ਕਦੇ ਪਾਕਿਸਤਾਨ ਤੇ ਭਾਰਤ ਵਿਚ ਕੋਈ ਖਟਾਸ ਪੈਦਾ ਹੁੰਦੀ ਹੈ ਤੇ ਸਾਨੂੰ ਆਪਣਾ ਘਰ ਬਾਰ ਛੱਡਣਾ ਪੈਂਦਾ ਹੈ| ਭਾਵੇਂ ਜੰਗ 1965 ਦੀ ਹੋਵੇ ਭਾਵੇਂ 1971 ਦੀ ਤੇ ਭਾਵੇਂ ਕਾਰਗਿਲ ਦਾ ਯੁੱਧ| ਸਾਨੂੰ ਇਥੋਂ ਆਪਣਾ ਜੂਲੀ ਬਿਸਤਰਾ ਗੋਲ ਕਰਨਾ ਹੀ ਪੈਂਦਾ ਹੈ|
ਪਿੰਡ ਬਾਰਡਰ ਤੇ ਹੋਣ ਕਰਕੇ ਇੱਥੇ ਅੱਜ ਤਕ ਵੀ ਕਾਲਜ ਨਹੀਂ ਬਣਿਆ |ਸਾਨੂੰ ਉਦੋਂ ਵੀ ਤੇ ਹੁਣ ਵੀ ਅਗੇ ਪੜ੍ਹਨ ਲਈ ਫਿਰੋਜ਼ਪੁਰ ਜਾਣਾ ਪੈਂਦਾ ਹੈ| ਸਾਡੇ ਸਕੂਲ ਤੇ ਬੀ. ਐਸ. ਐਫ. ਦੀ ਗਰਾਉਂਡ ਨਾਲੋ ਨਾਲ ਹੋਣ ਕਰਕੇ ਸਾਨੂੰ ਵੀ ਫੌਜ਼ ਦੀ ਵਰਦੀ ਪਾਉਣ ਦਾ ਬਹੁਤ ਸੌਂਕ ਸੀ| ਮੈ ਫਿਰੋਜ਼ਪੁਰ ਆਰ ਐਸ ਡੀ ਕਾਲਜ਼ ਵਿੱਚ ਪੜ੍ਹਦਾ ਪੜ੍ਹਦਾ ਫੌਜ਼ ਵਿੱਚ ਭਰਤੀ ਹੋ ਗਿਆ| ਜੁਲਾਈ 1984 ਨੂੰ ਮੈ ਅਾਰਟੀਲੇਰੀ [ਤੋਪਖਾਨੇ] ਦੇ ਵਿੱਚ ਇੱਕ ਟੈਕਨੀਕਲ ਅਸਿਸਟੈਂਟ ਵਜੋਂ ਭਰਤੀ ਹੋ ਗਿਆ| ਆਂਧਰਾ ਪ੍ਰਦੇਸ਼ ਦੀ ਰਾਜਧਾਨੀ ਹੈਦਰਾਬਾਦ ਵਿੱਚ ਟ੍ਰੇਨਿੰਗ ਕਰਕੇ ਥਰੀ ਮੀਡੀਅਮ ਰੇਜਿਮੇੰਟ ਵਿੱਚ ਬਤੋਰ ਸਿਪਾਹੀ ਡਿਊਟੀ ਕਰਨ ਲਗ ਪਿਆ| ਮਿਹਨਤ ਤੇ ਲਗਨ ਕਰਕੇ ਮੈ ਬਹੁਤ ਜਲਦੀ ਤੋਪਾਂ ਦਾ ਇੰਸਟ੍ਰਕਟਰ ਬਣ ਗਿਆ ਤੇ ਮੇਰਾ ਪ੍ਰਮੋਸ਼ਨ ਵੀ ਹੋ ਗਿਆ ਯਾਨੀ ਕਿ ਮੈ ਸੂਬੇਦਾਰ ਬਣ ਗਿਆ| ਪੂਰੇ 28 ਸਾਲ ਦੇਸ਼ ਦੀ ਸੇਵਾ ਕੀਤੀ|
ਮੇਰਾ ਇਕ ਬੇਟਾ ਹੈ ਜੋ ਪਹਿਲਾਂ ਪੇਸ਼ੇ ਵਜੋਂ ਵਕੀਲ ਬਣਿਆ ਤੇ ਫਿਰ ਬਤੌਰ ਅਲਾਈਡ ਪੀ. ਸੀ. ਐਸ. ਆਫੀਸਰ ਵਜੋਂ ਨਵੇਂ ਸ਼ਹਿਰ ਵਿਖੇ ਲੇਬਰ ਇਨਫੋਰਸਮੈਂਟ ਆਫ਼ਿਸਰ ਦੀ ਡਿਊਟੀ ਕਰ ਰਿਹਾ ਹੈ| ਉਸ ਦੇ ਦੋ ਬੱਚੇ ਵੀ ਹਨ|
ਜੇ ਕਰ ਮੈ ਗੱਲ ਕਰਾਂ ਹੁਣ ਲਿਖਣ ਦੀ| ਮੇਰੀਆਂ ਲਿਖੀਆਂ ਚਾਰ ਕੈਸੇਟਾਂ ਟੀ ਸੀਰੀਜ਼ ਤੋਂ ਰਿਲੀਜ਼ ਹੋਈਆਂ ਹਨ| ਪਰ ਉਹ ਚਾਰੇ ਹੀ ਧਾਰਮਿਕ ਕੈਸੇਟਾਂ ਬਾਬਾ ਨਿਰਮਲ ਸਿੰਘ ਜੀ ਪੱਥਰ ਸਾਹਿਬ ਵਾਲਿਆਂ ਨੇ ਰਿਕਾਰਡ ਕਰਵਾਈਆਂ ਸਨ| ਜਿਹਨਾਂ ਨੂੰ ਦਰਸ਼ਨ ਕੁਮਾਰ ਜੀ ਨੇ ਰਿਲੀਜ਼ ਕੀਤਾ ਸੀ| ਫੌਜ਼ ਦੀ ਨੌਕਰੀ ਦੌਰਾਨ ਹੀ ਮੈਨੂੰ ਐਲ ਓ ਸੀ ਕਾਰਗਿਲ ਫਿਲਮ ਵਿੱਚ ਕਰੀਨਾ ਕਪੂਰ ਜੀ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਸੀ| ਜੇ ਪੀ ਦੱਤਾ ਜੀ ਨੇ ਮੈਨੂੰ ਇਹ ਅਵਸਰ ਦਿੱਤਾ ਸੀ| ਫੌਜ਼ ਵਿੱਚ ਰਹਿੰਦਿਆਂ ਮੈ ਬਹੁਤਾ ਕੁਝ ਹੋਰ ਨਹੀਂ ਸੀ ਲਿਖ ਸਕਿਆ ਕਿਉਂਕਿ ਪਬੰਦੀਆ ਬਹੁਤ ਹੁੰਦੀਆਂ ਹਨ| ਪਰ ਸ਼ੌਕ ਨੂੰ ਮੈ ਜਿਆਦਾ ਦੇਰ ਨਹੀਂ ਰੌਕ ਸਕਿਆ| ਰਿਟਾਇਰਮੈਂਟ ਹੁੰਦਿਆਂ ਹੀ ਮੈਂ ਕਲਮ ਚੁੱਕ ਲਈ| ਸਭ ਤੋਂ ਪਹਿਲਾਂ ਮੈ ਸਿਰਫ ਦੇਸ਼ ਸੇਵਕ ਦੇ ਮਿਡਲ ਕਾਲਮ ਲਈ ਲਿਖਦਾ ਸੀ| ਹੌਲੀ ਹੌਲੀ ਮੇਰੀਆਂ ਕਵਿਤਾਵਾਂ ਵੀ ਰਸਾਲਿਆਂ ਤੇ ਮੈਗਜ਼ੀਨਾਂ ਵਿੱਚ ਛਪਣੀਆਂ ਸ਼ੁਰੂ ਗਈਆਂ| ਫਿਰ ਮੈ ਨਿੱਕੀਆਂ ਕਹਾਣੀਆਂ ਤੇ ਵੱਡੀਆਂ ਕਹਾਣੀਆਂ ਵੀ ਲਿਖਣ ਲਗ ਪਿਆ|
ਹੁਣ ਤਕ ਮੇਰੇ ਅਜੀਤ, ਸਪੋਕਸਮੈਨ, ਰੋਜ਼ਾਨਾ ਪਹਿਰੇਦਾਰ, ਹਮਦਰਦ ਨਿਊਜ਼ ਪੇਪਰ, ਪੰਜਾਬੀ ਜਾਗਰਣ, ਅੱਜ ਦੀ ਆਵਾਜ਼, ਸੱਚ ਦੀ ਆਵਾਜ਼, ਆਸ਼ਿਆਨਾ, ਅਕਾਲੀਪਤ੍ਰਿਕਾ, ਚੜ੍ਹਦੀਕਲਾ, ਪੰਜਾਬੀ ਪੋਸਟ ਕਨੈਡਾ, ਪੰਜਾਬ ਪੋਸਟ ਕਨੈਡਾ, ਪ੍ਰੀਤਨਾਮਾਂ ਯੂ ਐਸ ਏ, ਦੇਸ਼ ਸੇਵਕ, ਪੰਜਾਬੀ ਟ੍ਰਿਬਿਊਨ, ਲੋਕ ਭਲਾਈ ਸੁਨੇਹਾ, ਸੱਚ ਕਹੁ , ਸੰਤ ਸਿਪਾਹੀ, ਕਲਾਕਾਰਾਂ ਨਾਲ ਰਾਬਤਾ, ਪੰਜ ਦਰਿਆ ਤੇ ਪਰਵਾਸੀ ਨਿਊਜ਼ ਪੇਪਰ, ਪੰਜਾਬ ਪੋਸਟ, ਸ਼ਬਦਾਂ ਦਾ ਕਾਫ਼ਲਾ| ਆਕਾਸ਼ਵਾਣੀ ਰੇਡੀਉ ਤੋਂ ਮਿੰਨੀ ਕਹਾਣੀਆਂ। ਓਨਏਅਰ, ਜੱਗਬਾਣੀ ਟੀਵੀ ਚੈਨਲ, ਸਪੋਕਸਮੈਨ ਟੀਵੀ ਚੈਨਲ, ਚੜ੍ਹਦੀ ਕਲਾ ਟੀਵੀ ਚੈਨਲ ਤੋਂ ਵੀ ਮੇਰੀਆਂ ਰਚਨਾਵਾਂ ਆਉਂਦੀਆਂ ਹੀ ਰਹਿੰਦੀਆਂ ਹਨ|
***
Subedar Jasvinder Singh Bhularia
e-mail:jaswinder.bhuleria.1@gmail.com
+91 75891 55501

by 